Share on Facebook

Main News Page

ਸਾਰੇ ਸੰਦੇਸ਼ ਅਤੇ ਲੈਟਰਾਂ ਮੇਰੀਆਂ ਹੀ ਆਪਣੇ ਹੱਥਾਂ ਨਾਲ ਲਿਖੀਆਂ ਹੋਈਆਂ ਹਨ

ਸਤਿਕਾਰਯੋਗ ਖਾਲਸਾ ਜੀਓ,

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ, ਪਿਛਲੇ ਦਿਨੀਂ ਮੇਰੀ ਫਾਂਸੀ ਦੀ ਸਜ਼ਾ ਤੇ ਰੋਕ ਲੱਗਣ ਤੋਂ ਬਾਅਦ ਕੁਝ ਸਰਕਾਰੀ ਏਜੰਸੀਆਂ ਵੱਲੋਂ ਅਤੇ ਉਨ੍ਹਾਂ ਦੇ ਪਾਲੇ ਹੋਏ ਏਜੰਟਾਂ ਵੱਲੋਂ ਫੇਸਬੁੱਕਾਂ ਤੇ ਅਤੇ ਵਿਦੇਸ਼ੀ ਮੀਡੀਏ ਵਿੱਚ, ਵਿਦੇਸ਼ੀ ਰੇਡੀਓ ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿ ਉਨਾਂ ਦਿਨਾਂ ਵਿੱਚ ਜੋ ਵੀ ਮੈਂ ਖਾਲਸਾ ਪੰਥ ਨੂੰ ਸੰਦੇਸ਼ ਦਿੱਤੇ ਜਾਂ ਜਿਹੜੀਆਂ ਲੈਟਰਾਂ ਸਾਡੀ ਸਾਈਟ “ਸੰਘਰਸ਼ ਦਾ ਸੱਚ” ਵਿੱਚ ਪਾਈਆਂ ਗਈਆਂ ਹਨ, ਇਹ ਕਿਸੇ ਹੋਰ ਵੱਲੋਂ ਅਤੇ ਏਜੰਸੀਆਂ ਵੱਲੋਂ ਲਿਖੀਆਂ ਅਤੇ ਲਿਖਵਾਈਆਂ ਜਾ ਰਹੀਆਂ ਹਨ ।

ਇਸ ਸਬੰਧੀ ਮੇਰੀ ਭੈਣ ਬੀਬੀ ਕਮਲਦੀਪ ਕੌਰ ਤੇ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਹਨ । ਮੈਂ ਖਾਲਸਾ ਪੰਥ ਨੂੰ ਬਹੁਤ ਹੀ ਸਤਿਕਾਰ ਨਾਲ ਇਹ ਸਪੱਸ਼ਟ ਕਰਦਾ ਹਾਂ ਕਿ ਇਹ ਸਾਰੇ ਸੰਦੇਸ਼ ਅਤੇ ਲੈਟਰਾਂ ਮੇਰੀਆਂ ਹੀ ਆਪਣੇ ਹੱਥਾਂ ਨਾਲ ਲਿਖੀਆਂ ਹੋਈਆਂ ਹਨ । ਮੇਰੀ ਭੈਣ ਨੇ ਮੇਰੇ ਹੀ ਕਹਿਣ ਤੇ ਇਨਾਂ ਨੂੰ ਖਾਲਸਾ ਪੰਥ ਦੇ ਸਿਰਫ਼ ਰੂ-ਬ-ਰੂ ਕੀਤਾ ਹੈ । ਕੇਸ ਨਾਲ ਸਬੰਧਤ ਅਤੇ ਪੰਜਾਬ ਦੀ ਧਰਤੀ ਤੇ ਵਿਚਰਦੇ ਸਾਰੇ ਲੋਕਾਂ ਨੂੰ ਇਸ ਸੱਚ ਦਾ ਪਤਾ ਹੈ । ਫਿਰ ਵੀ ਜੇਕਰ ਕਿਸੇ ਨੂੰ ਵੀ ਕੋਈ ਸ਼ੱਕ ਹੈ ਉਹ ਮੇਰੇ ਨਾਲ ਮੁਲਾਕਾਤ ਕਰਕੇ ਆਪਣਾ ਸ਼ੱਕ ਦੂਰ ਕਰ ਸਕਦਾ ਹੈ । ਮੈਂ ਕਦੇ ਵੀ ਕਿਸੇ ਲੇਖਕ ਤੋਂ ਪੈਸੇ ਦੇ ਕੇ ਲੇਖ ਨਹੀਂ ਲਿਖਵਾਏ, ਨਾ ਹੀ ਕਿਸੇ ਹੋਰ ਦੇ ਲਿਖੇ ਲੇਖਾਂ ਨੂੰ, ਸੰਦੇਸ਼ਾਂ ਨੂੰ ਆਪਣੇ ਨਾਮ ਤੇ ਅਖ਼ਬਾਰਾਂ ਵਿਚ ਛਪਵਾ ਕੇ ਖਾਲਸਾ ਪੰਥ ਨੂੰ ਗੁੰਮਰਾਹ ਹੀ ਕੀਤਾ ਹੈ ।

ਸੋ ਖਾਲਸਾ ਜੀ ਇਹ ਜੋ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਇਸ ਦਾ ਮਕਸਦ ਖਾਲਸਾ ਪੰਥ ਨੂੰ ਗੁੰਮਰਾਹ ਕਰਨਾ ਹੈ, ਅਜਿਹਾ ਕੰਮ ਏਜੰਸੀਆਂ ਖੁਦ ਅਤੇ ਉਨਾਂ ਦੇ ਏਜੰਟ ਖੁਦ ਹੀ ਕਰ ਰਹੇ ਹਨ । ਖਾਲਸਾ ਪੰਥ ਨੂੰ ਇਨਾਂ ਗੁੰਮਰਾਹ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ । ਖਾਲਸਾ ਜੀ, ਹਿੰਦੋਸਤਾਨ ਦੀਆ ਸਾਰੀਆਂ ਹੀ ਏਜੰਸੀਆਂ ਨੇ ਆਪਣੀ ਪੂਰੀ ਵਾਹ ਲਾ ਲਈ ਇਹ ਪਤਾ ਲਗਾਉਣ ਲਈ ਕਿ ਕੀ ਮੇਰੇ ਕਿਸੇ ਦੂਸਰੇ ਦੇਸ਼ ਦੀ ਕਿਸੇ ਏਜੰਸੀ ਨਾਲ ਜਾਂ ਕਿਸੇ ਹੋਰ ਏਜੰਸੀ ਨਾਲ ਕੋਈ ਸਬੰਧ ਤਾਂ ਨਹੀਂ । ਪਰ ਸਾਰੀਆ ਹੀ ਏਜੰਸੀਆਂ ਲੰਮੀ ਜਾਂਚ ਪੜਤਾਲ ਤੋਂ ਬਾਅਦ ਇਸ ਨਤੀਜੇ ਤੇ ਹੀ ਪਹੁੰਚੀਆਂ ਹਨ ਕਿ ਮੈਂ ਕਿਸੇ ਦੁਨੀਆਂਵੀਂ ਏਜੰਸੀ ਦਾ ਨਹੀਂ ਸਗੋਂ ਸਾਰੀ ਸ੍ਰਿਸਟੀ ਨੂੰ ਚਲਾਉਣ ਵਾਲੀ ਉਸ ਅਕਾਲ-ਪੁਰਖ ਵਾਹਿਗੁਰੂ ਦੀ ਏਜੰਸੀ ਦਾ ਬੰਦਾ ਹੀ ਰਹਾਂਗਾ । ਖਾਲਸਾ ਪੰਥ ਦੀ ਚੜ੍ਹਦੀ ਕਲਾ ਹੀ ਮੇਰੇ ਜੀਵਨ ਦਾ ਮਨੋਰਥ ਹੈ । ਦੁਨੀਆਵੀਂ ਏਜੰਸੀਆਂ ਦੇ ਏਜੰਟਾਂ ਦਾ ਮੇਰੇ ਸੰਦੇਸ਼ਾਂ ਤੋਂ, ਬਿਆਨਾਂ ਤੋਂ ਬੇਚੈਨ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਮੈਂ ਸੱਚ ਦੇ ਮਾਰਗ ਦਾ ਮੁਸਾਫ਼ਰ ਹਾਂ ਅਤੇ ਝੂਠ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਹਨ।

4-10-2012

ਵੱਲੋਂ: ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top