Share on Facebook

Main News Page

.... ਜਦੋਂ ਪ੍ਰਮਾਤਮਾ ਨੇ ਕਿਸੀ ਨੂੰ ਆਪਣੇ ਨਾਲ ਜੋੜਨ ਲਈ ਪਹਿਲਾਂ ਤੋੜਿਆ
ਪੰਜਾਬੀ ਫ਼ਿਲਮ ਮਿਸਟਰ ਸਿੰਘ ਵਾਂਟਸ ਪੀ.ਆਰ.ਦਾ ਹੀਰੋ ਸੰਨੀ ਸਹਿਗਲ, ਅੰਮ੍ਰਿਤਧਾਰੀ ਸਿੰਘ ਸਜੇਗਾ - ਪਲਾਂ ਦੀ ਘਟਨਾ ਜੀਵਨ ਬਦਲੇਗੀ

ਆਕਲੈਂਡ 4 ਅਕਤੂਬਰ - (ਹਰਜਿੰਦਰ ਸਿੰਘ ਬਸਿਆਲਾ) - ਕਹਿੰਦੇ ਨੇ ਪ੍ਰਮਾਤਮਾ ਕਈ ਵਾਰ ਕਿਸੀ ਨੂੰ ਆਪਣੇ ਨਾਲ ਜੋੜਨ ਲਈ ਪਹਿਲਾਂ ਉਸਨੂੰ ਧੁਰ ਅੰਦਰ ਤੱਕ ਤੋੜ ਦਿੰਦਾ ਹੈ, ਤਾਂ ਕਿ ਦੁਬਾਰਾ ਹੋਣ ਵਾਲਾ ਨਿਰਮਾਣ ਪੱਕੇ ਆਧਾਰ ਦੇ ਉਤੇ ਵਿਕਸਤ ਹੋਵੇ। ਅੰਗਰੇਜ਼ੀ ਦੀ ਕਹਾਵਤ ਹੈ ‘‘Sometimes God has to break us to make us.’’ ਇਕ ਅਜਿਹੀ ਹੀ ਘਟਨਾ ਕੁਝ ਮਹੀਨੇ ਪਹਿਲਾਂ ਇਥੇ ਰਿਲੀਜ਼ ਹੋਈ ਅੰਗਰੇਜ਼ੀ-ਹਿੰਦੀ ਫਿਲਮ ‘ਮਿਸਟਰ ਸਿੰਘ ਵਾਂਟਸ ਪੀ. ਆਰ.’ ਦੇ ਹੀਰੋ ਦਿਲਦਾਰ ਸਿੰਘ (ਗੁਰਵਿੰਦਰਪਾਲ ਸਿੰਘ) ਉਰਫ਼ ਸੰਨੀ ਸਹਿਗਲ ਨਾਲ ਹੋਈ, ਜਿਸ ਨੇ ਉਸਨੂੰ ਅੰਮ੍ਰਿਧਾਰੀ ਹੋ ਕੇ ਜੀਵਨ ਜੀਓਣ ਦਾ ਬੱਲ ਭਰਿਆ ਹੈ।

ਘਟਨਾ ਇੰਝ ਹੈ, ਕਿ ਸੰਨੀ ਸਹਿਗਲ ਨੇ ਕੁਝ ਦਿਨ ਪਹਿਲਾਂ ਹੀ ਇਕ ਸਿੱਖ ਨੌਜਵਾਨ ਨੂੰ ਪੱਗ ਬੰਨ ਕੇ ਜਨਤਕ ਤੌਰ ’ਤੇ ਸਿਗਰਟ ਪੀਣ ਤੋਂ ਰੋਕਿਆ ਸੀ, ਪਰ ਉਹ ਲੁਕ-ਛਿਪ ਕੇ ਪੀਣ ਦਾ ਵਾਅਦਾ ਕਰਕੇ ਫਿਰ ਦੁਬਾਰਾ ਸ਼ੁਰੂ ਹੋ ਗਿਆ। ਫਿਰ ਪੂਰੀ ਸਿੱਖ ਕੌਮ ਦੇ ਅਕਸ ਦਾ ਵਾਸਤਾ ਪਾਂਉਂਦਿਆਂ ਫਿਰ ਸੰਨੀ ਸਿੰਘ ਨੇ ਉਸਨੂੰ ਬੇਨਤੀ ਕੀਤੀ, ਉਸਦੇ ਪੈਰ ਫੜ ਲੈਣ ਦੀ ਪੇਸ਼ਕਸ਼ ਕੀਤੀ ਤੇ ਜਨਤਕ ਤੌਰ ’ਤੇ ਸਿਗਰਟ ਪੀਣ ਤੋਂ ਰੋਕਿਆ। ਪਰ ਉਹ ਨੌਜਵਾਨ ਆਪਣੀ ਮੈਂ ਵਿਚ ਆ ਗਿਆ ਤੇ ਨਿੱਜੀ ਆਜ਼ਾਦੀ ਵਾਲੇ ਮਨੁੱਖੀ-ਹੱਕ ਉਤੇ ਆ ਗਿਆ। ਸੰਨੀ ਸਿੰਘ ਨੇ ਉਸਨੂੰ ਉਸਦੀ ਮਰਜ਼ੀ ਉਤੇ ਛੱਡ ਦਿੱਤਾ, ਪਰ ਇਸ ਗੱਲ ਨੇ ਇਸ ਨੇ ਸੰਨੀ ਸਿੰਘ ਦੇ ਦਿਲ ਵਿਚ ਅਜਿਹਾ ਪਰਿਵਰਤਨ ਲਿਆਂਦਾ ਤੇ ਧੁਰ ਅੰਦਰੋਂ ਇੰਸ ਤਰਾਂ ਤੋੜਿਆ, ਕਿ ਉਹ ਇਸ ਗੱਲ ਦੇ ਮੁੱਲਆਂਕਣ ਕਰਨ ਵੱਲ ਆ ਗਿਆ ਕਿ "ਕੀ ਕਿਸੀ ਨੂੰ ਰੋਕਣ ਵਾਲਾ ਖੁਦ ਆਪ ਪੂਰਾ ਸਿੱਖ ਹੈ?" ਜਾਂ ਆਪ ਸਿੱਖੀ ਦੇ ਮੁਢਲੇ ਅਸੂਲਾਂ ’ਤੇ ਖਰਾ ਉਤਰਦਾ ਹੈ? ਜਦੋਂ ਇਸ ਨੌਜਵਾਨ ਨੇ ਆਪਣੇ ਸੁੰਦਰ ਚਿਹਰੇ ਦੀ ਛੋਟੀ-ਛੋਟੀ ਰੱਖੀ ਦਾਹੜੀ ਦਾ ਧਿਆਨ ਕੀਤਾ ਕਿ ਉਹ ਤਾਂ ਖੁਦ ਸ਼ਰਮਿੰਦਾ ਹੋਣ ਲੱਗਾ। ਸੋਚਣ ਲੱਗਾ ਕਿ ਉਹ ਕਿਸੀ ਨੂੰ ਸਿੱਖ ਹੋਣ ਦਾ ਕੀ ਵਾਸਤਾ ਪਾ ਸਕਦਾ ਹੈ? ਜਦ ਕਿ ਉਹ ਆਪ ਵੀ ਅਜੇ ਅਧੂਰਾ ਹੈ। ਉਸ ਨੇ ਮੇਰੇ ਨਾਲ ਗੱਲ ਕੀਤੀ, ਗੁਰਦੁਆਰਾ ਸਾਹਿਬ (‘ਟਾਕਾਨੀਨੀ) ਜਾ ਕੇ ਮੱਥਾ ਟੇਕਿਆ, ਗ੍ਰੰਥੀ ਸਿੰਘਾਂ ਨਾਲ ਗੱਲਬਾਤ ਕੀਤੀ ਅਤੇ ਕੁਝ ਰਾਹਤ ਮਹਿਸੂਸ ਕੀਤੀ।

ਇਸ ਦਿਲ ਚੁਭਵੀਂ ਘਟਨਾ ਨੇ ਉਸ ਅੰਦਰਲੇ ਸਿੱਖੀ ਦੇ ਅੰਕੁਰ ਨੂੰ ਹਰਿਆ-ਭਰਿਆ ਕਰਕੇ ਖੁਸ਼ਬੂ ਵੰਡਣ ਵੱਲ ਪ੍ਰੇਰਿਤ ਕੀਤਾ, ਤਾਂ ਕਿ ਬਦਬੂਦਾਰ ਧੂੰਏ ਨਾਲ ਗੰਧਲੇ ਹੋਏ ਉਸਦੇ ਹਿਰਦੇ ਰੂਪੀ ਬਗੀਚੇ ਨੂੰ ਮਹਿਕ ਭਰਿਆ ਬਣਾਇਆ ਜਾ ਸਕੇ। ਸਿੱਖ ਭਾਈਚਾਰੇ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਏਗੀ ਕਿ ਹੁਣ ਸੰਨੀ ਸਿੰਘ ਬਹੁਤ ਹੀ ਜਲਦ ਅੰਮ੍ਰਿਤ ਛੱਕ ਕੇ ਇਕ ਨਵਾਂ ਜੀਵਨ ਸ਼ੁਰੂ ਕਰੇਗਾ, ਕਿਉਂਕਿ ਆਮ ਕਹਾਵਤ ਹੈ ਕਿ “ਅੱਜ ਦਾ ਦਿਨ ਤੁਹਾਡੀ ਬਾਕੀ ਬਚੀ ਜ਼ਿੰਦਗੀ ਦਾ ਪਹਿਲਾ ਦਿਨ ਹੁੰਦਾ ਹੈ।” “Today is the first day of the rest of your life.” ਵਾਹਿਗੁਰੂ ਇਸ ਨੌਜਵਾਨ ਨੂੰ ਹੋਰ ਬਲ ਬਖਸ਼ੇ ਅਤੇ ਇਹ ਬਹੁਤਿਆਂ ਲਈ ਆਦਰਸ਼ ਬਣ ਉਦਾਹਰਣ ਪੇਸ਼ ਕਰੇ।

ਸੰਨੀ ਸਹਿਗਲ ਦਾ ਫੋਨ ਨੰਬਰ ਹੈ: 021 029 45 924


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top