Share on Facebook

Main News Page

ਗੁਰੂ ਨਾਨਕ ਸਾਹਿਬ ਜੀ ਦਾ ਕਿਸੇ ਪੰਡਿਤ ਜਾਂ ਬ੍ਰਹਮਣ ਜਾਤੀ ਨਾਲ ਕੋਈ ਵਿਰੋਧ ਨਹੀਂ ਸੀ, ਤੇ ਨਾ ਹੀ ਤਿਲਕ ਜੰਝੂ ਨਾਲ
-
ਭਾਈ ਨਰਿੰਦਰਪਾਲ ਸਿੰਘ ਥਾਰਵਾ

* ਜੇ ਕਰਮਕਾਂਡੀ ਪੰਡਿਤ ਗੁਰੂ ਨੂੰ ਪ੍ਰਵਾਨ ਨਹੀਂ, ਤਾਂ ਜੇ ਸਿੱਖ ਵੀ ਕਰਮਕਾਂਡੀ ਹੈ, ਤਾਂ ਉਹ ਵੀ ਪ੍ਰਵਾਨ ਨਹੀਂ ਹੈ

ਬਠਿੰਡਾ, ੨੪ ਅਕਤੂਬਰ (ਕਿਰਪਾਲ ਸਿੰਘ): ਗੁਰੂ ਨਾਨਕ ਸਾਹਿਬ ਜੀ ਦਾ ਕਿਸੇ ਪੰਡਿਤ ਜਾਂ ਬ੍ਰਹਮਣ ਜਾਤੀ ਨਾਲ ਕੋਈ ਵਿਰੋਧ ਨਹੀਂ ਸੀ ਤੇ ਨਾ ਹੀ ਤਿਲਕ ਜੰਝੂ ਨਾਲ। ਇਹ ਸ਼ਬਦ ਭਾਈ ਨਰਿੰਦਰਪਾਲ ਸਿੰਘ ਥਾਰਵਾ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੬੩੬ 'ਤੇ ਸੁਭਾਇਮਾਨ ਸੋਰਠ ਰਾਗੁ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਉਚਾਰੇ ਹੋਏ ਸ਼ਬਦ: 'ਸੁਣਿ ਪੰਡਿਤ ਕਰਮਾ ਕਾਰੀ ॥ ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥' ਵਿਚ ਆਏ ਸ਼ਬਦ 'ਪੰਡਿਤ' ਦੀ ਵਿਆਖਿਆ ਕਰਦੇ ਹੋਏ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਜੇ ਗੁਰੂ ਨਾਨਕ ਸਾਹਿਬ ਜੀ ਦਾ ਵਿਰੋਧ ਪੰਡਿਤ ਜਾਂ ਬ੍ਰਹਮਣ ਜਾਤੀ ਨਾਲ ਹੁੰਦਾ ਤਾਂ ਭਗਤ ਰਾਮਾਨੰਦ ਜੀ, ਜੋ ਜਾਤ ਦੇ ਬ੍ਰਹਮਣ ਸਨ, ਦੀ ਬਾਣੀ ਪੰਜਵੇਂ ਨਾਨਕ ਗੁਰੂ ਅਰਜੁਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਾ ਕਰਦੇ। ਜੇ ਗੁਰੂ ਸਾਹਿਬ ਜੀ ਦਾ ਵਿਰੋਧ ਤਿਲਕ ਜੰਝੂ ਨਾਲ ਹੁੰਦਾ ਤਾਂ ਤਿਲਕ ਜੰਝੂ ਦੀ ਰਾਖੀ ਲਈ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਂਦਨੀ ਚੌਕ ਦਿੱਲੀ ਵਿੱਚ ਆਪਣੀ ਸ਼ਹੀਦੀ ਨਾ ਦਿੰਦੇ। ਜੇ ਗੰਗੂ ਬ੍ਰਾਹਮਣ ਦੀ ਸਿੱਖ ਇਤਿਹਾਸ ਵਿੱਚ ਅਲੋਚਨਾ ਕੀਤੀ ਗਈ ਹੈ ਤਾਂ ਇਹ ਉਸ ਦੀ ਜਾਤ ਕਰਕੇ ਨਹੀਂ ਬਲਕਿ ਉਸ ਦੇ ਵਿਸ਼ਵਾਸ਼ਘਾਤੀ ਕਿਰਦਾਰ ਸਦਕਾ ਹੈ।

ਭਾਈ ਨਰਿੰਦਰਪਾਲ ਸਿੰਘ ਥਾਰਵਾ ਨੇ ਕਿਹਾ ਇਸ ਸ਼ਬਦ ਵਿੱਚ ਜਿਸ ਪੰਡਿਤ ਨੂੰ ਸੰਬੋਧਨ ਕੀਤਾ ਹੈ ਉਹ ਜਾਤ ਕਰਕੇ ਨਹੀਂ ਬਲਕਿ ਧਰਮ ਦਾ ਆਗੂ ਹੈ ਜਿਹੜਾ ਧਰਮ ਦੇ ਨਾ 'ਤੇ ਫਜੂਲ ਦੇ ਕਰਮਕਾਂਡ ਦਾ ਪ੍ਰਚਾਰ ਕਰਕੇ ਆਪਣੇ ਸੇਵਕਾਂ ਨੂੰ ਬੰਧਨਾ ਤੋਂ ਮੁਕਤ ਕਰਵਾਉਣ ਦੀ ਥਾਂ ਮਾਇਆ ਦੇ ਬੰਧਨਾ ਵਿੱਚ ਫਸਾਉਂਦਾ ਹੈ। ਜੇ ਕਰਮਕਾਂਡੀ ਪੰਡਿਤ ਗੁਰੂ ਨੂੰ ਪ੍ਰਵਾਨ ਨਹੀਂ ਤਾਂ ਜੇ ਸਿੱਖ ਵੀ ਕਰਮਕਾਂਡੀ ਹੈ ਤਾਂ ਉਹ ਵੀ ਪ੍ਰਵਾਨ ਨਹੀਂ ਹੈ। ਜੇ ਸੰਗਰਾਂਦਾਂ, ਮੱਸਿਆ, ਪੂਰਨਮਾਸ਼ੀ ਨੂੰ ਸ਼ੁਭ ਜਾਣ ਕੇ ਚੰਗੇ ਮੰਦੇ ਦਿਨਾਂ ਦੀ ਵੀਚਾਰ ਕਰਨ ਵਾਲਾ ਪੰਡਿਤ ਗੁਰੂ ਨੂੰ ਪ੍ਰਵਾਨ ਨਹੀਂ ਤਾਂ ਜਿਹੜੇ ਸਿੱਖ ਇਨ੍ਹਾਂ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ ਉਹ ਵੀ ਗੁਰੂ ਨੂੰ ਪ੍ਰਵਾਨ ਨਹੀਂ ਹਨ। ਜੇ ਮੂਰਤੀ ਪੂਜਾ ਕਰਨ ਵਾਲਾ, ਸ਼ਰਾਧ ਖਾਣ ਵਾਲਾ, ਵਰਤ ਰਖਵਾਉਣ ਵਾਲਾ ਜਨੇਊਧਾਰੀ ਪੰਡਿਤ ਗੁਰੂ ਨੂੰ ਪ੍ਰਵਾਨ ਨਹੀਂ ਹੈ ਤਾਂ ਪੰਜ ਕਕਾਰ ਧਾਰਨ ਕਰਨ ਵਾਲਾ ਸਿੱਖ ਜੇ ਮੂਰਤੀ, ਬੁੱਤ, ਮੜ੍ਹੀਆਂ ਮਸਾਣਾਂ ਕਬਰਾਂ ਦੀ ਪੂਜਾ ਕਰਦਾ ਹੈ ਦੇਹਧਾਰੀ ਗੁਰੂਆਂ ਅੱਗੇ ਮੱਥੇ ਰਗੜਦਾ ਹੈ, ਕੜੇ ਦੇ ਨਾਲ ਧਾਗੇ ਵੀ ਬੰਨ੍ਹਦਾ ਹੈ, ਸ਼ਰਾਧ ਖਾਣ ਜਾਂਦਾ ਹੈ ਜਾਂ ਖਵਾਉਂਦਾ ਹੈ, ਬੀਬੀਆਂ ਇਕਾਦਸ਼ੀ, ਕਰਵਾ ਚੌਥ, ਅਹੋਈ ਦਾ ਵਰਤ ਰਖਦੀਆਂ ਹਨ ਤਾਂ ਉਹ ਵੀ ਗੁਰੂ ਨੂੰ ਪ੍ਰਵਾਨ ਨਹੀਂ ਹਨ। ਭਾਈ ਥਾਰਵਾ ਨੇ ਕਿਹਾ ਗੁਰੂ ਦਾ ਹੁਕਮ ਹੈ ਕਿ ਵਰਤ ਰੱਖ ਨਾਲ ਉਮਰ ਵਧ ਜਾਂ ਘਟ ਨਹੀਂ ਸਕਦੀ:

'ਙਣਿ ਘਾਲੇ ਸਭ ਦਿਵਸ ਸਾਸ, ਨਹ ਬਢਨ ਘਟਨ ਤਿਲੁ ਸਾਰ ॥ ਜੀਵਨ ਲੋਰਹਿ ਭਰਮ ਮੋਹ, ਨਾਨਕ ਤੇਊ ਗਵਾਰ ॥੧॥' (ਗੁਰੂ ਗ੍ਰੰਥ ਸਾਹਿਬ -ਪੰਨਾ ੨੫੪)

ਪ੍ਰਭੂ (ਜੀਵ ਦੀ ਉਮਰ ਦੇ) ਸਾਰੇ ਦਿਨ ਸੁਆਸ ਗਿਣ ਕੇ ਹੀ (ਜੀਵ ਨੂੰ ਜਗਤ ਵਿਚ) ਭੇਜਦਾ ਹੈ, (ਉਸ ਗਿਣਤੀ ਨਾਲੋਂ) ਇਕ ਤਿਲ ਜਿਤਨਾ ਭੀ ਵਧਾ ਘਟਾ ਨਹੀਂ ਹੁੰਦਾ। ਹੇ ਨਾਨਕ! ਉਹ ਬੰਦੇ ਮੂਰਖ ਹਨ ਜੋ ਮੋਹ ਦੀ ਭਟਕਣਾ ਵਿਚ ਪੈ ਕੇ (ਪ੍ਰਭੂ ਵਲੋਂ ਮਿਲੀ ਉਮਰ ਨਾਲੋਂ ਵਧੀਕ) ਜੀਊਣਾ ਲੋੜਦੇ ਹਨ ॥੧॥

ਆਪਣੇ ਪਤੀ ਦੀ ਲੰਬੀ ਉਮਰ ਲਈ ਜੋ ਬੀਬੀਆਂ ਵਰਤ ਰਖਦੀਆਂ ਹਨ ਉਨ੍ਹਾਂ 'ਤੇ ਬਾਬਾ ਕਬੀਰ ਜੀ ਸਖਤ ਚੋਟ ਕਰਦੇ ਲਿਖਦੇ ਹਨ:

'ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥' (ਗੋਂਡ ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ ੮੭੩)

ਜੋ ਕੁਚੱਜੀਆਂ ਜ਼ਨਾਨੀਆ ਆਪਣੇ ਪਤੀ ਦੀ ਉਮਰ ਵਧਾਉਣ ਲਈ ਅੰਨ ਛੱਡ ਦੇਣ ਦਾ ਪਖੰਡ ਕਰਦੀਆਂ ਹਨ, ਉਹ ਨਾਹ ਸੋਹਾਗਣਾਂ ਹਨ ਨਾਹ ਰੰਡੀਆਂ।

ਵੀਚਾਰ ਅਧੀਨ ਗੁਰਸ਼ਬਦ ਦੀ ਵੀਚਾਰ ਕਰਦੇ ਹੋਏ ਭਾਈ ਨਰਿੰਦਰਪਾਲ ਸਿੰਘ ਥਾਰਵਾ ਨੇ ਕਿਹਾ ਬੇਸ਼ੱਕ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਕਰਮਕਾਂਡੀ ਪੰਡਿਤ ਨੂੰ ਸੰਬੋਧਨ ਕਰਕੇ ਉਚਾਰਿਆ ਹੈ ਪਰ ਇਹ ਸਭ ਧਰਮਾਂ ਦੇ ਕਰਮਕਾਂਡੀ ਧਾਰਮਕ ਆਗੂਆਂ ਤੇ ਲਾਗੂ ਹੁੰਦਾ ਹੈ। ਉਸ ਸਮੇਂ ਦੇ ਤਿੰਨ ਧਾਰਮਕ ਮੁਖੀ ਕਾਜ਼ੀ, ਬ੍ਰਾਹਮਣ, ਅਤੇ ਜੋਗੀ ਨੂੰ ਸੰਬੋਧਨ ਕਰਕੇ ਉਚਾਰਨ ਕੀਤੇ ਸ਼ਬਦ ਵਿੱਚ ਜੇ ਰਿਸ਼ਵਤ ਲੈ ਕੇ ਝੂਠ ਬੋਲਣ ਵਾਲੇ ਕਾਜ਼ੀ, ਤੀਰਥ ਇਸ਼ਨਾਨ ਕਰਨ ਵਾਲੇ ਕਰਮਕਾਂਡੀ ਬ੍ਰਹਮਣ ਅਤੇ ਜੀਵਨ ਜੁਗਤ ਤੋਂ ਸੱਖਣੇ ਜੋਗੀ ਨੂੰ ਉਜਾੜੇ ਕੇ ਬੰਧ ਲਿਖਦੇ ਹਨ ਤਾਂ ਜੇ ਅੱਜ ਸਿੱਖ ਪੰਜ ਕਕਾਰੀ ਵਰਦੀ ਪਾ ਕੇ ਧਾਰਮਕ ਪਦਵੀਆਂ ਤੇ ਬੈਠ ਕੇ ਝੂਠ ਬੋਲਦੇ ਹਨ, ਗਰੀਬਾਂ ਨੂੰ ਤੰਗ ਕਰਦੇ ਹਨ ਅਤੇ ਜੀਵਨ ਜਾਂਚ ਤੋਂ ਸੱਖਣੇ ਹਨ ਤਾਂ ਇਹ ਸ਼ਬਦ ਉਨ੍ਹਾਂ'ਤੇ ਵੀ ਪੂਰੀ ਤਰ੍ਹਾਂ ਠੀਕ ਢੁਕਦਾ ਹੈ:

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ (ਧਨਾਸਰੀ ਮ: ੧, ਗੁਰੂ ਗ੍ਰੰਥ ਸਾਹਿਬ -ਪੰਨਾ ੬੬੨)

ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ॥੨॥

ਸੋਰਠਿ ਮਹਲਾ ੧ ਤਿਤੁਕੀ ॥
ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥ ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥ ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥੧॥

ਹੇ ਭਾਈ! (ਤੀਰਥ ਵਰਤ ਆਦਿਕ ਧਾਰਮਿਕ ਕਰਮ ਕਰਦਿਆਂ ਭੀ ਮਾਇਆ ਵਾਲੀਆਂ ਆਸਾਂ ਤੇ ਫੁਰਨੇ ਟਿਕੇ ਹੀ ਰਹਿੰਦੇ ਹਨ, ਇਹ) ਆਸਾਂ ਤੇ ਇਹ ਫੁਰਨੇ ਮਾਇਆ ਦੇ ਮੋਹ ਵਿਚ ਬੰਨ੍ਹਣ ਵਾਲੇ ਹਨ, (ਇਹ ਰਸਮੀ) ਧਾਰਮਿਕ ਕਰਮ (ਸਗੋਂ) ਮਾਇਆ ਦੇ ਬੰਧਨ ਪੈਦਾ ਕਰਨ ਵਾਲੇ ਹਨ। ਹੇ ਭਾਈ! (ਰਸਮੀ ਤੌਰ ਤੇ ਮੰਨੇ ਹੋਏ) ਪਾਪ ਅਤੇ ਪੁੰਨ ਦੇ ਕਾਰਨ ਜਗਤ ਜੰਮਦਾ ਹੈ (ਜਨਮ ਮਰਨ ਦੇ ਗੇੜ ਵਿਚ ਆਉਂਦਾ ਹੈ), ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਮੌਤੇ ਮਰਦਾ ਹੈ। ਹੇ ਭਾਈ! ਇਹ ਮਾਇਆ ਜਗਤ ਵਿਚ (ਜੀਵਾਂ ਨੂੰ) ਮੋਹਣ ਦਾ ਕੰਮ ਕਰੀ ਜਾਂਦੀ ਹੈ, ਇਹ ਸਾਰੇ (ਧਾਰਮਿਕ ਮਿਥੇ ਹੋਏ) ਕਰਮ ਵਿਅਰਥ ਹੀ ਜਾਂਦੇ ਹਨ ॥੧॥

ਸੁਣਿ ਪੰਡਿਤ ਕਰਮਾ ਕਾਰੀ ॥ ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥

(ਤੀਰਥ ਵਰਤ ਆਦਿਕ ਧਾਰਮਿਕ ਮਿਥੇ ਹੋਏ) ਕੰਮਾਂ ਦੇ ਵਿਸ਼ਵਾਸੀ ਹੇ ਪੰਡਿਤ! ਸੁਣ (ਇਹ ਕਰਮ ਧਰਮ ਆਤਮਕ ਆਨੰਦ ਨਹੀਂ ਪੈਦਾ ਕਰ ਸਕਦੇ)। ਹੇ ਭਾਈ! ਜਿਸ ਕੰਮ ਦੀ ਰਾਹੀਂ ਆਤਮਕ ਆਨੰਦ ਪੈਦਾ ਹੁੰਦਾ ਹੈ ਉਹ (ਇਹ) ਹੈ ਕਿ ਆਤਮਕ ਜੀਵਨ ਦੇਣ ਵਾਲੇ ਜਗਤ-ਮੂਲ (ਦੇ ਗੁਣਾਂ) ਨੂੰ ਆਪਣੇ ਵਿਚਾਰ-ਮੰਡਲ ਵਿਚ (ਲਿਆਂਦਾ ਜਾਏ) ਰਹਾਉ॥

ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥ ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥ ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥੨॥

ਹੇ ਪੰਡਿਤ ਜੀ! ਤੁਸੀਂ (ਲੋਕਾਂ ਨੂੰ ਸੁਣਾਉਣ ਵਾਸਤੇ) ਵੇਦ ਸ਼ਾਸਤ੍ਰ (ਆਦਿਕ ਧਰਮ-ਪੁਸਤਕ) ਖੋਲ੍ਹ ਕੇ ਉਚਾਰਦੇ ਰਹਿੰਦੇ ਹੋ, ਪਰ ਆਪ ਉਹੀ ਕਰਮ ਕਰਦੇ ਹੋ ਜੋ ਮਾਇਆ ਦੇ ਮੋਹ ਵਿਚ ਫਸਾਈ ਰੱਖਣ। ਹੇ ਪੰਡਿਤ! (ਇਸ) ਪਖੰਡ ਨਾਲ (ਮਨ ਦੀ) ਮੈਲ ਦੂਰ ਨਹੀਂ ਹੋ ਸਕਦੀ, ਵਿਕਾਰਾਂ ਦੀ ਮੈਲ ਮਨ ਦੇ ਅੰਦਰ ਟਿਕੀ ਹੀ ਰਹਿੰਦੀ ਹੈ। ਇਸ ਤਰ੍ਹਾਂ ਤਾਂ ਮੱਕੜੀ ਭੀ (ਆਪਣਾ ਜਾਲਾ ਆਪ ਤਣ ਕੇ ਉਸੇ ਜਾਲੇ ਵਿਚ) ਉਲਟੀ ਸਿਰ-ਭਾਰ ਹੋ ਕੇ ਮਰਦੀ ਹੈ ॥੨॥

ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ ॥ ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥ ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥੩॥

ਹੇ ਭਾਈ! ਭੈੜੀ ਮਤ ਦੇ ਕਾਰਨ ਬੇਅੰਤ ਲੋਕਾਈ ਖ਼ੁਆਰ ਹੋ ਰਹੀ ਹੈ, ਪਰਮਾਤਮਾ ਨੂੰ ਵਿਸਾਰ ਕੇ ਹੋਰ ਦੇ ਮੋਹ ਵਿਚ ਖੁੰਝੀ ਹੋਈ ਹੈ। ਪਰਮਾਤਮਾ ਦਾ ਨਾਮ ਗੁਰੂ ਤੋਂ ਬਿਨਾ ਨਹੀਂ ਮਿਲ ਸਕਦਾ, ਤੇ ਪ੍ਰਭੂ ਦੇ ਨਾਮ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਜਦੋਂ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਤਦੋਂ ਆਤਮਕ ਆਨੰਦ ਪ੍ਰਾਪਤ ਕਰਦਾ ਹੈ, ਤੇ, ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ॥੩॥

ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥ ਗੁਰੁ ਸੇਵੇ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ ॥ ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ ॥੪॥

ਹੇ ਪੰਡਿਤ! ਗੁਰੂ ਦੀ ਸ਼ਰਨ ਪਿਆਂ ਸਦਾ-ਟਿਕਵੀਂ ਆਤਮਕ ਅਡੋਲਤਾ ਪੈਦਾ ਹੁੰਦੀ ਹੈ (ਇਸ ਤਰ੍ਹਾਂ) ਪਵਿਤ੍ਰ (ਹੋਇਆ) ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ। (ਜੀਵਨ ਦਾ ਇਹ ਰਸਤਾ) ਉਹ ਮਨੁੱਖ ਸਮਝਦਾ ਹੈ ਜੋ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ, ਗੁਰੂ ਤੋਂ ਬਿਨਾ (ਇਹ) ਰਸਤਾ ਨਹੀਂ ਲੱਭਦਾ। ਜਿਸ ਮਨੁੱਖ ਦੇ ਮਨ ਵਿਚ ਲੋਭ (ਦੀ ਲਹਿਰ) ਜ਼ੋਰ ਪਾ ਰਹੀ ਹੋਵੇ, ਇਹ ਰਸਮੀ ਧਾਰਮਿਕ ਕੰਮ ਕਰਨ ਦਾ ਉਸ ਨੂੰ ਕੋਈ (ਆਤਮਕ) ਲਾਭ ਨਹੀਂ ਹੋ ਸਕਦਾ। (ਮਾਇਆ ਦੀ ਖ਼ਾਤਰ) ਝੂਠ ਬੋਲ ਬੋਲ ਕੇ ਉਹ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਇਹ ਝੂਠ-ਰੂਪ) ਜ਼ਹਿਰ ਖਾਂਦਾ ਰਹਿੰਦਾ ਹੈ ॥੪॥

ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥ ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥ ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ ॥੫॥

ਹੇ ਪੰਡਿਤ! ਜੇ ਦਹੀਂ ਰਿੜਕੀਏ ਤਾਂ ਉਸ ਵਿਚੋਂ ਮੱਖਣ ਨਿਕਲਦਾ ਹੈ, ਪਰ ਜੇ ਪਾਣੀ ਰਿੜਕੀਏ, ਤਾਂ ਪਾਣੀ ਹੀ ਵੇਖਣ ਵਿਚ ਆਉਂਦਾ ਹੈ। ਇਹ (ਮਾਇਆ-ਮੋਹਿਆ) ਜਗਤ (ਪਾਣੀ ਰਿੜਕ ਰਿੜਕ ਕੇ) ਇਹ ਪਾਣੀ ਹੀ ਹਾਸਲ ਕਰਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਾਇਆ ਦੀ) ਭਟਕਣਾ ਵਿਚ ਹੀ ਖ਼ੁਆਰ ਹੋਈਦਾ ਹੈ, ਘਟ ਘਟ ਵਿਚ ਵਿਆਪਕ ਅਲੱਖ ਪਰਮਾਤਮਾ ਤੋਂ ਖੁੰਝੇ ਰਹੀਦਾ ਹੈ ॥੫॥

ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥ ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥ ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ ॥੬॥

ਹੇ ਭਾਈ! ਇਹ ਜਗਤ ਸੂਤਰ ਦਾ ਧਾਗਾ (ਸਮਝ ਲਵੋ, ਜਿਵੇਂ ਧਾਗੇ ਨੂੰ ਗੰਢਾਂ ਪਈਆਂ ਹੋਈਆਂ ਹੋਣ, ਸੰਸਾਰਕ ਜੀਵਾਂ ਨੂੰ) ਮਾਇਆ ਦੇ ਮੋਹ ਦੀਆਂ ਦਸੀਂ ਪਾਸੀਂ ਗੰਢਾਂ ਪਈਆਂ ਹੋਈਆਂ ਹਨ (ਭਾਵ, ਮੋਹ ਵਿਚ ਫਸੇ ਜੀਵ ਦਸੀਂ ਪਾਸੀਂ ਖਿੱਚੇ ਜਾ ਰਹੇ ਹਨ)। (ਅਨੇਕਾਂ ਜੀਵ ਇਹ ਰਸਮੀ ਧਾਰਮਿਕ) ਕਰਮ ਕਰ ਕਰ ਕੇ ਹਾਰ ਗਏ, ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮੋਹ ਦੀ ਗੰਢ ਖੁਲ੍ਹਦੀ ਨਹੀਂ। ਹੇ ਭਾਈ! ਇਹ ਜਗਤ (ਰਸਮੀ ਧਾਰਮਿਕ ਕਰਮ ਕਰਦਾ ਹੋਇਆ ਭੀ ਮੋਹ ਦੀ) ਭਟਕਣਾ ਵਿਚ ਇਤਨਾ ਖੁੰਝਿਆ ਹੋਇਆ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ ॥੬॥

ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ ॥ ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ ॥ ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ ॥੭॥

ਹੇ ਪੰਡਿਤ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਡਰ-ਅਦਬ ਮਨ ਵਿਚ ਵੱਸ ਪੈਂਦਾ ਹੈ। ਉਸ ਡਰ-ਅਦਬ ਵਿਚ ਰਹਿ ਕੇ (ਮਾਇਆ ਦੇ ਮੋਹ ਵਲੋਂ) ਮਰਨਾ (ਜੀਵ ਦੇ ਮਸਤਕ ਉਤੇ ਕੀਤੇ ਕਰਮਾਂ ਦਾ ਐਸਾ) ਲੇਖ (ਹੈ ਜੋ ਇਸ ਨੂੰ ਅਟੱਲ) (ਜੀਵਨ ਦੇਂਦਾ) ਹੈ। ਹੇ ਭਾਈ! ਤੀਰਥ ਇਸ਼ਨਾਨ ਦਾਨ-ਪੁੰਨ ਤੇ ਹੋਰ ਚੰਗਿਆਈਆਂ ਪਰਮਾਤਮਾ ਦਾ ਨਾਮ ਹੀ ਹੈ, ਪਰਮਾਤਮਾ ਦੇ ਨਾਮ ਨੂੰ ਹੀ ਉਸ ਦੀ ਹਜ਼ੂਰੀ ਵਿਚ ਵਿਸ਼ੇਸ਼ਤਾ ਮਿਲਦੀ ਹੈ। (ਮਾਇਆ ਵਿਚ ਮਸਤ ਮਨ-ਹਾਥੀ ਨੂੰ ਸਿੱਧੇ ਰਸਤੇ ਤੋਰਨ ਵਾਸਤੇ) ਗੁਰੂ (ਦਾ ਸ਼ਬਦ) ਕੁੰਡਾ ਹੈ, ਗੁਰੂ ਨੇ ਹੀ ਪਰਮਾਤਮਾ ਦਾ ਨਾਮ ਮਨੁੱਖ ਨੂੰ ਦ੍ਰਿੜ੍ਹ ਕਰਾਇਆ ਹੈ। (ਗੁਰੂ ਦੀ ਮੇਹਰ ਨਾਲ ਜਦੋਂ ਨਾਮ) ਮਨ ਵਿਚ ਵੱਸਦਾ ਹੈ, ਤਾਂ ਧਾਰਮਿਕ ਵਿਖਾਵਾ ਮੁੱਕ ਜਾਂਦਾ ਹੈ ॥੭॥

ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ ॥ ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ ॥ ਧਨੁ ਵਾਪਾਰੀ ਨਾਨਕਾ ਭਾਈ ਮੇਲਿ ਕਰੇ ਵਾਪਾਰੁ ॥੮॥੨॥

ਹੇ ਭਾਈ! ਇਹ ਮਨੁੱਖਾ ਸਰੀਰ ਪਰਮਾਤਮਾ-ਸਰਾਫ਼ ਦਾ ਦਿੱਤਾ ਹੋਇਆ ਇਕ ਹੱਟ ਹੈ ਜਿਸ ਵਿਚ ਕਦੇ ਨਾਹ ਮੁਕਣ ਵਾਲਾ ਨਾਮ-ਸੌਦਾ ਕਰਨਾ ਹੈ। ਉਹੀ ਜੀਵ-ਵਪਾਰੀ ਇਸ ਸੌਦੇ ਨੂੰ (ਆਪਣੇ ਸਰੀਰ-ਹੱਟ ਵਿਚ) ਦ੍ਰਿੜ੍ਹਤਾ ਨਾਲ ਵਣਜਦਾ ਹੈ ਜੇਹੜਾ ਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ। ਹੇ ਨਾਨਕ! ਉਹ ਜੀਵ-ਵਪਾਰੀ ਭਾਗਾਂ ਵਾਲਾ ਹੈ ਜੋ ਸਾਧ ਸੰਗਤ ਵਿਚ (ਰਹਿ ਕੇ) ਇਹ ਵਪਾਰ ਕਰਦਾ ਹੈ ॥੮॥੨॥


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top