Share on Facebook

Main News Page

ਜਿਹੜੇ ਆਪਣੇ ਪ੍ਰਵਾਰ ਦੇ ਮੈਂਬਰਾਂ ਵਿੱਚ ਰੱਬ ਨਹੀਂ ਵੇਖ ਸਕਦੇ, ਉਹ ਹੋਰ ਕਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਹਨ
-
ਭਾਈ ਪੰਥਪ੍ਰੀਤ ਸਿੰਘ

* ਜਿੱਥੇ ਪਤੀ ਪਤਨੀ ਦਾ ਜੋੜ ਨਹੀਂ ਉਥੇ ਹੋਰ ਕਿਸੇ ਨਰਕ ਦੀ ਲੋੜ ਨਹੀਂ
* ਸ਼ੁਭ ਕਰਮਾਂ ਵਾਝੋਂ ਸਿਮਰਨ ਕਰਨਾ ਇਉਂ ਹੈ ਜਿਵੇਂ ਉਲਟੀ ਗੱਡੀ ਨੂੰ ਰੇਸ ਦੇਈ ਜਾਣਾ

ਬਠਿੰਡਾ, ੨੧ ਅਕਤੂਬਰ (ਕਿਰਪਾਲ ਸਿੰਘ): ਜਿਹੜੇ ਆਪਣੇ ਪ੍ਰਵਾਰ ਦੇ ਮੈਂਬਰਾਂ ਵਿੱਚ ਰੱਬ ਨਹੀਂ ਵੇਖ ਸਕਦੇ ਉਹ ਹੋਰ ਕਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਹਨ? ਇਹ ਸ਼ਬਦ ਅੱਜ ਇੱਥੇ ਸਿਲਵਰ ਓਕਸ ਕਲੋਨੀ ਵਿਖੇ ਭਾਈ ਸਰੂਪ ਸਿੰਘ ਵੱਲੋਂ ਆਪਣੇ ਨਵੇਂ ਮਕਾਨ ਦੀ ਖੁਸ਼ੀ ਵਿੱਚ ਅਕਾਲਪੁਰਖ਼ ਦਾ ਸ਼ੁਕਰਾਨਾ ਕਰਨ ਲਈ ਰਚਾਏ ਗਏ ਗੁਰਮਤਿ ਸਮਾਗਮ 'ਚ ਬੋਲਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਹੇ।

ਉਨ੍ਹਾਂ ਕਿਹਾ ਸਿਮਰਨ ਕਰਨ ਦਾ ਭਾਵ ਹੈ ਰੱਬ ਦੀ ਹੋਂਦ ਨੂੰ ਮਹਿਸੂਸ ਕਰਨਾ। ਕਦੀ ਮਾਂ ਬਾਪ ਦੇ ਰੂਪ 'ਚ ਰੱਬ ਬੱਚੇ ਦੀ ਪ੍ਰਿਤਪਾਲਣਾ ਕਰਦਾ ਹਨ ਤੇ ਕਦੀ ਬੱਚੇ ਰੱਬ ਦਾ ਰੂਪ ਧਾਰ ਕੇ ਬਜੁਰਗ ਮਾਂ ਬਾਪ ਦੀ ਸੇਵਾ ਕਰਦੇ ਹਨ। ਇਸ ਲਈ ਜੇ ਬੱਚੇ ਆਪਣੇ ਮਾਂ ਬਾਪ ਵਿੱਚ ਰੱਬ ਦੀ ਹੋਂਦ ਮਹਿਸੂਸ ਕਰਦੇ ਹਨ ਅਤੇ ਮਾਂ ਬਾਪ ਆਪਣੇ ਬੱਚੇ ਵਿੱਚ ਰੱਬ ਦੀ ਹੋਂਦ ਮਹਿਸੂਸ ਕਰਦੇ ਹਨ ਤਾਂ ਸਮਝੋ ਉਹ ਰੱਬ ਦਾ ਸਿਮਰਨ ਕਰ ਰਹੇ ਹਨ। ਇਸੇ ਤਰ੍ਹਾਂ ਜੇ ਭਰਾ ਭਰਾ ਵਿੱਚ ਰੱਬ ਦੀ ਹੋਂਦ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਦੀ ਜਾਇਦਾਦ ਦੀ ਵੰਡ ਵੰਡਾਈ ਦਾ ਕਦੀ ਝਗੜਾ ਹੋ ਹੀ ਨਹੀਂ ਸਕਦਾ। ਇਸ ਤੋਂ ਅੱਗੇ ਜੇ ਨੂੰਹ ਸੱਸ ਵਿੱਚ ਅਤੇ ਸੱਸ ਨੂੰਹ ਵਿੱਚ ਰੱਬ ਦੀ ਹੋਂਦ ਮਹਿਸੂਸ ਕਰਦੀ ਹੈ, ਪਤੀ ਆਪਣੀ ਪਤਨੀ ਵਿੱਚ ਤੇ ਪਤਨੀ ਆਪਣੇ ਪਤੀ ਵਿੱਚ ਰੱਬ ਦੀ ਹੋਂਦ ਮਹਿਸੂਸ ਕਰਦੀ ਹੈ ਤਾਂ ਉਹ ਦੇਵਤਿਆਂ ਦਾ ਰੂਪ ਬਣ ਜਾਂਦੇ ਹਨ ਤੇ ਇਹ ਹੀ ਅਸਲ ਸਿਮਰਨ ਕਰਨਾ ਹੈ ਤੇ ਉਨ੍ਹਾਂ ਦਾ ਘਰ ਸਵਰਗ ਬਣ ਜਾਂਦਾ ਹੈ। ਉਨ੍ਹਾਂ ਵਿੱਚ ਕਦੀ ਵੀ ਪ੍ਰਵਾਰਕ ਝਗੜੇ, ਦਾਜ ਦੇ ਝਗੜੇ ਜਾਂ ਤਲਾਕ ਦੀ ਨੌਬਤ ਨਹੀਂ ਆ ਸਕਦੀ। ਪਰ ਜਿੱਥੇ ਪਤੀ ਪਤਨੀ ਦਾ ਜੋੜ ਨਹੀਂ ਉਥੇ ਹੋਰ ਕਿਸੇ ਨਰਕ ਦੀ ਲੋੜ ਨਹੀਂ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਪ੍ਰਵਾਰ ਤੋਂ ਅੱਗੇ ਨਿਕਲ ਕੇ ਆਪਣੇ ਰਿਸ਼ਤੇਦਾਰਾਂ ਅਤੇ ਰਿਸ਼ਤੇਦਾਰਾਂ ਤੋਂ ਅੱਗੇ ਨਿਕਲ ਕੇ ਸਮਾਜ ਵਿੱਚ ਹਰ ਵਿਅਕਤੀ ਵਿੱਚ ਰੱਬ ਦੀ ਹੋਂਦ ਮਹਿਸੂਸ ਕਰਨੀ ਚਾਹੀਦੀ ਹੈ। ਜੇ ਦੁਕਾਨਦਾਰ ਆਪਣੇ ਗਾਹਕ ਵਿੱਚ ਰੱਬ ਦੀ ਹੋਂਦ ਮਹਿਸੂਸ ਕਰਦਾ ਹੈ ਤਾਂ ਉਹ ਕਦੀ ਵੀ ਉਸ ਨਾਲ ਠੱਗੀ ਨਹੀਂ ਮਾਰ ਸਕਦਾ, ਆਪਣੇ ਲਾਭ ਲਈ ਉਸ ਨੂੰ ਮਿਲਾਵਟ ਵਾਲੀਆਂ ਜਾਂ ਨਕਲੀ ਵਸਤਾਂ ਨੂੰ ਅਸਲੀ ਦੱਸ ਕੇ ਨਹੀਂ ਵੇਚਦਾ ਤਾਂ ਸਮਝੋ ਉਹ ਦੁਕਾਨ 'ਤੇ ਕ੍ਰਿਤ ਕਾਰ ਕਰਦਿਆਂ ਵੀ ਸਿਮਰਨ ਕਰਦਾ ਹੈ। ਇਕ ਸਰਕਾਰੀ ਅਫਸਰ ਜਾਂ ਮੁਲਾਜਮ ਦਫਤਰ ਵਿੱਚ ਬੈਠਾ ਹਰ ਵਿਅਕਤੀ ਵਿੱਚ ਰੱਬ ਦੀ ਹੋਂਦ ਮਹਿਸੂਸ ਕਰਦਾ ਹੈ ਤਾਂ ਉਹ ਕਦੀ ਵੀ ਕਿਸੇ ਤੋਂ ਰਿਸ਼ਵਤ ਦੀ ਮੰਗ ਨਹੀਂ ਕਰੇਗਾ ਤੇ ਨਾ ਹੀ ਰਿਸ਼ਵਤ ਦੀ ਝਾਕ ਵਿੱਚ ਦੂਸਰਿਆਂ ਨਾਲ ਅਨਿਆਂ ਕਰੇਗਾ। ਸਮਾਜ ਵਿੱਚ ਵਧ ਰਹੀ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਈਰਖਾ, ਝਗੜਿਆਂ ਦਾ ਇੱਕੋ ਕਾਰਣ ਹੈ ਕਿ ਉਹ ਇੱਕ ਦੂਜੇ ਵਿੱਚ ਰੱਬ ਦੀ ਹੋਂਦ ਮਹਿਸੂਸ ਨਹੀਂ ਕਰਦੇ। ਸਿੱਖ ਦਾ ਰੱਬ ਕਿਸੇ ਸਤਵੇਂ ਅਸਮਾਨ ਵਿੱਚ ਨਹੀਂ ਰਹਿੰਦਾ ਬਲਕਿ ਹਰ ਜਰ੍ਹੇ ਜਰ੍ਹੇ ਵਿਚ ਰਮ ਰਿਹਾ ਹੈ ਤੇ ਹਰ ਥਾਂ ਸਰਬਵਿਆਪਕ ਰੱਬ ਦੀ ਹੋਂਦ ਮਹਿਸੂਸ ਕਰਨਾ ਹੀ ਰੱਬ ਦਾ ਸਿਮਰਨ ਕਰਨਾ ਹੈ। ਅੱਧਾ ਘੰਟਾ ਜਾਂ ਘੰਟਾ ਰੱਬ ਦੇ ਮਿਥੇ ਗਏ ਨਾਮ ਦਾ ਸਿਮਰਨ ਕਰਨਾ ਤਾਂ ਬਹੁਤ ਸੌਖਾ ਹੈ ਪਰ ਆਪਣੇ ਪ੍ਰਵਾਰ ਤੇ ਸਮਾਜ ਵਿੱਚ ਵਿਚਰਦਿਆਂ, ਦੁਕਾਨ, ਦਫਤਰ ਅਤੇ ਹੋਰ ਕਾਰੋਬਾਰ ਕਰਦਿਆਂ ਹਰ ਵਿਅਕਤੀ ਵਿੱਚ ਰੱਬ ਦੀ ਹੋਂਦ ਮਹਿਸੂਸ ਕਰਕੇ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਈਰਖਾ, ਲਾਲਚ ਦਾ ਤਿਆਗ ਕਰਨਾ ਬਹੁਤ ਔਖਾ ਹੈ ਪਰ ਇਨ੍ਹਾਂ ਦਾ ਤਿਆਗ ਕਰਨ ਅਤੇ ਸ਼ੁਭ ਕਰਮਾਂ ਵਾਝੋਂ ਸਿਮਰਨ ਕਰਨਾ ਇਉਂ ਹੈ ਜਿਵੇਂ ਉਲਟੀ ਗੱਡੀ ਨੂੰ ਰੇਸ ਦੇਈ ਜਾਣਾ। ਭਾਵ ਜੇ ਮਨੁੱਖ ਸਵੇਰੇ ਸਿਮਰਨ ਵੀ ਕਰਦਾ ਹੈ ਪਰ ਆਪਣੇ ਕਾਰ ਵਿਹਾਰ ਸਮੇਂ ਦੂਸਰਿਆਂ ਵਿੱਚ ਰੱਬ ਦੀ ਹੋਂਦ ਮਹਿਸੂਸ ਨਹੀਂ ਕਰਦਾ ਤੇ ਉਸ ਦਾ ਕਾਰ ਵਿਹਾਰ ਠੀਕ ਨਹੀਂ ਤਾਂ ਉਸ ਦੇ ਜੀਵਨ ਦੀ ਗੱਡੀ ਉਲਟ ਗਈ ਹੈ ਤੇ ਉਹ ਉਲਟੀ ਗੱਡੀ ਦੀ ਰੇਸ ਵਧਾਈ ਜਾ ਰਿਹਾ ਤੇ ਇਸ ਤਰ੍ਹਾਂ ਉਲਟੀ ਗੱਡੀ ਦੀ ਇਕੱਲੀ ਰੇਸ ਵਧਾਈ ਜਾਣ ਨਾਲ ਉਸ ਦੇ ਆਤਮਕ ਸਫ਼ਰ ਦਾ ਪੈਂਡਾ ਕਦੀ ਵੀ ਤਹਿ ਨਹੀਂ ਹੋਵੇਗਾ ਪਰ ਜੇ ਉਹ ਆਪਣੀ ਇਸ ਉਲਟੀ ਹੋਈ ਗੱਡੀ ਨੂੰ ਸਿੱਧੀ ਕਰਕੇ ਰੇਸ ਵਧਾਉਂਦਾ ਹੈ ਭਾਵ ਆਪਣੇ ਜੀਵਨ ਵਿੱਚ ਸ਼ੁਭ ਅਮਲ ਕਰਦਾ ਹੋਇਆ ਸਿਮਰਨ ਕਰਦਾ ਹੈ ਤਾਂ ਉਹ ਆਪਣਾ ਆਤਮਕ ਸਫ਼ਰ ਜਲਦੀ ਤਹਿ ਕਰਕੇ ਆਪਣੀ ਸੁਰਤ ਨੂੰ ਆਤਮਿਕ ਮੰਡਲ ਦੀਆਂ ਉਚਾਈਆਂ ਤੱਕ ਪਹੁੰਚਾ ਸਕਦਾ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਗੁਰਬਾਣੀ ਦੇ ਅਰਥ ਭਾਵਾਂ ਨੂੰ ਸਮਝ ਕੇ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ ਨਾ ਕਿ ਅੱਖਰੀ ਅਰਥ ਕਰਕੇ ਪਾਖੰਡ ਕਰਨ ਦੀ। ਉਨ੍ਹਾਂ ਕਿਹਾ 'ਚਰਨ ਸਾਧ ਕੇ ਧੋਇ ਧੋਇ ਪੀਉ ॥' (ਗੁਰੂ ਗ੍ਰੰਥ ਸਾਹਿਬ - ਪੰਨਾ ੨੮੩) ਅਤੇ 'ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥' (ਗੁਰੂ ਗ੍ਰੰਥ ਸਾਹਿਬ - ਪੰਨਾ ੭੪੯) ਦਾ ਭਾਵ ਗਰਬਾਣੀ ਅਨੁਸਾਰ ਸਤਿਗੁਰੂ ਦੇ ਸ਼ਬਦ ਦੀ ਵੀਚਾਰ ਨੂੰ ਹਿਰਦੇ ਵਿੱਚ ਵਸਾਉਣਾ ਹੀ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਉਣਾ, ਚਰਨ ਧੋ ਕੇ ਪੀਣਾ ਅਤੇ ਚਰਨ ਧੂੜ ਮੱਥੇ 'ਤੇ ਲਾਉਣਾ ਹੈ। 'ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥' (ਗੁਰੂ ਗ੍ਰੰਥ ਸਾਹਿਬ -ਪੰਨਾ ੬੮੦) ਭਾਵ ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਪੱਲੇ ਬੰਨ੍ਹ ਲਈ ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸੇ ਰਹਿੰਦੇ ਹਨ। ਜੇ ਅੱਖਰੀ ਅਰਥ ਕੀਤੇ ਜਾਣ ਤਾਂ 'ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥' (ਗੁਰੂ ਗ੍ਰੰਥ ਸਾਹਿਬ - ਪੰਨਾ ੫੫੮) ਦੇ ਕੀ ਅਰਥ ਕਰਾਂਗੇ, ਸਿਰ ਵੱਢ ਕੇ ਬਿਨਾ ਸਿਰ ਤੋਂ ਕੋਈ ਸੇਵਾ ਕਿਵੇਂ ਕਰ ਸਕਦਾ ਹੈ, ਤੇ ਉਹ ਉਸ ਸਾਹਿਬ ਦੀਆਂ ਬਾਤਾਂ ਕਿਵੇਂ ਸੁਣੇਗਾ? ਸੋ ਸਿਰ ਵੱਢ ਕੇ ਦੇਣ ਦਾ ਭਾਵ ਹੈ ਕਿ ਆਪਣੇ ਵੱਡੇਪਨ ਦਾ ਹੰਕਾਰ ਛੱਡ ਕੇ ਸੇਵਾ ਕਰਨੀ ਤੇ ਗੁਰੂ ਦਾ ਹੁਕਮ ਸੁਣ ਕੇ ਉਸ ਨੂੰ ਮਨ 'ਚ ਵਸਾਉਣਾ ਹੈ। ਪਰ ਇਨ੍ਹਾਂ ਅਰਥਾਂ ਨੂੰ ਬਿਨਾਂ ਵੀਚਾਰੇ ਜਦੋਂ ਵੇਖਦੇ ਹਾਂ ਕਿ ਸਿੱਖ ਜੋੜਾਘਰ ਵਿੱਚੋਂ ਧੂੜ ਦੀਆਂ ਪੁੜੀਆਂ ਬੰਨ੍ਹ ਬੰਨ੍ਹ ਕੇ ਲਿਜਾ ਰਹੇ ਹਨ ਜਾਂ ਪੈਰ ਧੋਣ ਵਾਲੀ ਖੇਲ਼ ਵਿੱਚ ਚੁਲੀਆਂ ਭਰ ਭਰ ਕੇ ਪੀਂਦੇ ਹਨ ਤਾਂ ਕਹਿਣਾ ਪੈਂਦਾ ਹੈ ਕਿ ਸਿੱਖ ਕਿੰਨੇ ਕਮਲੇ ਹਨ ਜਿਹੜੇ ੫੦੦ ਸਾਲ ਬਾਅਦ ਵੀ ਆਪਣੇ ਗੁਰੂ ਦੇ ਸ਼ਬਦ ਨਹੀਂ ਸਮਝ ਸਕੇ।

ਸਮਾਗਮ ਦੀ ਸਮਾਪਤੀ ਉਪ੍ਰੰਤ ਆਏ ਹੁਕਮਨਾਮਾ: 'ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥ ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ ॥੧॥' (ਗੁਰੂ ਗ੍ਰੰਥ ਸਾਹਿਬ - ਪੰਨਾ ੭੩੨) ਦੀ ਵਿਆਖਿਆ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ, ਕਿ ਗੁਰੂ ਸਾਹਿਬ ਜੀ ਨੇ ਆਪਣੇ ਇਸ ਹੁਕਮਨਾਮੇ ਰਾਹੀਂ ਦੀਵਾਨ ਵਿੱਚ ਕੀਤੀ ਸ਼ਬਦ ਵੀਚਾਰ 'ਤੇ ਮੋਹਰ ਲਾ ਦਿੱਤੀ ਹੈ ਤੇ ਸਪਸ਼ਟ ਕਰ ਦਿੱਤਾ ਹੈ ਕਿ ਜੇਹੜੇ ਮਨੁੱਖ ਜ਼ਬਾਨੀ ਜ਼ਬਾਨੀ ਰਾਮ ਰਾਮ ਉਚਾਰਦੇ ਹਨ, ਸਦਾ ਧੋਖਾ-ਫਰੇਬ (ਭੀ) ਕਰਦੇ ਰਹਿੰਦੇ ਹਨ, ਉਹਨਾਂ ਦਾ ਦਿਲ ਪਵਿਤ੍ਰ ਨਹੀਂ ਹੋ ਸਕਦਾ। ਉਹ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਅਨੇਕਾਂ ਧਾਰਮਿਕ ਕਰਮ ਹਰ ਵੇਲੇ ਕਰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਮਿਲਦਾ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top