Share on Facebook

Main News Page

ਸੰਤਾਂ ਦੇ ਸ਼ਰਧਾਲੂਆਂ ਦੇ ਦਿਲਾਂ ਵਿੱਚ ਗੁਰੂ ਸਾਹਿਬਾਨ ਨਾਲੋਂ ਉਨ੍ਹਾਂ ਦੇ ਸੰਤ ਬਾਬਿਆਂ ਦਾ ਸਤਿਕਾਰ ਵੱਧ

# ਖੁਦ ਰੋਮਾਂ/ਕੇਸਾਂ ਦੀ ਬੇਅਦਬੀ ਕਰਨ ਵਾਲੇ ਦੇ ਰਹੇ ਹਨ ਸਿੱਖਾਂ ਨੂੰ 'ਕੇਸਾਧਾਰੀ ਬਣੋ, ਅੰਮ੍ਰਿਤ ਛਕੋ ਸਿੰਘ ਸਜੋ' ਦਾ ਸੰਦੇਸ਼

# ਅਕਾਲ ਅਕੈਡਮੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ। ਕੀ ਇਸ ਵਿੱਚੋਂ ਇਤਨੇ ਲੰਬੇ ਸਮੇਂ ਵਿੱਚ ਗੁਰਸਿੱਖੀ ਜੀਵਨ ਵਾਲੇ ਇਤਨੇ ਅਧਿਆਪਕ ਵੀ ਤਿਆਰ ਨਹੀਂ ਹੋ ਸਕੇ ਜਿਹੜੇ ਅਜੇਹੇ ਨਗਰ ਕੀਰਤਨਾਂ ਮੌਕੇ ਸਿੱਖੀ ਮਾਡਲਾਂ ਦੇ ਤੌਰ 'ਤੇ ਅਗਵਾਈ ਕਰਕੇ ਸਿੱਖੀ ਤੋਂ ਦੂਰ ਜਾ ਰਹੇ ਨੌਜਵਾਨਾਂ ਨੂੰ ਕੋਈ ਚੰਗੀ ਪ੍ਰੇਰਣਾ ਦੇ ਸਕਣ!

ਬਠਿੰਡਾ, ੫ ਅਕਤੂਬਰ (ਕਿਰਪਾਲ ਸਿੰਘ): ਸੰਤਾਂ ਦੇ ਸ਼ਰਧਾਲੂਆਂ ਦੇ ਦਿਲਾਂ ਵਿੱਚ ਗੁਰੂ ਸਾਹਿਬਾਨ ਨਾਲੋਂ ਉਨ੍ਹਾਂ ਦੇ ਸੰਤ ਬਾਬਿਆਂ ਦਾ ਸਤਿਕਾਰ ਵੱਧ ਹੈ। ਇਸ ਦੀਆਂ ਬੇਸ਼ੱਕ ਬੇਅੰਤ ਮਿਸਾਲਾਂ ਹਨ ਪਰ ਜਿਸ ਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈ ਉਸ ਦਾ ਸਬੰਧ ਭਾਰਤ ਦੀਆਂ ਸਮੂਹ ਸੁਖਮਨੀ ਸਾਹਿਬ ਸੁਸਾਇਟੀਆਂ ਵੱਲੋਂ ਬਠਿੰਡਾ ਵਿਖੇ ੫-੬-੭ ਅਕਤੂਬਰ ਨੂੰ ਮਨਾਏ ਜਾ ਰਹੇ ਸਾਲਾਨਾ ਸਮਾਗਮ ਦੇ ਸਬੰਧ ਵਿੱਚ ਪਿਛਲੇ ਦਿਨੀਂ ਕੱਢੇ ਗਏ ਨਗਰ ਕੀਰਤਨ ਵਿੱਚ ਸ਼ਾਮਲ ਅਕਾਲ ਅਕੈਡਮੀ ਦੇ ਸਟਾਫ ਤੇ ਵਿਦਿਆਰਥੀਆਂ ਦਾ ਹੈ।

ਸਿੱਖ ਸਭਿਆਚਾਰ ਦੀ ਇਹ ਰਵਾਇਤ ਬਣ ਚੁੱਕੀ ਹੈ ਕਿ ਜਿਸ ਵੀ ਸਥਾਨ ਜਾ ਵਸਤੂ ਦਾ ਸਬੰਧ ਗੁਰੂ ਸਾਹਿਬਾਨ ਨਾਲ ਜੁੜ ਗਿਆ ਉਸ ਸਥਾਨ ਜਾਂ ਵਸਤੂ ਨੂੰ ਵਿਸ਼ੇਸ਼ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਭਾਵ ਜਿਸ ਪਿੰਡ, ਨਗਰ ਜਾਂ ਸ਼ਹਿਰ ਵਿੱਚ ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੋਇਆ, ਉਨ੍ਹਾਂ ਦੇ ਜੀਵਨ ਨਾਲ ਸਬੰਧਤ ਕੋਈ ਵੱਡੀ ਇਤਿਹਾਸਕ ਘਟਨਾ ਵਾਪਰੀ ਜਾਂ ਉਨ੍ਹਾਂ ਵੱਲੋਂ ਪ੍ਰਚਾਰ ਕੇਂਦਰ ਦੇ ਤੌਰ 'ਤੇ ਸਥਾਪਤ ਕੀਤੇ ਗਏ ਉਨ੍ਹਾਂ ਪਿੰਡਾਂ/ ਸ਼ਹਿਰਾਂ ਨੂੰ ਉਚੇਚਾ ਸਤਿਕਾਰ ਦੇਣ ਲਈ ਉਨ੍ਹਾਂ ਦੇ ਨਾਵਾਂ ਨਾਲ 'ਸਾਹਿਬ' ਸ਼ਬਦ ਲਾ ਕੇ ਬੋਲਿਆ ਜਾਂ ਲਿਖਿਆ ਜਾਂਦਾ ਹੈ; ਜਿਵੇਂ ਕਿ ਨਨਕਾਣਾ ਸਾਹਿਬ, ਖਡੂਰ ਸਾਹਿਬ, ਗਇੰਦਵਾਲ ਸਹਿਬ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ, ਹਜੂਰ ਸਾਹਿਬ ਆਦਿ। ਗੁਰੂ ਕੀ ਢਾਬ ਵਿਖੇ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਖਰੀ ਇਤਿਹਾਸਕ ਯੰਗ ਲੜੀ ਜਿੱਥੇ ੪੦ ਮੁਕਤਿਆਂ ਨੇ ਅੰਤਮ ਸਮੇਂ ਤੱਕ ਧਰਮ ਯੁੱਧ ਕਰਦਿਆਂ ਸ਼ਹੀਦੀਆਂ ਪਾਈਆਂ। ਇਨ੍ਹਾਂ ੪੦ ਸਿੰਘਾਂ ਦੇ ਜਥੇਦਾਰ, ਭਾਈ ਮਹਾਂ ਸਿੰਘ ਜਿਸ ਸਮੇਂ ਅੰਤਿਮ ਸਾਹ ਲੈ ਰਹੇ ਸਨ ਤਾਂ ਉਸ ਸਮੇਂ ਗੁਰੂ ਸਾਹਿਬ ਜੀ ਨੇ ਉਨ੍ਹਾਂ ਦਾ ਸਿਰ ਚੁੱਕ ਕੇ ਆਪਣੀ ਝੋਲੀ ਵਿੱਚ ਰਖਦਿਆਂ ਪਿਆਰ ਨਾਲ ਕਿਹਾ ਕਿ ਭਾਈ ਮਹਾਂ ਸਿੰਘ ਜੀ ਤੇਰੀ ਕੋਈ ਅੰਤਮ ਖਾਹਸ਼, ਤਾਂ ਉਨ੍ਹਾਂ ਕਿਹਾ ਮਹਾਰਾਜ! ਅੰਤਮ ਸਮੇਂ ਆਪ ਜੀ ਦੇ ਦਰਸ਼ਨ ਦੀਦਾਰੇ ਹੋ ਜਾਣ ਅਤੇ ਪਿਆਰ ਮਿਲ ਜਾਣ ਪਿੱਛੋਂ ਕੋਈ ਖਾਹਸ਼ ਬਾਕੀ ਰਹਿ ਹੀ ਨਹੀਂ ਜਾਂਦੀ ਪਰ ਫਿਰ ਵੀ ਜੇ ਆਪ ਜੀ ਤਰੁਠੇ ਹੋ ਤਾਂ ਇਸ ਜੀਵਨ ਸਫਰ ਦੌਰਾਣ ਜੋ ਸਮਾਂ ਜਾਣੇ ਅਣਜਾਣੇ ਆਪ ਜੀ ਦੇ ਚਰਨਾਂ ਤੋਂ ਦੂਰ ਰਹਿ ਕੇ ਬਤੀਤ ਕੀਤਾ ਹੈ ਉਸ ਦੀਆਂ ਭੁੱਲਾਂ ਬਖ਼ਸ਼ਦੇ ਹੋਏ ਸਾਡਾ ਬੇਦਾਵਾ ਪਾੜ ਦੇਵੋ। ਗੁਰੂ ਸਾਹਿਬ ਜੀ ਨੇ ਉਨ੍ਹਾਂ ੪੦ ਸਿੰਘਾਂ ਦਾ ਬੇਦਾਵਾ ਪਾੜ ਕੇ ਉਨ੍ਹਾਂ ਨੂੰ ਮੁਕਤੀ ਬਖ਼ਸ਼ੀ। ਇਨ੍ਹਾਂ ਚਾਲੀ ਮੁਕਤਿਆਂ ਦੀ ਯਾਦ ਵਿੱਚ ਗੁਰੂ ਕੀ ਢਾਬ ਦਾ ਨਾਮ ਮੁਕਤਸਰ ਪੈ ਗਿਆ ਤੇ ਹੁਣ ਸਤਿਕਾਰ ਨਾਲ ਉਸ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ।

  

ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਰਕਾਰੀ ਕਾਗਜਾਂ ਵਿੱਚ ਵੀ ਇਸ ਸ਼ਹਿਰ ਦਾ ਨਾਮ 'ਸ਼੍ਰੀ ਮੁਕਤਸਰ ਸਾਹਿਬ' ਰੱਖ ਦਿੱਤਾ ਹੈ। ਪਰ ਇਸ ਦੇ ਬਾਵਯੂਦ ਨਗਰ ਕੀਰਤਨ ਵਿੱਚ ਸ਼ਾਮਲ ਅਕਾਲ ਅਕੈਡਮੀ ਦੀ ਬੱਸ 'ਤੇ ਤਾਂ ਲਿਖਿਆ ਸੀ: 'ਅਕਾਲ ਅਕੈਡਮੀ ਚੀਮਾ ਸਾਹਿਬ ਸੰਗਰੂਰ' ਜਦੋਂ ਕਿ ਬੈਨਰਾਂ 'ਤੇ ਲਿਖਿਆ ਸੀ: 'ਅਕਾਲ ਅਕੈਡਮੀ ਮੁਕਤਸਰ'। ਜਦ ਇੱਕ ਪੱਤਰਕਾਰ ਨੇ ਅਕਾਲ ਅਕੈਡਮੀ ਦੇ ਪ੍ਰਬੰਧਕਾਂ ਨੂੰ ਪੁੱਛਿਆ ਕਿ ਪਿੰਡ ਚੀਮਾ 'ਚੀਮਾ ਸਾਹਿਬ' ਕਿਵੇਂ ਬਣ ਗਿਆ ਜਦੋਂ ਕਿ ਸ਼੍ਰੀ ਮੁਕਤਸਰ ਸਾਹਿਬ ਜਿਸ ਦਾ ਸ਼ਾਨਾਮੱਤਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਚਾਲੀ ਮੁਕਤਿਆਂ ਨਾਲ ਜੁੜਿਆ ਹੈ, ਜਿਸ ਦਾ ਨਾਮ ਸਰਕਾਰੀ ਕਾਗਜਾਂ ਵਿੱਚ ਵੀ  'ਸ਼੍ਰੀ ਮੁਕਤਸਰ ਸਾਹਿਬ' ਹੈ ਉਸ ਨੂੰ ਸਿਰਫ 'ਮੁਕਤਸਰ' ਹੀ ਲਿਖਿਆ ਗਿਆ ਹੈ। ਮੁਕਤਸਰ ਵਾਲੀ ਗੱਲ ਨੂੰ ਤਾਂ ਉਨ੍ਹਾਂ ਅਣਸੁਣਿਆ ਕਰ ਦਿੱਤਾ ਪਰ 'ਚੀਮਾ ਸਾਹਿਬ' ਬਾਰੇ ਬੜੇ ਉਤਸ਼ਾਹ ਨਾਲ ਕਿਹਾ ਕਿ ਇੱਥੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਦਾ ਜਨਮ ਹੋਇਆ ਸੀ ਇਸ ਲਈ ਇਹ ਚੀਮਾ ਸਾਹਿਬ ਬਣ ਗਿਆ। ਪੱਤਰਕਾਰ ਨੇ ਪੁੱਛਿਆ ਕਿ ਇਸ ਦਾ ਭਾਵ ਹੈ ਕਿ ਤੁਹਾਡੇ ਮਨਾਂ ਵਿੱਚ ਸੰਤਾਂ ਦਾ ਸਤਿਕਾਰ, ਮਹਾਨ ਕੁਰਬਾਨੀਆਂ ਕਰਨ ਵਾਲੇ ਗੁਰੂ ਸਾਹਿਬਾਨ ਨਾਲੋਂ ਕਿਤੇ ਵੱਧ ਹੈ ਇਸੇ ਲਈ ਸੰਤਾਂ ਦੇ ਜਨਮ ਅਸਥਾਨ ਤੇ ਉਨ੍ਹਾਂ ਦੇ ਡੇਰਿਆਂ ਠਾਠਾਂ ਵਾਲੇ ਸਥਾਨ ਤਾਂ ਸਹਿਬ ਬਣ ਗਏ ਪਰ 'ਸ਼੍ਰੀ ਮੁਕਤਸਰ ਸਾਹਿਬ' ਹੁੰਦਿਆਂ ਵੀ ਇਕੱਲਾ ਮੁਕਤਸਰ ਹੀ ਰਹਿ ਗਿਆ। ਪੰਜਾਬ ਦੇ ਸਾਢੇ ਬਾਰਾਂ ਹਜਾਰ ਪਿੰਡਾਂ ਵਿੱਚ ਇਸ ਵੇਲੇ ਸਾਢੇ ਸੋਲ੍ਹਾਂ ਹਜਾਰ ਡੇਰੇ ਹੋਣ ਦਾ ਅਨੁਮਾਨ  ਲਾਇਆ ਜਾ ਰਿਹਾ ਹੈ। ਇਸ ਤਰ੍ਹਾਂ ਤਾਂ ਪੰਜਾਬ ਦੇ ਸਾਰੇ ਪਿੰਡ ਹੀ ਸਾਹਿਬ ਬਣ ਜਾਣਗੇ, ਜਿਵੇਂ ਕਿ ਰਾੜਾ ਸਾਹਿਬ, ਮਸਤੂਆਣਾ ਸਾਹਿਬ, ਬੜੂ ਸਾਹਿਬ, ਦੋਦੜਾ ਸਾਹਿਬ, ਦਾਦੂ ਸਾਹਿਬ ਆਦਿਕ। ਤਾਂ ਫਿਰ ਇੰਨੇ ਸਾਹਿਬਾਂ ਦੇ ਵਿੱਚਕਾਰ ਇੱਥੇ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਫਤਹਿਗੜ੍ਹ ਸਾਹਿਬ ਆਦਿ ਦੀ ਬੁਕਤ ਹੀ ਕੀ ਰਹਿ ਜਾਵੇਗੀ? ਇਸ ਦਾ ਉਹ ਕੋਈ ਜਵਾਬ ਨਾ ਦੇ ਸਕੇ।

ਦੂਸਰੇ ਪਾਸੇ ਨਗਰ ਕੀਰਤਨ ਵਿੱਚ ਸ਼ਾਮਲ ਜਿਨ੍ਹਾਂ ਵਿਦਿਆਰਥੀਆਂ ਦੇ ਹੱਥਾਂ ਵਿੱਚ 'ਕੇਸਾਧਾਰੀ ਬਣੋ' 'ਅੰਮ੍ਰਿਤ ਛਕੋ' 'ਸਿੰਘ ਸਜੋ' ਆਦਿ ਮਾਟੋ ਦੀਆਂ ਤਖ਼ਤੀਆਂ ਚੁਕੀਆਂ ਹੋਈਆਂ ਸਨ ਤੇ ਉਨ੍ਹਾਂ ਦੀ ਅਗਵਾਈ ਕਰ ਰਹੀਆਂ ਅਧਿਆਪਕਾਵਾਂ ਖ਼ੁਦ ਕੇਸਾਂ/ਰੋਮਾਂ ਦੀ ਬੇਅਦਬੀ ਕਰਨ ਵਾਲੇ/ਵਾਲੀਆਂ ਸਨ। ਜਦ ਇਨ੍ਹਾਂ ਵੱਲ ਪ੍ਰਬੰਧਕਾਂ ਦਾ ਧਿਆਨ ਦਿਵਾ ਕੇ ਪੁੱਛਿਆ ਗਿਆ ਕਿ ਜਿਹੜੇ ਖ਼ੁਦ ਕੇਸਾਧਾਰੀ ਨਹੀਂ ਹਨ ਕੀ ਉਨ੍ਹਾਂ ਵੱਲੋਂ ਚੁੱਕੀਆਂ ਤਖ਼ਤੀਆਂ ਪੜ੍ਹ ਕੇ ਪਤਿਤ ਸਿੱਖ ਨੌਜਵਾਨ ਕੇਸਾਧਾਰੀ ਬਣਨ ਦੀ ਪ੍ਰੇਰਣਾ ਲੈ ਸਕਣਗੇ? ਜਵਾਬ ਵਿੱਚ ਉਨ੍ਹਾਂ ਕਿਹਾ ਅਕਾਲ ਅਕੈਡਮੀ ਵਿੱਚ ਜਿਹੜੇ ਗੈਰ ਸਿੱਖ ਅਧਿਆਪਕ ਹਨ ਜਾਂ ਗੈਰ ਸਿੱਖ ਵਿਦਿਆਰਥੀ ਹਨ ਉਨ੍ਹਾਂ ਲਈ ਕੇਸਾਧਾਰੀ ਹੋਣਾ ਲਾਜ਼ਮੀ ਨਹੀਂ ਹੈ, ਪਰ ਉਨ੍ਹਾਂ ਲਈ ਅਕੈਡਮੀ ਵੱਲੋਂ ਨੀਯਤ ਕੀਤੀ ਵਰਦੀ ਪਹਿਨਣੀ ਜਰੂਰੀ ਹੈ। ਇਸ ਗੱਲ ਨਾਲ ਤਾਂ ਸਹਿਮਤ ਹੋਇਆ ਜਾ ਸਕਦਾ ਹੈ ਕਿ ਗੈਰ ਸਿੱਖ ਅਧਿਆਪਕਾਂ ਤੇ ਵਿਦਿਆਰਥੀਆਂ 'ਤੇ ਸਿੱਖ ਧਰਮ ਦੇ ਕਕਾਰ ਜ਼ਬਰੀ ਠੋਸੇ ਨਹੀਂ ਜਾ ਸਕਦੇ ਪਰ ਇਹ ਤਾਂ ਵੀਚਾਰਨ ਵਾਲੀ ਗੱਲ ਹੈ ਕਿ ਅਕਾਲ ਅਕੈਡਮੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ। ਕੀ ਇਸ ਵਿੱਚੋਂ ਇਤਨੇ ਲੰਬੇ ਸਮੇਂ ਵਿੱਚ ਗੁਰਸਿੱਖੀ ਜੀਵਨ ਵਾਲੇ ਇਤਨੇ ਅਧਿਆਪਕ ਵੀ ਤਿਆਰ ਨਹੀਂ ਹੋ ਸਕੇ ਜਿਹੜੇ ਅਜੇਹੇ ਨਗਰ ਕੀਰਤਨਾਂ ਮੌਕੇ ਸਿੱਖੀ ਮਾਡਲਾਂ ਦੇ ਤੌਰ 'ਤੇ ਅਗਵਾਈ ਕਰਕੇ ਸਿੱਖੀ ਤੋਂ ਦੂਰ ਜਾ ਰਹੇ ਨੌਜਵਾਨਾਂ ਨੂੰ ਕੋਈ ਚੰਗੀ ਪ੍ਰੇਰਣਾ ਦੇ ਸਕਣ!

    


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top