Share on Facebook

Main News Page

ਕਲਿਆਣਕਾਰੀ ਰਾਜ ਦੀ ਨੀਤੀ ਸ਼ਰਾਬ ਵੇਚ ਕੇ ਸਿਰਫ ਆਮਦਨੀ ਵਧਾਉਣਾ ਨਹੀਂ ਹੁੰਦਾ, ਸਗੋਂ ਲੋਕਾਂ ਦੀ ਭਲਾਈ ਤੇ ਤਰੱਕੀ ਨੂੰ ਪ੍ਰਮੁੱਖ ਅਹਿਮੀਅਤ ਦੇਣ ਹੁੰਦੀ ਹੈ
-
ਪ੍ਰੋ. ਪੰਡਿਤ ਧਰੈੱਨਵਰ

* ਲੱਚਰਤਾ ਤੇ ਨਸ਼ਿਆਂ ਦੀ ਵਰਤੋਂ ਦੀ ਭਰਮਾਰ ਵਾਲੇ ਗਾਣਿਆਂ ਨਾਲ ਜੋ ਨੁਕਸਾਨ ਪੰਜਾਬੀਆਂ ਤੇ ਪੰਜਾਬੀ ਸਭਿਆਚਾਰ ਦਾ ਹੋ ਰਿਹਾ ਹੈ ਇਸ ਦਾ ਜੋ ਅਹਿਸਾਸ ਗਰੁਦਾਸ ਮਾਨ ਜੀ ਕਰ ਸਕਦੇ ਹਨ ਉਹ ਦੂਸਰੇ ਕਲਾਕਾਰ ਨਹੀਂ ਕਰ ਸਕਦੇ
* ਜੇ ਕੱਦਾਵਰ ਕਲਾਕਾਰ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਤੋਂ ਮੁਆਫ਼ੀ ਮੰਗ ਕੇ ਆਪਣੀ ਗਲਤੀ ਸੁਧਾਰ ਕੇ ਲੱਚਰਤਾ ਤੇ ਨਸ਼ਿਆਂ ਵਿਰੁਧ ਗਾਣੇ ਗਾਉਣ ਲੱਗ ਪੈਣ ਤਾਂ ਛੋਟੇ ਕਲਾਕਾਰ ਉਨ੍ਹਾਂ ਦੀ ਰੀਸ ਨਾਲ ਆਪੇ ਹੀ ਸੁਧਰ ਜਾਣਗੇ

ਬਠਿੰਡਾ, 9 ਅਕਤੂਬਰ (ਕਿਰਪਾਲ ਸਿੰਘ): ਜਿਹੜਾ ਕੰਮ ਪੰਜਾਬ ਦੀਆਂ ਧਾਰਮਿਕ ਤੇ ਸਮਾਜ ਸੇਵਕ ਜਥੇਬੰਦੀਆਂ ਨੇ ਕਰਨਾ ਸੀ ਉਸ ਨੂੰ ਇਕ ਗੈਰ ਪੰਜਾਬੀ ਅਤੇ ਪੰਜਾਬ ਤੋਂ ਦੂਰ ਦੁਰਾਡੇ ਕਰਨਾਟਕਾ ਸੂਬੇ ਦੇ ਜੰਮਪਲ ਪ੍ਰੋ: ਪੰਡਿਤ ਰਾਓ ਸੀ ਧਰੈੱਨਵਰ ਨੇ ਆਪਣੇ ਹੱਥ ਵਿੱਚ ਲੈ ਕੇ ਸਮਾਜ ਸੇਵਕਾਂ ਦੇ ਰਾਹ ਦਸੇਰਾ ਬਣ ਗਏ ਹਨ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਦੋ ਪਿੰਡਾਂ ਜੌਹਲ ਨੰਗਲ ਅਤੇ ਬਲਿਆਵਾਲ ਵਿੱਚ 6 ਅਗਸਤ 2012 ਨੂੰ ਘਰ ਦੀ ਸ਼ਰਾਬ ਪੀ ਕੇ 17 ਲੋਕਾਂ ਦੀ ਹੋਈ ਮੌਤ ਨੇ ਪੰਡਿਤ ਰਾਓ ਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਇਹ ਦੁੱਖਦਾਈ ਖ਼ਬਰ ਪੜ੍ਹ ਕੇ ਉਹ ਚੰਡੀਗੜ੍ਹ ਤੋਂ ਬਟਾਲਾ ਪਹੁੰਚੇ ਤੇ ਉਥੋਂ 15 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਜੌਹਲ ਨੰਗਲ ਅਤੇ ਬਲਿਆਵਾਲ ਤੱਕ ਸਾਈਕਲ ਯਾਤਰਾ ਕਰਦੇ ਹੋਏ ਤੇ ‘ਘਰ ਦੀ ਸ਼ਰਾਬ ਨਾ ਨਾ ਹੋਵੇ, ਨਸ਼ਾ ਮੁਕਤ ਪੰਜਾਬ ਹੋਵੇ’ ਦਾ ਮਾਟੋ ਚੁੱਕ ਕੇ, ਹਰ ਪ੍ਰਕਾਰ ਦੇ ਨਸ਼ੇ ਤੋਂ ਦੂਰ ਰਹਿਣ ਦਾ ਪ੍ਰਚਾਰ ਕਰਦੇ ਹੋਏ ਪਹੁੰਚੇ। ਪਿੰਡ ਵਿੱਚ ਬੱਚਿਆਂ ਦੀ ਕਲਾਸ ਲਾ ਕੇ ਉਨ੍ਹਾਂ ਨੂੰ ਜ਼ਫ਼ਰਨਾਮੇ ਦਾ ਪੰਜਾਬੀ ਤਰਜ਼ੁਮਾ ਪੜ੍ਹਾਇਆ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ।

ਪ੍ਰੋ: ਪੰਡਿਤ ਰਾਓ ਨੇ ਦੁੱਖ ਪ੍ਰਗਟ ਕੀਤਾ ਕਿ ਗੁਰੂ ਸਾਹਿਬ ਜੀ ਨੇ ਜਿਹੜੇ ਗੁਰਮੁਖੀ ਅੱਖਰ ਤੇ ਪੰਜਾਬੀ ਭਾਸ਼ਾ ਅੰਮ੍ਰਿਤਮਈ ਗੁਰਬਾਣੀ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਸੁਚੱਜਾ ਜੀਵਨ ਜਿਉਣ ਦਾ ਢੰਗ ਸਿਖਾਉਣ ਲਈ ਵਰਤੇ ਸਨ ਉਸ ਪਵਿਤਰ ਭਾਸ਼ਾ ਵਿੱਚ ਗੁਰਦਾਸ ਮਾਨ ਵਰਗੇ ਸੁਲਝੇ ਹੋਏ ਤੇ ਹਰਮਨ ਪਿਆਰੇ ਨਾਮਵਰ ਗਾਇਕ ਵੀ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਆਦਿ ਗਾਣੇ ਗਾ ਕੇ ਪੰਜਾਬ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਉਤਸ਼ਾਹ ਕਰ ਰਹੇ ਹਨ। ਉਨ੍ਹਾਂ ਗੁਰਦਾਸ ਮਾਨ ਨੂੰ ਸੱਦਾ ਦਿੱਤਾ ਕਿ ਹੁਣ ਆਸਟ੍ਰੇਲੀਆ ਵਿੱਚ ਸ਼ੋ ਕਰਨ ਦੀ ਲੋੜ ਨਹੀਂ ਬਲਕਿ ਪੰਜਾਬ ਦੇ ਪਿੰਡ ਜੌਹਲ ਨੰਗਲ ਵਿੱਚ ਘਰ ਦੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਪ੍ਰਵਾਰਾਂ ਦੀ ਸਾਰ ਲੈਣ ਦੀ ਲੋੜ ਹੈ ਤੇ ਆਪਣੇ ਗਾਣੇ ਦੀ ਸ਼ਬਦਾਵਲੀ ਬਦਲ ਕੇ ਇਸ ਤਰ੍ਹਾਂ ਗਾਉਣ ਦੀ ਲੋੜ ਹੈ:- ‘ਘਰ ਦੀ ਸ਼ਰਾਬ ਨਾ-ਨਾ ਹੋਵੇ, ਨਸ਼ਾ ਮੁਕਤ ਪੰਜਾਬ ਹੋਵੇ’।

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੰਜਾਬ ਦੇ ਹੋਰ ਬਹੁਤ ਸਾਰੇ ਗਾਇਕ ਹਨ ਜਿਹੜੇ ਗੁਰਦਾਸ ਮਾਨ ਨਾਲੋਂ ਵੀ ਕਿਤੇ ਵੱਧ ਲੱਚਰ ਤੇ ਨਸ਼ਿਆਂ ਦੀ ਵਰਤੋਂ ਵਾਲੇ ਗਾਣੇ ਗਾਉਂਦੇ ਹਨ ਤਾਂ ਤੁਸੀਂ ਸਿਰਫ ਮਾਨ ਨੂੰ ਹੀ ਟਾਰਗਟ ਕਿਉਂ ਬਣਾਇਆ ਹੈ? ਪ੍ਰੋ: ਰਾਓ ਨੇ ਦੱਸਿਆ ਕਿ ਪੰਜਾਬ ਦੇ ਗਾਇਕਾਂ ਵਿੱਚੋਂ ਸਦਾਚਾਰਕ ਸੂਝ ਦੇ ਪੱਖ ਅਤੇ ਸਤਿਕਾਰ ਵਜੋਂ ਜੋ ਸਥਾਨ ਸ: ਮਾਨ ਦਾ ਹੈ ਉਹ ਕਿਸੇ ਹੋਰ ਗਾਇਕ ਦਾ ਨਹੀਂ ਹੈ। ਲੱਚਰ ਤੇ ਨਸ਼ਿਆਂ ਦੀ ਵਰਤੋਂ ਦੀ ਭਰਮਾਰ ਵਾਲੇ ਗਾਣਿਆਂ ਨਾਲ ਜੋ ਨੁਕਸਾਨ ਪੰਜਾਬੀਆਂ ਦਾ ਹੋ ਰਿਹਾ ਹੈ ਇਸ ਦਾ ਜੋ ਅਹਿਸਾਸ ਗਰੁਦਾਸ ਮਾਨ ਜੀ ਕਰ ਸਕਦੇ ਹਨ ਉਹ ਦੂਸਰੇ ਕਲਾਕਾਰ ਨਹੀਂ ਕਰ ਸਕਦੇ। ਇਸ ਲਈ ਮੈਂ ਸਮਝਦਾ ਹਾਂ ਕਿ ਜਿੰਨਾ ਜਲਦੀ ਮਾਨ ਸਾਹਬ ਆਪਣੀ ਗਲਤੀ ਸੁਧਾਰਣ ਲਈ ਤਿਆਰ ਹੋ ਸਕਦੇ ਹਨ ਆਪਣੀ ਅਗਿਆਨਤਾ ਕਾਰਣ ਦੂਸਰੇ ਗਾਇਕ ਤਿਆਰ ਨਹੀਂ ਹੋਣਗੇ। ਪਰ ਜੇ ਕੱਦਾਵਰ ਕਲਾਕਾਰ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਤੋਂ ਮੁਆਫ਼ੀ ਮੰਗ ਕੇ ਆਪਣੀ ਗਲਤੀ ਸੁਧਾਰ ਕੇ ਲੱਚਰਤਾ ਤੇ ਨਸ਼ਿਆਂ ਵਿਰੁਧ ਗਾਣੇ ਗਾਉਣ ਲੱਗ ਪੈਣ ਤਾਂ ਛੋਟੇ ਕਲਾਕਾਰ ਉਨ੍ਹਾਂ ਦੀ ਰੀਸ ਨਾਲ ਆਪੇ ਹੀ ਸੁਧਰ ਜਾਣਗੇ।

ਪੰਡਿਤ ਰਾਓ ਨੇ ਦੱਸਿਆ ਕਿ ਵਾਪਸ ਚੰਡੀਗੜ੍ਹ ਆ ਕੇ ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੋਕ ਹਿੱਤ ਪਟੀਸ਼ਨ ਨੰ: 19716 ਆਫ 2012 ਓ ਐਂਡ ਐੱਮ ਪਾ ਕੇ ਮੰਗ ਕੀਤੀ ਕਿ ਖੁਸ਼ਹਾਲ ਤੇ ਕਲਿਆਣਕਾਰੀ ਰਾਜ ਦੀ ਨੀਤੀ ਸ਼ਰਾਬ ਵੇਚ ਕੇ ਸਿਰਫ ਆਮਦਨੀ ਵਧਾਉਣਾ ਨਹੀਂ ਹੁੰਦਾ ਸਗੋਂ ਲੋਕਾਂ ਦੀ ਭਲਾਈ ਤੇ ਤਰੱਕੀ ਨੂੰ ਪ੍ਰਮੁੱਖ ਅਹਿਮੀਅਤ ਦੇਣੀ ਹੁੰਦੀ ਹੈ। ਲੋਕ ਭਲਾਈ ਹਿਤ ਵਿਖਾਉਂਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਦੋ ਵਾਰ ਪਿੰਡ ਦਾ ਦੌਰਾ ਕਰਦੇ ਹੋਏ ਵਾਅਦਾ ਕੀਤਾ ਸੀ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਮੁਆਵਜ਼ੇ ਵਜੋਂ 5-5 ਲੱਖ ਰੁਪਏ ਦਿੱਤੇ ਜਾਣਗੇ। ਪਰ ਪੰਜਾਬ ਸਰਕਾਰ ਨੇ ਪੀੜਿਤ ਲੋਕਾਂ ਨੂੰ ਵਾਅਦੇ ਦੇ ਮੁਤਾਬਿਕ ਮੁਆਵਜਾ ਨਹੀਂ ਦਿੱਤਾ ਇਸ ਲਈ ਅਦਾਲਤ ਵਲੋਂ ਪੀੜਤ ਪਰਿਵਾਰਾਂ ਲਈ ਅੰਤ੍ਰਿਮ ਧੰਨਰਾਸ਼ੀ ਦੇਣ ਲਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਜਾਵੇ।

ਇਸ ਦੇ ਨਾਲ ਹੀ ਪ੍ਰੋ: ਰਾਓ ਨੇ ਅਦਾਲਤ ਤੋਂ ਮੰਗ ਕੀਤੀ ਕਿ ਲੋਕ ਹਿੱਤਾਂ ਨੂੰ ਮੁਖ ਰਖਦੇ ਹੋਏ, ਪੰਜਾਬ ਵਿੱਚ ਘਰ ਦੀ ਸ਼ਰਾਬ ਪੀ ਕੇ ਮਰਨੇ ਵਾਲਿਆਂ ਲਈ ਠੋਸ ਨੀਤੀ ਬਣਾਈ ਜਾਵੇ। ਪਵਿੱਤਰ ਪੰਜਾਬੀ ਭਾਸ਼ਾ ਵਿੱਚ ਲੱਚਰਤਾ ਤੇ ਸ਼ਰਾਬ ਪੀਣ ਲਈ ੳਤੇਜਤ ਕਰਨ ਵਾਲੇ ਗਾਣੇ ਗਾਉਣ ਵਾਲਿਆਂ ’ਤੇ ਕਾਬੂ ਰੱਖਣ ਲਈ ਠੋਸ ਨੀਤੀ ਬਣਾਉਣ ਲਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਜਾਵੇ। ਗੈਰਕਾਨੂੰਨੀ ਤਰੀਕਿਆਂ ਨਾਲ ਸ਼ਰਾਬ ਬਣਾਉਣ ਵਾਲਿਆਂ ਦੇ ਖਿਲਾਫ ਠੋਸ ਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਪ੍ਰੋ: ਰਾਓ ਨੇ ਦੱਸਿਆ ਕਿ 4 ਅਕਤੂਬਰ ਨੂੰ ਹਾਈ ਕੋਰਟ ਦੇ ਮਾਨਯੋਗ ਮੁੱਖ ਜੱਜ ਏ ਕੇ ਸੀਕਰੀ ਅਤੇ ਮਾਨਯੋਗ ਜਸਟਿਸ ਆਰ ਕੇ ਜੈਨ ਨੇ ਸੁਣਵਾਈ ਕੀਤੀ ਤਾਂ ਉਨ੍ਹਾਂ ਨੂੰ ਜ਼ਫ਼ਰਨਾਮੇ ਦੀਆਂ ਇਹ ਤੁਕਾਂ ਪੜ੍ਹ ਕੇ ਸੁਣਾਈਆਂ ਗਈਆਂ "ਹਮੂ ਮਰਦ ਬਾਯਦ ਸ਼ਵਦ ਸੁਖ਼ਨਵਰ॥ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ॥55॥" ਭਾਵ ਮਨੁੱਖ ਨੂੰ ਆਪਣੇ ਕਹੇ ਹੋਏ ਸ਼ਬਦਾਂ ’ਤੇ ਪੂਰੇ ਉਤਰਨਾ ਚਾਹੀਦਾ ਹੈ, ਇਹ ਨਹੀਂ ਹੋਣਾ ਚਾਹੀਦਾ ਕਿ ਉਸ ਦੇ ਮੂੰਹ ਵਿੱਚ ਕੋਈ ਹੋਰ ਗੱਲ ਹੋਵੇ ਤੇ ਢਿੱਡ ਵਿੱਚ ਕੁਝ ਹੋਰ ਹੋਵੇ। ਇਸ ਲਈ ਜੇ ਡੀਸੀ ਦੋ ਵਾਰ ਪਿੰਡ ਵਿੱਚ ਵਾਅਦਾ ਕਰਕੇ ਆਇਆ ਹੈ ਤਾਂ ਉਸ ਨੂੰ ਜਰੂਰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਇਹ ਸੁਣ ਕੇ ਜੱਜ ਸਾਹਿਬਾਨ ਨੇ ਉਸੇ ਸਮੇਂ ਆਪਣਾ ਫੈਸਲਾ ਸੁਣਾਉਂਦੇ ਹੋਏ ਡੀਸੀ ਗੁਰਦਾਸਪੁਰ ਨੂੰ ਹੁਕਮ ਕੀਤਾ ਕਿ ਪਟੀਸ਼ਨਰ ਨੂੰ ਰੀਪਰਜ਼ੈਂਟੇਸ਼ਨ ਮੰਨਦੇ ਹੋਏ ਇਸ ਸਬੰਧੀ ਫੈਸਲਾ ਲਵੇ। ਜਿਲ੍ਹਾ ਪੁਲਿਸ ਨੂੰ ਹੁਕਮ ਕੀਤਾ ਕਿ ਕੇਸ ਦਰਜ ਕਰਕੇ ਡੂੰਘਾਈ ਤੱਕ ਇਸ ਕਾਂਡ ਦੀ ਪੜਤਾਲ ਕਰਵਾਈ ਜਾਵੇ।

ਇਹ ਦੱਸਣਯੋਗ ਹੈ ਕਿ ਪੰਡਤ ਰਾਓ ਧਰੈੱਨਵਰ ਮੂਲ ਰੂਪ ਵਿੱਚ ਕਰਨਾਟਕ ਤੋਂ ਹੈ ਪਰ ਸੈਂਟਰਲ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਅਸਿਸਟੈਂਟ ਪ੍ਰੋਫੈਸਰ ਦੇ ਰੂਪ ਵਿੱਚ ਨਿਯੁਕਤ ਹੋ ਕੇ ਫਿਲਹਾਲ ਸਰਕਾਰੀ ਕਾਲਜ ਸੈਕਟਰ 46, ਚੰਡੀਗੜ੍ਹ ਵਿੱਚ ਸੇਵਾ ਨਿਭਾ ਰਿਹਾ ਹਨ। ਚੰਡੀਗੜ੍ਹ ਆਉਣ ਤੋਂ ਬਾਅਦ ਪੰਜਾਬੀ ਸਿੱਖ ਕੇ ਦੱਖਣੀ ਭਾਰਤ ਅਤੇ ਉੱਤਰ ਭਾਰਤ ਨੂੰ ਸਾਹਿਤਿਕ ਰੂਪ ਵਿੱਚ ਇਕ-ਜੁੱਟ ਕਰਨ ਲਈ ਸਾਹਿਤਿਕ ਅਨੁਵਾਦ ਦਾ ਬੀੜਾ ਉਠਾਉਣ ਵਾਲੇ ਪੰਡਤ ਰਾਓ ਹੁਣ ਤੱਕ ਕੰਨੜ ਭਾਸ਼ਾ ਦੀਆਂ 8 ਕਿਤਾਬਾਂ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਅਤੇ ਸ਼੍ਰੀ ਜਪੁਜੀ ਸਾਹਿਬ, ਸ਼੍ਰੀ ਸੁਖਮਣੀ ਸਾਹਿਬ ਅਤੇ ‘ਜ਼ਫ਼ਰਨਾਮਾ’ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕੇ ਹਨ। ਪਿਛਲੇ ਤਕਰੀਬਨ ਇੱਕ ਸਾਲ ਤੋਂ ਉਨ੍ਹਾਂ ਪਵਿੱਤਰ ਪੰਜਾਬੀ ਭਾਸ਼ਾ ਵਿੱਚ ਨਸ਼ਿਆਂ ਦੀ ਭਰਮਾਰ ਵਾਲੇ ਲੱਚਰ ਗਾਣਿਆਂ ਗਾਉਣ ਵਾਲਿਆਂ ਦੇ ਖਿਲਾਫ ਅਵਾਜ਼ ਉਠਾਈ ਹੋਈ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਇਕ ਸੰਸਥਾ ਵੱਲੋਂ ਅੰਤਰ ਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਦੇ ਸਮਾਗਮ ਵਿੱਚ ਉਨ੍ਹਾਂ ਇਸ ਕਰਕੇ ਸਨਮਾਨ ਲੈਣ ਤੋਂ ਨਾਂਹ ਕਰ ਦਿੱਤਾ ਸੀ ਕਿਉਂਕਿ ਉਸੇ ਸਟੇਜ਼ ’ਤੇ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਗੀਤ ਦੇ ਲੇਖਕ ਮੱਖਨ ਬਰਾੜ ਨੂੰ ਬਰਾਂਡ ਐਂਬੈਸਡਰ ਦੇ ਤੌਰ’ਤੇ ਸਨਮਾਨਤ ਕੀਤਾ ਗਿਆ ਸੀ। ਪ੍ਰੋ: ਰਾਓ ਦਾ ਕਹਿਣਾ ਸੀ ਕਿ ਜਿਸ ਸਟੇਜ਼ ’ਤੇ ਪੰਜਾਬੀ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਲੇਖਕਾਂ ਗਾਇਕਾਂ ਦਾ ਸਨਮਾਨ ਕੀਤਾ ਜਾ ਰਿਹਾ ਹੋਵੇ ਉਸ ਸਟੇਜ਼ ’ਤੋਂ ਸਨਮਾਨ ਲੈਣਾ ਵੀ ਪੰਜਾਬੀ ਮਾਂ ਬੋਲੀ ਦਾ ਅਪਮਾਨ ਹੈ।

ਪ੍ਰੋ: ਪੰਡਿਤ ਰਾਓ ਧਰੈੱਨਵਰ ਨੇ ਦੱਸਿਆ ਕਿ ਅਗਲੇ ਮਹੀਨੇ ਉਹ ਦੱਖਣੀ ਅਤੇ ਉੱਤਰ ਭਾਰਤ ਸਾਹਿਤਿਕ ਮੇਲਾ ਕਰਵਾ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top