Share on Facebook

Main News Page

ਪਿੰਡ ਹੋਂਦ ਚਿੱਲੜ ਦੇ ਖੰਡਰਾਂ ਨੂੰ ਸੰਭਾਲਣ ਲਈ ਜਲਿਆਂ ਵਾਲੇ ਬਾਗ ਦੀ ਤਰਜ `ਤੇ ਯਾਦਗਾਰ ਬਣਾਉਣ ਲਈ ਪੰਥ ਅੱਗੇ ਆਵੇ
-
ਤਾਲਮੇਲ ਕਮੇਟੀ

ਬਠਿੰਡਾ, 4 ਅਕਤੂਬਰ (ਕਿਰਪਾਲ ਸਿੰਘ): ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਤੇ ਦਿਨ ਜਲੰਧਰ ਵਿਖੇ ਹੋਂਦ ਚਿੱਲੜ ਯਾਦਗਾਰ ਤਾਲਮੇਲ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਤਾਲਮੇਲ ਕਮੇਟੀ ਦੇ ਆਗੂਆਂ ਤੋਂ ਇਲਾਵਾ ਇੰਟਰਨੈਸਨਲ ਸਿੱਖ ਔਰਗੇਨਾਈਜੇਸ਼ਨ ਦੇ ਆਗੂ ਭਾਈ ਗੁਰਮਨਜੀਤ ਸਿੰਘ, ਸੁਖਦੇਵ ਸਿੰਘ, ਰਾਜਪਾਲ ਸਿੰਘ, ਦਵਿੰਦਰ ਸਿੰਘ ਅਤੇ ਅਕਾਲ ਸਹਾਇ ਸਿੱਖ ਜਥੇਬੰਦੀ ਦੇ ਆਗੂ ਸ.ਅਵਤਾਰ ਸਿੰਘ ਮੋਗਾ, ਰਾਜਬੀਰ ਸਿੰਘ ਘੁੰਮਣ, ਗੁਰਸੇਵਕ ਸਿੰਘ ਅਤੇ ਪਵਿਤਰ ਸਿੰਘ ਬੋਪਾਰਾਏ ਹਾਜਿਰ ਸਨ। ਇਸ ਮੀਟਿੰਗ ਉਪ੍ਰੰਤ ਹੋਂਦ ਚਿੱਲੜ ਯਾਦਗਾਰ ਤਾਲਮੇਲ ਕਮੇਟੀ ਦੇ ਮੈਂਬਰਾਂਨ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਸੁਖਜਿੰਦਰ ਸਿੰਘ ਜੌੜਾ, ਭਾਈ ਦਰਸਨ ਸਿੰਘ ਘੋਲੀਆ, ਸ. ਸੁਖਵਿੰਦਰ ਸਿੰਘ ਖਾਲਸਾ, ਸ. ਕੰਵਰਬੀਰ ਸਿੰਘ ਗਿੱਲ, ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਅਤੇ ਲਖਵੀਰ ਸਿੰਘ ਰੰਡਿਆਲਾ ਨੇ ਸਾਂਝੇ ਤੌਰ ’ਤੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਹਾਈ ਕੋਰਟ ਵਿੱਚ ਰਿੱਟ ਕਰਕੇ ਗਰਗ ਕਮਿਸਨ ਦੀ ਸਥਾਪਨਾ ਕਰਵਾਈ ਹੈ।

ਪਿਛਲੇ ਦਿਨੀ ਕਮਿਸ਼ਨ ਨੇ ਪੀੜਤ ਇਲਾਕਿਆਂ ‘ਹੋਂਦ ਚਿੱਲੜ’ ਦਾ ਦੌਰਾ ਵੀ ਕੀਤਾ ਸੀ ਅਤੇ ਹਿਸਾਰ ਵਿਖੇ ਅਦਾਲਤੀ ਕਾਰਵਾਈ ਵੀ ਨਿਰੰਤਰ ਚੱਲ ਰਹੀ ਹੈ। ਹੁਣ ਕਮਿਸ਼ਨ ਨੇ 8 ਅਤੇ 9 ਅਕਤੂਬਰ ਦੀਆਂ ਤਾਰੀਕਾਂ ਪੀੜਤਾਂ ਦੇ ਬਿਆਨ ਕਲਮਬੰਦ ਕਰਨ ਦੀਆਂ ਰੱਖੀਆਂ ਹਨ, ਇਸ ਲਈ ਹਰਿਆਣੇ ਨਾਲ਼ ਸਬੰਧਿਤ ਪੀੜਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਿਧੜਕ ਹੋ ਕੇ ਬਿਨਾ ਕਿਸੇ ਡਰ-ਭੈਅ ਦੇ ਖੁੱਲ ਕੇ ਬਿਆਨ ਕਲਮਬੰਦ ਕਰਵਾਉਣ। ਤਾਲਮੇਲ ਕਮੇਟੀ ਪੀੜਤਾਂ ਦੇ ਨਾਲ਼ ਹਰ ਤਰਾਂ ਦਾ ਸਹਿਯੋਗ ਦੇਵੇਗੀ ਅਤੇ ਇੰਨਸਾਫ ਦੀ ਪ੍ਰਾਪਤੀ ਤੱਕ ਹੱਕ ਸੱਚ ਦੀ ਲੜਾਈ ਲੜਦੀ ਰਹੇਗੀ।

ਪੱਤਰਕਾਰਾਂ ਨਾਲ਼ ਅੱਗੇ ਗੱਲਬਾਤ ਕਰਦਿਆਂ ਆਪਣੇ ਦੂਸਰੇ ਫੈਸਲੇ ਬਾਰੇ ਦੱਸਦਿਆਂ ਕਿਹਾ ਕਿ 4 ਨਵੰਬਰ ਦਿਨ ਐਤਵਾਰ ਨੂੰ, ਸਿੱਖ ਕਤਲੇਆਮ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਪਿੰਡ ‘ਹੋਂਦ ਚਿੱਲੜ’ ਵਿਖੇ ‘ਪੂਰੇ ਭਾਰਤ ਵਿੱਚ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ’ ਦੀ ਯਾਦ ਵਿੱਚ 11 ਤੋਂ 2 ਵਜੇ ਤੱਕ ਸਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ। ਸਮਾਗਮ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਤੇ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਇਸ ਸਰਬ ਸਾਂਝੇ ਸਮਾਗਮ ਵਿੱਚ ਜਰੂਰ ਹਾਜਰੀਆਂ ਭਰਨ ਦੀ ਕ੍ਰਿਪਾਲਤਾ ਕਰਨ। ਅੱਗੇ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਤਾਲਮੇਲ ਕਮੇਟੀ ਹੋਂਦ ਚਿੱਲੜ ਯਾਦਗਾਰ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ । ਇਸ ਸਬੰਧ ਵਿੱਚ ਉਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਗਿਆਨੀ ਬਲਵੰਤ ਸਿੰਘ ਨੰਦਗੜ, ਐਸ.ਜੀ.ਪੀ.ਸੀ. ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ਼, ਦਲ ਖਾਲਸਾ ਦੇ ਆਗੂ ਸ. ਸਰਬਜੀਤ ਸਿੰਘ ਘੁਮਾਣ, ਨਿਹੰਗ ਸਿੰਘ ਜਥੇਬੰਦੀ ਦੇ ਆਗੂ ਜਥੇਦਾਰ ਰਾਮ ਸਿੰਘ, ਸਰਵ-ਪ੍ਰਦੇਸ਼ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਇੰਦਰਜੀਤ ਸਿੰਘ ਚੁੱਘ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ਼ ਵਿਚਾਰ ਕੀਤੀ ਗਈ ਅਤੇ ਸਾਰੇ ਆਗੂਆਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਕਿ ਪੂਰੇ ਭਾਰਤ ਵਿੱਚ ਹੋਏ ਸਿੱਖ ਕਤਲੇਆਮ ਦੀ ਇੱਕ ਸਾਂਝੀ ਯਾਦਗਾਰ ‘ਹੋਂਦ ਚਿੱਲੜ’ ਵਿਖੇ ਬਣਨੀ ਚਾਹੀਦੀ ਹੈ। ਇਸ ਲਈ ਤਾਲਮੇਲ ਕਮੇਟੀ ਮੈਂਬਰਾਂ ਨੇ ਮੀਟਿੰਗ ਜਰੀਏ ਪੂਰੇ ਪੰਥ ਨੂੰ ਅਪੀਲ ਕੀਤੀ ਕਿ ਸਿੱਖ ਕਤਲੇਆਮ ਦੇ ਜਿੰਦਾ ਜਾਗਦੇ ਸਬੂਤ ਪਿੰਡ ਹੋਂਦ ਚਿੱਲੜ ਦੇ ਖੰਡਰਾਂ ਨੂੰ ਸੰਭਾਲਣ ਲਈ ਜਲਿਆਂ ਵਾਲੇ ਬਾਗ ਦੀ ਤਰਜ ਤੇ ਯਾਦਗਾਰ ਬਣਾਉਣ ਲਈ ਪੰਥ ਅੱਗੇ ਆਵੇ।

ਅਗਲੇ ਮਤੇ ਵਿੱਚ ਤਾਲਮੇਲ ਕਮੇਟੀ ਨੇ ਐਡਵੋਕੇਟ ਸ. ਹਰਵਿੰਦਰ ਸਿੰਘ ਫੂਲਕਾ ਅਤੇ ਅਣਖੀ ਪੱਤਰਕਾਰ ਜਰਨੈਲ ਸਿੰਘ ਵਲੋਂ ਸਿੱਖ ਨਸਲਕੁਸ਼ੀ ਸਬੰਧੀ ਉਲੀਕੇ ਪ੍ਰੋਗਰਾਮ ਦੀ ਸਲਾਘਾ ਕਰਦਿਆਂ ਕਿਹਾ ਕਿ ਤਾਲਮੇਲ ਕਮੇਟੀ ਪੰਜਾਬ ਅਤੇ ਦਿੱਲੀ ਵਿੱਚ ਉਹਨਾਂ ਵਲੋਂ ਉਲੀਕੇ ਪ੍ਰੋਗਰਾਮ ਦਾ ਪੂਰਨ ਸਮਰਥਨ ਕਰੇਗੀ । ਇੱਕ ਹੋਰ ਮਤੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਜਿਵੇਂ ਕਿ ਹੋਰ ਜਥੇਬੰਦੀਆਂ ਨੇ ਵੀ ਮੰਗ ਕੀਤੀ ਹੈ, ਅਸੀਂ ਵੀ ਮੰਗ ਕਰਦੇ ਹਾਂ ਕਿ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਦਿਵਸ ਐਲਾਨਿਆਂ ਜਾਵੇ ਤਾਂ ਕਿ ਸਾਰਾ ਪੰਥ ਇੱਕ ਜੁੱਟ ਹੋ ਕੇ ਇਸ ਦਿਨ ਨੂੰ ਰੋਸ ਵਜੋਂ ਦਿਵਸ ਵਜੋਂ ਮਨਾਵੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top