Share on Facebook

Main News Page

ਕੂੜ ਅਮਾਵਸ
-
ਭਾਈ ਮੋਹਰ ਸਿੰਘ

ਜਿਸ ਜਗਤ ਅੰਦਰ ਅਗਿਆਨਤਾ ਦਾ ਅੰਧਕਾਰ, ਲਬ, ਪਾਪ ਦਾ ਰਾਜ, ਕੂੜ ਦੀ ਚੌਧਰ ਕਾਮ ਵਾਸਨਾਵਾਂ ਦੀ ਪ੍ਰਧਾਨਤਾ ਦੇ ਕਾਰਨ ਆਮ ਜਨਤਾ ਤ੍ਰਿਸਨਾ ਦੀ ਚੱਟੀ ਭਰ ਰਹੀ ਹੋਵੇ। ਆਮ ਆਦਮੀ ਕਿਸੇ ਦੀ ਮੌਤ ਵਿਚੋਂ ਆਪਣਾ ਜੀਵਨ, ਦੂਜੇ ਦੀ ਬਰਬਾਦੀ ਵਿਚੋਂ ਆਪਣੀ ਆਬਾਦੀ, ਕਿਸੇ ਦੇ ਹੰਝੂਆਂ, ਕੀਰਨਿਆਂ ਵਿਚੋਂ ਆਪਣੇ ਲਈ ਹਾਸਾ, ਖੇੜਾ, ਖੁਸ਼ੀਆਂ ਕਿਸੇ ਦੀ ਬੇਇੱਜਤੀ ਵਿਚੋਂ ਆਪਣੇ ਲਈ ਇੱਜਤ, ਕਿਸੇ ਦੇ ਉਜਾੜੇ ਵਿਚੋਂ ਆਪਣੇ ਲਈ ਵਸੇਬਾ ਤਲਾਸ਼ ਰਿਹਾ ਹੋਵੇ। ਕਿਸੇ ਦੇ ਰਾਹਾਂ ਅੰਦਰ ਕੰਡੇ ਵਿਛਾ ਕੇ ਆਪਣੇ ਰਾਹਾਂ ਅੰਦਰ ਫੁੱਲ ਪੈਦਾ ਕਰਨ ਦੀ ਚਾਹਤ ਰਖਦਾ ਹੋਵੇ। ਕਿਸੇ ਦੀ ਰੋਜੀ ਦਾ ਸਾਧਨ ਖਤਮ ਕਰਕੇ, ਕਿਸੇ ਦੇ ਬੱਚਿਆਂ ਦੇ ਮੂੰਹ ਦੀ ਬੁਰਕੀ ਖੋਹ ਕੇ ਆਪਣਾ ਪੇਟ ਭਰ ਰਿਹਾ ਹੋਵੇ, ਐਸੇ ਸਮਾਜ ਵਿਚ ਕੀ ਕੋਈ ਗਰੀਬ, ਨਿਮਾਣੇ, ਨਿਤਾਣੇ, ਅਸਹਾਇ, ਦੁਖੀ, ਲੋੜਵੰਦ ਦੇ ਹਿਰਦੇ ਦੀ ਹੂਕ ਸੁਣੇਗਾ? ਨਹੀਂ! ਨਹੀਂ ! ਕਦਾਚਿਤ ਨਹੀਂ।

ਜਿਸ ਸੰਸਾਰ ਅੰਦਰ ਰਾਜ ਸਿੰਘਾਸਨ ਤੇ ਬੈਠੇ ਲੋਕ ਬਘਿਆੜਾਂ ਦਾ ਰੂਪ ਧਾਰਨ ਕਰਕੇ ਆਪਣੇ ਹੀ ਦੇਸ਼ਵਾਸੀਆਂ ਦਾ ਮਾਸ ਨੋਚ ਨੋਚ ਕੇ ਖਾ ਰਹੇ ਹੋਣ, ਅਤੇ ਉਨ੍ਹਾਂ ਦੀ ਛੱਤਰ ਛਾਇਆ ਹੇਠ ਰਿਸ਼ਵਤ ਖੋਰ ਅਹਿਲਕਾਰ ਅਪਣੀ ਹੀ ਜਨਤਾ ਦੀ ਰੱਤ ਕੁਤਿਆਂ ਦੀ ਤਰ੍ਹਾ ਚੱਟ ਰਹੇ ਹੋਣ। "ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍‍ ਬੈਠੇ ਸੁਤੇ॥ ਚਾਕਰ ਨਹਿਦਾ ਪਾਇਨ੍‍ ਘਾਉ॥ ਰਤੁ ਪਿਤੁ ਕੁਤਿਹੋ ਚਟ ਜਾਹੁ॥" (ਮਲਾਰ ਕੀ ਵਾਰ ਮ:1 ਪੰਨਾ 1288) ਐਥੇ ਹੀ ਬਸ ਨਹੀਂ ਵਡੀਆਂ ਵਡੀਆਂ ਪਦਵੀਆਂ ਤੇ ਬੈਠੇ ਅਖੌਤੀ ਧਾਰਮਿਕ ਆਗੂ, ਜਿਨ੍ਹਾਂ ਜਗਤ ਨੂੰ ਜੀਵਨ ਦੀ ਸਹੀ ਸੂਝ ਦੇਣੀ ਸੀ, ਉਹ ਵੀ ਜੀਵਨ ਦੇ ਅਸਲ ਰਾਹ ਨੂੰ ਤਿਆਗ ਕੇ ਆਪਣੀ ਅਣਖ ਅਤੇ ਜਮੀਰ ਨੂੰ ਬੇਗੈਰਤੀ ਦੇ ਡੂੰਘੇ ਖੂਹ ਖਾਤੇ ਵਿਚ ਸੁੱਟਕੇ ਉੱਤੇ ਲਾਹਨਤਾਂ ਦੀ ਮਿੱਟੀ ਪਾਕੇ, ਬੇਸ਼ਰਮੀ ਦਾ ਨੰਗਾ ਨਾਚ ਨਚਦੇ ਹੋਇ ਜਗਤ ਦੇ ਉਜਾੜੇ ਦਾ ਕਾਰਣ ਬਣ ਰਹੇ ਹੋਣ "ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧ॥ ਤੀਨੇ ੳਜਾੜੇ ਕਾ ਬੰਧੁ॥2॥" (ਧਨਾਸਰੀ ਮ:1 ਪੰਨਾ 662) ੳਥੇ ਨਾ ਕਿਸੇ ਨੂੰ ਕਿਸੇ ਦੀ ਸ਼ਰਮ ਰਹਿੰਦੀ ਹੈ ਨਾ ਕਿਸੇ ਦਾ ਧਰਮ ਈਮਾਨ ਰਹਿ ਜਾਂਦਾ ਹੈ। ਬਸ ਚਾਰ ਚੁਫੇਰੇ ਕੂੜ ਹੀ ਕੂੜ ਦਾ ਅੰਧਕਾਰ ਮੱਸਿਆ ਦੇ ਹਨੇਰੇ ਦੀ ਤਰ੍ਹਾ ਫੈਲ ਜਾਂਦਾ ਹੈ।

ਜਗਤ ਦੀ ਐਸੀ ਹਾਲਤ ਦਾ ਕਾਰਣ ਕੀ ਹੈ?ਇਸਦਾ ਇਕ ਹੀ ਉੱਤਰ ਹੈ ਗੁਰਬਾਣੀ ਤੋਂ ਬੇਮੁਖਤਾ। ਅੱਜ ਦੇ ਦਿਸਦੇ ਜਗਤ ਅੰਦਰ ਚਾਹੇ ਸਖਸ਼ੀ ਦੁਖ ਚਿੰਤਾਵਾਂ ਹਨ, ਪਰਵਾਰਿਕ ਕਲੇਸ਼ ਹਨ, ਸਮਾਜਿਕ ਬੁਰਾਈਆਂ, ਦਹੇਜ ਪ੍ਰਥਾ ਦੀ ਲਾਹਨਤ ਜਾਂ ਰਿਸ਼ਵਤਖੋਰੀ, ਜਾਤੀਵਾਦ, ਨਸ਼ੇ ਜਾਂ ਕਾਣੀ ਆਰਥਕ ਵੰਡ, ਰਾਜਨੀਤਕ ਜਾਂ ਧਾਰਮਿਕ ਵਿਵਾਦ, ਪਤਿਤਪੁਣਾ ਆਦਿ....। ਇਹਨਾਂ ਸਭ ਦਾ ਕਾਰਣ ਕੇਵਲ ਤੇ ਕੇਵਲ ਗੁਰਬਾਣੀ ਤੋਂ ਬੇਮੁਖਤਾ ਹੈ। ਕਿੰੳਕਿ ਜਿਸ ਜੀਵਨ ਅੰਦਰ ਗੁਰੂ ਦੀ ਬਾਣੀ ਨਹੀਂ ਪ੍ਰਭੂ ਦੀ ਸਿਫਤ ਸਲਾਹ ਨਹੀਂ ਅਤੇ ਰੱਬੀਂ ਗੁਣਾ ਦੀ ਅਣਹੋਂਦ ਹੈ, ਉਹ ਹਮੇਸ਼ਾ ਕੋੜ੍ਹ ਦੇ ਰੋਗੀ ਦੀ ਤਰ੍ਹਾਂ ਦੁਖੀ ਹੋ ਕੇ ਵਿਲਕਦਾ ਹੀ ਰਹਿੰਦਾ ਹੈ। "ਜੈ ਤਨਿ ਬਾਣੀ ਵਿਸਰਿ ਜਾਇ॥ ਜਿਉ ਪਕਾ ਰੋਗੀ ਵਿਲਲਾਇ॥1॥" (ਧਨਾਸਰੀ ਮ:1 ਪੰਨਾ 661)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਸਾਰੀ ਸਮੱਸਿਆ ਦਾ ਕੋਈ ਠੋਸ ਹਲ ਹੈ? ਕੋਈ ਐਸਾ ਸਾਧਨ ਜਿਸ ਨਾਲ ਜਗਤ ਅੰਦਰ ਗਿਆਨ ਦਾ ਪ੍ਰਕਾਸ਼ ਫੈਲ ਜਾਇ ਅਤੇ ਮਨੁੱਖ ਦੇ ਅੰਦਰੋਂ ਸ਼ੈਤਾਨੀਅਤ ਖਤਮ ਹੋ ਕੇ ਇਨਸਾਨੀਅਤ ਪੈਦਾ ਹੋ ਸਕੇ ਅਤੇ ਸਮੁੱਚੇ ਸੰਸਾਰ ਦਾ ਹਰ ਮਨੁੱਖ ਮਾਤਰ ਅਨੰਦ ਭਰਪੂਰ ਜੀਵਨ ਜੀਂਦਾ ਅਪਣੇ ਪਰਵਾਰਿਕ ਅਤੇ ਸਮਾਜਿਕ ਫਰਜ ਨਿਭੌਂਦਾ ਹੋਇਆ, ਪ੍ਰਭੂ ਵਿਚ ਲੀਨ ਹੋ ਕੇ ਜੀਵਨਮੁਕਤੀ ਦਾ ਅਨੰਦ ਮਾਣ ਸਕੇ? ਸੰਸਾਰ ਵਿਚ ਰਹਿ ਕੇ ਨਿਰੰਕਾਰ ਦੇ ਮਿਲਾਪ ਦਾ ਅਨੰਦ ਮਾਣਦਿਆਂ ਸਮਾਜ ਨੂੰ ਸੁਖੀ ਵੇਖਣ ਦੇ ਚਾਹਵਾਨ ਵੀਰ ! ਇਸਦਾ ਇਕ ਹੀ ਹੱਲ ਹੈ, ਇਕ ਹੀ ਸਾਧਨ ਹੈ। ਉਹ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜੋ ਸੰਸਾਰ ਅੰਦਰ ਚਾਨਣ ਮੁਨਾਰਾ ਹੈ। "ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ॥1॥" (ਸਿਰੀ ਰਾਗੁ ਮ:1 ਪੰਨਾ 67)

ਜ਼ਰੂਰਤ ਹੈ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਪੜਨ, ਵਿਚਾਰਨ ਦੀ ਅਤੇ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਣ ਦੀ। ਫਿਰ ਸਾਰੇ ਸੁਖਾਂ ਦਾ ਖਜਾਨਾ ਆਪਣੇ ਹੀ ਅੰਦਰੋਂ ਮਿਲ ਜਾਵੇਗਾ। "ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥ ਬਾਣੀ ਗੁਰਬਾਣੀ ਲਾਗੇ ਤਿਨ੍‍ ਹਥਿ ਚੜਿਆ ਰਾਮ॥" (ਅਾਸਾ ਮ: 4 ਪੰਨਾ 442) ਸਭ ਤੋਂ ਪਹਿਲਾਂ ਇਹ ਸਮਝਣ ਦਾ ਯਤਨ ਕਰੀਏ ਕਿ ਗੁਰਬਾਣੀ ਦੀ ਮਹਾਨਤਾ ਕੀ ਹੈ। ਇਸ ਪ੍ਰਾਪਤੀ ਲਈ ਚਾਰ ਗੱਲਾਂ ਤੇ ਵਿਸ਼ਵਾਸ ਦੀ ਲੋੜ ਹੈ

1.ਜਦੋਂ ਬਾਣੀਕਾਰ ਅਕਾਲਪੁਰਖ ਵਿਚ ਲੀਨ ਹੋਇ (ਇਕਮਿਕ)ਹੋਇ : "ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥6॥3॥" (ਰਾਮਕਲੀ ਭ:ਕਬੀਰ ਜੀ ਪੰਨਾ 969) ਉਸ ਮਿਲਾਪ ਵਾਲੀ ਅਵਸਥਾ ਵਿਚ ਜੋ ਅਨੁਭਵ ਪ੍ਰਾਪਤ ਹੋਇਆ, ਉਸ ਪਰਤੱਖ ਅਨੁਭਵੀ ਗਿਆਨ ਨੂੰ ਗੁਰੂ ਸਾਹਿਬਾਨ ਨੇ ਸ਼ਬਦਾਂ ਰਾਹੀਂ ਬਿਆਨ ਕੀਤਾ। ਇਸ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਰੱਬੀਂ ਗਿਆਨ ਹੈ, ਧੁਰ ਕੀ ਬਾਣੀ ਹੈ। "ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ॥" (ਤਿਲੰਗ ਮ:1 ਪੰਨਾ 722) "ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ॥" (ਸੋਰਠਿ ਮ: 1 ਪੰਨਾ 628)

2. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੀ ਰੱਬ ਦਾ ਹੁਕਮ ਹੈ। "ਹਉ ਆਪਹੁ ਬੋਲ ਨ ਜਾਣਦਾ ਮੈ ਕਹਿਆ ਸਭ ਹੁਕਮਾਉ ਜੀਉ॥" (ਸੂਹੀ ਮ:1 ਪੰਨਾ 763)

3. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੀ ਗੁਰੂ ਹੈ। "ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤੁ ਸਾਰੇ ॥.." (ਨਟ ਮ:4 ਪੰਨਾ 982)

4. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੀ ਰੱਬ ਹੈ। "ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥" (ਗੂਜਰੀ ਕੀ ਵਾਰ ਮ:3 ਪੰਨਾ 515) ਸਤਿਗੁਰੂ ਜੀ ਦੀ ਪਾਵਨ ਬਾਣੀ ਤੇ ਐਸੀ ਸ਼ਰਧਾ ਅਤੇ ਵਿਸ਼ਵਾਸ ਰਖਕੇ ਹੀ ਕੋਈ ਮਨੁੱਖ ਪ੍ਰਭੂ ਦੀ ਕਿਰਪਾ ਦਾ ਪਾਤਰ ਬਣਕੇ, ਆਪਣੇ ਅਤੇ ਪਰਿਵਾਰ ਦੇ ਜੀਵਨ ਨੂੰ ਸਫਲਾ ਕਰ ਸਕਦਾ ਹੈ। ਐਸੇ ਵਿਸ਼ਵਾਸ ਦੇ ਧਾਰਨੀ ਮਨੁਖ ਹੀ ਇਸ ਸੰਸਾਰ ਨੂੰ ਬੇਗਮ ਪੁਰਾ ਬਨੌਣ ਵਿਚ ਸਹਾਇਕ ਹੋ ਸਕਦੇ ਹਨ।

00 91 9814111118
00 44 7957614314


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top