Share on Facebook

Main News Page

ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ, ਵੈਨਕੁਵਰ ਵਲੋਂ ਕਰਵਾਇਆ ਗਿਆ ਗੁਰਮਤਿ ਸੈਮੀਨਾਰ

* ਗੁਰਬਾਣੀ ਤਾਂਤ੍ਰਿਕਾਂ ਤੇ ਜੋਗੀਆਂ ਤੇ ਮੱਤ ਨੂੰ ਪ੍ਰਚਾਰਨ ਦਾ ਸਾਧਨ ਨਹੀਂ
* ਗੁਰਦੁਆਰੇ ਡੇਰਾਵਾਦੀਆਂ ਦੀ ਮਰਯਾਦਾ ਦਾ ਪ੍ਰਚਾਰ ਸਾਧਨ ਨਹੀਂ ਬਣਨੇ ਚਾਹੀਦੇ
* ਗੁਰਮਤਿ ਫੋਕਟ ਕਰਮਕਾਂਡੀ ਜਾਂ ਕੇਵਲ ਤਰਕਵਾਦੀ ਨਹੀਂ, ਬਿਬੇਕਸ਼ੀਲਤਾ ਦਾ ਮਾਰਗ ਹੈ

ਵੈਨਕੁਵਰ (ਬੀ:ਸੀ, ਕੈਨੇਡਾ) ਗੁਰਬਾਣੀ ਨੂੰ ਜਾਂ ਤਾਂ ਤਾਂਤ੍ਰਿਕ ਮੱਤ ਅਤੇ ਜਾਂ ਜੋਗ ਮਤ ਦੇ ਨਿਯਮਾਂ ਅਨੁਸਾਰ ਪ੍ਰਚਾਰਿਆ ਜਾਰਿਹਾ ਹੈ। ਪਾਠਾਂ ਦੀਆਂ ਅਨੇਕਾਂ ਕਿਸਮਾਂ ਤੇ ਉਨ੍ਹਾਂ ਦੇ ਵੱਖਰੇ ਵੱਖਰੇ ਫਲਾਂ ਦੀ ਮਹਾਨਤਾ ਦੱਸ ਕੇ, ਕਈ ਤਰ੍ਹਾਂ ਦੀ ਕਠਿਨ ਮਰਯਾਦਾ ਨਾਲ ਪਾਠ ਕਰਨੇ ਇਹ ਤਾਂਤ੍ਰਿਕਾਂ ਵਾਂਗ ਗੁਰਬਾਣੀ ਨੂੰ ਵਰਤਣ ਦਾ ਤਰੀਕਾ ਹੈ, ਜੋ ਸਾਡੇ ਵਿਚ ਪ੍ਰਚਾਰਿਆ ਜਾ ਰਿਹਾ ਹੈ। ਜੋਗੀ ਲੋਕ ਪ੍ਰਾਣਾਯਾਮ ਦਾ ਅਭਿਆਸ ਕਰਦੇ ਸਨ ਤੇ ਇੜਾ ਪਿੰਗਲਾ ਸੁਖਮਨਾ (ਸਾਹ ਖਿੱਚਣ ਰੋਕਣ ਤੇ ਛੱਡਣ) ਦੀ ਪ੍ਰਕ੍ਰਿਆ ਰਾਹੀਨ ਮਨ ਨੂੰ ਸੁੰਨ ਸਮਾਧੀ ਵਿਚ ਲੈ ਜਾਣ ਦਾ ਯਤਨ ਕਰਦੇ ਸਨ ਅਤੇ ਕਈ ਤਰਾਂ ਦੇ ਆਸਨ ਤੇ ਤਿਆਗ ਨੂੰ ਸਹੀ ਮਾਰਗ ਮੰਨਦੇ ਸਨ। ਗੁਰੂ ਸਾਹਿਬ ਜੀ ਨੇ ਇਸਦੀ ਜਗ੍ਹਾ ਮਨੁੱਖ ਨੂੰ ਗੁਣ ਭਗਤੀ ਵੱਲ ਪ੍ਰੇਰਿਆ ਤੇ ਤਾਂਤ੍ਰਿਕ ਤੇ ਜੋਗ ਮਤ ਤੋਂ ਵੱਖਰਾ ਸਹਿਜ ਮਾਰਗ ਬਖਸ਼ਿਸ਼ ਕੀਤਾ। ਪਰ ਅੱਜ ਸਾਹ ਖਿੱਚਣ ਤੇ ਛੱਡਣ ਦੀ ਖਾਸ ਪ੍ਰਕਿਰਆ ਸਿਮਰਨ ਦੇ ਨਾਂ 'ਤੇ ਗੁਰਦੁਆਰਿਆਂ ਵਿਚ ਪ੍ਰਚਾਰੀ ਜਾ ਰਹੀ ਹੈ ਅਤੇ ਇਸੇ ਨੂੰ ਹੀ ਗੁਰਮਤਿ ਭਗਤੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਡੇਰੇਦਾਰ ਅਖੌਤੀ ਤਿਆਗੀ ਲੋਕਾਂ ਦੀਆਂ ਕਹਾਣੀਆਂ ਗੁਰਦੁਆਰਿਆਂ ਵਿਚ ਸੁਣਾ ਕੇ ਉਨ੍ਹਾਂ ਦੀ ਮਹਾਨਤਾ ਕੀਤੀ ਜਾ ਰਹੀ ਹੈ। ਨਾਂਗੇ ਸਾਧੂਆਂ ਦੀਆਂ ਬਰਸੀਆਂ ਗੁਰਦੁਆਰਿਆਂ ਵਿਚ ਮਨਾ ਕੇ, ਸੰਪਟ, ਅਤੀ ਸੰਪਟ ਤੇ ਮੋਨ ਪਾਠ ਵਰਗੇ ਤਰੀਕੇ ਵਰਤ ਕੇ ਗੁਰਮਤਿ ਪ੍ਰਤੀ ਦੁਬਿਧਾ ਲੋਕ ਮਨਾਂ ਵਿਚ ਪੈਦਾ ਕੀਤੀ ਜਾ ਰਹੀ ਹੈ। ਜਦੋਂ ਕਿ ਸਿੱਖ ਰਹਿਤ ਮਰਯਾਦਾ ਵਿਚ ਇਨ੍ਹਾਂ ਅਨੇਕਾਂ ਕਿਸਮਾਂ ਦਾ ਕੋਈ ਜ਼ਿਕਰ ਨਹੀਂ ਹੈ।

ਕਰਮਕਾਂਡੀ ਲੋਕਾਂ ਦਾ ਪ੍ਰਬੰਧ ਤੇ ਪ੍ਰਭਾਵ ਹੋਣ ਕਰਕੇ ਸਿੱਖ ਰਹਿਤ ਮਰਯਾਦਾ ਖੂੰਜੇ ਲਾ ਦਿੱਤੀ ਗਈ ਹੈ, ਜਿਸ ਕਾਰਨ ਗੁਰਦੁਆਰਿਆਂ ਵਿਚ ਵੀ ਡੇਰੇਦਾਰੀ ਮਰਯਾਦਾ ਦੀ ਭਰਮਾਰ ਹੈ। ਗੁਰਬਾਣੀ ਵਿਚ ਤਰਕ, ਦਲੀਲ, ਉਦਾਹਰਣ ਆਦਿ ਸਾਰੇ ਸਾਧਨ ਵਰਤ ਕੇ ਸੱਚਾਈ ਦੀ ਵਿਆਖਿਆ ਕੀਤੀ ਹੈ, ਤਾਂ ਕਿ ਮਨੁੱਖ ਨੂੰ ਸੱਚ ਸਮਝ ਆ ਸਕੇ। ਗੁਰਮਤਿ ਵਿਚ ਫੋਕਟ ਕਰਮੀ ਕਰਮਕਾਂਡੀ ਅਤੇ ਮੈਂ ਨਾ ਮਾਨੂੰ ਵਾਲੇ ਤਰਕਵਾਦੀ ਨੂੰ ਨਹੀਂ, ਬਲਕਿ ਬਿਬੇਕਸੀਲ਼ ਸੋਚ ਵਾਲੇ ਮਨੁੱਖ ਨੂੰ ਸਲਾਹਿਆ ਗਿਆ ਹੈ। ਗੁਰਬਾਣੀ ਨਾਲ ਜੁੜਨ ਦੇ ਤਿੰਨ ਪੜਾਅ ਹਨ, ਪੜਨਾ, ਸਮਝਣਾ ਤੇ ਜੀਵਨ ਵਿਚ ਲਾਗੂ ਕਰਨਾ। ਪਰ ਇਸ ਤਰ੍ਹਾਂ ਬਾਣੀ ਦਾ ਲਾਭ ਲੈਣ ਦੀ ਬਜਾਏ ਗਿਣਤੀਆਂ ਪੂਰੀਆਂ ਕਰਨ ਤੇ ਇਕੋਤਰੀਆਂ ਕਰਨ ਵਿਚ ਹੀ ਗੁਰੂ ਦੀ ਖੁਸ਼ੀ ਸਮਝੀ ਜਾ ਰਹੀ ਹੈ।

ਉਪਰੋਕਤ ਵੀਚਾਰ ਭਾਈ ਹਰਜਿੰਦਰ ਸਿੰਘ ਸਭਰਾਅ ਨੇ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਵਲੋਂ ਕਰਵਾਏ ਗੁਰਮਤਿ ਸੈਮੀਨਾਰ ਵਿਚ ਹਾਜ਼ਰ ਸੰਗਤ ਨਾਲ ਸਾਂਝੇ ਕੀਤੇ। ਗੁਰਬਾਣੀ ਤੋਂ ਅਸੀਂ ਕਿਵੇਂ ਲਾਭ ਲੈ ਸਕਦੇ ਹਾਂ, ਗੁਰਬਾਣੀ ਦੇ ਅਰਥ ਭਾਵ ਨੂੰ ਕਿਵੇਂ ਸਮਝ ਸਕਦੇ ਹਾਂ, ਇਤਿਹਾਸ ਨੂੰ ਕਿਵੇਂ ਗੁਰਬਾਣੀ ਤੇ ਤੱਥਾਂ ਮੁਤਾਬਕ ਹੀ ਮੰਨਣਾ ਹੈ? ਆਦਿ ਵਿਸ਼ਿਆਂ ਤੇ ਭਾਈ ਸਭਰਾਅ ਵਲੋਂ ਚਾਨਣਾ ਪਾਇਆ ਗਿਆ। ਇਸ ਮੌਕੇ ਸੰਗਤ ਨਾਲ ਸਵਾਲ ਜਵਾਬ ਵੀ ਕੀਤੇ ਗਏ। ਕੈਨੇਡਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਵਲੋਂ ਭਾਈ ਹਰਜਿੰਦਰ ਸਿੰਘ ਦਾ ਧੰਨਵਾਦ ਕਰਦਿਆਂ, ਉਨ੍ਹਾਂ ਨੂੰ ਪ੍ਰੋ. ਸਾਹਿਬ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਆ ਗਿਆ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top