Share on Facebook

Main News Page

ਰਾਵਣ ਦੇ ਬੁਤ ਸਾੜਨ ਵਾਲਿਓ!
ਡਾ: ਹਰਜਿੰਦਰ ਸਿੰਘ ਦਿਲਗੀਰ

ਰਾਵਣ ਦੇ ਬੁਤ ਸਾੜਨ ਵਾਲਿਓ!

ਇਕ ਆਲਮ ਦੇ ਬੁਤਾਂ ਨੂੰ ਅੱਗ ਲਾਉਣ ਤੋਂ ਪਹਿਲਾਂ
ਆਪਣੀਆਂ ਬੀਵੀਆਂ ਨੂੰ 'ਸੀਤਾ' ਬਣਾ ਲਵੋ
ਤੇ ਆਪਣੇ ਭਰਾਵਾਂ ਵਿਚ 'ਲਛਮਣ' ਤੇ
'ਭਰਤ' ਵਰਗੇ ਜੰਮ ਲੈਣ ਦਿਓ ॥
ਮੇਰਾ ਤਾਂ ਕਈ ਵਾਰ ਜੀਅ ਕੀਤਾ ਹੈ
ਰਾਵਣ ਦੇ ਕਦਮ ਚੁੰਮਣ ਤੇ
ਉਦੋਂ ਐਡਾ ਸੁੱਚਾ ਇਨਸਾਨ ਹੋਰ ਕੌਣ ਸੀ?

ਰਾਵਣ ਨੂੰ ਸਾੜਨ ਵਾਲਿਓ!
ਆਪਣੀ ਭੈਣ ਦੀ ਬੇਇਜ਼ਤੀ ਦਾ ਬਦਲਾ ਲੈਣਾ
ਕਦ ਜੁਰਮ ਹੁੰਦਾ ਹੈ?
ਬਦਲਾ ਲੈਣ ਖਾਤਿਰ ਚੁਕ ਕੇ ਲਿਆਂਦੀ ਔਰਤ ਦੇ
ਜਿਸਮ ਨੂੰ ਹੱਥ ਨਾ ਲਾਉਣ ਵਾਲਾ
ਜੇ ਫਰਿਸ਼ਤਾ ਨਹੀਂ ਸੀ ਤਾਂ ਹੋਰ ਕੀ ਸੀ?
ਰਾਮ ਭਗਵਾਨ ਕਿਵੇਂ ਹੋ ਸਕਦੈ?
ਆਪਣੀ ਬੀਵੀ ਖਾਤਿਰ
ਇਕ ਲੰਕਾ ਜਲਾ ਦੇਣਾ
ਤੇ ਮਜ਼ਲੂਮਾਂ ਦਾ ਖੂਨ ਕਰਨਾ
ਕਿਸੇ ਰਜਵਾੜੇ ਦਾ ਕਾਰਾ ਹੋ ਸਕਦਾ ਹੈ
ਪਰ, ਰੱਬ ਦਾ ਨਹੀਂ
(ਰੱਬ ਆਪਣਾ ਨਾਂ ਸੁਣਨ ਵਾਲੇ ਦੇ ਕੰਨ ਵਿਚ
ਸਿੱਕਾ ਨਹੀਂ ਢਾਲਦਾ!
ਤੇ ਧੋਬੀ ਦੇ ਮਿਹਣੇ ਨਾਲ ਆਪਣੀ ਬੀਵੀ ਨੂੰ
ਘਰੋਂ ਨਹੀਂ ਕਢਦਾ!)
ਰੱਬ ਦੇ ਅਸੂਲ ਤੇ ਸ਼ੈਤਾਨ ਦੇ ਅਸੂਲ
ਜੌਹਨ ਮਿਲਟਨ ਨੂੰ ਪੁੱਛੋ
ਰਾਵਣ ਨੂੰ ਸਾੜਨ ਵਾਲਿਓ!
ਇਲਮ ਨੂੰ, ਇਨਸਾਫ ਨੂੰ, ਹੱਕ ਨੂੰ, ਅਸੂਲ ਨੂੰ,
ਨਾ ਸਾੜ ! ਨਾ ਸਾੜੋ !! ਨਾ ਸਾੜੋ !!!

ਉਪਰਲੀ ਕਵਿਤਾ 1971 ਵਿਚ ਲਿਖੀ ਸੀ

ਨਵੇਂ ਰਾਵਣ

ਅਜ ਅਸਲੀ ਰਾਵਣ ਦੁਸਹਿਰੇ 'ਤੇ
ਨਕਲੀ ਰਾਵਣ ਦਾ ਦਾਹ ਕਰਦੇ ਨੇ।
ਪਰ ਹਰ ਸੁਬਹ ਸ਼ਾਮ
ਕਿਸੇ ਸੀਤਾ ਤੇ ਰਾਧਾ ਨਾਲ ਜ਼ਨਾਹ ਕਰਦੇ ਨੇ।

ਬਸ ਕਰੋ, ਦੰਭ ਤੇ ਪਾਪ ਦੀ ਖੇਡ
ਬੰਦ ਕਰੋ ਝੂਠ ਤੇ ਪਾਖੰਡ ਦੀ ਦੁਕਾਨ।
ਉਸ ਦੇ ਦਸ ਸਿਰ ਤਾਂ ਕਲਪਨਾ ਨੇ ਕਾਫ਼ਰੋ;
ਤੁਹਾਡੇ ਮੱਥੇ 'ਤੇ ਹਨ ਲੱਖਾਂ ਪਾਪਾਂ ਦੇ ਨਿਸ਼ਾਨ!

ਤੁਹਾਡੇ ਅੰਦਰ ਵਸੇ ਹੋਏ ਹਨ ਕੰਸ ਤੇ ਹਰਨਾਖ਼ਸ਼;
ਤੁਹਾਡੀ ਰੂਹ 'ਤੇ ਹਕੂਮਤ ਕਰਦੈ ਸ਼ੈਤਾਨ।
ਕਦੇ ਤਾਂ ਹੈਵਾਨੀਅਤ ਤੋਂ ਤੌਬਾ ਕਰੋ ਕਾਫ਼ਰੋ;
ਕਦੇ ਤਾਂ ਬਣ ਕੇ ਦਿਖਾਓ ਤੁਸੀਂ ਵੀ ਇਨਸਾਨ।

ਹਰ ਸਾਲ ਸੀਤਾ ਦੇ ਜਤ ਦੀ ਗੱਲ ਹੁੰਦੀ ਹੈ;
ਸਾਰਾ ਰੋਜ਼ ਨੋਚਦੇ, ਸਾੜਦੇ ਤੇ ਕੋਹੰਦੇ ਨੇ ਕੋਈ ਨਾ ਕੋਈ ਨਾਰ।
ਹਰ ਸਾਲ ਬਦੀ 'ਤੇ ਨੇਕੀ ਦੀ ਜਿੱਤ ਦਾ ਨਾਅਰਾ ਲਗਦਾ ਏ;
ਹਰ ਸਾਲ ਬੁਤਾਂ ਦਾ ਦਾਹ ਕਰਨ ਆਉਂਦਾ ਹੈ ਕੋਈ ਮਹਾਂ ਬਦਕਾਰ।
ਹਰ ਸਾਲ ਸੁਹਣੇ ਤੋਂ ਸੁਹਣੇ ਸਜਦੇ ਨੇ ਰਾਵਣ ਦੇ ਬੁੱਤ;
ਹਰ ਸਾਲ ਵਧ ਬਦਸੂਰਤ ਹੋ ਜਾਂਦੇ ਨੇ ਜ਼ੁਲਮਾਂ ਦੇ ਅੰਬਾਰ।
ਹਰ ਸਾਲ ਵੱਡੇ ਤੋਂ ਵੱਡੇ ਬੁੱਤ ਬਣਦੇ ਨੇ ਰਾਵਣ ਦੇ।
ਹਰ ਸਾਲ ਉਚੇ ਜਾਂਦੇ ਨੇ ਅਸਲ ਰਾਵਣਾਂ ਦੇ ਪਾਪਾਂ ਦੇ ਪਹਾੜ।

ਬੰਦ ਕਰੋ ਰਾਵਣ ਨੂੰ ਸਾੜਨ ਦਾ ਇਹ ਕਾਰਾ;
ਬੰਦ ਕਰੋ ਰੋਜ਼ ਵਰਤਦੇ ਪਾਪਾਂ ਦਾ ਵਰਤਾਰਾ।

ਡਾ: ਹਰਜਿੰਦਰ ਸਿੰਘ ਦਿਲਗੀਰ
ਉਪਰਲੀ ਕਵਿਤਾ 24 ਅਕਤੂਬਰ 2012 ਸਵੇਰੇ 6.45 ਦੁਸਹਿਰੇ ਦੇ ਦਿਨ ਲਿਖੀ ਹੈ, ਬ੍ਰਿਮਿੰਘਮ


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top