Share on Facebook

Main News Page

‘ਸੋ ਸਚੁ ਮੰਦਰੁ, ਜਿਤੁ ਸਚੁ ਧਿਆਈਐ॥’
-
ਤਰਲੋਕ ਸਿੰਘ ‘ਹੁੰਦਲ’ ਬਰੈਂਮਟਨ, ਟੋਰਾਂਟੋ - ਕਨੇਡਾ

ਸਿੱਖ ਧਰਮ ਦੇ ਲੋਕ ਸ਼ਰਧਾ-ਪੂਰਵਕ ਗੁਰਦੁਆਰੇ ਜਾਂਦੇ ਹਨ। ਗੁਰਦੁਆਰੇ, ਗੁਰੂ ਨਾਨਕ ਦਾ ਘਰ ਹਨ। ਇਥੇ ‘ਅਕਾਲ-ਪੁਰਖ, ਵਾਹਿਗੁਰੂ’ ਦੀ ਉਸਤਤੀ ਦੀ ਗੱਲ ਹੁੰਦੀ ਹੈ। ਸਵੇਰੇ-ਸ਼ਾਮ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਹੁੰਦਾ ਹੈ। ਇਲਾਹੀ ਬਾਣੀ ਦਾ ਕੀਰਤਨ ਵੀ ਚਲਦਾ ਰਹਿੰਦਾ ਹੈ। ਪਦਾਰਥਵਾਦੀ ਉਲਝਾਟ ’ਚੋਂ ਸਕੂਨ ਪ੍ਰਾਪਤੀ ਲਈ, ਸਿੱਖ, ਗੁਰਦੁਆਰੇ ਜਾਂਦਾ ਹੈ। ਅਧਿਆਤਮਕ ਰਸ ਪ੍ਰਾਪਤ ਕਰਦਾ ਹੈ। ਕੁੱਝ ਐਸੇ ਸਿੱਖ ਵੀ ਹਨ ਜੋ ਅੰਮ੍ਰਿਤ ਵੇਲੇ ਗੁਰੂ-ਸਾਹਿਬ ਜੀ ਦੇ ਨਤਮਸਤਕ ਹੋਣ ਉਪਰੰਤ ਹੀ ਕਿਰਤ-ਕਮਾਈ ਦੇ ਸਾਧਨ ਜੁਟਾਉਂਦੇ ਹਨ।

ਹੁਣ ਵਧੇਰੇ ਕਰਕੇ ਉਹੀ ਵਿਅਕਤੀ ਗੁਰਦੁਆਰਾ ਸਾਹਿਬ ਜਾਂਦੇ ਹਨ, ਜਿਹੜੇ ਪਰਿਵਾਰਕ ਜੁੰਮੇਵਾਰੀਆਂ ਨੂੰ ਨਜਿੱਠ ਕੇ, ਕੇਵਲ ‘ਟਾਈਮ’ ਪਾਸ ਕਰਨ ਦੀ ਤਾਕ ਵਿੱਚ ਹਨ। ਭਾਵੇਂ ਗੁਰਦੁਆਰੇ ਪਹੁੰਚ ਕੇ ਨਿੱਕੀ-ਮੋਟੀ ਸੇਵਾ ਕਰਦੇ ਰਹਿੰਦੇ ਹਨ ਯਾਨੀ ਜੀਅ ਕੀਤਾ, ਕੀਰਤਨ-ਕਥਾ ਸੁਣ ਲਈ, ਨਹੀਂ ਤਾਂ ਜਿਆਦਾਤਰ ਆਪਣਾ ਸਮਾਂ ਗੁਰਦੁਆਰੇ ਦੇ ਪ੍ਰਬੰਧਕੀ ਢਾਂਚੇ ਦੀ ਨੁਕਤਾ-ਚੀਨੀ ਵਿੱਚ ਗੁਜਾਰ ਕੇ, ਸ਼ਾਮਾਂ-ਪਈਆਂ ਘਰ ਮੁੜ ਜਾਂਦੇ ਹਨ। ਇਹਨਾਂ ਵਕਤਿਆਂ ਨਾਲ ਗੱਲਬਾਤ ਕੀਤਿਆਂ ਇਕੋ ਇਹੋ ਪ੍ਰਭਾਵ ਮਿਲਦਾ ਹੈ, ਕਿ ਗੁਰੂ ਨਾਨਕ ਦੇ ਦਰ-ਘਰ ਦੇ ਇੰਤਜਾਮੀਆਂ ਵਿੱਚ ਨੁਕਸ-ਹੀ-ਨੁਕਸ ਹਨ, ਜਿਸ ਕਾਰਨ ਸੰਗਤਾਂ ਵਿੱਚ, ਇਹਨਾਂ ਪ੍ਰਤੀ ਸਦਾ ਡੂੰਘੇ ਸ਼ਿਕਵੇ-ਗਿਲੇ ਉਸਲਵੱਟੇ ਲੈਂਦੇ ਰਹਿੰਦੇ ਹਨ। ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਆਏ ਨਿਘਾਰ ਬਾਰੇ ਸਿੱਖ ਸੰਗਤ ਇੱਕ-ਮੁੱਠ ਹੋ ਕੇ ਇਨ੍ਹਾਂ ਪ੍ਰਬੰਧਕਾਂ ਨਾਲ ਸੁਧਾਰਵਾਦੀ ਵਿਚਾਰਾਂ ਕਰਨ ਤੋਂ ਸੰਕੋਚ ਕਰਦੀ ਰਹਿੰਦੀ ਹੈ ਜਦੋਂ ਕਿ ਇੱਕਲਾ-ਦੁਕੱਲਾ ਵਿਅਕਤੀ ਗੁਰਦੁਆਰੇ ਵਿਚਲੀਆਂ ਪ੍ਰਬੰਧਕੀ ਉਣਤਾਈਆਂ, ਪ੍ਰਬੰਧਕੀ ਅਮਲੇ ਦੇ ਧਿਆਨ ਵਿੱਚ ਲਿਆਉਂਣ ਤੋਂ ‘ਹੋਊ-ਪਰ੍ਹੇ’ ਕਰ ਛੱਡਦਾ ਹੈ। ਇੱਕ-ਅੱਧੇ ਦੀ ਕਹੀ ਹੋਈ ਗੱਲ ਤੇ ਪ੍ਰਬੰਧਕੀ ਵਰਗ ਵੀ ਗੌਰ ਨਹੀਂ ਕਰਦਾ। ਨਤੀਜੇ ਵਜੋਂ, ਬਹੁ-ਤਦਾਦ ਗੁਰਦੁਆਰਿਆਂ ਵਿੱਚ ਸੰਗਤ ਦੀ ਆਮਦ ਘਟਦੀ ਜਾ ਰਹੀ ਹੈ।

ਧਾਰਮਿਕ ਖੇਤਰ ਵਿੱਚ, ਸਿੱਖਾਂ ਦੇ ਨੌ-ਜਵਾਨ ਵਰਗ ਦੀ ਭੁਮਿਕਾ ਬਿਲਕੁਲ ਨਾ-ਮਾਤਰ ਹੀ ਰਹਿ ਗਈ ਹੈ। ਗੁਰਦੁਆਰਿਆਂ ਵਿੱਚ ਮਨਾਏ ਜਾ ਰਹੇ ਸਮਾਗਮਾਂ ਜਾਂ ਉਂਝ ਨਿਤਨੇਮ ਦੇ ਸੰਗਤੀ ਇੱਕਠ ਵੇਲੇ ਵੇਖਿਆਂ ਜਾਵੇ ਤਾਂ ਸਿੱਖ ਸਮਾਜ ਦੀ ਨੌ-ਜੁਵਾਨ ਪੀੜੀ ਜਾਂ ਤਾਂ ਬਾਹਰ ਘੁੰਮ ਰਹੀ ਹੁੰਦੀ ਹੈ, ਜਾਂ ਫਿਰ ਗੁਰਦੁਆਰੇ ਦੀ ਇਮਾਰਤ ਦੀ ਕਿਸੇ ਨੁੱਕਰੇ ਆਪਣੀਆਂ ਗੱਲਾਂ-ਬਾਤਾਂ’ਚ ਮਸ਼ਰੂਫ ਵੇਖੀ ਜਾ ਸਕਦੀ ਹੈ। ਜੇ ਕਿਧਰੇ ਮਾਪੇ, ਆਪਣੇ ਬੱਚਿਆਂ ਨੂੰ ਬੱਧ-ਰੁੰਨ ਕੇ ਦੀਵਾਨ-ਹਾਲ ਅੰਦਰ ਲੈ ਵੀ ਆਉਂਣ, ਤਾਂ ਵੀ ਉਹ ਮੌਕਾ ਤਾੜ ਕੇ ਫਿਰ ਬਾਹਰ ਨਿਕਲ ਜਾਂਦੇ ਹਨ, ਸ਼ਾਇਦ ਉਹ ਮਹਿਸੂਸ ਕਰਦੇ ਹਨ ਕਿ ਗੁਰੂ ਦਰਬਾਰ ਵਿੱਚ ਉਨ੍ਹਾਂ ਲਈ ਕੁਝ ਵੀ ਸਾਰਥਕ ਨਹੀਂ ਹੈ। ਬਰੀਕੀ ਨਾਲ ਵੇਖੀਏ ਤਾਂ ਅੱਜ ਕੱਲ, ਗੁਰਦੁਆਰੇ ਸਿਰਫ ਪੰਜਾਬੋਂ-ਆਏ ਵਢੇਰੀ ਉਮਰ ਦੇ ਵਿਅਕਤੀਆਂ ਦੀ ਮਿਲਣ-ਗਾਹ ਹੀ ਬਣ ਕੇ ਰਹਿ ਗਈ ਹੈ। ਇਹ ਕੌੜਾ ਸੱਚ ਹੈ ਕਿ ਬਹੁਤੇ ਲੋਕੀ ਤਾਂ ‘ਗੁਰਦੁਆਰੇ’ ਗੇੜੀ ਮਾਰਨ ਹੀ ਆਉਂਦੇ ਹਨ, ਗੁਰੂ-ਹਜੂਰ ਇੱਕ ਡਾਲਾ (ਡਾਲਰ) ਮੱਥਾ ਟੇਕਿਆ, ਇੱਕ ਡਾਲਾ ਕੀਰਤਨੀਏ ਰਾਗੀ ਸਿੰਘਾਂ ਨੂੰ ਭਂੇਟ ਕੀਤਾ, ਲੰਗਰ ਛਕਿਆ ਤੇ ਘਰ ਨੂੰ ਚਲ ਪਏ। ਸਿੱਖ ਲਈ ਗੁਰਦੁਆਰਿਆਂ’ਚੋਂ ਆਤਮਿਕ-ਰਸ ਪ੍ਰਾਪਤੀ ਦੀ ਰੀਝ ਮੁੱਕ ਗਈ ਜਾਪਦੀ ਹੈ। ਕਿਸੇ ਵੀ ਸੰਸਥਾ ਜਾਂ ਗੁਰਦੁਆਰੇ ਦੀ ਕਮੇਟੀ ਨੇ ਇਸ ਰੁਝਾਨ ਦੇ ਕਾਰਨਾਂ ਨੂੰ ਸਮਝਣ, ਪ੍ਰਖਣ ਦੀ ਕੋਸ਼ਿਸ਼ ਨਹੀਂ ਕੀਤੀ, ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।

‘ਗੁਰਦੁਆਰਾ’-ਕਿਸੇ ਇਮਾਰਤ ਦਾ ਨਾਮ ਨਹੀਂ ਹੈ। ਗੁਰੂ-ਦਾਨ ਰਾਸ਼ੀ ਨਾਲ ਪ੍ਰਬੰਧਕ, ਸਾਰਾ ਜੋਰ ਇਸ ਦੀ ਇਮਾਰਤ ਨੂੰ ਸ਼ਿੰਗਾਰਨ ਵਿੱਚ ਅਜਾਈਂ ਗੁਵਾ ਦੇਂਦੇ ਹਨ। ਨਿਰਸੰਦੇਹ, ਸੋਨਾ ਇਕ ਕੀਮਤੀ ਧਾਤੂ ਹੈ, ਪਰ ਗੁਰ-ਉਪਦੇਸ਼, ਜਿਸ ਦੀ ਸਿੱਖੀ ਜੀਵਨ ਵਿੱਚ ਅਤਿ ਲੋੜ ਹੈ-ਦੇ ਮੁਕਾਬਲੇ ਵਿੱਚ ਤੁੱਛ ਵਸਤੂ ਹੈ। ਸ਼ੀਸ਼-ਮਹਿਲ ਨੁਮਾਂ ਸੰਗਮਰਮਰ ਪੱਥਰ ਜੜੇ ਗੁਰਦੁਆਰਿਆਂ’ਚੋਂ ਸਿੱਖ ਸ਼ਰਧਾਲੂ ਨੂੰ ‘ਓਹ’ ਸਕੂਨ ਨਹੀਂ ਲੱਭਦਾ, ਜੋ ਗੁਰੂ-ਚਰਨਾਂ ਵਿੱਚ ਹੋ ਰਹੇ ਗੁਰਬਾਣੀ-ਕੀਰਤਨ’ਚੋਂ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਿਰੀਰਾਗੁ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਫੁਰਮਾਨ ਕੀਤਾ ਹੈ:

ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥1॥  ਹਰਿ ਬਿਨੁ ਜੀਉ ਜਲਿ ਬਲਿ ਜਾਉ॥
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰਿ ਨਾਹੀ ਥਾਉ॥1॥ਰਹਾਉ॥

(ਸਿਰੀਰਾਗੁ ਮਹਲਾ 1 ਘਰੁ 1 ਅੰਕ 14)

ਅਸਲ ਵਿੱਚ, ਬਾਹਰਲੇ ਮੁਲਕਾਂ ਵਿੱਚਲੇ ਸਥਾਪਤ ਗੁਰਦੁਆਰੇ, ਉਥੋਂ ਦੇ ਕਾਨੂੰਨ ਦੀ ਨਜ਼ਰ ਵਿੱਚ ਨਿੱਜੀ ਮਲਕੀਅਤਾਂ ਹਨ। ਗੁਰਦੁਆਰਾ ਸਥਾਪਤ ਕਰਨ, ਇਸ ਨੂੰ ਚਲਾਉਂਣ ਤੇ ਪ੍ਰਬੰਧਕੀ ਨਿਯਮ ਲਾਗੂ ਕਰਨ ਵਿੱਚ ਕਿਸੇ ਯੋਗਤਾ, ਵਿਦਵਤਾ, ਸੂਝ-ਬੂਝ ਜਾਂ ਹੁਨਰਮੰਦੀ ਦੀ ਲੋੜ ਨਹੀਂ ਸਮਝੀ ਜਾਂਦੀ। ਇਥੋਂ ਤੱਕ ਕਿ ਗੁਰਮਤਿ ਅਸੂਲਾਂ ਤੋਂ ਅਨਜਾਣ ਮਨੁੱਖ, ਇਸ ਦਾ ਪ੍ਰਧਾਨ ਜਾਂ ਚੇਅਰਮੈਨ ਵੀ ਬਣ ਸਕਦਾ ਹੈ। ਸਾਧਾਰਨ ਜਨ ਦੀ ਨਜ਼ਰ ਵਿੱਚ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਨਾਸਰੀ ਰਾਗੁ ਅੰਦਰ ਇਲਾਹੀ ਫੁਰਮਾਨ ‘ਸੱਚ’ ਮੁੱਚ ਵਰਤਿਆ ਪ੍ਰਤੀਤ ਹੁੰਦਾ ਹੈ:

ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ 662)

ਸਾਧਾਰਨ ਜਨ ਦੀ ਭਾਗੀਦਾਰੀ, ਗੁਰੂ-ਹਜ਼ੂਰ ਮਾਇਆ ਅਰਪਨ ਕਰਨ ਤੱਕ ਸੀਮਤ ਹੋ ਕੇ ਰਹਿ ਗਈ ਹੈ। ਕਥਾ-ਕੀਰਤਨੀਏ, ਜੋ ਮਰਜੀ ਕਹਿ ਜਾਣ, ਭਾਂਵੇ ਗੁਰਮਤਿ ਦੇ ਉਲਟ ਹਾਨੀਕਾਰਕ ਹੀ ਹੋਵੇ, ਕੋਈ ਵੀ ਸਿੱਖ “ਚੂੰ”ਤਕ ਨਹੀਂ ਕਰ ਸਕਦਾ। ਪ੍ਰਬੰਧਕਾਂ ਵਿੱਚ ਅਧਿਆਤਮਕ ਜਾਗ੍ਰਿਤੀ ਦੀ ਥੁੜ ਕਾਰਨ, ਵਿਦੇਸ਼ਾਂ ਵਿਚ ਬਹੁਤੇ ਗੁਰਦੁਆਰੇ, ਰਾਜਨੀਤਕ ਅਖਾੜੇ ਵੀ ਬਣ ਗਏ ਹਨ। ਪ੍ਰਬੰਧਕਾਂ ਵਿਚ, ਗੁਰਮਤਿ ਅਨੁਸਾਰ ਗੁਰਦੁਆਰਿਆਂ ਦੇ ਸੇਵਾ ਨਿਭਾਉਂਣ ਦੀ ਘਾਟ ਖਟਕਦੀ ਰਹਿੰਦੀ ਹੈ। ਆਮ ਤੌਰ ਤੇ ਇਹ ਲੋਕ, ਗੁਰਦੁਆਰਿਆਂ ਨੂੰ ਇਕ ਵਪਾਰਕ ਅਦਾਰਾ, ਕਾਰਖਾਨਾ, ਫੈਕਟਰੀ, ਬਿਜ਼ਨਿਸ ਸੰਸਥਾਂ ਜਾਂ ਫਿਰ ਸਰਕਾਰੀ ਮਹਿਕਮੇ ਦੀ ਤਰ੍ਹਾਂ ਚਲਾਉਂਦੇ ਹੋਏ, ਆਪਣਾ ਕਬਜ਼ਾ ਜਮਾਈ ਰੱਖਣ ਲਈ ਯਤਨਸ਼ੀਲ ਰਹਿੰਦੇ ਹਨ। ਗੱਲ-ਲੋਕਤੰਤ੍ਰ ਪ੍ਰਨਾਲੀ ਦੀ ਕਰਦੇ ਹਨ, ਕਾਇਮ ਅਜ਼ਾਰੇਦਾਰੀ ਰੱਖਦੇ ਹਨ। ਕਈ ਥਾਂ, ਜਿਹੜੇ ਵਿਅਕਤੀ ਆਪਣੇ ਘਰਾਂ ਦੇ ਪ੍ਰਬੰਧ ਕਰਨ ਵਿੱਚ ਨਾਕਾਮ ਹੋਏ ਹਨ, ਉਨ੍ਹਾਂ ਨੂੰ ਅਸੀਂ ਸੱਚੀ ਧਰਮਸਾਲ ਦੇ ਆਗੂ ਥਾਪ ਦੇਂਦੇ ਹਾਂ।

ਅੰਗਰੇਜ਼ ਵਿਦਵਾਨ ਮਿਸਟਰ ਜੈਰੀ ਕਾਰਕ ਅਤੇ ਸਟੇਨਲੇ ਬਲਡਵਿਨ ਦੇ ਸ਼ਬਦਾਂ ਵਿੱਚ “Every Church needs a solid philosophical base upon which to build its life and ministry”. (Mr. Jeery cork & Stanly Baldwin)” ਗੁਰੂ-ਘਰਾਂ ਵਿੱਚ, ਸਾਧ-ਸੰਗਤ ਦੀ ਘਟ ਰਹੀ ਹਾਜਰੀ ਦਾ ਇੱਕ ਮੁੱਖ ਕਾਰਨ, ਇਨ੍ਹਾਂ ਪ੍ਰਬੰਧਕਾਂ ਦੀ ਆਪਸੀ ਧੜੇਬੰਦੀ ਵੀ ਹੈ। ਸਕੂਲ਼ੀ ਵਿਦਿਆ ਤੋਂ ਵਿਰਵੇ ਇਕ ਗੁਰਦੁਆਰੇ ਦੇ ਲੰਮਾਂ ਸਮਾਂ ਪ੍ਰਧਾਨ ਰਹਿਣ ਵਾਲੇ ਵਿਅਕਤੀ ਬਾਰੇ ਮਸ਼ਹੂਰ ਰਿਹਾ ਕਿ ਮਹੀਨੇ ’ਚ ਇੱਕ-ਅੱਧ ਗੇੜੀ ਮਾਰਨ ਆਇਆ ਸੇਵਾਦਾਰਾਂ ਨੂੰ ਏਨ੍ਹਾਂ ਕੁ ਪੁੱਛਦਾ ‘ਬਈ ਸੰਗਤੋ! ਸਭ ਠੀਕ-ਠਾਕ ਚਲ ਰਿਹਾ’। “ਹਾਂ ਜੀ”- ਦੀ ਅਵਾਜ ਸੁਣਦੇ-ਸਾਰ ਬਿਨ੍ਹਾਂ ਗੁਰੂ ਸਾਹਿਬ ਦੇ ਨਤਮਸਤਕ ਹੋਇਆ, ਓਨ੍ਹੀਂ ਪੈਰੀ ਵਾਪਸ ਚਲਾ ਜਾਂਦਾ ਸੀ। ਵਿਅਕਤੀਗਤ ਬੰਧੇਜ ਤੋਂ ਮੁਕਤ ਦੂਸਰੇ ਕਈ ਗੁਰਦੁਆਰੇ, ਕਿਸੇ ਨ ਕਿਸੇ ਰੂਪ ਵਿੱਚ ਅਦਾਲਤੀ ਚੱਕਰਾਂ ਵਿੱਚ ਫ਼ਸੇ ਹੋਏ ਹਨ। ਗੁਰੂ ਦੀ ਗੋਲਕ, ਗਰੀਬਾਂ ਦੀ ਨਹੀਂ, ਬਲਕਿ ਵਕੀਲਾਂ ਦਾ ਮੂੰਹ ਬਣੀ ਹੋਈ ਹੈ। ਫਿਰ ਵੀ ਵੇਖੋ ਗੁਰੂ-ਘਰ ਸ਼ਾਨ ਨਾਲ ਚਲਦੇ ਪਏ ਹਨ। ਈਸਾਈ ਮੱਤ ਦੇ ਧਾਰਮਿਕ ਅਸਥਾਨਾਂ ਦੇ ਬੰਦੋਬਸਤ ਵਿੱਚ ਆਏ ਨਿਘਾਰ ਦੀ ਗੱਲ ਕਰਦਿਆਂ ਮਿ:ਹੈਨਰੀ ਨੇ ਤਾਂ ਇਥੋਂ ਤੱਕ ਕਹਿ ਦਿਤਾ ਹੈ ਕਿ ‘The church’s survival is a sign of God’s existence. No other enterprise run so poorly could stay in business.’ (Henry ford).  ਇਹ ਧਾਰਨਾ ਸਾਡੇ ਉੱਤੇ ਵੀ ਲਾਗੂ ਹੁੰਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਗੱਲ “ਸਿੱਖ” ਦੀ ਕੀਤੀ ਗਈ ਹੈ। ਗੁਰਮੁਖ, ਸਨਮੁਖ, ਮਨਮੁਖ, ਬੇ-ਮੁਖ ਆਦਿ ਵਿਅਕਤੀ ਵਿਸ਼ੇਸ਼ ਦੇ ਭਿੰਨ-ਭਿੰਨ ਰੂਪ ਦਰਸਾਏ ਗਏ ਹਨ, ਜਦੋਂ ਕਿ ਸਮੁੱਚਾ ਸਿੱਖ ਜਗਤ ਨਿਕੇ-ਮੋਟੇ ਹਜ਼ਾਰਾਂ ਸੰਗਠਨਾਂ ਵਿੱਚ ਵੰਡਿਆ ਹੋਇਆ ਹੈ। ਬਦ-ਕਿਸਮਤੀ ਇਹ, ਇਕ ਸੰਸਥਾਂ-ਦੂਸਰੀ ਜਥੇਬੰਦੀ ਉੱਤੇ ਪਲਾਕੀ ਮਾਰ ਕੇ ਬੈਠਣ ਦੀ ਤਾਕ ਵਿੱਚ ਰਹਿੰਦੀ ਹੈ। ਗੁਰੂ ਨਾਨਕ ਮਿਸ਼ਨ ਦੀ ਭਰਵੀਂ ਹਾਨੀ ਹੁੰਦੀ ਹੈ। ਇਹ ਵਰਤਾਰਾ ਬੰਦ ਹੋਵੇ, ਬਹੁਤ ਅੱਛਾ ਹੋਵੇਗਾ। ਸਤਿਗੁਰਾਂ ਦੇ ਵਿਚਾਰਾਂ-ਆਸ਼ਿਆਂ ਦੇ ਆਖੇ ਲੱਗ ਕੇ, ਦੇਸ਼ਾਂ/ਵਿਦੇਸ਼ਾਂ ਦੇ ਸਮੂੰਹ ਗੁਰਦੁਆਰਿਆਂ ਨੂੰ ਧਾਰਮਿਕ ਗੁਟ-ਬੰਦੀ, ਕਬਜੇ-ਕਾਰੀ ਤੇ ਮਸ਼ੀਨੀ-ਕਰਨ ਵਿਧੀ ਚੋਂ ਬਾਹਰ ਕੱਢ ਕੇ ਅਧਿਆਤਮ ਰਸ ਕੇਂਦਰ ਬਣਾਇਆ ਜਾਣਾ ਲੋੜੀਂਦਾ ਹੈ।

ਸਿੱਖੀ ਦਾ ਭਵਿੱਖ, ਅੱਜ ਦੇ ਗਰਭ ਵਿੱਚ ਪਲ ਰਿਹਾ ਹੈ। ਸਾਡੀਆਂ ਗੁਰਦੁਆਰਿਆਂ ਦੇ ਪ੍ਰਬੰਧਕੀ ਖੇਤਰ ਵਿੱਚ ਅਜ ਪਨਪਦੀਆਂ ਖਾਮੀਆਂ, ਉਣਤਾਈਆਂ, ਉਕਾਈਆਂ ਦਾ ਉਭਾਰ ਦੁਨੀਆਵੀ ਪੱਧਰ ਤੇ ਸਿੱਖ ਧਰਮ ਦੇ ਫੈਲਾਅ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਸਿੱਖ ਵਿਦਵਾਨ ਭਾਈ ਸਾਹਿਬ, ਭਾਈ ਕਾਨ੍ਹ ਸਿੰਘ ‘ਨਾਭਾ’ ਅਨੁਸਾਰ ਗੁਰਦੁਆਰੀਏ ਤੇ ਧਰਮਸਾਲੀਏ ਲੋਕਾਂ ਨੂੰ ਆਪ ਨਮੂਨਾ ਬਣ ਕੇ ਦਸਣਾ ਲੋੜੀਏ, ਜੇ ਗੁਰਦੁਆਰਿਆਂ ਵਿੱਚ ਹੀ ਅਨਰਥ ਹੋਣ ਤਾਂ ਸੁਧਾਰ ਦਾ ਦੂਜਾ ਕਿਹੜਾ ਟਿਕਾਣਾ ਹੈ। ਗੁਰਦੁਆਰਿਆਂ ਦੇ ਪ੍ਰਬੰਧਕੀ ਗਰੁਪ ਨੂੰ ਇਮਾਰਤੀ ਖ਼ੂਬਸੂਰਤੀਆਂ ਦੇ ਰੁਝਾਨ ਨੂੰ ਤਿਲਾਂਜਲੀ ਦੇ ਕੇ, ਲੋਕਾਈ ਦੇ ਭਲੇ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਿੱਖ ਔਰਤਾਂ ਦੇ ਨਾਲ, ਨੋ-ਜੁਵਾਨ ਬੱਚਿਆਂ ਨੂੰ ਵੀ ਪ੍ਰਬੰਧਕੀ ਅਮਲੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਗੁਰਦੁਆਰੇ ਅਸਲ ਮਨੋਰਥ ਵਿੱਚ ਸਫਲ ਹੋਵਣ। ਗੁਰ ਬਚਨ ਹਨ:

ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ॥ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ॥ ਧਰਮਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨ ਗਾਵਹੇ॥
ਜਹ ਸਾਧ ਸੰਤ ਇਕਤ੍ਰ੍ਰ ਹੋਵਹਿ ਤਹਾ ਤੁਝਹਿ ਧਿਆਵਹੇ॥ ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਲਾ॥ ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ॥1॥
(ਗਉੜੀ ਮਹਲਾ 1,ਅੰਕ 248)


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top