Share on Facebook

Main News Page

ਰਾਇਲ ਨਿਊਜ਼ੀਲੈਂਡ ਏਅਰ ਫੋਰਸ ਦੇ ਵਿਚ ਪਹਿਲੇ ਸਾਬਿਤ ਸੂਰਤ ਸਿੱਖ ਸ. ਬੀਰ ਬੇਅੰਤ ਸਿੰਘ ਬੈਂਸ ਦੀ ਚੋਣ ਹੋਈ

- ਲੰਬੇ ਦਾਹੜੇ ਨੂੰ ਲੈ ਕੇ ਆਈ ਰੁਕਾਵਟ ਦੂਜੇ ਦੇਸ਼ਾਂ ਦੇ ਸਿੱਖ ਫੌਜੀਆਂ ਦੀ ਉਦਾਹਰਣ ਨਾਲ ਦੂਰ ਕੀਤੀ
- ਮਾਣ ਸਿੱਖੀ ਸਰੂਪ ਕਾਇਮ ਰੱਖਣ ’ਤੇ
- ਸਿੱਖਾਂ ਦਾ ਰੋਅਬ ਵੱਖਰਾ

ਆਕਲੈਂਡ 25 ਅਕਤੂਬਰ - (ਹਰਜਿੰਦਰ ਸਿੰਘ ਬਸਿਆਲਾ) - ਸਿੱਖੀ ਸਰੂਪ ਹਰ ਕੀਮਤ, ਹਰ ਅਨਿੱਖੜਵੇਂ ਕਿੱਤੇ ਦੇ ਵਿਚ ਬਰਕਰਾਰ ਰੱਖਣ ਵਾਲਿਆਂ ’ਤੇ ਮਾਣ ਕਰਨ ਵਾਲੀ ਸਿੱਖ ਕੌਮ ਨੂੰ ਇਸ ਗੱਲ ਦੀ ਵੀ ਅਤਿਅੰਤ ਖੁਸ਼ੀ ਹੋਈਗੀ ਕਿ ‘ਰਾਇਲ ਨਿਊਜ਼ੀਲੈਂਡ ਏਅਰ ਫੋਰਸ’ ਦੇ ਵਿਚ ਪਹਿਲੇ ਸਾਬਿਤ ਸੂਰਤ ਸਿੱਖ ਸ. ਬੀਰ ਬੇਅੰਤ ਸਿੰਘ ਬੈਂਸ (24) ਦੀ ਨਿਯੁਕਤੀ ‘ਫਲਾਇੰਗ ਆਫੀਸਰ’ ਦੇ ਤੌਰ ’ਤੇ ਹੋਈ ਹੈ। ਇਸੇ ਹਫ਼ਤੇ ਹੀ ਉਸ ਨੇ 21 ਹਫਤਿਆਂ ਦਾ ‘ਇਨੀਸ਼ੀਅਲ ਅਫ਼ਸਰ ਟ੍ਰੇਨਿੰਗ ਕੋਰਸ’ ਪੂਰਾ ਕਰ ਲਿਆ ਹੈ ਅਤੇ ਅੱਜ ਸ਼ਹਿਰ ਬਲੈਨਹਿਮ ਵਿਖੇ ਹੋਈ ਗ੍ਰੈਜੂਏਸ਼ਨ ਪ੍ਰੇਡ ਦੇ ਵਿਚ ਸ਼ਾਮਿਲ ਹੋ ਕੇ ਲੱਖਾਂ ਦੀ ਗਿਣਤੀ ਵਿਚੋਂ ਪਛਾਣੇ ਜਾਣੇ ਵਾਲੇ ਸਿੱਖ ਕਿਰਦਾਰ ਨੂੰ ਦੁਨੀਆ ਸਾਹਮਣੇ ਇਕ ਵਾਰ ਪੇਸ਼ ਕੀਤਾ।

ਇਸ ਮੁਕਾਮ ਤੱਕ ਪਹੁੰਚਣ ਲਈ ਜਿਥੇ ਉਸ ਨੂੰ ਏਅਰ ਫੋਰਸ ਦੀ ਕਾਫ਼ੀ ਮਿਹਨਤ ਵਾਲੀ ਪੜਾਈ-ਲਿਖਾਈ ਦੇ ਵਿਚੋਂ ਗੁਜ਼ਰਨਾ ਪਿਆ ਉਥੇ ਉਸ ਨੂੰ ਆਪਣੇ ਸਿੱਖੀ ਸਰੂਪ ਖਾਸ ਕਰ ਲੰਬੀ ਤੇ ਭਰਵੀਂ ਦਾਹੜੀ ਨੂੰ ਸਾਬਤ ਸੂਰਤ ਰੱਖਣ ਲਈ ਦ੍ਰਿੜ ਨਿਸ਼ਚੇ ਨਾਲ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨਾ ਪਿਆ। ਇਹ ਘਟਨਾ ਜਿੱਥੇ ਇਸ ਸਿੱਖ ਨੌਜਵਾਨ ਲਈ ਜਿਥੇ ਜ਼ਿੰਦਗੀ ਦੇ ਕਾਰਜ ਵਾਸਤੇ ਨਵੇਂ ਦੁਆਰ ਖੋਲ ਗਈ ਉਥੇ ਉਚ ਅਧਿਕਾਰੀਆਂ ਨੂੰ ਸਿੱਖ ਧਰਮ ਦੇ ਵਿਚ ਪ੍ਰੱਪਕਤਾ ਨਾਲ ਮੰਨੇ ਜਾਂਦੇ ਧਾਰਮਿਕ ਅਸੂਲਾਂ ਸਬੰਧੀ ਵੀ ਚਾਨਣਾ ਪਾ ਗਈ। ਇਹ ਸਿੱਖ ਨੌਜਵਾਨ ਜੁਲਾਈ 2000 ਦੇ ਵਿਚ ਪੰਜਾਬ ਦੇ ਪਿੰਡ ਰਹੀਮਪੁਰ ਜ਼ਿਲਾ ਜਲੰਧਰ ਤੋਂ ਪਰਿਵਾਰ ਸਮੇਤ ਨਿਊਜ਼ੀਲੈਂਡ ਆਇਆ ਸੀ। ਸ. ਬੀਰ ਬੇਅੰਤ ਸਿੰਘ ਦੇ ਪਿਤਾ ਸ. ਸੁਖਦੇਵ ਸਿੰਘ ਬੈਂਸ ਅਤੇ ਮਾਤਾ ਸ੍ਰੀਮਤੀ ਸੁਰਿੰਦਰ ਕੌਰ ਦਾ ਛੋਟਾ ਸਪੁੱਤਰ ਹੈ।

ਇਸ ਨੌਜਵਾਨ ਨੇ 2010 ਦੇ ਵਿਚ ਆਕਲੈਂਡ ਯੂਨੀਵਰਸਿਟੀ ਆਫ਼ ਟੈਕਨਾਲੋਜੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਵੀ ਪ੍ਰਾਪਤ ਕੀਤੀ ਹੈ। ਰਾਇਲ ਨਿਊਜ਼ੀਲੈਂਡ ਏਅਰ ਫੋਰਸ ਵਿਚ ਜਾਣ ਸਬੰਧੀ ਇਸ ਨੌਜਵਾਨ ਨੇ ਦੱਸਿਆ ਕਿ ਉਸਦੇ ਸਤਿਕਾਰਯੋਗ ਦਾਦਾ ਸ. ਕੁਲਦੀਪ ਸਿੰਘ ਬੈਂਸ ਇੰਡੀਅਨ ਆਰਮੀ ਫੋਰਸ ਤੋਂ ਕੈਪਟਨ ਰਿਟਾਇਰਡ ਹਨ ਅਤੇ ਉਨ੍ਹਾਂ ਦੇ ਪਿੰਡ ਦੇ ਨੇੜੇ ਹੀ ਆਦਮਪੁਰ ਇੰਡੀਅਨ ਏਅਰ ਫੋਰਸ ਬੇਸ ਵਿਖੇ ਉਤਰਦੇ ਚੜਦੇ ਜ਼ਹਾਜ ਉਸ ਦੇ ਦਿਲ ਵਿਚ ਵੀ ਉਡਾਰੀਆਂ ਮਾਰਨ ਵਾਲੇ ਮਨ ਨੂੰ ਹਵਾ ਦਾ ਠੰਢਾ ਝੌਂਕਾ ਦੇ ਜਾਂਦੇ। ਪਰ ਨਿਊਜ਼ੀਲੈਂਡ ਆ ਕੇ ਪੜਾਈ-ਲਿਖਾਈ ਦੌਰਾਨ ਏਅਰ ਫੋਰਸ ਵਾਲੀ ਉਸਦੀ ਇੱਛਾ ਮੱਧਮ ਪੈ ਗਈ ਸੀ ਪਰ ਅਚਨਚੇਤ ਆਏ ਮੌਕੇ ਨੇ ਉਸ ਦੇ ਦਿਲ ਦਾ ਦਰਵਾਜ਼ਾ ਖੜਕਾਇਆ ਅਤੇ ਨਿਊਜ਼ੀਲੈਂਡ ਏਅਰ ਫੋਰਸ ਦੇ ਵਿਚ ਆਉਣ ਲਈ ਨਿੱਘਾ ਸੱਦਾ ਦਿੱਤਾ। ਇਸ ਨੌਜਵਾਨ ਨੇ ਇਹ ਚੇਲੇਂਜ ਕਬੂਲਦਿਆਂ, ਏਅਰ ਫੋਰਸ ਦੇ ਵਿਚ ਪਹਿਲਾਂ ਹੀ ਦਸਤਾਰਧਾਰੀ ਸਿੱਖ ਸ. ਚਰਨਜੀਤ ਸਿੰਘ ਦੀ ਸਫ਼ਲਤਾ ਨੂੰ ਧਿਆਨ ’ਚ ਰੱਖ ਅਤੇ ਸਿੱਖੀ ਸਰੂਪ ਨੂੰ ਇਨ-ਬਿਨ ਰੱਖਦਿਆਂ ਨਿਊਜ਼ੀਲੈਂਡ ਵਸਦੇ ਸਿੱਖਾਂ ਦਾ ਮਾਣ ਵਧਾਇਆ ਹੈ। ਸ਼ਾਲਾ! ਇਹ ਸਿੱਖ ਨੌਜਵਾਨ ‘ਰਾਇਲ ਏਅਰ ਫੋਰਸ’ ਨਿਊਜ਼ੀਲੈਂਡ ਦੇ ਵਿਚ ਮਣਾਂ-ਮੂੰਹੀ ਸਤਿਕਾਰ ਪਾਵੇ।

ਸ. ਬੀਰ ਬੇਅੰਤ ਸਿੰਘ ਬੈਂਸ ਅੱਜ ‘ਰਾਇਲ ਏਅਰ ਫੋਰਸ ਨਿਊਜ਼ੀਲੈਂਡ’ ਦੀ ਗ੍ਰੈਜੂਏਸ਼ਨ ਪ੍ਰੇਡ ਦੇ ਵਿਚ ਭਾਗ ਲੈਂਦਾ ਹੋਇਆ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top