ਗ੍ਰੰਥੀ ਦੀ ਹੈ ਲੋੜ ਸਾਨੂੰ, ਰੱਖਣਾ ਹੈ ਛੇਤੀ
ਅਸੀਂ।
ਪੂਰੇ ਸਿਰਨਾਵੇਂ ਨਾਲ਼, ਕਰੋ ਜਲਦ ਅਪਲਾਈ ਜੀ।
ਲੰਗਰ ਰਿਹਾਇਸ਼ ਸਭ, ਹੋਣਾ ਵਿਚੇ ਗੁਰੂ-ਘਰ ਦੇ ਜੀ।
ਨਵਾਂ ਬਣ ਰਿਹੈ ਗੁਰੂ-ਘਰ, ਤਨਖਾਹ ਹੈ ਸਵਾਈ ਜੀ।
ਪੜ੍ਹ ਇਸ਼ਤਿਹਾਰ, ਕਈਆਂ ਲੋਕਾਂ ਅਪਲਾਈ ਕੀਤਾ।
ਇੰਟਰਵੀਊ ਦੀ ਚਿੱਠੀ, ਫੇਰ ਸਭਨਾਂ ਨੂੰ ਆਈ ਜੀ।
ਕਮੇਟੀ ਵਿਚੋਂ ਬੰਦੇ ਚੁਣ, ਪੈਨਲ ਬਣਾਇਆ ਉਹਨੀਂ,
ਆਖਣ ਜੋ ਊੜਾ ਬੋਤਾ, ਉਹ ਚੁਣਨ ਲੱਗੇ ਭਾਈ ਜੀ।
ਕੱਲਾ ਕੱਲਾ ਕੈਂਡੀਡੇਟ, ਅੰਦਰ ਬੁਲਾਇਆ ਫੇਰ।
ਨਾ ਪੁੱਛਿਆ ਤਜਰਬਾ, ਨਾ ਵਿੱਦਿਆ ਦੀ ਗੱਲ ਜੀ।
ਦੱਸੀਆਂ ਡਿਊਟੀਆਂ, ਤੇ ਦੱਸੇ ਸਾਰੇ ਕੰਮ- ਕਾਰ।
ਇੰਟਰਵੀਊ ਨੂੰ ਲਾਏ ਸਾਰੇ, ਢਾਈ ਤਿੰਨ ਪਲ ਜੀ।
ਮੇਨ ਡੋਰ ਖੋਲ੍ਹਣੀ ਸਵੇਰੇ, ਬੰਦ ਕਰਨੀ ਹੈ ਰਾਤੀਂ ਤੁਸੀਂ।
ਬੜਾ ਕੀਮਤੀ ਹੈ ਜਿੰਦਾ, ਚਾਬੀ ਰੱਖਣੀ ਸੰਭਾਲ਼ ਕੇ।
ਬੱਤੀਆਂ ਬੁਝਾਉਣੀਆਂ ਤੇ, ਕਰਨੇ ਨੇ ਪੱਖੇ ਬੰਦ।
ਬਿਜਲੀ ਨਹੀਂ ਫੂਕਣੀ, ਫਜ਼ੂਲ ਬੱਤੀਆਂ ਨੂੰ ਬਾਲ਼ ਕੇ।
ਚਾਦਰਾਂ ਵਿਛਾਉਣੀਆਂ, ਤੇ ਦੇਗ਼ ਹੈ ਬਣਾਉਣੀ ਤੁਸੀਂ,
ਸਹਿਜ ਤੇ ਅਖੰਡ ਪਾਠਾਂ ਵਿਚ, ਰੌਲ਼ਾਂ ਵੀ ਨੇ ਲਾਉਣੀਆਂ।
ਲੋੜ ਪਵੇ ਕਿਧਰੇ ਜੇ, ਸੇਵਾ ਝਾੜੂ ਦੀ ਤੁਹਾਡੇ ਜ਼ਿੰਮੇ।
ਮਾਂਜਣੇ ਪਤੀਲੇ ਵੱਡੇ, ਤੇ ਕੜਾਹੀਆਂ ਚਮਕਾਉਣੀਆਂ।
ਬਈ ਆਉਂਦੀ ਹੈ ਚਲਾਉਣੀ, ਵਾਸ਼ਿੰਗ-ਮਸ਼ੀਨ ਥੋਨੂੰ?
ਐਤਵਾਰ ਰਾਤੀਂ ਤੁਸੀਂ, ਬਈ ਚਾਦਰਾਂ ਨੇ ਧੋਣੀਆਂ।
ਗਿੱਲੀਆਂ ਨਾ ਰਹਿਣ, ਏਨਾ ਰੱਖਣਾ ਖ਼ਿਆਲ ਤੁਸੀਂ।
ਕੰਨੀਆਂ ਤੋਂ ਫੜ, ਵੱਡੇ ਹਾਲ ‘ਚ ਸੁਕਾਉਣੀਆਂ। |
ਕਮੇਟੀ ਤੋਂ ਬਿਗ਼ੈਰ ਪੁੱਛੇ, ਕਿਧਰੇ ਨਹੀਂ ਬਾਹਰ
ਜਾਣਾ।
ਕੱਪੜੇ ਨੇ ਪੌਣੇ ਸਾਦੇ, ਸੈਂਟ ਸ਼ੈਂਟ ਨਹੀਉਂ ਲਾਉਣਾ ਜੀ।
ਚਿੰਬੜੇ ਨਹੀਂ ਰਹਿਣਾ, ਹਰ ਵੇਲੇ ਜੀ ਮੋਬਾਈਲ ਨਾਲ਼।
ਆਈ ਗਈ ਸੰਗਤ ਨੂੰ, ਹੈ ਪਰਸ਼ਾਦ ਵਰਤਾਉਣਾ ਜੀ।
ਟੈਲੀਫ਼ੂਨਾਂ ਦੇ ਸੁਨੇਹੇ ਸਾਰੇ, ਪਹੁੰਚਾਉਣੇ ਪਰਧਾਨ ਤਾਈਂ।
ਤੁਸੀਂ ਕਰਨੀ ਨੀ ਹੁਤ ਕੋਈ, ਸਭ ਹੁਕਮ ਵਜਾਉਣੇ ਜੀ।
ਹਾਂ ‘ਚ ਮਿਲਾਉਣੀ ਹਾਂ, ਤੁਸੀਂ ਨਾਲ਼ ਕਮੇਟੀ ਦੇ ਜੀ।
ਜੋ ਵੀ ਕਹੀਏ ਕੰਮ, ਬਹਾਨੇ ਮੂਲ਼ ਨਹੀਂ ਬਣਾਉਣੇ ਜੀ।
ਮਰਯਾਦਾ ਸਾਡੀ ਆਪਣੀ ਹੈ, ਹੁਣੇ ਥੋਨੂੰ ਦੱਸ ਦੇਈਏ,
ਕਿਸੇ ਗੱਲ ਵਿਚ ਤੁਸੀਂ, ਟੰਗ ਨਹੀਂ ਅੜਾਉਣੀ ਜੀ।
ਭੋਗ ਵੱਡੇ ਬਾਬਿਆਂ ਨੂੰ, ਰੋਜ਼ ਹੈ ਲਵਾਉਣਾ ਤੁਸੀਂ।
ਗੱਲ ਗੁਰਮਤਿ ਵਾਲ਼ੀ, ਸਾਨੂੰ ਮੂਲ਼ ਨਹੀਂ ਸੁਣਾਉਣੀ ਜੀ।
ਹਿਲਾਉਂਦੇ ਰਹੇ ਸਿਰ ਸਾਰੇ, ਮਦਾਰੀਆਂ ਦੇ ਡੌਰੂ
ਵਾਂਗ।
ਨਾ ਕੀਤਾ ਇਤਰਾਜ਼ ਕਿਸੇ, ਤੇ ਨਾ ਹੀ ਕੋਈ ਬੋਲਿਆ।
ਮਾਣ ਸਤਿਕਾਰ ਜਿਹੜਾ, ਇਸ ਪਦਵੀ ਨੂੰ ਗੁਰੂ ਦਿੱਤਾ।
ਕਮੇਟੀ ਦਿਆਂ ‘ਥਾਣੇਦਾਰਾਂ’, ਉਹਨੂੰ ਪੈਰਾਂ ਵਿਚ ਰੋਲਿਆ।
ਯੋਧਾ ਅਣਖੀਲਾ ਇਕ, ਆਇਆ ਜੀ ਅਖ਼ੀਰ ਉੱਤੇ।
ਸੁਣੀਆਂ ਡਿਊਟੀਆਂ ਜਾਂ, ਉਹਨੇ ਕੀਤਾ ਪੁੱਠਾ ਵਾਰ ਜੀ।
ਇਹ ਕੰਮ ਨਹੀਂ ਗ੍ਰੰਥੀਆਂ ਦੇ, ਦੱਸੇ ਹੈਨ ਤੁਸੀਂ ਜਿਹੜੇ।
ਲੋੜ ਨਹੀਂ ਗ੍ਰੰਥੀ ਦੀ ਜੀ, ਤੁਹਾਨੂੰ ਲੋੜ ਚੌਕੀਦਾਰ ਦੀ।
ਏਨੀ ਗੱਲ ਕਹਿ ਕੇ ਉਹਨੇ, ਗੱਜ ਕੇ ਬੁਲਾਈ ਫਤਿਹ।
ਅਗਲੇ ਹੀ ਪਲ ਉਹ ਤਾਂ, ਬੂਹਿਉਂ ਬਾਹਰ ਹੋ ਗਿਆ।
ਰਹਿ ਗਏ ਸਾਰੇ ਤੱਕਦੇ, ਇਹ ਸਿੰਘ ਸੀ ਕਿ ਵਾਵਰੋਲ਼ਾ?
ਉਹ ਜਿੱਧਰੋਂ ਸੀ ਆਇਆ, ਔਹ ਗਿਆ, ਔਹ ਗਿਆ। |