Share on Facebook

Main News Page

ਬਦਲ ਰਹੀ ਰੁੱਤ
- ਨਿਰਮਲ ਸਿੰਘ ਕੰਧਾਲਵੀ

ਪੰਜਾਬ ਵਿਚ ਇਕ ਪਿੰਡ ਦੇ ਗ਼ੈਰ-ਸਿੱਖ ਸਰਪੰਚ ਅਤੇ ਆਰ. ਐੱਸ. ਐੱਸ. ਦੇ ਇਕ ਸੀਨੀਅਰ ਏਜੰਟ ਵਿਚਕਾਰ ਟੈਲੀਫੂਨ ਉੱਪਰ ਗੱਲਬਾਤ ਹੁੰਦੀ ਹੈ। ਪਹਿਲਾਂ ਇਹ ਏਜੰਟ ਇਸੇ ਪਿੰਡ ਵਿਚ ਹੀ ਰਹਿੰਦਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਆਰ.ਐੱਸ.ਐੱਸ. ਨੇ ਇਸ ਨੂੰ ਸ਼ਹਿਰ ਲਿਜਾ ਕੇ ਵਸਾ ਦਿੱਤਾ ਹੈ ਤੇ ਇਹ ਉੱਥੋਂ ਹੀ ਆਪਣੀਆਂ ਗਤੀ ਵਿਧੀਆਂ ਚਲਾਉਂਦਾ ਹੈ।

ਇਹ ਪਿੰਡ ਕਿਸੇ ਵੇਲੇ ਸਿੱਖੀ ਦਾ ਗੜ੍ਹ ਹੁੰਦਾ ਸੀ। ਖਾੜਕੂਵਾਦ ਵੇਲੇ ਸਰਕਾਰ ਤੇ ਪ੍ਰਸ਼ਾਸਨ ਨੂੰ ਖ਼ਤਰਾ ਸੀ ਕਿ ਸਿੱਖੀ ਦੀ ਗੁੜ੍ਹਤੀ ਨਾਲ਼ ਜੁਝਾਰੂਆਂ ਦੇ ਹੌਸਲੇ ਹੋਰ ਬੁਲੰਦ ਹੋਣਗੇ ਸੋ ਉਨ੍ਹਾਂ ਨੇ ਸਿੱਖ ਸਿਧਾਂਤਾਂ ਦੀਆਂ ਜੜ੍ਹਾਂ ‘ਚ ਤੇਲ ਦੇਣ ਲਈ ਇਕ ਚਾਲ ਚੱਲੀ। ਉਨ੍ਹਾ ਨੇ ਇਕ ਗ਼ੈਰ ਸਿੱਖ ਪਰਿਵਾਰ ਬਾਹਰਲੇ ਕਿਸੇ ਸੂਬੇ ‘ਚੋਂ ਲਿਆ ਕੇ ਇਸ ਪਿੰਡ ਵਿਚ ਬਿਠਾ ਦਿੱਤਾ। ਪਿੰਡ ਦੇ ਭੋਲ਼ੇ ਲੋਕ ਇਸ ਚਾਲ ਨੂੰ ਸਮਝ ਨਾ ਸਕੇ ਸਗੋਂ ਤਰਸ ਖਾ ਕੇ ਉਨ੍ਹਾਂ ਨੇ ਇਸ ਪਰਿਵਾਰ ਦੀ ਹਰੇਕ ਪ੍ਰਕਾਰ ਦੀ ਮਦਦ ਕੀਤੀ। ਇਹ ਸਭ ਕੁਝ ਬੜੀ ਯੋਜਨਾ ਨਾਲ ਕੀਤਾ ਗਿਆ ਹੋਣ ਕਰ ਕੇ ਪ੍ਰਸ਼ਾਸਨ ਦੇ ਅਫ਼ਸਰ ਇਸ ਵਿਅਕਤੀ ਦੀ ਸਿਫ਼ਾਰਸ਼ ਬਿਨਾਂ ਕਿਸੇ ਦਾ ਕੋਈ ਕੰਮ ਹੀ ਨਹੀਂ ਸਨ ਕਰਦੇ। ਸੋ ਲੋਕ ਆਪਣੀਆਂ ਗ਼ਰਜ਼ਾਂ ਲਈ ਇਸ ਦੇ ਆਲ਼ੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਉੱਪਰਲੇ ਅਫ਼ਸਰ ਵੀ ਉਤਨਾ ਚਿਰ ਕਿਸੇ ਦਾ ਕੰਮ ਨਹੀਂ ਕਰਦੇ ਸਨ ਜਿਤਨੀ ਦੇਰ ਇਹ ਸਿਫ਼ਾਰਿਸ਼ ਨਹੀਂ ਸੀ ਕਰਦਾ। ਇੰਜ ਇਸ ਨੇ ਸਾਰਾ ਪਿੰਡ ਹੀ ਆਪਣੇ ਥੱਲੇ ਲਾ ਲਿਆ। ਆਪਣੀ ਸਰਦਾਰੀ ਕਾਇਮ ਕਰਨ ਲਈ ਇਸ ਨੇ ਪਿੰਡ ਦੇ ਸਦੀਆਂ ਤੋਂ ਸ਼ਾਂਤਮਈ ਢੰਗ ਨਾਲ਼ ਰਹਿੰਦੇ ਭਾਈਚਾਰੇ ਵਿਚ ਫੁੱਟ ਦੇ ਐਸੇ ਬੀਅ ਬੀਜੇ ਕਿ ਪਿੰਡ ਵਿਚ ਰੋਜ਼ ਹੀ ਲੋਕ ਜੁੰਡੋ-ਜੁੰਡੀ ਹੋਏ ਰਹਿੰਦੇ। ਲੜਾਈ ਝਗੜਾ ਕਰਨ ਵਾਲ਼ੀਆਂ ਦੋਵਾਂ ਧਿਰਾਂ ਨੂੰ ਆਪਣੇ ਅਸਰ ਥੱਲੇ ਰੱਖਦਾ। ਹਰੇਕ ਧਿਰ ਇਹੀ ਸਮਝਦੀ ਕਿ ਸਰਪੰਚ ਬੱਸ ਉਹਦੇ ਵਲ ਹੀ ਹੈ।

ਇਸੇ ਸਦਕਾ ਹੀ ਪੰਚਾਇਤ ਦੀਆਂ ਅਗਲੀਆਂ ਚੋਣਾਂ ਵਿਚ ਉਹ ਪਿੰਡ ਦੀ ਸਰਪੰਚੀ ‘ਤੇ ਕਾਬਜ਼ ਹੋ ਗਿਆ।

ਆਪਣੇ ਹੱਕਾਂ ਲਈ ਜੂਝਦੇ ਇਲਾਕੇ ਦੇ ਕਈ ਖਾੜਕੂ ਇਸ ਨੇ ਆਪਣੇ ਮੁਖ਼ਬਰਾਂ ਰਾਹੀਂ ਫੜਵਾ ਕੇ ਮਰਵਾਏ।

ਫੇਰ ਇਸ ਨੇ ਡਰੱਗ ਵੇਚਣ ਵਾਲ਼ਿਆਂ ਦੀ ਪੁਸ਼ਤ-ਪਨਾਹੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਲੋਕ ਤਾਂ ਦੱਬੀ ਜ਼ੁਬਾਨ ਵਿਚ ਇਹ ਵੀ ਕਹਿੰਦੇ ਹਨ ਕਿ ਡਰੱਗ ਮਾਫੀਆ ਵਿਚ ਇਸ ਦੇ ਹਿੱਸੇ ਹਨ ਤਾਂ ਹੀ ਇਹ ਰਾਜਸਥਾਨ ਦੇ ਏਨੇ ਗੇੜੇ ਮਾਰਦਾ ਰਹਿੰਦਾ ਹੈ। ਸ਼ਹਿਰੋਂ ਦੋ ਚੁਲਬੁਲੀਆਂ ਜਿਹੀਆਂ ਕੁੜੀਆਂ ਲਿਆ ਕੇ ਇਸ ਨੇ ਪਿੰਡ ਵਿਚ ਹੀ ਬਿਊਟੀ ਪਾਰਲਰ ਵੀ ਖੁਲ੍ਹਵਾ ਦਿੱਤਾ ਹੈ। ਇਹ ਵੀ ਚਰਚੇ ਨੇ ਕਿ ਇਸ ਬਿਊਟੀ ਪਾਰਲਰ ਦੀ ਓਟ ਵਿਚ ਵਿਭਚਾਰ ਦਾ ਕਾਰੋਬਾਰ ਵੀ ਚਲਦਾ ਹੈ, ਪਰ ਪ੍ਰਸ਼ਾਸਨ ਨਾਲ਼ ਇਸ ਦੇ ਸਬੰਧਾਂ ਕਰ ਕੇ ਕੋਈ ਮੂੰਹ ਨਹੀਂ ਖੋਲ੍ਹਦਾ। ਪਿੰਡ ਦੇ ਦੋਵੇਂ ਪਾਸੇ ਹੀ ਸ਼ਰਾਬ ਦੇ ਠੇਕੇ ਖੁਲ੍ਹਵਾ ਦਿੱਤੇ ਹਨ।

ਪਿੰਡ ਦੇ ਗੁਰਦੁਆਰੇ ਦੀ ਇਮਾਰਤ ਕਾਫ਼ੀ ਖ਼ਸਤਾ ਹੋ ਚੁੱਕੀ ਸੀ ਸੋ ਪਿੰਡ ਵਾਲ਼ਿਆਂ ਨੇ ਪ੍ਰਦੇਸੀਂ ਵਸਦੇ ਪੇਂਡੂੰਆਂ ਦੀ ਮਦਦ ਨਾਲ਼ ਗੁਰਦੁਆਰੇ ਦੀ ਇਮਾਰਤ ਬਣਾਉਣ ਦਾ ਬੀੜਾ ਚੁੱਕਿਆ।

ਆਰ.ਐੱਸ.ਐੱਸ. ਦੇ ਏਜੰਟ ਨੂੰ ਗੁਰਦੁਆਰੇ ਦੀ ਬਿਲਡਿੰਗ ਬਣਨ ਦੀ ਖ਼ਬਰ ਮਿਲ਼ੀ ਤਾਂ ਉਸ ਨੇ ਸਰਪੰਚ ਨੂੰ ਫੋਨ ਕੀਤਾ ਤੇ ਜੋ ਗੱਲ ਬਾਤ ਉਨ੍ਹਾਂ ਵਿਚਕਾਰ ਹੋਈ ਉਹ ਇਸ ਪਰਕਾਰ ਹੈ:

ਏਜੰਟ:- ਸਰਪੰਚ ਸਾਹਿਬ, ਆਹ ਕੀ ਹੋ ਰਿਹੈ ਬਈ।ਤੈਨੂੰ ਪਿੰਡ ਵਿਚ ਗੁਰਦੁਆਰੇ ਢਾਉਣ ਲਈ ਬਿਠਾਇਆ ਸੀ ਕਿ ਬਣਾਉਣ ਲਈ।ਪਤਾ ਲੱਗਿਐ ਪਈ ਗੁਰਦੁਆਰੇ ਦੀ ਬੜੀ ਆਲੀਸ਼ਾਨ ਇਮਾਰਤ ਪਿੰਡ ਵਾਲ਼ੇ ਬਣਵਾ ਰਹੇ ਐ।

ਸਰਪੰਚ:- ਸਰ ਜੀ, ਚਿੰਤਾ ਨਾ ਕਰੋ, ਸਿੱਖੀ ਬਿਲਡਿੰਗਾਂ ਵਿਚ ਨਹੀਂ ਹੁੰਦੀ। ਸਿੱਖੀ ਲੋਕਾਂ ਦੇ ਮਨਾਂ ‘ਚ ਹੁੰਦੀ ਹੈ ਤੇ ਮੈਂ ਲੋਕਾਂ ਦੇ ਮਨਾਂ ‘ਚੋਂ ਸਿੱਖੀ ਕੱਢ ਰਿਹਾਂ। ਹੁਣ ਤੁਸੀਂ ਕਦੇ ਪਿੰਡ ਆ ਕੇ ਤਾਂ ਦੇਖੋ ਪਿੰਡ ਵਿਚ ਦਾਹੜੀ ਕੇਸਾਂ ਵਾਲ਼ਾ ਕੋਈ ਮੁੰਡਾ ਨਹੀਂ ਮਿਲਦਾ। ਪਿੰਡ ਵਿਚ ਜਗਰਾਤਾ ਕਲੱਬ ਬਣਾ ਦਿੱਤੀ ਹੈ ਜਿਸ ਵਿਚ ਸਿੱਖ ਪਰਿਵਾਰਾਂ ਦੇ ਨੌਜੁਆਨ ਮੈਂਬਰ ਬਣਾਏ ਹਨ। ਤੁਸੀਂ ਤਾਂ ਦੇਖਿਆ ਹੀ ਐ ਕਿ ਸ਼੍ਰੋਮਣੀ ਕਮੇਟੀ ਦਾ ਇਕ ਮੈਂਬਰ ਵੀ ਸਿਰ ‘ਤੇ ਚੁੰਨੀ ਲੈ ਕੇ ਕਿੰਨੀਆਂ ਸੋਹਣੀਆਂ ਭੇਟਾਂ ਗਾਉਂਦਾ ਹੁੰਦੈ, ਇਹ ਨੌਜੁਆਨ ਵੀ ਗਾਉਣਗੇ ਜੀ। ਸਰ ਜੀ, ਜਿਨ੍ਹਾਂ ਜ਼ਨਾਨੀਆਂ ਨੇ ਆਪਣੇ ਬੱਚਿਆਂ ਨੂੰ ਸਿੱਖ ਬਣਾਉਣੈ ਉਹ ਤਾਂ ਸਾਰਾ ਸਾਰਾ ਦਿਨ ਪਿੰਡ ਵਿਚਲੇ ਬਿਊਟੀ ਪਾਰਲਰ ‘ਚ ਬੈਠੀਆਂ ਰਹਿੰਦੀਆਂ, ਤੁਸੀਂ ਚਿੰਤਾ ਨਾ ਕਰੋ ਕੋਈ। ਮੈਂ ਆਪਣੀ ਡਿਊਟੀ ਬੜੀ ਤਨ ਦੇਹੀ ਨਾਲ਼ ਨਿਭਾਈ ਜਾਨਾ ਜੀ। ਹੋਰ ਖ਼ੁਸ਼ਖ਼ਬਰੀ ਸੁਣੋ, ਪਹਿਲੇ ਗ੍ਰੰਥੀ ਨੂੰ ਸਿੱਖੀ ਸਿਧਾਂਤਾਂ ਦਾ ਕੁਝ ਜ਼ਿਆਦਾ ਹੀ ਬੁਖ਼ਾਰ ਚੜ੍ਹਿਆ ਹੋਇਆ ਸੀ, ਮੈਂ ਪਿੰਡ ਦੇ ਕੁਝ ਬੰਦੇ ਉਹਦੇ ਗਲ਼ ਪੁਆ ਕੇ ਉਹਦੀ ਛੁੱਟੀ ਕਰਵਾ ਦਿੱਤੀ ਹੈ ਤੇ ਹੁਣ ਗੁਰਦੁਆਰੇ ਵਿਚ ਦਸਮ ਗ੍ਰੰਥੀਆ ਭਾਈ ਲਿਆ ਬਿਠਾਇਆ ਹੈ। ਨਵੇਂ ਭਾਈ ਨੇ ਗੁਰਦੁਆਰੇ ਵਿਚ ਵਿਚ ਸੁੱਖੇ ਦਾ ਪ੍ਰਸ਼ਾਦ ਵੀ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ।

ਏਜੰਟ:- ਬਈ ਆਹ ਤਾਂ ਵਾਕਈ ਖ਼ੁਸ਼ਖ਼ਬਰੀ ਵਾਲ਼ੀ ਗੱਲ ਐ। ਅਗਲੀ ਵਾਰੀ ਤੈਨੂੰ ਹੁਣ ਪੰਚਾਇਤ ਸੰਮਤੀ ਦੀ ਚੋਣ ਲੜਾਉਣੀ ਐ। ਕੀ ਪਤੈ ਹੋਰ ਪੰਜਾਂ ਸੱਤਾਂ ਸਾਲਾਂ ਤਾਈਂ ਐਮ.ਐਲ.ਏ. ਈ ਬਣ ਜਾਵੇਂ। ਹੋਰ ਮੇਰੇ ਲਾਇਕ ਕੋਈ ਸੇਵਾ ਹੋਈ ਤਾਂ ਜ਼ਰੂਰ ਦੱਸਣੀਂ। ਤੇਰੀ ਸਿਫ਼ਾਰਿਸ਼ ਮੈਂ ਉੱਪਰ ਵੀ ਕਰਾਂਗਾ।

ਸਰਪੰਚ:- ਧੰਨਵਾਦ ਜੀ ਆਪ ਜੀ ਦਾ ਬਹੁਤ ਬਹੁਤ।ਬਸ ਆਪਣੀ ਨਿਗਾਹ ਸਵੱਲੀ ਰੱਖਿਉ। ਅੱਛਾ ਜੀ ਨਮਸਤੇ।

ਏਜੰਟ:- ਨਮਸਤੇ ਬਈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top