Share on Facebook

Main News Page

ਡੇਰਾ ਰਾਧਾ ਸਵਾਮੀ ਬਿਆਸ ਨੇ ਧਾਰਮਿਕ ਸੰਸਥਾ ਦਾ ਚੋਲ਼ਾ ਪਹਿਨ ਕੇ ਧਾਰਿਆ ਭੂ-ਮਾਫੀਆ ਗਿਰੋਹ ਦਾ ਰੂਪ
-
ਕਿਰਪਾਲ ਸਿੰਘ ਬਠਿੰਡਾ
ਫ਼ੋਨ ਨੰ: 9855480797

* ਵੋਟਾਂ ਦੇ ਲਾਲਚ ’ਚ ਸਰਕਾਰਾਂ ਦੀਆਂ ਹਦਾਇਤਾਂ ’ਤੇ ਪ੍ਰਸ਼ਾਸ਼ਨਕ ਅਧਿਕਾਰੀ ਪੀੜਤ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜ਼ਾਏ ਭੂ-ਮਾਫੀਆ ਗਿਰੋਹ ਦੀ ਕਰ ਰਹੇ ਹਨ ਸ੍ਰਪਰਸਤੀ
* ਸਭ ਤੋਂ ਵੱਡਾ ਦੁੱਖ ਇਹ ਹੈ, ਕਿ ਸੱਚ ਹੱਕ ’ਤੇ ਪਹਿਰਾ ਦੇਣ ਵਾਲੇ ਅਕਾਲ ਤਖ਼ਤ ਦੇ ਜਥੇਦਾਰ ਵੀ ਸਰਕਾਰ ਦੀ ਬੋਲੀ ਬੋਲ ਕੇ ਗੁਰਬਾਣੀ ਦੀ ਇਸ ਪੰਕਤੀ ‘ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ’ ॥ ’ਤੇ ਪੂਰੇ ਉਤਰ ਰਹੇ ਹਨ
* ਪੰਥ ਦੇ ਰਾਜਨੀਤਕ ਤੇ ਧਾਰਮਿਕ ਆਗ ਵੀਚਾਰ ਕੇ ਵੇਖਣ ਕਿ ‘ਰਾਜੇ ਸੀਹ ਮੁਕਦਮ ਕੁਤੇ ॥’ ਅਤੇ ‘ਕਾਦੀ ਕੂੜੁ ਬੋਲਿ ਮਲੁ ਖਾਇ ॥’ ਸਿਰਫ ਮੁਗਲ ਰਾਜਿਆਂ ਤੇ ਕਾਜ਼ੀਆਂ ਲਈ ਹੀ ਨਹੀਂ, ਇਹ ਉਨ੍ਹਾਂ ’ਤੇ ਵੀ ਉਸੇ ਤਰ੍ਹਾਂ ਤੇ ਪੂਰੀ ਤਰ੍ਹਾਂ ਠੀਕ ਢੁਕਦੇ ਹਨ

ਡੇਰਾ ਰਾਧਾ ਸਵਾਮੀ ਬਿਆਸ ਧਾਰਮਿਕ ਸੰਸਥਾ ਦਾ ਚੋਲ਼ਾ ਪਹਿਨ ਕੇ ਭੂਮਾਫੀਆ ਗਿਰੋਹ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਵੋਟਾਂ ਦੇ ਲਾਲਚ ਅਧੀਨ ਮੌਕੇ ਦੀਆਂ ਸਰਕਾਰਾਂ ਦੀਆਂ ਹਦਾਇਤਾਂ ’ਤੇ ਪ੍ਰਸ਼ਾਸ਼ਨਕ ਅਧਿਕਾਰੀ ਪੀੜਤ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜ਼ਾਏ ਇਸ ਭੂ-ਮਾਫੀਆ ਗਿਰੋਹ ਦੀ ਸ੍ਰਪਰਸਤੀ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਉਪ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਜੋ ਅਜਨਾਲਾ ਤਹਿਸੀਲ ਵਿੱਚ ਆਪਣੇ ਜੱਦੀ ਪਿੰਡ ਖਾਨਵਾਲ ਤੋਂ ਸਿਰਸਾ ਜਾਂਦੇ ਸਮੇਂ ਰਸਤੇ ਵਿੱਚ ਬਠਿੰਡਾ ਵਿਖੇ ਇਸ ਪੱਤਰਕਾਰ ਨੂੰ ਮਿਲੇ, ਉਨ੍ਹਾਂ ਪੂਰੇ ਤੱਥਾਂ ਸਮੇਤ ਦੱਸਿਆ ਕਿ ਸਰਕਾਰ ਦੀ ਮਿਲੀ ਭੁਗਤ ਨਾਲ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਸਰਬਜੀਤ ਸਿੰਘ ਬੇਦੀ ਆਦਿਕ ਆਪਣੇ ਪ੍ਰਬੰਧਕਾਂ ਦੇ ਰਾਹੀਂ ਸਰਕਾਰ ਦੀ ਸਰਪ੍ਰਸਤੀ ਹੇਠ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਪਿਛਲੇ ਬੜੇ ਲੰਬੇ ਸਮੇਂ ਤੋਂ ਬੜੀ ਪਲੈਨਿੰਗ ਨਾਲ ਡੇਰੇ ਦੇ ਆਸ ਪਾਸ ਬੁੱਢਾ ਥੇਹ, ਬਿਆਸ, ਵਜੀਰ ਭੁੱਲਰ, ਵੜੈਚ, ਬੱਲ ਸਰਾਂ, ਜੋਧੇ, ਜੱਲੂਵਾਲ, ਖਾਨਪੁਰ, ਸ਼ੇਰੋ ਬਾਘਾ, ਬਾਘਾ ਨਿਗਾਹ, ਦੌਲੋ ਨੰਗਲ, ਬੁਤਾਲਾ ਆਦਿ ਕਰੀਬ 20 ਪਿੰਡਾਂ ਦੀ, ਪੰਚਾਇਤੀ ਜਮੀਨ, ਸ਼ਾਮਲਾਟ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਤਕਰੀਬਨ 20 ਹਜਾਰ ਏਕੜ ਜਮੀਨ- ਰਸਤਿਆਂ, ਸੜਕਾਂ, ਨਹਿਰਾਂ, ਖਾਲ਼ਿਆਂ, ਸਕੂਲਾਂ ਮੰਦਰਾਂ ਅਤੇ ਗੁਰਦੁਆਰਿਆਂ ਦੀਆਂ ਜਮੀਨਾਂ ’ਤੇ ਜ਼ਬਰੀ ਤੌਰ ’ਤੇ ਨਜ਼ਾਇਜ਼ ਕਬਜ਼ਾ ਕਰ ਚੁੱਕੇ ਹਨ। ਅਤੇ ਦਰਿਆ ਬਿਆਸ ਦੇ ਦੂਸਰੇ ਪਾਸੇ ਜ਼ਿਲ੍ਹਾ ਕਪੂਰਥਲਾ ਦੇ ਬੁਤਾਲਾ, ਭੈਣੀ, ਚੱਕੋਕੀ ਅਤੇ ਢਿੱਲਵਾਂ ਆਦਿ ਪਿੰਡਾਂ ਦੇ ਗਰੀਬ ਤੇ ਬੇਸਹਾਰਾ ਕਿਸਾਨਾਂ ਦੀਆਂ ਮਾਲਕੀ ਜਮੀਨਾਂ ਦਰਿਆ ਦਾ ਕੁਦਰਤੀ ਵਹਾਅ ਬਦਲਾ ਕੇ ਦਰਿਆ ਬੁਰਦ ਕਰਕੇ ਉਨ੍ਹਾਂ ਦਾ ਉਜਾੜਾ ਕਰ ਦਿੱਤਾ ਹੈ।

ਡੇਰੇ ਵੱਲੋਂ ਅਪਣਾਏ ਜਾ ਰਹੇ ਹਥਕੰਡਿਆਂ ਤੋਂ ਪਰਦਾ ਚੁੱਕਦੇ ਹੋਏ ਭਾਈ ਸਿਰਸਾ ਨੇ ਦੱਸਿਆ ਕਿ ਸਰਕਾਰ ਵਿੱਚ ਆਪਣਾ ਅਸਰ ਰਸੂਖ ਵਰਤਦੇ ਹੋਏ ਸੰਨ 1985 ਈਸਵੀ ਤੋਂ ਬਿਆਸ ਦਰਿਆ ਦਾ ਕੁਦਰਤੀ ਵਹਾਅ ਬਦਲਣ ਲਈ ਦਰਿਆ ਦੇ ਕੰਡੇ ’ਤੇ ਬਿਆਸ ਪਿੰਡ ਵਾਲੇ ਪਾਸੇ ਪਿੰਡ ਵੜੈਚ, ਬੱਲ, ਸਰਾਂ, ਬੁਤਾਲਾ ਆਦਿ ਤੋਂ ਲੈ ਕੇ ਪਿੰਡ ਸ਼ੇਰੋ ਬਾਘਾ ਆਦਿ ਤੱਕ ਡਰੇਨਜ਼ ਵਿਭਾਗ ਤੋਂ ਨਜ਼ਾਇਜ਼ ਤੌਰ ’ਤੇ ਗੈਰਕਾਨੂੰਨੀ ਸਪਾਰ (ਦਰਿਆ ਦੇ ਬੰਨ੍ਹ ਦੀਆਂ ਸਪੋਰਟਾਂ) ਬਣਵਾ ਲਏ ਹਨ। ਇਨ੍ਹਾਂ ਸਪਾਰਾਂ ਕਾਰਨ ਦਰਿਆ ਦਾ ਵਹਾਅ ਬਦਲ ਜਾਣ ਕਰਕੇ ਡੇਰੇ ਵਾਲੀ ਸਾਈਡ ’ਤੇ ਹਜਾਰਾਂ ਏਕੜ ਜਮੀਨ ਨਿਕਲ ਆਈ ਹੈ ਤੇ ਇਸ ਦੇ ਬਦਲੇ ’ਚ ਦਰਿਆ ਦੇ ਦੂਸਰੇ ਕੰਡੇ ਸੈਂਕੜੇ ਗਰੀਬ ਕਿਸਾਨਾਂ ਦੀ ਵਾਹੀਯੋਗ ਹਜਾਰਾਂ ਏਕੜ ਜਮੀਨ ਦਰਿਆ-ਬੁਰਦ ਹੋਣ ਕਰਕੇ ਉਨ੍ਹਾਂ ਦਾ ਉਜਾੜਾ ਹੋ ਗਿਆ ਹੈ। ਡੇਰੇ ਵਾਲੀ ਸਾਈਡ ’ਤੇ ਦਰਿਆ ਦੀ ਮਾਰ ਹੇਠੋਂ ਨਿਕਲੀ ਜਮੀਨ ਨੂੰ ਵਾਹੀਯੋਗ ਬਣਾਉਣ ਲਈ ਡੇਰੇ ਵਾਲੇ ਸਾਈਡ ਦੇ ਨਜ਼ਦੀਕ ਪਿੰਡਾਂ ਦੇ ਕਿਸਾਨ ਭਰਾਵਾਂ ਦੇ ਸਾਂਝੇ ਖਾਤੇ ਵਿੱਚੋਂ ਕਿਸੇ ਇੱਕ ਨੂੰ ਲਾਲਚ ਦੇ ਕੇ ਉਸ ਦੀ ਜਮੀਨ ਮਹਿੰਗੇ ਭਾ ਖਰੀਦ ਲੈਂਦੇ ਹਨ ਤੇ ਧੱਕੇ ਨਾਲ ਹੀ ਉਸ ਖੇਤ ਨੂੰ ਲੱਗੇ ਰਸਤੇ ਵਾਲੀ ਸਾਈਡ ’ਤੇ ਕਬਜ਼ਾ ਕਰ ਲੈਂਦੇ ਹਨ। ਆਪਣੇ ਕਬਜ਼ੇ ਵਾਲੇ ਉਸ ਖੇਤ ਵਿੱਚੋਂ ਮਿਟੀ ਪੁੱਟ ਕੇ ਦਰਿਆ ਦੀ ਮਾਰ ਹੇਠੋਂ ਨਿਕਲੀ ਜਮੀਨ ਦੇ ਰੇਤੇ ਉਪਰ ਮੋਟੀ ਤਹਿ ਵਿਛਾ ਦਿੰਦੇ ਹਨ। ਭਾਈ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਮਾਈਨਿੰਗ ਕਾਨੂੰਨਾਂ ਅਨੁਸਾਰ ਕਿਸੇ ਵੀ ਜਗ੍ਹਾ ਤੋਂ ਤਿੰਨ ਫੁੱਟ ਤੋਂ ਵੱਧ ਡੂੰਘਾਈ ਤੱਕ ਮਿੱਟੀ ਨਹੀਂ ਪੁੱਟੀ ਜਾ ਸਕਦੀ। ਇੱਸ ਤੋਂ ਵੱਧ ਡੂੰਘਾਈ ਤੱਕ ਮਿੱਟੀ ਪੁੱਟਣੀ ਹੋਵੇ ਤਾਂ ਮਾਈਨਿੰਗ ਵਿਭਾਗ ਤੋਂ ਮਨਜੂਰੀ ਲੈਣੀ ਪੈਂਦੀ ਹੈ ਪਰ ਇਹ ਮਨਜੂਰੀ ਲੈ ਕੇ ਵੀ ਵੱਧ ਤੋਂ ਵੱਧ 10 ਫੁੱਟ ਦੀ ਡੂੰਘਾਈ ਤੱਕ ਖੱਡੇ ਪੁੱਟੇ ਜਾ ਸਕਦੇ ਹਨ। ਪਰ ਇਹ ਗੈਰਕਾਨੂੰਨੀ ਤੌਰ ’ਤੇ 30-30 ਫੁੱਟ ਤੱਕ ਡੂੰਘੇ ਖੱਡੇ ਪੁੱਟ ਦਿੰਦੇ ਹਨ। ਇਸ ਤਰ੍ਹਾਂ ਜਮੀਨ ਦੇ ਦੂਸਰੇ ਹਿੱਸੇਦਾਰਾਂ ਦਾ ਰਸਤਾ ਤੇ ਪਾਣੀ ਦੇ ਸੋਮੇ ਪੂਰੀ ਤਰਾਂ ਕੱਟੇ ਜਾਂਦੇ ਹਨ। ਉਨ੍ਹਾਂ ਦੇ ਖੇਤਾਂ ਵਿੱਚੋਂ ਵਾਰਸ਼ ਦਾ ਪਾਣੀ ਵੀ ਮਿੱਟੀ ਖੋਰ ਕੇ ਸਾਰੇ ਦਾ ਸਾਰਾ ਇਨ੍ਹਾਂ ਖੱਡਿਆਂ ਵਿੱਚ ਵਹਿ ਤੁਰਦਾ ਹੈ। ਇਸ ਤਰ੍ਹਾਂ ਉਨ੍ਹਾਂ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਜਾਂਦੀਆਂ ਹਨ। ਸਰਕਾਰੇ ਦਰਬਾਰੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਸ ਲਈ ਤੰਗ ਆਏ ਉਹ ਕਿਸਾਨ ਵੀ ਆਪਣੀ ਜਮੀਨ ਡੇਰੇ ਨੂੰ ਵੇਚਣ ਲਈ ਮਜ਼ਬੂਰ ਹੋ ਜਾਂਦੇ ਹਨ। ਡੇਰੇ ਵਾਲੇ ਇਥੇ ਹੀ ਨਹੀਂ ਰੁਕਦੇ ਉਹ ਇਸ ਨਵੀਂ ਖਰੀਦੀ ਗਈ ਜਮੀਨ ਵਿੱਚ ਵੀ ਉਸੇ ਤਰ੍ਹਾਂ 30-30 ਫੁੱਟ ਡੂੰਘੇ ਖੱਡੇ ਪੁੱਟ ਕੇ ਉਥੋਂ ਦੀ ਮਿੱਟੀ ਦਰਿਆ ਹੇਠੋਂ ਨਿਕਲੀ ਜਮੀਨ ’ਤੇ ਵਿਛਾ ਦਿੰਦੇ ਹਨ। ਇਹ ਸਿਲਸਿਲਾ ਅੱਗੇ ਤੋਂ ਅੱਗੇ ਜਾਰੀ ਰਹਿੰਦਾ ਹੈ।

ਭਾਈ ਸਿਰਸਾ ਨੇ ਦੱਸਿਆ ਕਿ ਸਰਕਾਰ ਨੇ ਡੇਰੇ ਦੇ ਆਸ ਪਾਸ ਦੇ ਵੀਹ ਪਿੰਡਾਂ ਦਾ ਕੰਟੋਰੋਲ ਪੂਰੇ ਦਾ ਪੂਰੀ ਤਰ੍ਹਾਂ ਡੇਰਾ ਪ੍ਰਬੰਧਕਾਂ ਨੂੰ ਸੌਂਪ ਰੱਖਿਆ ਹੈ ਤੇ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਕਾਰੀ ਗ੍ਰਾਂਟਾ ਇਹ ਆਪਣੀ ਮਰਜੀ ਨਾਲ ਵੰਡਦੇ ਹਨ। ਇਸ ਲਈ ਸਾਰੀਆਂ ਪੰਚਾਇਤਾਂ ਇਨ੍ਹਾਂ ਦਾ ਪਾਣੀ ਭਰਦੀਆਂ ਹਨ ਤੇ ਕੋਈ ਵੀ ਇਨ੍ਹਾਂ ਦੇ ਜੁਲਮਾਂ ਵਿਰੁੱਧ ਅਵਾਜ਼ ਕੱਢਣ ਦੀ ਹਿੰਮਤ ਨਹੀਂ ਰੱਖਦਾ। ਇਸ ਕਾਰਣ ਉਥੋਂ ਦੇ ਪੀੜਤ ਵਿਅਕਤੀਆਂ ਨੇ ਉਨ੍ਹਾਂ ਕੋਲ ਪਹੁੰਚ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਭਾਈ ਬਲਦੇਵ ਸਿੰਘ ਸਿਰਸਾ ਤੇ ਉਨ੍ਹਾਂ ਦੀ ਪਾਰਟੀ ਦੇ ਇੱਕ ਹੋਰ ਆਗੂ ਭਾਈ ਅਜੀਤ ਸਿੰਘ ਬਾਠ ਪੀੜਤਾਂ ਦੀ ਮੱਦਦ ਲਈ ਕਾਨੂੰਨੀ ਲੜਾਈ ਲੜ ਰਹੇ ਹਨ। ਭਾਈ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਮਿਤੀ 24 ਸਤੰਬਰ 2012 ਨੂੰ ਚੀਫ਼ ਇੰਜਨੀਅਰ ਡਰੇਨਿਜ਼ ਵਿਭਾਗ ਚੰਡੀਗੜ੍ਹ ਤੋਂ ਆਰ.ਟੀ.ਆਈ. ਐਕਟ 2005 ਤਹਿਤ ਜਾਣਕਾਰੀ ਮੰਗੀ ਹੈ ਕਿ 1985 ਤੋਂ ਲੈ ਕੇ ਅੱਜ ਤੱਕ ਬਿਆਸ ਦਰਿਆ ਦਾ ਵਹਾਅ ਦੂਸਰੇ ਪਾਸੇ ਬਦਲਣ ਲਈ ਬਿਆਸ ਪਿੰਡ ਵਾਲੇ ਪਾਸੇ ਦੇ ਕੰਡੇ ’ਤੇ ਜਿੰਨੇ ਸਪਾਰ ਬਣਾਏ ਹਨ ਉਨ੍ਹਾਂ ਦੀ ਗਿਣਤੀ, ਇਨ੍ਹਾਂ ਦੀ ਤਿਆਰੀ ਸਮੇਂ ਤਿਆਰ ਕੀਤੀਆਂ ਸਰਵੇ ਰੀਪੋਰਟਾਂ, ਨਕਸ਼ੇ, ਐਸਟੀਮੇਟ, ਠੇਕੇਦਾਰਾਂ ਦੇ ਨਾਵਾਂ ਸਹਿਤ ਉਨ੍ਹਾਂ ਨੂੰ ਜਾਰੀ ਹੋਏ ਟੈਂਡਰਾਂ ਦੀਆਂ ਤਸਦੀਕ ਸ਼ੁਦਾ ਫੋਟੋਸਟੈਟ ਕਾਪੀਆਂ ਅਤੇ ਇਹ ਕਾਗਜ਼ ਪੱਤਰ ਤਿਆਰ ਕਰਨ ਵਾਲੇ ਅਫ਼ਸਰਾਂ ਸਮੇਤ ਉਨ੍ਹਾਂ ਨੂੰ ਹੁਕਮ ਦੇਣ ਵਾਲੇ ਅਫ਼ਸਰਾਂ ਦੀਆਂ ਸੂਚੀਆਂ ਦਿੱਤੀਆਂ ਜਾਣ ਤੇ ਇਹ ਵੀ ਦੱਸਿਆ ਜਾਵੇ ਕਿ ਇਹ ਸਪਾਰ ਕਿਸ ਸਕੀਮ ਦੇ ਤਹਿਤ ਬਣਾਏ ਗਏ ਹਨ। ਇਨ੍ਹਾਂ ਸਪਾਰਾਂ ਦੀ ਪੂਰੀ ਪੂਰੀ ਲੰਬਾਈ, ਡੂੰਘਾਈ, ਉਚਾਈ ਤੇ ਇਨ੍ਹਾਂ ਸਪਾਰਾਂ ਦੀ ਉਸਾਰੀ ਲਈ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦਾ ਜਿੰਨਾਂ ਜਿੰਨਾਂ ਪੈਸਾ ਲੱਗਿਆ ਉਸ ਦਾ ਵਿਸਥਾਰ ਪੂਰਬਕ ਵੇਰਵਾ ਦਿੱਤਾ ਜਾਵੇ। ਬਿਆਸ ਪੁੱਲ ਤੋਂ ਲੈ ਕੇ ਜਿਸ ਪਾਸੇ ਤੋਂ ਪਾਣੀ ਆਉਂਦਾ ਹੈ, ਦੇ ਪਿੰਡਾਂ ਦਾ ਅੱਜ ਤੋਂ 50 ਸਾਲ ਪਹਿਲਾਂ, ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਖਸਰਾ ਨੰਬਰਾਂ ਵਿੱਚੋਂ ਦੀ ਦਰਿਆ ਲੰਘਦਾ ਸੀ, ਦਾ ਨਕਸ਼ਾ ਦਿੱਤਾ ਜਾਵੇ।

ਗਰੀਬ ਕਿਸਾਨਾਂ ਦੀ ਜਮੀਨ ਧੱਕੇ ਨਾਲ ਖ੍ਰੀਦਣ ਤੋਂ ਇਲਾਵਾ, ਪਿੰਡਾਂ ਦੀ ਸ਼ਾਮਲਾਟ, ਗੁਰਦੁਆਰਿਆਂ, ਸਕੂਲ਼ਾਂ, ਪੰਜਾਬ ਸਰਕਾਰ ਤੇ ਕੇਂਦਰੀ ਸਰਕਾਰ ਦੀਆਂ ਜਮੀਨਾਂ ’ਤੇ ਬੜੇ ਯੋਜਨਾਵੰਦ ਤਰੀਕੇ ਨਾਲ ਕਬਜ਼ੇ ਕੀਤੇ ਜਾ ਰਹੇ ਹਨ। ਜਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ ਦੇ ਪਿੰਡ ਵੜੈਚ ਦੀ 1977-78 ਦੀ ਜਮ੍ਹਾਂਬੰਦੀ ਅਨੁਸਾਰ ਖੇਵਟ ਨੰਬਰ 51 ਖਤੌਨੀ ਨੰਬਰ 91 ਖਸਰਾ ਨੰਬਰ 498 ਦੇ 8 ਕਨਾਲ 14 ਮਰਲੇ ਦਾ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਜਿਥੇ ਮਾਤਾ ਗੰਗਾ ਜੀ ਦੇ ਨਾਮ ਦਾ ਗੁਰਦੁਆਰਾ ਬਣਿਆ ਹੋਇਆ ਸੀ ਜੋ ਹੁਣ ਡੇਰਾ ਬਿਆਸ ਵੱਲੋਂ ਢਾਹ ਦਿੱਤਾ ਗਿਆ ਹੈ, ਖਾਨਾ ਕਾਸਤ ਵਿੱਚ ਮਕਬੂਜਾ ਗੌਰਮਿੰਟ ਪ੍ਰਾਇਮਰੀ ਸਕੂਲ ਵੜੈਚ ਹੈ। ਪਰ 1982-83 ਦੀ ਜਮ੍ਹਾਂਬੰਦੀ ਵਿੱਚ ਇਹ ਰਕਬਾ ਖੇਵਟ ਨੰਬਰ 8 ਖਤੌਨੀ ਨੰਬਰ 13 ਖਾਨਾ ਮਾਲਕੀ ਵਿੱਚ ਅਬਾਦੀ ਦੇਹ, ਖਸਰਾ ਨੰਬਰ 18 ਵਿੱਚ 3203 ਕਨਾਲ 10 ਮਰਲੇ ਦਾ ਸਾਰਾ ਰਕਬਾ ਇਕ ਨੰਬਰ ਵਿੱਚ ਸ਼ਾਮਲ ਕੀਤਾ ਗਿਆ ਤੇ ਇਸ ਪਿੰਡ ਦਾ ਨਾਮ ਵੀ ਡੇਰਾ ਬਾਬਾ ਜੈਮਲ ਸਿੰਘ ਰੱਖਿਆ ਗਿਆ ਹੈ। ਭਾਈ ਬਲਦੇਵ ਸਿੰਘ ਸਿਰਸਾ ਨੇ ਮਿਤੀ 29 ਅਗਸਤ 2012 ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਆਰ.ਟੀ.ਆਈ. ਐਕਟ 2005 ਤਹਿਤ ਜਾਣਕਾਰੀ ਮੰਗੀ ਹੈ 1977-78 ਤੱਕ ਜੋ 8 ਕਨਾਲ 14 ਮਰਲੇ ਜਮੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਬਹੁਤ ਲੰਬੇ ਅਰਸੇ ਤੋਂ ਚਲੀ ਆ ਰਹੀ ਸੀ ਉਸ ਜਮੀਨ ਦਾ ਕਿਸੇ ਹੋਰ ਥਾਂ ਤਬਾਦਲਾ ਕੀਤਾ ਗਿਆ ਹੈ ਜਾਂ ਨਹੀਂ? ਜੇ ਕਰ ਤਬਾਦਲਾ ਕੀਤਾ ਗਿਆ ਹੈ ਤਾਂ ਉਹ ਤਬਾਦਲਾ ਕਿਸ ਦੀ ਸਹਿਮਤੀ ਅਤੇ ਕਿਸ ਅਫ਼ਸਰ ਦੇ ਹੁਕਮਾਂ ਨਾਲ ਕੀਤਾ ਗਿਆ ਹੈ? ਤਬਾਦਲੇ ਵਿੱਚ ਉਹ ਜਮੀਨ ਜਿਹੜੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਨਾਮ ਚੱਲ ਰਹੀ ਹੈ ਉਸ ਦੀ ਜਮ੍ਹਾਂਬੰਦੀ ਨਕਲ ਅਤੇ ਤਬਾਦਲਾ ਇੰਤਕਾਲ ਦੀ ਨਕਲ ਦਿੱਤੀ ਜਾਵੇ। ਇਹ ਵੀ ਦੱਸਿਆ ਜਾਵੇ ਅੱਜ ਦੇ ਮੌਕੇ 3203 ਕਨਾਲ 10 ਮਰਲੇ ਜਮੀਨ ਜਿਸ ’ਤੇ ਰਾਧਾ ਸਵਾਮੀ ਡੇਰਾ ਦਾ ਕਬਜ਼ਾ ਹੈ, ਇਸ ਵਿੱਚ ਇਨ੍ਹਾਂ ਦੀ ਖ਼ੁਦ ਦੀ ਮਾਲਕੀ ਕਿੰਨੀ ਹੈ? ਉਹ ਮਾਲਕੀ ਇਨ੍ਹਾਂ ਨੇ ਜਿਸ ਜਿਸ ਮਾਲਕ ਤੋਂ ਖਰੀਦੀ ਜਾਂ ਤਬਾਦਲਾ ਕੀਤਾ ਉਨ੍ਹਾਂ ਰਜਿਸਟਰੀਆਂ ਦੇ ਵਸੀਕਾ ਨੰਬਰ ਅਤੇ ਤਬਾਦਲੇ ਵਾਲੇ ਜਮੀਨਾਂ ਦੇ ਇੰਤਕਾਲ ਨੰਬਰ ਦਿੱਤੇ ਜਾਣ।

ਇਸ ਤੋਂ ਇਲਾਵਾ ਪਿੰਡ ਬੱਲ ਸਰਾਂ ਦੀ 1860 ਕਨਾਲ ਵਾਹੀਯੋਗ ਪੰਚਾਇਤੀ ਜਮੀਨ ’ਤੇ, ਡੇਰਾ ਬਿਆਸ ਵਾਲੇ ਬਿਨਾਂ ਠੇਕਾ ਹਿੱਸਾ ਦਿੱਤੇ ਤੋਂ ਕਈ ਸਾਲਾਂ ਤੋਂ ਖੇਤੀ ਕਰਦੇ ਆ ਰਹੇ ਹਨ ਜਿਸ ਸਬੰਧੀ ਅਦਾਲਤ ਵੱਲੋਂ ਪੰਜਾਬ ਸਰਕਾਰ ਤੇ ਡੇਰੇ ਵਾਲਿਆਂ ਨੂੰ ਨੋਟਿਸ ਜਾਰੀ ਹੋ ਚੁੱਕੇ ਹਨ।

ਮਿਤੀ 24 ਅਗਸਤ 2012 ਨੂੰ ਡੀ.ਡੀ.ਪੀ.ਓ. ਅੰਮ੍ਰਿਤਸਰ ਨੂੰ ਆਰ.ਟੀ.ਆਈ. ਐਕਟ ਦੇ ਤਹਿਤ ਦਿੱਤੀ ਦਰਖਾਸਤ ਵਿੱਚ ਭਾਈ ਸਿਰਸਾ ਨੇ ਲਿਖਿਆ ਹੈ ਕਿ ਪਿੰਡ ਪੰਚਾਇਤਾਂ ਦੀ ਮਕਬੂਜਾ ਮਾਲਕਾਨ ਅਤੇ ਸ਼ਾਮਲਾਤ ਆਦਿ ਜਮੀਨਾਂ ਦੀ ਦੇਖਰੇਖ ਕੇਵਲ ਪੰਚਾਇਤਾਂ ਨੇ ਕਰਨੀ ਹੁੰਦੀ ਹੈ। ਇਸ ਲਈ ਬੱਲ ਸਰਾਏ, ਬੁੱਢਾ ਥੇਹ, ਵੜੈਚ, ਜੋਧੇ, ਜੱਲੂਵਾਲ, ਡੇਰਾ ਜੈਮਲ ਸਿੰਘ, ਖਾਨਪੁਰ, ਸ਼ੇਰੋ ਨਿਗਾਹ, ਸ਼ੇਰੋ ਬਾਘਾ, ਬਿਆਸ ਅਤੇ ਬੁਤਾਲਾ ਇਨ੍ਹਾਂ ਸਾਰੇ ਪਿੰਡਾਂ ਦੀ, ਜਿਸ ਵਿੱਚ ਫਸਲ ਬੀਜੀ ਜਾਂਦੀ ਹੈ, ਪਿੰਡ ਵਾਰ ਕੁਲ ਕਿੰਨੀ ਕਿੰਨੀ ਜਮੀਨ ਹੈ, ਜਿਸ ਦੀ ਦੇਖ ਰੇਖ ਕੇਵਲ ਪੰਚਾਇਤਾਂ ਨੇ ਕਰਨੀ ਹੁੰਦੀ ਹੈ, ਦੀ ਸਾਲ 2011-12 ਅਤੇ 2012-13 ਦੀ ਦੋ ਸਾਲ ਦੀ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਜਾਵੇ। ਗ੍ਰਾਮ ਪੰਚਾਇਤ ਵੱਲੋਂ ਕਾਸ਼ਤਕਾਰਾਂ ਨੂੰ ਜਮੀਨ ਠੇਕੇ ’ਤੇ ਦੇਣ ਵਾਸਤੇ ਜਿਸ ਤਰੀਖ ਅਤੇ ਜਗ੍ਹਾ ’ਤੇ ਬੋਲੀ ਕਰਵਾਈ ਗਈ ਉਸ ਸਮੇਂ ਗ੍ਰਾਮ ਪੰਚਾਇਤ, ਬੀਡੀਪੀਓ ਬਲਾਕ ਵੱਲੋਂ ਕੌਣ ਕੌਣ ਅਧਿਕਾਰੀ ਬੋਲੀ ਸਮੇਂ ਮੌਕੇ ’ਤੇ ਹਾਜਰ ਹੋਏ। ਜਮੀਨ ਦੀ ਬੋਲੀ ਕਰਾਉਣ ਤੋਂ ਪਹਿਲਾਂ ਆਮ ਲੋਕਾਂ ਨੂੰ ਸੂਚਨਾ ਦੇਣ ਵਾਸਤੇ ਆਮ ਇਸ਼ਤਿਹਾਰ ਦੇ ਕੇ ਜਾਂ ਚੌਕੀਦਾਰ ਤੋਂ ਮੁਨਾਦੀ ਕਰਵਾ ਕੇ ਜਿਹੜਾ ਵੀ ਢੰਗ ਵਰਤਿਆ ਗਿਆ ਉਸ ਨਾਲ ਸਬੰਧਤ ਸਬੂਤ ਦਿੱਤੇ ਜਾਣ। ਸਰਕਾਰੀ ਬੋਲੀ ਕਿੰਨੀ ਰੱਖੀ ਗਈ, ਆਮ ਲੋਕ ਜੋ ਪੰਚਾਇਤੀ ਜ਼ਮੀਨ ਦੀ ਬੋਲੀ ਦੇਣ ਆਏ ਉਨ੍ਹਾਂ ਤੋਂ ਕਿੰਨੀ ਕਿੰਨੀ ਸਕਿਊਰਟੀ ਜਮ੍ਹਾਂ ਕਰਵਾਈ ਗਈ, ਜੋ-ਜੋ ਬੋਲੀਕਾਰ ਜਿੰਨੀ ਜਿੰਨੀ ਬੋਲੀ ਵਧਾਉਂਦੇ ਗਏ ਉਸ ਦਾ ਵੇਰਵਾ ਅਤੇ ਸਫ਼ਲ ਬੋਲੀਕਾਰਾਂ ਜਿੰਨ੍ਹਾਂ ਦੇ ਨਾਮ ਬੋਲੀ ਛੱਡੀ ਗਈ ਉਨ੍ਹਾਂ ਤੋਂ ਬਣਦੀ ਰਕਮ ਕਿਸ ਕਿਸ ਰੂਪ ਵਿੱਚ ਭਾਵ ਨਕਦੀ, ਚੈੱਕਾਂ ਜਾਂ ਬੈਂਕ ਡਰਾਫ਼ਟਾਂ ਰਾਹੀਂ ਪ੍ਰਾਪਤ ਕੀਤੀ ਗਈ, ਉਨ੍ਹਾਂ ਰਜਿਸਟਰਾਂ ਦੀ ਤਸਦੀਕ ਸ਼ੁਦਾ ਫੋਟੋ ਕਾਪੀ ਸਮੇਤ ਸਬੂਤ ਦਿੱਤਾ ਜਾਵੇ। ਜੇ ਕਿਸੇ ਵਿਅਕਤੀ ਜਾਂ ਸੰਸਥਾ ਦਾ ਪੰਚਾਇਤੀ ਜਮੀਨਾਂ ’ਤੇ ਨਜ਼ਾਇਜ਼ ਕਬਜ਼ਾ ਹੈ ਤਾਂ ਕਬਜ਼ਾਧਾਰੀ ਦਾ ਨਾਮ, ਜਿੰਨੇ ਸਾਲਾਂ ਤੋਂ ਨਜ਼ਾਇਜ਼ ਕਬਜ਼ਾ ਹੈ ਅਤੇ ਪੰਚਾਇਤ ਵੱਲੋਂ ਉਸ ਵਿਰੁੱਧ ਕੀਤੀ ਕਾਰਵਾਈ ਦਾ ਵੇਰਵਾ ਵੀ ਦੱਸਿਆ ਜਾਵੇ। ਭਾਈ ਸਿਰਸਾ ਨੇ ਦੱਸਿਆ ਕਿ ਡੀਡੀਪੀਓ ਵੱਲੋਂ ਅਗਲੀ ਕਾਰਵਾਈ ਲਈ ਉਨ੍ਹਾਂ ਦਾ ਇਹ ਪੱਤਰ ਬੀਡੀਪੀਓ ਰਈਆ ਨੂੰ ਭੇਜ ਕੇ ਜਾਣਕਾਰੀ ਲਈ ਪਿੱਠ ਅੰਕਣ ਨੰਬਰ ਡੀ.ਏ. ਰੀਡਰ 9054 ਮਿਤੀ 27 ਅਗਸਤ 2012 ਰਾਹੀਂ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਹੈ।

ਉਕਤ ਤੋਂ ਇਲਾਵਾ ਮਿਤੀ 30 ਅਗਸਤ ਨੂੰ ਭਾਈ ਬਲਦੇਵ ਸਿੰਘ ਸਿਰਸਾ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਆਰ.ਟੀ.ਆਈ. ਐਕਟ 2005 ਅਧੀਨ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਤਹਿਸੀਲ ਬਾਬਾ ਬਕਾਲਾ, ਕਾਨੂੰਗੋਈ ਹਲਕਾ ਅੰਮ੍ਰਿਤਸਰ 1 ਅਤੇ 2, ਜਿਲ੍ਹਾ ਅੰਮ੍ਰਿਤਸਰ ਦੀਆਂ 2010-11 ਦੀਆਂ ਜੋ ਜਮ੍ਹਾਂਬੰਦੀਆਂ ਜਮ੍ਹਾਂ ਕਰਵਾਈਆਂ ਗਈਆਂ ਹਨ ਉਨ੍ਹਾਂ ਸਬੰਧੀਆਂ ਜਾਣਕਾਰੀ ਦਿੱਤੀ ਜਾਵੇ ਕਿ ਕੁਲ ਕਿੰਨੇ ਇੰਤਕਾਲ ਪਟਵਾਰੀ ਵੱਲੋਂ ਦਰਜ ਕਰਨ ’ਤੇ ਬਿਨਾਂ ਕਾਨੂੰਗੋ ਦੀ ਪੜਤਾਲ ਤੋਂ ਹੀ ਤਹਿਸੀਲਦਾਰ ਵੱਲੋਂ ਮੰਨਜੂਰ ਕੀਤੇ ਗਏ ਹਨ, ਉਨ੍ਹਾਂ ਦੇ ਨੰਬਰ ਦਿੱਤੇ ਜਾਣ ਤੇ ਮੰਨਜੂਰ ਕਰਨ ਵਾਲੇ ਤਹਿਸੀਲਦਾਰਾਂ ਦੇ ਨਾਮ ਪਤੇ ਦੱਸੇ ਜਾਣ। ਡਿਪਟੀ ਕਮਿਸ਼ਨਰ ਇਹ ਵੀ ਦੱਸੇ ਕਿ ਕੀ ਕਾਨੂੰਗੋ ਦੀ ਪੜਤਾਲ ਤੋਂ ਬਿਨਾਂ ਤਹਿਸੀਲਦਾਰ ਕਾਨੂੰਨੀ ਤੌਰ ’ਤੇ ਇੰਤਕਾਲ ਮੰਨਜੂਰ ਕਰ ਸਕਦਾ ਹੈ? ਜੇ ਨਹੀਂ ਤਾਂ ਇਹ ਕੁਤਾਹੀ ਕਰਨ ਵਾਲੇ ਤਹਿਸੀਲਦਾਰਾਂ ਵਿਰੁੱਧ ਹੁਣ ਤੱਕ ਕੀਤੀ ਗਈ ਕਾਰਵਾਈ ਜੇ ਕੋਈ ਹੈ ਤਾਂ ਉਸ ਦੇ ਸਬੂਤ ਦਿੱਤੇ ਜਾਣ।

ਵੜੈਚ ਪੱਤੀ ਦਾ ਗੁਰਦੁਆਰਾ ਜਿਸ ਦੇ ਢਾਹੁੰਣ ਨਾਲ ਇਹ ਮੌਜੂਦਾ ਵਿਵਾਦ ਭਖਿਆ ਹੈ ਉਸ ਦੀ 1 ਕਨਾਲ 10 ਮਰਲੇ ਕਰੋੜਾਂ ਰੁਪਏ ਦੀ ਹੈ ਜਿਸ ਨੂੰ ਪਿੰਡ ਪੰਚਾਇਤ ਦੀ ਮਿਲੀ ਭੁਗਤ ਨਾਲ ਦੂਰ ਦੁਰਾਡੇ ਦੀ ਜਮੀਨ ਜਿਸ ਦੀ ਕੀਮਤ ਕੁਝ ਲੱਖ ਤੋਂ ਵੱਧ ਨਹੀਂ ਹੈ ਨਾਲ ਤਬਦਲਾ ਕਰ ਲਿਆ ਗਿਆ। ਸਿਤਮ ਦੀ ਗੱਲ ਇਹ ਹੈ ਕਿ ਹਾਲੀ ਇਹ ਤਬਾਦਲਾ ਕਿਸੇ ਸਮਰਥ ਮਾਲ ਅਧਿਕਾਰੀ ਵੱਲੋਂ ਤਸਦੀਕ ਨਹੀਂ ਕੀਤਾ ਗਿਆ ਪਰ ਰਾਧਾ ਸਵਾਮੀ ਡੇਰੇ ਨੇ ਇਸ ਨੂੰ ਪਹਿਲਾਂ ਹੀ ਢਾਹ ਦਿੱਤਾ। ਇਸ ਦਾ ਵਿਵਾਦ ਵਧਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਨਿਯੁਕਤ ਕੀਤੀ ਸਰਕਾਰੀ ਬੋਲੀ ਬੋਲਣ ਵਾਲੀ ਤਿੰਨ ਮੈਂਬਰੀ ਕਮੇਟੀ ਦੀ ਇੱਕ ਪਾਸੜ ਪੜਤਾਲੀਆ ਰੀਪੋਰਟ ਜਿਸ ’ਤੇ ਇਨ੍ਹਾਂ ਤਿੰਨਾਂ ਮੈਂਬਰਾਂ ਵਿੱਚੋਂ ਵੀ ਇੱਕ ਮੈਂਬਰ ਨੇ ਇਸ ਨੂੰ ਗਲਤ ਜਾਣ ਕੇ ਦਸਤਖ਼ਤ ਹੀ ਨਹੀਂ ਸੀ ਕੀਤੇ, ਇਸ ਦੇ ਬਾਵਯੂਦ ਇਸ ਵਿਵਾਦਤ ਰੀਪੋਰਟ ਦੇ ਅਧਾਰ ’ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਬਿਆਸ ਨੂੰ ਕਲੀਨ ਚਿੱਟ ਦੇ ਦਿੱਤੀ ਤੇ ਉਨ੍ਹਾਂ ਵਿਰੁਧ ਅਵਾਜ਼ ਉਠਾ ਰਹੇ ਪੰਥਕ ਆਗੂਆਂ ਨੂੰ ਸ਼ਰਾਰਤੀ ਲੋਕ ਹੋਣ ਦਾ ਫ਼ਤਵਾ ਜਾਰੀ ਕਰਕੇ ਆਪਣੇ ਆਪ ’ਤੇ ਸਰਕਾਰੀ ਜਥੇਦਾਰ ਹੋਣ ਦੀ ਮੋਹਰ ਲਵਾ ਲਈ ਹੈ।

ਭਾਈ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਪਿੰਡ ਬੱਲ ਸਰਾਂ ਦਾ ਸਰਕਾਰੀ ਸਕੂਲ, ਮੁਖ ਜੀਟੀ ਰੋਡ ’ਤੇ ਹੋਣ ਕਰਕੇ ਦੀ ਇਸ ਦੀ ਜਮੀਨ ਕਰੋੜਾਂ ਰੁਪਏ ਦੀ ਹੈ ਪਰ ਉਸ ਦਾ ਦੂਰ ਦੁਰਾਡੇ ਸਥਿਤ ਕੌਡੀਆਂ ਦੇ ਭਾਅ ਵਾਲੀ ਜਮੀਨ ਨਾਲ ਤਬਾਦਲਾ ਕੀਤਾ ਗਿਆ। ਕੀਤੇ ਗਏ ਇਸ ਤਬਾਦਲੇ ਵਿਰੁਧ ਭਾਈ ਸਿਰਸਾ ਨੇ ਪਿੰਡ ਵਾਸੀਆਂ ਦੀ ਤਰਫੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਕੇਸ ਪਾ ਦਿੱਤਾ। ਅਦਾਲਤੀ ਕਾਰਵਾਈ ਵਿੱਚ ਇਸ ਕੇਸ ਨੂੰ ਆਪਣੇ ਵਿਰੁਧ ਜਾਂਦਾ ਵੇਖ ਕੇ 20 ਸਤੰਬਰ 2012 ਨੂੰ ਹੋਈ ਸੁਣਵਾਈ ਦੌਰਾਨ ਡੇਰੇ ਦੇ ਵਕੀਲ ਨੇ ਅਦਾਲਤ ਦੇ ਰਾਹੀਂ ਤਬਾਦਲੇ ਵਾਲੀ ਜਮੀਨ ਤੋਂ ਵਾਧੂ ਇੱਕ ਕਰੋੜ ਰੁਪਏ ਨਕਦ ਹੋਰ ਪੰਚਾਇਤ ਨੂੰ ਦੇਣ ਦੀ ਪੇਸ਼ਕਸ਼ ਭਾਈ ਸਿਰਸਾ ਦੇ ਵਕੀਲ ਇਸ਼ਪੁਨੀਤ ਸਿੰਘ ਅਤੇ ਬੀਬੀ ਜਤਿੰਦਰਜੀਤ ਕੌਰ ਦੇ ਰਾਹੀਂ ਕੀਤੀ ਗਈ ਪਰ ਵਕੀਲਾਂ ਨੇ ਉਨ੍ਹਾਂ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਕਿਉਂਕਿ ਪਿੰਡ ਵਾਸੀ ਆਪਣੇ ਬੱਚਿਆਂ ਨੂੰ ਦੂਰ ਦੁਰਾਡੇ ਸਕੂਲ ਵਿੱਚ ਪੜ੍ਹਨ ਵਾਸਤੇ ਭੇਜਣ ਲਈ ਤਿਆਰ ਨਹੀਂ ਹਨ। ਡੇਰੇ ਵੱਲੋਂ ਜਮੀਨ ਦੇ ਵੱਟੇ ਜਮੀਨ ਤੋਂ ਇਲਾਵਾ ਅਦਾਲਤ ਵਿੱਚ ਇੱਕ ਕਰੋੜ ਰੁਪਏ ਵਾਧੂ ਦੇਣ ਦੀ ਕੀਤੀ ਪੇਸ਼ਕਸ਼ ਨੇ ਸਾਡੇ ਵੱਲੋਂ ਲਾਏ ਜਾ ਰਹੇ ਇਸ ਦੋਸ਼ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਡੇਰੇ ਵਾਲੇ ਕਰੋੜਾਂ ਰੁਪਏ ਦੀ ਜਮੀਨ ਕੌਡੀਆਂ ਦੇ ਭਾਅ ਹੜੱਪ ਰਹੇ ਹਨ।

ਭਾਈ ਬਲਦੇਵ ਸਿੰਘ ਨੇ ਦੱਸਿਆ ਕਿ ਮਿਤੀ 24 ਸਤੰਬਰ 2012 ਨੂੰ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਰਜ਼ਤ ਅਗਰਵਾਲ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਡੇਰਾ ਬਿਆਸ ਮੁਖੀ ਅਤੇ ਇਸ ਦੇ ਪ੍ਰਬੰਧਕਾਂ ਵੱਲੋਂ ਬਿਨਾਂ ਮਾਈਨਿੰਗ ਵਿਭਾਗ ਦੀ ਮਨਜੂਰੀ ਲਏ ਗੈਰ ਕਾਨੂੰਨੀ ਢੰਗ ਨਾਲ ਪਿੰਡ ਜੋਧੇ, ਬੱਲ ਸਰਾਂ, ਵੜੈਚ, ਬੁੱਢਾ ਥੇਹ, ਅਤੇ ਵਜੀਰ ਭੁੱਲਰ ਆਦਿ ਦੀ ਹਜਾਰਾਂ ਏਕੜ ਜਮੀਨ ’ਚ 20 ਫੁੱਟ ਤੋਂ ਲੈ ਕੇ 30 ਫੁੱਟ ਦੀ ਡੂੰਘਾਈ ਤੱਕ ਡੂੰਘੇ ਖੱਡੇ ਪੁੱਟੇ ਗਏ ਹਨ ਅਤੇ ਕਈ ਦਿਨਾਂ ਤੋਂ ਕਰੀਬ 700 ਟਰੈਕਟਰ ਟਰਾਲੀਆਂ, ਜੇ.ਸੀ.ਬੀ. ਮਸ਼ੀਨਾਂ ਨਾਲ ਮਿੱਟੀ ਭਰ ਕੇ ਦਰਿਆ ਵਾਲੀਆਂ ਜਮੀਨਾਂ ਵਿੱਚ ਪਾ ਰਹੇ ਹਨ, ਜਿਨ੍ਹਾਂ ਨੂੰ ਤੁਰੰਤ ਕਬਜ਼ੇ ਵਿੱਚ ਲੈ ਕੇ ਉਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਉਂਕਿ ਇਸ ਤਰ੍ਹਾਂ ਕਰਕੇ ਉਹ ਦਰਿਆ ਦੇ ਕੁਦਰਤੀ ਵਹਾਅ ਨੂੰ ਬਦਲ ਕੇ ਇੱਕ ਪਾਸੇ ਗਰੀਬ ਕਿਸਾਨਾਂ ਦੀਆਂ ਜਮੀਨਾਂ ਦਰਿਆ ਦੀ ਮਾਰ ਹੇਠ ਲਿਆ ਰਹੇ ਹਨ ਤੇ ਦੂਸਰੇ ਪਾਸੇ ਇਨ੍ਹਾਂ ਡੂੰਘੇ ਖੱਡਿਆਂ ਰਾਹੀਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਉਨ੍ਹਾਂ ਨੂੰ ਆਪਣੀਆਂ ਜਮੀਨਾਂ ਤੇ ਘਰ ਵੇਚਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਦਰਖਾਸਤ ਵਿੱਚ ਭਾਈ ਸਿਰਸਾ ਨੇ ਲਿਖਿਆ ਹੈ ਕਿ ਡੇਰੇ ਵਾਲਿਆਂ ਦੀ ਇੰਨੀ ਦਹਿਸ਼ਤ ਹੈ ਕਿ ਕੋਈ ਵੀ ਪੱਤਰਕਾਰ/ਫੋਟੋਗ੍ਰਾਫ਼ਰ ਡਰਦਾ ਮਾਰਿਆ ਡੇਰੇ ਵੱਲੋਂ ਕੀਤੀਆਂ ਜਾ ਰਹੀਆਂ ਨਜ਼ਾਇਜ਼ ਗਤੀਵਿਧੀਆਂ ਅਤੇ ਗੈਰਕਾਨੂੰਨੀ ਮਾਈਨਿੰਗ ਦੀ ਕਵਰੇਜ਼ ਕਰਨ ਨਹੀਂ ਜਾਂਦਾ ਕਿਉਂਕਿ 4 ਸਾਲ ਪਹਿਲਾਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਦਵਿੰਦਰ ਸਿੰਘ ਭੰਗੂ ਨੂੰ, ਡੇਰੇ ਵੱਲੋਂ ਪੁੱਟੇ ਗਏ 30 ਫੁਟ ਡੂੰਘੇ ਖੱਡੇ ਦੀ ਫੋਟੋ ਲੈਂਦਿਆਂ ਨੂੰ ਡੇਰੇ ਦੇ ਕਾਰਕੁਨਾਂ ਨੇ ਧੱਕਾ ਦੇ ਕੇ ਉਸੇ ਖੱਡੇ ਵਿੱਚ ਹੀ ਸੁੱਟ ਦਿੱਤਾ ਸੀ ਜਿਸ ਕਾਰਣ ਉਹ ਸਖਤ ਜਖ਼ਮੀ ਹੋ ਗਿਆ ਸੀ ਤੇ ਕਈ ਮਹੀਨੇ ਹਸਪਤਾਲ ਵਿੱਚ ਜ਼ੇਰੇ ਇਲਾਜ਼ ਰਿਹਾ ਪਰ ਇਸ ਦੇ ਬਾਵਯੂਦ ਪੁਲਿਸ ਨੇ ਉਸ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਐਫ.ਆਈ.ਆਰ ਦਰਜ ਨਹੀਂ ਸੀ ਕੀਤੀ। ਇਸੇ ਤਰ੍ਹਾਂ ਕਵਰੇਜ਼ ਕਰਨ ਗਏ ਪੰਜਾਬੀ ਜਾਗ੍ਰਣ ਦੇ ਪੱਤਰਕਾਰ ਸ਼੍ਰੀ ਰਿਖੀ ਨੂੰ ਅਗਵਾ ਕਰਕੇ 2 ਘੰਟੇ ਆਪਣੇ ਕਬਜ਼ੇ ਵਿੱਚ ਰੱਖਿਆ ਤੇ ਇਸ ਦੌਰਾਨ ਉਸ ਦੀ ਭਾਰੀ ਕੁੱਟਮਾਰ ਕੀਤੀ ਗਈ ਸੀ। ਇਸ ਦੀ ਵੀ ਐਫਆਈਆਰ ਦਰਜ ਨਹੀਂ ਸੀ ਕੀਤੀ ਗਈ। ਪਿਛਲੀ 25 ਜੂਨ ਨੂੰ ਹੀ ਸੰਗਤ ਟੀਵੀ ਦੇ ਪੱਤਰਕਾਰ ਬਲਜੀਤ ਸਿੰਘ ਦੀ ਕੁੱਟਮਾਰ ਕੀਤੀ ਗਈ ਤੇ ਉਹ ਬੜੀ ਮੁਸ਼ਕਲ ਨਾਲ ਇਨ੍ਹਾਂ ਦੀ ਚੁੰਗਲ ’ਚੋਂ ਆਪਣੇ ਆਪ ਨੂੰ ਛੁਡਾ ਕੇ ਭੱਜਿਆ ਸੀ। ਇਸ ਲਈ ਭਾਈ ਸਿਰਸਾ ਨੇ ਮੰਗ ਕੀਤੀ ਸੀ ਕਿ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ (ਭਾਈ ਸਿਰਸਾ ਤੇ ਉਨ੍ਹਾਂ ਦੇ ਸਾਥੀਆਂ) ਨੂੰ ਨਾਲ ਲੈ ਕੇ ਵੀਡੀਓ ਰੀਕਾਰਡਿੰਗ ਕਰਵਾਉਣ ਲਈ ਫੌਰੀ ਤੌਰ ’ਤੇ ਥਾਣਾ ਬਿਆਸ ਪੁਲਿਸ ਨੂੰ ਹੁਕਮ ਕੀਤੇ ਜਾਣ। ਪਰ ਡੀਸੀ ਨੇ ਉਨ੍ਹਾਂ ਦੀ ਇਸ ਦਰਖਾਸਤ ’ਤੇ ਹਾਲੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਡੇਰੇ ਵਾਲੇ ਬੇਖੌਫ਼ ਹੋ ਕੇ ਕੁਦਰਤ ਅਤੇ ਮਨੁਖੀ ਹੱਕਾਂ ਦੇ ਵਿਰੁੱਧ ਆਪਣਾ ਕੰਮ ਕਰੀ ਜਾ ਰਹੇ ਹਨ।

ਭਾਈ ਸਿਰਸਾ ਅਨੁਸਾਰ ਬੇਸ਼ੱਕ ਪ੍ਰਸ਼ਾਸ਼ਨਕ ਅਧਿਕਾਰੀ ਅਤੇ ਸਰਕਾਰ ਦੀ ਸ਼ਹਿ ਪ੍ਰਾਪਤ ਡੇਰਾ ਪ੍ਰਬੰਧਕ ਹਾਲੀ ਤੱਕ ਟੱਸ ਤੋਂ ਮੱਸ ਨਹੀਂ ਹੋਏ ਪਰ ਉਨ੍ਹਾਂ ਵੱਲੋਂ ਆਰ.ਟੀ.ਆਈ. ਐਕਟ ਅਧੀਨ ਮੰਗੀਆਂ ਗਈਆਂ ਸੂਚਨਾਵਾਂ, ਅਦਾਲਤ ਵਿੱਚ ਚੱਲ ਰਹੀ ਕਾਨੂੰਨੀ ਕਾਰਵਾਈ ਅਤੇ ਸ਼੍ਰੋਮਣੀ ਅਕਾਲੀ ਦਲ (ਅ), ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਦਲ ਖ਼ਾਲਸਾ, ਪੰਥਕ ਸੇਵਾ ਲਹਿਰ, ਦਮਦਮੀ ਟਕਸਾਲ ਅਜਨਾਲਾ, ਖ਼ਾਲਸਾ ਐਕਸ਼ਨ ਕਮੇਟੀ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਮੇਤ ਤਕਰੀਬਨ 16-17 ਜਥੇਬੰਦੀਆਂ ਵੱਲੋਂ ਡੇਰਾ ਬਿਆਸ ਦੇ ਭੂਮਾਫੀਆ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਸਾਂਝੇ ਤੌਰ ’ਤੇ ਬਣਾਏ ਗਏ ‘‘ਅਕਾਲ ਤਖ਼ਤ ਸਾਹਿਬ ਸੇਵਕ ਜਥੇ’’ ਵੱਲੋਂ 2 ਦਸੰਬਰ ਨੂੰ ਰਈਆ ਦਾਣਾ ਮੰਡੀ ਜਿਲ੍ਹਾ ਅੰਮ੍ਰਿਤਸਰ ਵਿਖੇ ਇੱਕ ਭਰਵੀਂ ਕਾਨਫਰੰਸ ਕਰਨ ਦੇ ਦਿੱਤੇ ਸੱਦੇ ਸਦਕਾ ਪ੍ਰਸ਼ਾਸ਼ਨਿਕ ਅਧਿਕਾਰੀ, ਡੇਰਾ ਬਿਆਸ ਅਤੇ ਪੰਜਾਬ ਸਰਕਾਰ ਭਾਰੀ ਬੁਖਲਾਹਟ ਵਿੱਚ ਜਰੂਰ ਆ ਗਏ ਹਨ। ਇਹ ਇਸ ਬੁਖ਼ਲਾਹਟ ਦਾ ਹੀ ਸਿੱਟਾ ਹੈ ਕਿ 2 ਦਸੰਬਰ ਦੀ ਕਾਨਫਰੰਸ ਨੂੰ ਤਾਰਪੀਡੋ ਕਰਨ ਲਈ ਅਤੇ ਸਾਡੇ ਵਲੋਂ ਡੇਰਾ ਬਿਆਸ ਵਿਰੁੱਧ ਕੀਤੇ ਅਤੇ ਕੀਤੇ ਜਾਣ ਵਾਲੇ ਕੇਸ ਵਾਪਸ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਮੀ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਮੌਜੂਦਾ ਪ੍ਰਧਾਨ ਭਾਈ ਕੁਲਬੀਰ ਸਿੰਘ ਬੜਾਪਿੰਡ ਨੂੰ ਬਿਨਾਂ ਕਿਸੇ ਵਿਸਫੋਟਕ ਪਦਾਰਥ ਜਾਂ ਅਸਲੇ ਦੀ ਬਰਾਮਦਗੀ ਦੇ ਹੀ ਅਤਿਵਦ ਫੈਲਾਉਣ ਦੇ ਝੂਠੇ ਕੇਸਾਂ ਵਿੱਚ ਫਸਾ ਕੇ ਬੰਦ ਕਰ ਦਿੱਤਾ ਹੈ। ਭਾਈ ਬਲਦੇਵ ਸਿੰਘ ਸਿਰਸਾ ਨੇ ਸਰਕਾਰ ਨੂੰ ਵੰਗਾਰਿਆ ਕਿ ਉਹ ਜਿਤਨੇ ਮਰਜੀ ਕੋਝੇ ਹੱਥਕੰਡੇ ਵਰਤ ਲਵੇ ਪਰ ਅਸੀਂ ਡੇਰਾ ਬਿਆਸ ਦੇ ਭੂ-ਮਾਫੀਆ ਗਿਰੋਹ ਅਤੇ ਸਰਕਾਰ ਵੱਲੋਂ ਇਸ ਦੀ ਕੀਤੀ ਜਾ ਰਹੀ ਪੁਸ਼ਤ ਪਨਾਹੀ ਦਾ ਪਰਦਾ ਫ਼ਾਸ਼ ਕੀਤੇ ਬਿਨਾਂ ਗੁਰਦੁਆਰੇ ਦੀ ਮੁੜ ਉਸਾਰੀ ਕੀਤੇ ਬਿਨਾਂ ਚੈਨ ਨਾਲ ਨਹੀਂ ਬੈਠਾਂਗੇ।

ਪੰਜਾਬ ਸਰਕਾਰ ਦਾ ਮੁਖੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਇਕਤਰਫਾ ਪੜਤਾਲੀਆ ਰੀਪੋਰਟ ਦੇਣ ਵਾਲੇ ਦੋ ਕਮੇਟੀ ਮੈਂਬਰ, ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਸਮੇਤ ਦੂਸਰੇ ਜਥੇਦਾਰ, ਅਤੇ ਪ੍ਰਸ਼ਾਸ਼ਨ ਦੇ ਬਹੁਤੇ ਅਧਿਕਾਰੀ ਤੇ ਕਰਮਚਾਰੀ ਬੇਸ਼ੱਕ ਆਪਣੇ ਆਪ ਨੂੰ ਨਾਨਕ ਨਾਮ ਲੇਵਾ ਦੱਸਦੇ ਨਹੀਂ ਥਕਦੇ ਪਰ ਉਹ ਭੁੱਲ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਨੇ ਹੇਠ ਲਿਖੇ ਸ਼ਬਦ ਸਿਰਫ ਮੁਗਲ ਰਾਜਿਆਂ, ਅਹਿਲਕਾਰਾਂ, ਕਾਜ਼ੀਆਂ, ਬ੍ਰਹਮਣਾਂ, ਜੋਗੀਆਂ ਆਦਿ ਲਈ ਹੀ ਨਹੀਂ ਉਚਾਰੇ ਸਨ ਸਗੋਂ ਅੱਜ ਦੇ ਰਾਜਿਆਂ, ਧਾਰਮਿਕ ਆਗੂਆਂ ’ਤੇ ਵੀ ਉਸੇ ਤਰ੍ਹਾਂ ਠੀਕ ਢੁਕਦੇ ਹਨ:

ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍‍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍‍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥’ (ਮਲਾਰ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ -ਪੰਨਾ 1288)

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥’ (ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 662)

ਉਕਤ ਗੁਰਫ਼ੁਰਮਾਨਾਂ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਇਹ ਪਉੜੀਆਂ ਵੀ ਬਿਲਕੁਲ ਠੀਕ ਢੁਕਦੀਆਂ ਹਨ:

ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ। ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।
ਸੇਵਕ ਬੈਠਨਿ ਘਰਾ ਵਿਚਿ ਗੁਰ ਉਠਿ ਘਰੀ ਤਿਨਾੜੇ ਜਾਈ। ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕ ਗਵਾਈ।
ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ। ਵਰਤਿਆ ਪਾਪ ਸਭਸ ਜਗ ਮਾਂਹੀ ॥30॥
’ (ਵਾਰ 1 ਪਉੜੀ 30)

ਜੇ ਮਾਉ ਪੁਤੈ ਵਿਸੁ ਦੇ ਤਿਸਤੇ ਕਿਸੁ ਪਿਆਰਾ। ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ।
ਬੇੜੀ ਡੋਬੈ ਪਾਤਣੀ ਕਿਉ ਪਾਰਿ ਉਤਾਰਾ। ਆਗੂ ਲੈ ਉਝੜਿ ਪਵੈ ਕਿਸੁ ਕਰੈ ਪੁਕਾਰਾ।
ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ। ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ ॥22॥
’ (ਵਾਰ 35 ਪਉੜੀ 22)

ਜਰਾ ਵੀਚਾਰ ਕੇ ਵੇਖੋ ਕਿ ਕੀ ਭਾਈ ਗੁਰਦਾਸ ਜੀ ਦੀ ਇਹ ਪਾਉੜੀ ਪੰਥ ’ਤੇ ਕਾਬਜ਼ ਹੋਏ ਅੱਜ ਦੇ ਰਾਜਨੀਤਕ ਤੇ ਧਾਰਮਿਕ ਆਗੂਆਂ ’ਤੇ ਪੂਰੀ ਤਰ੍ਹਾਂ ਢੁਕਦੀ ਨਹੀਂ! ਕੀ ਪੰਥ ਦਰਦੀਆਂ ਲਈ ਇਹ ਸੋਚਣ ਦਾ ਸਮਾ ਨਹੀ ਹੈ ਕਿ ਸਿਖੀ ਰੂਪੀ ਫਸਲ ਦੀ ਜਿਹੜੇ ਆਗੂਆਂ ਨੂੰ ਅਸੀਂ ਪਹਿਰੇਦਾਰੀ ’ਤੇ ਬਿਠਾਇਆ ਹੈ ਉਹ ਤਾਂ ਖ਼ੁਦ ਹੀ ਘਰ ਨੂੰ ਸੰਨ੍ਹ ਲਾਉਣ ਵਾਲੇ ਬਣ ਗਏ ਹਨ! ਜਿਹੜੀ ਵਾੜ ਉਨ੍ਹਾਂ ਕੀਤੀ ਹੈ ਉਹ ਤਾਂ ਖ਼ੁਦ ਹੀ ਖੇਤ ਖਾ ਰਹੀ ਹੈ! ਪੰਥ ਦੇ ਬੇੜੇ ਦੇ ਬਣੇ ਮਲਾਹ ਖ਼ੁਦ ਹੀ ਬੇੜਾ ਡੋਬਣ ’ਤੇ ਲੱਗੇ ਹੋਏ ਹਨ ਤਾਂ ਹੁਣ ਬਚਾਅ ਦੀ ਆਸ ਕਿਥੋਂ ਹੋ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top