Share on Facebook

Main News Page

ਮਾਸੂਮ ਜਿਹੀ ਨਫ਼ਰਤ
- ਤਰਲੋਚਨ ਸਿੰਘ‘ਦੁਪਾਲ ਪੁਰ’

ਭਲੇ ਹੀ ਅੱਜ ਪੰਜਾਬ ਵਿੱਚ ਚਾਰੋਂ ਤਰਫ ਬਾਦਲ ਪ੍ਰਵਾਰ ਦੇ ਝੰਡੇ ਝੂਲਦੇ ਨਜ਼ਰ ਆ ਰਹੇ ਨੇ ਅਤੇ ਇਸ ਪ੍ਰਵਾਰ ਨੇ ਪੰਥ ਦੀਆਂ ਸਰਬ-ਉਚ ਸੰਸਥਾਂਵਾਂ, ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਥ ਦੇ ਹਿਰਾਵਲ ਦਸਤੇ ਵਜੋਂ ਸਾਜੇ ਗਏ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਨਾਮਵਰ ਸਿੱਖ ਸੰਗਠਨਾ ਅਤੇ ਬਹੁਤ ਸਾਰੀਆਂ ਉਘੀਆਂ ਸਖਸ਼ੀਅਤਾਂ ਨੂੰ ਆਪਣੇ ਪੰਜੇ ‘ਚ ਕਾਬੂ ਕਰ ਲਿਆ ਹੋਇਆ ਹੈ। ਆਪਣੀ ਪਕੜ ਤੋਂ ਬਾਹਰ ਰਹਿ ਗਿਆਂ ਨੂੰ ਧਨ, ਧੌਂਸ, ਰਾਜਸੀ ਧੱਕੇਸ਼ਾਹੀ ਅਤੇ ਬਾਹੂ ਬਲ ਦੀ ਨੰਗੀ ਚਿੱਟੀ ਵਰਤੋਂ ਕਰਕੇ, ਉਹ ਈਨ ਮਨਾਉਣ ਲਈ ਸਿਰਤੋੜ ਯਤਨ ਕਰ ਰਿਹਾ ਹੈ। ਇਸ ਗਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ‘ਚੜ੍ਹਦੇ ਸੂਰਜ ਨੂੰ ਸਲਾਮਾਂ’ ਕਰਨ ਵਾਲੀ ਬਿਰਤੀ ਅਧੀਨ, ਕਈ ਚੰਗੇ ਭਲੇ ਸੱਜਣ ਅਤੇ ਸਨਮਾਨ ਯੋਗ ਸ਼ਹੀਦਾਂ ਦੇ ਕਈ ਪ੍ਰਵਾਰ-ਜਨ, ਆਪਣੇ ਪੁਰਖਿਆਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਵਿਸਾਰ ਕੇ ‘ਬਾਦਲੀ ਛਤਰੀ’ ‘ਤੇ ਭਜ ਭਜ ਬੈਠੀ ਜਾ ਰਹੇ ਹਨ। ਲੇਕਿਨ ਐਸੇ ਅਣਖੀਲੇ ਧਰਮੀ ਜਿਊੜਿਆਂ ਦੀ ਵੀ ਕੋਈ ਕਮੀ ਨਹੀਂ, ਜੋ ਕਿਸੇ ਪਲ ਵੀ ‘ਹਕੀਕਤ’ ਨੂੰ ਅੱਖੋਂ ਪ੍ਰੋਖੇ ਨਹੀਂ ਕਰਦੇ। ਪੰਥ ਦੀਆਂ ਮਾਣਮੱਤੀਆਂ ਰਵਾਇਤਾਂ ਅਤੇ ਖਾਲਸਾਈ ਵਿਰਸੇ ਨੂੰ ਰੋਲਣ ਦਾ ਜੋ ਬੱਜਰ ਪਾਪ ਇਸ ਵੇਲੇ ਬਾਦਲ ਪ੍ਰਵਾਰ ਕਮਾ ਰਿਹਾ ਹੈ, ਉਸ ਪ੍ਰਤੀ ਇੱਕ ਆਮ ਪ੍ਰਵਾਸੀ ਸਿੱਖ ਦੇ ਮਨ ਵਿੱਚ ਕਿੰਨਾ ਗੁੱਸਾ ਭਰਿਆ ਹੋਇਆ ਹੈ, ਉਸ ਦੀ ਇੱਕ ਮਿਸਾਲ ਲਿਖ ਰਿਹਾ ਹਾਂ-

ਕੈਲੇਫੋਰਨੀਆਂ ਦੇ ਇਕ ਟ੍ਰੈਵਲ ਏਜੰਟ ਨੇ ਮੈਨੂੰ ਦੱਸਿਆ ਕਿ ਇੰਡੀਆ ਜਾਣ ਲਈ ਇਕ ਸਿੰਘ ਉਹਦੇ ਕੋਲੋਂ ਟਿਕਟਾਂ ਲੈ ਗਿਆ। ਨਾਲ ਹੀ ਉਸ ਨੇ ਦਿੱਲੀ ਏਅਰ ਪੋਰਟ ਤੋਂ ਅੱਗੇ ਜਲੰਧਰ ਵੱਲ ਜਾਣ ਲਈ ‘ਇੰਡੋ ਕੈਨੇਡੀਅਨ’ ਬੱਸ ਦੀ ਬੁਕਿੰਗ ਦੇ ਪੈਸੇ ਵੀ ਜਮ੍ਹਾਂ ਕਰਵਾ ਦਿੱਤੇ। ਲੇਕਿਨ ਦੂਜੇ ਦਿਨ ਸੁਵਖਤੇ ਹੀ ਉਸ ਨੇ ਏਜੰਟ ਨੂੰ ਫੋਨ ਖੜਕਾ ਦਿੱਤਾ - ਅਖੇ ਇੰਡੋ-ਕੈਨੇਡੀਅਨ ਬੱਸ ਦੀ ਬੁਕਿੰਗ ਕੈਂਸਲ ਕਰ ਦਿਉ ਜੀ। ਏਜੰਟ ਨੇ ਹੈਰਾਨ ਹੁੰਦਿਆਂ ਪੁੱਛਿਆ ਕਿ ਕੀ ਗੱਲ ਹੋਈ? ਕੋਈ ਹੋਰ ਬੰਦੋਬਸਤ ਕਰ ਲਿਆ ਹੈ? ਸਿੰਘ ਜੀ ਨੇ ਜਵਾਬ ਦਿੱਤਾ-

“ਤੁਸੀਂ ਖਬਰ ਨਹੀਂ ਸੁਣੀ?”
“ਕਿਹੜੀ?”
“ਕਹਿੰਦੇ ਇੰਡੋ-ਕੈਨੇਡੀਅਨ ਕੰਪਨੀ ਵੀ ਬਾਦਲ ਪ੍ਰਵਾਰ ਨੇ ਖ੍ਰੀਦ ਲਈ ਹੈ---ਇਸ ਕਰਕੇ ਮੈਂ ਸੋਚਿਆ ਕਿ ਅਸੀਂ ਕਿਉਂ ‘ਪੰਥ ਦੋਖੀਆਂ’ ਦੇ ਖਜਾਨੇ ਭਰੀਏ---ਸਾਨੂੰ ਰੋਡਵੇਜ਼ ਦੀਆਂ ਬੱਸਾਂ ‘ਚ ਜਾਣਾ ਮਨਜੂਰ ਐ--!!”

ਇਹ ਹੈ ਬਾਦਲ ਪ੍ਰਵਾਰ ਪ੍ਰਤੀ ਇੱਕ ਸਧਾਰਨ ਕਿਰਤੀ ਸਿੱਖ ਦੀ ਮਾਸੂਮ ਜਿਹੀ ਨਫ਼ਰਤ ਦਾ ਗੈਰਤ-ਮੰਦ ਕਿੱਸਾ! ਜਿਸ ਨੂੰ ਏਜੰਟ ਮੂੰਹੋਂ ਸੁਣ ਕੇ ਮੇਰੇ ਲਬਾਂ ‘ਤੇ ਇਹ ਸ਼ਿਅਰ ਆਪ ਮੁਹਾਰੇ ਹੀ ਆ ਗਿਆ-

ਸੁਨ ਤੋ ਸਹੀ, ਜਹਾਂ ਮੇਂ ਹੈ ਤੇਰਾ ਫ਼ਸਾਨਾ ਕਯਾ?
ਕਹਤੀ ਹੈ ਤੁਝ ਕੋ ਖ਼ਲਕੇ-ਖੁਦਾ ਗਾਇਬਾਨਾ ਕਯਾ?
(ਗਾਇਬਾਨਾ=ਪਿਠ ਪਿੱਛੇ)

001-408-915-1268


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top