Share on Facebook

Main News Page

ਬਰਾੜ ’ਤੇ ਹਮਲਾ ਭਾਰਤੀ ਏਜੰਸੀਆਂ ਦੀ ਖੇਡ
-
ਭਾਈ ਬਲਵੰਤ ਸਿੰਘ ਰਾਜੋਆਣਾ

ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ’ਤੇ ਟਿੱਪਣੀ ਕਰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਇਹ ਸਮਾਂ ਖਾਲਸਾ ਪੰਥ ਦੇ ਸੁਚੇਤ ਹੋਣ ਦਾ ਹੈ। ਕਿਉਂਕਿ ਹਿੰਦੋਸਤਾਨ ਦੀਆਂ ਸਾਰੀਆਂ ਹੀ ਖੁਫੀਆਂ ਏਜੰਸੀਆਂ ਅਤੇ ਉਨ੍ਹਾਂ ਦੇ ਏਜੰਟਾਂ ਵੱਲੋਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਬਣ ਰਹੀ ਯਾਦਗਾਰ ਨੂੰ ਰੋਕਣ ਲਈ ਅਤੇ ਵਿਦੇਸ਼ਾਂ ਵਿੱਚ ਕੂੜ ਦੀਆਂ ਬੰਦ ਹੋ ਰਹੀਆਂ ਦੁਕਾਨਾਂ ਨੂੰ ਮੁੜ ਤੋਂ ਖੋਲ੍ਹਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਿਛਲੇ ਦਿਨੀਂ ਜਨਰਲ ਬਰਾੜ ਤੇ ਲੰਡਨ ਵਿੱਚ ਹੋਇਆ ਹਮਲਾ ਖੁਫੀਆ ਏਜੰਸੀਆਂ ਵੱਲੋਂ ਮਿਲ ਕੇ ਖੇਡੀ ਗਈ ਇਕ ਖੇਡ ਹੈ। ਹੁਣ ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਨਰਲ ਬਰਾੜ ਦੇ ਜਿਸ ਵਿਦੇਸ਼ੀ ਦੌਰੇ ਦਾ ਹਿੰਦੋਸਤਾਨੀ ਏਜੰਸੀਆਂ ਨੂੰ ਪਤਾ ਨਹੀਂ ਸੀ, ਉਸ ਬਾਰੇ ਇੰਗਲੈਂਡ ਵਿੱਚ ਜਨਰਲ ’ਤੇ ਹਮਲਾ ਕਰਨ ਵਾਲੇ ਲੋਕਾਂ ਨੂੰ ਕਿਵੇਂ ਪਤਾ ਲੱਗ ਗਿਆ? ਫਿਰ ਚਾਰ ਬੰਦਿਆਂ ਵੱਲੋਂ ਇਕ 78 ਸਾਲਾਂ ਦੇ ਬਜ਼ੁਰਗ ’ਤੇ ਕੀਤੇ ਜਾਨਲੇਵਾ ਹਮਲਾ ਵਿੱਚ ਉਹ ਬਿਨਾਂ ਗੰਭੀਰ ਜ਼ਖ਼ਮੀ ਹੋਣੋਂ ਬਚ ਕਿਵੇਂ ਗਿਆ? ਉਸੇ ਦਿਨ ਹੀ ਇਕ ਹਿੰਦੂ ਸੰਸਥਾ ਦੇ ਕਾਰਕੁੰਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਸ਼ਹੀਦੀ ਯਾਦਗਾਰ ਦੇ ਵਿਰੋਧ ਵਿੱਚ ਧਰਨਾ ਦੇਣ ਦਾ ਐਲਾਨ ਕਰਦੇ ਅਤੇ ਸਿੱਖ ਸ਼ਹੀਦਾਂ ਦੀ ਯਾਦਗਾਰ ਵਾਲੀ ਜਗਾਹ ’ਤੇ ਸਿੱਖ ਧਰਮ ’ਤੇ ਹਮਲਾ ਕਰਨ ਵਾਲੇ ਹਜ਼ਾਰਾਂ ਨਿਰਦੋਸ਼ ਨਿਹੱਥੇ ਸ਼ਰਧਾਲੂਆਂ ਦੇ ਕਾਤਲ ਹਿੰਦੋਸਤਾਨੀ ਫੌਜੀਆਂ ਦੀ ਯਾਦਗਾਰ ਬਣਾਉਣ ਦੀ ਮੰਗ ਕਰਕੇ ਸਿੱਖ ਭਾਵਨਾਵਾਂ ਨਾਲ ਖੇਡਣ ਦਾ ਕੋਝਾ ਯਤਨ ਕਰਦੇ ਹਨ।

ਪੰਜਾਬ ਵਿਚਲਾ ਕਾਂਗਰਸ ਦਾ ਸੂਬੇਦਾਰ ਕੈਪਟਨ ਅਮਰਿੰਦਰ, ਬਰਾੜ ਤੇ ਹੋਏ ਹਮਲੇ ਦਾ ਕਾਰਨ ਸ਼ਹੀਦੀ ਯਾਦਗਾਰ ਨੂੰ ਮੰਨਦਾ ਹੈ। ਹੋਰ ਵੀ ਸਿੱਖ ਵਿਰੋਧੀ ਮਾਨਸਿਕਤਾ ਵਾਲੇ ਲੋਕ ਸ਼ਹੀਦੀ ਯਾਦਗਾਰ ਦੇ ਵਿਰੋਧ ਵਿੱਚ ਬਿਆਨ ਦੇ ਰਹੇ ਹਨ। ਖਾਲਸਾ ਜੀ, ਦਿੱਲੀ ਦੇ ਕਾਂਗਰਸ ਸਰਕਾਰ ਅਤੇ ਹਿੰਦੋਸਤਾਨੀ ਏਜੰਸੀਆਂ ਦੀ ਹਮੇਸਾਂ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਦਿੱਲੀ ਵੱਲੋਂ ਜੂਨ ਅਤੇ ਨਵੰਬਰ 1984 ਵਿੱਚ ਕੀਤੀਆਂ ਘਿਨੌਣੀਆਂ ਕਾਰਵਾਈਆਂ ਦੇ ਸੱਚ ਨੂੰ ਹਮੇਸ਼ਾਂ ਲਈ ਦਫਨ ਕਰ ਦਿੱਤਾ ਜਾਵੇ। ਦਿੱਲੀ ਦੀ ਕਾਂਗਰਸ ਸਰਕਾਰ ਵੱਲੋਂ ਜੂਨ ਅਤੇ ਨਵੰਬਰ 1984 ਨੂੰ ਕੀਤੀਆਂ ਘਿਨੌਣੀਆਂ ਕਾਰਵਾਈਆਂ ਕਾਂਗਰਸ ਦੇ ਮੱਥੇ ’ਤੇ ਲੱਗਿਆ ਹੋਇਆ। ਉਹ ਕਲੰਕ ਹੈ ਜਿਸ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਇਹ ਸਿੱਖਾਂ ਦੀਆਂ ਰੂਹਾਂ ’ਤੇ ਲੱਗਿਆਂ ਉਹ ਜ਼ਖ਼ਮ ਹੈ, ਜਿਸ ਨੂੰ ਕਦੇ ਵੀ ਕਿਸੇ ਦੁਨਿਆਵੀਂ ਦਵਾਈ ਨਾਲ ਠੀਕ ਨਹੀਂ ਕੀਤਾ ਜਾ ਸਕਦਾ।

ਖਾਲਸਾ ਜੀ, ਇਨ੍ਹਾਂ ਹਿੰਦੋਸਤਾਨੀ ਹੁਕਮਰਾਨਾਂ ਨੂੰ, ਏਜੰਸੀਆਂ ਨੂੰ ਆਪਣੇ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਵਰਗੀਆਂ ਸਤਿਕਾਰ ਯੋਗ ਸਖਸ਼ੀਅਤਾਂ, ਟੈਂਕਾਂ ਅਤੇ ਤੋਪਾਂ ਅੱਗੇ ਨਿਹੱਥੇ ਖੜ੍ਹੇ ਸਿੱਖ ਸ਼ਰਧਾਲੂ ਕਾਤਲ, ਮੁਜ਼ਰਮ, ਅੱਤਵਾਦੀ ਨਜ਼ਰ ਆਉਂਦੇ ਹਨ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਭਜਾ-ਭਜਾ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਕਤਲ ਕਰਨ ਵਾਲੇ, ਸਿੱਖਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟ ਕੇ ਉਨ੍ਹਾਂ ਨੂੰ ਕੋਹ-ਕੋਹ ਕੇ ਮਾਰਨ ਵਾਲੇ ਬਲਾਤਕਾਰੀ, ਕਾਤਲ ਦੇਸ਼ ਭਗਤਾਂ ਨੂੰ 28 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਸਗੋਂ ਇਨ੍ਹਾਂ ਕਾਤਲਾਂ ਨੂੰ ਉਚੇ ਅਹੁਦੇ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਖਾਲਸਾ ਜੀ, ਅਗਰ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਭਾਰਤੀ ਜਰਨੈਲਾਂ ’ਤੇ ਕੋਈ ਹਮਲਾ ਹੁੰਦਾ ਵੀ ਹੈ ਤਾਂ ਇਸ ਦਾ ਕਾਰਨ ਸ਼ਹੀਦੀ ਯਾਦਗਾਰ ਨਹੀਂ ਹੈ, ਸਗੋਂ ਬੇਖੋਫ ਅਜ਼ਾਦ ਘੁੰਮ ਰਹੇ ਕਾਨੂੰਨ ਦੀ ਪਹੁੰਚ ਤੋਂ ਬਾਹਰ, ਹਜ਼ਾਰ ਨਿਰਦੋਸ਼ ਸਿੱਖਾਂ ਦੇ ਕਾਤਲਾਂ, ਲੁਟੇਰਿਆਂ, ਬਲਾਤਕਾਰੀਆਂ ਨੂੰ ਸਨਮਾਨਿਤ ਕਰਨ ਨਾਲ ਲਹੂ-ਲੁਹਾਣ ਹੋਈਆਂ ਸਿੱਖ ਭਾਵਨਾਵਾਂ ਕਰਦੇ ਹੁੰਦੇ ਹਨ।

ਦਿੱਲੀ ਵੱਲੋਂ 1947 ਤੋਂ ਬਾਅਦ ਅੱਜੇ ਤੱਕ ਸਿੱਖਾਂ ਨਾਲ ਕੀਤੀਆਂ ਗਈਆਂ ਧੋਖੇਬਾਜੀਆਂ, ਬੇਇਨਸਾਫੀਆਂ, ਧੱਕੇਸ਼ਾਹੀਆਂ ਕਾਰਨ ਹੁੰਦੇ ਹਨ। ਮੇਰਾ ਦਿੱਲੀ ਦੇ ਤਖਤ ’ਤੇ ਬੈਠੇ ਕਾਤਲ ਕਾਂਗਰਸੀਆਂ ਨੂੰ , ਦਿੱਲੀ ਤਖਤ ਦੇ ਆਲੇ-ਦੁਆਲੇ ਘੁੰਮ ਰਹੇ ਫਿਰਕੂ ਭਾਜਪਾਈਆਂ ਨੂੰ ਇਹੀ ਕਹਿਣਾ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਸ਼ਹੀਦੀ ਯਾਦਗਾਰ ਤੋਂ ਨਹੀਂ ਹੈ, ਸਗੋਂ ਦਿੱਲੀ ਵੱਲੋਂ ਸਿੱਖਾਂ ਦੇ ਖਿਲਾਫ ਚੱਲੀਆਂ ਜਾ ਰਹੀਆਂ ਘਿਨੌਣੀਆਂ ਚਾਲਾਂ ਤੋਂ ਅਤੇ ਸਿੱਖ ਵਿਰੋਧੀ ਮਾਨਸਿਕਤਾ ਤੋਂ ਹੈ। ਸੋ ਇਨ੍ਹਾਂ ਹੁਕਮਰਾਨਾਂ ਨੂੰ ਸ਼ਹੀਦੀ ਯਾਦਗਾਰ ਦਾ ਵਿਰੋਧ ਕਰਨ ਦੀ ਬਜਾਏ ਪੰਜਾਬ ਦੀ ਧਰਤੀ ਨੂੰ ਲਹੂ-ਲੁਹਾਣ ਕਰਨ ਵਾਲੇ ਅਤੇ ਦਿੱਲੀ ਵਿੱਚ ਕਤਲ ਕੀਤੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ। ਸਿੱਖਾਂ ਦੀ ਜ਼ਖ਼ਮਾਂ ਨੂੰ ਕੁਰੇਦਣ ਦੀ ਬਜਾਏ ਇਨ੍ਹਾਂ ਉਪਰ ਇਨਸਾਫ ਦੀ ਮੱਲ੍ਹਮ ਲਗਾਈ ਜਾਵੇ। ਮੇਰੀ ਅਕਾਲੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਉਹ ਆਪਣੀ ਇਕ ਜਾਂਚ ਟੀਮ ਭੇਜ ਕੇ ਜਨਰਲ ਬਰਾੜ ਦੀ ਗਰਦਨ ’ਤੇ ਆਏ ਜ਼ਖ਼ਮਾਂ ਦੀ ਜਾਂਚ ਕਰਕੇ ਪੰਜਾਬ ਦੀ ਧਰਤੀ ’ਤੇ ਜਿਊੰਦੇ ਵਿਅਕਤੀਆਂ ਦੇ ਟਮਾਂਟਰਾਂ ਦੀ ਚੱਟਣੀ ਪਾ ਕੇ ਦਿਖਾਏ ਜਾਅਲੀ ਮੁਕਾਬਲਿਆਂ ਦੀ ਤਰ੍ਹਾਂ ਇਸ ਜਾਅਲੀ ਹਮਲੇ ਦਾ ਪਰਦਾ ਫਾਸ਼ ਕੀਤਾ ਜਾਵੇ। ਮੇਰੀ ਸਮੁੱਚੀ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਹਿੰਦੋਸਤਾਨੀ ਏਜੰਸੀਆਂ ਵੱਲੋਂ ਖੇਡੀਆਂ ਜਾ ਰਹੀਆਂ ਚਾਲਾਂ ਨੂੰ ਸਮਝ ਕੇ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਰਿਹਾ ਜਾਵੇ। ਖਾਲਸਾ ਪੰਥ ਨੂੰ ਹਰ ਮੈਦਾਨ ਫਤਹਿ ਹੋਵੇ। ਮੇਰੀ ਹਮੇਸ਼ਾਂ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top