ਇੱਕ
ਵਾਰ ਮੈਂ ਬਰਮਪੈਟਨ ਸ਼ਹਿਰ ਦੇ ਗੁਰਦਵਾਰੇ ਵਿੱਚ ਗਿਆ। ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਮੈਂ
ਗੁਰੂ ਗਰੰਥ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਸੰਗਤ ਵਿੱਚ ਬੈਠ ਗਿਆ। ਰਾਗੀ ਸਿੰਘ ਨੇ
ਸੇਵਾ ਦੀ ਮਹਾਨਤਾ ਦੱਸਦਿਆਂ ਕਾਰ ਸੇਵਾ ਵਾਲਿਆਂ ਬਾਬਿਆਂ ਦੀ ਮਿਸਾਲ ਦਿੱਤੀ। ਉਸ ਨੇ ਕਥਾ ਦੀ
ਲੜੀ ਤੁਰਦੇ ਹੋਏ ਹੋਏ ਦੱਸਿਆ ਕਿ ਕਾਰ ਸੇਵਾ ਵਾਲੇ ਬਾਬਿਆਂ ਦਾ ਕੀ ਪਿਛੋਕੜ ਹੈ। ਗੁਰੂ ਅਮਰਦਾਸ
ਜੀ ਦੇ ਦਰਬਾਰ ਵਿੱਚ ਇੱਕ ਸਿੱਖ ਬਹੁਤ ਸੇਵਾ ਕਰਦਾ ਹੁੰਦਾ ਸੀ, ਲੰਗਰ-ਪਾਣੀ 'ਤੇ ਲੱਕੜਾਂ
ਲਿਆਉਣੀਆਂ ਉਹ ਸੇਵਾ ਵਿੱਚ ਰਾਤ -ਦਿਨ ਲੱਗਾ ਰਹਿੰਦਾ ਸੀ। ਕੀ ਹੋਇਆ ਕਿ ਉਸ ਦੇ ਸਿਰ ਵਿੱਚ ਕੀੜੇ
ਪੈ ਗਏ, ਪਰ ਉਸਨੇ ਆਪਣੇ ਸਿਰ ਤੋਂ ਦਸਤਾਰ ਨਹੀਂ ਲਾਹੀ, ਕੋਈ ਇਲਾਜ ਨਹੀਂ ਕੀਤਾ, ਸੇਵਾ ਵਿੱਚ
ਹੀ ਲੱਗਾ ਰਿਹਾ।
ਇੱਕ ਦਿਨ ਗੁਰੂ ਅਮਰਦਾਸ ਜੀ ਨੇ ਭਰੇ ਦਰਬਾਰ ਵਿੱਚ
ਉਸ ਸਿੱਖ ਨੂੰ ਬੁਲਾਇਆ ਤੇ ਪੁਛਿਆ ਕਿ ਸਿੱਖਾ ਤੇਰੇ ਸਿਰ ਵਿੱਚ ਕੀੜੇ ਪੈ ਚੁੱਕੇ ਨੇ,
ਤੂੰ ਇਸ ਦਾ ਇਲਾਜ ਕਿਉਂ ਨਹੀਂ ਕਰਦਾ। ਉਹ ਸਿੱਖ ਕਹਿਣ ਲੱਗਾ ਗੁਰੂ ਜੀ, ਇਹ ਜੀਵ ਹੱਤਿਆਂ ਮੈਂ
ਨਹੀਂ ਕਰ ਸਕਦਾ, ਤਾਂ ਸਤਿਗੁਰੂ ਮੁਸਕਰਾ ਪਏ, ਤੇ ਕਹਿਣ ਲੱਗੇ ਕਿ ਅਸੀਂ ਇਹ ਕੀੜੇ ਦਵਾਈ ਪਾ ਕੇ
ਮਾਰ ਦਿੰਦੇ ਹਾਂ, ਤੇ ਵਰ ਦਿੰਦੇ ਹਾਂ ਕਿ ਅਗਲੇ ਜਨਮ ਵਿੱਚ ਕਾਰ ਸੇਵਾ ਵਾਲੇ ਬਾਬੇ ਬਣਨਗੇ ਤੇ,
ਤੇਰੇ ਵਾਂਗ ਸੇਵਾ ਕਰਨਗੇ।
ਇਹ ਮਿਥਿਆਹਾਸਿਕ ਸਾਖੀ ਅਜੇ ਸੁਣਾ ਹੀ ਰਿਹਾ ਸੀ, ਕਿ ਸੰਗਤ
ਵਿੱਚੋਂ ਜੈਕਾਰਿਆ ਦੀਆਂ ਗੂੰਜਾਂ ਪੈਣੀਆਂ ਸ਼ੁਰੂ ਹੋ ਗਈਆਂ। ਅੱਜ ਇਹ ਕਾਰ ਸੇਵਾ ਵਾਲੇ ਬਾਬੇ
ਸਿੱਖਾਂ ਦੇ ਇਤਹਾਸ ਨੂੰ ਮਿਥਿਹਾਸ ਬਣਾਉਣ ਵਿੱਚ ਲੱਗੇ ਹੋਏ ਨੇ, ਪੁਰਾਤਨ ਇਤਹਾਸ ਵਿਗਾੜ ਦਿੱਤਾ
ਇਨ੍ਹਾਂ ਕਾਰ ਸੇਵਾ ਵਾਲਿਆਂ ਸਾਧਾਂ ਨੇ।
ਕਰੋੜਾਂ ਰੁਪਏ ਖਰਚੇ ਜਾ ਰਹੇ ਨੇ, ਸਿੱਖਾਂ ਦੇ ਪੁਰਾਤਨ
ਇਤਹਾਸ ਦੀ ਦਿੱਖ ਸੰਵਾਰਨ ਨੂੰ ਨਹੀਂ ਸਗੋਂ ਵਿਗਾੜਨ ਨੂੰ । ਕਰੋੜਾਂ ਘੱਪਲਿਆਂ ਵਿੱਚ ਇਹ ਬਾਬੇ
ਫਸੇ ਪਏ ਨੇ। ਜੇਲਾਂ ਦੀ ਹਵਾ ਖਾ ਰਹੇ ਨੇ ਤੇ ਕੁੱਝ ਭਗੌੜੇ ਵੀ ਨੇ। ਮੇਰੇ ਛੋਟੇ ਬੱਚੇ ਇੱਕ ੬
ਸਾਲ ਦਾ ਦੂਜਾ ੯ ਕੁ ਸਾਲ ਦਾ ਮੈ ਜਦੋਂ ਪੁਰਾਤਨ ਸਿੰਘਾਂ ਦੀਆਂ ਕੁਰਬਾਨੀ ਦੀਆਂ ਗੱਲਾਂ ਸੁਣਾਂਦਾ
ਹਾਂ, ਤੇ ਉਹ ਕਈ ਸਵਾਲ ਕਰਦੇ ਨੇ ਉਹ ਉਸ ਥਾਵਾਂ ਨੂੰ ਉਸੇ ਰੂਪ ਚਾਹੁੰਦੇ ਨੇ ਜਿਸ ਤਰਾਂ ਉਹ
ਸੀ। ਪਰ ਇਨਾਂ ਕਾਰ ਸੇਵਾ ਵਾਲਿਆਂ ਸਾਧਾਂ ਨੇ ਕਰੋੜਾਂ ਰੁਪਏ ਲਾ ਕੇ ਉਹ ਖਤਮ ਕਰ ਦਿੱਤੀਆਂ।
ਕਿਤੇ ਇਹ ਸੋਚੀ ਸਮਝੀ ਸ਼ਾਜਿਸ ਤਾਂ ਨਹੀਂ ਕਿ ਇਹ ਇਤਹਾਸਿਕ ਥਾਂਵਾ ਨੂੰ ਇਸ ਤਰਾਂ ਦਾ ਰੂਪ ਦੇ
ਦੇਵੋ, ਕਿ ਕੱਲ ਆਉਣ ਵਾਲੀਆਂ ਨਸਲਾਂ ਸਮਝਣ ਕਿ ਇੱਥੇ ਤਾਂ ਕੁੱਝ ਵੀ ਨਹੀਂ ਹੋਇਆ ਜੀ, ਇਹ ਸਭ
ਮਿਥਿਆਹਾਸਿਕ ਹੀ ਹੈ। ਕਈ ਵਾਰ ਮੈ ਸੋਚਦਾਂ ਕਿ ਉਹ ਰਾਗੀ ਸਿੰਘ ਠੀਕ ਹੀ ਕਹਿ ਰਿਹਾ ਕਿ ਸੀ ਕਿ
ਇਹ ਕੀੜੇ ਅਗਲੇ ਜਨਮ ਵਿੱਚ ਕਾਰ ਸੇਵਾ ਵਾਲੇ ਬਾਬੇ ਬਨਣਗੇ, ਬਿਲਕੁਲ ਜੀ ਇਹ ਬੰਦੇ ਦੀ ਜੂਨ ਤਾਂ
ਪੈ ਗਏ, ਪਰ ਕੀੜਿਆਂ ਵਾਲਾ ਸੁਭਾਅ ਨਹੀਂ ਛੱਡਿਆ। ਪਹਿਲਾਂ ਤਾਂ ਉਸ ਸਿੱਖ ਦਾ ਮਾਸ ਖਾ ਰਹੇ ਸਨ,
ਅੱਜ ਇਹ ਸਮੁੱਚੀ ਕੌਮ ਦਾ ਮਾਸ ਖਾ ਰਹੇ ਨੇ।