Share on Facebook

Main News Page

ਦਸਤਾਰ ਦੇ ਰਾਖਿਓ, ਸੁਣੋ ਦਸਤਾਰ ਦੀ ਵੰਗਾਰ !
- ਜੰਗਬਹਾਦਰ ਸਿੰਘ

ਪਿਛਲੇ ਦਿਨੀ ਮੈਂ ਤਰਲੋਚਨ ਸਿੰਘ ਦੁਪਾਲਪੁਰ ਦੇ ਲੇਖ ਵਿਚਲੇ ਵਿਚਾਰ ਪੜ ਰਿਹਾ ਸੀ, ਕਿ ਸੂਫ਼ੀ ਸੰਤ ਸੁਲਤਾਨ ਬਾਹੂ ਦਾ ਇਕ ਬੜਾ ਕੂੰਜੀਵਤ ਦੋਹਰਾ ਹੈ, ਜਿਸ ਦਾ ਅਰਥ ਹੈ ਕਿ - ਤੁੰਮੇ ਦੀ ਵੇਲ ਦੀਆਂ ਜੜਾਂ ਵਿਚ ਜੇ ਸ਼ਹਿਦ ਡੋਲ ਦੇਈਏ ਤਾਂ ਵੀ ਉਸ ਵੇਲ ਨੂੰ ਲੱਗਣ ਵਾਲੇ ਤੁੰਮੇ ਮਿੱਠੇ ਨਹੀਂ ਹੋ ਸਕਦੇ। ਖਾਰੇ ਪਾਣੀਆਂ ਵਾਲੇ ਖ਼ੂਹਾਂ ਵਿਚ ਭਾਵੇਂ ਸੌ ਮਣਾਂ ਖੰਡ ਸੁੱਟ ਦੇਈਏ, ਤਾਂ ਵੀ ਉਸ ਪਾਣੀ ਦਾ ਖਾਰਾਪਣ ਦੂਰ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜੇ ਨਿੰਮ ਦੇ ਦਰੱਖਤ ਦੇ ਜੜੀਂ ਅੰਮ੍ਰਿਤ ਚੁਆ ਦੇਈਏ, ਫਿਰ ਵੀ ਨਿੰਮ ਦੀ ਕੁੜੱਤਣ ਦੂਰ ਨਹੀਂ ਹੁੰਦੀ। ਇਕ ਹੋਰ ਵਿਦਵਾਨ ਨੇ ਆਖਿਆ ਹੈ ਕਿ, 'ਮਧਰੇ ਨੂੰ ਪਹਾੜ 'ਤੇ ਖੜਾ ਕਰ ਦਿਉ, ਉਹ ਓਨਾ ਹੀ ਰਹੇਗਾ। ਮੁਨਾਰਾ ਖ਼ੂਹ ਵਿਚ ਸੁੱਟ ਦਿਉ, ਉਸ ਦੇ ਕੱਦ ਵਿਚ ਫ਼ਰਕ ਨਹੀਂ ਪਵੇਗਾ। '

ਭਾਵ ਇਹ ਨਿਕਲਦਾ ਹੈ ਕਿ ਮਨੁੱਖ ਦਾ ਵੱਡਾਪਨ ਜਾਂ ਨੀਚਪੁਣਾ ਉਸ ਦੇ ਬਾਹਰੀ ਰੂਪ ਧਾਰਨ 'ਤੇ ਨਿਰਭਰ ਨਹੀਂ ਕਰਦਾ, ਸਗੋਂ ਉਸ ਦੇ ਕਰਮਾਂ ਨਾਲ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵੀ ਬਹੁਤ ਸੁੰਦਰ ਵਿਖਿਆਨ ਕਰਦੇ ਹਨ : ''ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ"

ਗੁਰੂ ਸਾਹਿਬ ਨੇ ਇ’ਸ ਕਥਨ ਨਾਲ ਭਾਵੇਂ ਪੰਦਰ੍ਹਵੀਂ ਸਦੀ ਦੇ ਸੁੰਦਰ ਬਾਹਰੀ ਬਾਣਿਆਂ ਵਾਲੇ ਉਨ੍ਹਾਂ ਧਾਰਮਿਕ ਸਰਬਰਾਹਾਂ ਨੂੰ ਮੁਖਾਤਿਬ ਕੀਤਾ ਹੋਵੇਗਾ, ਜਿਹੜੇ ਮਨੁੱਖਤਾ ਨੂੰ ਦੋਹੀਂ ਹੱਥੀਂ ਲੁੱਟਦੇ ਅਤੇ ਕੁੱਟਦੇ ਸਨ, ਪਰ ਅੱਜ ਸਾਡੇ ਸਿੱਖ ਸਮਾਜ ਅੰਦਰ ਵੀ ਅਜਿਹੇ ਭੇਖਧਾਰੀ ਅਤੇ ਨਾਮਧਰੀਕ ਸਿੱਖਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕਹਿਣ ਨੂੰ ਅਸੀਂ ਗੁਰੂ ਦੇ ਸਿੱਖ ਅਖਵਾਉਂਦੇ ਹਾਂ, ਗੱਲਾਂ ਸਿੱਖੀ ਖਾਤਰ ਸੀਸ ਕਟਵਾਉਣ ਦੀਆਂ ਕਰਦੇ ਹਾਂ, ਪੁਰਾਤਨ ਸਿੱਖਾਂ ਵਲੋਂ ਦਸਤਾਰ ਦੀ ਅਜ਼ਮਤ ਖ਼ਾਤਰ ਬੰਦ-ਬੰਦ ਕਟਵਾਉਣ ਦੀਆਂ ਸਾਖੀਆਂ ਸੁਣਾ ਕੇ ਮਾਣ ਨਾਲ ਸੀਨਾ ਚੌੜਾ ਕਰ ਲੈਂਦੇ ਹਾਂ, ਪਰ ਜਦੋਂ ਵਾਰੀ ਸਾਡੇ ਸਬਰ ਅਤੇ ਸਿਧਾਂਤਕ ਦ੍ਰਿੜ੍ਹਤਾ ਦੀ ਪਰਖ ਦੀ ਆਉਂਦੀ ਹੈ ਤਾਂ ਸਾਡੀ ਹਾਲਤ ਵੀ ਉਸ ਤੁੰਮੇ ਨਾਲੋਂ ਵੱਖਰੀ ਨਹੀਂ ਹੁੰਦੀ, ਜਿਸ ਦੀਆਂ ਜੜ੍ਹਾਂ 'ਚ ਮਣਾਂਮੂੰਹੀ ਸ਼ਹਿਦ ਪਾਉਣ ਦੇ ਬਾਵਜੂਦ ਉਸ ਦੇ ਅੰਦਰਲਾ ਕੌੜਾਪਨ ਨਹੀਂ ਜਾਂਦਾ। ਸਾਡੇ ਚਿੱਟੇ ਚੋਲਿਆਂ ਦੇ ਹੇਠ ਲੁਕੇ ਹਊਮੇ ਭਰੇ ਭੇੜੀਏ ਦੀ ਜ਼ਹਿਰ ਵਾਹੋਦਾਹੀ ਡੁੱਲਣ ਲੱਗ ਜਾਂਦੀ ਹੈ। ਅਜੋਕੇ ਸਮੇਂ ਵਿਸ਼ਵ ਵਿਆਪੀ ਸਿੱਖ ਕੌਮ ਨੂੰ ਅਜਿਹੇ ਕੁਝ ਇਕ ਨਾਮਧਰੀਕ ਤੇ ਸੰਤ ਬਾਣਿਆਂ ਵਿਚ ਅਸੰਤਾਂ ਵਾਲੇ ਕਰਮ ਕਰਕੇ 'ਸੰਤ' ਸ਼ਬਦ ਨੂੰ ਬਦਨਾਮ ਕਰਨ ਵਾਲੇ, ਚੌਧਰ ਦੇ ਭੁੱਖੇ ਅਤੇ ਹੰਕਾਰ ਦੇ ਭਰੇ-ਪੀਤੇ ਅਖੌਤੀ ਸਿੱਖਾਂ ਕਰਕੇ ਕਈ ਵਾਰ ਵੱਖ-ਵੱਖ ਮੁਲਕਾਂ ਵਿਚ ਅਜਿਹੇ ਵਰਤਾਰਿਆਂ ਨਾਲ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹੀਂ ਦਿਨੀਂ ਹਾਂਗਕਾਂਗ ਦੀਆਂ ਸਿੱਖ ਸੰਗਤਾਂ ਵੀ ਇਥੇ ਵਾਪਰ ਰਹੇ ਕੁਝ ਹਿਰਦੇਵਿਵੇਦਕ ਵਰਤਾਰਿਆਂ ਕਾਰਨ ਚਿੰਤਤ ਹਨ।

ਅੱਜ ਅਸੀਂ ਦੁਨੀਆ ਭਰ ਵਿਚ ਸਿੱਖ ਕੌਮ ਦੇ ਸਿਰ ਦਾ ਤਾਜ ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਰਬੰਸ ਵਾਰ ਕੇ ਸਾਨੂੰ ਦਿੱਤੀ ਸਰਦਾਰੀ ਦੀ ਮੁਕੱਦਸ ਤੇ ਪਵਿੱਤਰ ਨਿਸ਼ਾਨੀ ਦਸਤਾਰ ਦੇ ਮਾਣ ਤੇ ਸਤਿਕਾਰ ਲਈ ਜੱਦੋਜਹਿਦ ਕਰ ਰਹੇ ਹਾਂ, ਪਰ ਹਾਂਗਕਾਂਗ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਸਿੱਧੇ ਅਸਿੱਧੇ ਤੌਰ 'ਤੇ ਕਾਬਜ਼ ਕੁਝ ਹੰਕਾਰੀ ਅਤੇ ਭੇਖੀ ਸਿੱਖਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਿੱਖਾਂ ਦੀਆਂ ਦਸਤਾਰਾਂ ਉਛਾਲ ਕੇ ਸਿੱਖੀ ਦਾ ਮੌਜੂ ਉਡਾਇਆ ਜਾ ਰਿਹਾ ਹੈ।

ਬੀਤੀ 7 ਅਕਤੂਬਰ, ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਹਾਂਗਕਾਂਗ ਵਿਖੇ ਵਾਪਰੀ ਮੰਦਭਾਗੀ ਤੇ ਦੁਖਦਾਈ ਘਟਨਾ ਬਾਰੇ ਹਾਂਗਕਾਂਗ ਦੀਆਂ ਸੰਗਤਾਂ ਪੂਰੀ ਤਰ੍ਹਾਂ ਜਾਣੂ ਹਨ ਪਰ ਇਸ ਘਟਨਾ ਨੇ ਸਿੱਖੀ ਬਾਣਿਆਂ ਅੰਦਰ ਅਤੇ 'ਸੰਤ' ਹੋਣ ਦੇ ਦਿਖਾਵੇ ਕਰਨ ਵਾਲੇ ਭੇਖੀ ਸਿੱਖਾਂ ਦੇ ਅੰਦਰਲੇ ਭੇੜੀਏ ਜਗ ਜ਼ਾਹਰ ਕਰ ਦਿੱਤੇ ਹਨ।

ਸੰਖੇਪ ਵਿਚ ਘਟਨਾ ਦਾ ਵੇਰਵਾ ਦੇਣਾ ਚਾਹਾਂਗਾ ਕਿ ਹਾਂਗਕਾਂਗ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਭਗਤ ਸਿੰਘ, ਜਿਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਗੁਰਦੁਆਰਾ ਸਾਹਿਬ ਦੇ ਸੰਵਿਧਾਨ ਤੋਂ ਬਾਹਰ ਜਾ ਕੇ ਕੀਤੀਆਂ ਗਲਤੀਆਂ ਕਾਰਨ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਸੀ ਅਤੇ ਉਨ੍ਹਾਂ ਵਲੋਂ 7 ਅਕਤੂਬਰ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਆਪਣੇ ਕੋਲੋਂ ਹੋਈਆਂ ਗਲਤੀਆਂ ਲਈ ਬੋਰਡ ਅਤੇ ਭਾਈਚਾਰਕ ਕਮੇਟੀ ਦੇ ਫ਼ੈਸਲੇ ਅਨੁਸਾਰ ਮੁਆਫ਼ੀ ਮੰਗੀ ਜਾਣੀ ਸੀ ਅਤੇ ਇਸ ਤੋਂ ਬਾਅਦ ਬਹੁਗਿਣਤੀ ਮੈਂਬਰਾਂ ਵਲੋਂ ਸ. ਭਗਤ ਸਿੰਘ ਨੂੰ ਮੁੜ ਪ੍ਰਧਾਨਗੀ ਅਹੁਦੇ 'ਤੇ ਬਹਾਲ ਕੀਤਾ ਜਾਣਾ ਸੀ। ਪਰ ਸ. ਭਗਤ ਸਿੰਘ ਵਲੋਂ ਜਦੋਂ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਬੜ੍ਹੀ ਨਿਰਲੱਜਤਾ ਦੇ ਨਾਲ ਕੁਫ਼ਰ ਤੋਲਿਆ ਜਾਣ ਲੱਗਾ ਅਤੇ ਆਪਣੀਆਂ ਗਲਤੀਆਂ ਸਵੀਕਾਰ ਕਰਨ ਦੀ ਥਾਂ ਆਪਣੇ ਆਪ ਨੂੰ ਸਹੀ ਦੱਸਣ ਦੀ ਕੋਸ਼ਿਸ਼ ਕੀਤੀ ਜਾਣ ਲੱਗੀ ਤਾਂ ਸੰਗਤ ਅੱਗੇ ਸੱਚਾਈ ਬਿਆਨ ਕਰ ਲਈ ਅਤੇ ਸ. ਭਗਤ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖਾਧੀ ਗਈ ਸੰਵਿਧਾਨ ਦੀ ਕਸਮ ਬਾਰੇ ਯਾਦ ਕਰਵਾਉਣ ਲਈ ਦਾਸ ਨੇ ਬਤੌਰ ਲਾਇਬ੍ਰੇਰੀ ਇੰਚਾਰਜ, ਸਕੱਤਰ ਸਾਹਿਬ ਤੋਂ ਆਗਿਆ ਲੈ ਕੇ ਬੋਲਣਾ ਸ਼ੁਰੂ ਵੀ ਨਹੀਂ ਕੀਤਾ ਗਿਆ ਕਿ ਸ. ਭਗਤ ਸਿੰਘ ਵਲੋਂ ਮਾਈਕ ਖੋਹ ਲਿਆ ਗਿਆ ਅਤੇ ਉਥੇ ਬੈਠੇ ਸ. ਸੁਰਜੀਤ ਸਿੰਘ ਗਿਲਵਾਲੀ, ਜਿਸ 'ਤੇ ਇਸੇ ਸਟੇਜ ਤੋਂ ਚਰਿੱਤਰਹੀਣਤਾ ਦੇ ਦੋਸ਼ ਲੱਗ ਚੁੱਕੇ ਹਨ ਅਤੇ ਗੁਰੂ ਹਜ਼ੂਰੀ ਵਿੱਚ ਨਿਰਲੱਜਤਾ ਨਾਲ ਗਪੋੜ ਮਾਰਨ ਵਾਲੇ ਇਸ ਸ਼ਖਸ਼, ਵਲੋਂ ਗੰਦੀਆਂ ਗਾਲਾਂ ਕੱਢਣ, ਨਤੀਜੇ ਭੁਗਤਣ ਦੀਆਂ ਧਮਕੀਆਂ ਦੇਣ ਦੇ ਨਾਲ ਮਾਹੌਲ ਤਣਾਅਪੂਰਨ ਹੋ ਗਿਆ।

ਇਨ੍ਹਾਂ ਨੂੰ ਜਦੋਂ ਸ. ਸਤਪਾਲ ਸਿੰਘ ਮਾਲੂਵਾਲ ਵਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹਰਜਿੰਦਰ ਸਿੰਘ ਜੌੜੀਆਂ ਜੋ ਕਿ ਇਥੇ ਨਾ ਰਹਿਣ ਦੇ ਬਾਵਜੂਦ ਇਸ ਡੇਰਾਵਾਦੀ ਟੋਲੇ ਦਾ ਆਗੂ ਹੈ ਅਤੇ ਆਪਣੀਆਂ ਸ਼ਰਮਨਾਕ ਕਰਤੂਤਾਂ ਕਰਕੇ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਹੈ ਅਤੇ ਰਤਨ ਸਿੰਘ ਰੱਤੂ ਜੋ ਸਿੱਖ ਸਿਧਾਂਤਾਂ ਨੂੰ ਮਲੀਆਮੇਟ ਕਰਨ 'ਤੇ ਤੁਲੇ ਅੰਧਵਿਸ਼ਵਾਸੀ ਅਤੇ ਹੰਕਾਰੀ ਟੋਲੇ ਦਾ ਇਕ ਅਹਿਮ ਮੈਂਬਰ ਹੈ, ਵਲੋਂ ਸ. ਸਤਪਾਲ ਸਿੰਘ ਦੀ ਦਸਤਾਰ ਹੁੱਲੜਬਾਜੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਉਤਾਰ ਦਿੱਤੀ ਗਈ। ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕੀਤੇ ਹਨ ਕਿ ਇਹ ਲੋਕ ਜਿਹੜੇ ਹਮੇਸ਼ਾ ਸਿੱਖੀ ਖ਼ਾਤਰ ਜਾਨਾਂ ਤੱਕ ਵਾਰ ਦੇਣ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ, ਇਹ ਦਾਸ ਵਲੋਂ ਸਟੇਜ ਤੋਂ ਬੋਲਣਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਿਉਂ ਇੰਨੇ ਅੱਗ-ਬਬੂਲੇ ਅਤੇ ਆਪੇ ਤੋਂ ਬਾਹਰ ਹੋ ਗਏ ਅਤੇ ਕਰੋਧ ਵਿਚ ਅੰਨ੍ਹੇ ਹੋਇਆਂ ਨੂੰ ਇਹ ਵੀ ਪਤਾ ਨਾ ਰਿਹਾ ਕਿ ਉਹ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਆਪਣੇ ਸਿੱਖ ਭਰਾ ਦੀ ਦਸਤਾਰ ਲਾਹੁਣ ਜਾ ਰਹੇ ਹਨ? ਉਹ ਦਸਤਾਰ, ਜਿਸ ਦੀ ਖ਼ਾਤਰ ਦਸਮੇਸ਼ ਪਿਤਾ ਨੇ ਸਾਰਾ ਸਰਬੰਸ ਵਾਰ ਦਿੱਤਾ। ਆਪਣੇ ਆਪ ਨੂੰ 'ਸੰਤਾਂ' ਦੇ ਸ਼ਰਧਾਲੂ ਦੱਸਣ ਵਾਲੇ ਇਨ੍ਹਾਂ ਲੋਕਾਂ ਵਲੋਂ ਜੇਕਰ ਕੋਈ ਤੱਤ ਗੁਰਮਤਿ ਦੀ ਗੱਲ ਸਟੇਜ 'ਤੇ ਕਰੇ ਤਾਂ ਠੂਹੇ ਕੇਰੇ ਜਾਂਦੇ ਹਨ ਅਤੇ ਆਪਣੇ ਵਲੋਂ ਬੁਲਾਏ ਅਖੌਤੀ ਅਤੇ 'ਬਾਹਰ ਧੋਤੀ ਤੂਮੜੀ' ਦੇ ਗੁਣਾਂ ਵਾਲੇ ਅਖੌਤੀ ਸੰਤਾਂ ਦੇ ਮਨਮਤੀ ਅਤੇ ਅੰਧਵਿਸ਼ਵਾਸੀ ਗਪੋੜਿਆਂ 'ਤੇ ਜੈਕਾਰੇ ਛੱਡੇ ਜਾਂਦੇ ਹਨ। ਹੁਣ ਜਦੋਂ ਦੀ ਇਕ ਸਿੱਖ ਦੀ ਪੱਗ ਇਨ੍ਹਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲਾਹੀ ਗਈ ਤਾਂ ਇਨ੍ਹਾਂ ਨੂੰ ਇਹ ਚੇਤਾ ਕਿਉਂ ਨਾ ਰਿਹਾ ਕਿ ਦਸਤਾਰ ਨੂੰ ਸਾਡੇ ਸਿਰਾਂ 'ਤੇ ਸਜਾਈ ਰੱਖਣ ਲਈ ਸਿੱਖ ਸਿਰ ਤੱਕ ਲੁਹਾ ਲੈਂਦੇ ਰਹੇ ਹਨ ਪਰ ਦਸਤਾਰ ਸਿਰ ਤੋਂ ਅੱਡ ਨਹੀਂ ਹੋਣ ਦਿੰਦੇ ਰਹੇ।

ਇਹ ਅਜਿਹਾ ਕੁਕਰਮ ਕਰਨ ਲੱਗਿਆਂ ਸ਼ਰਮ ਵਿਚ ਕਿਉਂ ਨਾ ਡੁੱਬ ਗਏ? ਕਿਥੇ ਗਏ ਇਨ੍ਹਾਂ ਦੇ ਸਿੱਖੀ ਸਿਧਾਂਤ ਤੇ ਕਿਥੇ ਗਈ ਉਹ ਬੀਰਤਾ, ਜਿਹੜੀ ਤੱਤ ਗੁਰਮਤਿ ਦੀ ਗੱਲ ਕਰਨ ਵਾਲਿਆਂ ਨਾਲ ਖਹਿਬੜਨ ਲਈ ਇਹ ਦਿਖਾਉਂਦੇ ਹਨ। ਉਲਟਾ ਇਹ ਤਾਂ ਸਿੱਖ ਦੀ ਦਸਤਾਰ ਲਾਹੁਣ ਵਾਲੇ ਦੋਸ਼ੀ ਦੇ ਨਾਲ ਹੋ ਕੇ ਹਰ ਤਰ੍ਹਾਂ ਦਾ ਝੂਠ ਕੁਫ਼ਰ ਤੋਲ ਕੇ ਉਸ ਨੂੰ ਬਚਾਉਣ 'ਤੇ ਤੁਲੇ ਹੋਏ ਹਨ। ਸਿੱਖਾਂ ਨੂੰ ਮਾਵਾਂ-ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਣੀਆਂ, ਭਰੀ ਸਭਾ ਵਿਚ ਲੱਤਾਂ-ਬਾਹਾਂ ਵੱਢਣ ਦੀਆਂ ਧਮਕੀਆਂ ਦੇਣੀਆਂ ਤੇ ਪੱਗਾਂ ਉਤਾਰਨੀਆਂ, ਸੰਗਤ ਨਾਲ ਵਿਤਕਰਾ ਅਤੇ ਗ੍ਰੰਥੀ ਸਿੰਘ ਤੇ ਸਿਧਾਂਤਕ ਪ੍ਰਚਾਰਕਾਂ ਨੂੰ ਤੰਗ-ਪ੍ਰੇਸ਼ਾਨ ਕਰਨਾ, ਰਹਿਤ ਮਰਿਆਦਾ ਤੋਂ ਉਲਟ ਅਤੇ ਗੁਰਮਤਿ ਸਿਧਾਂਤ ਤੋਂ ਉਲਟ ਮਨਮਤੀ ਕਰਮ ਕਾਂਡ ਗੁੰਡਾਗਰਦੀ ਦੇ ਨਾਲ ਲਾਗੂ ਕਰਵਾਉਣੇ ਇਨ੍ਹਾਂ ਦਾ ਨਿੱਤ ਦਾ ਵਰਤਾਰਾ ਬਣ ਚੁੱਕਿਆ ਹੈ। ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹਨ ਕਿ ਇਹ ਲੋਕ ਰੱਤਨ ਸਿੰਘ ਰੱਤੂ ਨੂੰ ਯੋਧਾ ਕਹਿ ਕੇ ਉਸ ਦੀ ਹੌਂਸਲਾ ਅਫ਼ਜ਼ਾਈ ਕਰ ਰਹੇ ਹਨ ਅਤੇ ਇਹ ਕਹਿ ਰਹੇ ਹਨ ਕਿ ਸਤਪਾਲ ਸਿੰਘ ਅਮੀਰ ਹੋਣ ਕਰਕੇ ਹੰਕਾਰੀ ਬਣ ਕੇ ਗੁਰੂ ਘਰ ਆਉਂਦਾ ਸੀ, ਇਸ ਕਰਕੇ ਗੁਰੂ ਮਹਾਰਾਜ ਨੇ ਉਸ ਦੀ ਪੱਗ ਆਪ ਲੁਹਾਈ ਹੈ। ਪਹਿਲਾਂ ਤਾਂ ਮੈਂ ਆਪਣੀ ਸੋਝੀ ਮੁਤਾਬਕ ਇਨ੍ਹਾਂ ਦੀ ਮਾਨਸਿਕਤਾ 'ਤੇ ਤਰਸ ਕਰਨ ਵਾਲੀਆਂ ਗੱਲਾਂ ਕਰਦਾ ਰਿਹਾ ਹਾਂ ਪਰ ਹੁਣ ਮੈਂ ਇਹ ਗੱਲ ਸਮਝਦਾ ਹਾਂ ਕਿ ਇਹ ਇਕ ਸ਼ੈਤਾਨ ਮਾਨਸਿਕਤਾ ਹੈ ਜੋ ਆਪ ਪੱਗਾਂ ਉਤਾਰ ਕੇ ਉਲਟੇ ਆਪਣੇ ਕੁਕਰਮ ਨੂੰ ਜਾਇਜ਼ ਠਹਿਰਾਉਣ ਲਈ ਬਹੁਤ ਘਟੀਆ ਗੱਲਾਂ ਕਰਨ 'ਤੇ ਆ ਜਾਂਦੇ ਹਨ।

ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਉਣ ਵਾਲੇ ਇਹ ਲੋਕ ਤੇ ਇਨ੍ਹਾਂ ਦੇ ਆਗੂ ਇਲਾਕਾਵਾਦ ਦਾ ਮਸਲਾ ਖੜ੍ਹਾ ਕਰਕੇ ਕੋਈ ਵੱਡਾ ਕਲੇਸ਼ ਪੈਦਾ ਕਰਨ ਦੀ ਤਾਕ ਵਿਚ ਵੀ ਹਨ। ਇਹ ਲੰਬੇ ਸੋਹਣੇ ਚਿੱਟੇ ਚੋਲੇ ਤਾਂ ਪਾਈ ਫ਼ਿਰਦੇ ਹਨ, ਪਰ ਇਨ੍ਹਾਂ ਦੇ ਅੰਦਰ ਦਾ ਸ਼ੈਤਾਨ ਅਤੇ ਜ਼ਹਿਰ ਹਾਲੇ ਮੁਕਿਆ ਨਹੀਂ ਹੈ। ਇਨ੍ਹਾਂ ਕਹਿਣ ਨੂੰ ਅੰਮ੍ਰਿਤ ਤਾਂ ਛਕਿਆ ਹੈ ਪਰ ਇਨ੍ਹਾਂ ਦੇ ਸੰਸਕਾਰ ਉਨ੍ਹਾਂ ਮੁਗਲਾਂ ਧਾੜ੍ਹਵੀਆਂ ਵਾਲੇ ਹਨ, ਜਿਹੜੇ ਭਾਰਤ 'ਤੇ ਹਮਲਾ ਕਰਦੇ ਸਨ ਤਾਂ ਭਾਰਤੀਆਂ ਦੀਆਂ ਦਸਤਾਰਾਂ ਨੂੰ ਉਛਾਲ ਕੇ ਖੁਸ਼ ਹੁੰਦੇ ਸਨ। ਉਨ੍ਹਾਂ ਨੇ ਭਾਰਤੀ ਲੋਕਾਂ 'ਤੇ ਪੱਗ ਬੰਨ੍ਹਣ 'ਤੇ ਹੀ ਪਾਬੰਦੀ ਲਗਾ ਦਿੱਤੀ ਸੀ, ਪਰ ਉਸ ਸਮੇਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਇਕ ਦੀ ਥਾਂ ਦੋ ਦਸਤਾਰਾਂ 'ਦੁਮਾਲੇ' ਬੰਨ੍ਹਣ ਦੇ ਆਦੇਸ਼ ਕੀਤੇ ਸਨ, ਪਰ ਅੱਜ ਇਹ ਕੁਝ 'ਦੁਮਾਲਿਆਂ' ਅਤੇ ਚੋਲਿਆਂ ਵਾਲੇ ਲੋਕ ਹੀ ਸਿੱਖਾਂ ਦੀਆਂ ਪੱਗਾਂ ਨੂੰ ਪੈਰਾਂ ਵਿਚ ਰੋਲ ਕੇ ਜਸ਼ਨ ਮਨਾ ਰਹੇ ਪ੍ਰਤੀਤ ਹੁੰਦੇ ਹਨ। ਸਾਧ ਸੰਗਤ ਜੀ ਕੀ ਇਹ ਲੋਕ ਮੁਗਲ ਧਾੜ੍ਹਵੀਆਂ ਨਾਲੋਂ ਘੱਟ ਹਨ, ਜਿਹੜੇ ਨਿੱਕੀ ਨਿੱਕੀ ਗੱਲ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਸਿੱਖਾਂ ਦੀਆਂ ਪੱਗਾਂ ਲਾਹ ਰਹੇ ਹਨ। ਹੁਣ ਸੰਗਤ ਨੂੰ ਹੀ ਸੁਚੇਤ ਹੋਣਾ ਪਵੇਗਾ ਕਿ ਉਨ੍ਹਾਂ ਨੇ ਗੁਰੂ ਸਾਹਿਬਾਨ ਵਲੋਂ ਸਰਬੰਸ ਵਾਰ ਕੇ ਅਤੇ ਸਾਡੇ ਪੁਰਖੇ ਸ਼ਹੀਦਾਂ ਵਲੋਂ ਸਿਰਾਂ ਦੀਆਂ ਬਾਜੀਆਂ ਲਗਾ ਕੇ ਬਚਾਈਆਂ ਦਸਤਾਰਾਂ ਨੂੰ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲੱਥਦੇ ਦੇਖਦੇ ਰਹਿਣਾ ਹੈ ਜਾਂ ਇਹੋ ਜਿਹੇ ਮੁਗਲ ਬਿਰਤੀ ਵਾਲੇ ਸਿੱਖੀ ਭੇਸ ਵਿਚ ਲੁਕੇ ਸਿੱਖੀ ਦੇ ਵੈਰੀਆਂ ਨੂੰ ਖਦੇੜਨਾ ਹੈ।

ਇਨ੍ਹਾਂ ਲੋਕਾਂ ਦੇ ਕਾਰਨ ਪਿਛਲੇ ਸਮੇਂ ਤੋਂ ਹਾਂਗਕਾਂਗ ਦੇ ਸਿੱਖ ਭਾਈਚਾਰੇ ਵਿਚਾਲੇ ਮਾਹੌਲ ਬੇਹੱਦ ਕੁਸੈਲਾ ਹੋ ਰਿਹਾ ਹੈ। ਇਕ ਗੱਲ ਹੋਰ ਇਨ੍ਹਾਂ ਦੀ ਸਾਹਮਣੇ ਆਈ ਹੈ ਕਿ ਜੇਕਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਸਿੱਖਾਂ ਦੀਆਂ ਪੱਗਾਂ ਲਾਹੁਣ ਅਤੇ ਮਾਰਧਾੜ 'ਤੇ ਉਤਰ ਆਉਂਦੇ ਹਨ ਤਾਂ ਇਹ ਬਾਹਰ ਕਿੰਨੇ ਭਿਆਨਕ ਰੂਪ ਵਿਚ ਵਿਚਰਦੇ ਹੋਣਗੇ। ਪਿਛਲੇ ਸਮੇਂ ਤੋਂ ਇਹ ਦਾਸ ਦੇ ਪਿੱਛੇ ਵੀ ਹੱਥ ਧੋ ਕੇ ਇਸ ਕਰਕੇ ਪਏ ਹੋਏ ਹਨ ਕਿ ਦਾਸ ਤੱਤ ਗੁਰਮਤਿ ਅਨੁਸਾਰ ਇਨ੍ਹਾਂ ਦੀਆਂ ਮਨਮਤਾਂ ਅਤੇ ਕਰਮਕਾਂਡਾਂ ਦਾ ਵਿਰੋਧ ਕਰਦਾ ਹੈ। ਮੇਰਾ ਇਨ੍ਹਾਂ ਨਾਲ ਵਿਰੋਧ ਸਿਰਫ਼ ਸਿਧਾਂਤਕ ਅਤੇ ਮਰਿਆਦਾ ਦਾ ਹੈ, ਪਰ ਇਹ ਦੁਸ਼ਮਣੀਆਂ ਜਾਤੀ ਪਾਲਣ ਲੱਗ ਪੈਂਦੇ ਹਨ। ਸਿੱਖ ਸਮਾਜ ਵਿੱਚ ਅਜਿਹੀ ਸੋਚ ਵਾਲੇ ਲੋਕਾਂ ਵਲੋਂ ਵੱਡਾ ਕਲੇਸ਼ ਅਕਾਲ ਤਖਤ ਤੋਂ ਜਾਰੀ ਰਹਿਤ ਮਰਿਯਾਦਾ ਨਾ ਮੰਨਣ ਕਾਰਨ ਹੈ ਅਤੇ ਹਾਂਗਕਾਂਗ ਵਿੱਚ ਗੁਰਦੁਆਰਾ ਸਾਹਿਬ ਦਾ ਸਵਿਧਾਨ ਨਾ ਮੰਨਣ ਕਾਰਨ ਹੈ । ਇਹ ਲੋਕ ਸਿਰਹਾਣੇ ਤੇ ਸਿਰ ਰੱਖ ਕੇ ਜੋ ਕਾਨੂੰਨ ਬਣਾਉਂਦੇ ਹਨ ਉਸੇ ਮੁਤਾਬਕ ਸਮਾਜ ਨੂੰ ਚਲਾਉਣ ਦੀਆਂ ਵਿਉਤਾਂ ਘੜਦੇ ਰਹਿੰਦੇ ਹਨ । ਹੁਣ ਫੈਸਲਾ ਸਿਖ ਸਮਾਜ ਦੇ ਹੱਥ ਹੈ ਕਿ ਸਿਧਾਂਤ ਅਤੇ ਨਿਯਮਾਂ ਅਨੁਸਾਰ ਸਮਾਜ ਦੀ ਪਰਵਰਿਸ਼ ਕਰਨੀ ਹੈ ਜਾਂ ਇਹਨਾ ਸਵਾਰਥੀ ਲੋਕਾਂ ਦੀਆਂ ਆਪਹੁਦਰੀਆਂ ਪ੍ਰਤੀ ਚੁੱਪੀ ਵਟ ਕੇ ਭੱਵਿਖ ਦੀਆਂ ਪੀੜ੍ਹੀਆਂ ਨੂੰ ਕਲੇਸ਼ ਚ ਪਾਈ ਰੱਖਣਾ ਹੈ । ਅਖ਼ੀਰ ਵਿਚ ਮੈਂ ਇਕ ਸ਼ੇਅਰ ਦੇ ਨਾਲ ਆਪਣੀ ਗੱਲ ਦੀ ਸਮਾਪਤੀ ਕਰਨੀ ਚਾਹਾਂਗਾ :

ਬਾਤ ਕਰਤਾ ਹੂੰ ਤੋ ਸ਼ਾਇਦ ਉਨ ਕੋ ਹੋ ਸ਼ਿਕਾਇਤ, ਚੁਪ ਰਹਿਤਾ ਹੂੰ ਤੋ ਮੇਰੀ 'ਨਾਨਕ' ਸੇ ਕੋਤਾਹੀ ਹੋਤੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top