Share on Facebook

Main News Page

ਬੀਬੀ ਕਿਰਨਜੋਤ ਕੌਰ ਨੇ ਮਾਈ ਭਾਗੋ ਦਾ ਇਤਿਹਾਸ ਦੁਹਰਾਇਆ, ਅੱਤਵਾਦ ਦਾ ਰੌਲਾ ਪਾਉਣ ਵਾਲਿਆਂ ਨੂੰ ਲਲਕਾਰਿਆ

* ਜਨਰਲ ਬਰਾੜ ਨੂੰ ਲਿਆ ਕਰੜੇ ਹੱਥੀਂ
* ਜ਼ਿੰਦਾ-ਸੁੱਖਾ ਨੂੰ ਸਿੱਖ ਇਤਿਹਾਸ ਦੇ ਪਾਤਰ ਦੱਸਿਆ
* ਫਿਰਕੂ ਮੀਡੀਆ ਨੂੰ ਪੰਜਾਬ ਦੀ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਦੋਸ਼ੀ ਠਹਿਰਾਇਆ

ਅੰਮ੍ਰਿਤਸਰ - ਜੂਨ 84 ਦੌਰਾਨ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੇ ਜ਼ਿੰਮੇਵਾਰ ਸਾਬਕਾ ਲੈਫ. ਜਨਰਲ ਕੁਲਦੀਪ ਸਿੰਘ ਬਰਾੜ ਉੱਪਰ ਯੂਕੇ ਵਿਖੇ ਚਾਕੂ ਨਾਲ ਹੋਏ ਹਮਲੇ ਤੋਂ ਬਾਅਦ ਜਿੱਥੇ ਸਿੱਖ ਜਗਤ ਵਿੱਚ ਚੁੱਪੀ ਜਿਹੀ ਛਾ ਗਈ ਹੈ, ਉੱਥੇ ਭਾਰਤੀ ਮੀਡੀਆ ਦੇ ਇਕ ਗਰੁੱਪ ਨੇ ਫਾਸ਼ੀਵਾਦ ਦੀ ਖੇਡ ਖੇਡਦਿਆਂ ਸਨਸਨੀ ਜਿਹੀਆਂ ਖਬਰਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਪੰਜਾਬ ਵਿਚ ਅੱਤਵਾਦ ਆ ਗਿਆ ਹੈ। ਇਸ ਹਮਲੇ ਤੋਂ ਬਾਅਦ ਸਿੱਖ ਬੌਧਿਕ ਤੇ ਸਿਆਸੀ ਹਲਕਿਆਂ ਵਿੱਚ ਕਬਰਾਂ ਵਰਗੀ ਸ਼ਾਂਤੀ ਛਾਈ ਹੋਈ ਹੈ ਕਿ ਇਸ ਹਮਲੇ ਦਾ ਵਿਰੋਧ ਕਰੀਏ ਜਾਂ ਹੱਕ 'ਚ ਬੋਲੀਏ। ਇਨ੍ਹਾਂ ਹਾਲਾਤਾਂ ਵਿੱਚ ਸਿੱਖ ਕੌਮ ਦੀ ਕੋਈ ਲੀਡਰਸ਼ਿਪ ਦਿਖਾਈ ਨਹੀਂ ਦੇ ਰਹੀ, ਜੋ ਕਿ ਪੰਜਾਬ ਅਤੇ ਖਾਲਸਾ ਪੰਥ ਨੂੰ ਉਸਾਰੂ ਸੇਧ ਦੇ ਸਕੇ ਤੇ ਸਿੱਖ ਕੌਮ ਵਿਰੋਧੀ ਫਾਸ਼ੀਵਾਦੀ ਹਮਲਿਆਂ ਦਾ ਮੁਕਾਬਲਾ ਕਰ ਸਕੇ।

ਦੂਸਰੇ ਪਾਸੇ ਭਾਈ ਜ਼ਿੰਦਾ-ਸੁੱਖਾ ਦੇ ਪਰਿਵਾਰਾਂ ਨੂੰ ਦਰਬਾਰ ਸਾਹਿਬ ਵਿੱਚ ਸਨਮਾਨਿਤ ਕਰਨ ਕਰਕੇ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਤੇ ਮੀਡੀਆ ਦੇ ਇਕ ਹਿੱਸੇ ਨੇ ਹੱਲਾ ਬੋਲਦਿਆਂ ਸ਼੍ਰੋਮਣੀ ਕਮੇਟੀ ਨੂੰ ਘੇਰਿਆ ਹੋਇਆ ਹੈ। ਬਾਦਲ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਭਾਵੇਂ ਜਨਰਲ ਬਰਾੜ ਦੇ ਪੰਜਾਬ ਪ੍ਰਤੀ ਵਿਚਾਰਾਂ ਤੇ ਅੱਤਵਾਦ ਆਉਣ ਦੇ ਰੌਲੇ ਨੂੰ ਨਕਾਰ ਰਹੇ ਹਨ, ਪਰ ਸਿੱਖ ਮਾਨਸਿਕਤਾ ਅਨੁਸਾਰ ਕੋਈ ਅਹਿਮ ਭੂਮਿਕਾ ਨਹੀਂ ਨਿਭਾ ਰਹੇ, ਜਿਸ ਨਾਲ ਹੱਲਾ ਬੋਲਣ ਵਾਲਿਆਂ ਨੂੰ ਕੋਈ ਤਰਕਵਾਦੀ ਜੁਆਬ ਮਿਲ ਸਕੇ ਤੇ ਉਨ੍ਹਾਂ ਦੀ ਬੋਲਤੀ ਬੰਦ ਹੋ ਸਕੇ।

ਇਸ ਸਾਰੇ ਇਤਿਹਾਸਕ ਕ੍ਰਮ ਵਿੱਚ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਧੜੱਲੇ ਨਾਲ ਕੌਮ ਵਿਰੋਧੀਆਂ ਦੇ ਵਿਚਾਰਧਾਰਕ ਹਮਲਿਆਂ ਦਾ ਜੁਆਬ ਦੇਂਦਿਆਂ ਦੁਸ਼ਮਣਾਂ ਦੇ ਖੇਮ੍ਹੇ ਵਿੱਚ ਤੜਥੱਲੀ ਮਚਾ ਦਿੱਤੀ ਹੈ ਕਿ ਪੰਜਾਬ ਵਿੱਚ ਅੱਤਵਾਦ ਦਾ ਰੌਲਾ ਪਾਉਣ ਵਾਲੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਯਤਨਾਂ ਵਿੱਚ ਹਨ ਤੇ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ। ਸਿੱਖ ਕੌਮ ਉਨ੍ਹਾਂ ਦੇ ਇਸ ਖਾਲਸਈ ਪ੍ਰਗਟਾਵੇ 'ਚੋਂ ਮਾਈ ਭਾਗੋ ਦੇ ਪੁਨਰ ਜਨਮ ਵਜੋਂ ਦੇਖ ਰਹੀ ਹੈ।

ਬੀਬੀ ਕਿਰਨਜੋਤ ਕੌਰ ਨੇ ਭਾਈ ਜ਼ਿੰਦਾ-ਸੁੱਖਾ ਦੇ ਰਿਸ਼ਤੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕਰਨ ਬਾਰੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਹੋ ਜਿਹੇ ਸਮਾਗਮ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਕਾਫੀ ਚਿਰਾਂ ਤੋਂ ਕਰ ਰਹੀ ਹੈ, ਉਸ ਸਮੇਂ ਕਿਸੇ ਨੇ ਇਤਰਾਜ਼ ਨਹੀਂ ਕੀਤਾ, ਅੱਜ ਪੰਥਕ ਮਸਲਿਆਂ 'ਤੇ ਇਤਰਾਜ਼ ਕਰਕੇ ਕਿਉਂ ਘਟੀਆ ਰਾਜਨੀਤੀ ਦੀ ਖੇਡ ਖੇਡੀ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਸਿੱਖ ਕੌਮ ਭਾਈ ਜ਼ਿੰਦਾ-ਸੁੱਖਾ ਨੂੰ ਅੱਤਵਾਦੀ ਪ੍ਰਵਾਨ ਨਹੀਂ ਕਰਦੀ। ਉਨ੍ਹਾਂ ਸੁਆਲ ਕੀਤਾ ਕਿ ਜੇਕਰ ਜਨਰਲ ਡਾਇਰ ਨੂੰ ਮਾਰਨ ਵਾਲਾ ਊਧਮ ਸਿੰਘ ਤੇ ਸਾਂਡਰਸ ਨੂੰ ਮਾਰਨ ਵਾਲਾ ਭਗਤ ਸਿੰਘ ਸ਼ਹੀਦ ਹਨ ਤਾਂ ਉਹ ਉਸ ਸਮੇਂ ਦੀਆਂ ਸਰਕਾਰਾਂ ਦੀਆਂ ਨਜ਼ਰਾਂ ਵਿੱਚ ਅੱਤਵਾਦੀ ਸਨ। ਮਹਾਤਮਾ ਗਾਂਧੀ ਦੀ ਨਜ਼ਰਾਂ ਵਿੱਚ ਉਹ ਕ੍ਰਿਮੀਨਲ ਸਨ। ਗਾਂਧੀ ਨੇ ਉਹਨਾਂ ਦੀ ਕਦੇ ਵੀ ਹਮਾਇਤ ਨਹੀਂ ਕੀਤੀ ਸੀ। ਹਾਲਾਂ ਕਿ ਉਨ੍ਹਾਂ ਨੇ ਨਿੱਜੀ ਹਿੱਤਾਂ ਲਈ ਕੋਈ ਅਪਰਾਧ ਨਹੀਂ ਕੀਤਾ। ਜੋ ਕੀਤਾ ਦੇਸ ਲਈ ਕੀਤਾ। ਇਹੀ ਸੋਚ ਖਾਲਸਾ ਪੰਥ ਦੀ ਹੈ ਕਿ ਜ਼ਿੰਦਾ-ਸੁੱਖਾ ਨੇ ਜੋ ਕੀਤਾ, ਉਹ ਪੰਥਕ ਹਿੱਤਾਂ ਲਈ ਕੀਤਾ, ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਜਨਰਲ ਵੈਦਿਆ ਨੂੰ ਕਤਲ ਕਰਕੇ ਲਿਆ। ਜ਼ਿੰਦਾ-ਸੁੱਖਾ ਨੇ ਇਥੋਂ ਤੱਕ ਆਪਣੇ ਦੋਸ਼ਾਂ ਨੂੰ ਪ੍ਰਵਾਨ ਕੀਤਾ ਸੀ ਕਿ ਜਨਰਲ ਵੈਦਿਆ ਨਾਲ ਉਨ੍ਹਾਂ ਦੀ ਨਿੱਜੀ ਦੁਸ਼ਮਣੀ ਨਹੀਂ ਸੀ। ਉਨ੍ਹਾਂ ਨੇ ਪੰਥਕ ਰਵਾਇਤਾਂ ਅਨੁਸਾਰ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਸੀ। ਵੈਸੇ ਵੀ ਦਰਬਾਰ ਸਾਹਿਬ 'ਤੇ ਹਮਲੇ ਦੇ ਦੋਸ਼ੀਆ ਨੂੰ ਅੱਜ ਤੱਕ ਸਿੱਖ ਪੰਥ ਨੇ ਮਾਫ ਨਹੀਂ ਕੀਤਾ, ਇਤਿਹਾਸ ਗਵਾਹ ਹੈ ਕਿ ਮੱਸਾ ਰੰਘੜ ਤੇ ਅਬਦਾਲੀ ਨੂੰ ਵੀ ਨਹੀਂ ਸੀ ਛੱਡਿਆ।

ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕਰਕੇ ਬੇਗੁਨਾਹਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਬਜ਼ੁਰਗ, ਇਸਤਰੀਆਂ ਵੀ ਸ਼ਾਮਲ ਸਨ। ਇਸ ਤੋਂ ਬਾਅਦ ਦੋ ਦਰਜਨ ਤੋਂ ਵੱਧ ਗੁਰਦੁਆਰਿਆਂ 'ਤੇ ਆਰਮੀ ਅਪ੍ਰੇਸ਼ਨ ਕੀਤੇ ਗਏ ਹਨ, ਜਿੱਥੇ ਕੋਈ ਹਥਿਆਰਬੰਦ ਵਿਅਕਤੀ ਨਹੀਂ ਸੀ। ਜੂਨ 84 ਦੇ ਘੱਲੂਘਾਰੇ ਤੋਂ ਪਹਿਲਾਂ ਆਰਮੀ ਨੇ ਅੰਮ੍ਰਿਤਸਰ 'ਤੇ ਕਬਜ਼ਾ ਕਰਕੇ ਲੋਕਾਂ ਦੇ ਘਰ ਲੁੱਟੇ ਹਨ। ਵੁਡਰੋਜ਼ ਅਪ੍ਰੇਸ਼ਨ ਦੇ ਨਾਮ 'ਤੇ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਤੇ ਸਿੱਖ ਇਸਤਰੀਆਂ ਦੀ ਬੇਅਦਬੀ ਕੀਤੀ ਸੀ। ਇਸ ਸਾਕੇ ਨੂੰ ਕੌਣ ਭੁੱਲ ਸਕਦਾ ਹੈ। ਮੈਂ ਕਹਿਣਾ ਚਾਹੁੰਦੀ ਹਾਂ ਕਿ ਹਰ ਇਕ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ, ਪਰ ਸਾਬਕਾ ਲੈਫਟੀਨੈਟ ਜਨਰਲ ਬਰਾੜ ਇਸ ਨੂੰ ਦੁਰਸੱਤ ਠਹਿਰਾ ਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦਾ ਯਤਨ ਕਰ ਰਹੇ ਹਨ।

ਬੀਬੀ ਜੀ ਦਾ ਸੰਪਰਕ kiranjotkaursgpc@gmail.com


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top