Share on Facebook

Main News Page

ਸੱਚ ਤੋਂ ਦੂਰ ਸੱਚ ਦੀ ਪੜਚੋਲ ਭਾਗ-2
-
ਹਰਦੇਵ ਸਿੰਘ ਜੰਮੂ

‘ਸੱਚ ਤੋਂ ਦੂਰ ਸੱਚ ਦੀ ਪੜਚੋਲ’ ਲੇਖ ਦੇ ਪਹਿਲੇ ਭਾਗ ਵਿਚ ਅਸੀਂ ਵਿਚਾਰਿਆ ਸੀ, ਕਿ ਕਿਵੇਂ ਕੁੱਝ ਵਿਦਵਾਨ ਲਿਖਾਰੀ ‘ਗਿਆਨੀ ਭਾਗ ਸਿੰਘ ਅੰਬਾਲਾ’ ਜੀ ਨੂੰ ਲੈਕੇ ਇਹ ਗਲਤ ਬਿਆਨੀ ਕਰਦੇ ਜਾਂ ਗਲਤ ਬਿਆਨੀਆਂ ਤੇ ਯਕੀਨ ਕਰਦੇ ਹਨ ਕਿ ਗਿਆਨੀ ਭਾਗ ਸਿੰਘ ਜੀ ਕਿਸੇ ਵੀ ਰਚਨਾ ਨੂੰ ਦਸਮੇਸ਼ ਜੀ ਦਾ ਲਿਖਿਆ ਨਹੀਂ ਮੰਨਦੇ ਸਨ। ਐਸੇ ਸੱਜਣ ਸੱਚ ਤੋਂ ਦੂਰ ਖੜੇ ਹੋ ਕੇ ਸੱਚ ਦੀ ਪੜਚੋਲ ਕਰਦੇ ਰਹਿੰਦੇ ਹਨ ਜਦ ਕਿ ਸੱਚ ਦੀ ਪੜਚੋਲ ਲਈ ਸੱਚ ਦੇ ਨੇੜੇ ਜਾਣ ਦਾ ਜਤਨ ਕਰਨਾ ਚਹੀਦਾ ਹੈ।

ਲੇਖ ਦੇ ਕਲ ਵਾਲੇ ਭਾਗ ਹੇਠ ਕੁੱਝ ਟਿੱਪਣੀਆਂ ਪੜਨ ਨੂੰ ਮਿਲਿਆਂ ਜਿਨ੍ਹਾਂ ਰਾਹੀਂ ਹੋਰ ਸਵਾਲਾਂ ਨਾਲ ਇਹ ਸਵਾਲ ਕੀਤਾ ਗਿਆ ਕਿ ਮੈਂ ਇਹ ਸਬੂਤ ਨਹੀਂ ਦਿੱਤਾ ਕਿ ਗਿਆਨੀ ਭਾਗ ਸਿੰਘ ਜੀ ਦਸਮ ਗ੍ਰੰਥ ਵਿਚੋਂ ਕਿਹੜੀਆਂ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦੇ ਸਨ?

ਪਹਿਲੇ ਲੇਖ ਦੇ ਇਸ ਦੂਜੇ ਭਾਗ ਵਿਚ ਮੈਂ ਗਿਆਨੀ ਭਾਗ ਸਿੰਘ ਜੀ ਵਲੋਂ ਲਿਖੇ 10 ਹਵਾਲਿਆਂ ਨੂੰ ਹੇਠ ਕੋਟ ਕਰਦੇ ਹੇਠਾਂ ਆਪਣੇ ਵਲੋਂ ਲੋੜੀਂਦੀਆਂ ਟਿੱਪਣਿਆਂ ਵੀ ਦੇ ਰਿਹਾ ਹਾਂ:-

(1) “ਸਾਰ ਅੰਸ਼ ਇਹ ਕਿ ਨਿਰਪੱਖ ਸ਼ਰਧਾਲੂ ਆਪਣੇ ਆਪ ਹੀ ਅਨੁਭਵ ਕਰ ਲੇਂਣਗੇ ਕਿ ਜਿਵੇਂ ਘੁਲਿਆ ਹੋਇਆ ਮਿੱਟੀ-ਚੂਨਾ, ਕਿਸੇ ਡੱਬੇ ਅਥਵਾ ਬੇਤਲ ਵਿਚ ਪਾ ਕੇ ਉਸ ਉੱਤੇ ਰੂਹੇ-ਆਫ਼ਜਾਂ ਜਾ ਸ਼ਰਬਤ ਫ਼ੌਲਾਦ ਆਦਿਕ ਲੇਬਲ ਲਾ ਦਿੱਤਾ ਜਾਵੇ ਤਿਵੇਂ ਹੀ ਦਸਮ ਗ੍ਰੰਥ ਵਿਚੋਂ ਦਸਮੇਸ਼ ਬਾਣੀ ਛੱਡ ਕੇ ਬਾਕੀ ਕਈ ਇਕ ਕਵੀਆਂ ਦੀਆਂ ਕਪੇਲਕਲਪਨਾਵਾਂ ਰੂਪੀ ਮਿੱਟੀ-ਚੂਨੇ ਉੱਤੇ ਜਾਣੇ ਜਾਂ ਬਿਨਾਂ ਜਾਣੇ ਲਿਖਾਰੀਆਂ ਵਲੋਂ ਸ਼੍ਰੀ ਗੁਰੂ ਦਸਮ ਗਰੰਥ’ ਅਤੇ ਦਸਮ ਗੁਰੂ ਗ੍ਰੰਥ ਸਾਹਿਬ’ ਆਦਿਕ ਲੇਬਲ ਲਾਏ ਹੋਇ ਹਨ ਜੋ ਸਾਰੇ ਭੁਲੇਖਿਆਂ ਦੀ ਜੜ ਹਨ” (ਪੰਨਾ 31,32, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

(2) “ਉਪਰੋਕਤ ਹਵਾਲੇ ਤੋਂ ਸਪੱਸ਼ਟ ਹੋਇਆ ਕਿ ਦਸਮੇਸ਼ ਜੀ ਨੇ ਇਸ ਦਸਮ ਗਰੰਥ ਦੀ ਸੰਪਾਦਨਾ ਨਹੀਂ ਕੀਤੀ ਤੇ ਨਾ ਹੀ ਇਸ ਵਿਚਲੀ ਸਾਰੀ ਰਚਨਾ ਦਸਮੇਸ਼ ਆਗਿਆ ਅਨੁਕੂਲ ਹੈ, ਬਲਕਿ ਕੁੱਝ ਉਂਗਲੀਆਂ ਉਤੇ ਗਿਣਵੀਆਂ ਦਸਮੇਸ਼ ਬਾਣੀਆਂ ਤੋਂ ਬਿਨਾ ਬਾਕੀ ਅਨੇਕਾਂ ਕ੍ਰਿਤੀਆਂ ਸਾਕੱਤ ਮੱਤ ਆਦਿਕ ਕਵੀਆਂ ਦੀਆਂ ਗੁਰ ਆਸ਼ਿਆਂ ਪ੍ਰਤਿਕੂਲ ਕੇਵਲ ਭੰਗ, ਸ਼ਰਾਬ ਆਦਿਕ ਨਸ਼ਿਆਂ ਦੀਆਂ ਪ੍ਰੇਰਕ ਅਤੇ ਵਿਭਚਾਰਕ ਸਿਖਿਆਵਾਂ ਹਨ” (ਪੰਨਾ 35, 36 ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

(3) “ਉਪਰੋਕਤ ਹੁਕਮ ਅਨੁਸਾਰ ਹੀ ਗੁਰਮਤਿ ਅਵਲੰਬੀ ਸੂਝ-ਬੂਝ ਵਾਲਾ ਹਰ ਗੁਰਸਿੱਖ ਦਸਮ-ਗਰੰਥ ਦਮਦਮੇ ਸਾਹਿਬ ਵਾਲੀ ਬੀੜ ਭਾਵ ਗੁਰੂ ਗ੍ਰੰਥ ਜੀ ਅਤੇ ਦਸਮ-ਗਰੰਥ ਵਿਚਲੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਮਾਣੀਕ ਬਾਣੀ ਤੋਂ ਬਿਨਾਂ ਹੋਰ ਕਿਸੇ ਵੀ ਵੱਡੀ ਛੋਟੀ ਧਰਮ-ਪੁਸਤਕ ਜਾਂ ਸਰਬਲੋਹ ਆਦਿਕ ਨੂੰ ਪ੍ਰਮਾਣੀਕ ਮੰਨਣਾ ਅਥਵਾ ਗੁਰਬਾਣੀ ਦੀ ਤੁਲਨਾ (ਬਰਾਬਰੀ) ਦੇਣੀ ਮਨਮਤਿ ਬਲਕਿ ਦਸਮ ਪਿਤਾ ਜੀ ਦੇ ਹੁਕਮ ਨੂੰ ਪਿੱਠ ਦੇਣ ਦੇ ਬਰਾਬਰ ਸਮਝਦਾ ਹੈ” ( ਪੰਨਾ 43, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

ਦਾਸ ਦੀ ਟਿੱਪਣੀ:- ਇਨ੍ਹਾਂ ਤਿੰਨ ਹਵਾਲਿਆਂ ਵਿਚ ਗਿਆਨੀ ਭਾਗ ਸਿੰਘ ਜੀ ਦਸਮ ਗ੍ਰੰਥ ਵਿਚ ਦਸਮੇਸ਼ ਜੀ ਦਿਆਂ ਰਚਨਾਵਾਂ ਮਿਲਿਆਂ ਹੋਣ ਦੀ ਗਲ ਸਪਸ਼ਟ ਸਵੀਕਾਰ ਰਹੇ ਹਨ!

(4) “ਸਾਰੇ ਦੇ ਸਾਰੇ ਦਸਮ ਗ੍ਰੰਥ ਵਿਚ ਦਸਮੇਸ਼ ਜੀ ਦੀਆਂ ਬਾਣੀਆਂ, ਜਾਪ ਸਾਹਿਬ, ਅਕਾਲ ਉਸਤਤਿ ਆਦਿਕ ਕੁੱਝ ਉਂਗਲਿਆਂ ਉੱਤੇ ਗਿਣਵੀਆਂ ਕੇਵਲ ਨਾਮ ਮਾਤ੍ਰ ਹੀ ਹਨ ਬਾਕੀ ਸਾਰੀ ਦੀ ਸਾਰੀ ਰਚਨਾ ਅਨਮਤੀ ਵਿਦਵਾਨ ਕਵੀਆਂ ੳਤੇ ਸਾਕਤ ਮੱਤ (ਵਾਮ ਮਾਰਗੀਆਂ ਤਥਾ ਅਘੋੜ ਪੰਥੀ ਜੋਗੀਆਂ ਬਾਲ ਮਿਲਦੇ ਜੁਲਦੇ) ਉਹਨਾਂ ਕਵੀਆਂ ਦੀ ਹੈ ਜਿਨ੍ਹਾਂ ਵਿਚੋਂ ਕਈਆਂ ਦੇ ਨਾਮ ਸਿਆਮ ਅਤੇ ਰਾਮ ਆਦਿਕ ਪ੍ਰਤੱਖ ਤੌਰ ਤੇ ਇਸੇ ਦਸਮ ਗਰੰਥ ਵਿਚੋਂ ਹੀ ਵੇਕੇ ਜਾ ਸਕਦੇ ਹਨ” (ਪੰਨਾ 61, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

ਦਾਸ ਦੀ ਟਿੱਪਣੀ:-ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਅੰਬਾਲਾ ਜੀ ‘ਜਾਪ’ ‘ਅਕਾਲ ਉਸਤਤ’ ‘ਆਦਿ’ (ਆਦਿ ਤੋਂ ਭਾਵ ਕੁੱਝ ਹੋਰ ਰਚਨਾਵਾਂ) ਦਸਮੇਸ਼ ਜੀ ਦੀ ਬਾਣੀਆਂ ਲਿਖ/ ਸਵੀਕਾਰ ਰਹੇ ਹਨ! ਧਿਆਨ ਦੇਂਣ ਯੋਗ ਗਲ ਹੈ ਕਿ ਮਿੱਤਰ ਪਿਆਰੇ ਸ਼ਬਦ ਦੀ ਪੜਚੋਲ ਵਿਚ ਗਿਆਨੀ ਭਾਗ ਸਿੰਘ ਜੀ ਨੇ ਹੋਰ ਸ਼ਬਦਾਂ ਦੇ ਦਸਮੇਸ਼ ਕ੍ਰਿਤ ਹੋਂਣ ਵੱਲ ਇਸ਼ਾਰਾ ਕੀਤਾ ਹੈ ਜਿਨ੍ਹਾਂ ਵਿਚ, ਬਾਕੌਲ ਗਿਆਨੀ ਜੀ, ਮਿਤਰ ਪਿਆਰੇ ਸ਼ਬਦ ਵਾੜ ਦਿੱਤਾ ਗਿਆ।

(5) “ਗੁਰੂ ਕਲਗੀਧਰ ਜੀ ਦੀ ਕਵਿ ਸੰਕੇਤੀ ਮੋਹਰ-ਛਾਪ ਸ੍ਰੀ ਮੁਖਵਾਕ ਪਾਤਸ਼ਾਹੀ 10 ਹੈ” (ਪੰਨਾ 63, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

ਦਾਸ ਦੀ ਟਿੱਪਣੀ:- ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਜੀ ਮੁਖਵਾਕ ਪਾਤਿਸ਼ਾਹੀ 10 ਨੂੰ ਦਸਮੇਸ਼ ਜੀ ਵਲੋਂ ਵਰਤੇ ਜਾਂਦੀ ਮੋਹਰ ਛਾਪ ਸਵੀਕਾਰ ਕਰਦੇ ਹਨ!

(6) “ਸਭ ਤੋਂ ਵਧੇਰੇ ਅਨਰਥ ਇਹ ਕਿ ਜਿਹੜਾ ਗੁਰੂ ਕਲਗੀਧਰ ਸ੍ਰੀ ਮੁਖਵਾਕ ਚੌਪਈ ਵਿਚ ਇਹ ਸੰਕੇਤ ਦਿੰਦਾ ਹੈ ਕਿ:-

ਅਨਹਦ ਰੂਪ ਅਨਾਹਦ ਬਾਨੀ॥ ਚਰਨ ਸਰਨ ਜਿਹ ਬਸਤ ਭਵਾਨੀ॥

ਉਸੇ ਪਾਤਸਾਹ ਵਲੋਂ ‘ਦੇਹ ਸਿਵਾ’ ਰਚਨਾ ਦਸਕੇ ਗੁਰੂ ਪਾਤਸ਼ਾਹ ਦੀ ਨਿਰਾਦਰੀ ਕੀਤੀ ਜਾਂਦੀ ਹੈ..” (ਪੰਨਾ 73, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

ਦਾਸ ਦੀ ਟਿੱਪਣੀ:- ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਜੀ ਦਸਮ ਗ੍ਰੰਥ ਦੇ ਵਿਚਲੇ ਹਵਾਲੇ ਨੂੰ ਦਸਮੇਸ਼ ਜੀ ਦਾ ਮੰਨਦੇ ਹੋਏ ਉਸ ਨੂੰ ਤਰਕ ਵਜੋਂ ਵਰਤਿਆ ਹੈ!

(7) “ਜਦ ਦਸਮੇਸ਼ ਜੀ ਦੀ ਬਾਣੀ ਦੀ ਕਵਿ ਸੰਕੇਤੀ ਮੋਹਰ ਛਾਪ ਪ੍ਰਤੱਖ ਹੀ ਸ੍ਰੀ ਮੁਖਵਾਕ ਪਾਤਸ਼ਾਹੀ 10 ਹੈ ਤਾਂ ਹੋਰ ਕਿਸੀ ਕਲਪਣਾ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ” (ਪੰਨਾ 83, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

ਦਾਸ ਦੀ ਟਿੱਪਣੀ:- ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਜੀ ਮੁਖਵਾਕ ਪਾਤਿਸ਼ਾਹੀ 10 ਨੂੰ ਦਸਮੇਸ਼ ਜੀ ਵਲੋਂ ਵਰਤੇ ਜਾਂਦੀ ਮੋਹਰ ਛਾਪ ਸਵੀਕਾਰ ਕਰਦੇ ਹਨ!

(8) “.. ਜਾਪ ਅਕਾਲ ਉਸਤਤ ਆਦਿਕ ਦਸਮ ਗਿਰਾ (ਬਾਣੀ) ਤੋਂ ਬਿਨਾ ਬਾਕੀ ਸਾਰੇ ਦੇ ਸਾਰੇ ਸਾਕਤ ਮੱਤ ਅਨਮਤੀ ਕਵੀਆਂ ਦੇ ਮਿਥਿਹਾਸਕ ਗੱਪ-ਗਪੌੜੇ ਅਤੇ ਵਿਭਚਾਰਕ ਟੋਕਕੇ ਹਨ” (ਪੰਨਾ 92, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

ਦਾਸ ਦੀ ਟਿੱਪਣੀ:- ਇਸ ਹਵਾਲੇ ਵਿਚ ਵੀ ਗਿਆਨੀ ਭਾਗ ਸਿੰਘ ਅੰਬਾਲਾ ਜੀ ਜਾਪ ਅਕਾਲ ਉਸਤਤ ਆਦਿ (ਆਦਿਕ ਤੋਂ ਭਾਵ ਕੁੱਝ ਹੋਰ ਰਚਨਾਵਾਂ) ਦਸਮੇਸ਼ ਜੀ ਦੀ ਬਾਣੀਆਂ ਲਿਖ/ ਸਵੀਕਾਰ ਕਰਦੇ ਹਨ।

(9) “..ਪ੍ਰਵਣੋਂ ਆਦਿ ਏਕੰਕਾਰਾ’ ਤੋਂ ਲੈਕੇ ਖਾਲ ਫਾਸ ਕੇ ਬੀਚ ਨ ਆਇਉ’ ਵਾਲੀ ਚੌਪਈ ਆਦਿ ਸ੍ਰੀ ਗੁਰੂ ਗਰੰਥ ਸਾਹਬ ਵਿਚਲੀ ਬਾਣੀ ਦੀ ਕੱਸਵਟੀ ਉੱਤੇ ਪੂਰੀ ਉਤਰਦੀ ਹੈ ਇਸ ਲਈ ਇਹ ਚੌਪਈ ਸ੍ਰੀ ਮੁਖਵਾਕਿ ਗੁਰਬਾਣੀ ਹੈ... (ਪੰਨਾ 119, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

ਦਾਸ ਦੀ ਟਿੱਪਣੀ:- ਇਸ ਹਵਾਲੇ ਵਿਚ ਵੀ ਗਿਆਨੀ ਭਾਗ ਸਿੰਘ ਅੰਬਾਲਾ ਜੀ ‘ਪ੍ਰਵਣੋਂ ਆਦਿ ਏਕੰਕਾਰਾ’ ਵਾਲੀ ਚੋਪਈ ਨੂੰ ਦਸਮੇਸ਼ ਜੀ ਦੀ ਬਾਣੀ ਲਿਖ/ ਸਵੀਕਾਰ ਰਹੇ ਹਨ ਅਤੇ ਉਸ ਨੂੰ ਗੁਰਮਤਿ ਦੀ ਕਸਵਟੀ ਤੇ ਖਰਾ ਉਤਰਦਾ ਲਿਖਦੇ ਹਨ। ਭਾਗ ਸਿੰਘ ਜੀ ਨੇ ਆਪਣੀ ਪੁਸਤਕ ਵਿਚ ਇਸ ਚੌਪਈ ਦੇ ਅਰਥ ਵੀ ਕੀਤੇ ਹਨ!

(10) “ਜ਼ਫ਼ਰਨਾਮਹ (ਬਿਜੈ ਪਤ੍ਰ) ਫਾਰਸੀ ਜ਼ਬਾਨ ਵਿਚ ਨਜ਼ਮ (ਸ਼ਾਇਰੀ ਦੇ ਰੂਪ ਅੰਦਰ ਲਿਖੀ 11 ਬੰਦਾ ਵਾਲੀ ਇਕ ਵਿੱਠੀ ਹੈ ਜੋ ਗੁਰੂ ਕਲਗੀਧਰ ਜੀ ਨੇ ਸੰਮਤ 1762 ਚੜਦੇ ਬਿਕ੍ਰਮੀ ਸੰਮਤ ਵਿਚ ਲਿਖ ਕੇ ਦੀਨੇ ਕਾਂਗੜ (ਦਿਆਲ ਪੁਰਾ) ਤੋਂ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਜੀ ਹੱਥੀ ਔਰੰਗਾਬਾਦ ਵਿਚ ਔਰਗਜ਼ੇਬ ਨੂੰ ਭੇਜੀ ਸੀ” (ਪੰਨਾ 136, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

ਦਾਸ ਦੀ ਟਿੱਪਣੀ:- ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਜੀ ਦਸਮ ਗ੍ਰੰਥ ਵਿਚ ਲਿਖ ਦਿੱਤੇ ਗਏ ਜ਼ਫਰਨਾਮੇ ਨੂੰ (ਬਿਨਾ ਹਿਕਾਅਤਾਂ ਦੇ) ਦਸਮੇਸ਼ ਜੀ ਦਾ ਹੀ ਲਿਖਿਆ ਸਵੀਕਾਰ ਰਹੇ ਹਨ।

ਹੁਣ ਪਾਠਕ ਵੇਖ ਸਕਦੇ ਹਨ ਕਿ ਗਿਆਨੀ ਭਾਗ ਸਿੰਘ ਜੀ ਨੇ ਕਦੇ ਦਸਮ ਗ੍ਰੰਥ ਵਿਚ ਲਿਖ ਦਿੱਤੀਆਂ ਗਈਆਂ ਸਾਰੀਆਂ ਰਚਨਾਵਾਂ ਨੂੰ ਰੱਧ ਨਹੀਂ ਸੀ ਕੀਤਾ ਬਲਕਿ ਕੁੱਝ ਰਚਨਾਵਾਂ ਨੂੰ ਆਪਣੇ ਵਲੋਂ ਪੱਕੇ ਤੌਰ ਤੇ ਦਸਮੇਸ਼ ਜੀ ਕ੍ਰਿਤ ਸਵੀਕਾਰ ਕੀਤਾ ਸੀ।

6 ਅਤੇ 7 ਅਕਤੂਬਰ ਸੰਨ 1973 ਅਤੇ 9 ਮਾਰਚ 1974 ਵਿਚ ਭਾਈ ਅਮਰਦਨ ਸਿੰਘ ਬਾਗੜੀਆਂ ਜੀ ਦੀ ਪ੍ਰਧਾਨਤਾ ਹੇਠ ਹੋਈ ਮੀਟਿੰਗਾਂ ਵਿਚ ਮੌਜੂਦ ਉੱਘੇ ਵਿਦਵਾਨ ਸੱਜਣਾਂ ਵਿਚਕਾਰ ਦਸਮ ਗ੍ਰੰਥ ਵਿਚ ਦਰਜ ਕਰ ਦਿੱਤੀਆਂ ਗਈਆਂ ਦਸਮੇਸ਼ ਜੀ ਦੀਆਂ ਰਚਨਾਵਾਂ ਬਾਰੇ ਮਤਭੇਦ ਸੀ। ਪਰ ਗਿਆਨੀ ਭਾਗ ਸਿੰਘ ਜੀ ਅੰਬਾਲਾ ਸਮੇਤ ਕਿਸੇ ਵਿਦਵਾਨ ਨੇ ਇਹ ਨਹੀਂ ਸੀ ਕਿਹਾ ਕਿ ਦਸਮੇਸ਼ ਜੀ ਦਾ ਲਿਖਤ ਕੁੱਝ ਵੀ ਨਹੀਂ ਹੈ। ਸਾਰੇ ਇਸ ਗਲ ਤੇ ਸਹਿਮਤ ਹੋਏ ਸਨ ਕਿ ਦਸਮੇਸ਼ ਜੀ ਦੀਆਂ ਲਿਖਤਾਂ ਨੂੰ ਗ੍ਰੰਥ ਨਾਲੋਂ ਨਿਖੇੜ ਦੇਂਣਾ ਚਾਹੀਦਾ ਹੈ ਅਤੇ ਦਸਮ ਗ੍ਰੰਥ ਦਾ ਸਥਾਪਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲ ਨਹੀਂ ਹੋ ਸਕਦਾ।

ਲੇਖ ਦੇ ਪਹਿਲੇ ਭਾਗ ਵਿਚ ਪ੍ਰੋ. ਦਰਸ਼ਨ ਸਿੰਘ ਜੀ ਨੂੰ ਕੋਟ ਕਰਨ ਦਾ ਮਕਸਦ ਬੇਲੋੜੀ ਆਲੋਚਨਾ ਤੋਂ ਅਹਿਮਤ ਹੋਂਣ ਅਤੇ ਲੇਖ ਦੀ ਜ਼ਰੂਰਤ ਤੋਂ ਵੱਧ ਕੁੱਝ ਵੀ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਵੀ ਉਹੀ ਗਲ ਦੁਹਰਾਈ ਸੀ ਜੋ 40 ਸਾਲ ਪਹਿਲਾਂ ਗਿਆਨੀ ਭਾਗ ਸਿੰਘ ਜੀ ਸਮੇਤ 40 ਹੋਰ ਉੱਘੇ ਵਿਦਵਾਨਾਂ ਨੇ ਕਹੀ ਸੀ। ਉਸ ਵੇਲੇ ਮੈਂਨੂੰ ਪ੍ਰੋ. ਸਾਹਿਬ ਜੀ ਦਾ ਵਿਚਾਰ ਵਿਚਾਰਨ ਯੋਗ ਨਜ਼ਰ ਆਇਆ ਸੀ। ਜਿਸ ਲਈ ਉਨ੍ਹਾਂ ਦੀ ਬੇਲੋੜੀ ਆਲੋਚਨਾ ਠੀਕ ਨਹੀਂ ਲੱਗੀ।

ਮੈਂ ਗੁਰਮਤਿ ਦੀ ਕਸਵਟੀ, ਇਤਿਹਾਸ, ਪਰੰਪਰਾ, ਸਾਮੂਹਿਕ ਯਾਦਾਸ਼ਤ ਦੀ ਗਵਾਹੀ ਅਤੇ ਪੰਥਕ ਫ਼ੈਸਲੇ ਰਾਹੀਂ ਨਿਸ਼ਚਤ ਕੀਤੀ ਗਇਆਂ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦਾ ਹਾਂ। ਦਸਮ ਗ੍ਰੰਥ ਵਿਚ ਸੰਕਲਤ ਪੋਰਾਣਕ ਕਥਾਵਾਂ ਨੂੰ ਮੈਂ ਦਸਮੇਸ਼ ਜੀ ਦੀ ਬਾਣੀ ਨਹੀਂ ਮੰਨਦਾ ਪੂਰਾ ਦਸਮ ਗ੍ਰੰਥ ਗੁਰੂ ਕ੍ਰਿਤ/ਸੰਕਲਤ ਨਹੀਂ ਹੈ ਅਤੇ ਨਾ ਹੀ ਉਸਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲ ਸਥਾਪਨ ਹੋਂਣਾ ਚਾਹੀਦਾ ਹੈ। ਸਿੱਖਾਂ ਦਾ ਗੁਰੂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਬਾਕੀ ਸਾਹਿਤ ਨਾਲ ਤਾਂ ਸੰਸਾਰ ਭਰੀਆ ਪਿਆ ਹੈ। ਖ਼ੈਰ!

ਇਸ ਲੇਖ ਦਾ ਮੰਤਵ ਇਹ ਵਿਚਾਰ ਪ੍ਰਗਟ ਕਰਨਾ ਸੀ ਕਿ ਗਿਆਨੀ ਭਾਗ ਸਿੰਘ ਜੀ ਦੇ ਲਿਖੇ ਵਿਚਾਰਾਂ ਬਾਰੇ ਕਿਸੇ ਨਵੀਂ ਗਲ ਨੂੰ ਪ੍ਰਚਾਰਨ ਤੋਂ ਪਹਿਲਾਂ ਉਸਦੇ ਨਾਲ ਜੁੜੇ ਸੱਚ ਨੂੰ ਵਿਚਾਰ ਲੈਣਾ ਚਾਹੀਦਾ ਹੈ, ਤਾਂ ਕਿ ਪ੍ਰਚਾਰ ਝੂਠ ਦਾ ਰੂਪ ਧਾਰਨ ਨਾ ਕਰ ਲਵੇ। ਇਹ ਪ੍ਰਚਾਰ ਗਲਤ ਹੈ ਕਿ ਗਿਆਨੀ ਭਾਗ ਸਿੰਘ ਜੀ ਅੰਬਾਲਾ ਕਿਸੇ ਰਚਨਾ ਨੂੰ ਵੀ ਦਸਮੇਸ਼ ਜੀ ਦੀ ਰਚਨਾ ਨਹੀਂ ਸੀ ਮੰਨਦੇ! ਇਸ ਪ੍ਰਚਾਰ ਤੇ ਵਿਸ਼ਵਾਸ ਕਰਨ ਵਾਲੇ ਸੱਜਣ ਸੱਚ ਤੋਂ ਦੂਰ ਖੜੇ ਸੱਚ ਨੂੰ ਪੜਚੋਲਦੇ ਹਨ। ਗਿਆਨੀ ਭਾਗ ਸਿੰਘ ਜੀ ਕੁੱਝ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦੇ ਸੀ।

8.10.12


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top