Share on Facebook

Main News Page

ਸ੍ਰ. ਜਗਤਾਰ ਸਿੰਘ ਦਾ ਭੋਗ ਗੁਰਮਤਿ ਸਮਾਗਮ ਹੋ ਨਿਬੜਿਆ

* ਜਰੂਰੀ ਨਹੀਂ ਕਿ ਅਸਥੀਆਂ ਵਗਦੇ ਪਾਣੀ ਵਿੱਚ ਹੀ ਜਲ ਪ੍ਰਵਾਹ ਕਰਕੇ ਹੋਰ ਪ੍ਰਦੂਸ਼ਨ ਫੈਲਾਉਣ ਵਿੱਚ ਵਾਧਾ ਕਰੀਏ, ਬਲਕਿ ਉਸੇ ਥਾਂ ਟੋਆ ਪੁੱਟ ਕੇ ਦਬਾਇਆ ਵੀ ਜਾ ਸਕਦਾ ਹੈ : ਗਿਆਨੀ ਜਾਚਕ
* ਗੁਰਬਾਣੀ ਤੋਂ ਜੀਵਨ ਸੇਧ ਲੈਣ ਦੀ ਥਾਂ ਇਸ ਨੂੰ ਕਰਮਕਾਂਡ ਦੇ ਤੌਰ ’ਤੇ ਵਰਤ ਕੇ ਜੋ ਗੁਰੂ ਨਾਨਕ ਦੇ ਸਿਧਾਂਤ ਦੀ ਵਿਰੋਧਤਾ ਸਿੱਖ ਕਰ ਰਹੇ ਹਨ ਹੋਰ ਕੋਈ ਨਹੀਂ ਕਰ ਰਿਹਾ : ਭਾਈ ਰਜਿੰਦਰ ਸਿੰਘ
* ਪ੍ਰੋ: ਦਰਸ਼ਨ ਸਿੰਘ ਦਾ ਲਿਖਤੀ ਸੰਦੇਸ਼ ਭਾਈ ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਨੇ ਪੜ੍ਹ ਕੇ ਸੁਣਾਇਆ

ਬਠਿੰਡਾ, 14 ਅਕਤੂਬਰ (ਕਿਰਪਾਲ ਸਿੰਘ): ਗਿਆਨੀ ਜਗਤਾਰ ਸਿੰਘ ਜਾਚਕ ਦੀ ਪ੍ਰੇਰਣਾ ਸਦਕਾ ਸ: ਗੁਰਦੀਪ ਸਿੰਘ ਲੁਧਿਆਣਾ, ਦਲਜੀਤ ਸਿੰਘ ਨੋਇਡਾ ਅਤੇ ਬੀਬੀ ਸਰਬਜੀਤ ਕੌਰ ਦੇ ਪਿਤਾ ਸਵ: ਸ. ਜਗਤਾਰ ਸਿੰਘ ਜੀ ਦਾ ਭੋਗ ਕਰਮਕਾਂਡੀ ਅੰਤਿਮ ਅਰਦਾਸ ਤੇ ਸ਼੍ਰਧਾਂਜਲੀ ਸਮਾਗਮ ਹੋਣ ਦੀ ਬਜਾਏ ਇੱਕ ਗੁਰਮਤਿ ਸਮਾਗਮ ਹੋ ਨਿਬੜਿਆ। ਗਿਆਨੀ ਜਾਚਕ ਜੀ ਦੇ ਇਸ ਇਸ ਪ੍ਰਵਾਰ ਨਾਲ ਨੇੜਲੇ ਪ੍ਰਵਾਰਕ ਸਬੰਧ ਹੋਣ ਕਰਕੇ ਉਨ੍ਹਾਂ ਨੇ ਪਹਿਲਾਂ ਹੀ ਪ੍ਰਵਾਰ ਤੇ ਨੇੜਲੇ ਸਬੰਧੀਆਂ ਨੂੰ, ਮ੍ਰਿਤਕ ਪ੍ਰਾਣੀ ਲਈ ਕੀਤੇ ਜਾ ਰਹੇ ਫੋਕਟ ਕਰਮਕਾਂਡ ਨਾ ਕਰਨ ਅਤੇ ਉਨ੍ਹਾਂ ਦੀ ਯਾਦ ਵਿੱਚ ਕੀਤੇ ਜਾਣ ਵਾਲੇ ਸਮਾਗਮ ਨੂੰ ਗੁਰਬਾਣੀ ਦੇ ਹੁਕਮਾਂ ਦੇ ਪ੍ਰਚਾਰ ਲਈ ਗੁਰਮਤਿ ਸਮਗਾਮ ਦੇ ਤੌਰ ’ਤੇ ਤਬਦੀਲ ਕਰਨ ਲਈ ਮਨਾ ਲਿਆ ਸੀ।

ਇਸ ਗੁਰਮਤਿ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਗਿਆਨੀ ਜਾਚਕ ਜੀ ਨੇ ਕਿਹਾ ਕਿ ਮ੍ਰਿਤਕ ਪ੍ਰਾਣੀ ਪਿੱਛੋਂ ਅਸੀਂ ਜਿੰਨਾ ਵੀ ਪਾਠ ਕਥਾ ਕੀਰਤਨ ਕਰਦੇ ਹਾਂ ਇਹ ਮ੍ਰਿਤਕ ਪ੍ਰਾਣੀ ਲਈ ਨਹੀਂ ਬਲਕਿ ਸਾਡੇ ਲਈ ਹੈ ਪਰ ਅਸੀਂ ਇਸ ਸਿਧਾਂਤ ਨੂੰ ਸਮਝਣ ਦੀ ਥਾਂ ਇਸ ਨੂੰ ਮ੍ਰਿਤਕ ਪ੍ਰਾਣੀ ਲਈ ਸਹਾਇਕ ਹੋਣਾ ਸਮਝ ਕੇ ਇੱਕ ਕਰਮਕਾਂਡ ਹੀ ਕਰ ਰਹੇ ਹਾਂ। ਉਨ੍ਹਾਂ ਇਸ ਗੱਲੋਂ ਪ੍ਰਵਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਰਮਕਾਂਡ ਕਰਨ ਦੀ ਬਜਾਏ ਇਸ ਸਮਾਗਮ ਨੂੰ ਗੁਰਮਤਿ ਸਮਾਗਮ ਵਿੱਚ ਤਬਦੀਲ ਕਰਕੇ ਸਮੁੱਚੇ ਸਮਾਜ ਨੂੰ ਇੱਕ ਚੰਗੀ ਪ੍ਰੇਰਣਾ ਦੇਣ ਦੀ ਹਿੰਮਤ ਵਿਖਾਈ ਹੈ। ਗਿਆਨੀ ਜਾਚਕ ਨੇ ਕਿਹਾ ਸਿੱਖ ਰਹਿਤ ਮਰਿਆਦਾ ਵਿੱਚ ਮਿਰਤਕ ਸੰਸਕਾਰ ਸਿਰਲੇਖ ਹੇਠ ਦਰਜ ਹੈ ਕਿ ਮਿਰਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ’ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉਥੇ ਹੀ ਦੱਬ ਕੇ ਜਿਮੀਂ ਬਰਾਬਰ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਫੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਤੇ ਹੋਰ ਗੰਦ ਦਰਿਆਵਾਂ ਨਹਿਰਾਂ ਵਿੱਚ ਸੁੱਟੇ ਜਾਣ ਕਰਕੇ ਵੱਡੇ ਪੱਧਰ ’ਤੇ ਪ੍ਰਦੂਸ਼ਣ ਫੈਲ ਰਿਹਾ ਹੈ। ਇਸ ਲਈ ਜਰੂਰੀ ਨਹੀਂ ਕਿ ਅਸੀਂ ਵਗਦੇ ਪਾਣੀ ਵਿੱਚ ਹੀ ਜਲ ਪ੍ਰਵਾਹ ਕਰਕੇ ਹੋਰ ਪ੍ਰਦੂਸ਼ਣ ਫੈਲਾਉਣ ਵਿੱਚ ਵਾਧਾ ਕਰੀਏ ਬਲਕਿ ਉਸੇ ਥਾਂ ਟੋਆ ਪੁੱਟ ਕੇ ਦਬਾਇਆ ਵੀ ਜਾ ਸਕਦਾ ਹੈ। ਗਿਆਨੀ ਜਾਚਕ ਜੀ ਨੇ ਦੁੱਖ ਪ੍ਰਗਟ ਕੀਤਾ ਕਿ ਗੁਰਬਾਣੀ ਦੇ ਸੰਦੇਸ਼ ਤੇ ਸਿੱਖ ਰਹਿਤ ਮਰਿਆਦਾ ਦੀ ਇਸ ਮਦ ਦਾ ਪ੍ਰਚਾਰ ਕਰਨ ਦੀ ਬਜਾਏ ਸਾਡੇ ਅਕਾਲ ਤਖ਼ਤ ਦੇ ਜਥੇਦਾਰ ਖੁਦ ਹੀ ਸ਼੍ਰੋਮਣੀ ਕਮੇਟੀ ਵੱਲੋਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਬਣਾਏ ਗਏ ਘਾਟ ਦਾ ਉਦਘਾਟਨ ਕਰਕੇ ਮਨਮਤਿ ਨੂੰ ਬਡਾਵਾ ਦੇ ਰਹੇ ਹਨ।

ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਕਨਵੀਨਰ ਭਾਈ ਰਜਿੰਦਰ ਸਿੰਘ ਖ਼ਾਲਸਾ ਨੇ ਗੁਰਬਾਣੀ ਵਿੱਚੋਂ ਬੇਅੰਤ ਉਦਾਹਰਣਾ ਦੇ ਕੇ ਦੱਸਿਆ ਕਿ ਉਸ ਵੇਲੇ ਬੜਾ ਦੁੱਖ ਹੁੰਦਾ ਹੈ ਕਿ ਸਿੱਖ ਆਪਣੇ ਹਰ ਸਮਾਗਮ ਵਿੱਚ ਪਾਠ/ ਕਥਾ/ ਕੀਰਤਨ ਕਰਦੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਹਨ ਪਰ ਕੰਮ ਸਾਰੇ ਉਸ ਦੇ ਉਲਟ ਕਰਦੇ ਹਨ। ਮੌਕੇ ਮੁਤਾਬਕ ਖਾਸ ਤੌਰ ’ਤੇ ਮ੍ਰਿਤਕ ਪ੍ਰਾਣੀ ਦੇ ਅੰਤਿਮ ਸੰਸਕਾਰ ਦੇ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਬ੍ਰਾਹਮਣੀ ਮੱਤ ਅਨੁਸਾਰ ਮ੍ਰਿਤਕ ਪ੍ਰਾਣੀ ਦੀ ਗਤੀ ਲਈ ਉਸ ਦੇ ਸਸਕਾਰ ਉਪ੍ਰੰਤ ਬਚੀ ਸੁਆਹ ਨੂੰ ਫਰੋਲ ਕੇ ਉਸ ਵਿੱਚੋਂ ਹੱਡੀਆਂ ਚੁਣ ਕੇ ਵੱਖ ਕਰ ਲਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ‘ਫੁੱਲ’ ਕਿਹਾ ਜਾਂਦਾ ਹੈ, ਨੂੰ ਹਰਿਦੁਆਰ ਵਿਖੇ ਗੰਗਾ ਦਰਿਆ ਵਿੱਚ ਜਲ ਪ੍ਰਵਾਹ ਕੀਤਾ ਜਾਂਦਾ ਹੈ। ਭੋਗ ਸਮੇਂ ਉਸ ਦੀ ਅੱਗੇ ਵਰਤੋਂ ਲਈ ਮੰਜਾ ਬਿਸਤਰਾ, ਭਾਂਡੇ ਤੇ ਹੋਰ ਲੋੜੀਦਾ ਸਮਾਨ ਦਿੱਤਾ ਜਾਂਦਾ ਹੈ। ਹਰ ਸਾਲ ਸ਼ਰਾਧਾਂ ਮੌਕੇ ਬ੍ਰਹਮਣ ਨੂੰ ਭੋਜਨ ਛਕਾਇਆ ਜਾਂਦਾ ਹੈ ਤੇ ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਇਹ ਅੱਗੇ ਪਿਤਰਾਂ ਵਿੱਚ ਬੈਠੇ ਮ੍ਰਿਤਕ ਪ੍ਰਾਣੀ ਨੂੰ ਮਿਲੇਗਾ। ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਬਾ ਫ਼ਰੀਦ ਜੀ ਦੀ ਬਾਣੀ ਦਾ ਫ਼ੁਰਮਾਨ ਹੈ:

ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥ ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍‍॥ ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥
ਤਿਨਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍‍॥ ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍‍॥ ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥100॥

ਜਿਸ ਦਾ ਅਰਥ ਹੈ (ਮਨੁੱਖ ਦਾ ਇਹ) ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ ਪਾਣੀ ਤੇ (ਅੱਗ) ਅੰਨ ਦੀ ਗਰਮਾਇਸ਼ ਦੇ ਜ਼ੋਰ ਕੰਮ ਦੇ ਰਿਹਾ ਹੈ। ਬੰਦਾ ਜਗਤ ਵਿਚ ਕੋਈ ਸੋਹਣੀ ਜਿਹੀ ਆਸ ਬਣਾ ਕੇ ਆਇਆ ਹੈ (ਪਰ ਆਸ ਪੂਰੀ ਨਹੀ ਹੁੰਦੀ)। ਜਦੋਂ ਮੌਤ ਦਾ ਫ਼ਰਿਸਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦ੍ਰਿਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ, (ਮਨੁੱਖ ਦੇ) ਉਹ ਪਿਆਰੇ ਵੀਰ (ਮੌਤ ਦੇ ਫ਼ਰਿਸਤੇ ਦੇ) ਅੱਗੇ ਬੰਨ੍ਹ ਕੇ ਤੋਰ ਦੇਂਦੇ ਹਨ। ਵੇਖੋ! ਬੰਦੇ ਦੀ ਅਰਥੀ ਨੂੰ ਚਾਰ ਮਨੁੱਖ ਕੰਧਾ ਦੇ ਕੇ ਲਿਜਾ ਰਹੇ ਹਨ। ਹੇ ਫਰੀਦ! (ਪਰਮਾਤਮਾ ਦੀ) ਦਰਗਾਹ ਵਿਚ ਉਹੀ (ਭਲੇ) ਕੰਮ ਸਹਾਈ ਹੁੰਦੇ ਹਨ ਜੋ ਦੁਨੀਆ ਵਿਚ (ਰਹਿ ਕੇ) ਕੀਤੇ ਜਾਂਦੇ ਹਨ।

ਬਾਬਾ ਕਬੀਰ ਜੀ ਦਾ ਫ਼ੁਰਮਾਨ ਹੈ:

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥1॥

ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ। ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥1॥

ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਕਿਸੇ ਦਾ ਅਪੜਾਇਆ ਹੋਇਆ ਅੱਗੇ ਕੁਝ ਨਹੀਂ ਮਿਲਣਾ। ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਇਸ ਜੀਵਨ ਵਿੱਚ ਚੰਗੇ ਮੰਦੇ ਕਰਮ ਕਰਕੇ ਉਨ੍ਹਾਂ ਦੀ ਖੱਟੀ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ। ਜੇ ਅੱਗੇ ਮਿਲਦਾ ਹੋਵੇ ਤਾਂ ਅੰਦਾਜ਼ਾ ਲਾਓ ਕਿ ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਚੋਰੀ ਦਾ ਪਦਾਰਥ ਸਿਞਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ)। (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ:

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥1॥


ਪਰ ਅਜੀਬ ਗੱਲ ਹੈ ਕਿ ਅਸੀਂ ਇਹ ਸਭ ਕੁੱਝ ਪੜ੍ਹੀ ਵੀ ਜਾਂਦੇ ਹਾਂ ਪਰ ਕਰਮਕਾਂਡ ਛੱਡੇ ਨਹੀਂ ਉਨ੍ਹਾਂ ਦਾ ਰੂਪ ਬਦਲ ਲਿਆ। ਜੇ ਹਿੰਦੂ ਫੁੱਲ ਹਰਿਦੁਆਰ ਵਿਖੇ ਗੰਗਾ ਵਿੱਚ ਪਾਉਂਦੇ ਹਨ ਤਾਂ ਸਿੱਖ ਉਥੋਂ ਦੀ ਬਜਾਏ ਕੀਰਤਪੁਰ ਪੁਰ ਸਾਹਿਬ ਪਾਉਣ ਲੱਗ ਪਏ। ਦੱਸੋ ਹਰਿਦੁਆਰ ਤੇ ਕੀਰਤਪੁਰ ਵਿੱਚ ਕੀ ਅੰਤਰ ਹੈ? ਸ਼ਰਾਧਾਂ ਵਿੱਚ ਹਿੰਦੂ ਪ੍ਰਵਾਰ ਬ੍ਰਾਹਮਣ ਨੂੰ ਘਰ ਵਿੱਚ ਸੱਦ ਕੇ ਭੋਜਨ ਖੁਆਉਂਦਾ ਸੀ ਤਾਂ ਅਸੀਂ ਪੰਜ ਸਿੱਖਾਂ ਨੂੰ ਛਕਾਉਣ ਲੱਗ ਪਏ। ਦੱਸੋ ਬੋਦੀ ਟਿੱਕੇ ਵਾਲੇ ਬ੍ਰਹਾਮਣ ਤੇ ਸਾਡੇ ਦਾਹੜੀ ਵਾਲੇ ਇਹ ਭਾਈਆਂ ਵਿੱਚ ਕੀ ਫਰਕ ਰਹਿ ਗਿਆ? ਜੇ ‘ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥’ ਵਾਲੀ ਤੁਕ ਬ੍ਰਹਾਮਣ ’ਤੇ ਢੁਕਦੀ ਹੈ ਤਾਂ ਜਿਹੜੇ ਗੁਰਦੁਆਰਿਆਂ ਵਿੱਚ ਗ੍ਰੰਥੀ ਤੇ ਕੀਰਤਨੀਏ ਇਹ ਅਰਦਾਸਾਂ ਕਰਦੇ ਹਨ ਕਿ ਇਹ ਕਰਵਾਏ ਗਏ ਪਾਠ ਤੇ ਭੇਟਾ ਕੀਤੀਆਂ ਵਸਤੂਆਂ ਦਾ ਮਹਾਤਮ ਵਿਛੜੀ ਆਤਮਾ ਨੂੰ ਮਿਲੇ, ਉਨ੍ਹਾਂ ’ਤੇ ਇਹ ਲਾਗੂ ਨਹੀਂ ਹੋਵੇਗੀ?

ਭਾਈ ਰਜਿੰਦਰ ਸਿੰਘ ਨੇ ਕਿਹਾ: ‘ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥’ ਪੜ੍ਹ ਕੇ ਸਮਝਾਉਣਾ ਤਾ ਮਨੁਖ ਨੂੰ ਉਸ ਸਮੇਂ ਤੋਂ ਹੀ ਚਾਹੀਦਾ ਸੀ ਜਦੋਂ ਉਹ ਹੋਸ਼ ਸੰਭਾਲੇ ਕਿ ਹੇ ਭਾਈ ਕਬੀਰ ਜੀ ਦਾ ਸੰਦੇਸ਼ ਸੁਣੋ, ਤੇ ਇਸੇ ਹੀ ਮਨੁੱਖਾ ਜਨਮ ਵਿਚ (ਇਹਨਾਂ ਇੰਦ੍ਰਿਆਂ ਦਾ) ਹਿਸਾਬ ਮੁਕਾਉ (ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ-ਹੇ ਪ੍ਰਭੂ! ਇਸੇ ਹੀ ਵਾਰੀ (ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ ਵਿਚ ਮੇਰਾ ਮੁੜ ਫੇਰ ਨਾਹ ਹੋਵੇ। ਪਰ ਰਵਾਇਤੀ ਤੌਰ ’ਤੇ ਇਹ ਸ਼ਬਦ ਪ੍ਰਾਣੀ ਦੇ ਭੋਗ ਸਮੇਂ ਇਹ ਸਮਝ ਕੇ ਪੜ੍ਹਿਆ ਜਾਂਦਾ ਕਿ ਮ੍ਰਿਤਕ ਪ੍ਰਾਣੀ ਲਈ ਇਹ ਇੱਕ ਅਰਦਾਸ ਹੈ ਕਿ ਇਸ ਵਾਰ ਇਸ ਨੂੰ ਬਖ਼ਸ਼ ਦਿੱਤਾ ਜਾਵੇ ਤੇ ਇਸ ਦਾ ਆਵਾਗਵਨ ਕੱਟਿਆ ਜਾਵੇ। ਭਾਈ ਰਾਜਿੰਦਰ ਸਿੰਗ ਨੇ ਕਿਹਾ ਜਿਸ ਪ੍ਰਾਣੀ ਲਈ ਸਮਝ ਕੇ ਇਹ ਪੜ੍ਹਿਆ ਜਾ ਰਿਹਾ ਹੈ ਉਹ ਤਾਂ ਨਾਂਹ ਇਸ ਨੂੰ ਸੁਣ ਰਿਹਾ ਹੁੰਦਾ ਹੈ ਤੇ ਨਾ ਹੀ ਉਹ ਇਸ ਸ਼ਬਦ ਤੋਂ ਕੋਈ ਸੇਧ ਲੈ ਸਕਦਾ ਹੈ ਪਰ ਜਿਨ੍ਹਾਂ ਨੇ ਸੇਧ ਲੈਣੀ ਹੁੰਦੀ ਹੈ ਉਹ ਇਸ ਤੋਂ ਆਪਣੇ ਜੀਵਨ ਵਿੱਚ ਸੇਧ ਲੈਣ ਦੀ ਬਜਾਏ ਸਮਝ ਬੈਠਦੇ ਹਨ ਕਿ ਇਹ ਤਾਂ ਮ੍ਰਿਤਕ ਪ੍ਰਾਣੀ ਲਈ ਹੈ। ਇਸ ਤਰ੍ਹਾਂ ਗੁਰਬਾਣੀ ਤੋਂ ਜੀਵਨ ਸੇਧ ਲੈਣ ਦੀ ਥਾਂ ਇਸ ਨੂੰ ਕਰਮਕਾਂਡ ਦੇ ਤੌਰ ’ਤੇ ਵਰਤ ਕੇ, ਜੋ ਗੁਰੂ ਨਾਨਕ ਦੇ ਸਿਧਾਂਤ ਦੀ ਵਿਰੋਧਤਾ ਸਿੱਖ ਕਰ ਰਹੇ ਹਨ ਹੋਰ ਕੋਈ ਨਹੀਂ ਕਰ ਰਿਹਾ।

ਇਸ ਸਮੇਂ ਨੌਜਵਾਨ ਜਾਗਰੂਕ ਸਿੱਖ ਭਾਈ ਗੁਰਸੇਵਕ ਸਿੰਘ ਨੇ ਵੀ ਗੁਰਬਾਣੀ ਵਿੱਚੋਂ ਬੇਅੰਤ ਪ੍ਰਮਾਣ ਦੇ ਕੇ ਦੱਸਿਆ ਕਿ ਗੁਰਬਾਣੀ ਸਾਡੇ ਇਸ ਜੀਵਨ ਵਿੱਚ ਅਪਣਾ ਕੇ ਲਾਹਾ ਖੱਟਣ ਲਈ ਹੈ ਨਾ ਕਿ ਕਿਸੇ ਕਲਪਿਤ ਦਰਗਾਹ ਵਿੱਚ ਸਹਾਈ ਹੋਣ ਵਾਸਤੇ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਖ਼ਾਲਸਾ ਦੇ ਸਾਢੂ ਸਾਹਿਬ ਜੀ ਦੇ ਪਿਤਾ ਜੀ ਦੀ ਮੌਤ ਹੋਣ ਕਰਕੇ ਉਨ੍ਹਾਂ ਦਾ ਸਸਕਾਰ ਕਰਵਾਉਣ ਉਪ੍ਰੰਤ ਇਸ ਸਮਾਗਮ ਵਿੱਚ ਲੇਟ ਪਹੁੰਚਣ ਕਰਕੇ ਉਨ੍ਹਾਂ ਬਹੁਤਾ ਸਮਾਂ ਨਹੀਂ ਲਿਆ ਤੇ ਉਨ੍ਹਾਂ ਤੋਂ ਪਹਿਲਾਂ ਵਿਦਵਾਨਾਂ ਵੱਲੋਂ ਦਿੱਤੇ ਗਏ ਵੀਚਾਰਾਂ ਦੀ ਪ੍ਰੋੜਤਾ ਕਰਦਿਆਂ ਪ੍ਰਵਾਰ ਦੀ ਸ਼ਾਲਾਘਾ ਕੀਤੀ ਕਿ ਉਨ੍ਹਾਂ ਗੁਰਬਾਣੀ ਤੋਂ ਸੇਧ ਲੈ ਕੇ ਕਰਮਕਾਂਡਾਂ ਤੋਂ ਖਹਿੜਾ ਛੁਡਵਾ ਕੇ ਜਿਥੇ ਆਪ ਲਾਹਾ ਖੱਟਿਆ ਹੈ ਉਥੇ ਸਿੱਖ ਸਮਾਜ ਨੂੰ ਵੀ ਇੱਕ ਚੰਗਾ ਸੰਦੇਸ਼ ਦਿੱਤਾ ਹੈ।

ਅਕਾਲ ਤਖ਼ਤ ਦੇ ਸਾਬਕਾ ਮੁਖ ਸੇਵਾਦਾਰ ਪ੍ਰੋ: ਦਰਸ਼ਨ ਸਿੰਘ, ਜਿਹੜੇ ਇਸ ਵੇਲੇ ਕੈਨੇਡਾ ਵਿੱਚ ਹਨ ਤੇ ਉਨ੍ਹਾਂ ਦੀ ਰੀਡ ਦੀ ਹੱਡੀ ਦਾ ਉਪ੍ਰੇਸ਼ਨ ਹੋਣ ਕਰਕੇ ਆ ਨਹੀਂ ਸਨ ਸਕੇ, ਦਾ ਇੰਟਰਨੈੱਟ ਰਾਹੀਂ ਭੇਜਿਆ ਗਿਆ ਲਿਖਤੀ ਸੰਦੇਸ਼ ਭਾਈ ਤਰਸੇਮ ਸਿੰਘ ਨੇ ਸੰਗਤ ਨੂੰ ਪੜ੍ਹ ਕੇ ਸੁਣਾਇਆ।

ਇਸ ਸਮਾਗਮ ਵਿੱਚ ਉਕਤ ਵਿਦਾਵਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਵਾਰ ਦੇ ਰਿਸ਼ਤੇਦਾਰ, ਦੋਸਤ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਭਾਈ ਇੰਦਰਜੀਤ ਸਿੰਘ ਰਾਣਾ, ਕਿਰਪਾਲ ਸਿੰਘ ਬਠਿੰਡਾ, ਸੁਖਦੇਵ ਸਿੰਘ ਮੁਹਾਲੀ, ਭਾਈ ਬਲਦੇਵ ਸਿੰਘ ਦਿੱਲੀ, ਭਾਈ ਜਗਜੀਤ ਸਿੰਘ ਖ਼ਾਲਸਾ, ਦਲਜੀਤ ਸਿੰਘ ਲੁਧਿਆਣਾ, ਭਾਈ ਮਸਤਾਨ ਸਿੰਘ ਤੇ ਬੀਬੀ ਹਰਬੰਸ ਕੌਰ ਆਦਿ ਸ਼ਾਮਲ ਸਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top