Share on Facebook

Main News Page

“ਸੱਚ” ਦੀ ਪੜਚੋਲ “ਸੱਚ ਦੀ ਕੱਸਵਟੀ” ਤੇ ਹੀ ਹੋ ਸਕਦੀ ਹੈ, ਤਰਕਾਂ ਨਾਲ ਨਹੀਂ (ਭਾਗ - ਪਹਿਲਾ)
-
ਇੰਦਰਜੀਤ ਸਿੰਘ, ਕਾਨਪੁਰ

ਦੋ ਤਿਨ ਦਿਨ ਪਹਿਲਾਂ ਮੇਰੇ ਵਿਦਵਾਨ ਮਿੱਤਰ ਵੀਰ ਹਰਦੇਵ ਸਿੰਘ ਜੰਮੂ ਜੀ ਦਾ ਇਕ ਲੇਖ "ਸੱਚ ਤੋਂ ਦੂਰ ਸੱਚ ਦੀ ਪੜਚੋਲ" ਖ਼ਾਲਸਾ ਨਿਊਜ਼ 'ਤੇ ਪੜ੍ਹਨ ਨੂੰ ਮਿਲਿਆ। ਜਿਸ ਵਿਚ ਉਨਾਂ ਨੇ ਗਿਆਨੀ ਭਾਗ ਸਿੰਘ ਹੋਰਾਂ ਦੀ 1976 ਵਿੱਚ ਛੱਪੀ ਪੁਸਤਕ "ਦਸਮ ਗ੍ਰੰਥ ਨਿਰਣੈ" ਦਾ ਹਵਾਲਾ ਦੇਂਦੇ ਹੋਏ, ਅਖੌਤੀ ਦਸਮ ਗ੍ਰੰਥ ਬਾਰੇ ਅਪਣੀ ਜਾਤੀ ਸੋਚ ਨੂੰ ਪ੍ਰੋੜਤਾ ਦੇਣ ਲਈ ਦੇਰ ਰਾਤ ਤਕ ਮੇਹਨਤ ਕੀਤੀ, ਜੈਸਾ ਕਿ ਆਪ ਜੀ ਨੇ ਅਪਣੇ ਲੇਕ ਵਿੱਚ ਲਿਖਿਆ ਹੇ। ਕਈ ਵਿਦਵਾਨਾਂ, ਨੂੰ ਕਈ ਦਿਨ ਫੋਨ ਕਰ ਕਰ ਕੇ ਅਪਣਾਂ ਅਤੇ ਉਨਾਂ ਦਾ ਕਾਫੀ ਕੀਮਤੀ ਵਕਤ ਵੀ ਵੀਰ ਜੀ ਨੇ ਖਰਚ ਕੀਤਾ। ਮੇਰੇ ਵਿਦਵਾਨ ਮਿਤੱਰ ਜੀ, ਖੋਜ ਤਾਂ ਇਹ ਕਰ ਰਹੇ ਸੀ ਕਿ ਗਿਆਨੀ ਹਰਭਜਨ ਸਿੰਘ ਅਤੇ ਗਿਆਨੀ ਸੁਰਜੀਤ ਸਿੰਘ ਹੋਰਾ ਨੇ ਜੋ ਗਿਆਨੀ ਜੀ ਦੀ ਹੱਡ ਬਿਤੀ ਲਿਖੀ ਹੈ। ਉਸ ਹੱਡ ਬੀਤੀ ਨੂੰ, ਛੇਕੇ ਜਾਂਣ ਤੋਂ ਬਾਦ, ਉਨਾਂ ਨੇ ਆਪ ਕਿਉ ਨਹੀਂ ਲਿੱਖਿਆ?

ਮੈਨੂੰ ਬਹੁਤ ਹੈਰਾਨਗੀ ਹੁੰਦੀ ਹੈ ਕਿ ਕੰਧ ਤੇ ਲਿਖੇ ਸੱਚ ਨੂੰ ਅਸੀ ਸਿਰਫ ਇਸ ਲਈ ਪੜ੍ਹਨਾਂ ਨਹੀਂ ਚਾਂਉਦੇ ਕਿਉ ਕਿ ਪਹਿਲਾਂ ਤੋਂ ਬਣਾਏ ਹੋਏ ਅਪਣੇ ਵਿਚਾਰਾਂ ਨਾਲ ਉਹ ਸੱਚ ਮੇਲ ਨਹੀਂ ਖਾਂਦਾ। ਖੈਰ, ਵੀਰ ਜੀ ਦੀ ਉਹ ਖੋਜ ਪੂਰੀ ਹੋਈ ਕਿ ਨਹੀਂ, ਇਸ ਦਾ ਇਕ ਫਾਇਦਾ ਜਰੂਰ ਹੋਇਆ ਕਿ ਉਨਾਂ ਨੇ ਗਿਆਨੀ ਭਾਗ ਸਿੰਘ ਹੋਰਾਂ ਦੀ ਕਿਤਾਬ, ਪੂਰੀ ਰਾਤ ਲਾਅ ਕੇ ਜਰੂਰ ਪੜ੍ਹ ਲਈ। ਉਹ ਵੀ ਸ਼ਾਇਦ ਇਸ ਲਈ ਕਿ ਉਹ ਇਹ ਸਾਬਿਤ ਕਰ ਸਕਣ ਕਿ ਇਸ "ਕੂੜ ਕਿਤਾਬ" ਵਿੱਚ ਵੀ ਕੁਝ ਬਾਂਣੀਆਂ ਐਸੀਆਂ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਲਿਖੀਆਂ ਹੋਈਆਂ ਹਨ।

ਖੈਰ, ਛਡੋ ਇਨਾ ਗੱਲਾਂ ਨੂੰ। ਤੁਰਦੇ ਹਾਂ ਵੀਰ ਜੀ ਦੀ ਕੀਤੀ ਗਈ ਖੋਜ ਵਲ ਅਤੇ ਉਨਾਂ ਦੇ ਉਠਾਏ ਗਏ ਮੁੱਦਿਆਂ ਉਤੇ ਵਿਚਾਰ ਕਰਦੇ ਹਾਂ, ਜੋ ਹੋਰ ਪਾਠਕਾ ਅਤੇ ਵੀਰਾਂ ਲਈ ਵੀ ਸ਼ਾਇਦ ਲਾਹੇਵੰਦ ਹੋ ਸਕੇ। ਦਾਸ ਹਰ ਕਿਸੇ ਦੇ ਲੇਖ ਦਾ ਜਵਾਬ ਦੇਣਾ ਅਤੇ ਕਿਸੇ ਪ੍ਰਕਾਰ ਦੀ ਬਹਿਸ ਬਾਜੀ ਵਿੱਚ ਪੈਂਣ ਤੇ ਵਿਸ਼ਵਾਸ਼ ਨਹੀਂ ਕਰਦਾ। ਹਾਂ ਜੇ ਕੋਈ ਲੇਖ ਪੰਥਿਕ ਸੋਚ ਨੂੰ ਗਲਤ ਸੰਦੇਸ ਅਤੇ ਦਿਸ਼ਾ ਦੇ ਰਿਹਾ ਹੋਵੇ ਤਾਂ ਦਾਸ ਉਸ ਬਾਰੇ ਅਪਣੇ ਵਿਚਾਰ ਜਰੂਰ ਰਖਣ ਦੀ ਕੋਸ਼ਿਸ਼ ਕਰਦਾ ਹੈ। ਵੀਰ ਹਰਦੇਵ ਸਿੰਘ ਜੀ ਦੇ ਲੇਖ ਹੇਠਾਂ ਦਾਸ ਨੇ ਕੁਝ ਕੁਮੇੰਟ ਲਿੱਖ ਦਿਤੇ ਸੀ, ਜਿਸ ਵਿੱਚ ਦਾਸ ਨੇ ਉਨਾਂ ਕੋਲੋਂ ਚਾਰ ਸਵਾਲ ਪੁਛੇ ਸੀ ਜੋ ਇਸ ਪ੍ਰਕਾਰ ਹਨ।

  1. ਗਿਆਨੀ ਭਾਗ ਸਿੰਘ ਜੀ ਕੇੜ੍ਹੀਆਂ ਕੇੜ੍ਹੀਆਂ ਬਾਣੀਆਂ ਨੂੰ " ਗੁਰੂ ਗੋਬਿੰਦ ਸਿੰਘ ਸਾਹਿਬ" ਦੀਆਂ ਬਾਣੀਆਂ ਮੰਨਦੇ ਸੀ, ਉਨਾਂ ਦੇ ਨਾਮ ਦਸਣ ਦੀ ਕਿਰਪਾਲਤਾ ਕਰਨੀ ਜੀ।

  2. ਦਸਮ ਗ੍ਰੰਥ ਦੀਆ ਬਾਣੀਆਂ ਬਾਰੇ ਵਿਦਵਾਨਾਂ ਵਿੱਚ ਉਹ ਕੇੜ੍ਹੇ "ਵਿਵਾਦ ਅਤੇ ਮਤਭੇਦ" ਸਨ ਅਤੇ ਉਹ ਕਿਨਾਂ ਬਾਣੀਆਂ ਬਾਰੇ ਸਨ ?

  3. ਅਪਣੀ "ਕਥਿਤ ਖੋਜ" ਵਿਚ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੂੰ ਕੋਟ ਕਰਣ ਦਾ ਕੀ ਕਾਰਣ ਹੈ? ਜਦ ਕਿ, ਉਨਾਂ ਨੇ ਵਿਦਵਾਨਾਂ ਦਾ ਇਕ ਪੈਨਲ ਬਣਾਂ ਕੇ "ਅਰਦਾਸ ਵਿਚ ਭਗਉਤੀ" ਤੋਂ ਖਹਿੜਾ ਛੁੜਾ ਲੈਣ ਬਾਰੇ ਜਦੋਂ ਲਿਖਿਆ ਸੀ ਤਾਂ ਆਪ ਜੀ ਨੇ ਇਸ ਬਾਰੇ ਉਨਾਂ ਦੀ ਆਲੋਚਨਾਂ ਵੀ ਕੀਤੀ ਸੀ। ਆਪ ਜੀ ਨੇ ਉਨਾਂ ਨੂੰ ਇਸ ਬਾਰੇ ਫੋਨ ਕਰ ਕੇ ਇਤਰਾਜ ਵੀ ਕੀਤਾ ਸੀ, ਜੈਸਾ ਕਿ ਆਪ ਜੀ ਨੇ ਮੈਨੂੰ ਵੀ ਦਸਿਆ ਸੀ।

  4. ਕੀ ਆਪ ਦਸਮ ਗ੍ਰੰਥ ਦੀਆਂ ਕੁਝ ਬਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕ੍ਰਿਤ (ਗੁਰਬਾਣੀ) ਮਨਦੇ ਹੋ ? ਜੇ ਮਨਦੇ ਹੋ ਤਾਂ ਉਹ ਕੇੜ੍ਹੀਆ ਬਾਣੀਆਂ ਹਨ?ਅਤੇ ਉਸ ਦਾ ਕੀ ਅਧਾਰ ਹੈ ?

ਇਸ ਕਮੇਂਟ ਦੇ ਪ੍ਰਤੀਕਰਮ ਵੱਜੋਂ ਵੀਰ ਜੀ ਨੇ ਉਸੇ ਸਿਰਲੇਖ ਹੇਠ ਅਪਣੇ ਇਸ ਲੇਖ ਦਾ, "ਦੂਜਾ ਭਾਗ" ਲਿਖ ਕੇ ਦਾਸ ਨੂੰ ਈ ਮੇਲ ਰਾਂਹੀ ਭੇਜਿਆ ਹੈ, ਅੱਜ ਕੁਝ ਵੇਬਸਾਈਟਾਂ ਉਪਰ ਵੀ ਇਹ ਲੇਖ ਛੱਪ ਗਇਆ। ਇਸਦੇ ਨਾਲ ਹੀ ਨਾਲ "ਅਖੌਤੀ ਦਸਮ ਗ੍ਰੰਥ" ਨੂੰ ਮੇਰੇ ਵਲੋਂ "ਗੰਦ ਦਾ ਟੋਕਰਾ" ਕਹੇ ਜਾਂਣ ਉਪਰ ਵੀਰ ਜੀ ਨੇ ਬਹੁਤ ਰੋਸ਼ ਅਤੇ ਇਤਰਾਜ ਕਰਦਿਆਂ ਇਕ ਲੱਮਾਂ ਖੱਤ ਹੋਰ ਲਿੱਖ ਕੇ ਭੇਜਿਆ ਹੈ। ਪਾਠਕਾਂ ਦੀ ਜਾਨਕਾਰੀ ਲਈ ਦਾਸ, ਇਥੇ ਇਹ ਦਸ ਦੇਂਣਾਂ ਚਾਂਉਦਾ ਹੈ ਕਿ ਸਾਇਦ ਹੀ ਕੋਈ ਦਿਨ ਐਸਾ ਜਾਂਦਾ ਹੋਵੇ ਜਦੋਂ ਵੀਰ ਜੀ , ਇਨਾਂ ਮੁੱਦਿਆ ਤੇ ਮੇਰੇ ਨਾਲ ਫੋਨ ਤੇ ਗਲ ਨਾਂ ਕਰਦੇ ਹੋਣ। ਦਾਸ ਅਪਣੀ ਗਲ ਕਹਿੰਦਾ ਹੈ ਅਤੇ ਵੀਰ ਜੀ ਅਪਣੀ ਗਲ ਕਹਿੰਦੇ ਰਹਿੰਦੇ ਹਨ। ਇਕ ਲੇਖ ਉਨਾ ਦਾ ਹੋਰ ਪਿਆ ਹੈ, ਜਵਾਬ ਦੇਣ ਲਈ । ਦਾਸ ਕੋਲ ਇਨਾਂ ਟਾਈਮ ਨਹੀਂ ਹੂੰਦਾ ਕਿ ਉਹ ਜਾਤੀ ਲੇਖਾਂ ਜਾਂ ਖੱਤਾਂ ਦਾ ਜਵਾਬ ਲਿੱਖ ਲਿੱਖ ਕੇ ਦੇਵੇ। ਫਿਰ ਇਨਾਂ ਜਾਤੀ ਖੱਤਾਂ ਦਾ ਪਾਠਕਾਂ ਨੂੰ ਤਾਂ ਕੋਈ ਲਾਭ ਹੋਣਾਂ ਨਹੀਂ। ਜਦੋਂ ਆਪ ਨਿਜੀ ਖੱਤ ਲਿਖ ਕੇ ਦਾਸ ਕੋਲੋਂ ਕੁਝ ਪੁਛਦੇ ਹਨ ਤਾਂ ਮੈਂ ਫੋਨ ਕਰਕੇ ਅਕਸਰ ਇਨਾਂ ਨੂੰ ਹਰ ਗਲ ਦਾ ਜਵਾਬ ਦੇਂਣ ਦੀ ਕੋਸ਼ਿਸ਼ ਕਰਦਾ ਹਾ। ਭਾਵੇ ਅੱਧਾ ਘੰਟਾ ਲਗੇ ਜਾਂ ਇਕ ਘੰਟਾ। ਲੇਕਿਨ ਇਹ ਮੁੱਦਾ ਪਾਠਕਾਂ ਦੀ ਬੈਠਕ ਵਿੱਚ ਉਨਾਂ ਦੇ ਇਸ ਲੇਖ ਰਾਂਹੀ ਆਇਆ ਹੈ, ਇਸ ਲਈ ਹੁਣ ਉਨਾ ਤਿੰਨਾਂ ਲੇਖਾਂ ਵਿੱਚ ਮੁੱਖ ਮੁੱਖ ਨੁਕਤਿਆ ਦਾ ਜਵਾਬ ਦੇਣ ਦੀ ਕੋਸਿਸ ਕਰ ਰਿਹਾ ਹਾਂ।

1- ਦਾਸ ਦੇ ਪਹਿਲੇ ਸਵਾਲ ਦਾ ਜਵਾਬ ਉਨਾਂ ਨੇ ਦੋਬਾਰਾ ਗਿਆਨੀ ਭਾਗ ਸਿੰਘ ਜੀ ਦੀ ਪੁਸਤਕ "ਦਸਮ ਗ੍ਰੰਥ ਨਿਰਣੈ", ਜੋ ਦਾਸ ਕਈ ਵਾਰ ਪਹਿਲਾਂ ਵੀ ਪੜ੍ਹਦਾ ਆਇਆ ਹੈ, ਵਿਚੋ ਕਾਪੀ ਪੇਸਟ ਕਰ ਕੇ ਦਿਤਾ ਹੈ ਕਿ ਉਹ ਜਾਪ, ਅਕਾਲ ਉਸਤਤਿ,ਜਫਰਨਾਮਾਂ ਅਤੇ ਕੁਜ ਹੋਰ ਬਾਣੀਆਂ ਨੂੰ ਗੁਰੂ ਕ੍ਰਿਤ ਮੰਨਦੇ ਸਨ।

ਦਾਸ ਨੂੰ ਪਤਾ ਸੀ ਕਿ ਇਹ ਸਭ ਕੁਜ ਵੀਰ ਜੀ ਜਰੂਰ ਕੋਟ ਕਰਣਗੇ, ਅਤੇ ਦਾਸ ਨੂੰ ਇਸਦਾ ਇਹਸਾਸ ਵੀ ਸੀ। ਇਸੇ ਕਰ ਕੇ ਇਹ ਸਵਾਲ ਕੀਤਾ ਸੀ। ਵੀਰ ਜੀ ਨੂੰ ਇਸ ਗਲ ਦਾ ਜਵਾਬ ਦੇਣ ਤੋਂ ਪਹਿਲਾ ਦਾਸ ਇਹ ਚਾਂਉਦਾ ਹੈ ਕਿ ਪਾਠਕਾਂ ਨੂੰ ਇਹ ਦਸ ਦਿਤਾ ਜਾਵੇ ਕਿ ਗਿਆਨੀ ਭਾਗ ਸਿੰਘ ਅੰਬਾਲਾ ਜੀ ਦੀ ਲਿਖੀ ਇਸ ਪੁਸਤਕ ਦੀ ਛਪਾਈ ਪਹਿਲੀ ਵਾਰ 1976 (ਬਿਕ੍ਰਮੀ 2032) ਵਿੱਚ ਹੋਈ ਸੀ , ਮੁੱਲ 4 ਰੁਪਏ ਅਤੇ ਜਿਲਦ ਸਮੇਤ ਰੁਪਏ 7, ਜੋ ਕੇਵਲ ਲਾਗਤ ਹੀ ਹੁੰਦੀ ਸੀ। ਗਿਆਨੀ ਜੀ ਨੇ ਆਪ ਹੀ ਇਕੱਲਿਆਂ ਇਹ ਪੁਸਤਕ ਛਪਵਾਈ ਸੀ ਕਿਉਕਿ ਉਸ ਵੇਲੇ ਕਿਸੇ ਵੀ ਪਬਲਿਸ਼ਰ ਦੀ ਇਨੀ ਹਿੱਮਤ ਨਹੀਂ ਸੀ ਕਿ ਗਿਆਨੀ ਜੀ ਦੇ ਇਨਾਂ "ਕ੍ਰਾਂਤੀਕਾਰੀ" ਵਿਚਾਰਾ ਨੂੰ ਅਪਣੇ ਨਾਮ ਹੇਠ ਛਾਪ ਕੇ ਵੇਚੇ। ਹਾਂ ਉਨਾਂ ਦੇ ਮਿਤੱਰ ਗੁਰੂ ਪੂਰਨ ਸਿੰਘ, ਜੀ. ਐਸ. ਪ੍ਰਿੰਟਰ, ਡਾ. ਗੁੱਜਰ ਮਲ ਰੋਡ, ਲੁਧਿਆਣਾ ਨੇ ਇਸ ਨੂੰ ਪਹਿਲੀ ਵਾਰ ਛਾਪਣ ਦਾ ਉਪਰਾਲਾ ਕੀਤਾ। ਇਸ ਕਿਤਾਬ ਨੂੰ ਪਰੰਪਰਾ ਵਾਦੀ ਕੇਸਾਧਾਰੀ ਬ੍ਰਾਹਮਣਾਂ ਨੇ ਬੈਨ ਕਰਵਾ ਦਿਤਾ ਅਤੇ ਇਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਗਈ ਸੀ। ਉਸ ਵੇਲੇ ਅੱਜ ਵਾਲਾ ਮਾਹੋਲ ਅਤੇ ਇੰਟਰਨੇਟ ਦਾ ਯੁਗ ਤਾਂ ਹੈ ਨਹੀਂ ਸੀ ਕਿ ਜਿਸਦੀ ਜੋ ਮਰਜੀ ਆਵੇ ਲਿਖੀ ਜਾਵੇ। ਹਰ ਇਕ ਕਹੀ ਅਤੇ ਲਿਖੀ ਗਲ ਦਾ ਕਰੜਾ ਨੋਟਿਸ ਲਿਆ ਜਾਂਦਾ ਸੀ।

ਗਿਆਨੀ ਭਾਗ ਸਿੰਘ ਅੰਬਾਲਾ ਨੇ ਇਸ ਪੁਸਤਕ ਦੀ ਇਕ ਕਾਪੀ ਅਪਣੇ ਹੱਥੀ 1977 ਵਿੱਚ ਕਾਨਪੁਰ ਫੇਰੀ ਦੇ ਦੌਰਾਨ ਅਪਣੇ ਮਿੱਤਰ ਗਿਆਨੀ ਪ੍ਰਹਿਲਾਦ ਸਿੰਘ ਨਾਰਵੀ (ਜੋ ਕਾਨਪੁਰ ਵਿੱਚ ਇਕ ਧਾਰਮਿਕ ਟੀਚਰ ਹੂੰਦੇ ਸੀ, ਪਿਛਲੇ ਵਰ੍ਹੇ ਉਨਾ ਦਾ ਅਕਾਲ ਚਲਾਣਾਂ ਹੋ ਚੁਕਾ ਹੇ ) ਨੂੰ ਭੇਂਟ ਕਿਤੀ ਸੀ, ਇਹ ਪੁਸਤਕ ਗਿਆਨੀ ਜੀ ਨੇ, ਮੇਰੇ ਮਿੱਤਰ ਗਿਆਨੀ ਹਰਚਰਨ ਸਿੰਘ ਹੋਰਾ ਨੂੰ ਦਿਤੀ। ਇਸ ਪੁਸਤਕ ਉਪਰ ਗਿਆਨੀ ਭਾਗ ਸਿੰਘ ਜੀ ਦੇ ਹਥ ਨਾਲ, ਗਿਆਨੀ ਪ੍ਰਹਿਲਾਦ ਸਿੰਘ, ਨਾਰਵੀ ਹੋਰਾਂ ਦਾ ਨਾਮ ਲਿਖਿਆ ਹੋਇਆ ਹੇ। ਸੁਭਾਗ ਨਾਲ, ਇਹ ਪੁਸਤਕ ਅੱਜ ਵੀ ਦਾਸ ਕੋਲ ਹੈ। ਕਿਉਂਕਿ ਇਹ ਕਿਤਾਬ ਉਸ ਵੇਲੇ ਨਾਂ ਤਾਂ ਬਜਾਰ ਵਿੱਚ ਵਿਕਦੀ ਸੀ ਅਤੇ ਨਾ ਹੀ ਮਿਲਦੀ ਸੀ। ਇਸ ਦੇ ਦੋ ਕਾਰਣ ਸਨ, ਪਹਿਲਾ ਕਾਰਣ ਇਹ ਸੀ ਕਿ ਅਗਿਆਨਤਾ ਵੱਸ਼ ਦਸਮ ਗ੍ਰੰਥ ਅਤੇ ਉਸ ਦੀਆਂ ਬਾਣੀਆ ਬਾਰੇ ਸਿੱਖ ਜਗਤ ਦਾ ਬਹੁਤ ਜਿਆਦਾ ਵਿਸ਼ਵਾਸ ਅਤੇ ਸਤਕਾਰ ਹੋਣਾਂ। ਦੁਜਾ ਇਸ ਗ੍ਰੰਥ ਨੂੰ "ਦਸਮ ਪਿਤਾ" ਦੀ ਲਿਖਿਤ ਸਮਝਣਾਂ ਅਤੇ ਨਿਤਨੇਮ ਦੀਆਂ ਬਾਣੀਆ ਵਿੱਚ ਇਸ ਗ੍ਰੰਥ ਦੀਆਂ ਕੁਝ ਬਾਣੀਆਂ ਦਾ ਸ਼ਾਮਿਲ ਹੋਣਾ।

ਬੁਰਛਾਗਰਦਾਂ ਨੇ ਇਸ ਪੁਸਤਕ ਦੇ ਵਿੱਕਣ ਤੇ ਪਾਬੰਦੀ ਲਾਈ ਹੋਈ ਸੀ । ਇਸ ਕਰਕੇ ਇਸ ਪੂਰੀ ਕਿਤਾਬ ਦੀਆਂ ਫੋਟੋ ਕਾਪੀਆਂ ਬਣਵਾ ਕੇ ਦਾਸ ਅਤੇ ਵੀਰ ਹਰਚਰਨ ਸਿੰਘ ਜੀ, ਕਾਨਪੁਰ ਅਤੇ ਆਲੇ ਦੁਆਲੇ ਵੰਡਦੇ ਹੂੰਦੇ ਸੀ, ਅਤੇ ਅਖੌਤੀ ਦਸਮ ਗ੍ਰੰਥ ਦਾ ਭੇਦ ਅਤੇ ਅਸਲਿਅਤ ਚੋਣਵੇ ਸੁਚੇਤ ਸਿੱਖਾਂ ਦੇ ਅੱਗੇ ਹੀ "ਚੋਰਾਂ ਵਾਂਗ" ਰਖਦੇ ਸੀ। ਕਿਉਕਿ ਸਿੱਖਾਂ ਵਿਚ ਇਸ ਕੂੜ ਗ੍ਰੰਥ ਬਾਰੇ ਇਨੀ ਵੀ ਜਾਗਰੂਕਤਾ ਨਹੀਂ ਸੀ, ਕਿ ਉਹ ਇਹ ਸਭ ਬਰਦਾਸ਼ਤ ਕਰ ਸਕਣ । ਜੇ ਅਸ਼ੀ ਕਿਸੇ ਕੱਚੀ ਸੋਚ ਵਾਲੇ ਸਿੱਖ ਨੂੰ "ਚਰਿਚ੍ਰ ਪਾਖਿਯਾਨ" ਦੀ ਕਿਸੇ ਤੁਕ ਬਾਰੇ ਦਸ ਦੇਂਦੇ ਸੀ ਤਾਂ ਉਹ ਸਾਨੂੰ ਮਾਰਨ ਨੂੰ ਪੈਂਦਾ ਸੀ । ਇਕ ਵੱਡੇ ਸ਼ਹਿਰ ਵਿੱਚ ਵੀ ਦਸਮ ਗ੍ਰੰਥ ਬਾਰੇ ਚਰਚਾ ਕਰਣ ਵਾਲੇ ਲਗਭਗ ਪੰਜ ਕੁ ਬੰਦਿਆਂ ਤੋਂ ਜਿਆਦਾ ਨਹੀਂ ਸੀ ਹੋਇਆ ਕਰਦੇ। 1980 ਤਕ ਇਸ ਬਾਰੇ ਬਹਿ ਕਿ ਗਲ ਕਰਨ ਵਾਲੇ ਤੇ ਇਸ ਕੂੜ ਨੂੰ ਸਮਝਣ ਵਾਲੇ ਸਾਡੇ ਸ਼ਹਿਰ ਵਿੱਚ ਵੀ ਕੁਲ ਚਾਰ ਬੰਦੇ ਹੀ ਸੀ, ਜਦ ਕਿ ਇਥੇ ਸਿੱਖਾਂ ਦੀ ਅਬਾਦੀ ਲਗਭਗ ਦੋ ਲੱਖ ਦੇ ਕਰੀਬ ਸੀ। ਇਸ ਦਾ ਇਕੋ ਇਕ ਕਾਰਣ ਸੀ ਕਿ ਇਸ ਕਿਤਾਬ ਨੂੰ "ਦਸਮ ਬਾਣੀ" ਕਹਿ ਕਹਿ ਕੇ ਉਸ ਤੇ ਰੂਮਾਲੇ ਪਾ ਪਾ ਕੇ 200 ਵਰ੍ਹੇ ਸਿੱਖਾਂ ਕੋਲੋਂ ਮੱਥਾ ਟਿਕਵਾਇਆ ਜਾਂਦਾ ਰਿਹਾ ਹੈ। ਇਹ ਸਤਕਾਰ ਅਤੇ ਅੰਧੀ ਸ਼ਰਧਾ ਇਸ ਕਿਤਾਬ ਦਾ ਕੌੜਾ ਸੱਚ ਸੁਨਣ ਨੂੰ ਤਿਆਰ ਹੀ ਨਹੀਂ ਸੀ। ਅਕਾਲ ਤਖਤ ਦਾ ਹੁਕਮ, ਜੋ ਭਾਵੇ ਬੁਰਛਾਗਰਦਾਂ ਦੀ ਜੂੰਡਲੀ ਦਾ ਕੂੜਨਾਮਾਂ ਹੀ ਕਿਉ ਨਾ ਹੋਵੇ ਉਸ ਨੂੰ ਸਿੱਖ "ਰੱਬ ਦਾ ਆਖਰੀ ਹੁਕਮ" ਮੰਨ ਕੇ ਸਿਜਦਾ ਕਰਦੇ ਸੀ। ਜੋ ਛੇਕਿਆ ਜਾਂਦਾ ਸੀ, ਉਸ ਨੂੰ ਦੂਜੇ ਸਿੱਖ, ਇਸ ਨਿਗਾਹ ਨਾਲ ਵੇਖਦੇ ਸਨ, ਜਿਵੇਂ ਉਹ ਕਿਸੇ ਗੰਭੀਰ ਬਿਮਾਰੀ ਦਾ ਮਰੀਜ ਹੋਵੇ, ਉਸ ਤੋਂ ਦੂਰ ਦੂਰ ਭਜਦੇ ਸੀ।

ਇਥੇ ਇਹ ਸਭ ਦਸਣ ਦਾ ਕਾਰਣ ਇਹ ਹੇ ਕਿ ਦਸਮ ਗ੍ਰੰਥ ਬਾਰੇ ਪ੍ਰਚਾਰ ਕਰਨਾ ਅਤੇ ਇਸ ਬਾਰੇ ਕੋਈ ਕਿਤਾਬ ਲਿਖਣਾਂ ਤੇ ਦੂਰ , ਇਸ ਬਾਰੇ ਕੋਈ ਗੱਲ ਕਰਣਾਂ ਵੀ ਡਾਂਗਾਂ ਸੋਟੇ ਖਾਣ ਦਾ ਇੰਤਜਾਮ ਕਰਣਾਂ ਹੂੰਦਾ ਸੀ। ਵੀਰ ਜੀ ਜਿਸ ਗਲ ਦੀ ਖੋਜ ਤੁਸੀ ਇਕ ਰਾਤ ਵਿੱਚ ਕਰਕੇ ਲੇਖ ਲਿਖ ਦਿਤਾ ਕਿ ਗਿਆਨੀ ਭਾਗ ਸਿੰਘ ਅੰਬਾਲਾ ਵੀ ਪੂਰੇ "ਕੂੜ ਗ੍ਰੰਥ" ਨੂੰ ਰੱਦ ਨਹੀਂ ਕੀਤਾ। ਲੇਕਿਨ ਇਹ ਨਹੀਂ ਸੋਚਿਆ ਕਿ ਉਸ ਪਿਛੇ ਛੁਪਿਆ ਸੱਚ ਕੀ ਹੈ ? ਚਲੋ ਇਸ ਬਾਰੇ ਗਲ ਕਰਦੇ ਹਾਂ।

ਇਸ ਵਿਸ਼ੈ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਕ ਗਲ ਆਪ ਜੀ ਨਾਲ ਸਾਂਝੀ ਕਰਨਾ ਚਾਂਉਦਾ ਹਾਂ ਕਿ , ਜਿੱਨੇ ਵੀ ਵਿਦਵਾਨ ਦਸਮ ਗ੍ਰੰਥ ਉਪਰ ਅਧਿਐਨ ਸ਼ੁਰੁ ਕਰਦੇ ਨੇ , ਗਿਆਨੀ ਜੀ ਦੀ ਇਹ ਕਿਤਾਬ ਉਨਾਂ ਲਈ ਇਕ “ਮੁਡਲੇ ਕਾਇਦੇ” ਦੇ ਰੂਪ ਵਿੱਚ ਉਨਾਂ ਨੂੰ ਦਿਸ਼ਾ ਨਿਰਦੇਸ ਦੇਂਦੀ ਹੈ। ਇਸ ਕਿਤਾਬ ਨੂੰ ਪੜ੍ਹਦਿਆ ਹੀ ਉਨਾਂ ਦੇ ਅਧਿਐਨ ਦੀ ਗੱਡੀ ਨੂੰ ਪਹਿਲਾ ਗਿਅਰ ਲਗ ਜਾਦਾ ਹੈ ਅਤੇ ਇਹ ਗੱਡੀ ਫਿਰ ਅਗੇ ਹੀ ਅਗੇ ਵੱਧਦੀ ਜਾਂਦੀ ਹੈ। ਦਸਮ ਗ੍ਰੰਥ ਦਾ ਅਧਿਐਨ ਕਰਨ ਵਾਲੇ, ਇਸ ਗਲ ਨੂੰ ਜਿਆਦਾ ਸਮਝ ਸਕਦੇ ਹਨ। ਲੇਕਿਨ ਪਹਿਲਾ ਵਿਦਵਾਨ ਮੈਂ ਐਸਾ ਵੇਖਿਆ ਜਿਸ ਦੀ ਗੱਡੀ ਨੂੰ ਇਸ ਕਿਤਾਬ ਨੇ “ਰਿਵਰਸ” ਗਿਅਰ ਵਿੱਚ ਪਾ ਦਿਤਾ ਹੈ । ਖੈਰ, ਵੀਰ ਜੀ ਇਸ ਕਿਤਾਬ ਨੂੰ ਤੁਸੀ ਇਕ ਰਾਤ ਬਹਿ ਕੇ ਪੜ੍ਹਿਆ ਤੇ ਤੁਸੀ ਕਈ ਸਵਾਲ ਖੜੇ ਕਰ ਦਿੱਤੇ । ਇਹ ਸਾਰੀਆ ਗਲਾ ਕੋਈ ਨਵੀਆਂ ਨਹੀਂ ਹਨ । ਅਸੀ ਵੀ ਗਿਆਨੀ ਪ੍ਰਹਿਲਾਦ ਸਿੰਘ ਹੋਰਾਂ ਕੋਲੋਂ ਇਹ ਹੀ ਸਵਾਲ ਪੁਛਦੇ ਸੀ ਤਾਂ ,ਉਹ ਸਾਨੂੰ ਦੋ ਲਾਈਨਾਂ ਵਿੱਚ ਇਸਦਾ ਜਵਾਬ ਦੇਂਦੇ ਸੀ ਕਿ, “ ਕੀ ਤੁਸੀ ਮੈਨੂੰ ਦਸ ਸਕਦੇ ਹੋ ਕਿ ਭਾਈ ਕਾਨ੍ਹ ਸਿੰਘ ਨਾਭਾ , ਪ੍ਰੋਫੇਸਰ ਸਾਹਿਬ ਸਿੰਘ ਅਤੇ ਗਿਆਨੀ ਭਾਗ ਸਿੰਘ ਅੰਬਾਲਾ ਅਤੇ ਹੋਰ ਵਿਦਵਾਨਾਂ ਨੇ ਖੁਲ ਕੇ ਜਾਪ , ਕਾਲ ਉਸਤਤਿ, ਅਤੇ ਚੌਪਈ ਬਾਰੇ ਕਿਉ ਨਹੀਂ ਲਿਖਿਆ ? ਕੀ ਉਹ ਇਨਾਂ ਬਾਣੀਆ ਦਾ ਭੇਦ ਨਹੀਂ ਸਨ ਜਾਂਣਦੇ ? ਜਾ ਉਨਾਂ ਨੂੰ ਗੁਰੂ ਕ੍ਰਿਤ ਮਣਦੇ ਸਨ ? ਉਨਾਂ ਨੂੰ ਅਸੀ ਜਵਾਬ ਦੇਂਦੇ ਕਿ, “ਗਿਆਨੀ ਜੀ ਇਹ ਸਭ "ਗੁਰੂ ਬਾਣੀ" ਤਾਂ ਹੈ ਹੀ ਨਹੀਂ? ਤਾਂ ਉਹ ਕਹਿੰਦੇ ਸਨ ਕਿ, ‘ਇਹ ਸਾਰੇ ਬਹੁਤ ਹੀ ਵੱਡੇ ਵਿਦਵਾਨ ਸਨ , ਇਨਾਂ ਨੇ ਅਪਣੀ ਸਾਰੀ ਉਮਰ ਇਹੋ ਜਹੇ ਅਧਿਐਨ ਤੇ ਲਾ ਦਿਤੀ ,ਇਹ ਸਾਡੇ ਤੁਹਾਡੇ ਵਰਗੇ ਘੁਣਤਰਾਂ ਕਰਨ ਵਾਲੇ ਅਤੇ ਤਰਕਾਂ ਦੇ ਅਧਾਰ ਤੇ ਅਪਣੀ ਮਤਿ ਅਨੁਸਾਰ ਲਿਖਣ ਵਾਲੇ ਬੰਦੇ ਨਹੀਂ ਸਨ। ਜੇ ਉਹ ਇਸ ਕੂੜ ਗ੍ਰੰਥ ਦੇ ਹੋਰ ਸਾਰੇ ਭੇਦ ਖੋਲ ਸਕਦੇ ਸਨ ਤਾ ਜਾਪ, ਚੌਪਈ ਅਤੇ ਹੋਰ ਬਾਣੀਆਂ ਦਾ ਭੇਦ ਕੀ ਉਨਾਂ ਤੋਂ ਛੁਪਿਆ ਰਹਿ ਸਕਦਾ ਸੀ ? ਜੇ ਸਾਡੇ ਤੁਹਾਡੇ ਵਰਗੇ ਲੋਕਾਂ ਨੇ ਇਹ ਅਧਿਐਨ ਕਰ ਲਿਆ ਹੈ ਕਿ ਚੌਪਈ ਦੇਵੀ ਦੇਵਤਿਆ ਦੀ ਉਸਤਤਿ ਹੈ । “ਗਿਆਨ ਪ੍ਰਬੋਧ” ਅਤੇ “ਜਾਪ” ਦਾ ਲਿਖਾਰੀ ਇਕ ਹੈ । ਤਾਂ ਕੀ ਕੌਮ ਦੇ ਇਹ ਮਹਾਨ ਪ੍ਰਚਾਰਕ, ਵਿਦਵਾਨ ਅਤੇ ਕਥਾਕਾਰ ਇਹ ਨਹੀਂ ਜਾਂਣਦੇ ਹੋਣਗੇ ਕਿ ਇਹ ਬਾਣੀਆਂ ਗੁਰੂ ਕ੍ਰਿਤ ਹਨ ਕਿ ਨਹੀਂ ਹਨ ? ਉਸ ਵੇਲੇ ਉਹ ਸਾਡੇ ਕੋਲੋਂ ਹੀ ਪੁਛਦੇ ਸਨ ਕਿ ਤੁਹਾਨੂੰ ਵੀ ਪਤਾ ਹੈ ਕਿ ਨਿਤਨੇਮ ਦੀਆਂ ਬਾਣੀਆਂ ਦਾ ਕੀ ਭੇਦ ਹੈ। ਕੀ ਤੁਸੀ ਅਪਣੇ ਗੁਰਦੁਆਰੇ ਸੰਗਤਾਂ ਵਿੱਚ ਇਹ ਕਹਿ ਸਕਦੇ ਹੈ ਕਿ "ਜਾਪ" ਅਤੇ ਚੌਪਈ" ਦੇਵੀ ਉਸਤਤਿ ਹੈ , ਗੁਰਬਾਣੀ ਨਹੀਂ ਹੈ ? ਇਸ ਨੂੰ ਨਾ ਪੜ੍ਹਿਆ ਕਰੋ ? ਅਸੀ ਅਗੋਂ ਖਾਮੋਸ ਹੋ ਜਾਇਆ ਕਰਦੇ ਸੀ।

ਉਹ ਗਲ ਪੂਰੀ ਕਰਦਿਆਂ ਅਗੋਂ ਕਹਿੰਦੇ ਸੀ ਕਿ ਅਪਣੇ ਘਰ ਤੁਸੀ ਕੁਝ ਵੀ ਅਧਿਐਨ ਕਰੋ, ਭਵਿਖ ਲਈ ਲਿੱਖ ਕੇ ਰੱਖੀ ਜਾਉ ਪਰ ਸੰਗਤ ਵਿੱਚ ਸਟੇਜ ਤੇ ਬਹਿ ਕੇ ਪ੍ਰਚਾਰ ਕਰਨ ਵਾਲੇ ਕਥਾਵਾਚਕ ਅਤੇ ਪ੍ਰਚਾਰਕ ਦਾ ਇਨਾਂ ਬਾਣੀਆਂ ਬਾਰੇ ਖੁਲ ਕੇ ਸੰਗਤ ਵਿੱਚ ਖੰਡਣ ਕਹਿਨਾਂ ਇਨਾਂ ਸੌਖਾ ਨਹੀਂ ਹੈ, ਜਿਨਾਂ ਤੁਸੀ ਸਮਝਦੇ ਹੋ। ਖਾਸ ਕਰਕੇ ਉਸ ਵੇਲੇ ਜਦੋਂ ਕੌਮ ਦੇ ਮਨ ਵਿੱਚ ਇਨਾ ਬਾਰੇ ਝੂਠੇ ਸਤਕਾਰ ਅਤੇ ਅੰਧੀ ਸ਼ਰਧਾ, ਕੁੱਟ ਕੁੱਟ ਕੇ ਭਰੀ ਪਈ ਹੋਵੇ। ਇਸੇ ਕਰਕੇ ਭਾਵੇ ਪ੍ਰੋਫੇਸਰ ਸਾਹਿਬ ਸਿੰਘ ਜੀ ਨੇ ਖੁਲ ਕੇ ਇਨਾਂ ਬਾਣੀਆ ਦਾ ਵਿਰੋਧ ਨਹੀਂ ਕੀਤਾ , ਲੇਕਿਨ ਇਨਾਂ ਵਿਚੋਂ ਕੁਝ ਦਾ ਟੀਕਾ ਵੀ ਨਹੀਂ ਕੀਤਾ।

ਗਿਆਨੀ ਭਾਗ ਸਿੰਘ ਜੀ ਇਕ ਵਿਦਵਾਨ ਹੀ ਨਹੀਂ, ਇਕ ਉੱਚ ਕੋਟੀ ਦੇ ਕਥਾਕਾਰ ਅਤੇ ਪ੍ਰਚਾਰਕ ਵੀ ਸਨ। ਜਦੋਂ ਸੰਗਤਾ ਨੂੰ ਪਤਾ ਲਗਦਾ ਕਿ ਗਿਆਨੀ ਜੀ ਸਹਿਰ ਵਿੱਚ ਆਏ ਹਨ ਤੇ ਸੰਗਤਾਂ ਹੁਮਹੁਮਾ ਕੇ ਉਨਾਂ ਕੋਲੋ ਕਥਾ ਸੁਨਣ ਲਈ ਇਕੱਠੀਆਂ ਹੁੰਦੀਆਂ ਸੀ।

ਵੀਰ ਜੀ ਅਜ ਵੀ ਕੁਝ ਲੋਕੀ ਹਨ ਜੋ ਭਾਵੇਂ ਆਪਣੀਆਂ ਵੇਬ ਸਾਈਟਾਂ ਤੇ ਜਾਪ ਦੀਆਂ ਪੈਰੋਡੀਆਂ ਬਣਾਈ ਜਾਂਣ, ਲੇਕਿਨ ਸੰਗਤ ਵਿੱਚ ਜੇ ਉਹ ਇਸ ਬਾਰੇ ਕੋਈ ਗਲ ਕਰ ਦੇਂਣ ਤਾ ਮੂੰਹ ਮੱਥਾ ਟੁਟਣ ਦੀ ਨੋਬਤ ਵੀ ਆ ਜਾਂਦੀ ਹੈ। ਦਸਮ ਗ੍ਰੰਥ ਦਾ ਵਿਰੋਧੀ ਇਕ ਗੋਲਡ ਮੇਡਲਿਸ਼ਟ ਵਿਦਵਾਨ, ਜਿਸਨੇ ਇਸ ਕੂੜ ਕਿਤਾਬ ਦਾ ਬਹੁਤ ਅਧਿਐਨ ਕੀਤਾ ਹੋਇਆ ਹੈ, ਜਿਸ ਵੇਲੇ ਟੀ ਵੀ ਚੈਨਲ ਤੇ ਰਤਿੰਦਰ ਸਿੰਘ ਇੰਦੌਰ ਨਾਲ ਇੰਟਰ ਵਿਉ ਦੇ ਰਿਹਾ ਸੀ ਤਾਂ ਜਾਪ ਅਤੇ ਚੌਪਈ ਦੀ ਗਲ ਆਂਉਦੇ ਹੀ ਇਸ ਦੀ ਬੋਲਤੀ ਬੰਦ ਹੋ ਗੀ ਸੀ। ਜਦ ਕਿ ਦੁਜੇ ਪਾਸੇ ਬੈਠੇ ਦਸਮ ਗ੍ਰੰਥੀ ਰਤਿੰਦਰ ਸਿੰਘ ਨੂੰ ਚੌਪਈ ਵੀ ਪੂਰੀ ਤਰ੍ਹਾਂ ਕੰਠ ਨਹੀਂ ਹੈ। ਅਜ ਤੋਂ 50 -100 ਸਾਲ ਪਹਿਲਾਂ ਦੀ ਗਲ ਛੱਡੋ, ਵੀਰ ਜੀ, ਕੀ ਅੱਜ ਵੀ ਤੁਹਾਡੇ ਕੋਲ ਐਸਾ ਕੋਈ ਪ੍ਰਚਾਰਕ ਹੈ ਤਾਂ ਉਸ ਦਾ ਨਾਮ ਜਰੂਰ ਦਸੋ, ਜੋ ਸੰਗਤ ਵਿੱਚ ਕਥਾਂ ਕੀਰਤਨ ਕਰਦਿਆ ਇਹ ਕਹਿ ਦੇਵੇ ਕਿ “ਜਾਪ ਚੌਪਈ” ਗੁਰੂ ਕ੍ਰਿਤ ਨਹੀਂ ਹੈ । ਪੇਰੋਡੀਆਂ ਬਣਾ ਕੇ ਅਪਣੀ ਵੇਬਸਾਈਟ ਤੇ ਲਾ ਦੇਣਾਂ ਅਤੇ ਸੰਗਤ ਵਿੱਚ ਬਹਿ ਕੇ ਇਸ ਗਲ ਦਾ ਪ੍ਰਚਾਰ ਕਰਨ ਵਿੱਚ ਬਹੁਤ ਵੱਡਾ ਫਰਕ ਹੂੰਦਾ ਹੈ।

50 ਪ੍ਰਾਣੀ ਖੰਡੇ ਦੀ ਪਾਹੁਲ ਲੈ ਕੇ ਬਾਹਰ ਆਏ ਹੋਣ ਤੇ ਉਨਾਂ ਨੂੰ ਕੋਈ ਜਾ ਕੇ ਇਹ ਕਹਿ ਦੇਵੇ ਕਿ “ਜਾਪ” ਅਤੇ “ਚੌਪਈ” ਗੁਰਬਾਣੀ ਨਹੀਂ, ਤਾਂ ਸ਼ਾਇਦ ਹੀ ਉਹ ਉਥੋਂ ਜਾਨ ਬਚਾ ਕੇ ਨਿਕਲ ਸਕੇ । ਅਸੀ ਕਿਨਾਂ ਵੀ ਅਧਿਐਨ ਕਰ ਲਈਏ ਅਪਣੇ ਸ਼ਖਸ਼ੀ ਜੀਵਨ ਵਿੱਚ ਇਨਾਂ ਬਾਣੀਆਂ ਨੂੰ ਵੀ ਨਕਾਰ ਦੇਈਏ,ਪਰ ਸੰਗਤੀ ਤੌਰ ਤੇ ਇਹ ਸਭ ਕਹਿਣਾਂ ਕਿਸੇ ਪ੍ਰਚਾਰਕ ਦੇ ਵੱਸ ਦਾ ਨਹੀਂ ਹੇ। ਦੋ ਵਰ੍ਹੇ ਪਹਿਲਾਂ ਕਾਨਪੁਰ ਦੇ ਇਕ ਵੀਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਬਾਣੀਆ ਪੜ੍ਹ ਕੇ ਅੰਮ੍ਰਿਤ ਸੰਚਾਰ ਪੂਰਾ ਕਰ ਦਿਤਾ ਸੀ ਤੇ ਉਸ ਦੀ ਜਾਣ ਤੇ ਬਣ ਆਈ ਸੀ, ਜਿਸ ਨੂੰ ਕਾਨਪੁਰ ਦਾ ਬੱਚਾ ਬੱਚਾ ਜਾਂਣਦਾ ਹੈ। ਉਹ ਵਾਕਿਆ ਅੱਜਵੀ ਸਾਡੇ ਸ਼ਹਿਰ ਦੀ ਇਕ ਤ੍ਰਾਸਦੀ ਬਣ ਚੁਕਾ ਹੈ ਅਤੇ ਆਏ ਦਿਨ ਮਾਰ ਕੁੱਟ ਹੁੰਦੀ ਰਹਿੰਦੀ ਹੈ ।

ਜਿੰਉ ਜਿੰਉ ਇਸ “ਕੂੜ ਗ੍ਰੰਥ” ਬਾਰੇ ਜਾਗਰੂਕਤਾ ਆ ਰਹੀ ਹੈ, ਇਸ ਬਾਰੇ ਪ੍ਰਚਾਰ ਦਾ ਦਾਇਰਾ ਵੀ ਵਧਦਾ ਜਾ ਰਿਹਾ ਹੈ। ਇਹ ਹੀ ਕਾਰਣ ਸੀ ਕਿ ਨਿਤਨੇਮ ਵਿੱਚ ਅਤੇ ਹੋਰ ਰਚਨਾਵਾਂ ਬਾਰੇ ਕਿਸੇ ਵੀ ਵਿਦਵਾਨ ਨੇ ਖੁਲ ਕੇ ਕੁਝ ਵੀ ਨਹੀਂ ਕਹਿਆ ਅਤੇ ਉਨਾਂ ਬਾਣੀਆਂ ਨੂੰ ਹਮੇਸ਼ਾ ਇਗਨੋਰ ਕਰਕੇ ਉਸ ਦਾ ਸ੍ਰੋਤ ਹੀ ਦਸਦੇ ਰਹੇ ਹਨ, ਜਾਂ ਇਸ਼ਾਰਾ ਕਰਦੇ ਰਹੇ ਹਨ। ਗਿਆਨੀ ਭਾਗ ਸਿੰਘ ਜੀ ਦੀ ਵੀ ਇਹੋ ਮਜਬੁਰੀ ਰਹੀ ਹੈ, ਉਨਾ ਦੇ ਅਧਿਐਨ ਅਤੇ ਵਿਦਵਤਾ ਤੇ ਸਾਨੂੰ ਨਾਂ ਪਹਿਲਾਂ ਕੋਈ ਸ਼ੰਕਾ ਸੀ ਅਤੇ ਨਾਂ ਹੀ ਹੁਣ ਕੋਈ ਸ਼ੰਕਾ ਹੈ। ਅਸੀ ਤਾਂ ਗਿਆਨੀ ਭਾਗ ਸਿੰਘ ਜੀ ਦੇ ਅਧਿਐਨ ਤੋਂ ਸੇਧ ਲੈ ਕੇ ਹੀ ਅਗੇ ਵੱਧੇ ਹਾਂ।

2- ਦੁਜੇ ਸਵਾਲ ਦਾ ਆਪ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਹੈ, ਕਿ ਵਿਦਵਾਨਾਂ ਵਿਚ ਦਸਮ ਗ੍ਰੰਥ ਦੀਆਂ ਬਾਣੀਆਂ ਬਾਰੇ ਉਹ ਕੇੜ੍ਹੇ ਕੇੜ੍ਹੇ “ਮਤਭੇਦ ਅਤੇ ਵਿਵਾਦ” ਸਨ। ਇਹ ਵੀ ਤੁਸੀ ਨਹੀਂ ਦਸ ਸਕੇ। ਕਿਉ ਕਿ ਇਸ ਦਾ ਖੁਲਾਸਾ ਤਾਂ ਗਿਆਨੀ ਭਾਗ ਸਿੰਘ ਜੀ ਨੇ ਉਸ ਕਿਤਾਬ ਵਿੱਚ ਕੀਤਾ ਹੀ ਨਹੀਂ ਹੈ, ਤੁਸਾਂ ਕਿਥੋਂ ਦਸਣਾਂ ਸੀ?

3- ਤੁਸੀ ਇਹ ਦਸਣ ਵਿਚ ਵੀ ਕਾਮਯਾਬ ਨਹੀਂ ਹੋ ਸਕੇ ਕਿ ਇਸ ਲੇਖ ਵਿੱਚ ਆਪ ਜੀ ਨੂੰ ਪ੍ਰੋ. ਦਰਸ਼ਨ ਸਿੰਘ ਹੋਰਾਂ ਦਾ ਉਦਾਹਰਣ ਦੇਣ ਦੀ ਕੀ ਲੋੜ ਸੀ, ਜਦ ਕਿ ਉਨਾਂ ਨੇ ਜਦੋਂ ਅਰਦਾਸ ਦੀ ਭਗੌਤੀ ਵਾਲੀ ਗਲ ਕੀਤੀ ਅਤੇ “ਮਹਾਕਾਲ ਅਤੇ ਭਗਉਤੀ” ਬਾਰੇ ਆਪ ਜੀ ਦੀ ਪੂਰਵਾਗ੍ਰਿਹ ਵਾਲੀ ਸੋਚ ਨੂੰ ਕਟਿਆ ਤਾਂ ਆਪ ਜੀ ਨੇ ਉਨਾਂ ਨਾਲ ਫੋਨ ਤੇ ਬਹਿਸ ਕੀਤੀ ਅਤੇ ਇਥੋ ਤਕ ਕਹਿ ਦਿਤਾ ਕਿ “ਪ੍ਰੋਫੇਸਰ ਸਾਹਿਬ ਜਹੇ ਮੋਹਤਬਰ ਬੰਦੇ ਨੂੰ ਅਰਦਾਸ ਬਾਰੇ ਇਹੋ ਜਹੀ ਗਲ ਨਹੀਂ ਕਰਣੀ ਚਾਹੀ ਦੀ ਸੀ”। ਇਹ ਗਲ ਆਪ ਜੀ ਨੇ ਮੈਨੂੰ ਵੀ ਫੋਨ ਤੇ ਦਸੀ ਸੀ।

4- ਖੋਜਾਂ ਤਾਂ ਵੀਰ ਜੀ ਆਪ ਜੀ ਬਹੁਤ ਕਰਦੇ ਹੋ ਲੇਕਿਨ ਅਪਣੇ ਲੇਖਾਂ ਵਿੱਚ ਅਪਣਾ ਪੱਖ ਅਤੇ ਵਿਚਾਰ ਤੁਸੀ ਹਮੇਸ਼ਾਂ ਦੇਣ ਤੋਂ ਬਚਦੇ ਹੋ, ਜੋ ਆਪ ਜੀ ਨੇ ਇਸ ਲੇਖ ਵਿੱਚ ਵੀ ਐਸਾ ਹੀ ਕੀਤਾ। ਇਹ ਉਥੇ ਲਿਖਿਆ ਹੈ। ਉਹ ਇਥੇ ਲਿਖਿਆ ਹੈ, ਲੇਕਿਨ ਮੈਂ ਕੁਝ ਨਹੀਂ ਕਹਿੰਦਾ, ਮੈਨੂੰ ਕੁਛ ਨਹੀਂ ਪਤਾ, ਮੈਂ ਤਾਂ ਭੋਲਾ ਜਿਗਿਆਸੂ ਹਾਂ। ਇਸੇ ਲਈ ਆਪ ਜੀ ਨੂੰ ਚੌਥਾ ਸਵਾਲ ਪੁਛਿਆ ਸੀ ਕਿ ਤੁਸੀ ਕਿਸ ਕਿਸ ਬਾਣੀ ਨੂੰ ਗੁਰੂ ਕ੍ਰਿਤ (ਗੁਰਬਾਣੀ) ਮਣਦੇ ਹੋ ?

ਆਪ ਜੀ ਨੇ ਉਸ ਦਾ ਵੀ ਕੋਈ ਜਵਾਬ ਨਹੀਂ ਦਿਤਾ ਸਗੋਂ ਪੰਥਿਕ ਫੈਸਲੇ ਦੀ ਆੜ ਵਿੱਚ ਜਾ ਕੇ ਛੁਪ ਗਏ। ਜੇ ਤੁਹਾਡੇ ਅਪਣੇ ਕੋਲ ਕੋਈ ਵਿਚਾਰ ਨਹੀਂ ਹੂੰਦੇ ਅਤੇ ਤੁਸੀ ਜਿਗਿਆਸੂ ਹੀ ਬਣ ਕੇ ਲੇਖ ਲਿਖਦੇ ਰਹੇ ਤਾਂ ਇਸ ਦਾ ਕੋਈ ਲਾਭ ਕੌਮ ਨੂੰ ਹੋਣ ਵਾਲਾ ਨਹੀਂ ਹੈ। ਦੂਜਿਆਂ ਵਿਦਵਾਨਾ ਨੇ ਅਪਣੀਆਂ ਕਿਤਾਬਾਂ ਵਿੱਚ ਕੀ ਲਿਖਿਆ ਅਤੇ ਕੀ ਨਹੀਂ ਲਿਖਿਆ ਇਹ ਖੋਜ ਕਰਣਾਂ ਚੰਗੀ ਗਲ ਹੈ, ਲੇਕਿਨ ਜੇ ਤੁਸੀ ਕੋਈ ਅਪਣੀ ਮੌਲਿਕ ਖੋਜ ਇਨਾਂ ਬਾਣੀਆਂ ਉਤੇ ਕਰਦੇ ਤਾਂ ਆਪ ਜੀ ਨੂੰ ਇਨਾਂ ਤਰਕਾਂ ਦਾ ਸਹਾਰਾ ਲੈਣ ਦੀ ਜਰੂਰਤ ਹੀ ਨਹੀਂ ਸੀ ਪੈਂਣੀ। “ਸੱਚ” ਦੀ ਪੜਚੋਲ “ਸੱਚ ਦੀ ਕੱਸਵਟੀ” ਤੇ ਹੀ ਹੋ ਸਕਦੀ ਹੈ, ਤਰਕਾਂ ਨਾਲ ਨਹੀਂ।

ਅਪਣੇ ਪੂਰਵਾਗ੍ਰਿਹ ਵਾਲੇ ਵਿਚਾਰਾਂ ਨੂੰ ਪੱਠੇ ਪਾਉਣ ਲਈ ਤੁਸੀ ਕਿਸ ਵਿਦਵਾਨ ਨੇ ਕੀ ਲਿਖਿਆ ਹੈ ਇਹ ਖੋਜਦੇ ਰਹਿੰਦੇ ਹੋ। ਸਵੈ ਅਧਿਐਨ ਕਰਕੇ ਕੁਝ ਸਾਬਿਤ ਕਰ ਸਕੋ ਤਾਂ ਗਲ ਜਿਆਦਾ ਪ੍ਰਭਾਵਿਤ ਕਰ ਸਕਦੀ ਹੈ। ਕੋਈ ਵੀ ਵਿਦਵਾਨ ਅਖੀਰਲਾ ਸੱਚ ਨਹੀਂ ਲਿੱਖ ਸਕਦਾ, ਲੇਕਿਨ ਗੁਰੂ ਗ੍ਰੰਥ ਸਾਹਿਬ “ਅਖੀਰਲਾ ਸੱਚ” ਹਨ, ਉਸ ਵਿੱਚ ਲਿਖਿਆ ਇਕ ਇਕ ਅੱਖਰ “ਅਖੀਰਲਾ ਸੱਚ” ਹੈ। ਉਹ ਇਕ ਐਸੀ ਕੱਸਵਟੀ ਹਨ, ਜਿਸਤੇ ਸੋਨੇ ਅਤੇ ਲੋਹੇ ਦੀ ਪਰਖ ਸਹਿਜ ਹੀ ਹੋ ਜਾਂਦੀ ਹੈ। ਲੇਕਿਨ ਤੁਸੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਨੂੰ ਕੱਸਵਟੀ ਬਨਾਉਣ ਦੀ ਬਜਾਇ ਵਿੱਦਵਾਨਾਂ ਦੀਆਂ ਕਿਤਾਬਾਂ ਫਲੋਰਨ ਵਿੱਚ ਜਿਆਦਾ ਸਮਾਂ ਲਾਉਦੇ ਹੋ। ਇਸੇ ਕਰਕੇ ਤੁਹਡੀ ਹਰ ਖੋਜ ਬੇ ਮਾਨੇ ਸਾਬਿਤ ਹੋ ਜਾਂਦੀ ਹੈ। ਵਿਦਵਾਨਾ ਨੂੰ ਕੋਟ ਕਰਨਾਂ ਮਾੜਾ ਨਹੀਂ ਲੇਕਿਨ “ਸੱਚ ਦੀ ਖੋਜ ਲਈ, “ਸੱਚ ਨੂੰ ਕੱਸਵੱਟੀ” ਬਣਾਉ ਵੀਰ ਜੀ, ਤਰਕਾ ਅਤੇ ਦਲੀਲਾਂ ਨੂੰ ਨਹੀਂ।

ਆਪ ਜੀ ਦੇ ਹੋਰ ਈ ਮੇਲ ਰਾਂਹੀ ਖੱਤ ਮਿਲੇ ਹਨ ਜਿਨਾਂ ਦਾ ਜਵਾਬ ਆਪ ਜੀ ਨੂੰ ਫੋਨ ਰਾਹੀ ਦੇ ਚੁਕਾ ਹਾਂ ਫਿਰ ਵੀ ਉਨਾਂ ਬਾਰੇ ਇਸ ਲੇਖ ਦੇ ਅਗਲੇ ਭਾਗ ਵਿੱਚ ਪਾਠਕਾਂ ਦੀ ਬੈਠਕ ਵਿੱਚ ਚਰਚਾਂ ਕਰਾਂਗੇ। ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾ ਜੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top