Share on Facebook

Main News Page

(ਕੁ)ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦਾ ਕਮਾਲ

* ਵਿਆਹ ਦੀ ਰਸਮਾਂ ਨਿਭਾਉਣ ਪਿੱਛੋਂ ਅਰਦਾਸੀਏ ਸਿੰਘ ਨੇ ਅਰਦਾਸ ਜੋਤੀ ਸਮਾਉਣ ਦੀ ਕੀਤੀ: ਭਾਈ ਸ਼ਿਵਤੇਗ ਸਿੰਘ
* ਤਿੱਖੇ ਸ਼ਬਦ ਬੋਲਣੇ ਉਸੇ ਤਰ੍ਹਾਂ ਹੀ ਸਮੇਂ ਦੀ ਲੋੜ ਹੈ ਜਿਵੇਂ ਸਾਡੇ ਕਿਸੇ ਸਰੀਰ ਦੇ ਰੋਗ ਦੂਰ ਕਰਨ ਲਈ ਡਾਕਟਰ ਤਿੱਖੀ ਸੂਈ ਚੋਭ ਕੇ ਟੀਕਾ ਲਾਉਂਦਾ ਹੈ ਜਾਂ ਸਰੀਰ ਵਿੱਚ ਪੈਦਾ ਹੋਈ ਰਸੌਲੀ ਕੱਢਣ ਲਈ ਤਿੱਖੇ ਔਜਾਰਾਂ ਨਾਲ ਸਰੀਰ ਦੀ ਚੀਰ ਫਾੜ ਕਰਦਾ ਹੈ
* ਗੁਰਮਤਿ ਵਿਰੋਧੀ ਕੰਮ ਕਰਨ ਵਾਲਿਆਂ ਦੇ ਅੰਦਰਲੇ ਰੋਗ ਦੂਰ ਕਰਨ ਲਈ ਗੁਰੂ ਸਾਹਿਬ ਜੀ ਵੱਲੋਂ ਵਰਤੇ ਗਏ ਤਿੱਖੇ ਸ਼ਬਦਾਂ ਦੀ ਵਿਆਖਿਆ ਕਰਨਾ ਗੁਰੂਘਰ ਦਾ ਪ੍ਰਚਾਰਕ ਕਹਾਉਣ ਵਾਲੇ ਹਰ ਪ੍ਰਚਾਰਕ ਦਾ ਇਖ਼ਲਾਕੀ ਫਰਜ ਹੈ

ਬਠਿੰਡਾ, ੨੦ ਅਕਤੂਬਰ (ਕਿਰਪਾਲ ਸਿੰਘ): ਇਹ (ਕੁ)ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦਾ ਹੀ ਕਮਾਲ ਹੈ ਕਿ ਵਿਆਹ ਦੀ ਰਸਮਾਂ ਨਿਭਾਉਣ ਪਿੱਛੋਂ ਅਰਦਾਸੀਏ ਸਿੰਘ ਨੇ ਅਰਦਾਸ ਜੋਤੀ ਸਮਾਉਣ ਦੀ ਕੀਤੀ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਇਹ ਵਰਨਣਯੋਗ ਹੈ ਕਿ ਜਿਸ ਨਾਨਕਸ਼ਾਹੀ ਕੈਲੰਡਰ ਦਾ ਆਰਐੱਸਐੱਸ ਸ਼ੁਰੂ ਤੋਂ ਹੀ ਵਿਰੋਧ ਕਰਦੀ ਆ ਰਹੀ ਸੀ ਉਸ ਨੂੰ ਆਪਣੇ ਏਜੰਟਾਂ ਸੰਤ ਸਮਾਜ ਦੇ ਰਾਹੀਂ ਸੋਧਾਂ ਦੇ ਨਾਮ 'ਤੇ ਬਿਕ੍ਰਮੀ ਸੂਰਜੀ ਕੈਲੰਡਰ ਅਤੇ ਚੰਦਰ ਕੈਲੰਡਰ ਦਾ ਮਿਲਗੋਭਾ ਬਣਾ ਦਿੱਤਾ। ਇਸ ਮਿਲਗੋਭੇ ਕਾਰਣ ਕੁਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਸੰਮਤ ੫੪੪ (੨੦੧੨-੧੩) 'ਚ ਗੁਰੂ ਨਾਨਕ ਸਾਹਿਬ ਜੀ ਦਾ ਵਿਵਾਹ ਪੁਰਬ ਅਤੇ ਜੋਤੀ ਜੋਤ ਸਮਾਉਣ ਦਾ ਪੁਰਬ ਦੋਵੇਂ ਹੀ ੨੨ ਸਤੰਬਰ ਨੂੰ ਆਏ ਹਨ ਜਦੋਂ ਕਿ ਪਿਛਲੇ ਸਾਲ ਸੰਮਤ ੫੪੩ (੨੦੧੧-੧੨) 'ਚ ਇਸੇ ਕੁਸੋਧੇ ਕੈਲੰਡਰ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਤਾਂ ੨੨ ਸਤੰਬਰ ਨੂੰ ਹੀ ਸੀ ਪਰ ਜੋਤੀ ਜੋਤ ਸਮਾਉਣ ਦਾ ਪੁਰਬ ੪ ਸਤੰਬਰ ਨੂੰ ਆਇਆ ਸੀ। ਜੇ ਵਿਆਹ ਪੁਰਬ ਉਸੇ ਸਥਿਰ ਮਿਤੀ ਨੂੰ ਆਇਆ ਤਾਂ ਜੋਤੀ ਜੋਤ ਸਮਾਉਣ ਦਾ ਦਿਵਸ ਇੱਕ ਹੀ ਸਾਲ ਵਿੱਚ ੪ ਸਤੰਬਰ ਤੋਂ ੨੨ ਸਤੰਬਰ ਭਾਵ ੧੮ ਦਿਨ ਪਿੱਛੇ ਕਿਵੇਂ ਖਿਸਕ ਗਿਆ ਇਸ ਇਸ ਨੂੰ ਕੁਸੋਧਾ ਲਾਉਣ ਵਾਲੀ ਕਮੇਟੀ ਦੇ ਵਿਦਵਾਨ ਧੁੰਮਾਂ-ਮੱਕੜ ਵਿੱਚੋਂ ਕੋਈ ਵੀ ਨਹੀਂ ਸਮਝ ਸਕਦਾ ਤੇ ਨਾ ਹੀ ਇਸ ਲੁਕਣ ਮਿਟੀ ਵਾਲੀ ਦੁਬਿਧਾ 'ਚੋਂ ਕੌਮ ਨੂੰ ਬਾਹਰ ਕੱਢਣ ਦੇ ਉਹ ਸਮਰਥ ਹਨ।

ਇਹ ਇਸੇ ਦੁਬਿਧਾ ਦਾ ਹੀ ਕਾਰਣ ਸੀ ਕਿ ੨੨ ਸਤੰਬਰ ਨੂੰ ਦਰਬਾਰ ਸਾਹਿਬ ਵਿੱਚ ਸ਼ਬਦ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਨੂੰ ਮੁੱਖ ਰੱਖ ਕੇ ਸਿੱਖ ਰਹਿਤ ਮਰਿਆਦਾ ਅਨੁਸਾਰ ਮਿਥੇ ਗਏ ਸ਼ਬਦ ੪ ਲਾਵਾਂ ਉਪ੍ਰੰਤ ਪ੍ਰਚਲਤ ਸ਼ਬਦ 'ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥' (ਗੁਰੂ ਗ੍ਰੰਥ ਸਾਹਿਬ - ਪੰਨਾ ੭੮) ਪੜ੍ਹੇ ਗਏ ਪਰ ਜਦੋਂ ਸਵੇਰੇ ੬ ਵਜੇ ਦੀ ਅਰਦਾਸ ਹੋਈ ਤਾਂ ਅਰਦਾਸੀਏ ਸਿੰਘ ਦੇ ਮਨ ਵਿੱਚੋਂ ਪਤਾ ਨਹੀਂ ਵਿਆਹ ਪੁਰਬ ਕਿਵੇਂ ਵਿਸਰ ਗਿਆ ਉਸ ਨੇ ਅਰਦਾਸ ਵਿੱਚ ਵਿਆਹ ਪੁਰਬ ਦਾ ਤਾਂ ਜ਼ਿਕਰ ਹੀ ਨਹੀਂ ਕੀਤਾ ਪਰ 'ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥' ਪੜ੍ਹ ਕੇ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਹੀ ਕੀਤੀ। ਇਹ ਅਰਦਾਸੀਏ ਸਿੰਘ ਦੀ ਬੇਧਿਆਨੀ ਤਾਂ ਹੈ ਹੀ ਪਰ ਇਸ ਗਲਤੀ ਦਾ ਅਸਲ ਕਸੂਰਵਾਰ ਕੁਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਹੈ। ਕਿਉਂਕਿ ਹੁਣ ਤੱਕ ੨੨ ਸਤੰਬਰ ਨੂੰ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਹੀ ਅਰਦਾਸ ਕੀਤੀ ਜਾਂਦੀ ਰਹੀ ਹੈ ਅਤੇ ਮਕੈਨੀਕਲ ਰੱਟਾ ਲਾਉਣ ਵਾਲੇ ਸਾਡੇ ਅਰਦਾਸੀਏ ਸਿੰਘ ਤੇ ਪ੍ਰਚਾਰਕ ਉਹ ਰੱਟੇ ਰਟਾਏ ਸ਼ਬਦ ਹੀ ਬੋਲਦੇ ਹਨ। ਪਰ ਇਸ ਵਾਰ ਕੁਸੋਧੇ ਨਾਨਕਸ਼ਾਹੀ ਕੈਲੰਡਰ ਦੀ ਮਿਹਰਬਾਨੀ ਅਨੁਸਾਰ ਇਸ ਦਿਨ ਗੁਰੂ ਸਾਹਿਬ ਜੀ ਦਾ ਵਿਆਹ ਪੁਰਬ ਵੀ ਆ ਗਿਆ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਜੇ ਅਜਿਹੀਆਂ ਗਲਤੀਆਂ ਨੂੰ ਸੁਧਾਰਨ ਲਈ ਕੋਈ ਪ੍ਰਚਾਰਕ ਕਹਿ ਦਿੰਦਾ ਹੈ ਕਿ ਸਾਡੇ ਧਾਰਮਿਕ ਅਹੁਦਿਆਂ ਅਤੇ ਸਿੱਖ ਸੰਸਥਾਵਾਂ ਦੇ ਮੁਖੀ, ਕਿਸੇ ਰਾਜਨੀਤਕ ਵਿਅਕਤੀ ਤੋਂ ਸੇਧ ਲੈਣ ਦੀ ਬਜ਼ਾਏ ਗੁਰੂ ਤੋਂ ਸੇਧ ਲੈ ਕੈ ਪੰਥਕ ਫੈਸਲੇ ਲਵੇ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਰੁੱਖੇ ਸ਼ਬਦ ਬੋਲਦਾ ਹੈ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਨੇ ਕਿਹਾ ਇਹ ਰੁੱਖੇ ਸ਼ਬਦ ਨਹੀਂ ਤਿੱਖੇ ਸ਼ਬਦ ਜਰੂਰ ਹਨ। ਅਤੇ ਸਾਡੇ ਅੰਦਰ ਦਾ ਖੋਟ ਕੱਢਣ ਲਈ ਇਹ ਤਿੱਖੇ ਸ਼ਬਦ ਬੋਲਣੇ ਉਸੇ ਤਰ੍ਹਾਂ ਹੀ ਸਮੇਂ ਦੀ ਲੋੜ ਹੈ ਜਿਵੇਂ ਸਾਡੇ ਕਿਸੇ ਸਰੀਰ ਦੇ ਰੋਗ ਦੂਰ ਕਰਨ ਲਈ ਡਾਕਟਰ ਤਿੱਖੀ ਸੂਈ ਚੋਭ ਕੇ ਟੀਕਾ ਲਾਉਂਦਾ ਹੈ ਜਾਂ ਸਰੀਰ ਵਿੱਚ ਪੈਦਾ ਹੋਈ ਰਸੌਲੀ ਕੱਢਣ ਲਈ ਤਿੱਖੇ ਔਜਾਰਾਂ ਨਾਲ ਸਰੀਰ ਦੀ ਚੀਰ ਫਾੜ ਕਰਦਾ ਹੈ।

ਡਾਕਟਰ ਵੱਲੋਂ ਤਿਖੀ ਸੂਈ ਜਾਂ ਤਿੱਖੇ ਔਜਾਰਾਂ ਦੀ ਵਰਤੋਂ ਰੋਗੀ ਨੂੰ ਦੁਖ ਦੇਣ ਲਈ ਨਹੀਂ ਸਗੋਂ ਉਸ ਦੇ ਰੋਗ ਦੂਰ ਕਰਨ ਲਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਗੁਰੂ ਸਾਹਿਬ ਦੀ ਸਿੱਖਿਆ ਹੈ ਕਿ ਸਿਰਫ ਇੱਕ ਨਿਰੰਕਾਰ ਅਕਾਲ ਪੁਰਖ ਨੂੰ ਹੀ ਮੰਨਣਾ ਹੈ ਤੇ ਮੜ੍ਹੀ ਮਸਾਣਾਂ, ਮੱਠਾਂ, ਕਬਰਾਂ, ਸਮਾਧਾਂ ਦੀ ਪੂਜਾ ਨਹੀਂ ਕਰਨੀ। ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਮੱਥੇ ਨਹੀਂ ਟੇਕਣੇ। ਪਰ ਜਿਹੜਾ ਵਿਅਕਤੀ ਗੁਰੂ ਦੀ ਸਿਖਿਆ ਨੂੰ ਅਣਸੁਣੀ ਕਰਕੇ ਹੋਰ ਹੋਰ ਸਿਖਿਆਵਾਂ ਸੁਣ ਕਿ ਗੁਰਮਤਿ ਵਿਰੋਧੀ ਇਹ ਕਰਮ ਵੀ ਕਰਦਾ ਹੈ ਉਨ੍ਹਾਂ ਲਈ ਗੁਰਬਾਣੀ ਵਿੱਚ ਵੀ ਤਿੱਖੇ ਲਫਜ਼ਾਂ ਦੀ ਵਰਤੋਂ ਕੀਤੀ ਗਈ ਹੈ: 'ਰੇ ਜੀਅ ਨਿਲਜ ਲਾਜ ਤੋਹਿ ਨਾਹੀ ॥ ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥' (ਗੁਰੂ ਗ੍ਰੰਥ ਸਾਹਿਬ - ਪੰਨਾ ੩੩੦) ਹੁਣ ਜੇ ਕੋਈ ਪ੍ਰਚਾਰਕ ਗੁਰਮਤਿ ਵਿਰੋਧੀ ਕੰਮ ਕਰਨ ਵਾਲਿਆਂ ਦੇ ਅੰਦਰਲੇ ਰੋਗ ਦੂਰ ਕਰਨ ਲਈ ਗੁਰੂ ਸਾਹਿਬ ਜੀ ਦੇ ਇਸ ਕਥਨ ਦੀ ਵਿਆਖਿਆ ਕਰਦਾ ਹੋਇਆ ਇਸ ਦੇ ਅਰਥ ਕਰ ਦੇਵੇ ਕਿ ਹੇ ਬੇਸ਼ਰਮ ਜੀਵ! ਤੈਨੂੰ ਸ਼ਰਮ ਨਹੀਂ ਆਉਂਦੀ? ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? (ਭਾਵ, ਕਿਉਂ ਹੋਰ ਆਸਰੇ ਤੂੰ ਤੱਕਦਾ ਹੈਂ?) ਤਾਂ ਇਹ ਰੁੱਖੇ ਸ਼ਬਦ ਨਹੀਂ ਤਿੱਖੇ ਸ਼ਬਦ ਜਰੂਰ ਹਨ ਤੇ ਜਿਨ੍ਹਾਂ ਦੀ ਵਰਤੋਂ ਕਰਨਾ ਗੁਰੂਘਰ ਦਾ ਪ੍ਰਚਾਰਕ ਕਹਾਉਣ ਵਾਲੇ ਹਰ ਪ੍ਰਚਾਰਕ ਦਾ ਇਖ਼ਲਾਕੀ ਫਰਜ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top