Share on Facebook

Main News Page

ਜਿਸ ਤਰ੍ਹਾਂ ਬੇਅੰਤ ਸਿੰਘ ਦੀ ਸਰਕਾਰ ਦਾ ਔਰੰਗਜ਼ੇਬ ਦੀ ਸਰਕਾਰ ਨਾਲੋਂ ਕੋਈ ਫਰਕ ਨਹੀਂ ਸੀ, ਤਾਂ ਹੁਣ ਫਰਕ ਬਾਦਲ ਸਰਕਾਰ ਵਿੱਚ ਵੀ ਕੋਈ ਨਹੀਂ ਹੈ
-
ਕਿਰਪਾਲ ਸਿੰਘ ਬਠਿੰਡਾ ਫ਼ੋਨ ਨੰ: 9855480797

* ਦੁੱਖ ਇਸ ਗੱਲ ਦਾ ਨਹੀਂ ਕਿ ਅਕਾਲੀ ਸਰਕਾਰ ਡੇਰਾਵਾਦ ਦਾ ਵਿਰੋਧ ਕਰ ਰਹੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਕਿਉਂ ਸੁੱਟ ਰਹੀ ਹੈ, ਬਲਕਿ ਦੁੱਖ ਇਸ ਗੱਲ ਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਸ਼ਬਦ ਉਸ ਸਮੇਂ ਦੇ ਜ਼ਾਲਮ ਰਾਜਿਆਂ ਤੇ ਮੌਕਾ ਪ੍ਰਸਤ ਪਖੰਡੀ ਧਾਰਮਿਕ ਆਗੂਆਂ ਨੂੰ ਸੰਬੋਧਨ ਕਰਕੇ ਉਚਾਰਣ ਕੀਤੇ ਸਨ ਉਹ ਅੱਜ ਅਸੀਂ ਕਿਸ ਨੂੰ ਸੁਣਾਈਏ?

ਜਿਸ ਤਰ੍ਹਾਂ ਬੇਅੰਤ ਸਿੰਘ ਦੀ ਸਰਕਾਰ ਦਾ ਔਰੰਗਜ਼ੇਬ ਦੀ ਸਰਕਾਰ ਨਾਲੋਂ ਕੋਈ ਫਰਕ ਨਹੀਂ ਸੀ ਤਾਂ ਹੁਣ ਫਰਕ ਬਾਦਲ ਸਰਕਾਰ ਵਿੱਚ ਵੀ ਕੋਈ ਨਹੀਂ ਹੈ। ਆਖਰ ਸਰਕਾਰ ਤਾਂ ਸਰਕਾਰ ਹੀ ਹੁੰਦੀ ਹੈ ਬੇਸ਼ੱਕ ਉਹ ਬਾਬਰ ਦੀ ਹੋਵੇ, ਜਹਾਂਗੀਰ ਦੀ ਹੋਵੇ, ਔਰੰਗਜ਼ੇਬ ਦੀ ਹੋਵੇ, ਅੰਗਰੇਜਾਂ ਦੀ ਹੋਵੇ, ਇੰਦਰਾ ਗਾਂਧੀ ਦੀ ਹੋਵੇ, ਰਜੀਵ ਗਾਂਧੀ ਦੀ ਹੋਵੇ, ਨਰਸਿਮਾ ਰਾਓ ਦੀ ਹੋਵੇ, ਅਟਲ ਬੀਹਾਰੀ ਵਾਜਪਾਈ ਦੀ ਹੋਵੇ, ਬੇਅੰਤ ਸਿੰਘ ਦੀ ਹੋਵੇ, ਬਾਦਲ ਦੀ ਹੋਵੇ, ਜਾਂ ਫਿਰ ਗੁਜਰਾਤ 'ਚ ਮੋਦੀ ਦੀ। ਆਖਰ ਟੀਚਾ ਤਾਂ ਸਾਰਿਆਂ ਦਾ ਇੱਕੋ ਹੈ ਕਿ ਵੱਧ ਤੋਂ ਵੱਧ ਸਮੇਂ ਲਈ ਰਾਜ ਕੀਤਾ ਜਾਵੇ। ਪੁਰਾਣੇ ਸਮੇਂ ਦੀ ਰਜਵਾੜਾਸ਼ਾਹੀ 'ਚ ਬਾਹੂ ਬਲ ਨਾਲ ਅਤੇ ਲੋਕਤੰਤਰ ਦੇ ਮੌਜੂਦਾ ਦੌਰ ਵਿੱਚ ਵੱਧ ਵੋਟਾਂ ਹਾਸਲ ਕਰਕੇ ਹੀ ਰਾਜ ਕਰਨਾ ਸੰਭਵ ਹੁੰਦਾ ਹੈ। ਬਿਨਾਂ ਲੋਕ ਭਲਾਈ ਦੇ ਕੰਮ ਕੀਤਿਆਂ ਆਪਣੇ ਨਿੱਜ ਲਈ ਵੱਧ ਤੋਂ ਵੱਧ ਕਮਾਈ ਕਰਕੇ ਵੀ ਲੋਕ ਤੰਤਰ ਵਿੱਚ ਵੱਧ ਵੋਟਾਂ ਹਾਸਲ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਬਹੁ ਕੌਮੀ ਤੇ ਬਹੁ ਧਰਮੀ ਦੇਸ਼ ਵਾਸੀਆਂ ਵਿੱਚ ਫ੍ਰਿਕਾਪ੍ਰਸਤੀ ਰਾਹੀਂ ਆਪਸੀ ਨਫ਼ਰਤ ਫੈਲਾਈ ਜਾਵੇ ਤੇ ਉਸ ਉਪ੍ਰੰਤ ਘੱਟ ਗਿਣਤੀ ਕੌਮਾਂ 'ਤੇ ਤਸ਼ੱਸ਼ਦ ਕਰਕੇ ਬਹੁ ਗਿਣਤੀ ਕੌਮਾਂ ਦੀਆਂ ਥੋਕ ਵਿੱਚ ਵੋਟਾਂ ਪ੍ਰਾਪਤ ਕਰ ਲਈਆਂ ਜਾਣ। ਬੱਸ ਇਹੋ ਢੰਗ ਸਾਰੀਆਂ ਰਾਜਨੀਤਕ ਪਾਰਟੀਆਂ ਅਪਣਾ ਰਹੀਆਂ ਹਨ।

ਪੰਜਾਬ ਦੀ ਹੋਰ ਵੀ ਤ੍ਰਾਸਦੀ ਹੈ। ਇਸ ਵਿੱਚ ਸਿੱਖ ਭਾਰਤ ਦੀ ਅਤਿ ਘੱਟ ਗਿਣਤੀ ਤੇ ਪੰਜਾਬ ਵਿੱਚ ਵੱਧ ਗਿਣਤੀ ਵਿੱਚ ਸਮਝੀ ਜਾ ਰਹੀ ਹੈ ਪਰ ਅਸਲ ਵਿੱਚ ਹੁਣ ਹੈ ਨਹੀਂ। ਕਿਉਂਕਿ ਕੁਝ ਸਿੱਖ ਵਿਦੇਸ਼ਾਂ ਵਿੱਚ ਚਲੇ ਗਏ ਹਨ, ਯੂ.ਪੀ. ਬਿਹਾਰ 'ਚੋਂ ਭਈਏ ਮਜਦੂਰ ਵੱਡੀ ਗਿਣਤੀ ਵਿੱਚ ਪੰਜਾਬ 'ਚ ਆ ਚੁੱਕੇ ਹਨ ਅਤੇ ਪੰਜਾਬ 'ਚ ਵੱਡੀ ਪੱਧਰ 'ਤੇ ਡੇਰੇਵਾਦ ਦੇ ਫੈਲਾ ਕਾਰਣ ਅਗਿਆਨਤ ਵੱਸ ਵੱਡੀ ਗਿਣਤੀ ਦਿੱਸਣ ਵਾਲੇ ਸਿੱਖ, ਸਿੱਖ ਵਿਰੋਧੀ ਡੇਰਿਆਂ ਦੇ ਸ਼੍ਰਧਾਲੂ ਬਣ ਚੁੱਕੇ ਹਨ। ਇਸ ਲਈ ਪੰਜਾਬ ਵਿੱਚ ਰਾਜ ਸਤਾ ਪ੍ਰਾਪਤ ਕਰਨ ਦਾ ਇੱਕੋ ਇੱਕ ਢੰਗ ਹੈ ਕਿ ਕੱਟੜਵਾਦੀ ਹਿੰਦੂਆਂ ਅਤੇ ਸਿੱਖ ਵਿਰੋਧੀ ਡੇਰਿਆਂ ਦੇ ਸ਼੍ਰਧਾਲੂ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਜਾਣ। ਇਹ ਵੋਟਾਂ ਪ੍ਰਾਪਤ ਕਰਨ ਲਈ ਹੀ ਹਰ ਸਰਕਾਰ ਸਿੱਖ ਵਿਰੋਧੀ ਡੇਰਿਆਂ ਨੂੰ ਵੱਧ ਤੋਂ ਵੱਧ ਸਹੂਲਤ ਦਿੰਦੀ ਹੈ ਤੇ ਡੇਰੇਦਾਰ ਬੇਖੌਫ ਹੋ ਕੇ ਸਿੱਖ ਵਿਰੋਧੀ ਕਾਰਵਾਈਆਂ ਵਿੱਚ ਲੱਗੇ ਰਹਿੰਦੇ ਹਨ। ਤਾਜਾ ਮਿਸਾਲ ਰਾਧਾ ਸਵਾਮੀ ਡੇਰਾ ਬਿਆਸ ਦੀ ਹੈ। ਕਿਸਾਨਾਂ ਦਾ ਉਜਾੜਾ ਕਰਕੇ ਗੈਰ ਕਾਨੂੰਨੀ ਢੰਗ ਰਾਹੀਂ ਉਹ ਆਪਣੇ ਡੇਰੇ ਦਾ ਪਸਾਰ ਕਰਨ ਵਿੱਚ ਲੱਗੇ ਹੋਏ ਹਨ। ਅਜੇਹਾ ਕਰਦੇ ਉਨ੍ਹਾਂ ਨੇ ਦੋ ਗੁਰਦੁਆਰੇ (ਮਾਤਾ ਗੰਗਾ ਜੀ ਦਾ ਗੁਰਦੁਆਰਾ ਤੇ ਵੜੈਚ ਪੱਤੀ ਦਾ ਗੁਰਦੁਆਰਾ) ਢਾਹ ਦਿੱਤੇ ਹਨ ਤੇ ਤੀਸਰੇ ਭਾਈ ਜੀਵਨ ਸਿੰਘ ਦੇ ਗੁਰਦੁਆਰੇ ਨੂੰ ਢਾਹੁੰਣ ਦੀ ਤਿਆਰੀ ਸੀ ਜਿਹੜੀ ਕਿ ਵਿਵਾਦ ਵਧਣ ਕਰਕੇ ਕੁਝ ਸਮੇਂ ਲਈ ਅਟਕ ਗਈ ਹੈ। ਜਿਸ ਤਰ੍ਹਾਂ ਡੇਰੇ ਦੇ ਪਸਾਰ ਲਈ ਉਹ ਵੱਡੀ ਪੱਧਰ 'ਤੇ ਇੱਕ ਖਾਸ ਲੰਬੀ ਪਲੈਨਿੰਗ ਰਾਹੀਂ ਕੰਮ ਕਰ ਰਹੇ ਹਨ।

ਇਸ ਦਾ ਵੇਰਵਾ ਮੇਰੇ ਵੱਲੋਂ ਇੱਕ ਵਖਰੇ ਲੇਖ ’ਚ ਦਿੱਤਾ ਜਾ ਰਿਹਾ ਹੈ। ਉਸ ਤੋਂ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਥੋਹੜੇ ਹੀ ਸਮੇਂ 'ਚ ਇਨ੍ਹਾਂ ਨੇ ਡੇਰੇ ਦੇ ਆਸਪਾਸ ਦੇ ਵੀਹ ਪਿੰਡਾਂ ਵਿੱਚ ਕੋਈ ਗੁਰਦੁਆਰਾ ਨਹੀਂ ਰਹਿਣ ਦੇਣਾ। ਕੁਦਰਤੀ ਹੈ ਕਿ ਕੌਮ ਵਿੱਚ ਕੁਝ ਜਾਗਦੀ ਜ਼ਮੀਰ ਵਾਲੇ ਵੀ ਹਮੇਸ਼ਾ ਹੁੰਦੇ ਹੀ ਹਨ ਭਾਵੇਂ ਉਹ ਘੱਟ ਗਿਣਤੀ ਵਿੱਚ ਹੀ ਹੋਣ। ਇਸ ਲਈ ਉਹ ਘੱਟ ਗਿਣਤੀ ਜਾਗਦੀ ਜ਼ਮੀਰ ਵਾਲਿਆਂ ਵਿੱਚੋਂ ਕੁਝ ਕੁ ਨੇ ਰਾਧਾ ਸਵਾਮੀਆਂ ਦੀ ਇਸ ਪਸਾਰ ਨੀਤੀ ਵਿਰੁਧ ਮੋਰਚਾ ਖੋਲ੍ਹ ਦਿੱਤਾ। ਪਹਿਲਾਂ ਤਾਂ ਜਿਸ ਤਰ੍ਹਾਂ ਮੁਗਲ ਰਾਜੇ ਆਪਣੀਆਂ ਨੀਤੀਆਂ ਤੇ ਕਾਰਵਾਈਆਂ ਨੂੰ ਜ਼ਾਇਜ਼ ਠਹਿਰਾਉਣ ਲਈ ਕਾਜ਼ੀਆਂ ਤੋਂ ਫ਼ਤਵੇ ਜਾਰੀ ਕਰਵਾਉਂਦੇ ਹੁੰਦੇ ਸਨ, ਉਸੇ ਤਰ੍ਹਾਂ ਬਾਦਲ ਨੇ ਵੀ ਆਪਣੇ ਅਜੋਕੇ ਕਾਜ਼ੀਆਂ (ਅਕਾਲ ਤਖ਼ਤ ਦੇ ਜਥੇਦਾਰ) ਤੋਂ ਫਤਵੇ ਜਾਰੀ ਕਰਵਾ ਕੇ ਰਾਧਾ ਸਵਾਮੀ ਡੇਰੇ ਨੂੰ ਕਲੀਨ ਚਿੱਟ ਦਿਵਾ ਦਿੱਤੀ ਤੇ ਉਨ੍ਹਾਂ ਦਾ ਵਿਰੋਧ ਕਰ ਰਹੇ ਸਿੱਖਾਂ ਨੂੰ ਸ਼ਰਾਰਤੀ ਅਨਸਰ ਐਲਾਣ ਕਰਵਾ ਦਿੱਤਾ। ਜਦ 16-17 ਜਥੇਬੰਦੀਆਂ ਵੱਲੋਂ ਅਜੋਕੇ ਕਾਜ਼ੀਆਂ ਦੇ ਇਸ ਫਤਵੇ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਡੇਰੇ ਦੀਆਂ ਜਿਆਦਤੀਆਂ ਵਿਰੁੱਧ ਡਟਣ ਲਈ ਸਾਂਝੇ ਤੌਰ 'ਤੇ ਬਣਾਏ ਗਏ 'ਅਕਾਲ ਤਖ਼ਤ ਸਾਹਿਬ ਸੇਵਕ ਜਥਾ' ਦੇ ਬੈਨਰ ਹੇਠ ਮੋਰਚਾ ਅਰੰਭ ਕਰ ਦਿੱਤਾ, ਜਿਸ ਲਈ 2 ਦਸੰਬਰ ਨੂੰ ਬਿਆਸ ਨੇੜੇ ਰਈਆ ਦਾਣਾ ਮੰਡੀ ਵਿੱਚ ਇੱਕ ਵੱਡੀ ਕਾਨਫਰੰਸ ਕਰਨ ਦਾ ਐਲਾਣ ਕਰ ਦਿੱਤਾ, ਤਾਂ ਉਨ੍ਹਾਂ ਨੂੰ ਡਰਾਉਣ ਧਮਕਾਉਣ ਲਈ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਾਬਕਾ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਤੇ ਮੌਜੂਦਾ ਪ੍ਰਧਾਨ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਨਜ਼ਾਇਜ਼ ਕੇਸਾਂ ਵਿੱਚ ਫਸਾ ਕੇ ਗ੍ਰਿਫ਼ਤਾਰ ਕਰ ਲਿਆ ਤੇ ਹੁਣ 20 ਸਾਲ ਤੋਂ ਜੇਲ੍ਹ ਵਿੱਚ ਬੰਦ ਪੈਰੋਲ ’ਤੇ ਆਏ ਭਾਈ ਲਾਲ ਸਿੰਘ ਅਕਾਲਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਜਾਇਜ਼ ਠਹਿਰਾਉਣ ਲਈ ਸਰਕਾਰ ਕੋਈ ਵੀ ਬਹਾਨਾ ਘੜ ਸਕਦੀ ਹੈ ਪਰ ਹੈ ਇਹ ਬਿਲਕੁਲ ਨਜ਼ਾਇਜ਼ ਤੇ ਰਾਧਾ ਸਵਾਮੀਆਂ ਵਿਰੁਧ ਉਠ ਰਹੀ ਆਵਾਜ਼ ਨੂੰ ਦਬਾਉਣ ਲਈ ਇੱਕ ਦਹਿਸ਼ਤ ਦੇ ਤੌਰ ’ਤੇ। ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਜ਼ਾਇਜ਼ ਠਹਿਰਾਉਣ ਵਾਲੇ ਪ੍ਰਕਾਸ਼ ਬਾਦਲ ਤੇ ਉਨ੍ਹਾਂ ਦੇ ਧੂਤੂ ਬਣੇ ਆਗੂ ਦੱਸਣ ਕੇ ਸ: ਬਾਦਲ ਅਤੇ ਉਨ੍ਹਾਂ ਦੇ ਅਨੇਕਾਂ ਸਾਥੀਆਂ ਨੂੰ ਅਨੇਕਾਂ ਵਾਰ ਵਿਰੋਧੀ ਸਰਕਾਰਾਂ ਨੇ ਕਈ ਕੇਸਾਂ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਸੀ ਤੇ ਮੋਰਚੇ ਚਲਾ ਰਹੇ ਕਈ ਆਗੂਆਂ ਨੂੰ ਕਈ ਕੇਸਾਂ ਵਿੱਚ ਸਜਾਵਾਂ ਵੀ ਹੋਈਆਂ। ਕੀ ਅੱਜ ਦੀਆਂ ਗ੍ਰਿਫ਼ਤਾਰੀਆਂ ਨੂੰ ਜਾਇਜ਼ ਦੱਸਣ ਵਾਲੇ ਮੰਨ ਸਕਦੇ ਹਨ ਕਿ ਜਦ ਵਿਰੋਧੀ ਸਰਕਾਰਾਂ ਨੇ ਬਾਦਲ ਅਤੇ ਉਨ੍ਹਾਂ ਸਾਥੀਆਂ ਵਿਰੁਧ ਕੇਸ ਪਾਏ ਸਨ ਤਾਂ ਉਹ ਜਾਇਜ਼ ਸਨ ਤੇ ਇਹ ਖ਼ੁਦ ਕਸੂਰਵਾਰ ਸਨ। ਜੇ ਉਸ ਸਮੇਂ ਦੀ ਸਰਕਾਰ ਨਜ਼ਾਇਜ਼ ਕੇਸ ਪਾਉਂਦੀ ਸੀ ਤਾਂ ਅੱਜ ਦੀ ਸਰਕਾਰ ਦੀ ਹਰ ਕਾਰਵਾਈ ਠੀਕ ਕਿਵੇਂ ਹੋ ਸਕਦੀ ਹੈ? ਜਿਸ ਵੀ ਮਨੁਖ ਨੇ ਸਰਕਾਰ ਦੇ ਵਿਰੁੱਧ ਜਾਂ ਸੱਚ ਦੀ ਆਵਾਜ਼ ਉਠਾਉਣੀ ਹੈ ਸਰਕਾਰ ਲਈ ਤਾਂ ਉਸ ਦੀ ਥਾਂ ਜੇਲ੍ਹਾਂ ਵਿੱਚ ਹੀ ਹੈ ਜਾਂ ਫਾਂਸੀ ਵੀ ਹੋ ਸਕਦੀ ਹੈ! ਇਹ ਪੁਰਾਤਨ ਸਮੇਂ ਤੋਂ ਮੌਜੂਦਾ ਸਮੇਂ ਦੇ ਇਤਿਹਾਸ ਨੂੰ ਵੇਖਿਆਂ ਪ੍ਰਤੱਖ ਨਜ਼ਰ ਆ ਸਕਦਾ ਹੈ। ਇਸ ਲਈ ਸਾਨੂੰ ਦੁੱਖ ਇਸ ਗੱਲ ਦਾ ਨਹੀਂ ਕਿ ਅਕਾਲੀ ਸਰਕਾਰ ਡੇਰਾਵਾਦ ਦਾ ਵਿਰੋਧ ਕਰ ਰਹੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਕਿਉਂ ਸੁੱਟ ਰਹੀ ਹੈ ਬਲਕਿ ਦੁੱਖ ਇਸ ਗੱਲ ਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਸ਼ਬਦ ਉਸ ਸਮੇਂ ਦੇ ਜ਼ਾਲਮ ਰਾਜਿਆਂ ਤੇ ਮੌਕਾ ਪ੍ਰਸਤ ਪਖੰਡੀ ਧਾਰਮਿਕ ਆਗੂਆਂ ਨੂੰ ਸੰਬੋਧਨ ਕਰਕੇ ਉਚਾਰਣ ਕੀਤੇ ਸਨ ਉਹ ਅੱਜ ਅਸੀਂ ਕਿਸ ਨੂੰ ਸੁਣਾਈਏ, ਕਿਉਂਕਿ ਇਸ ਸਮੇਂ ਤਾਂ ਉਨ੍ਹਾਂ ਦੇ ਵਿਖਾਵੇ ਦੇ ਤੌਰ ’ਤੇ ਬਣੇ ਪੈਰੋਕਾਰ ਹੀ ਇਹ ਰਾਜੇ-ਪੁਜਾਰੀ ਦੀਆਂ ਦੋਵੇਂ ਪਦਵੀਆਂ ਸੰਭਾਲੀ ਬੈਠੇ ਹਨ। ਵੰਨਗੀ ਮਾਤਰ ਪੜ੍ਹੋ:

ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍‍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍‍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥’ (ਮਲਾਰ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ -ਪੰਨਾ 1288)

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥’ (ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 662)

ਉਕਤ ਗੁਰਫ਼ੁਰਮਾਨਾਂ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਇਹ ਪਉੜੀਆਂ ਵੀ ਬਿਲਕੁਲ ਠੀਕ ਢੁਕਦੀਆਂ ਹਨ:

ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ। ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।
ਸੇਵਕ ਬੈਠਨਿ ਘਰਾ ਵਿਚਿ ਗੁਰ ਉਠਿ ਘਰੀ ਤਿਨਾੜੇ ਜਾਈ। ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕ ਗਵਾਈ।
ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ। ਵਰਤਿਆ ਪਾਪ ਸਭਸ ਜਗ ਮਾਂਹੀ ॥30॥
’ (ਵਾਰ 1 ਪਉੜੀ 30)

ਜੇ ਮਾਉ ਪੁਤੈ ਵਿਸੁ ਦੇ ਤਿਸਤੇ ਕਿਸੁ ਪਿਆਰਾ। ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ।
ਬੇੜੀ ਡੋਬੈ ਪਾਤਣੀ ਕਿਉ ਪਾਰਿ ਉਤਾਰਾ। ਆਗੂ ਲੈ ਉਝੜਿ ਪਵੈ ਕਿਸੁ ਕਰੈ ਪੁਕਾਰਾ।
ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ। ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ ॥22॥
’ (ਵਾਰ 35 ਪਉੜੀ 22)

ਜਰਾ ਵੀਚਾਰ ਕੇ ਵੇਖੋ ਕਿ ਭਾਈ ਗੁਰਦਾਸ ਜੀ ਦੀ ਇਹ ਪਾਉੜੀ ਪੰਥ ’ਤੇ ਕਾਬਜ਼ ਹੋਏ ਅੱਜ ਦੇ ਰਾਜਨੀਤਕ ਤੇ ਧਾਰਮਿਕ ਆਗੂਆਂ ’ਤੇ ਪੂਰੀ ਤਰ੍ਹਾਂ ਨਹੀਂ ਢੁਕਦੀ! ਕੀ ਪੰਥ ਦਰਦੀਆਂ ਲਈ ਇਹ ਸੋਚਣ ਦਾ ਸਮਾ ਨਹੀ ਹੈ ਕਿ ਸਿਖੀ ਰੂਪੀ ਫਸਲ ਦੀ ਜਿਹੜੇ ਆਗੂਆਂ ਨੂੰ ਪਹਿਰੇਦਾਰੀ ’ਤੇ ਬਿਠਾਇਆ ਹੈ ਉਹ ਤਾਂ ਖ਼ੁਦ ਹੀ ਘਰ ਭੰਨਣ ਵਾਲੇ ਬਣ ਗਏ ਹਨ। ਜਿਹੜੀ ਵਾੜ ਉਨ੍ਹਾਂ ਕੀਤੀ ਹੈ ਉਹ ਵਾੜ ਤਾਂ ਖ਼ੁਦ ਹੀ ਖੇਤ ਖਾ ਰਹੀ ਹੈ, ਪੰਥ ਦੇ ਬੇੜੇ ਦੇ ਬਣੇ ਮਲਾਹ ਖ਼ੁਦ ਹੀ ਬੇੜਾ ਡੋਬਣ ’ਤੇ ਲੱਗੇ ਹੋਏ ਹਨ ਤਾਂ ਹੁਣ ਬਚਾਅ ਦੀ ਆਸ ਕਿਥੋਂ ਹੋ ਸਕਦੀ ਹੈ?


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top