Share on Facebook

Main News Page

ਮਾਮਲਾ ਡੇਰਾ ਸੌਦਾ ਸਾਧ ਵਲੋਂ ਸਾਧੂਆਂ ਨੂੰ ਨਿਪੁੰਨਸਕ ਬਣਾਉਣ ਦਾ

* ਹਾਈ ਕੋਰਟ ਨੇ ਸਾਧ ’ਤੇ ਕਸਿਆ ਸਿਕੰਜਾ- ਹੰਸ ਰਾਜ ਦਾ 18 ਅਕਤੂਬਰ ਨੂੰ ਮੈਡੀਕਲ ਕਰਵਾਉਣ ਦਾ ਦਿੱਤਾ ਹੁਕਮ
* ਸਮੂਹ ਸਿੱਖਾਂ ਤੇ ਖਾਸ ਕਰਕੇ ਹੁਕਨਾਮੇ ਜਾਰੀ ਕਰਨ ਤੇ ਕਰਵਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਮਜ਼ਲੂਮ ਦੀ ਰੱਖਿਆ ਕਰਨ ਦਾ ਬ੍ਰਿਦ ਪਾਲਦੇ ਹੋਏ 18 ਅਕਤੂਬਰ ਨੂੰ ਹੰਸ ਰਾਜ ਦਾ ਮੈਡੀਕਲ ਹੋਣ ਸਮੇਂ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਵਿਖੇ ਪਹੁੰਚ ਕੇ ਉਸ ਨੂੰ ਇਖ਼ਲਾਕੀ ਸਮਰਥਨ ਦੇਣ: ਸੱਤਪਾਲ ਸਿੰਘ ਦੁਗਰੀ

ਬਠਿੰਡਾ, 11 ਅਕਤੂਬਰ (ਕਿਰਪਾਲ ਸਿੰਘ): ਇਹ ਪਹਿਲੀ ਵਾਰ ਹੈ ਕਿ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਸਮਾਜ ਵਿਰੋਧੀ ਅਨੈਤਿਕ ਕਾਰਵਾਈਆਂ ਵਿਰੁਧ ਕੀਤੇ ਅਦਾਲਤੀ ਕੇਸਾਂ ਦੀ ਸੁਣਵਾਈ ਦੌਰਾਨ ਮਾਨਯੋਗ ਜੱਜ ਨੇ ਸਖ਼ਤ ਰੁੱਖ ਅਪਨਾਉਂਦੇ ਹੋਏ ਸੌਦਾ ਸਾਧ ਦੇ ਵਕੀਲ ਦੀ ਬੇਦਲੀਲੀ ਦਲੀਲ ਦਾ ਮਜ਼ਾਕ ਉਡਾਉਂਦੇ ਹੋਏ ਪੀੜਤ ਵਿਅਕਤੀ ਸ਼ਿਕਾਇਤ ਕਰਤਾ ਸ੍ਰੀ ਹੰਸ ਰਾਜ ਹੰਸ ਉਰਫ਼ ਹਕੀਕੀ ਦਾ ਮੈਡੀਕਲ ਕਰਵਾਉਣ ਦਾ ਆਦੇਸ਼ ਦਿੱਤਾ ਇਹ ਦੱਸਣਯੋਗ ਹੈ ਕਿ ਪਹਿਲਾਂ ਵੀ ਕਈ ਵਾਰ ਇਹ ਮਾਮਲਾ ਉਠਾਇਆ ਗਿਆ ਸੀ ਕਿ ਗੁਰਮੀਤ ਰਾਮ ਰਹੀਮ ਆਪਣੇ ਡੇਰੇ ਵਿੱਚ ਰਹਿ ਰਹੇ ਸਾਧੂਆਂ ਦੇ ਜ਼ਬਰੀ ਅਪ੍ਰੇਸ਼ਨ ਕਰਵਾ ਕੇ ਉਨ੍ਹਾਂ ਨੂੰ ਨਿਪੁੰਨਸਕ ਬਣਾ ਦਿੰਦੇ ਹਨ ਤਾਂ ਕਿ ਉਹ ਡੇਰੇ ਨੂੰ ਛੱਡ ਕੇ ਆਪਣੇ ਘਰ ਜਾਣ ਜੋਗੇ ਨਾ ਰਹਿਣ। ਪਰ ਸਾਧ ਗੁਰਮੀਤ ਰਾਮ ਰਹੀਮ ਵਿਰੁੱਧ ਕੋਈ ਕਾਰਵਾਈ ਇਸ ਕਾਰਣ ਨਹੀਂ ਸੀ ਹੋ ਰਹੀ ਕਿਉਂਕਿ ਕੋਈ ਵੀ ਸਾਧੂ ਹੁਣ ਤੱਕ ਆਪਣਾ ਹਲਫੀਆ ਬਿਆਨ ਦੇਣ ਅਤੇ ਮੈਡੀਕਲ ਕਰਵਾਉਣ ਲਈ ਅੱਗੇ ਨਹੀਂ ਸੀ ਆਇਆ। ਪਿੱਛੇ ਜਿਹੇ ਇੱਕ ਸਾਧੂ ਹੰਸ ਰਾਜ ਹੰਸ ਉਰਫ਼ ਹਕੀਕੀ ਨੇ ਮੀਡੀਏ ਸਾਹਮਣੇ ਆ ਕੇ ਸ਼ਰੇਆਮ ਇਹ ਇਲਜ਼ਾਮ ਲਾਇਆ ਸੀ ਕਿ ਉਥੇ ਰਹਿ ਰਹੇ ਸਾਧੂਆਂ ਨੂੰ ਗੁਰਮੀਤ ਰਾਮ ਰਹੀਮ ਦੀਆਂ ਹਦਾਇਤਾਂ ’ਤੇ ਡੇਰੇ ਦੇ ਡਾਕਟਰ ਪਾਸੋਂ ਅਪ੍ਰੇਸ਼ਨ ਕਰਵਾ ਕੇ ਨਿਪੁੰਨਸਕ ਬਣਾਇਆ ਜਾਂਦਾ ਹੈ ਤੇ ਉਹ ਉਨ੍ਹਾਂ ਅਭਾਗੇ ਸਾਧੂਆਂ ਵਿੱਚੋਂ ਇੱਕ ਹੈ।

ਪੇਸ਼ੀ ਦੀ ਉਡੀਕ ਵਿੱਚ ਹੰਸ ਰਾਜ ਆਪਣੇ ਅੰਗ ਰੱਖਿਅਕ ਅਤੇ ਸੱਤਪਾਲ ਸਿੰਘ ਦੁਗਰੀ ਦੇ ਵਿਚਕਾਰ ਹੋਰਨਾਂ ਸਮੇਤ ਅਦਾਲਤ ਦੇ ਸਾਹਮਣੇ ਇੱਕ ਟੀ ਸਟਾਲ ਵਿੱਚ ਬੈਠਾ ਹੋਇਆ

ਉਸ ਨੇ ਕਿਹਾ ਸੀ ਕਿ ਉਹ ਹਲਫ਼ੀਆ ਬਿਆਨ ਦੇਣ ਅਤੇ ਮੈਡੀਕਲ ਕਰਵਾਉਣ ਲਈ ਤਿਆਰ ਹਨ। ਹੰਸ ਰਾਜ ਹੰਸ ਉਰਫ਼ ਹਕੀਕੀ ਨੇ 17 ਸਤੰਬਰ 2012 ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਰਿੱਟ ਪਟੀਸ਼ਨ ਨੰਬਰ 13395/12 ਦਾਖ਼ਲ ਕਰਵਾਈ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਸਿਰਸਾ ਡੇਰੇ ਵਿੱਚ 400 ਤੋਂ ਵੱਧ ਸਾਧੂਆਂ ਨੂੰ ਜ਼ਬਰੀ ਨਿਪੁੰਨਸਕ ਬਣਾਇਆ ਗਿਆ ਹੈ ਤੇ ਜੇ ਉਨ੍ਹਾਂ ਨੂੰ ਅਦਾਲਤ ਜਾਂ ਸਰਕਾਰ ਵਲੋਂ ਸੁਰੱਖਿਆ ਦਾ ਭਰੋਸਾ ਦਿਵਾਇਆ ਜਾਂਦਾ ਹੈ ਤਾਂ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਆਪਣਾ ਮੈਡੀਕਲ ਕਰਵਾਉਣ ਤੇ ਹਲਫ਼ੀਆ ਬਿਆਨ ਦੇਣ ਲਈ ਅੱਗੇ ਆ ਸਕਦੇ ਹਨ।

ਇਸ ਕੇਸ ਦੀ ਸੁਣਵਾਈ ਬੀਤੇ ਦਿਨ ਹਾਈ ਕੋਰਟ ਦੇ ਰੂਮ ਨੰ: 18 ਵਿੱਚ ਮਾਨਯੋਗ ਜੱਜ ਸ਼੍ਰੀ ਮੁਕੇਸ਼ ਗਰੋਵਰ ਨੇ ਕੀਤੀ ਜਿਸ ਦੌਰਾਨ ਹੰਸ ਰਾਜ ਹੰਸ ਉਰਫ਼ ਹਕੀਕੀ ਨੇ ਉਨ੍ਹਾਂ 166 ਸਾਧੂਆਂ ਦੇ ਪੂਰੇ ਸਿਰਨਾਮੇ ਅਤੇ ਮੋਬਾਇਲ ਨੰਬਰਾਂ ਸਮੇਤ ਸੂਚੀ ਪੇਸ਼ ਕੀਤੀ ਜਿਨ੍ਹਾਂ ਦੇ ਮੈਡੀਕਲ ਕਰਵਾ ਕੇ ਪੂਰੀ ਅਸਲੀਅਤ ਦਾ ਪਤਾ ਲਗਾਇਆ ਜਾ ਸਕਦਾ ਹੈ। ਮਾਨਯੋਗ ਜੱਜ ਨੇ ਹੰਸ ਰਾਜ ਦਾ ਬਿਆਨ ਰੀਕਾਰਡ ਕਰਨ ਉਪ੍ਰੰਤ ਵਕੀਲਾਂ ਦੀ ਜਿਰਾਹ ਲਈ ਅੱਜ ਦਾ ਦਿਨ ਨਿਸਚਿਤ ਕੀਤਾ ਸੀ। ਅੱਜ ਜਿਰਾਹ ਦੌਰਾਨ ਅਦਾਲਤ ਵਿੱਚ ਹਾਜਰ ਫ਼ਤਹਿ ਮਲਟੀ ਮੀਡੀਆ ਦੇ ਸ: ਸੱਤਪਾਲ ਸਿੰਘ ਡੁਗਰੀ ਨੇ ਅੱਖੀਂ ਡਿੱਠਾ ਹਾਲ ਦਸਦਿਆਂ ਕਿਹਾ ਕਿ ਗੁਰਮੀਤ ਰਾਮ ਰਹੀਮ ਵੱਲੋਂ ਐੱਸ ਕੇ ਗਰਗ ਵਕੀਲ ਨੇ ਪੇਸ਼ ਹੋ ਕੇ ਬੇਦਲੀਲੀ ਦਲੀਲ ਦਿੱਤੀ ਕਿ ਬਾਹਰਲੇ ਦੇਸ਼ਾਂ ਵਿੱਚ ਲੋਕ ਆਪਣੀ ਮਰਜੀ ਨਾਲ ਹੀ ਉਮਰ ਵਧਾਉਣ ਲਈ ਅਜਿਹੇ ਅਪ੍ਰੇਸ਼ਨ ਕਰਵਾ ਲੈਂਦੇ ਹਨ ਇਸ ਲਈ ਅਜਿਹੇ ਕੇਸਾਂ ਦਾ ਕੋਈ ਖਾਸ ਨੋਟਿਸ ਲੈਣ ਵਾਲੀ ਗੱਲ ਨਹੀਂ ਹੈ। ਮਾਨਯੋਗ ਜੱਜ ਨੇ ਤੁਰੰਤ ਇਸ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਜੇ ਅਜਿਹੀ ਗੱਲ ਹੈ ਤਾਂ ਤੁਸੀਂ ਆਪਣਾ ਅਪ੍ਰੇਸ਼ਨ ਕਿਉਂ ਨਹੀਂ ਕਰਵਾ ਲੈਂਦੇ? ਜੱਜ ਸਾਹਿਬ ਦੀ ਇਹ ਟਿੱਪਣੀ ਸੁਣਦਿਆਂ ਸਾਰ ਅਦਾਲਤ ਵਿੱਚ ਹਾਸਾ ਪੈ ਗਿਆ ਤੇ ਐਡਵੋਕੇਟ ਗਰਗ ਨੂੰ ਆਪਣੀਆਂ ਅੱਖਾਂ ਨੀਵੀਆਂ ਕਰਨੀਆਂ ਪਈਆਂ। ਪਰ ਉਸ ਦੀ ਨਿਰਲੱਜਤਾ ਦੀ ਹੱਦ ਵੇਖੋ ਕਿ ਉਸ ਨੇ ਹੰਸ ਰਾਜ ਸਮੇਤ ਹੋਰਨਾਂ ਸਾਧੂਆਂ ਦਾ ਮੈਡੀਕਲ ਕਰਵਾਏ ਜਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਮੈਡੀਕਲ ਕਰਵਾਉਣ ਨਾਲ ਇਨ੍ਹਾਂ ਦੀ ਸਮਾਜ ਵਿੱਚ ਬਹੁਤ ਬਦਨਾਮੀ ਹੋਵੇਗੀ ਇਸ ਲਈ ਇਨ੍ਹਾਂ ਦਾ ਮੈਡੀਕਲ ਕਰਵਾਉਣ ’ਤੇ ਰੋਕ ਲਾਈ ਜਾਵੇ। ਮਾਨਯੋਗ ਜੱਜ ਸਾਹਿਬ ਨੇ ਕਿਹਾ ਕਿ ਜੇ ਕਰ ਕੋਈ ਵਿਅਕਤੀ ਆਪਣੀ ਮਰਜੀ ਨਾਲ ਮੈਡੀਕਲ ਕਰਵਾਉਣਾ ਚਾਹੇ ਤਾਂ ਇਸ ਵਿੱਚ ਕਿਸੇ ਨੂੰ ਕੀ ਇਤਰਾਜ ਹੋ ਸਕਦਾ ਹੈ ਤੇ ਅਦਾਲਤ ਉਨ੍ਹਾਂ ’ਤੇ ਰੋਕ ਕਿਵੇਂ ਲਾ ਸਕਦੀ ਹੈ? ਸੌਦਾ ਸਾਧ ਦੇ ਵਕੀਲ ਸ਼੍ਰੀ ਗਰਗ ਵੱਲੋਂ ਭਾਰੀ ਵਿਰੋਧ ਦੇ ਬਾਵਯੂਦ ਮਾਨਯੋਗ ਜੱਜ ਸਾਹਿਬ ਨੇ ਹੰਸ ਰਾਜ ਹੰਸ ਉਰਫ਼ ਹਕੀਕੀ ਦਾ 18 ਅਕਤੂਬਰ ਨੂੰ ਮੈਡੀਕਲ ਕਰਨ ਦਾ ਹੁਕਮ ਦਿੱਤਾ ਤੇ ਅਗਲੀ ਸੁਣਵਾਈ 22 ਜਨਵਰੀ 2013 ’ਤੇ ਪਾ ਦਿੱਤੀ।

ਸ਼੍ਰੀ ਹੰਸ ਰਾਜ ਹੰਸ ਵੱਲੋਂ ਪੇਸ਼ ਹੋਏ ਵਕੀਲ ਸ: ਨਿਵਕਿਰਨ ਸਿੰਘ ਨੇ ਜੱਜ ਸਾਹਿਬ ਨੂੰ ਵਾਰ ਵਾਰ ਬੇਨਤੀ ਕੀਤੀ ਕਿ ਗੁਰਮੀਤ ਰਾਮ ਰਹੀਮ ਇੱਕ ਬਹੁਤ ਹੀ ਤਾਕਤਵਰ ਧਿਰ ਬਣ ਚੁੱਕੀ ਹੈ ਜਿਹੜੀ 22 ਜਨਵਰੀ ਤੱਕ ਦੇ ਸਵਾ ਤਿੰਨ ਮਹੀਨੇ ਤੋਂ ਵੱਧ ਦੇ ਇਤਨੇ ਲੰਬੇ ਸਮੇਂ ਵਿੱਚ ਕੁਝ ਵੀ ਕਰ ਸਕਦੀ ਹੈ, ਜਿਸ ਵਿੱਚ ਮੈਡੀਕਲ ਹੋਣ ਤੋਂ ਰੋਕਣ ਲਈ ਸ਼ਿਕਾਇਤ ਕਰਤਾਵਾਂ ਨੂੰ ਡਰਾਉਣਾ ਧਮਕਾਉਣਾ ਤੇ ਇੱਥੋਂ ਤੱਕ ਕਿ ਉਸ ਨੂੰ ਖਤਮ ਕਰ ਦੇਣਾ ਵੀ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਡੇਰੇ ਕੋਲ ਅਜੇਹੇ ਦਰਿੰਦਗੀ ਭਰੇ ਕਾਰਨਾਮੇ ਕਰਨ ਲਈ ਬਹੁਤ ਸਾਰੇ ਵਿਅਕਤੀ ਹਨ ਇਸ ਲਈ ਇਸ ਕੇਸ ਦੀ ਜਲਦੀ ਤੋਂ ਜਲਦੀ ਸੁਣਵਾਈ ਕਰਕੇ ਜਿੰਨਾਂ ਜਲਦੀ ਹੋ ਸਕਦਾ ਹੈ ਨਿਪਟਾਰਾ ਕੀਤਾ ਜਾਵੇ। ਸ: ਨਿਵਕਿਰਨ ਸਿੰਘ ਵੱਲੋਂ ਸੁਣਵਾਈ ਦੀ ਤਰੀਖ 22 ਜਨਵਰੀ ਦੀ ਥਾਂ ਅਕਤੂਬਰ ਜਾਂ ਨਵੰਬਰ ਵਿੱਚ ਹੀ ਰੱਖੇ ਜਾਣ ਦੀ ਮੰਗ ਕੀਤੀ ਪਰ ਜੱਜ ਸਾਹਿਬ ਦਸੰਬਰ ਵਿੱਚ ਵੀ ਕੋਈ ਤਰੀਖ ਦੇਣ ਲਈ ਤਿਆਰ ਨਾ ਹੋਏ ਤੇ 22 ਜਨਵਰੀ ਨੂੰ ਹੀ ਸੁਣਵਾਈ ਕਰਨ ਦੇ ਆਪਣੇ ਫੈਸਲੇ ’ਤੇ ਹੀ ਅਟੱਲ ਰਹੇ।

ਸ: ਸੱਤਪਾਲ ਸਿੰਘ ਡੁਗਰੀ ਨੇ ਕਿਹਾ ਕਿ ਹਰ ਪੇਸ਼ੀ ’ਤੇ ਸ਼ਿਕਾਇਤ ਕਰਤਾਵਾਂ ’ਤੇ ਦਬਾਓ ਤੇ ਪ੍ਰਭਾਵ ਪਾਉਣ ਲਈ ਡੇਰਾ ਪ੍ਰੇਮੀਆਂ ਦਾ ਭਾਰੀ ਇਕੱਠ ਹੁੰਦਾ ਹੈ ਪਰ ਵੀਚਾਰਾ ਹੰਸ ਰਾਜ ਇੱਕ ਅੰਗ ਰੱਖਿਅਕ ਨਾਲ ਇਕੱਲਾ ਘੁੰਮਣ ਲਈ ਮਜਬੂਰ ਹੁੰਦਾ ਹੈ। ਉਨ੍ਹਾਂ ਸਮੂਹ ਸਿੱਖਾਂ ਤੇ ਖਾਸ ਕਰਕੇ ਹੁਕਨਾਮੇ ਜਾਰੀ ਕਰਨ ਤੇ ਕਰਵਾਉਣ ਵਾਲਿਆਂ ਨੂੰ ਸੱਦਾ ਦਿੱਤਾ ਕਿ ਉਹ ਮਜ਼ਲੂਮ ਦੀ ਰੱਖਿਆ ਕਰਨ ਦਾ ਬ੍ਰਿਦ ਪਾਲਦੇ ਹੋਏ 18 ਅਕਤੂਬਰ ਨੂੰ ਹੰਸ ਰਾਜ ਦਾ ਮੈਡੀਕਲ ਹੋਣ ਸਮੇਂ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਵਿਖੇ ਪਹੁੰਚ ਕੇ ਉਸ ਨੂੰ ਇਖ਼ਲਾਕੀ ਸਮਰਥਨ ਦੇਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top