Share on Facebook

Main News Page

ਆਬਿਦ ਅਤੇ ਆਲਿਮ
-
ਹਰਦੇਵ ਸਿੰਘ ਜੰਮੂ

ਸਤਿਕਾਰ ਯੋਗ ਪਾਠਕ ਸੱਜਣੋਂ,

ਆਬਿਦ ਲੱਗਭਗ 29-30 ਸਾਲ ਦਾ ਖੁਸ਼ ਮਿਜਾਜ਼ ਅਤੇ ਹੱਸਮੁਖ ਨੋਜਵਾਨ ਹੈ ਅਤੇ ਔਕਾਫ਼ ਬੋਰਡ ਵਿਚ ਮੁਲਾਜ਼ਮਤ ਕਰਦਾ ਹੈ। ਕਿਸੇ ਨਿਜੀ ਕੰਮ ਦੇ ਸਿਲਸਿਲੇ ਮੈਂ ਔਕਾਫ਼ ਬੋਰਡ ਦੇ ਦਫ਼ਤਰ ਗਿਆ ਤਾਂ ਉਸ ਨਾਲ ਮੁਲਾਕਾਤ ਹੋ ਗਈ ਅਤੇ ਉਸ ਪਾਸ ਕੁੱਝ ਸਮਾਂ ਬੈਠਣ ਦਾ ਸਬਬ ਬਣਿਆ। ਆਮ ਗੁਫਤਗੂ ਦੌਰਾਨ ਮੈਂ ਜਿਗਿਆਸਾ ਵੱਸ਼ ਉਸ ਨੂੰ ਇਸਲਾਮ ਬਾਰੇ ਇਕ ਸਵਾਲ ਪੁੱਛ ਲਿਆ। ਸਵਾਲ ਕਿਸੇ ਸੰਜੀਦਾ ਨੁਕਤੇ ਦੀ ਜਾਣਕਾਰੀ ਬਾਰੇ ਸੀ। ਆਬਿਦ ਨੇ ਧਿਆਨ ਨਾਲ ਮੇਰਾ ਸਵਾਲ ਸੁਣਿਆ ਅਤੇ ਕੁੱਝ ਪਲ ਸੋਚਣ ਉਪਰੰਤ ਕਹਿਣ ਲਗਾ ਕਿ ਇਸ ਸਵਾਲ ਦਾ ਜਵਾਬ ਤਾਂ ਉਹ ਜਾਣਦਾ ਹੈ ਪਰ ਫਿਰ ਵੀ ਫੈਸਲਾਕੁਨ ਜਵਾਬ ਲਈ ਉਹ ਮੈਂਨੂੰ ਕਿਸੇ ਦਿਨ ‘ਆਲਿਮ’ (ਮਹਜ਼ਬੀ ਇਲਮ ਦੇ ਵੱਡੇ ਜਾਣਕਾਰ) ਪਾਸ ਲੈ ਜਾਏਗਾ।

ਮੈਂ ਉਸ ਨੂੰ ਆਗ੍ਰਹ ਕੀਤਾ ਕਿ ਜੇ ਕਰ ਉਹ ਜਵਾਬ ਜਾਣਦਾ ਹੈ ਤਾਂ ਉਹ ਆਪ ਹੀ ਮੇਰੇ ਨਾਲ ਸਬੰਧਤ ਜਾਣਕਾਰੀ ਸਾਂਝੀ ਕਰ ਲਵੇ ਤਾਂਕਿ ਮੈਂਨੂੰ ਉਚੇਚੇ ਨਾ ਆਉਂਣਾ ਪਵੇ। ਪਰ ਉਸ ਨੇ ਫਿਰ ਇਨਕਾਰ ਕਰ ਦਿੱਤਾ ਅਤੇ ਮੈਂਨੂੰ ਕਿਸੇ ਦਿਨ ਆਲਿਮ ਨੂੰ ਮਿਲਣ ਲਈ ਆਉਂਣ ਦਾ ਸੱਦਾ ਦੂਹਰਾ ਦਿੱਤਾ।

ਹੁਣ ਉਸਦੇ ਇਨਕਾਰ ਤੇ ਮੇਰੀ ਜਿਗਿਆਸਾ ਵੱਧ ਗਈ ਅਤੇ ਮੈਂ ਉਸ ਨੂੰ ਪੁੱਛਿਆ ਕਿ ਆਖ਼ਰ ਉਹ ਆਪ ਜਵਾਬ ਕਿਉਂ ਨਹੀਂ ਦੇਂਣਾ ਚਾਹੁੰਦਾ? ਆਬਿਦ ਨੇ ਕੁੱਝ ਹਿਚਕਦੇ ਅਤੇ ਮੁਸਕੁਰਾਉਂਦੇ ਹੋਏ ਮੈਂਨੂੰ ਜੋ ਜਵਾਬ ਦਿੱਤਾ ਉਹ ਸੱਚਮੁੱਚ ਲਾਹੇਵੰਧ ਅਤੇ ਵਿਚਾਰਨਯੋਗ ਸੀ।

ਆਬਿਦ ਨੇ ਦੱਸਿਆ ਸੀ ਕਿ ਮੇਰੇ ਵਲੋਂ ਪੁੱਛਿਆ ਸਵਾਲ ਮਹੱਤਵਪੁਰਨ ਅਤੇ ਖੌਜ ਸਬੰਧਤ ਸੀ, ਜਿਸ ਦਾ ਉਹ ਇਸ ਲਈ ਜਵਾਬ ਨਹੀਂ ਦੇਂਣਾ ਚਾਹੁੰਦਾ ਕਿ ਉਹ ਇਸ ਵਿਸ਼ੇ ਬਾਰੇ ਲੋੜੀਂਦੀ ਯੋਗਤਾ ਪ੍ਰਾਪਤ ਜਾਣਕਾਰ ਨਹੀਂ ਹੈ! ਇਸ ਲਈ ਉਸ ਵਲੋਂ ਐਸੇ ਸੰਜੀਦਾ ਵਿਸ਼ੇ ਬਾਰੇ ਕੀਤੀ ਕੋਈ ਗਲਤ ਗਲ ਇਸਲਾਮ ਬਾਰੇ ਇਕ ਗਲਤ ਜਾਣਕਾਰੀ ਨੂੰ ਜਨਮ ਦੇਵੇਗੀ!

ਆਬਿਦ ਆਲਿਮ ਨਹੀਂ ਹੈ, ਜਿਸ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਉਸਨੇ ਖ਼ੁਦ ਜਵਾਬ ਦੇਂਣ ਤੋਂ ਪਰਹੇਜ਼ ਕੀਤਾ। ਪਰ ਮੈਨੂੰ ਮਹਿਸੂਸ ਹੋਇਆ ਕਿ ਆਪਣੀ ਇਸ ਸਵਕ੍ਰਿਤੀ ਦੇ ਪਲ ਵਿਚ ਆਬਿਦ ਆਲਿਮ ਸੀ। ਉਸ ਨੂੰ ਮਹਜ਼ਬੀ ਇਲਮ ਦੀ ਜਾਣਕਾਰੀ ਬਾਰੇ ਆਪਣੀ ਹਦੂਦ ਦਾ ਪਤਾ ਸੀ। ਉਸਨੇ ਆਪਣੀ ਨਿਜੀ ਜਾਣਕਾਰੀ ਨੂੰ ਇਸਲਾਮ ਬਾਰੇ ਇਕ ਦਾਵੇ/ਨਿਰਣੈ ਦੇ ਰੂਪ ਵਿਚ ਪੇਸ਼ ਕਰਨ ਤੋਂ ਸਪਸ਼ਟ ਇਨਕਾਰ ਕੀਤਾ। ਸਾਡੇ ਤਾਂ ਮੇਰੇ ਵਰਗੇ ਆਬਿਦ ਆਲਿਮ ਬਣ ਬੈਠੇ ਹਨ!


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top