Share on Facebook

Main News Page

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ
- ਵਰਿੰਦਰ ਸਿੰਘ

ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥

ਅਰਥ : (ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ ।1। ਮੈਨੂੰੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ) ।1।ਰਹਾਉ। (ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ ।2। ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀ ਮਾਇਆ ਦੇ ਨੇੜੇ ਨਹੀਂ ਛੋਂਹਦੇ । ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ ।3। (ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ । ਹੇ ਕਬੀਰ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ ।4।

ਵਿਚਾਰ : ਭਗਤ ਕਬੀਰ ਜੀ ਉਸ ਸਮੇ ਦੇ ਬ੍ਰਾਹਮਿਨ ਦੇ ਬਾਰੇ ਕਹ ਰਹੇ ਹਨ, ਜੋ ਆਪਣੇ ਆਪ ਨੂੰ ਸੰਤ ਕਹਾਉਂਦੇ ਸਨ ਕੇ ਸਿਰਫ ਲਮੀਆਂ ਲਮੀਆਂ ਧੋਤੀਆਂ ਪਾਉਣ ਨਾਲ ਜਾਂ ਤਿਹਰੇ ਜਨੇਊ ਪਾਉਣ ਨਾਲ ਜਾਂ ਹੱਥ ਵਿਚ ਲੋਟੇ ਅਤੇ ਗਲ ਵਿਚ ਮਾਲਾ ਪਾਉਣ ਨਾਲ ਕੋਈ ਭਗਤ ਨਹੀਂ ਬਣ ਜਾਂਦਾ| ਏਹੋ ਜਿਹੇ ਲੋਕ ਪੈਸੇ ਵਾਸਤੇ ਕਿਸੇ ਨੂੰ ਜਾਨੋ ਮਾਰਨ ਲਗਿਆਂ ਵੀ ਨਹੀਂ ਸੋਚਦੇ| ਆਓ ਭਗਤ ਕਬੀਰ ਜੀ ਦੇ ਇਸ ਸ਼ਬਦ ਦੀ ਅੱਜ ਦੇ ਹਲਾਤਾਂ ਨਾਲ ਤੁਲਨਾ ਕਰੀਏ|

ਅੱਜ ਪੰਜਾਬ ਵਿਚ ੧੬੦੦੦ ਦੇ ਕਰੀਬ ਏਹੋ ਜਿਹੇ ਸੰਤ ਹਰਲ ਹਰਲ ਕਰਦੇ ਫਿਰਦੇ ਹਨ, ਫਰਕ ਸਿਰਫ ਇਤਨਾ ਹੈ ਕੇ ਜਨੇਊ ਦੀ ਜਗਾਹ ਉਤੇ ਗਾਤਰੇ ਪਾਏ ਹੋਏ ਹਨ ਮਾਲਾ ਅਤੇ ਲੋਟੇ ਤਾਂ ਬਹੁਤੇ ਇਹ ਵੀ ਚੱਕੀ ਫਿਰਦੇ ਹਨ, ਧੋਤੀਆਂ ਦੀ ਜਗਾਹ ਲੰਬੇ ਲੰਬੇ ਚੋਲਿਆਂ ਨੇ ਲੈ ਲਈ ਹੈ ਅਤੇ ਸਿਰ ਉਤੇ ਗੋਲ ਪੱਗ| ਬੰਦਾ ਮਾਰਨ ਨੂੰ ਇਹ ਵੀ ਮਿੰਟ ਨਹੀਂ ਲਾਉਂਦੇ ਨਹੀਂ ਤਾਂ ਅਦਾਲਤਾਂ ਵਿਚ ਇਹਨਾ ਦੇ ਚਲਦੇ ਕੇਸ ਵੇਖ ਲਵੋ, ਮਾਇਆ ਵਿਚ ਇਹ ਗ੍ਰਸੇ ਪਾਏ ਹਨ ਕਹਿਣ ਨੂੰ ਬ੍ਰਹਮਚਾਰੀ ਕਹਾਉਂਦੇ ਹਨ, ਪਰ ਕਈਆਂ ਉਤੇ ਰੇਪ ਦੇ ਕੇਸ ਚੱਲ ਰਹੇ ਹਨ|

ਅਗਲੀ ਤੁੱਕ ਵਿਚ ਕਬੀਰ ਸਾਹਿਬ ਇਹਨਾ ਦੀ ਸੁੱਚ ਭਿੱਟ ਬਾਰੇ ਦਸਦੇ ਹਨ ਕੇ ਕਿਵੇਂ ਜਮੀਨ ਪੁੱਟ ਪੁੱਟ ਕੇ ਚੁੱਲੇ ਬਣਾਉਂਦੇ ਹਨ ਅਤੇ ਲਕੜੀਆਂ ਵੀ ਧੋ ਧੋ ਕੇ ਬਾਲਦੇ ਹਨ| ਅੱਜ ਵੀ ਬਹੁਤ ਸਾਰੇ ਅਖੰਡ ਕੀਰਤਨੀਆਂ ਵਰਗੇ ਤੁਹਾਨੂੰ ਇਸ ਤਰਾਂ ਕਰਨ ਵਾਲੇ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਬ੍ਰਾਹਮਿਨ ਮਿਲ ਜਾਣਗੇ, ਜੋ ਸੰਗਤ ਦੇ ਨਾਲ ਬੈਠ ਕੇ ਪ੍ਰਸ਼ਾਦਾ ਵੀ ਨਹੀਂ ਛੱਕ ਸਕਦੇ, ਆਪਣਾ ਪ੍ਰਸ਼ਾਦਾ ਆਪ ਬਣਾਉਂਦੇ ਹਨ ਅਤੇ ਲੋਹੇ ਦੇ ਭਾਂਡਿਆਂ ਤੋਂ ਬਿਨਾ ਖਾਂਦੇ ਨਹੀਂ| ਕੀ ਇਹ ਗੁਰੂ ਦੇ ਲੰਗਰ ਦੀ ਬੇਅਦਬੀ ਨਹੀਂ ਹੈ ? ਗੁਰਬਾਣੀ ਦੀ ਤਾਂ ਸ਼ੁਰੁਆਤ ਹੀ ਗੁਰੂ ਨਾਨਕ ਸਾਹਿਬ ਨੇ “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥“ ਤੋਂ ਕੀਤੀ ਹੈ, ਕੀ ਗੁਰੂ ਨਾਨਕ ਸਾਹਿਬ ਆਪਣੇ ਨਾਲ ਲੋਹੇ ਦੇ ਭਾਂਡੇ ਚੱਕੀ ਫਿਰਦੇ ਸੀ ਹਰ ਜਗਾਹ ਉਤੇ, ਫਿਰ ਤਾਂ ਵਿਚਾਰਾ ਮਰਦਾਨਾ ਇਸੇ ਕੰਮ 'ਤੇ ਲਗਿਆ ਰਹੰਦਾ|

ਇਸ ਤੋਂ ਅਗੇ ਭਗਤ ਜੀ ਇਹਨਾ ਮਨੁਖਾਂ ਬਾਰੇ ਦਸਦੇ ਹਨ ਕਹਿਣ ਨੂੰ ਤਾਂ ਇਹ ਮਾਇਆ ਦੇ ਬੰਧਨਾਂ ਨੂੰ ਤਿਆਗ ਚੁੱਕੇ ਹਨ, ਕਹਿੰਦੇ ਹਨ ਕਿ ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ, ਅੱਜ ਤੁਹਾਨੂੰ ਨਾਨਕਸਰ ਸੰਪਰਦਾ ਵਰਗੇ ਕਈ ਮਿਲ ਜਾਣਗੇ, ਜੋ ਬਿਲਕੁਲ ਆਹੀ ਕਹਿੰਦੇ ਹਨ ਕੇ ਅਸੀਂ ਮਾਇਆ ਨੂੰ ਬਿਲਕੁਲ ਨਹੀਂ ਛੋਹਂਦੇ, ਹਾਂ ਰੁਪਿਆ ਦੋ ਰੁਪਿਆ ਨਹੀਂ ਲੈਂਦੇ, ਇਹ ਲੋਕ ਲੱਖਾਂ ਵਿਚ ਮਾਇਆ ਲੈਂਦੇ ਹਨ, ਨਹੀਂ ਤਾਂ ੩੦੦ ਏਕੜ ਦੀ ਜਮੀਨ ਕਿਥੋਂ ਆ ਗਈ| ਦੂਜੀ ਗਲ, ਮਾਇਆ ਸਿਰਫ ਪੈਸਾ ਹੀ ਨਹੀਂ ਹੁੰਦੀ ਜਿਹੜਾ ਫੁਲੀਆਂ ਦਾ ਪ੍ਰਸ਼ਾਦ ੧੦ ਰੁਪਏ ਦਾ ਬਾਹਰ ਵਿਕਦਾ ਹੈ, ਓਹ ਕੀ ਹੈ? ਜਿਹੜੇ ਕਪੜੇ ਅਤੇ ਹੋਰ ਸਮਾਨ ਇਹ ਸੰਪਟ ਪਾਠ ਦੀ ਆੜ ਵਿਚ ਲੈਂਦੇ ਹਨ ਓਹ ਕੀ ਹੈ?

ਅਖੀਰ ਵਿਚ ਭਗਤ ਕਬੀਰ ਜੀ ਇਹਨਾ ਦੇ ਅਹੰਕਾਰ ਦਾ ਜਿਕਰ ਕਰਦੇ ਹਨ, ਕਿ ਕਿਵੇਂ ਇਹ ਆਪ ਤਾਂ ਡੁਬਦੇ ਹਨ ਨਾਲ ਆਪਣੇ ਸਾਥੀਆਂ ਨੂੰ ਵੀ ਡੋਬ ਦੇਂਦੇ ਹਨ| ਅੱਜ ਕਿਨੇ ਏਹੋ ਜਿਹੇ ਬਾਬੇ ਹਨ ਜਿਨਾ ਦਾ ਅਹੰਕਾਰ ਓਹਨਾ ਦੀ ਕਿਸੇ ਵੀ ਟੇਪ ਜਾਂ ਸੀਡੀ ਵਿਚੋਂ ਵੇਖਿਆ ਜਾ ਸਕਦਾ ਹੈ...ਹਰ ਗਲ 'ਤੇ ਮੈਂ ਇਹ ਕੀਤਾ ਮੈਂ ਓਹ ਕੀਤਾ ..ਇਹ ਲੋਕ ਲੱਖਾਂ ਕਰੋੜਾਂ ਨੂੰ ਆਪਣੇ ਨਾਲ ਡੋਬ ਰਹੇ ਹਨ|

ਅੰਤ ਵਿਚ ਭਗਤ ਕਬੀਰ ਜੀ ਮਨੁੱਖ ਨੂੰ ਸਮਝਾ ਰਹੇ ਹਨ ਕੇ ਉਸ ਇਕ ਸਚੇ ਅਕਾਲਪੁਰਖ ਦੇ ਹੁਕਮ ਵਿਚ ਚੱਲ ਤਾਂ ਕੇ ਤੇਰਾ ਜਨਮ ਮਰਨ ਦਾ ਗੇੜ ਕਟਿਆ ਜਾਵੇ| ਹਰ ਕੋਈ ਬੰਦਾ ਉਸ ਦੇ ਕੀਤੇ ਕਰਮਾ ਦਾ ਫਲ ਭੁਗਤ ਰਿਹਾ ਹੈ ਦਿਨ ਵਿੱਚ ਸੌ ਸੌ ਵਾਰ ਮਰਦਾ ਹੈ| ਪਰ ਜਿਹੜਾ ਗੁਰੂ ਦੀ ਮੱਤ ਨੂੰ ਧਾਰਣ ਕਰ ਲੈਂਦਾ ਹੈ, ਓਹ ਇਸ ਚੱਕਰ ਵਿਚੋਂ ਨਿਕਲ ਜਾਂਦਾ ਹੈ ਅਤੇ ਹੁਕਮ ਰਜਾਈ ਚੱਲਣ ਲਗ ਪੈਂਦਾ ਹੈ|

...ਭੁੱਲ ਚੁੱਕ ਦੀ ਖਿਮਾ


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top