Share on Facebook

Main News Page

ਸੁਆਲ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਦਾ?
-
ਜਸਵੰਤ ਸਿੰਘ ‘ਅਜੀਤ’

ਇਨ੍ਹੀਂ ਦਿਨੀਂ ਇੱਕ ਸਮਾਚਾਰ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਦਸਿਆ ਗਿਆ ਹੋਇਆ ਸੀ ਕਿ ਜੋਸ਼ੀਮਠ (ਉਤਰਾਂਚਲ) ਦੇ ਗੁਰਦੁਆਰਾ ਕੰਪਲੈਕਸ ਵਿੱਚ ਮੁਸਲਿਮ ਭਾਈਚਾਰੇ ਦੇ ਲਗਭਗ 800 ਵਿਅਕਤੀਆਂ ਨੇ ਈਦ ਦੀ ਨਮਾਜ਼ ਅਦਾ ਕੀਤੀ। ਇਸਦਾ ਕਾਰਣ ਇਹ ਦਸਿਆ ਗਿਆ ਕਿ ਜੋਸ਼ੀਮਠ ਵਿੱਚ ਨਾ ਤਾਂ ਕੋਈ ਮਸਜਿਦ ਹੈ ਅਤੇ ਨਾ ਕੋਈ ਈਦਗਾਹ। ਜਿਸ ਕਾਰਣ ਉਥੋਂ ਦੇ ਮੁਸਲਮਾਣ ਜੁੱਮੇ ਅਤੇ ਈਦ ਦੀ ਨਮਾਜ਼ ਖੁਲ੍ਹੇ ਗਾਂਧੀ ਮੈਦਾਨ ਵਿੱਚ ਹੀ ਅਦਾ ਕਰਦੇ ਚਲੇ ਆ ਰਹੇ ਹਨ। ਪ੍ਰੰਤੂ ਇਸ ਵਾਰ ਈਦ ਦੇ ਦਿਨ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ, ਜਿਸ ਕਾਰਣ ਮੁਸਲਮਾਣਾ ਲਈ ਉਥੇ ਖੁਲ੍ਹੇ ਵਿੱਚ ਈਦ ਦੀ ਨਮਾਜ਼ ਅਦਾ ਕਰਨਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਸੀ ਰਹਿ ਗਿਆ ਹੋਇਆ। ਇਸ ਸਥਿਤੀ ਵਿਚੋਂ ਉਭਰਨ ਦਾ ਉਨ੍ਹਾਂ ਨੂੰ ਕੋਈ ਰਸਤਾ ਵੀ ਵਿਖਾਈ ਨਹੀਂ ਸੀ ਦੇ ਰਿਹਾ। ਜਿਸ ਕਾਰਣ ਉਹ ਬਹੁਤ ਹੀ ਪ੍ਰੇਸ਼ਾਨ ਅਤੇ ਚਿੰਤਿਤ ਹੋ ਰਹੇ ਸਨ।

ਦਸਿਆ ਗਿਆ ਕਿ ਇਸ ਸਥਿਤੀ ਵਿਚੋਂ ਉਨ੍ਹਾਂ ਨੂੰ ਉਭਾਰਨ ਲਈ ਸਿੱਖ ਸਮਾਜ ਅਗੇ ਆਇਆ। ਸਥਾਨਕ ਗੁਰਦੁਆਰੇ ਦੇ ਪ੍ਰਧਾਨ ਸ. ਬੂਟਾ ਸਿੰਘ ਨੇ ਆਪਣੇ ਸਾਥੀ, ਗੁਰਦੁਆਰਾ ਪ੍ਰਬੰਧਕਾਂ ਨਾਲ ਸਲਾਹ-ਮਸ਼ਵਰਾ ਕਰ, ਚਿੰਤਿਤ ਮੁਸਲਮਾਣਾ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਚਾਹੁਣ ਤਾਂ ਗੁਰਦੁਆਰਾ ਕੰਪਲੈਕਸ ਵਿੱਚ ਈਦ ਦੀ ਨਮਾਜ਼ ਅਦਾ ਕਰ ਸਕਦੇ ਹਨ। ਦਸਿਆ ਜਾਂਦਾ ਹੈ ਕਿ ਇਸ ਪੇਸ਼ਕਸ਼ ਨੂੰ ਉਨ੍ਹਾਂ ‘ਅਲ੍ਹਾ’ ਦੀ ਮੇਹਰ ਮੰਨ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ। ਨਮਾਜ਼ ਦੀ ਅਦਾਇਗੀ ਤੋਂ ਬਾਅਦ ਉਥੇ ਪਾਰਟੀ ਦਾ ਪ੍ਰਬੰਧ ਵੀ ਕੀਤਾ ਗਿਆ। ਜਿਸ ਵਿੱਚ ਜੋਸ਼ੀਮਠ ਦੇ ਸਾਰੇ ਵਰਗਾਂ ਦੀਆਂ ਪ੍ਰਮੁਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਮੁਸਲਿਮ ਭਾਈਚਾਰੇ ਦੇ ਮੁਖੀਆਂ ਸਹਿਤ ਸਾਰਿਆਂ ਨੇ ਸਿੱਖਾਂ ਦੇ ਇਸ ਪਿਆਰ ਤੇ ਸਦਭਾਵਨਾ ਪੂਰਣ ਵਿਹਾਰ ਦੀ ਭਰਪੂਰ ਪ੍ਰਸ਼ੰਸਾ ਕੀਤੀ। ਜਿਸ ਤੇ ਸਿੱਖ ਮੁਖੀਆਂ ਨੇ ਕਿਹਾ ਕਿ ਉਨ੍ਹਾਂ ਅਜਿਹਾ ਕਰ ਕਿਸੇ ਪੁਰ ਕਿਸੇ ’ਤੇ ਕੋਈ ਅਹਿਸਾਨ ਨਹੀਂ ਕੀਤਾ। ਉਨ੍ਹਾਂ ਆਪਣੀ ਸਮਰਥਾ ਅਨੁਸਾਰ ਗੁਰੂ ਸਾਹਿਬਾਨ ਵਲੋਂ ਵਿਖਾਏ ਸਦਭਾਵਨਾ, ਸਰਬ-ਸਾਂਝੀਵਾਲਤਾ ਅਤੇ ਸਰਬਤ ਦੇ ਭਲੇ ਆਦਿ ਦੇ ਆਦਰਸ਼ਾਂ ਦੀ ਰਾਹ ਪੁਰ ਚਲਣ ਦਾ ਨਿਮਾਣਾ ਜਿਹਾ ਜਤਨ ਕੀਤਾ ਹੈ। ਉਨ੍ਹਾਂ ਦੇ ਇਸ ਵਿਹਾਰ ਦੀ ਉਤਰਾਂਚਲ-ਭਰ ਵਿੱਚ ਚਰਚਾ ਹੋਈ ਅਤੇ ਉਥੋਂ ਦੇ ਲੋਕਾਂ ਨੇ ਸਿੱਖਾਂ ਅਤੇ ਸਿੱਖ ਧਰਮ ਦੀ ਪ੍ਰਸ਼ੰਸਾ ਕਰ, ਉਨ੍ਹਾਂ ਪ੍ਰਤੀ ਆਪਣਾ ਸਨਮਾਨ-ਪੂਰਣ ਅਭਾਰ ਪ੍ਰਗਟ ਕੀਤਾ।

ਪ੍ਰੰਤੂ ਹੈਰਾਨੀ ਦੀ ਗਲ ਤਾਂ ਇਹ ਰਹੀ ਕਿ ਜਦੋਂ ਮੀਡੀਆ ਰਾਹੀਂ ਇਹ ਸਮਾਚਾਰ ਉਤਰਾਂਚਲ ਤੋਂ ਬਾਹਰ ਪੁਜਾ ਤਾਂ ਹੋਰਾਂ ਨੇ ਤਾਂ ਕੀ, ਸਿੱਖ ਹਲਕਿਆਂ ਵਲੋਂ ਵੀ ਇਸਦਾ ਸੁਆਗਤ ਬਹੁਤ ਹੀ ਠੰਡਾ ਰਿਹਾ। ਜੇ ਜੋਸ਼ੀਮਠ ਦੇ ਸਿੱਖਾਂ ਦੇ ਇਸ ਕਾਰਜ ਨੂੰ ਗੰਭੀਰਤਾ ਨਾਲ ਵੇਖਿਆ ਅਤੇ ਵਿਚਾਰਿਆ ਜਾਏ ਤਾਂ ਉਨ੍ਹਾਂ ਦਾ ਇਹ ਵਿਹਾਰ ਸਿੱਖ ਪਰੰਪਰਾਵਾਂ ਅਨੁਸਾਰ ਹੋਣ ਕਾਰਣ ਸਿੱਖਾਂ ਲਈ ਇੱਕ ਅਜਿਹਾ ਸੰਦੇਸ਼ ਹੈ, ਜਿਸਦੇ ਸਹਾਰੇ ਉਹ ਸੰਸਾਰ ਭਰ ਵਿੱਚ ਆਪਣੇ ਲਈ ਸਨਮਾਨ ਤੇ ਪਿਆਰ ਦਾ ਵਾਤਾਵਰਣ ਬਣਾਉਣ ਵਿੱਚ ਸਫਲ ਹੋ ਸਕਦੇ ਹਨ।

ਸ਼ਾਇਦ ਇੱਕ ਬੁੱਧੀਜੀਵੀ ਵਲੋਂ ਜੋਸ਼ੀਮਠ ਦੇ ਸਿੱਖਾਂ ਦੇ ਇਸ ਵਿਹਾਰ ਨੂੰ ਸਿੱਖ ਰਹਿਤ ਮਰਿਅਦਾ ਦੇ ਵਿਰੁਧ ‘ਅਨਮਤ’ ਕਰਾਰ ਦੇ ਦਿਤੇ ਜਾਣ ਨਾਲ ਸਿੱਖ ਮੁਖੀਆਂ ਦੇ ਦਿਲ ਵਿੱਚ ਇਹ ਡਰ ਪੈਦਾ ਹੋ ਗਿਆ ਕਿ ਜੇ ਉਨ੍ਹਾਂ ਇਸ ਕਥਤ ‘ਅਨਮਤ’ ਦੀ ਪ੍ਰਸ਼ੰਸਾ ਕੀਤੀ ਤਾਂ ਉਨ੍ਹਾਂ ਨੂੰ ਅਕਾਲ ਤਖਤ ਪੁਰ ਜਵਾਬ-ਤਲਬੀ ਲਈ ਤਲਬ ਕੀਤਾ ਜਾ ਸਕਦਾ ਹੈ। ਫਲਸਰੂਪ ਉਨ੍ਹਾਂ ਆਪਣੀ ਜ਼ਬਾਨ ਪੁਰ ਤਾਲਾ ਲਾਈ ਰਖਣ ਵਿੱਚ ਹੀ ਆਪਣੀ ਭਲਾਈ ਸਮਝੀ।

ਸੁਆਲ ਉਠਦਾ ਹੈ ਕਿ ਕੀ ਮੁਸਲਮਾਣਾ ਵਲੋਂ ਗੁਰਦੁਆਰਾ ਕੰਪਲੈਕਸ ਵਿੱਚ ‘ਖੁਦਾ ਦੀ ਇਬਾਦਤ’ ਕਰਨਾ ‘ਅਨਮਤ’ ਹੈ ਅਤੇ ਇਸ ਨਾਲ ਗੁਰਦੁਆਰਾ ‘ਭਿੱਟ’ ਗਿਆ ਹੈ ਤਾਂ ਇਹ ਇੱਕ ਬ੍ਰਾਹਮਣੀ ਸੋਚ ਦਾ ਉਹ ਬੰਧਨ ਹੈ, ਜਿਸ ਵਿੱਚੋਂ ਗੁਰੂ ਸਾਹਿਬ ਨੇ ਢਾਈ ਸਦੀਆਂ ਦੀ ਘਾਲਣਾ ਘਾਲ ਕੇ ਆਜ਼ਾਦ ਕੀਤਾ ਸੀ। ਫਿਰ ਕੀ ਇਸ ਗਲ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਹਰ ਇੱਕ ਗੁਰਦੁਆਰੇ ਵਿੱਚ ਸਥਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਬਾਬਾ ਫਰੀਦ ਜੀ ਬੜੇ ਹੀ ਸਖਤ ਸ਼ਬਦਾਂ ਵਿੱਚ ਮੁਸਲਮਾਨ ਭਰਾਵਾਂ ਨੂੰ ਕਹਿ ਰਹੇ ਹਨ, ‘ਬੇਨਿਵਾਜਾ ਕੁਤਿਆ.. ਇਹ ਨਾ ਭਲੀ ਰੀਤ…’

ਜੇ ਰਹਿਤ ਮਰਿਆਦਾ ਦਾ ਸੁਆਲ ਉਠਾਇਆ ਜਾਂਦਾ ਹੈ ਤਾਂ ਜਿਥੋਂ ਤਕ ਇਸਦੇ ਪਾਲਣ ਦੀ ਗਲ ਹੈ ਤਾਂ ਸੱਚਾਈ ਬਹੁਤ ਹੀ ਕੌੜੀ ਹੈ। ਜੇ ਸੱਚ ਸਵੀਕਾਰ ਕਰਨ ਦੀ ਦਲੇਰੀ ਹੋਵੇ ਤਾਂ ਸੱਚਾਈ ਇਹੀ ਹੈ ਕਿ ਹਰ ਇਤਿਹਾਸਿਕ ਅਤੇ ਗ਼ੈਰ-ਇਤਿਹਾਸਿਕ ਗੁਰਦੁਆਰੇ ਵਿੱਚ ਰਹਿਤ ਮਰਿਆਦਾ ਦੀ ਖੁਲ੍ਹੇ ਆਮ ਉਲੰਘਣਾ ਹੋ ਰਹੀ ਹੈ, ਪਰ ਕੋਈ ਉਸ ਪੁਰ ਕਿੰਤੂ ਕਰਨ ਲਈ ਤਿਆਰ ਨਹੀਂ, ਕਿਉਂਕਿ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ।

ਕੀ ਇਹ ਸੱਚ ਨਹੀਂ ਕਿ ‘ਅਖੰਡ ਪਾਠ’ ਦੀ ਮਰਿਆਦਾ ਦੇ ਸਬੰਧ ਵਿੱਚ ਰਹਿਤ ਮਰਿਆਦਾ ਵਿੱਚ ਸਪਸ਼ਟ ਸ਼ਬਦਾਂ ਵਿੱਚ ਦਰਜ ਹੈ ਕਿ ‘ਜਿਸ ਪਰਿਵਾਰ ਜਾਂ ਸੰਗਤ ਨੇ ਅਖੰਡ ਪਾਠ ਕਰਨਾ ਹੈ, ਪਰਿਵਾਰ ਦੇ ਆਦਮੀ, ਰਿਸ਼ਤੇਦਾਰ, ਸਾਕ-ਸੰਬੰਧੀ, ਮਿਤ੍ਰ ਆਦਿ ਮਿਲ ਕੇ ਪਾਠ ਕਰਨ.....ਅਜਿਹਾ ਨਾ ਹੋਵੇ ਕਿ ਪਾਠੀ ਆਪ ਇਕਲਾ ਬੈਠ ਪਾਠ ਕਰਦਾ ਰਹੇ ਅਤੇ ਸੰਗਤ ਜਾਂ ਪਰਿਵਾਰ ਦਾ ਕੋਈ ਮੈਂਬਰ ਸੁਣਨ ਲਈ ਉਥੇ ਨਾ ਹੋਵੇ’। ਪਰ ਕੀ ਸ੍ਰੀ ਅਕਾਲ ਤਖਤ, ਸ੍ਰੀ ਹਰਿਮੰਦਿਰ ਸਾਹਿਬ ਸਹਿਤ ਸੰਸਾਰ ਭਰ ਦੇ ਸਾਰੇ ਇਤਿਹਾਸਿਕ ਅਤੇ ਹੋਰ ਗੁਰਦੁਆਰਿਆਂ ਵਿੱਚ ਇਸ ਰਹਿਤ ਮਰਿਆਦਾ ਦਾ ਪੂਰੀ ਤਰ੍ਹਾਂ ਪਾਲਣ ਹੋ ਰਿਹਾ ਹੈ? ਹੋਰ ਗਲਾਂ ਨੂੰ ਛੱਡ, ਇਹ ਤਾਂ ਪੁਛਿਆ ਹੀ ਜਾ ਸਕਦਾ ਹੈ ਕਿ ਇਨ੍ਹਾਂ ਸਾਰੇ ਗੁਰਦੁਆਰਿਆਂ ਵਿੱਚ ਜੋ ਅਖੰਡ ਪਾਠ ਹੋ ਰਹੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼਼ੂਰੀ ਵਿੱਚ ਜਿਸਤਰ੍ਹਾਂ ਸਿਰੋਪਾਉ ਸੌ-ਸੌ ਰੁਪਏ ਦੇ ‘ਵੇਚੇ’ ਜਾ ਰਹੇ ਹਨ ਅਤੇ ਘਰ-ਘਰ ਜਾ ਸਿਰੋਪਾਉ ਦੇ ਨਾਲ ਤਲਵਾਰਾਂ ਅਤੇ ਗੁਰੂ ਸਾਹਿਬਾਨ ਦੇ ਚਿਤ੍ਰ ਵੰਡਦੇ ਰਹਿੰਦੇ ਹਨ, ਕੀ ਉਹ ਸਭ ਰਹਿਤ ਮਰਿਆਦਾ ਅਨੁਸਾਰ ਹੋ ਰਿਹਾ ਹੈ?

ਸਿੱਖ ਪਰੰਪਰਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿਰੋਪਾਉ ਦੀ ਬਖਸ਼ਿਸ਼ (ਭੇਟ ਨਹੀਂ) ਕਰ, ਉਸੇ ਵਿਅਕਤੀ ਨੂੰ ਹੀ ਸਨਮਾਨਤ ਕੀਤਾ ਜਾਂਦਾ ਹੈ, ਜਿਸਨੇ ਦੇਸ਼, ਕੌਮ ਜਾਂ ਮਨੁਖਤਾ ਦੇ ਖੇਤ੍ਰ ਵਿੱਚ ਕੋਈ ਪ੍ਰਸ਼ੰਸਾ-ਯੋਗ ਕੰਮ ਕੀਤਾ ਹੋਵੇ, ਨਾ ਕਿ ਉਸਨੂੰ ਜੋ 100 ਜਾਂ ਇਸਤੋਂ ਵੱਧ ਰੁਪਏ ‘ਦੇ ਜਾਂ ਭੇਟ’ ਕਰ ਰਿਹਾ ਹੋਵੇ। ਸਿੱਖੀ ਵਿੱਚ ਇਹ ਪਰੰਪਰਾ ਵੀ ਨਹੀਂ ਕਿ ਰਾਜਸੀ ਸੁਆਰਥ ਲਈ ਇਨ੍ਹਾਂ ਨੂੰ ਗਡੀਆਂ ਵਿੱਚ ਭਰ ਘਰ-ਘਰ ਜਾ ਵੰਡਣਾ ਸ਼ੁਰੂ ਕਰ ਦਿੱਤਾ ਜਾਏ। ਰਾਜਸੀ ਵਿਅਕਤੀਆਂ ਨੂੰ ਤਲਵਾਰਾਂ ‘ਭੇਟ’ ਕਰਦਿਆਂ ਹੋਇਆਂ ਕਦੀ ਇਹ ਸੋਚਿਆ ਤਕ ਨਹੀਂ ਜਾਂਦਾ ਹੈ ਕਿ ਇਸਦੀ ਪਰੰਪਰਾ ਕੀ ਰਹੀ ਹੈ? ਇਤਿਹਾਸ ਗਵਾਹ ਹੈ ਕਿ ਜਦੋਂ ਲੋਕੀ ਸਾਹ-ਸਤਹੀਨ ਹੋ ਆਪਣੀ ਰਖਿਆ ਆਪ ਕਰਨ ਦੀ ਸਮਰਥਾ ਗੁਆ ਬੈਠਦੇ, ਤਾਂ ਉਹ ਜਿਸਨੂੰ ਆਪਣੀ ਰਖਿਆ ਕਰਨ ਦੇ ਯੋਗ ਸਮਝਦੇ, ਉਸ ਕੋਲ ਜਾ, ਉਸ ਸਾਹਮਣੇ ਆਤਮ-ਸਮਰਪਣ ਕਰਦੇ ਅਤੇ ਨਾਲ ਹੀ ਉਸਨੂੰ ਆਪਣੀ ਤਲਵਾਰ ਭੇਟ ਕਰ, ਆਪਣੀ ਰਖਿਆ ਕਰਨ ਦੀ ਜ਼ਿੰਮੇਂਦਾਰੀ ਸੌਂਪ ਦਿੰਦੇ। ਜੇ ਸਿੱਖ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਦੂਸਰੇ ਲੋਕਾਂ, ਮਜ਼ਲੂਮਾਂ ਆਦਿ ਦੀ ਰਖਿਆ ਕਰਨ ਦੀ ਜ਼ਿੰਮੇਂਦਾਰੀ ਸੌਂਪੀ ਹੈ, ਹੀ ਆਪਣੇ-ਆਪਨੂੰ ਸਾਹ-ਸਤਹੀਨ ਮੰਨ ਘਰ-ਘਰ ਜਾ ਤਲਵਾਰਾਂ ‘ਭੇਟ’ ਕਰ, ਆਪਣੀ ਰਖਿਆ ਕਰਨ ਦੀ ਦੁਹਾਈ ਦੇਣ ਲਗ ਪੈਣ ਤਾਂ ਕੀ ਇਹ ਸਿੱਖ ਪਰੰਪਰਾਵਾਂ ਦੇ ਅਨੁਸਾਰ ਹੈ? ਜੇ ਨਹੀਂ ਤਾਂ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਵਲੋਂ ਉਨ੍ਹਾਂ ਸਿੱਖਾਂ ਦੇ ਵਿਰੁਧ ਧਾਰਮਕ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ, ਜੋ ਅਖੰਡ ਪਾਠਾਂ ਦੀਆਂ ਲੜੀਆਂ ਚਲਾ, ਸਿਰੋਪਾਉ ਵੇਚ ਤੇ ਉਨ੍ਹਾਂ ਨੂੰ ਤਲਵਾਰਾਂ ਅਤੇ ਗੁਰੂ ਸਾਹਿਬਾਨ ਦੀਆਂ ਫੋਟੋਆਂ ਦੇ ਨਾਲ ਲਿਜਾ ਐਰਿਆਂ-ਗੈਰਿਆਂ ਨੂੰ ਵੰਡ, ਸਿੱਖ ਮਰਿਆਦਾ ਤੇ ਪਰੰਪਰਾ ਦੀਆਂ ਖੁਲ੍ਹੇ-ਆਮ ਧੱਜੀਆਂ ਉਡਾ ਰਹੇ ਹਨ?

ਅਮਰੀਕਾ ਤੋਂ ਆਇਆ ਸੰਦੇਸ਼ :

ਬੀਤੇ ਦਿਨੀਂ ਵਿਸਕੋਂਸਿਨ (ਅਮਰੀਕਾ) ਦੇ ਗੁਰਦੁਆਰੇ ਵਿੱਚ ਹੋਏ ਗੋਲੀਕਾਂਡ, ਜਿਸ ਵਿੱਚ 6 ਸਿੱਖ ਸ਼ਹੀਦ ਅਤੇ ਕਈ ਜ਼ਖਮੀ ਹੋ ਗਏ ਸਨ, ਨੂੰ ਲੈ ਕੇ ਜਿਸਤਰ੍ਹਾਂ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਸਹਿਤ ਸਾਰਾ ਅਮਰੀਕੀ ਸਮਾਜ ਰਾਸ਼ਟਰੀ ਪੱਧਰ ਤੇ ਸਿੱਖਾਂ ਨਾਲ ਦੁੱਖ ਵਿੱਚ ਆ ਸ਼ਾਮਲ ਹੋਇਆ, ਉਹ ਇਸ ਗਲ ਦਾ ਪ੍ਰਤੀਕ ਹੈ ਕਿ ਅਮਰੀਕੀ ਸਮਾਜ ਵਿੱਚ ਸਿੱਖਾਂ ਨੂੰ ਵਿਸ਼ੇਸ਼ ਸਨਮਾਨ ਅਤੇ ਆਪਣਾਪਨ ਪ੍ਰਾਪਤ ਹੈ। ਆਖਿਰ ਉਨ੍ਹਾਂ ਇਹ ਸਭ ਕੁਝ ਕਿਵੇਂ ਹਾਸਲ ਕੀਤਾ? ਇਹ ਸਮਝਣਾ ਕੋਈ ਮੁਸ਼ਕਿਲ ਨਹੀਂ ਕਿ ਸਿੱਖਾਂ ਨੇ ਇਹ ਸਭ ਆਪਣੀ ਮੇਹਨਤ, ਲਗਨ, ਸਮਰਪਿਤ ਭਾਵਨਾ ਅਤੇ ਸਿੱਖੀ ਦੀਆਂ ਮਾਨਤਾਵਾਂ ਪੁਰ ਅਧਾਰਤ ਅਪਨਾਏ ਜੀਵਨ ਨਾਲ ਹੀ ਹਾਸਲ ਕੀਤਾ ਹੈ।

...ਅਤੇ ਅੰਤ ਵਿੱਚ :

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਸ. ਹਰਮਨਜੀਤ ਸਿੰਘ ਅਤੇ ਪ੍ਰਦੇਸ਼ ਮੁਖੀ ਸ. ਕੁਲਦੀਪ ਸਿੰਘ ਸਾਹਨੀ ਦਾ ਮੰਨਣਾ ਹੈ ਕਿ ਅਮਰੀਕਾ ਤੋਂ ਆਇਆ ਇਹ ਸੰਦੇਸ਼ ਇਸ ਗਲ ਦਾ ਸੰਕੇਤ ਹੈ ਕਿ ਜੇ ਦੇਸ਼ ਅਤੇ ਵਿਦੇਸ਼ਾਂ ਦੇ ਵੱਖ-ਵੱਖ ਹਿਸਿਆਂ ਵਿੱਚ ਵਸ ਰਹੇ ਸਿੱਖ ਆਪਣੇ-ਆਪਨੂੰ ਆਰਥਕ, ਸਮਾਜਕ, ਭਾਈਚਾਰਕ ਅਤੇ ਰਾਜਨੈਤਿਕ ਰੂਪ ਵਿੱਚ ਸ਼ਕਤੀਸ਼ਾਲੀ ਬਣਾਉਣ ਦੇ ਨਾਲ ਹੀ, ਸਿੱਖੀ-ਸਰੂਪ ਦੀ ਪਛਾਣ ਕਾਇਮ ਰਖਦਿਆਂ, ਸਥਾਨਕ ਲੋਕਾਂ ਨੂੰ ਸਿੱਖੀ ਦੇ ਸਮਾਨਤਾ, ਸਦਭਾਵਨਾ ਅਤੇ ਸੇਵਾ ਆਦਿ ਦੇ ਆਦਰਸ਼ਾਂ ਨਾਲ ਸੰਬੰਧਤ ਮਾਨਤਾਵਾਂ ਦੀ ਜਾਣਕਾਰੀ ਦਿੰਦੇ ਰਹਿਣ ਅਤੇ ਨਾਲ ਹੀ ਗੁਰੂ ਸਾਹਿਬਾਨ ਵਲੋਂ ਦੇਸ਼ ਵਿੱਚ ਫੈਲੇ ਊਚ-ਨੀਚ ਦੇ ਭੇਦ-ਭਾਵ ਅਤੇ ਜ਼ਾਲਮ ਹਾਕਮਾਂ ਵਲੋਂ ਮਜ਼ਲੂਮਾਂ ਪੁਰ ਢਾਹੇ ਜਾ ਰਹੇ ਜ਼ੁਲਮਾਂ ਵਿਰੁਧ ਸੰਘਰਸ਼ ਕਰ, ਦੇਸ਼-ਵਾਸੀਆਂ ਵਿੱਚ ਆਤਮ-ਵਿਸ਼ਵਾਸ ਦੀ ਭਾਵਨਾ ਦ੍ਰਿੜ੍ਹ ਕਰ ਉਨ੍ਹਾਂ ਨੂੰ ਜ਼ਾਲਮਾਂ ਦਾ ਸਾਹਮਣਾ ਕਰਨ ਦੇ ਯੋਗ ਬਣਾਏ ਜਾਣ ਅਤੇ ਇਸੇ ੳੂੁਦੇਸ਼ ਲਈ ਉਨ੍ਹਾਂ ਵਲੋਂ ਆਪਣੀਆਂ ਦਿਤੀਆਂ ਗਈਆਂ ਸ਼ਹਾਦਤਾਂ ਨਾਲ ਸੰਬੰਧਤ ਇਤਿਹਾਸ ਦੀ ਜਾਣਕਾਰੀ ਦਿੰਦੇ ਰਹਿਣ ਤਾਂ ਉਹ ਨਾ ਕੇਵਲ ਆਪਣੇ ਸਨਮਾਨ ਵਿੱਚ ਵਾਧਾ ਕਰ ਸਕਦੇ ਹਨ, ਸਗੋਂ ਉਨ੍ਹਾਂ ਦੇ ਦਿਲ ਵਿੱਚ ਸਿੱਖ ਧਰਮ ਪ੍ਰਤੀ ਵੀ ਸਨਮਾਨ ਦੀ ਭਾਵਨਾ ਪੈਦਾ ਕਰ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top