Share on Facebook

Main News Page

ਜਥੇਦਾਰ ਦਾ ਇਹ ਬਿਆਨ ਕਿ "ਰਾਧਾਸੁਆਮੀਆਂ ਅਤੇ ਨਿਰੰਕਾਰੀਆਂ ਦਾ ਮੁੱਢ ਗੁਰਮਤਿ ਹੈ", ਇਹ ਇਖਲਾਕ ਤੋਂ ਗਿਰੀ ਇਕ ਗੰਦੀ ਰਾਜਨੀਤੀ ਤੋਂ ਹੀ ਪ੍ਰਭਾਵਿਤ ਬਿਆਨ ਹੈ

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ (ਮ:1 ਪੰਨਾ 729)

ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਖਾਲਸਾ ਨਿਊਜ਼ ਤੇ ਪਾਈ ਗਈ ਖਬਰ ਜੋ ਕਿ ਕਿਸੇ ਪੰਜਾਬੀ ਅਖਬਾਰ ਦੀ ਇੰਨ ਬਿੰਨ ਛਪੀ ਖਬਰ ਸੀ ਕਿ “ਰਾਧਾਸੁਆਮੀਆਂ ਅਤੇ ਨਿਰੰਕਾਰੀਆਂ ਦਾ ਮੁੱਢ ਗੁਰਮਤਿ ਹੈ” ਪੜ੍ਹਕੇ ਮਨ ਬੜੀ ਪਰੇਸ਼ਾਨੀ ਵਿੱਚ ਵਹਿ ਤੁਰਿਆ ਅਤੇ ਅਖੀਰ ਵਿੱਚ ਇਹ ਕੁਝ ਇਕ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਨਾਲ ਸਾਂਝੇ ਕਰਨ ਦਾ ਫਰਜ਼ ਸਮਝਿਆ॥

ਅਕਾਲ ਤਖਤ ਸਹਿਬ ਤੇ ਬੈਠੇ ਜਥੇਦਾਰ ਜੀ ਦੇ ਇਸ ਬਿਆਨ ਦੀ ਤਸਵੀਰ ਗੁਰੂ ਨਾਨਕ ਪਤਿਸ਼ਾਹ ਜੀ ਨੇ ਬਿਆਨ ਕੀਤੀ ਹੋਈ ਹੈ॥ “ਸੂਹੀ ਮਹਲਾ 1 ਘਰੁ 6 ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥1॥” ਇਸੇ ਸ਼ਬਦ ਦੇ ਤੀਜੇ ਬੰਦ ਵਿੱਚ ਗੁਰੂ ਸਾਹਿਬ ਆਖਦੇ ਹਨ “ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍‍॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍‍ ॥3॥

ਇਹ ਜੁੰਡਲੀ ਜੋ ਅਕਾਲ ਤਖਤ ਸਹਿਬ ਤੇ ਕਾਬਜ਼ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਿਲਕੁਲ ਵੀ ਸਾਬਿਤ ਨਹੀਂ ਹੋ ਰਹੇ। ਇਹ ਸ੍ਰੀ ਚੰਦੀਏ ਨੂੰ ਭਗਵਾਨ ਮੰਨਦੇ ਹਨ। ਆਪ ਸਭ ਨੇ ਇੰਨਾਂ ਦੀ ਸ਼ਮੂਲੀਅਤ ਹਰਿਆਣੇ ਵਿੱਚ ਸ੍ਰੀ ਚੰਦ ਦਾ ਜਨਮ ਦਿਨ ਮਨਾਉਣ ਵਾਲੇ ਸਮਾਗਮ ਵਿੱਚ ਵੇਖੀ ਹੀ ਹੋਵੇਗੀ। ਸੋ ਇਹ ਗੁਰੂ ਗ੍ਰੰਥ ਸਹਿਬ ਜੀ ਦੇ ਸਿੱਖ ਨਹੀਂ, ਬਲਕਿ ਬਹੁਰੂਪੀਏ ਹਨ ਅਤੇ ਫਸਲੀ ਬਟੇਰੇ ਹੀ ਕਹੇ ਜਾ ਸਕਦੇ ਹਨ।

ਗੁਰੂ ਨਾਨਕ ਪਾਤਿਸ਼ਾਹ ਸਾਨੂੰ ਅਜ ਵੀ ਸਮਝਾ ਰਹੇ ਹਨ ਕਿ "ਮਃ 1 ॥ ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜ੍‍ਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥" (1288)

ਅਰਥ: ਹਰਨ, ਬਾਜ਼ ਤੇ ਅਹਲਕਾਰ-ਇਹਨਾਂ ਦਾ ਨਾਮ ਲੋਕ “ਪੜ੍ਹੇ ਹੋਏ” ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।

ਸੋ ਵੀਰੋ, ਵਾਰ ਵਾਰ ਬੇਨਤੀ ਕਿ ਸਭ ਸੁਚੇਤ ਹੋ ਜਾਵੋ, ਸੁਚੇਤ ਹੋ ਜਾਵੋ ॥ ਇਥੇ ਹੀ ਬੱਸ ਨਹੀਂ ਇਹ 14 ਅਕਤੂਬਰ ਨੂੰ ਦਿੱਲੀ ਵਿੱਚ ਸਾਡੇ ਅਖੀਂ ਘੱਟਾ ਪਾਉਣ ਵਾਲਾ ਇਕ ਹੋਰ ਐਲਾਨਨਾਮਾ ਜਾਰੀ ਕਰਵਾਉਣ ਜਾ ਰਹੇ ਹਨ। ਇਨ੍ਹਾਂ ਦੇ ਬਿਆਨਾਂ ਅਤੇ ਪਰਚਾਰ ਨੂੰ ਆਧਾਰ ਬਣਾ ਕਿ ਆਪਸੀ ਫੁੱਟ ਪੈਦਾ ਨਾ ਕਰੋ। ਇਹਨਾਂ ਦੀ ਚੁੰਗਲ ਵਿੱਚੋਂ ਨਿਕਲ ਕੇ ਗੁਰੂ ਬਚਨਾਂ ਮੁਤਾਬਿਕ ਕਿ "ਝੂਠੁ ਧੜੇ ਕਰਿ ਪਛੋਤਾਹਿ ॥ ਥਿਰੁ ਨ ਰਹਹਿ ਮਨਿ ਖੋਟੁ ਕਮਾਹਿ॥  ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥2॥" (366) ਇਕ ਅਕਾਲ ਪੁਰਖ ਦੇ ਧੜੇ ਨਾਲ ਹੀ ਜੁੜੇ ਰਹੋ।

ਰਹੀ ਗਲ ਰਾਧਾਸੁਆਮੀਆਂ ਦੇ ਮੁਖੀ ਦਾ ਦਰਬਾਰ ਸਾਹਿਬ ਜਾ ਕੇ ਮਥਾ ਦੇਕਣ ਦੀ,

ਗੁਰਬਾਣੀ ਇਸ ਤਰ੍ਹਾਂ ਦੇ ਪਖੰਡਾਂ ਦਾ ਪੜਦਾ ਉਘੇਦੀ ਹੈ-

ਸਲੋਕ ਮਃ 4 ॥ ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥ ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥

ਅਰਥ:- ਜੇ ਸਾਕਤ ਮਨੁੱਖ ਸਤਿਗੁਰੂ ਦੇ ਅੱਗੇ ਜਾ ਭੀ ਨਿਊਣ, (ਤਾਂ ਭੀ) ਉਹ ਮਨੋਂ ਖੋਟੇ (ਰਹਿੰਦੇ ਹਨ) ਤੇ ਖੋਟੇ ਹੋਣ ਕਰਕੇ ਕੂੜ ਦੇ ਹੀ ਵਪਾਰੀ ਬਣੇ ਰਹਿੰਦੇ ਹਨ । ਜਦੋਂ ਸਤਿਗੁਰੂ (ਸਭ ਸਿੱਖਾਂ ਨੂੰ) ਆਖਦਾ ਹੈ- 'ਹੇ ਮੇਰੇ ਭਰਾਵੋ, ਸੁਚੇਤ ਹੋਵੋ!' (ਤਾਂ ਇਹ ਸਾਕਤ ਭੀ) ਬਗਲਿਆਂ ਵਾਂਗ (ਸਿੱਖਾਂ ਵਿਚ) ਰਲ ਕੇ ਬਹਿ ਜਾਂਦੇ ਹਨ।

ਕੀ ਇਹ ਰਾਧਾਸੁਆਮੀ ਜੋ ਨਾਮ ਦੇਣ ਦਾ ਪਾਖੰਡ ਕਰਦੇ ਹਨ, ਉਹ ਹੁਣ ਛੱਡ ਦੇਣਗੇ? ਨਹੀਂ ਨਹੀਂ ਨਹੀਂ…

ਨਿਰੰਕਾਰੀਆਂ ਬਾਰੇ:

ਗੁਰਸਿੱਖ ਵੀਰੋ, 10-6-1978 ਨੂੰ ਨਿਰੰਕਾਰੀਆਂ ਪ੍ਰਤੀ ਸ੍ਰੀ ਅਕਾਲ ਤਖੱਤ ਤੋਂ ਜਥੇਦਾਰ ਸਾਧੂ ਸਿੰਘ ਜੀ ਦੇ ਦਸਤਖਤਾਂ ਹੇਠ ਇਕ ਹੁਕਮਨਾਮਾਂ ਜਾਰੀ ਹੋਇਆ ਸੀ ਜਿਸ ਵਿਚ ਅਖੌਤੀ ਨਿਰੰਕਾਰੀ ਦਿੱਲੀ ਦੀ ਸੰਸਥਾ ਨੂੰ ਸਿੱਖ ਧਰਮ, ਸਦਾਚਾਰ, ਖਾਲਸੇ ਦੇ ਸਿਧਾਂਤ, ਰਹੁ ਰੀਤਾਂ ਦੇ ਦੁਸ਼ਮਣ, ਸਿੱਖੀ ਉਤੇ ਪਰਚੰਡ ਹਮਲੇ ਕਰਨ ਵਾਲੇ ਅਤੇ ਵਿਨਾਸ਼ ਕਰਨ ਵਾਲੇ ਲਿਖਿਆ ਹੈ। ਸਿੱਖਾਂ ਨੂੰ ਇਹਨਾਂ ਦਾ ਵਿਰੋਧ ਕਰਨ ਦੀ ਹਦਾਇਤ ਕਰਨ ਲਈ ਹੁਕਮ ਕੀਤਾ ਗਿਆ ਹੈ। ਇਹਨਾਂ ਨਾਲ ਨਾਮਿਲਵਰਤੋਂ ਅਤੇ ਰੋਟੀ ਬੇਟੀ ਦੀ ਸਾਂਝ ਕਰਨ ਤੇ ਪਾਬੰਦੀ ਦੇ ਹੁਕਮ ਦਿਤੇ ਗਏ ਹਨ।

ਪਰ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਹ ਬਿਆਨ ਕਿ ਰਾਧਾਸੁਆਮੀਆਂ ਅਤੇ ਨਿਰੰਕਾਰੀਆ ਦਾ ਮੁੱਢ ਗੁਰਮਤਿ ਹੈ, ਇਹ ਇਖਲਾਕ ਤੋਂ ਗਿਰੀ ਇਕ ਗੰਦੀ ਰਾਜਨੀਤੀ ਤੋਂ ਹੀ ਪ੍ਰਭਾਵਿਤ ਬਿਆਨ ਹੈ। ਜਥੇਦਾਰ ਜੀ ਤਾਂ ਆਪਣੇ ਮਾਲਕਾਂ ਦਾ ਇਕ ਪਾਲਤੂ------ ਵਾਂਗ ਫਰਜ਼ ਪੂਰਾ ਕਰ ਰਹੇ ਹਨ। ਅਫਸੋਸ ਕਿ ਇਹਨਾਂ ਨੂੰ ਕੌਮ ਦੀ ਬਾਗਡੋਰ ਸੰਭਾਲੀ ਹੋਈ ਹੈ।

ਪਰ ਜਾਗਰੂਕ ਸਿੱਖਾਂ ਲਈ ਤਾਂ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ ਧਾਰਨੀ ਹੋ ਕੇ ਹੀ ਜੀਵਨ ਵਿਚ ਵਿਚਰਨਾ ਹੀ ਪਰਵਾਨ ਹੈ।

ਭੁੱਲ ਬੇਨਤੀ ਦੀ ਖਿਮਾਂ ਮੰਗਦਾ ਹੋਇਆ
ਗੁਰੂ ਪੰਥ ਦਾ ਦਾਸ

ਨਿਰਮਲ ਸਿੰਘ ਵੈਦ (ਕੈਨੇਡਾ) 250-658-3601, 250-361-7327


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top