Share on Facebook

Main News Page

ਮਾਲਵੇ ‘ਚ ਆਈ ਜਾਗਰਤੀ - ਦੁਸਹਿਰੇ ‘ਤੇ ਰਾਵਣ ਦੀ ਬਜਾਏ ਗੁੰਡਾਗਰਦੀ ਵਾਲਿਆਂ ਦੇ ਪੁਤਲੇ ਸਾੜੇ

ਫਰੀਦਕੋਟ/ਬਠਿੰਡਾ/ਮਾਨਸਾ/ਅਜੀਤਵਾਲ/ਕੋਟਕਪੂਰਾ/ਬਰਨਾਲ/ਬਰੇਟਾ/ਲੰਬੀ (ਜਸਵਿੰਦਰ ਸਿੰਘ): ਮਾਲਵੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਅੱਜ ਦੁਸਿਹਰੇ ਵਾਲੇ ਦਿਨ ਗੁੰਡਾਗਰਦੀ, ਸਰਕਾਰੀ ਪ੍ਰਸਾਸ਼ਨ ਤੇ ਪੁਲੀਸ ਗੱਠਜੋੜ ਦੇ ਪੁਤਲੇ ਬਣਾ ਕੇ ਸਾੜੇ ਗਏ। ਫਰੀਦਕੋਟ ਵਿਖੇ ਜਿੱਥੇ 24 ਸਿਤੰਬਰ ਨੂੰ ਡੋਗਰ ਬਸਤੀ ਵਿਖੇ ਗੁਡਾਗਰਦੀ ਦਾ ਨੰਗਾ ਨਾਚ ਕਰਦਿਆਂ 6-7 ਗੁੰਡੇ ਦਿਨ ਦਿਹਾੜੇ ਸਚਦੇਵਾ ਪ੍ਰਵਿਾਰ ਦੇ ਮੈਂਬਰਾਂ ਨੂੰ ਬੁਰੀ ਤਰ੍ਹਾਂ ਕੁੱਟ ਮਾਰ ਕਰਦਿਆਂ ਗੋਲੀਆਂ ਚਲਾਉਂਦਿਆਂ ਇਸ ਪਰਿਵਾਰ ਦੀ ਧੀ ਸਰੂਤੀ ਨੂੰ ਅਗਵਾ ਕਰਕੇ ਕੇ ਲੈ ਗਏ ਸਨ। ਇਸ ਸ਼ਹਿਰ ਤੋਂ ਇਲਾਵਾ ਹੋਰ ਥਾਂਵਾਂ ਤੇ ਵੀ ਇਸ ਗੁੰਡਾਗਰਦੀ ਵਿਰੁੱਧ ਸਮਾਜਿਕ ਜਥੇਬੰਦੀਆਂ ਨੇ ਧਰਨੇ ਦਿੱਤੇ ਅਤੇ ਸ਼ਹਿਰ ਬੰਦ ਰੱਖੇ ਗਏ। ਇਸ ਤਰ੍ਹਾਂ ਦਬਾਅ ਪੈਣ ਤੋ ਬਾਅਦ ਹੀ ਸਰਕਾਰ ਅਤੇ ਪੁਲੀਸ ਹਰਕਤ ਵਿੱਚ ਆਏ ਸਨ ਅਤੇ 27 ਦਿਨਾ ਬਾਅਦ ਸਰੂਤੀ ਅਤੇ ਉਸ ਦੇ ਅਗਵਾਕਾਰ ਨਿਸ਼ਾਨ ਸਿੰਘ ਨੂੰ ਪੁਲੀਸ ਗੋਆ ਤੋਂ ਬਰਾਮਦ ਕੀਤੀ ਦੱਸਿਆ ਗਿਆ ਸੀ।

ਇਥੇ ਅੱਜ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੇ ਕਮੇਆਣਾ ਚੌਕ ਵਿੱਚ ਗੁੰਡਾਗਰਦੀ ਦਾ ਪੁਤਲਾ ਬਣਾ ਕੇ ਸਾੜਿਆ ਹੈ। ਸਰੂਤੀ ਦੇ ਪਿਤਾ ਅਸ਼ਵਨੀ ਸਚਦੇਵਾ ਨੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਦਲਾਤ ਵਿੱਚ ਇੱਕ ਗਵਾਹ ਦਾ ਦੋ ਵਾਰ ਬਿਆਨ ਲਿਖਣ ਦਾ ਕੋਈ ਨਿਯਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲੀਸ ਜਾਂ ਸਰਕਾਰ ਤੋਂ ਉਨ੍ਹਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੁਲੀਸ ਵਲੋਂ ਜਾਣਬੁੱਝ ਕੇ ਸਰੂਤੀ ਨੂੰ ਮਾਪਿਆਂ ਦੇ ਹਵਾਲੇ ਨਹੀਂ ਕੀਤਾ ਗਿਆ। ਲੋਕ ਸੰਗਰਾਮ ਮੰਚ ਦੇ ਸੁਬਾਈ ਜਰਨਲ ਸਕੱਤਰ ਬਲਵੰਤ ਮਖੂ ਨੇ ਕਿਹਾ ਕਿ ਗੁੰਡਾਗਰਦੀ ਵਿਰੁੱਧ ਸਾਰੇ ਸਮਾਜ ਨੂੰ ਇੱਕ ਮੁੱਠ ਹੋ ਕੇ ਲੜਣਾ ਚਾਹੀਦਾ ਹੈ। ਪੀ ਐਸ ਯੂ ਦੇ ਸੁਬਾਈ ਜਰਨਲ ਸਕੱਤਰ ਰਾਜਿੰਦਰ ਸਿੰਘ ਨੇ ਕਿਹਾ ਕਿ ਫੌਜ਼ਦਾਰੀ ਜ਼ਾਬਤੇ ਦੀ ਧਾਰਾ 164-(1)-ਅਨੁਸਾਰ ਜਬਰ ਜਿਨਾਹ ਵਰਗੇ ਮਾਮਲਿਆਂ ‘ਚ ਪੀੜਤ ਦਾ ਬਿਆਨ ਲਿਖਿਆ ਜਾਣਾ ਕਨੂੰਨੀ ਤੌਰ ਤੇ ਜਰੂਰੀ ਹੈ, ਪਰ ਪੁਲੀਸ ਨੇ ਅਜਿਹਾ ਨਹੀਂ ਕੀਤਾ ਜਿਸ ਦਾ ਸਿੱਧਾ ਫਾਇਦਾ ਮੁਲਜ਼ਿਮਾਂ ਨੂੰ ਹੀ ਮਿਲੇਗਾ। ਉਨ੍ਹਾਂ ਕਿਹਾ ਕਿ ਨਾਬਲਿਗ ਲੜਕੀ ਦੀ ਮੈਡੀਕਲ ਜਾਂਚ ਲਈ ਮਾਪਿਆਂ ਦੀ ਸਹਿਮਤੀ ਲਈ ਜਾ ਸਕਦੀ ਹੈ, ਪਰ ਕਿਸੇ ਵੀ ਏਜੰਸੀ ਨੇ ਅਜਿਹਾ ਨਹੀਂ ਕੀਤਾ, ਜਿਸ ਤੋਂ ਸਪਸ਼ਟ ਪਤਾ ਲੱਗਦਾ ਹੈ ਕਿ ਸਰਕਾਰ ਮੁਲਜ਼ਮਾਂ ਨੂੰ ਬਚਾਅ ਰਹੀ ਹੈ।

ਇਸ ਸਮੇ ਅਜ਼ਾਦੀ ਘੁਲਾਟੀ ਅਮਰ ਸਿੰਘ ਸੁਖੀਜਾ ਅਤੇ ਸ਼ਰੂਤੀ ਦੇ ਪਿਤਾ ਅਸ਼ਵਨੀ ਸਚਦੇਵਾ ਨੇ ਗੁੰਡਾਗਰਦੀ ਦੇ ਪੁਤਲੇ ਨੂੰ ਅੱਗ ਲਾਈ ਅਤੇ ਹਜ਼ਾਰਾਂ ਲੋਕਾਂ ਨੇ ਗੁੰਡਾਗਰਦੀ ਵਿਰੁੱਧ ਨਾਅਰੇ ਵੀ ਲਾਏ। ਇਸ ਤੋਂ ਪਹਿਲਾਂ ਲੋਕ ਕਲਾ ਮੰਚ ਡੋਹਕ ਦੀ ਟੀਮ ਨੇ ਇਨਕਲਾਬੀ ਇੱਕ ਨਾਟਕ ਵੀ ਖੇਡਿਆ। ਇਥੇ ਧਰਨੇ ਤੇ ਇਕੱਤਰ ਹੋਏ ਲੋਕਾਂ ਨੂੰ ਰਾਜਨੀਤਕ ਅਤੇ ਸਜਾਜਿਕ ਸੰਸਥਾਵਾਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ ਜਿਨ੍ਹਾਂ ‘ਸਾਬਕਾ ਫਰੀਦਕੋਟ ਦੇ ਸਾਬਕਾ ਸਿਖਿਆ ਮੰਤਰੀ ਅਵਤਾਰ ਸਿੰਘ ਬਰਾੜ ਵੀ ਸ਼ਾਮਿਲ ਹਨ।

ਬਠਿੰਡਾ ਸ਼ਹਿਰ ‘ਚ ਵੀ ਇਥੋਂ ਦੀਆਂ ਜਥੇਬੰਦੀਆਂ ਜਿਨ੍ਹਾਂ ‘ਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਲੋਕ ਮੋਰਚਾ ਪੰਜਾਬ, ਟੀ ਐਸ ਯੂ, 7654 ਸਾਂਝਾ ਅਧਿਆਪਕ ਫਰੰਟ, ਰਮਸਾ, ਈ ਟੀ ਟੀ ਯੂਨੀਅਨ ਤੇ ਟੀ ਡੀ ਐਫ ਇਨ੍ਹਾਂ ਜਥੇਬੰਦੀਆਂ ਦੀ ਸਾਂਝੀ ਅਗਵਾਈ ਹੇਠ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕਰਨ ਤੋਂ ਬਾਅਦ ਮਿਨੀ ਸਕੱਤਰੇਤ ਸਾਹਮਣੇ ਪੁਲੀਸ, ਸਿਆਸੀ ਅਤੇ ਗੁੰਡਾਗਰਦੀ ਗੱਠਜੋੜ ਦੇ ਪੁਤਲੇ ਸਾੜੇ ਹਨ।

ਬਰਨਾਲੇ ‘ਚ ਵੀ ਚਿੰਟੂ ਪਾਰਕ ਵਿੱਚ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਰੋਸ ਰੈਲੀ ਕਰਨ ਮਗਰੋਂ ਗੁੰਡਾ ਟੋਲੇ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਹਨ।

ਮੋਗੇ ਨੇੜੇ ਕਸਬਾ ਅਜੀਤਵਾਲ ਅਤੇ ਬਾਦਲ ਦੇ ਪਿੰਡ ਲੰਬੀ ਵੀ ਰੋਸ ਮਾਰਚ ਕੱਢਣ ਤੋਂ ਬਾਅਡ ਗੁੰਡਾਗਰਦੀ ਦੇ ਪੁਤਲੇ ਸਾੜੇ ਗਏ। ਇਸੇ ਤਰ੍ਹਾਂ ਹੀ ਮਾਨਸਾ ਵਿੱਚ ਇਨ੍ਹਾਂ ਦਿਨਾਂ ‘ਚ ਲੜਕੀਆਂ ਵਿੱਰੁਧ ਹੋ ਰਹੀ ਗੁੰਡਾਗਰਦੀ ਦੇ ਰੋਸ ਵਜੋਂ ਵੱਖ ਵੱਖ ਜਥੇਬੰਦੀਆਂ ਨੇ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਦੀ ਅਰਥੀ ਨੂੰ ਦੋ ਲੜਕੀਆਂ ਨੇ ਅੱਗ ਲਾਈ। ਕੋਟ ਕਪੂਰਾ ਜਿੱਥੇ ਸ਼ਰੂਤੀ ਅਗਵਾ ਕਾਂਡ ਬਾਰੇ ਲੋਕਾਂ ਵਿੱਚ ਕਾਫੀ ਰੋਸ ਹੈ ਸਰਕਾਰ ਦੇ ਪੁਤਲੇ ਸਾੜੇ। ਫਰੀਦਕੋਟ ਜਿਲੇ ਦੇ ਪਿੰਡ ਜੈਤੋ ਵਿਖੇ ਨਹਿਰੂ ਪਾਰਕ ‘ਚ ਇਕੱਤਰ ਹੋਏ ਲੋਕਾਂ ਨੂੰ ਵੱਖ ਵੱਖ ਜਥੇਬੰਦੀਆਂ ਦੇ ਅਗੂਆਂ ਨੇ ਸੰਬੋਧਨ ਕੀਤਾ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਇਨ੍ਹਾਂ ਸਭ ਸ਼ਹਿਰਾਂ ਅਤੇ ਕਸਬਿਆਂ ‘ਚ ਪੁਲੀਸ ਦਾ ਭਾਰੀ ਪ੍ਰਬੰਧ ਕੀਤਾ ਗਿਆ ਸੀ।ਪੰਜਾਬ ਵਿੱਚ ਆ ਰਹੀ ਜਾਗਰਤੀ ਦਾ ਇਹ ਇੱਕ ਸ਼ੁਭ ਸੰਕੇਤ ਹੈ ਜਿੱਥੇ ਅਜੋਕੇ ਸਮੇ ਦੀ ਗੁੰਡਾਗਰਦੀ ਦਾ ਵਿਰੋਧ ਕਰਨ ਲਈ ਲੋਕ ਦੁਸਿਹਰੇ ਵਾਲੇ ਦਿਨ ਜਥੇਬੰਦਕ ਤੌਰ ਤੇ ਇੱਕੱਠੇ ਹੋ ਰਹੇ ਹਨ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top