Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ 'ਤੇ ਵਿਸ਼ੇਸ਼
- ਹਰਲਾਜ ਸਿੰਘ ਬਹਾਦਰਪੁਰ

ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ ਤਾਂ ਅਸੀਂ ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪੈਦਾ ਕੀਤੀ ਬਚਿੱਤਰ ਨਾਟਕ ਦੀ ਗੱਦੀ ਬਾਰੇ ਕਿਸੇ ਨੂੰ ਕੀ ਜਵਾਬ ਦੇਵਾਂਗੇ ? ਕੀ ਸਿੱਖਾਂ ਦੇ ਦੋ ਗ੍ਰੰਥ ਗੁਰੂ ਹਨ? ਜੇ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਹੂ-ਬ-ਹੂ ਉਸੇ ਤਰ੍ਹਾਂ ਕਿਉਂ ਕਰ ਰਹੇ ਹਾਂ ? ਜਦੋਂ ਕਿ ਕਿਸੇ ਚੰਗੀ ਤੋਂ ਚੰਗੀ ਰਚਨਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਗਲਤ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਿੱਖ ਕੌਮ ਵੱਲੋਂ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਨੂੰ ਇੱਕ ਪੋਥੀ (ਗ੍ਰੰਥ) ਵਿੱਚ ਇੱਕਠਾ ਕਰਨ ਲਈ ਗੁਰਦੁਆਰਾ ਰਾਮਸਰ (ਅੰਮ੍ਰਿਤਸਰ) ਦੇ ਸਥਾਨ ਉੱਤੇ ਇੱਕ ਜੇਠ 1660 ਬਿਕ੍ਰਮੀ ਨੂੰ ਇਸ ਕਾਰਜ ਦੀ ਆਰੰਭਤਾ ਕੀਤੀ ਅਤੇ ਭਾਦੋਂ ਦੀ ਮੱਸਿਆ 1661 ਵਿੱਚ ਇਹ ਕਾਰਜ ਸੰਪੂਰਨ ਹੋਇਆ। ਭਾਦੋਂ ਦੀ ਏਕਮ ਵਾਲੇ ਦਿਨ ਇਸ ਪੋਥੀ (ਗ੍ਰੰਥ) ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੋਥੀ (ਗ੍ਰੰਥ) ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰਨ ਤੋਂ ਬਾਅਦ ਨਾਂਦੇੜ (ਮਹਾਂਰਾਸ਼ਟਰ) ਵਿਖੇ 7 ਅਕਤੂਬਰ 1708 ਨੂੰ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ।

ਹੁਣ ਸਿੱਖ ਕੌਮ ਵਾਸਤੇ ਉੱਚੀ ਸੁੱਚੀ ਜੀਵਨ ਜਾਂਚ ਲਈ ਮਾਰਗ ਦਰਸ਼ਕ, ਸਰਬ ਪ੍ਰਮਾਣਿਤ ਅਤੇ ਸਰਬੋਤਮ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਹੋਰ ਗ੍ਰੰਥਾਂ, ਰਹਿਤ ਨਾਮਿਆਂ ਨੂੰ ਗੁਰਬਾਣੀ ਦੇ ਬਰਾਬਰ ਮਾਨਤਾ ਦੇਣੀ ਸਾਡੀ ਬੇਸਮਝੀ ਤੋਂ ਵੱਧ ਕੁੱਝ ਵੀ ਨਹੀਂ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਪੜ੍ਹ ਵਿਚਾਰ ਕੇ ਆਪਣੇ ਮਨ ਵਿੱਚ ਵਸਾਈਏ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਦਿਆਂ ਗੁਰੂ ਵਾਲੇ ਬਣਕੇ ਗੁਰਮਤਿ ਦੇ ਰਾਹ ਚੱਲਦੇ ਹੋਏ ਆਪਣਾ ਜੀਵਨ ਸਫਲ ਬਣਾਈਏ। ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ :- ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥ (ਪੰਨਾ ਨੰ: 127) ਅਤੇ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥ (ਪੰਨਾ ਨੰ: 667) ਸਿੱਖ ਕੌਮ ਵਿੱਚ ਅੱਜ ਕਾਫੀ ਮਤਭੇਦ ਹਨ। ਪਰ ਮੱਤ ਭੇਦ ਹੋਣ ਦੇ ਬਾਵਜੂਦ ਸਮੁੱਚੀ ਸਿੱਖ ਕੌਮ ਇਸ ਗੱਲ ਉੱਪਰ ਇੱਕ ਮੱਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਇਸੇ ਸੋਚ ਅਧੀਨ ਸਿੱਖ ਕੌਮ ਹੋਰ ਮੱਤਾਂ ਹਿੰਦੂ, ਮੁਸਲਿਮ, ਇਸਾਈ, ਜੈਨੀ, ਬੋਧੀ ਆਦਿ ਦੀ ਕਿਸੇ ਪੁਸਤਕ ਨੂੰ ਮਹੱਤਤਾ ਨਹੀਂ ਦਿੰਦੀ ਕਿ ਸਾਡੇ ਕੋਲ ਸਰਬੋਤਮ ਗੁਰੂ ਗ੍ਰੰਥ ਸਾਹਿਬ ਜੀ ਹਨ ਜੋ ਧਾਰਮਿਕ, ਸਮਾਜਿਕ, ਰਾਜਨੀਤਿਕ ਆਦਿ ਹਰ ਸਵਾਲ ਦਾ ਜਵਾਬ ਅਤੇ ਹਰ ਚੰਗੀ ਮਾੜੀ ਗੱਲ ਦੀ ਸਾਨੂੰ ਸੋਝੀ ਬਖਸ਼ ਰਹੇ ਹਨ। ਭਾਵ ਕਿ ਹਰ ਖੇਤਰ ਵਿੱਚ ਸਾਡੀ ਅਗਵਾਈ ਕਰ ਰਹੇ ਹਨ।

ਪਿਛਲਾ ਬੀਤ ਚੁੱਕਿਆ ਸਮਾਂ ਤਾਂ ਕੀ ਅਸੀਂ ਤਾਂ ਆਉਣ ਵਾਲੀਆਂ ਵਿਗਿਆਨਕ ਕਾਢਾਂ ਨੂੰ ਵੀ ਗੁਰਬਾਣੀ ਤੋਂ ਪਿੱਛੇ ਮੰਨਦੇ ਹਾਂ ਅਤੇ ਇਹ ਸੱਚ ਵੀ ਹੈ। ਕਿਉਂਕਿ ਕਈ ਵਿਗਿਆਨਕ ਖੋਜਾਂ ਜੋ ਹੁਣ ਸਾਹਮਣੇ ਆ ਰਹੀਆਂ ਹਨ, ਗੁਰਬਾਣੀ ਵਿੱਚ ਇਹ ਪਹਿਲਾਂ ਹੀ ਦਰਜ ਹਨ। ਪਰ ਦੁੱਖ ਦੀ ਗੱਲ ਹੈ ਕਿ ਅਸੀਂ ਸਵੇਰ ਸ਼ਾਮ ਗੁਰੂ ਮਾਨਿਓ ਗ੍ਰੰਥ ਦੇ ਰੱਟੇ ਲਾਉਣ ਵਾਲਿਆਂ ਨੇ ਨਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਗੁਰੂ ਮੰਨਿਆ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਲਈ ਹੈ। ਅੰਦਰੂਨੀ ਤੌਰ ਤੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਬਹੁਤ ਸਾਰੀਆਂ ਕੱਚੀਆਂ ਬਾਣੀਆਂ ਨੂੰ ਉੱਤਮ ਮੰਨਦੇ ਹੀ ਰਹੇ ਹਾਂ, ਪਰ ਹੁਣ ਤਾਂ ਬਾਹਰੀ ਤੌਰ ਤੇ ਵੀ ਇੱਕ ਹੋਰ ਗ੍ਰੰਥ (ਬਚਿੱਤਰ ਨਾਟਕ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਵਰ ਤਖਤ ਦੀ ਮਾਲਕੀ ਨੂੰ ਵੀ ਖਤਮ ਕਰ ਚੁੱਕੇ ਹਾਂ।

ਅੱਜ ਅਸੀਂ ਕਹਿਣ ਨੂੰ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਕਹਾਉਂਦੇ ਹਾਂ ਪਰ ਸਾਡੇ ਸਿੱਖਿਆ ਦਾਤੇ (ਹੋਰ ਗ੍ਰੰਥ) ਵੱਡੀ ਗਿਣਤੀ ਵਿੱਚ ਹੋਰ ਹੀ ਹਨ, ਜਿੰਨਾਂ ਉੱਪਰ ਅਸੀਂ ਗੁਰਬਾਣੀ ਨਾਲੋਂ ਵੀ ਵੱਧ ਭਰੋਸਾ ਕਰਦੇ ਹਾਂ। ਜਿਵੇਂਕਿ ਬਾਣੀ ਭਾਈ ਗੁਰਦਾਸ ਜੀ, ਬਚਿੱਤਰ ਨਾਟਕ (ਅਖੌਤੀ ਦਸ਼ਮ ਗ੍ਰੰਥ), ਬਾਣੀ ਭਾਈ ਨੰਦ ਲਾਲ ਜੀ, ਜਨਮ ਸਾਖੀ ਭਾਈ ਬਾਲੇ ਵਾਲੀ, ਗਯਾਨ ਰਤਨਾਵਲੀ, ਭਗਤ ਰਤਨਾਵਲੀ, ਸਰਬ ਲੋਹ ਗ੍ਰੰਥ, ਰਤਨ ਮਾਲ (ਸੌ ਸਾਖੀ), ਤਨਖਾਹ ਨਾਮਾ, ਰਹਿਤਨਾਮਾ ਦਯਾ ਸਿੰਘ, ਰਹਿਤ ਨਾਮਾ ਚੌਪਾ ਸਿੰਘ, ਰਹਿਤਨਾਮਾ ਪ੍ਰਹਿਲਾਦ ਸਿੰਘ, ਰਹਿਤਨਾਮਾ ਦੇਸਾ ਸਿੰਘ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਪੰਥ ਪ੍ਰਕਾਸ਼, ਗੁਰ ਪ੍ਰਤਾਪ ਸੂਰਯ, ਨਾਨਕ ਪ੍ਰਕਾਸ਼, ਮੁਕਤ ਨਾਮਾ ਆਦਿ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਅਸੀਂ ਉਪਰੋਕਤ ਲਿਖੇ ਗ੍ਰੰਥਾਂ (ਪੁਸਤਕਾਂ) ਵਿੱਚੋਂ ਕਈਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਪਰ ਸਮਝਣ ਲੱਗ ਪੈਂਦੇ ਹਾਂ, ਜਿਵੇਂਕਿ ਕੁੱਝ ਵੀਰ ਭਾਈ ਗੁਰਦਾਸ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਪ੍ਰਚਾਰ ਰਹੇ ਹੁੰਦੇ ਹਨ, ਕੋਈ ਜਥੇਦਾਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਕਥਾ ਹਰੇਕ ਗੁਰੂ ਘਰ ਵਿੱਚ ਕਰਨ ਦੀ ਹਦਾਇਤ ਦੇ ਰਿਹਾ ਹੁੰਦਾ ਹੈ, ਕੋਈ ਸੌ ਸਾਖੀ ਨੂੰ ਪੂਰਨ ਸੱਚ ਮੰਨੀ ਬੈਠਾ ਹੈ। ਕੋਈ ਮਹਾਂਕਵੀ ਸੰਤੋਖ ਸਿੰਘ ਦੀ ਰਚਨਾ ਦੀ ਕਥਾ ਕਰਨ ਨੂੰ ਹੀ ਪਹਿਲ ਦਿੰਦਾ ਹੈ, ਕੋਈ ਕਿਸੇ ਰਹਿਤਨਾਮੇ ਅਨੁਸਾਰ ਚੱਲਣ ਲਈ ਪ੍ਰੇਰ ਰਿਹਾ ਹੁੰਦਾ ਹੈ , ਕੋਈ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਪੰਨਾ ਨੰ: 473) ਦੇ ਸ਼ਬਦਾਂ ਰਾਹੀਂ ਇਸਤਰੀ ਜਾਤੀ ਦੇ ਹੱਕ ਵਿੱਚ ਨਾਅਰਾ ਮਾਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਸਾਰੇ ਹੱਦਾਂ ਬੰਨੇ ਪਾਰ ਕਰਦਿਆਂ ਇਸਤਰੀ ਜਾਤੀ ਦੇ ਬੇਇੱਜਤੀ ਕਰਨ ਵਾਲੇ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਿਹਾ ਹੈ। ਮੰਨ ਲਉ ਕਿ ਜਿੰਨੇ ਹੋਰ ਗ੍ਰੰਥ (ਪੁਸਤਕਾਂ) ਸਿੱਖ ਮੱਤ ਵਿੱਚ ਆ ਗਏ ਅਸੀਂ ਵਗੈਰ ਸੋਚੇ ਸਮਝੇ ਉਨ੍ਹਾਂ ਨੂੰ ਪੂਰਾ ਸੱਚ ਮੰਨ ਲਿਆ ਹੈ ਅਤੇ ਉਨ੍ਹਾਂ ਨੂੰ ਸਿੱਖ ਕੌਮ ਦੇ ਮਹਾਨ ਗ੍ਰੰਥ ਮੰਨ ਕੇ ਉਨ੍ਹਾਂ ਤੋਂ ਸੇਧ ਲੈਣ ਦਾ ਪ੍ਰਚਾਰ ਕਰਨ ਲੱਗ ਗਏ।

ਮੇਰਾ ਇੱਥੇ ਇਹ ਲਿਖਣ ਦਾ ਮਤਲਬ ਇਹ ਨਹੀਂ ਕਿ ਉਪਰੋਕਤ ਲਿਖੀਆਂ ਸਾਰੀਆਂ ਪੁਸਤਕਾਂ ਹੀ ਮਾੜੀਆਂ ਹਨ ਜਾਂ ਕਿਸੇ ਵਿੱਚ ਕੋਈ ਵੀ ਗੱਲ ਚੰਗੀ ਨਹੀਂ ਹੈ। ਮੇਰਾ ਮਤਲਬ ਤਾਂ ਇਹ ਹੈ ਕਿ ਸਿੱਖਾਂ ਲਈ ਸਰਵੋਤਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ। ਗੁਰਬਾਣੀ ਤੋਂ ਬਾਹਰੀ ਹੋਰ ਕੋਈ ਵੀ ਪੁਸਤਕ ਭਾਵੇਂ ਉਹ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ, ਉਹ ਗੁਰਬਾਣੀ ਦੀ ਥਾਂ ਨਹੀਂ ਲੈ ਸਕਦੀ। ਸਾਨੂੰ ਗੁਰੂ ਦਾ ਹੁਕਮ ਵੀ ਹੈ ਕਿ:- ਆਵਹੁ ਸਿਖ ਸਤਿਗੁਰ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆਂ ਸਿਰਿ ਬਾਣੀ ॥.................ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ ॥ (ਪੰਨਾ ਨੰ: 920) ਇਸ ਲਈ ਸਾਨੂੰ ਗੁਰਬਾਣੀ ਦੀ ਵਿਚਾਰ ਹੀ ਹਿਰਦੇ ਵਿੱਚ ਵਸਾਉਣੀ ਚਾਹੀਂਦੀ ਹੈ, ਹਾਂ ਜੋ ਗ੍ਰੰਥ (ਪੁਸਤਕਾਂ) ਗੁਰਬਾਣੀ ਅਨੁਸਾਰ ਗੁਰਮਤਿ ਦੀ ਸਹੀ ਜਾਣਕਾਰੀ ਦਿੰਦੇ ਹੋਣ ਉਹ ਪੜ ਲੈਣੇ ਕੋਈ ਮਾੜੀ ਗੱਲ ਵੀ ਨਹੀਂ ਹੈ। ਕਈ ਗ੍ਰੰਥਾਂ ਵਿੱਚ ਕੁੱਝ ਗੱਲਾਂ ਗੁਰਮਤਿ ਅਨੁਸਾਰੀ ਅਤੇ ਕੁੱਝ ਗੁਰਮਤਿ ਵਿਰੋਧੀ ਵੀ ਹੁੰਦੀਆਂ ਹਨ ਪਰ ਅਸੀਂ ਜਾਣਦੇ ਹੋਏ ਵੀ ਅਜਿਹੀਆਂ ਗੁਰਮਤਿ ਵਿਰੋਧੀ ਗੱਲਾਂ ਨੂੰ ਉਸ ਗ੍ਰੰਥ ਵਿੱਚੋਂ ਹਟਾਉਣ ਦੀ ਥਾਂ ਉਸ ਨੂੰ ਸਾਰੇ ਦੇ ਸਾਰੇ ਨੂੰ ਹੀ (ਠੀਕ ਗਲਤ ਸਮੇਤ) ਕਾਇਮ ਰੱਖਣ ਦੇ ਹਮਾਇਤੀ ਬਣ ਜਾਂਦੇ ਹਾਂ। ਇਸਨੂੰ ਚੰਗੀ ਸੋਚ ਨਹੀਂ ਕਿਹਾ ਜਾ ਸਕਦਾ। ਸਾਡੇ ਲਈ ਪਹਿਲ ਦੇ ਅਧਾਰ ਉੱਪਰ ਗੁਰਬਾਣੀ ਦੀ ਵਿਚਾਰ ਹੀ ਹੋਣੀ ਚਾਹੀਂਦੀ ਹੈ। ਦੂਜੇ ਥਾਂ ਤੇ ਉਹ ਪੁਸਤਕਾਂ ਜੋ ਗੁਰਮਤਿ ਅਨੁਸਾਰੀ ਹੋਣ ਦੀ ਵਿਚਾਰ ਵੀ ਕੀਤੀ ਜਾ ਸਕਦੀ ਹੈ, ਪਰ ਅੰਤਿਮ ਫੈਸਲਾ ਗੁਰਬਾਣੀ ਅਨੁਸਾਰ ਹੀ ਹੋਵੇ ਅਤੇ ਅਸੀਂ ਪਹਿਰਾ ਵੀ ਗੁਰਬਾਣੀ ਦੀ ਸੇਧ ਉੱਪਰ ਹੀ ਦੇਈਏ। ਜੇ ਕਿਸੇ ਗੁਰਸਿੱਖ ਜਾਂ ਵਿਦਵਾਨ ਨੇ ਕੁੱਝ ਚੰਗਾ ਲਿਖਿਆ ਹੈ ਉਹ ਪੜ੍ਹ ਵਿਚਾਰ ਲੈਣਾ ਚਾਹੀਦਾ ਹੈ। ਉਸ ਵਿੱਚੋਂ ਕੋਈ ਚੰਗੀ ਗੱਲ ਮਿਲੇ ਤਾਂ ਉਸ ਨੂੰ ਗ੍ਰਹਿਣ ਵੀ ਕਰ ਲੈਣਾ ਚਾਹੀਦਾ ਹੈ ਪਰ ਉਸਨੂੰ ਅੰਤਿਮ ਸੱਚ ਮੰਨ ਕੇ ਉਸੇ ਅਨੁਸਾਰ ਜੀਵਨ ਜਿਉਣ ਤੱਕ ਨਹੀਂ ਪਹੁੰਚ ਜਾਣਾ ਚਾਹੀਦਾ, ਕਿਉਂਕਿ ਉਸ ਵਿੱਚ ਵੀ ਕੋਈ ਭੁੱਲ ਹੋ ਸਕਦੀ ਹੈ, ਹਰ ਕੋਈ ਵਿਦਵਾਨ ਤੇ ਲੇਖਕ ਵੀ ਭੁੱਲਣ ਹਾਰ ਹੋ ਸਕਦਾ ਹੈ। ਜਿਵੇਂਕਿ ਗੁਰਵਾਕ ਹੈ:- ਭੁਲਣ ਅੰਦਰਿ ਸਭੁ ਕੋ ॥ ਅਭੁਲੁ ਗੁਰੂ ਕਰਤਾਰੁ ॥ (ਪੰਨਾ ਨੰ: 61)

ਉਹ ਕਿਹੜਾ ਉੱਤਰ ਹੈ ਜਾਂ ਉਹ ਕਿਹੜੀ ਸੇਧ ਹੈ ਜੋ ਸਾਨੂੰ ਗੁਰਬਾਣੀ ਵਿੱਚੋਂ ਨਹੀਂ ਮਿਲਦੀ, ਜਦੋਂ ਸਾਨੂੰ ਗੁਰਬਾਣੀ ਹਰ ਪੱਖ ਤੋਂ ਅਗਵਾਈ ਦੇ ਰਹੀ ਹੈ ਫਿਰ ਸਾਨੂੰ ਹੋਰ ਪੁਸਤਕਾਂ ਅਤੇ ਮਨੁੱਖਾਂ ਪਿੱਛੇ ਭੱਜਣ ਦੀ ਕੀ ਲੋੜ ਹੈ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਿਆਂ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰ ਗੱਦੀ ਦਿਵਸ ਮਨਾਉਣ ਦੇ ਵਿਖਾਵੇ ਤਾਂ ਵੱਡੀ ਪੱਧਰ ਉੱਪਰ ਕਰ ਰਹੇ ਹਾਂ, ਪਰ ਅਸਲ ਵਿੱਚ ਅਸੀਂ ਬਹੁਤ ਸਾਰੇ ਗ੍ਰੰਥਾਂ (ਪੁਸਤਕਾਂ) ਅਤੇ ਆਪੋ-ਆਪਣੇ ਡੇਰਿਆਂ, ਟਕਸਾਲਾਂ, ਠਾਠਾਂ, ਜੱਥਿਆਂ ਦੇ ਮੁਖੀਆਂ,ਅਖੌਤੀ ਜਥੇਦਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਤਮ ਮੰਨ ਰਹੇ ਹਾਂ।ਉਝ ਭਾਵੇਂ ਅਸੀ ਹਰ ਰੋਜ ਸੁਭਾ ਸਾਮ ਗੁਰੂ ਗ੍ਰੰਥ ਸਹਿਬ ਜੀ ਦੇ ਹੁਕਮਨਾਮੇ ਪੜਨ ਸੁਣਨ ਦਾ ਪਖੰਡ ਤਾ ਬਹੁਤ ਕਰਦੇ ਹਾ ਪਰ ਹੁਕਮਨਾਮੇ ਆਰ.ਐਸ.ਐਸ.ਨੂੰ ਵਿਕੇ ਹੋਏ ਅਖੌਤੀ ਜਥੇਦਾਰਾਂ ਦੇ ਮੰਨਦੇ ਹਾਂ।ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਨੂੰ ਨਾ ਮੰਨਣ ਵਾਲੇ ਅਤੇ ਗੁਰ ਹੁਕਮਾਂ ਦੀਆਂ ਧੱਜੀਆਂ ਉਡਾਣ ਵਾਲੇ,ਅਖੌਤੀ ਜਥੇਦਾਰਾਂ ਦੇ ਜੀ ਹਜੂਰੀਏ ਬਣ ਕੇ ਪੰਥ ਰਤਨ ਦੀਆਂ ਪੱਦਵੀਆਂ ਨੂੰ ਪਾ ਲੈਂਦੇ ਹਨ।ਅਖੌਤੀ ਜਥੇਦਾਰਾਂ ਦੇ ਅਖੌਤੀ ਹੁਕਮਨਾਮਿਆਂ ਨੂੰ ਨਾ ਮੰਨਣ ਵਾਲੇ ਗੁਰ ਹੁਕਮਾ ਅਨੁਸਾਰ ਜਿਉਂਦਿਆਂ ਹੋਇਆਂ ਨੂੰ ਵੀ ਪੰਥ ਵਿੱਚੋਂ ਛੇਕਿਆ ਜਾਂਦਾ ਹੈ। ਅੱਜ ਹਰ ਇੱਕ ਡੇਰੇ, ਜਥੇ, ਟਕਸਾਲ, ਠਾਠ ਦੀ ਆਪੋ-ਆਪਣੀ ਵੱਖੋ-ਵੱਖਰੀ ਰਹਿਤ ਮਰਯਾਦਾ ਹੈ, ਹਰ ਇੱਕ ਦੇ ਆਪੋ-ਆਪਣੇ ਵੱਖੋ-ਵੱਖਰੇ ਮਹਾਂਪੁਰਸ਼, ਬ੍ਰਹਮ ਗਿਆਨੀ, ਸੰਤ, ਅਤੇ ਜਥੇਦਾਰ ਹਨ। ਸਭ ਦੇ ਮੁਖੀਆਂ ਦੇ ਆਪੋ-ਆਪਣੇ ਵਚਨ ਤੇ ਪ੍ਰਵਚਨ ਹਨ।

ਮੰਨ ਲਉ ਕਿ ਜੇ ਕਿਸੇ ਗੁਰਸਿੱਖ ਨੇ ਸੱਚਾ ਜੀਵਨ ਜੀਵਿਆ ਹੈ ਅਤੇ ਲਿਖਿਆ ਵੀ ਸੋਹਣਾ ਹੈ ਤਾਂ ਇਹ ਵੀ ਸੱਚ ਹੈ ਕਿ ਉਸ ਨੂੰ ਇਹ ਸੋਝੀ (ਗੁਰਮਤਿ) ਗੁਰਬਾਣੀ ਤੋਂ ਹੀ ਮਿਲੀ ਹੈ। ਇਸ ਲਈ ਅਜਿਹੇ ਗੁਰਸਿੱਖ ਦੇ ਜੀਵਨ ਨੂੰ ਵੇਖ ਕੇ ਅਤੇ ਉਸਦੀ ਲਿਖਤ ਨੂੰ ਪੜ੍ਹ ਕੇ ਉਸ ਨਾਲ ਜੁੜਨ ਦੀ ਵਜਾਇ ਸਾਨੂੰ ਗੁਰਬਾਣੀ ਨਾਲ ਹੀ ਜੁੜਨਾ ਚਾਹੀਂਦਾ ਹੈ। ਇਹ ਨਹੀਂ ਹੋਣਾ ਚਾਹੀਂਦਾ ਕਿ ਅਸੀਂ ਉਸ ਗੁਰਸਿੱਖ ਦੇ ਚੇਲੇ ਬਣਕੇ ਉਸਨੂੰ ਗੁਰੂਆਂ ਦੇ ਸ਼ਰੀਕ ਵੱਜੋਂ ਸਥਾਪਿਤ ਕਰਕੇ ਆਪਣਾ ਰਾਹ ਦਸੇਰਾ ਪ੍ਰਚਾਰਨ ਲੱਗ ਜਾਈਏ। ਜਿਸ ਗੁਰਬਾਣੀ ਨੂੰ ਪੜ੍ਹ ਕੇ ਉਹ ਚੰਗਾ ਬਣਿਆ ਹੈ, ਸਾਨੂੰ ਵੀ ਉਸੇ ਗੁਰਬਾਣੀ ਤੋਂ ਸੇਧ ਲੈਣੀ ਚਾਹੀਂਦੀ ਹੈ। ਫਿਰ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਤੇ ਇੱਕ ਮੱਤ ਦੇ ਧਾਰਨੀ ਕਹਾ ਸਕਦੇ ਹਾਂ। ਪਰ ਅੱਜ ਤਾਂ ਸਾਡੀਆਂ ਮੱਤਾਂ ਵਿੱਚ ਬੜੇ ਮਤਭੇਦ ਹਨ, ਕੀ ਇੱਕ ਗੁਰੂ ਦੇ ਸਿੱਖਾਂ ਦੀਆਂ ਮੱਤਾਂ ਵਿੱਚ ਇੰਨੇ ਵਖਰੇਵੇਂ ਹੋ ਸਕਦੇ ਹਨ ? ਨਹੀਂ, ਇੱਕ ਗੁਰੂ ਨੂੰ ਮੰਨਣ ਵਾਲਿਆਂ ਦੀਆਂ ਮੱਤਾਂ ਵਿੱਚ ਏਨੇ ਵਖਰੇਵੇਂ ਨਹੀਂ ਹੋਇਆ ਕਰਦੇ, ਅਸਲ ਗੱਲ ਤਾਂ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਵਿੱਚ ਛੁਪੇ ਹੋਏ ਵੱਖ ਵੱਖ ਮੱਤਾਂ ਦੇ ਮੁਖੀਆਂ ਅਤੇ ਵੱਖਰੇ-ਵੱਖਰੇ ਗ੍ਰੰਥਾਂ (ਪੁਸਤਕਾਂ) ਦੇ ਚੇਲੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਨਾ ਲੈਣ ਦੀਆਂ ਹੋਰ ਮਿਸਾਲਾਂ ਵੀ ਸਾਡੇ ਸਾਹਮਣੇ ਪਰਤੱਖ ਹਨ। ਜਿਵੇਂਕਿ ਸਿੱਖ ਮੱਤ ਦੇ ਤਿੰਨ ਮੁੱਢਲੇ ਅਸੂਲ (ਨੇਮ) ਹਨ, ਨਿਤਨੇਮ ਕਰਨਾ, ਅਰਦਾਸ ਕਰਨੀ ਅਤੇ ਖੰਡੇ ਦੀ ਪਹੁਲ ਲੈਣੀ। ਇੰਨ੍ਹਾਂ ਤਿੰਨਾਂ ਨੇਮਾਂ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਰਚਨਾਵਾਂ/ ਬਾਹਰੀ ਬਾਣੀਆਂ ਨੂੰ ਵੱਧ ਉੱਤਮ ਮੰਨਦੇ ਹਾਂ।

ਜਿਵੇਂ ਕਿ ਨਿੱਤਨੇਮ ਕਰਨ ਲਈ ਵੀ ਸਾਨੂੰ ਪੰਜ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲਦੀਆਂ। ਜਿਸ ਕਾਰਨ ਅਸੀਂ ਜਿਸ ਗ੍ਰੰਥ ਨੂੰ ਗੁਰੂ ਮੰਨਦੇ ਹਾਂ, ਉਸ ਵਿੱਚੋਂ ਸਿਰਫ ਦੋ ਬਾਣੀਆਂ ਪੜ੍ਹਦੇ ਹਾਂ, ਬਾਹਰਲੇ ਹੋਰ ਗ੍ਰੰਥਾਂ (ਬਚਿੱਤਰ ਨਾਟਣਕ) ਵਿੱਚੋਂ ਤਿੰਨ ਬਾਣੀਆਂ ਪੜ੍ਹਦੇ ਹਾਂ। ਸਾਡੀ ਨਿੱਤ ਦੀ ਅਰਦਾਸ ਵਿੱਚ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਾਂ ਗੁਰਬਾਣੀ ਦਾ ਹੋਰ ਕੋਈ ਸ਼ਬਦ ਹੀ ਨਹੀਂ ਹੈ। ਜਦਕਿ ਤੂ ਠਾਕੁਰੁ ਤੁਮ ਪਹਿ ਅਰਦਾਸਿ ॥ (ਪੰਨਾ ਨੰ: 268) ਜਿਹੇ ਅਰਦਾਸ ਨਾਲ ਸੰਬੰਧਿਤ ਸ਼ਬਦ ਗੁਰਬਾਣੀ ਵਿੱਚ ਮੌਜੂਦ ਹਨ, ਪਰ ਪਤਾ ਨਹੀਂ ਅਜਿਹੇ ਸ਼ਬਦ ਸਾਨੂੰ ਕਿਉਂ ਚੰਗੇ ਨਹੀਂ ਲੱਗੇ ਜਿਸ ਕਾਰਨ ਅਰਦਾਸ ਦੀ ਸਾਰੀ ਸ਼ਬਦਾਵਲੀ ਸਾਨੂੰ ਬਾਹਰੋਂ ਹੀ ਲੈਣੀ ਪਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ (ਪੰਨਾ ਨੰ: 982) ਦਾ ਪਾਠ ਪੜ੍ਹਨ ਵਾਲਿਆਂ ਸਾਨੂੰ ਖੰਡੇ ਦੀ ਪਾਹੁਲ ਤਿਆਰ ਕਰਨ ਲਈ ਵੀ ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲੀਆਂ, ਇਸ ਵਾਸਤੇ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੋ ਬਾਣੀਆਂ ਹੀ ਮਿਲੀਆਂ ਹਨ ਬਾਕੀ ਦੀਆਂ ਤਿੰਨੇ ਬਾਣੀਆਂ ਬਚਿੱਤਰ ਨਾਟਕ ਵਿੱਚੋਂ ਲੈਣੀਆਂ ਪਈਆਂ। ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਹਰ ਦੀਆਂ ਰਚਨਾਵਾਂ ਲੈ ਕੇ ਕਾਰਜ ਕਰਨ ਦੀ ਸੋਚ ਵੇਖ ਮਹਿਸੂਸ ਹੁੰਦਾ ਹੈ ਕਿ ਸਾਡਾ ਗੁਰੂ ਅਧੂਰਾ ਹੈ, ਕਿਉਂਕਿ ਇਸ ਵਿੱਚ ਨਾ ਤਾਂ ਨਿਤਨੇਮ ਲਈ ਬਾਣੀਆਂ ਪੂਰੀਆਂ ਹਨ, ਨਾ ਅਰਦਾਸ ਲਈ ਕੋਈ ਸ਼ਬਦ ਹੈ ਅਤੇ ਨਾ ਹੀ ਖੰਡੇ ਦੀ ਪਹੁਲ ਤਿਆਰ ਕਰਨ ਲਈ ਪੂਰੀਆਂ ਬਾਣੀਆਂ ਇਸ ਵਿੱਚੋਂ ਮਿਲਦੀਆਂ ਹਨ, ਰਹਿਤਾਂ ਅਤੇ ਕੁਰਹਿਤਾਂ ਦੱਸਣ ਲਈ ਵੀ ਸਾਨੂੰ ਹੋਰ ਗ੍ਰੰਥਾਂ ਅਤੇ ਰਹਿਤਨਾਮਿਆਂ ਉੱਪਰ ਨਿਰਭਰ ਹੋਣਾ ਪੈਂਦਾ ਹੈ।

ਸਾਡੀ ਅਜਿਹੀ ਸੋਚ ਕਾਰਨ ਗੁਰੂ ਗੋਬਿੰਦ ਸਿੰਘ ਜੀ ਉੱਪਰ ਵੀ ਕਿੰਤੂ ਪ੍ਰੰਤੂ ਹੋਵੇਗਾ ਕਿ ਉਨ੍ਹਾਂ ਨੇ ਸਾਨੂੰ ਅਧੂਰੇ ਗੁਰੂ ਦੇ ਲੜ ਲਾਇਆ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਨ ਉਪਰੰਤ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਕੇ 7 ਅਕਤੂਬਰ 1708 ਵਿੱਚ ਨੰਦੇੜ ਵਿਖੇ ਗੁਰਗੱਦੀ ਦੇ ਕੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਅੱਜ ਅਸੀਂ ਨਿਤਨੇਮ, ਅਰਦਾਸ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਲਈ ਜੋ ਰਚਨਾਵਾਂ ਬਚਿੱਤਰ ਨਾਟਕ ਵਿੱਚੋਂ ਲੈ ਰਹੇ ਹਾਂ ਕੀ ਗੁਰੂ ਗੋਬਿੰਦ ਸਿੰਘ ਜੀ ਇੰਨ੍ਹਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਸਨ ਕਰ ਸਕਦੇ ? ਜੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਠੀਕ ਨਹੀਂ ਸਮਝਿਆ ਤਾਂ ਫਿਰ ਸਾਨੂੰ ਇਨ੍ਹਾਂ ਦੀ ਕੀ ਲੋੜ ਪੈ ਗਈ ਸੀ ਜਾਂ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਵੱਧ ਸਿਆਣੇ ਹੋ ਗਏ ਹਾਂ ? ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜਿਸ ਗੁਰਬਾਣੀ ਦੇ ਲੜ ਲਾਇਆ ਸਾਡੀ ਉਸ ਨਾਲ ਤਸੱਲੀ ਕਿਉਂ ਨਹੀਂ ਹੁੰਦੀ, ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਝ ਘਾਟ ਰਹਿ ਗਈ ਸੀ ? ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ (ਪੰਨਾ ਨੰ: 470) ਵਾਲਾ ਸ਼ਬਦ ਸਾਡੇ ਵਰਗੇ ਸਿੱਖਾਂ ਜੋ ਆਪਣੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੂਜਿਆਂ (ਹੋਰ ਗ੍ਰੰਥਾਂ) ਪਿੱਛੇ ਲੱਗੇ ਫਿਰਦੇ ਹਾਂ ਉੱਪਰ ਪੂਰੀ ਤਰ੍ਹਾਂ ਢੁੱਕਦਾ ਹੈ।

ਇੱਕ ਪਾਸੇ ਤਾਂ ਜਦ ਸਿਰਸੇ ਡੇਰੇ ਦੇ ਸੌਦਾ ਸਾਧ ਨੇ ਆਪਣੇ ਡੇਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਗਲਤੀ ਕੀਤੀ ਤਾਂ ਅਸੀਂ ਮਰਨ ਮਾਰਨ ਉੱਤੇ ਉਤਰ ਆਏ, ਦੂਜੇ ਪਾਸੇ ਅਸੀਂ ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਨੇ ਗੁਰੁ ਗ੍ਰੰਥ ਸਾਹਿਬ ਜੀ ਦੀ ਨਕਲ ਕਰਦਿਆਂ ਇੱਕ ਘਟੀਆ ਦਰਜੇ ਦੀ ਰਚਨਾ ਨੂੰ 1428 ਪੰਨਿਆਂ ਵਿੱਚ ਲਿਖ ਕੇ ਗ੍ਰੰਥ ਤਿਆਰ ਕਰਕੇ ਉਸਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਮੰਜੀ ਸਾਹਿਬ ਉੱਪਰ ਪ੍ਰਕਾਸ਼ ਕਰਕੇ, ਉੱਪਰ ਚੰਦੋਆ (ਚਾਨਣੀ) ਸਜਾ ਕੇ ਉਸ ਉੱਪਰ ਚੌਰ ਕਰ ਰਹੇ ਹਾਂ ਤਾਂ ਸਾਨੂੰ ਕੌਣ ਕਹੇ ਰਾਣੀਏ ਅੱਗਾ ਢੱਕ। ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ ਤਾਂ ਅਸੀਂ ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪੈਦਾ ਕੀਤੀ ਬਚਿੱਤਰ ਨਾਟਕ ਦੀ ਗੱਦੀ ਬਾਰੇ ਕਿਸੇ ਨੂੰ ਕੀ ਜਵਾਬ ਦੇਵਾਂਗੇ ? ਕੀ ਸਿੱਖਾਂ ਦੇ ਦੋ ਗ੍ਰੰਥ ਗੁਰੂ ਹਨ ? ਜੇ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਹੂ-ਬ-ਹੂ ਉਸੇ ਤਰ੍ਹਾਂ ਕਿਉਂ ਕਰ ਰਹੇ ਹਾਂ ? ਜਦੋਂ ਕਿ ਕਿਸੇ ਚੰਗੀ ਤੋਂ ਚੰਗੀ ਰਚਨਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਗਲਤ ਹੈ। ਪਰ ਅਸੀਂ ਤਾਂ ਉਸ ਅਸ਼ਲੀਲ ਰਚਨਾ ਨੂੰ ਗੁਰੂ ਸਾਹਿਬ ਜੀ ਵਾਂਗ ਸਤਿਕਾਰ ਦੇ ਰਹੇ ਹਾਂ, ਜਿਸ ਨੂੰ ਸੰਗਤਾਂ ਵਿੱਚ ਤਾਂ ਕੀ, ਇੱਕਲਾ ਬੰਦਾ ਪੜ੍ਹਦਾ ਹੋਇਆ ਵੀ ਸ਼ਰਮਾਉਂਦਾ ਹੈ, ਬੀਬੀਆਂ ਵਿੱਚ ਤਾਂ ਇਸਦੀ ਗੱਲ ਕਰਨੀ ਵੀ ਸੰਭਵ ਨਹੀਂ ਹੈ।

ਜੇ ਕਿਸੇ ਨੂੰ ਬਚਿੱਤਰ ਨਾਟਕ ਚੰਗਾ ਲੱਗਦਾ ਹੈ, ਉਹ ਜੀਅ ਸਦਕੇ ਇਸਨੂੰ ਪੜ੍ਹੇ ਅਤੇ ਆਪਣੇ ਪਰਿਵਾਰ ਨੂੰ ਪੜ੍ਹ ਕੇ ਸੁਣਾਵੇ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਵੇਗਾ, ਪਰ ਆਪਣੀ ਜਾਂ ਕਿਸੇ ਦੀ ਚੰਗੀ ਮੰਦੀ ਪਸੰਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰੁਤਬਾ ਦੇਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੈ, ਉੱਥੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੀ ਗੁਰਗੱਦੀ ਨੂੰ ਵੀ ਇੱਕ ਚੁਣੌਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕੋਈ ਥੋੜੇ ਸਮੇਂ ਵਿੱਚ ਹੀ ਤਿਆਰ ਨਹੀਂ ਸੀ ਹੋ ਗਈ, ਦਸਾਂ ਪਾਤਸ਼ਾਹੀਆਂ ਦੇ ਸਮੇਂ ਵਿੱਚ ਇਸ ਨੂੰ ਸੰਪੂਰਨਤਾ ਮਿਲੀ ਸੀ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਮੁੱਢ ਬੰਨਿਆ ਸੀ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਸੰਪੂਰਨ ਕਰਕੇ ਗੁਰਗੱਦੀ ਬਖਸ਼ੀ ਸੀ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਅਤੇ ਆਪਣੀ ਬਾਣੀ ਨੂੰ ਇੱਕ ਥਾਂ ਇੱਕਠਾ ਕਰਨ ਦਾ ਕਾਰਜ ਪਹਿਲੀ ਜੇਠ 1660 ਬਿਕ੍ਰਮੀ ਨੂੰ ਗੁਰਦੁਆਰਾ ਰਾਮਦਾਸ ਦੇ ਸਥਾਨ (ਅੰਮ੍ਰਿਤਸਰ) ਵਿਖੇ ਸ਼ੁਰੂ ਕੀਤਾ ਅਤੇ ਭਾਦੋਂ ਵਦੀ ਅਮਾਵਸ 1661 ਬਿਕ੍ਰਮੀ ਨੂੰ ਇਹ ਕਾਰਜ ਸੰਪੂਰਨ ਹੋਣ ਉਪਰੰਤ ਅਤੇ ਇਸ ਤਿਆਰ ਕੀਤੇ ਗ੍ਰੰਥ ਦਾ ਭਾਦੋਂ ਸੁਦੀ ਏਕਮ ਵਾਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸੇ ਗ੍ਰੰਥ ਵਿੱਚ ਦਰਜ ਕਰਕੇ 7 ਅਕਤੂਬਰ 1708 ਨੂੰ ਨਾਂਦੇੜ (ਮਹਾਂਰਾਸ਼ਟਰ) ਵਿਖੇ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ।

ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਬਚਿੱਤਰ ਨਾਟਕ ਨੂੰ ਪਤਾ ਨੀ ਕਿਸ ਨੇ ਕਦੋਂ ਲਿਖਵਾਉਣਾ ਸ਼ੁਰੂ ਕੀਤਾ, ਕਦੋਂ ਇਹ ਸੰਪੂਰਨ ਹੋਇਆ, ਕਿਸਨੇ ਇਸਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗ ਪ੍ਰਕਾਸ਼ ਕਰਨ ਦਾ ਹੁਕਮ ਦਿੱਤਾ, ਕੋਈ ਪਤਾ ਨਹੀਂ। ਪਰ ਕਿਸੇ ਨੇ ਬੜੀ ਫੁਰਤੀ ਨਾਲ ਗੁਰੂਆਂ ਦੀ ਨਕਲ ਕਰਦਿਆਂ ਇੱਧਰ ਉੱਧਰ ਦੀਆਂ ਰਚਨਾਵਾਂ ਇੱਕਠੀਆਂ ਕਰਕੇ ਆਪ ਹੀ ਇਸ ਬਚਿੱਤਰ ਨਾਟਕ ਨੂੰ ਗੱਦੀ ਬਖਸ਼ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ, ਗੁਰੂਆਂ ਦੇ ਸ਼ਰੀਕ ਵੱਜੋਂ ਇਸਨੂੰ ਸਥਾਪਿਤ ਕਰ ਦਿੱਤਾ, ਜੋ ਇੱਕ ਘੋਰ ਅਪਰਾਧ ਅਤੇ ਨਾ ਬਖਸ਼ਿਆ ਜਾਣ ਵਾਲਾ ਗੁਨਾਹ ਹੈ। ਜੇ ਅਸੀਂ ਇਸ ਹੋਈ ਭੁੱਲ ਨੂੰ ਬਖਸ਼ਾਉਣਾ ਚਾਹੁੰਦੇ ਹਾਂ, ਸੱਚ ਮੁੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਹੀ ਅਰਥਾਂ ਵਿੱਚ ਮਨਾਉਣਾ ਚਾਹੁੰਦੇ ਹਾਂ, ਤਾਂ ਸੱਚੇ ਮਨ ਨਾਲ ਗੁਰਬਾਣੀ ਦੇ ਇਹ ਸ਼ਬਦ :- ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥ (ਪੰਨਾ ਨੰ: 350), ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥ ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥ (ਪੰਨਾ ਨੰ: 590) ਗਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਈਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਪੈਦਾ ਕਰਨ ਦੀ ਥਾਂ ਆਉ ਅੱਜ ਆਪਾਂ ਸਾਰੇ ਮਿਲ ਕੇ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਦੇ ਹੁਕਮਾਂ ਉੱਪਰ ਪਹਿਰਾ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੂਰਨ ਸੇਧ ਲਈਏ, ਕਿਸੇ ਹੋਰ ਗ੍ਰੰਥ ਜਾਂ ਮਨੁੱਖ ਉੱਪਰ ਟੇਕ ਨਾ ਰੱਖਣ ਦਾ ਪ੍ਰਣ ਕਰੀਏ।

ਨੋਟ :- ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਇੱਕ ਪਾਸੇ ਗੁਰ ਸਿੱਖਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 20 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਦੂਜੇ ਪਾਸੇ ਆਰ.ਐਸ.ਐਸ. ਦੇ ਸਿੱਖਾਂ ਵੱਲੋਂ ਆਰ.ਐਸ.ਐਸ. ਦੇ ਹੁਕਮਾਂ ਅਨੁਸਾਰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਇਸ ਵਾਰ ਇਹ ਦਿਵਸ 15 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ 28 ਅਕਤੂਬਰ ਸੀ ਅਤੇ ਅਗਲੇ ਸਾਲ ਇਸਦੀ ਕੋਈ ਹੋਰ ਤਾਰੀਖ ਹੋਵੇਗੀ।

ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911
harlajsingh70@gmail.com
19.10.2012


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top