Share on Facebook

Main News Page

ਗੁਰ ਬਿਨੁ ਘੋਰ ਅੰਧਾਰ
- ਭਾਈ ਮੋਹਰ ਸਿੰਘ  00 44 7957614314

* ਭਾਈ ਮੋਹਰ ਸਿੰਘ ਜੀ ਅੱਜਕਲ ਉਂਟਾਰੀਓ ਖ਼ਾਲਸਾ ਦਰਬਾਰ, ਡਿਕਸੀ ਰੋਡ, ਮਿਸੀਸਾਗਾ, ਕੈਨੇਡਾ ਵਿਖੇ ਅਕਤੂਬਰ ਦੇ ਮਹੀਨੇ ਹਰ ਰੋਜ਼ ਕਥਾ ਕਰ ਰਹੇ ਹਨ। ਸੰਗਤਾਂ ਨੂੰ ਬੇਨਤੀ ਹੈ ਕਿ ਉਨ੍ਹਾਂ ਵਲੋਂ ਕੀਤੀ ਜਾ ਰਹੀ ਗੁਰਮਤਿ ਵੀਚਾਰਾਂ ਜ਼ਰੂਰ ਸਰਵਣ ਕਰਣ।

ਸੰਸਾਰ ਅੰਦਰ ਜਿੰਦਗੀ ਜਿਊਂਦੀਆਂ ਇਨਸਾਨ ਦੀਆਂ ਅਨੇਕਾਂ ਜਰੂਰਤਾਂ ਅਤੇ ਆਸ਼ਾਵਾਂ ਹਨ। ਇਹਨਾ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਮਨੁੱਖ ਨੂੰ ਕੋਈ ਨਾ ਕੋਈ ਕਰਮ ਕਰਨਾ ਪੈਂਦਾ ਹੈ। ਕਦੇ ਵੀ ਮਨੁੱਖ ਐਸੇ ਸਮਾਜ ਦੀ ਰਚਨਾ ਨਹੀਂ ਕਰ ਸਕੇਗਾ ਜਿਥੇ ਇਸਦਾ ਜੀਵਨ ਬਿਨਾ ਕੰਮ ਕਰਨ ਤੋਂ ਚਲ ਸਕੇ। ਮਨੁੱਖ ਹਰ ਕਰਮ ਚਾਹੇ ਉਹ ਵਿਆਪਾਰ ਹੈ, ਖੇਤੀ ਹੈ, ਨੌਕਰੀ ਪੇਸ਼ਾ ਹੈ, ਜਾਂ ਕੋਈ ਧਰਮ ਕਰਮ ਹੈ, ਇਸ ਕਰਕੇ ਹੀ ਕਰਦਾ ਹੈ ਕਿ ਉਸਦੀ ਜਿੰਦਗੀ ਅੰਦਰ ਸੁਖ ਪੈਦਾ ਹੋ ਸਕੇ।

ਸ਼ਰੀਰਕ ਸੁਖਾਂ ਨੂੰ ਮੁੱਖ ਰਖਦਿਆਂ ਸਭ ਤੋਂ ਪਹਿਲਾਂ ਮਨੁੱਖ ਨੂੰ ਖੁਰਾਕ ਚਾਹੀਦੀ ਹੈ। ਵੇਖਦੇ ਹਾਂ ਇਸ ਸੰਸਾਰ ਵਿਚ ਅਨੇਕਾਂ ਲੋਕ ਗਰੀਬੀ ਰੇਖਾ ਤੋਂ ਹੇਠਲੇ ਪੱਧਰ ਦਾ ਜੀਵਨ ਬਿਤਾ ਰਹੇ ਹਨ, ਜਿਨ੍ਹਾ ਨੂੰ ਦੋ ਵਕਤ ਭਰ ਪੇਟ ਰੋਟੀ ਵੀ ਨਸੀਬ ਨਹੀਂ ਹੁੰਦੀ। ਇਸਦਾ ਪਰਤੱਖ ਸਬੂਤ ਹੈ ਸਾਡੇ ਦੇਸ਼ ਅੰਦਰ ਹਜਾਰਾਂ ਮਾਸੂਮ ਬੱਚੇ ਰੋਟੀ ਦੇ ਟੁਕੜੇ ਵਾਸਤੇ ਦਰ ਦਰ ਤੇ ਭੀਖ ਮੰਗ ਰਹੇ ਹਨ। ਬਾਲ ਮਜਦੂਰੀ ਕਰਦੇ, ਖੇਤਾਂ ਵਿਚ, ਹੋਟਲਾਂ ਦੀ ਜੂਠ ਵਿਚ, ਕਾਰਖਾਨਿਆਂ ਦੇ ਪਰਦੂਸ਼ਿਤ ਵਾਤਾਵਰਨ ਵਿਚ, ਅਮੀਰਾਂ ਦੀਆਂ ਕੋਠੀਆਂ ਵਿਚ ਅਤੇ ਜੇਠ ਹਾੜ ਦੀ ਤਪਸ਼ ਸਹਾਰਦੇ ਹੋਇ ਮਾਸੂਮ ਜਹੇ ਕੋਮਲ ਸਿਰ ਤੇ ਆਪਣੇ ਵਜਨ ਨਾਲੋਂ ਜਿਆਦਾ ਭਾਰਾ ਤਾਰਕੋਲ (ਲੱਕ) ਮਿਲੀ ਗਰਮ ਰੋੜੀ ਦਾ ਤਸਲਾ ਚੁੱਕ ਕੇ, ਸੜਕਾਂ ਦਾ ਘੱਟਾ ਮਿੱਟੀ ਫੱਕਦੇ, ਅਪਣੇ ਬਚਪਨ ਅਤੇ ਭਾਵਨਾਵਾਂ ਨੂੰ ਗੈਰ ਜਿੱਮੇਵਾਰ ਸਰਕਾਰਾਂ, ਬੇਦਰਦੀ ਸਮਾਜ, ਇਨਸਾਨੀ ਰੂਪ ਵਿਚ ਹੈਵਾਨ ਹੋ ਚੁਕੇ, ਗਫਲਤ ਦੀ ਨੀਦ ਵਿਚ ਸੁੱਤੇ, ਅਹੰਕਾਰ ਵਿਚ ਫੂੰ ਫੂੰ ਕਰਦੇ ਕਠੋਰਚਿੱਤ ਮਨੁੱਖ ਦੇ ਪੈਰਾਂ ਵਿਚ ਰੋਲ ਰਹੇ ਹਨ। ਅਪਣੀ ਐਸੀ ਹਾਲਾਤ ਅਤੇ ਬਦਕਿਸਮਤੀ ਤੇ ਰੋ ਰੋ ਕੇ ਇਹਨਾ ਮਜਬੂਰੀ ਮਾਰਿਆਂ ਦੀਆਂ ਅੱਖਾਂ ਦੇ ਹੰਝੂ ਵੀ ਸਾਥ ਛੱਡ ਚੁੱਕੇ ਹਨ। ਦੁਖਾਂ ਦੀਆਂ ਲਹਿਰਾਂ ਦੀਆਂ ਪਛਾੜਾਂ ਖਾਂਦੇ, ਚਿੰਤਾਵਾਂ ਦੀਆਂ ਘੁੰਮਣ ਘੇਰੀਆਂ ਵਿਚ ਫਸੇ, ਮੁਸੀਬਤਾਂ ਵਿਚ ਗੋਤੇ ਖਾਂਦੇ ਹੋਇ ਘੁੱਪ ਹਨੇਰੇ ਭਵਿਖ ਵੱਲ ਵਧ ਰਹੇ ਹਨ। ਦਇਆ ਅਤੇ ਸਹਾਰੇ ਦੀ ਪੁਕਾਰ ਕਰਦਿਆਂ, ਲਿਲਕਣੀਆਂ ਲੈਂਦਿਆਂ, ਘਗਿਆ ਘਗਿਆ ਕੇ ਇਹਨਾ ਮਾਸੂਮਾਂ ਦੇ ਗਲੇ ਸੁਕ ਗਏ ਹਨ ਅੱਖਾਂ ਪਥਰਾ ਗਈਆਂ ਹਨ।

ਮਨੁੱਖ ਦੀ ਜਿੰਦਗੀ ਦੀ ਦੂਜੀ ਲੋੜ ਹੈ ਕੁੱਲੀ (ਮਕਾਨ)। ਜਿਥੇ ਇਹ ਗਰਮੀ ਸਰਦੀ ਤੋਂ ਬਚਣ ਲਈ ਸਿਰ ਲੁਕਾ ਕਰ ਸਕੇ। ਕਿਰਤ ਕਾਰ ਕਰਕੇ ਥੱਕਿਆ ਹਾਰਿਆ ਹੋਇਆ ਆਰਾਮ ਕਰ ਸਕੇ। ਆਪਣੇ ਕਿਸੇ ਪਿਆਰੇ ਸੰਗੀ ਸਾਥੀ, ਸਾਕ ਸਬੰਧੀ, ਭੈਣ ਭਰਾ ਨੂੰ ਬੁਲਾਵਾ ਦੇ ਸਕੇ। ਪ੍ਰਭੂ ਪਿਆਰਿਆਂ ਨਾਲ ਮਿਲਕੇ ਰੱਬੀਂ ਪਿਆਰ ਦੇ ਗੀਤ ਗਾਂਦਾ ਅਪਣੇ ਘਰ ਵਿਚ ਧਰਮਸਾਲ ਦਾ ਅਹਿਸਾਸ ਕਰ ਸਕੇ। ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ॥ ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ॥ (ਗਉੜੀ ਕੀ ਵਾਰ ਮ:4 ਪੰਨਾ 318)

ਆਕਾਸ਼ ਨੂੰ ਛੂਹਦੀਆਂ ਬਹੁਮੰਜਲੀ ਇਮਾਰਤਾਂ, ਕੋਠੀਆਂ, ਬੰਗਲੇ, ਹਵੇਲੀਆਂ ਅਤੇ ਮਹੱਲਾਂ ਵਿਚ ਜੀਵਨ ਦੀ ਹਰ ਖੁਸ਼ੀ ਮਾਣਦੇ ਮਨੁੱਖਾਂ ਨੂੰ ਤਕ ਕੇ ਮਨ ਖੁਸ਼ੀ ਨਾਲ ਭਰ ੳਠਦਾ ਹੈ। ਜਿਸ ਵਕਤ ਦੇਸ਼ ਅਤੇ ਸਮਾਜ ਦੀ ਬਣਤਰ ਦੀ ਦੂਜੀ ਕੜੀ ਤਕਦੇ ਹਾਂ ਤਾਂ ਖੁਨ ਦੇ ਹੰਝੂ ਆਪ ਮੁਹਾਰੇ ਨਿਕਲ ਆਉਂਦੇ ਹਨ। ਜੇਠ, ਹਾੜ ਵਿਚ ਅੱਗ ਬਰਸਾ ਰਿਹਾ ਸੂਰਜ ਤਪਦਾ ਆਕਾਸ਼, ਭਠ ਦੇ ਰੇਤੇ ਦੀ ਤਰ੍ਹਾਂ ਤਪ ਰਹੀ ਧਰਤੀ, ਨਦੀਆਂ, ਨਾਲਿਆਂ ਅਤੇ ਸਰੋਵਰਾਂ ਦੇ ਪਾਣੀ ਨੂੰ ਸੁਕਾ ਰਹੀ ਗਰਮ ਲੋਅ ਜੋ ਵਨਸਪਤੀ ਅਤੇ ਮਨੁੱਖੀ ਸ਼ਰੀਰਾਂ ਨੂੰ ਝੁਲਸ ਰਹੀ ਹੈ। ਐਸੇ ਡਰਾਵਣੇ, ਭਿਆਨਕ, ਜਾਨਲੇਵਾ ਮੌਸਮ ਦਾ ਨਾਮ ਸੁਣਕੇ ਹੀ ਆਮ ਮਨੁੱਖ ਦੀਆਂ ਡਾਡਾਂ ਨਿਕਲ ਜਾਂਦੀਆਂ ਹਨ। ਅਖਬਾਰਾਂ, ਰੇਡੀੳ, ਟੀਵੀ ਰਾਹੀਂ ਜਨਤਾ ਨੂੰ ਹਿਦਾਇਤਾਂ ਕੀਤੀਆਂ ਜਾਂਦੀਆਂ ਹਨ, ਕਿ ਐਸੀ ਗਰਮੀ ਵਿਚ ਘਰੋਂ ਬਾਹਰ ਨਿਕਲਨਾ ਖਤਰਨਾਕ ਹੋ ਸਕਦਾ ਹੈ। ਚਮੜੀ ਝੁਲਸ ਸਕਦੀ ਹੈ ਅਤੇ ਮੌਤ ਦਾ ਖਤਰਾ ਹੋ ਸਕਦਾ ਹੈ।

ਜਿਥੇ ਆਮ ਲੋਕ ਬਹੁਮੰਜਲੀ ਇਮਾਰਤਾਂ, ਹਵੇਲੀਆਂ, ਮਹੱਲਾਂ ਅੰਦਰ ਏ.ਸੀ.ਅੱਗੇ ਬੈਠ ਠੰਡੇ ਮਿਠੇ ਸ਼ਰਬਤ, ਆਈਸਕ੍ਰੀਮ, ਫ੍ਰੂਟ ਅਤੇ ਜੂਸ ਦਾ ਅਨੰਦ ਮਾਣ ਰਹੇ ਹੁੰਦੇ ਹਨ ਉਥੇ ਸਮਾਜ ਦਾ ਬਹੁਤ ਵੱਡਾ ਹਿੱਸਾ ਆਪਣੀਆਂ ਪ੍ਰਾਣਾ ਤੋਂ ਪਿਆਰੀਆਂ ਨੌ ਜਵਾਨ ਧੀਆਂ, ਨੂੰਹਾਂ ਅਤੇ ਫੁਲਾਂ ਤੋਂ ਮਾਸੂਮ ਬੱਚਿਆਂ ਨੂੰ ਲੈਕੇ ਭੁੱਖਾਂ ਅਤੇ ਦੁਖਾਂ ਦੇ ਸਤਾਏ ਹੋਇ, ਸੜਕਾਂ ਅਤੇ ਰੇਲਾਂ ਦੇ ਪੁਲਾਂ ਥੱਲੇ ਬੈਠ ਯਮਰਾਜ ਵਰਗੀ ਭਿਆਨਕ ਗਰਮੀ ਦਾ ਕਹਿਰ ਸਹਾਰਦੇ ਸਰਕਾਰਾਂ ਦੀ ਦੋਗਲੀ ਨੀਤੀ, ਅੱਸੀ ਅੱਸੀ ਲੱਖ ਦੀਆਂ ਵਿਦੇਸ਼ੀ ਕਾਰਾਂ ਵਿਚ ਘੁਮਦੇ ਅਖੌਤੀ ਧਾਰਮਕ ਪੁਰਸ਼ਾਂ ਦੀ ਕਮੀਨਗੀ, ਦਇਆ ਗੁਆ ਚੁਕੇ ਸਮਾਜ ਦੀ ਬਦਨੀਤੀ ਅਤੇ ਆਪਣੀ ਬਦਕਿਸਮਤੀ ਤੇ ਰੋਂਦੇ ਮੌਤ ਦੀ ਉਡੀਕ ਕਰ ਰਹੇ ਹੁੰਦੇ ਹਨ।

ਕਿਤਨੇ ਹੀ ਲੋਕ ਐਸੇ ਹਨ ਜਿਨ੍ਹਾਂ ਨੂੰ ਜਿਉਂਦੇ ਜੀਅ ਤਾਂ ਤਨ ਢੱਨਣ ਲਈ ਕਪੜਾ ਨਸੀਬ ਨਹੀਂ ਹੋਇਆ। ਮਰਨ ਤੋਂ ਬਾਦ ਕਫਨ ਵੀ ਉਨ੍ਹਾ ਦੀ ਕਿਸਮਤ ਵਿਚ ਨਹੀਂ ਹੈ। ਕਿਸੇ ਫੁਟਪਾਥ ਤੇ ਪਇਆਂ ਹੀ ਭੁੱਖ ਪਿਆਸ ਨਾਲ ਪ੍ਰਾਨ ਤਿਆਗ ਜਾਂਦੇ ਹਨ। ਉਨ੍ਹਾ ਦੀ ਲਾਸ਼ ਦਾ ਵਾਰਸ ਵੀ ਕੋਈ ਬਨਣ ਲਈ ਤਿਆਰ ਨਹੀਂ ਹੁੰਦਾ। ਆਖਿਰ ਕੋਈ ਸਵੈਮ ਸੇਵੀ ਸੰਸਥਾ ਹੀ ੳਨ੍ਹਾ ਦੇ ਅੰਤਮ ਸੰਸਕਾਰ ਦਾ ਪਰਉਪਕਾਰ ਕਰਦੀ ਹੈ। ਅੱਜ ਆਮ ਰਾਜਨੀਤਿਕ ਪਾਰਟੀ ਦੇਸ਼ ਚੋਂ ਗਰੀਬੀ ਖਤਮ ਕਰਨ ਦੇ ਦਾਵੇ ਕਰਦੀ ਹੈ। ਪਰ ਹਾਲਾਤ ਸਾਡੇ ਸਾਰਿਆਂ ਦੇ ਸਾਮ੍ਹਣੇ ਹਨ। ਅਖੌਤੀ ਜੋਤਸ਼ੀ ਅਤੇ ਮੰਤਰਾਂ, ਜੰਤਰਾਂ ਨਾਲ ਲੋਕਾਂ ਦੀ ਕਿਸਮਤ ਬਦਲਨ ਦੇ ਦਾਵੇ ਝੂਠੇ,ਥੋਥੇ ਅਤੇ ਸਮਾਜ ਨੂੰ ਲੁੱਟਨ ਵਾਲੇ ਹੀ ਹਨ। ਅਖੌਤੀ ਸਾਧ, ਸੰਤ ਜਿਨ੍ਹਾ ਦੀ ਗਿਨਤੀ ਇਕ ਅੰਦਾਜੇ ਮੁਤਾਬਕ ਸੱਤਰ ਲੱਖ ਦੇ ਨੇੜੇ ਤੇੜੇ ਹੈ। ਜੋ ਸਮਾਜ ਸੇਵਾ ਦੀ ਡੁਗ ਡੁਗੀ ਵਜਾ ਕੇ ਆਪਣੀਆਂ ਨਿਜੀ ਜਾਇਦਾਦਾਂ ਬਨਾਉਣ ਤੋਂ ਸਿਵਾ ਇਸ ਗਰੀਬ ਵਰਗ ਵਾਸਤੇ ਕੋਈ ਨਿੱਗਰ ਸੇਧ ਦੇਣ ਤੋਂ ਅਸਮਰਥ ਸਾਬਤ ਹੋਇ ਹਨ। ਸੰਸਾਰ ਅਤੇ ਸਮਾਜ ਨੂੰ ਐਸੀ ਤਰਸਯੋਗ ਹਾਲਾਤ ਤੋਂ ਬਚਾ ਕੇ ਖੁਸ਼ਹਾਲ ਕਰਨ ਲਈ ਕਿਸੇ ਚੰਗੇ ਆਗੂ ਅਤੇ ਸੁਚੱਜੀ ਅਗਵਾਈ ਦੀ ਜਰੂਰਤ ਹੈ। ਉਹ ਚੰਗੀ ਅਗਵਾਈ ਕੋਈ ਭੁੱਲਣਹਾਰਾ ਅਧੂਰਾ ਮਨੁੱਖ ਨਹੀਂ ਦੇ ਸਕਦਾ ਸਗੋਂ ਪੂਰਾ ਅਤੇ ਅਭੁਲ ਗੁਰੂ ਹੀ ਦੇ ਸਕਦਾ ਹੈ। ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ॥ (ਸਿਰੀਰਾਗੁ ਮ:1 ਪੰਨਾ 61) ਉਹ ਪੂਰਾ ਗੁਰੂ ਕੋਈ ਹੋਰ ਨਹੀਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੁ ਨਿਸਤਾਰੇ॥5॥ (ਨਟ ਮ:4 ਪੰਨਾ 982) ਸਿਰਫ ਤੇ ਸਿਰਫ ਸਾਹਿਬ ਸ੍ਰੀ ਗੁਰੂ ਗੰਥ ਸਾਹਿਬ ਜੀ ਦੀ ਬਾਣੀ ਹੀ ਗਰੀਬ ਦੀ ਬਾਂਹ ਫੜਦੀ ਹੈ। ਗੁਰੂ ਹੀ ਨਿਮਾਣਿਆਂ ਦਾ ਮਾਣ, ਅਤੇ ਬੇ ਸਹਾਰਿਆਂ ਦਾ ਸਹਾਰਾ ਹੈ। ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਸਿਰੀਰਾਗ ਮ:1 ਪੰਨਾ 15) ਗੁਰੂ ਜੀ ਦੀ ਪਾਵਨ ਬਾਣੀ ਮਨੁੱਖ ਮਾਤਰ ਨੂੰ ਸੇਵਾ ਵਾਸਤੇ ਪ੍ਰੇਰਣਾ ਦੇਂਦੀ ਹੈ ਅਤੇ ਸੇਵਾ ਨੂੰ ਪ੍ਰਭੂ ਪ੍ਰਾਪਤੀ ਦਾ ਸਾਧਨ ਮੰਨਦੀ ਹੈ। ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਕਹੁ ਨਾਨਕ ਬਾਹ ਲੁਡਾਈਐ॥ (ਸਿਰੀਰਾਗ ਮ:1 ਪੰਨਾ 26) ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੋਦੀਖਾਨੇ ਦੀ ਕਾਰ ਕਰ ਰਹੇ ਹਨ, ਪਿਤਾ ਜੀ ਆਕੇ ਪੁਛਦੇ ਹਨ ਪੁੱਤਰ ਨਾਨਕ ਜੀ, ਧਨ ਕਿਤਨਾ ਜਮਾ ਕੀਤਾ ਹੈ, ਤਾਂ ਗੁਰੂ ਜੀ ਉੱਤਰ ਦਿੰਦੇ ਹਨ ਸਤਿਕਾਰ ਯੋਗ ਪਿਤਾ ਜੀੳ ਧਨ ਜਮਾ ਨਹੀਂ ਹੋ ਸਕਿਆ ਅਤੇ ਨਾ ਹੀ ਜਮਾ ਹੋ ਸਕੇਗਾ। ਕਿਉਂਕਿ ਇਸ ਜਗਤ ਅੰਦਰ ਅਨੇਕਾ ਲੋਕ ਰੋਟੀ ਕਪੜੇ ਅਤੇ ਮਕਾਨ ਤੋਂ ਵਾਂਝੇ ਹਨ। ਭੁੱਖੇ ਪਿਆਸੇ ਅਤੇ ਦੁਖੀਏ ਹਨ। ਜਦੋਂ ਤਕ ਇਸ ਜਗਤ ਜਲੰਦੇ ਅੰਦਰ ਸਰਬ ਸਾਂਝੇ ਪਿਤਾ ਅਕਾਲਪੁਰਖ ਦਾ ਇਕ ਵੀ ਬੱਚਾ ਭੁੱਖਾ ਪਿਆਸਾ ਮੌਜੂਦ ਹੈ, ੳਦੋਂ ਤਕ ਧਨ ਜਮਾ ਕਰਨਾ ਪਾਪ ਹੈ, ਅਪਰਾਧ ਹੈ ਅਤੇ ਰੱਬ ਦੀ ਇਸ ਮਨੁੱਖਤਾ ਨਾਲ ਬੇਨਿਆਈ ਹੈ।

ਜਿਸ ਵੀ ਪਿੰਡ, ਨਗਰ, ਸ਼ਹਿਰ ਵਿਚ ਗੁਰਦੇਵ ਪਿਤਾ ਜੀ ਨੇ ਮੁਬਾਰਕ ਚਰਨ ਪਾਏ ਤਾਂ ਪਵਿੱਤਰ ਰਸਨਾ ਤੋਂ ਅੰਮ੍ਰਿਤ ਬਚਨ ਬੋਲਦਿਆਂ ਹੁਕਮ ਕੀਤਾ ਕਿ ਇਥੇ ਧਰਮਸਾਲ ਬਣਵਾੳ ਦੁਖੀਏ, ਲੋੜਵੰਦ, ਭੁੱਖੇ, ਪਿਆਸੇ ਦੀ ਅੰਨ ਧਨ ਅਤੇ ਬਸਤਰ ਨਾਲ ਸੇਵਾ ਕਰੋ। ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਜਿਸ ਨਾਲ ਜਗਤ ਵਿਚੋਂ ਗਰੀਬੀ ਅਤੇ ਬੇਰੋਜਗਾਰੀ ਦਾ ਖਾਤਮਾ ਹੋ ਸਕੇ।

ਜਿਥੇ ਕਾਮੇ, ਕਿਰਤੀ ਅਤੇ ਵਿਆਪਾਰੀ ਵਰਗ ਨੂੰ ਨਾਮ ਜਪਣ ਵੰਡ ਛਕਣ ਦਾ ਉਪਦੇਸ਼ ਦਿੱਤਾ ਉਥੇ ਨਾਲ ਹੀ ਆਪਣੇ ਸਮਾਜਕ ਫਰਜਾਂ ਤੋਂ ਭਗੌੜੇ ਹੋਕੇ ਧਰਮ ਦੇ ਨਾਮ ਤੇ ਆਮ ਜਨਤਾ ਦਾ ਆਰਥਕ ਅਤੇ ਮਾਨਸਕ ਸੋਸ਼ਣ ਕਰ ਰਹੇ ਅਖੌਤੀ ਤਿਆਗੀ ਵਰਗ ਨੂੰ ਮਖੱਟੂ ਆਖਿਆ। ਹੱਡ ਹਰਾਮ ਹੋ ਚੁਕੇ ਇਸ ਵਰਗ ਨੂੰ ਦਸਾਂ ਨਹੁਆਂ ਦੀ ਧਰਮ ਦੀ ਕਿਰਤ ਕਰਨ ਦੀ ਪ੍ਰੇਰਣਾ ਕੀਤੀ ਅਤੇ ਧਰਮ ਦਾ ਸਹੀ ਰਾਸਤਾ ਦਰਸ਼ਾਇਆ। ਮਖਟੂ ਹੋਇ ਕੈ ਕੰਨ ਪੜਾਇ॥ ਫਕਰੁ ਕਰੇ ਹੋਰ ਜਾਤਿ ਗਵਾਇ॥ ਗੁਰੁ ਪੀਰੁ ਸਦਾਇ ਮੰਗਣ ਜੳਇ॥ ਤਾ ਕੈ ਮੂਲਿ ਨ ਲਗੀਐ ਪਾਇ॥ (ਸਾਰੰਗ ਕੀ ਵਾਰ ਮ:4 ਪੰਨਾ 1245) 4 ਇਸ ਲਈ ਪਿਆਰਿਓ ਜੇ ਸੰਸਾਰ ਅਤੇ ਸਮਾਜ ਅੰਦਰੋਂ ਦੁਖ, ਗਰੀਬੀ ਅਤੇ ਬੇਰੋਜਗਾਰੀ ਦਾ ਸਫਾਇਆ ਕਰਕੇ ਇਸ ਜਗਤ ਜਲੰਦੇ ਨੂੰ ਬੇਗਮ ਪੁਰਾ ਬਨਾਉਣਾ ਲੋਚਦੇ ਹੋ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨੀ ਲੱਗੋ ਅਤੇ ਗੁਰੂ ਜੀ ਦਾ ਵੰਡ ਕੇ ਛਕਣ ਦਾ ਸਿਧਾਂਤ ਅਪਨਾੳ, ਜਿਸ ਕਰਕੇ ਹਰ ਇਨਸਾਨ ਦੀ ਰੋਟੀ ਕਪੜਾ ਅਤੇ ਮਕਾਨ ਦੀ ਮੁਢਲੀ ਲੋੜ ਪੂਰੀ ਹੋ ਸਕੇ। ਇਸੇ ਲਈ ਗੁਰੁ ਜੀ ਨੇ ਹਰ ਸਿੱਖ ਨੂੰ ਦਸਵੰਧ ਕੱਢਣ ਦਾ ਅਤੇ ਉਸਦੀ ਸਹੀ ਵਰਤੋਂ ਕਰਨ ਦਾ ਹੁਕਮ ਕੀਤਾ ਹੈ। ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ਅਕਲੀ ਪੜ੍‍ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ (ਸਾਰੰਗ ਕੀ ਵਾਰਮ:4 ਪੰਨਾ 1245)

ਅਜ ਸਾਨੂੰ ਸਾਰਿਆਂ ਨੂੰ ਜਰੂਰਤ ਹੈ, ਆਪਣੀ ਫੋਕੀ ਹਉਮੇ, ਧੜੇਬੰਦੀਆਂ, ਮੇਰ ਤੇਰ, ਅਤੇ ਵਿਚਾਰਕ ਮਤਭੇਦਾਂ ਨੂੰ ਗੁਰਬਾਣੀ ਦੇ ਚਾਨਣੇ ਵਿਚ ਮਿਲ ਬੈਠ ਕੇ ਦੂਰ ਕਰੀਏ। ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥1॥ (ਬਸੰਤੁ ਮ:5 ਪੰਨਾ 1185) ਜਦੋਂ ਅਸੀਂ ਪੰਥਕ ਸੋਚ ਦੇ ਧਾਰਣੀ ਹੋ ਕੇ, ਗੁਰੁ ਮੇਰੈ ਸੰਗਿ ਸਦਾ ਹੈ ਨਾਲੇ (ਆਸਾ ਮ:5 394) ਦਾ ਵਿਸ਼ਵਾਸ ਲੈ ਕੇ ਚਲਾਂਗੇ, ਤਾਂ ਗੁਰੁ ਜੀ ਸਾਨੂੰ ਹਰ ਮੈਦਾਨ ਫਤਹਿ ਬਖਸ਼ਣਗੇ। ਤੁੱਛ ਮਤਿ ਅਨੁਸਾਰ ਇਕ ਨਿਮਾਣਾ ਜਿਹਾ ਸੁਝਾਅ ਖਾਲਸਾ ਪੰਥ ਨੂੰ ਚੜਦੀ ਕਲਾ ਵਿਚ ਵੇਖਣ ਵਾਲੇ ਪੰਥ ਦਰਦੀਆਂ ਦੇ ਚਰਨਾ ਵਿਚ, ਵਿਚਾਰਨ ਵਾਸਤੇ ਹਾਜਰ ਹੈ। ਸੁਹਿਰਦਤਾ ਅਤੇ ਨਿਰਪੱਖਤਾ ਨਾਲ ਇਸਤੇ ਵਿਚਾਰ ਕੀਤੀ ਜਾ ਸਕਦੀ ਹੈ। ਜੋ ਹੇਠ ਲਿਖੇ ਅਨੁਸਾਰ ਹੈ।

  1. ਦੁਨੀਆਂ ਭਰ ਵਿਚ ਵਸਦਾ ਹਰ ਗੁਰ ਨਾਨਕ ਨਾਮ ਲੇਵਾ ਸਿਖ ਆਪਸੀ ਵਿਚਾਰਕ ਮਤਭੇਦਾਂ ਨੂੰ ਭੁਲਾ ਕੇ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਕਾਲ ਤਖਤ ਤੇ ਇਕੱਠਾ ਹੋਵੇ

  2. ਅਕਾਲ ਤਖਤ ਸਾਹਿਬ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਪਰਭਾਵ ਤੋਂ ਮੁਕਤ ਕੀਤਾ ਜਾਵੇ।

  3. ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੀ ਚੋਣ ਸਾਰਾ ਪੰਥ ਮਿਲਕੇ ਕਰੇ।

  4. ਜਥੇਦਾਰ ਸਾਹਿਬ ਜੀ ਦੀ ਧਾਰਮਿਕ ਅਤੇ ਸੰਸਾਰਕ ਵਿਦਿਅਕ ਯੋਗਤਾ ਨਿਸ਼ਚਿਤ ਕੀਤੀ ਜਾਵੇ।

  5. ਜਥੇਦਾਰ ਸਾਹਿਬ ਜੀ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਪਾਰਦਰਸ਼ੀ ਨਿਯਮ ਬਣਾਇ ਜਾਣ।

  6. ਜਥੇਦਾਰ ਸਾਹਿਬ ਜੀ ਦਾ ਕਾਰਜ ਖੇਤਰ ਸਪੱਸਟ ਕੀਤਾ ਜਾਵੇ।

  7. ਨਿਸ਼ਚਿਤ ਕੀਤਾ ਜਾਵੇ ਕਿ ਜਥੇਦਾਰ ਜੀ ਅਕਾਲ ਤਖਤ ਸਾਹਿਬ ਤੋਂ ਪਰਵਾਣਤ ਮਰਿਆਦਾ ਤੇ ਨਿਰਭੈਤਾ ਅਤੇ ਨਿਰਵੈਰਤਾ ਨਾਲ ਪਹਿਰਾ ਦੇਣਗੇ ਅਤੇ ਸਾਰੇ ਪੰਥ ਨੂੰ ਪਿਆਰ ਸਤਿਕਾਰ ਸਹਿਤ ਨਾਲ ਲੈ ਕੇ ਚਲਣਗੇ। (ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥2॥2॥ (ਮਾਰੂ ਭ: ਕਬੀਰ ਜੀ ਪੰਨਾ 1105)

  8. ਜਥੇਦਾਰ ਸਾਹਿਬ ਦਾ ਮਾਣ ਸਤਿਕਾਰ ਯਕੀਨੀ ਬਣਾਇਆ ਜਾਵੇ।

ਪੰਥ ਦਰਦੀ ਅਤੇ ਪੰਥਕ ਵਿਦਵਾਨ ਹੋਰ ਨੁਕਤੇ ਵੀ ਵਿਚਾਰ ਸਕਦੇ ਹਨ। ਉਪਰੰਤ ਗੁਰੂ ਗ੍ਰੰਥ ਪੰਥ ਦੀ ਅਗਵਾਈ ਹੇਠ ਦਸਵੰਧ ਕਮੇਟੀਆਂ ਬਣਾਈਆਂ ਜਾਣ। ਦਸਵੰਧ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਚੋਣ ਲਈ ਹੇਠ ਲਿਖੇ ਸੁਝਾਅ ਪੇਸ਼ ਹਨ।

  1. ਕਮੇਟੀ ਵਿਚ ਉਹ ਮੈਂਬਰ ਹੀ ਲਿਆ ਜਾਵੇ ਜੋ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦਾ ਹੋਵੇ।

  2. ਜੋ ਅੰਮ੍ਰਿਤਧਾਰੀ ਹੋਵੇ, ਜਾਤਿ ਪਾਤਿ ਨੂੰ ਨਾ ਮੰਨਦਾ ਹੋਵੇ।

  3. ਨਿਤਨੇਮੀ ਹੋਵੇ ਅਤੇ ਨਿਤਨੇਮ ਦੀਆਂ ਬਾਣੀਆਂ ਜਬਾਨੀ ਯਾਦ ਹੋਣ।

  4. ਜਿਸਦੇ ਘਰ ਵਿਚ ਅਕਾਲ ਤਖਤ ਸਾਹਿਬ ਤੋਂ ਪਰਵਾਣਤ ਮਰਿਆਦਾ ਲਾਗੂ ਹੋਵੇ।

  5. ਚੰਗਾ ਪੜਿਆ ਲਿਖਿਆ ਅਤੇ ਸਿਖ ਫਿਲਾਸਫੀ ਦਾ ਗਿਆਤਾ ਹੋਵੇ।

  6. ਕਿਸੇ ਰਾਜਨੀਤਿਕ ਜਥੇਬੰਦੀ ਨਾਲ ਸਬੰਧ ਨਾ ਰਖਦਾ ਹੋਵੇ।

  7. ਦੇਹਧਾਰੀ ਗੁਰੂਡੰਮ ਅਤੇ ਡੇਰਾਵਾਦ ਵਿਚ ਵਿਸ਼ਵਾਸ ਨਾ ਰਖਦਾ ਹੋਵੇ।

  8. ਜਿਸਤੇ ਕਿਸੇ ਕਿਸਮ ਦਾ ਚੋਰੀ ਠੱਗੀ, ਰਿਸ਼ਵਤਖੋਰੀ, ਬੱਜਰ ਕੁਰਹਿਤ (ਵਿਭਚਾਰ) ਜਾਂ ਨਸ਼ਿਆਂ ਆਦਿ ਦਾ ਦੋਸ਼ ਨਾ ਹੋਵੇ।

ਉੱਤੇ ਦਿਤੇ ਗਏ ਸੁਝਾਵਾਂ ਵਿਚ ਪੰਥ ਦਰਦੀ, ਪੰਥਕ ਵਿਦਵਾਨ ਮਿਲਕੇ ਹੋਰ ਵੀ ਵਾਧਾ ਘਾਟਾ ਕਰ ਸਕਦੇ ਹਨ। ਐਸੀਆਂ ਦਸਵੰਧ ਕਮੇਟੀਆਂ ਪਾਸ ਸੰਸਾਰ ਦੇ ਹਰ ਕੋਨੇ ਵਿਚ ਵਸਦਾ ਗੁਰ ਨਾਨਕ ਨਾਮ ਲੇਵਾ ਸਿਖ ਆਪਣਾ ਅਪਣਾ ਦਸਵੰਧ ਭੇਜੇ। ਸੰਸਾਰ ਭਰ ਦੇ ਸਿਖਾਂ ਦੇ ਦਸਵੰਧ ਦੀ ਇਹ ਮਾਇਆ ਹਰ ਸਾਲ ਕਰੋੜਾਂ ਨਹੀਂ ਸਗੋਂ ਅਰਬਾਂ ਵਿਚ ਹੋਵੇਗੀ। ਇਸ ਪੈਸੇ ਦੀ ਸਹੀ ਵਰਤੋਂ ਕਰਕੇ ਫੈਕਟਰੀਆਂ, ਕਾਰਖਾਨੇ, ਬੈਂਕ, ਸਕੂਲ ਕਾਲਜ ਆਦਿ ਖੋਲਕੇ ਬੇਰੋਜਗਾਰੀ ਅਤੇ ਗਰੀਬੀ ਦਾ ਸਫਾਇਆ ਚੰਦ ਦਿਨਾ ਵਿਚ ਹੋ ਸਕਦਾ ਹੈ। ਇਹ ਉਪਰਾਲਾ ਪੰਥ ਦਰਦੀ ਵੀਰਾਂ ਨੂੰ ਆਪ ਹੀ ਕਰਨਾ ਪੈਣਾ ਹੈ। ਆਪਣੀ ਜਮੀਰ ਨੂੰ ਵੇਚ ਵੱਟ ਕੇ ਖਾ ਚੁਕੇ ਆਮ ਰਾਜਨੀਤਿਕ ਲੋਕ ਜਨਤਾ ਦਾ ਕੁਝ ਨਹੀਂ ਸਵਾਰਨਗੇ। ਆਰਥਕ ਅਤੇ ਮਾਨਸਕ ਸੋਸ਼ਣ ਕਰਕੇ ਆਪਣੇ ਆਪਣੇ ਡੇਰੇ ਦਾ ਵਾਧਾ ਕਰਨ ਅਤੇ ਆਪਣੇ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਵਿਚ ਲੱਗਾ ਹੋਇਆ ਅਖੌਤੀ ਸਾਧ ਲਾਣਾ ਵੀ ਕੁਝ ਨਹੀਂ ਸਵਾਰ ਸਕਿਆ ਅਤੇ ਨਾ ਹੀ ਸਵਾਰੇਗਾ। ਇਸ ਲਈ ਗੁਰੂ ਪਿਆਰੇ ਖਾਲਸਾ ਜੀ ਗਫਲਤ ਦੀ ਨੀਂਦ ਤਿਆਗ। ਕਦੋਂ ਤਕ ਗੁਰੁ ਸਿਧਾਤਾਂ ਦਾ ਘਾਣ ਹੁੰਦਾ ਤਕਦਾ ਰਹੇਂਗਾ। ਸੰਸਾਰ ਦੇ ਦੁਖੀਏ ਦਰਦਵੰਦਾਂ ਅਤੇ ਬੇਸਹਾਰਿਆਂ ਨੂੰ ਤੇਰੀ ਸਿੰਘ ਗਰਜਨਾ ਦੀ ਲੋੜ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲਟ ਲਟ ਕਰਦੀ ਗਿਆਨ ਦੀ ਰੋਸਨੀ ਲੈ ਕੇ, ਜਦੋਂ ਵੀ ਤੂੰ ਨਿਕਲੇਂਗਾ, ਅਗਿਆਨ, ਮਨਮਤਾਂ, ਕੂੜ, ਅਤੇ ਪਾਪਾਂ ਦਾ ਘੁੱਪ ਹਨੇਰਾ ੳਸੇ ਵੇਲੇ ਉੱਡ ਪੁੱਡ ਜਾਵੇਗਾ। ਇਹ ਸੰਸਾਰ ਗੁਰ ਗਿਆਨ ਦੇ ਚਾਨਣੇ ਨਾਲ ਰੁਸ਼ਨਾ ਉਠੇਗਾ। ਤਹ ਭਇਆ ਪਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ॥ (ਸਿਰੀਰਾਗ ਕੀ ਵਾਰ ਮ:4 ਪੰਨਾ 87)


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top