Share on Facebook

Main News Page

ਗਿਆਨੀ ਪਿੰਦਰਪਾਲ ਸਿੰਘ ਜੀ! ਕੀ ਤੁਸੀਂ ਕਿਸੇ ਦੀ ਖ਼ੁਸ਼ਾਮਦ ਕਰਨ ਲਈ ਆਪਣੇ ਵੀਚਾਰ ਬਦਲੇ ਹਨ ਜਾਂ ਕਿਸੇ ਲਾਲਚ ਕਾਰਨ?
-
ਚੈਨ ਸਿੰਘ, ਟਰਾਂਟੋ
ਫ਼ੋਨ ਨੰ: +੧ ੪੧੬ ੬੦੬ ੬੪੪੧

ਗਿਆਨੀ ਪਿੰਦਰਪਾਲ ਸਿੰਘ ਜੀ! ਆਪ ਜੀ ਨੂੰ ਚੇਤਾ ਹੋਵੇਗਾ ਕਿ ਅੱਜ ਤੋਂ ੧੦-੧੨ ਸਾਲ ਪਹਿਲਾਂ, ਜਿਸ ਸਮੇਂ ਤੁਸੀਂ ਗੁਰਦੁਆਰਾ ਓਨਟੋਰੀਓ ਦਰਬਾਰ ਡਿਕਸੀ ਟਰਾਂਟੋ ਵਿਖੇ ਕਥਾ ਕਰਨ ਲਈ ਆਏ ਸੀ, ਤਾਂ ਤੁਹਾਡੇ ਨਾਲ ਖੁਲ੍ਹੀਆਂ ਵੀਚਾਰਾਂ ਹੁੰਦੀਆਂ ਰਹਿੰਦੀਆਂ ਸਨ। ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਇੱਕ ਦਿਨ ਜਦ ਤੁਹਾਨੂੰ ਜਪੁਜੀ ਸਾਹਿਬ ਦਾ ਇੱਕ ਗੁਟਕਾ ਵਿਖਾ ਕੇ ਪੁੱਛਿਆ ਸੀ, ਕਿ ਗੁਰੂ ਗ੍ਰੰਥ ਸਹਿਬ ਜੀ ਅਤੇ ਹੋਰਨਾਂ ਗੁਟਕਿਆਂ ਵਿੱਚ ਬਾਣੀ ਦੇ ਸਿਰਲੇਖ '॥ਜਪੁ॥' ਦੇ ਦੋਵੇਂ ਪਾਸੇ ਦੋ ਦੋ ਡੰਡੀਆਂ ਲੱਗੀਆਂ ਹਨ, ਪਰ ਇਸ ਗੁਟਕੇ ਵਿੱਚ ਅਗਲੀਆਂ ਡੰਡੀਆਂ ਕੱਟ ਕੇ 'ਜਪੁ॥' ਲਿਖਿਆ ਗਿਆ ਹੈ।

ਉਸ ਸਮੇਂ ਤੁਹਾਡਾ ਸਪਸ਼ਟ ਜਵਾਬ ਸੀ:- ''ਪੰਥ ਦੋਖੀ 'ਮੂਲ ਮੰਤਰ' ਦਾ ਸਰੂਪ 'ਨਾਨਕ ਹੋਸੀ ਭੀ ਸਚ॥' ਤੱਕ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਅਗਲੀ ਦੋ ਡੰਡੀਆਂ ਕੱਟ ਦਿੱਤੀਆਂ ਹਨ, ਤਾਂ ਕਿ ਹੌਲੀ ਹੌਲੀ ਇਹ ਡੰਡੀਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵੀ ਕੱਟ ਕੇ ਇਸ ਨੂੰ ਮੂਲ ਮੰਤਰ ਦਾ ਹੀ ਹਿੱਸਾ ਸਿੱਧ ਕੀਤਾ ਜਾ ਸਕੇ।'' ਉਸ ਸਮੇਂ ਤੁਸੀਂ ਕਥਾ ਸ਼ੁਰੂ ਕਰਦੇ ਸਮੇਂ ਮੰਗਲਾਚਰਨ ਵਜੋਂ ਮੂਲ ਮੰਤਰ ਵੀ 'ਗੁਰਪ੍ਰਸਾਦਿ' ਤੱਕ ਹੀ ਪੜ੍ਹਦੇ ਹੁੰਦੇ ਸੀ। ਪਰ ਹੁਣ ਤੁਹਾਡੇ ਵੱਲੋਂ ਕੀਤੀ ਜਾ ਰਹੀ ਕਥਾ ਦੀਆਂ ਕਈ ਰੀਕਾਰਡਿੰਗ ਸੁਣੀਆਂ ਹਨ, ਜਿਨ੍ਹਾਂ ਵਿੱਚ ਤੁਸੀਂ ਮੂਲ ਮੰਤਰ 'ਨਾਨਕ ਹੋਸੀ ਭੀ ਸਚ' ਤੱਕ ਪੜ੍ਹਦੇ ਹੋ।

ਇਸ ਤੋਂ ਇਲਾਵਾ ਵੀ ਪਹਿਲਾਂ ਤੁਹਾਡੇ ਵੀਚਾਰ ਮਿਸ਼ਨਰੀ ਪ੍ਰਚਾਰਕਾਂ ਵਾਲੇ ਸਨ ਜਦ ਕਿ ਹੁਣ ਤੁਹਾਡਾ ਝੁਕਾਉ ਸੰਪ੍ਰਦਾਈ ਵੀਚਾਰਾਂ ਵੱਲ ਕਾਫੀ ਵਧ ਰਿਹਾ ਹੈ। ਮੈਂ ਆਪ ਜੀ ਵੱਲੋਂ ੧੦-੧੨ ਸਾਲ ਪਹਿਲਾਂ ਕਹੇ ਹੋਏ ਸ਼ਬਦ ਦੁਹਰਾ ਕੇ ਆਪ ਜੀ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਕਿਸੇ ਦੀ ਖ਼ੁਸ਼ਾਮਦ ਕਰਨ ਲਈ ਆਪਣੇ ਵੀਚਾਰ ਬਦਲੇ ਹਨ ਜਾਂ ਕਿਸੇ ਲਾਲਚ ਕਾਰਨ?

ਦੂਸਰੀ ਗੱਲ ਹੈ ਕਿ ਭਾਈ ਗੁਰਨਿਸ਼ਾਨ ਸਿੰਘ ਪੱਟੀ ਵੱਲੋਂ ਲਿਖਿਆ ਇੱਕ ਛੋਟਾ ਜਿਹਾ ਲੇਖ ''ਲਉ ਸੁਣੋ, ਅਖੌਤੀ ਜਥੇਦਾਰ ਗੁਰਬਚਨ ਸਿੰਘ ਦੇ ਵੀਚਾਰ ਅਤੇ ਧੰਨਤਾ ਦੇ ਯੋਗ ਬਣੋ'' ਪੜ੍ਹਨ ਦਾ ਮੌਕਾ ਮਿਲਿਆ। ਉਸ ਲੇਖ ਵਿੱਚ ਉਸ ਨੇ ਮੰਜੀ ਹਾਲ, ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਵਿਖੇ ੧ ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਦਾ ਇੱਕ ਵੀਡੀਓ ਕਲਿਪ ਪਾਇਆ ਹੈ। ਇਸ ਵੀਡੀਓ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਨੇੜੇ ਸਟੇਜ 'ਤੇ ਬੈਠੇ ਵਿਖਾਈ ਦੇ ਰਹੇ ਹੋ ਤੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਵੀ ਆਪਣੇ ਸੰਬੋਧਨ ਵਿੱਚ ਸਟੇਜ਼ 'ਤੇ ਸ਼ਸ਼ੋਭਤ ਪਤਵੰਤੇ ਸੱਜਣਾਂ ਵਿੱਚ ਤੁਹਾਡਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੈ, ਤੇ ਤੁਹਾਨੂੰ ਪੰਥ ਦੇ ਮਹਾਨ ਵਿਦਵਾਨ ਦੱਸਿਆ ਹੈ। ਇਸ ਦਾ ਭਾਵ ਹੈ ਕਿ ਤੁਹਾਡੀ ਉਥੇ ਹਾਜਰੀ ਦੀ ਸ਼ੰਕਾ ਦੀ ਕੋਈ ਗੁੰਜਾਇਸ਼ ਨਹੀਂ ਹੈ ਤੇ ਤੁਸੀਂ ਨਿਸਚੈ ਤੌਰ 'ਤੇ ਉਥੇ ਹਾਜਰ ਸੀ।

ਗਿਆਨੀ ਗੁਰਬਚਨ ਸਿੰਘ ਜੀ ਨੇ ਆਪਣੇ ਵਖਿਆਨ ਦੌਰਾਨ ਕਿਹਾ ਹੈ ਕਿ ਪਹਿਲੀ ਪਾਤਸ਼ਾਹੀ ਤੋਂ ਤੀਜੀ ਪਾਤਸ਼ਾਹੀ ਤੱਕ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਉਤਰਾਧਿਕਾਰੀ ਨੂੰ ਗੁਰਗੱਦੀ ਸੌਂਪਣ ਸਮੇਂ ਉਨ੍ਹਾਂ ਵੱਲੋਂ ਉਚਾਰਣ ਕੀਤੀ ਬਾਣੀ, ਸਮੇਤ ਪਿਛਲੇ ਗੁਰੂ ਸਾਹਿਬਾਨ ਦੀਆਂ ਬਾਣੀਆਂ ਦੀਆਂ ਪੋਥੀਆਂ ਨਾਲ ਹੀ ਸੌਂਪ ਦਿੱਤੀਆਂ ਜਾਂਦੀਆਂ ਰਹੀਆਂ ਸਨ ਪਰ ਗੁਰੂ ਅਮਰ ਦਾਸ ਜੀ ਨੇ ਗੁਰਿਆਈ ਤਾਂ ਗੁਰੂ ਰਾਮਦਾਸ ਜੀ ਨੂੰ ਸੌਂਪ ਦਿੱਤੀ ਪਰ ਪੋਥੀਆਂ ਆਪਣੇ ਪੁੱਤਰ ਮੋਹਨ ਜੀ ਨੂੰ ਸੌਂਪ ਦਿੱਤੀਆਂ। ਇਸ ਦਾ ਕਾਰਣ ਉਨ੍ਹਾਂ ਇਹ ਦੱਸਿਆ ਕਿ ਭਾਵੇਂ ਗੁਰੂ ਦਾ ਸਪੁੱਤਰ ਹੀ ਕਿਉਂ ਨਾ ਹੋਵੇ ਜੇ ਉਹ ਗੁਰੂ ਦਾ ਹੁਕਮ ਨਾ ਮੰਨੇ ਤਾਂ ਉਸ ਨੂੰ ਸਰੀਰਕ ਕਸ਼ਟ ਸਹਿਣੇ ਪੈਂਦੇ ਹਨ। ਬਾਬਾ ਮੋਹਨ ਜੀ ਨੇ ਕਿਉਂਕਿ ਗੁਰੂ ਅਮਰਦਾਸ ਜੀ ਵੱਲੋਂ ਕੀਤਾ ਗਿਆ, ਗੁਰੂ ਰਾਮਦਾਸ ਜੀ ਨੂੰ ਗੁਰੂ ਮੰਨ ਕੇ ਉਨ੍ਹਾਂ ਦੇ ਚਰਨੀ ਲੱਗਣ ਦਾ ਹੁਕਮ ਨਹੀਂ ਸੀ ਮੰਨਿਆਂ ਇਸ ਲਈ ਬੇਸ਼ੱਕ ਉਹ ਸਮਾਧੀ ਲਾਉਣ ਵਾਲੇ ਸਨ ਪਰ ਉਨ੍ਹਾਂ ਦੇ ਸਰੀਰ ਵਿੱਚ ਹਮੇਸ਼ਾਂ ਜਲਨ ਰਹਿੰਦੀ ਸੀ। ਜਦੋਂ ਬਾਬਾ ਮੋਹਨ ਜੀ ਨੂੰ ਇਸ ਦਾ ਅਹਿਸਾਸ ਹੋਇਆ ਤਾਂ ਉਹ ਆਪਣੇ ਪਿਤਾ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਕੇ ਗੁਰੂ ਰਾਮਦਾਸ ਜੀ ਦੇ ਚਰਨੀ ਲੱਗ ਗਏ ਤਾਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਹੁਣ ਸਮਾਂ ਲੰਘ ਗਿਆ ਹੈ। ਪਰ ਇਸ ਦਾ ਤਰੀਕਾ ਦਸਦਿਆਂ ਉਨ੍ਹਾਂ ਬਾਣੀਆਂ ਦੀਆਂ ਪੋਥੀਆਂ ਗੁਰੂ ਰਾਮਦਾਸ ਜੀ ਨੂੰ ਦੇਣ ਦੀ ਵਜਾਏ ਬਾਬਾ ਮੋਹਨ ਜੀ ਨੂੰ ਦੇ ਦਿੱਤੀਆਂ ਤੇ ਬਚਨ ਕੀਤਾ ਕਿ ਹੁਣ ਤੁਸੀਂ ਇਨ੍ਹਾਂ ਦੇ ਚਰਨੀ ਤਾਂ ਨਹੀਂ ਲੱਗੇ ਪਰ ਜਦੋਂ ਇਨ੍ਹਾਂ ਦੇ ਪੁੱਤਰ ਦੇ ਚਰਨੀਂ ਲੱਗੋਗੇ ਤੇ ਇਹ ਪੋਥੀਆਂ ਉਨ੍ਹਾਂ ਨੂੰ ਸੌਂਪ ਦੇਵੋਗੇ ਤਾਂ ਤੁਹਾਡੇ ਸਰੀਰ ਦੀ ਜਲਨ ਉਸ ਸਮੇਂ ਹਟੇਗੀ! ਇਸ ਲਈ ਜਦੋਂ ਗੁਰੂ ਅਰਜੁਨ ਸਾਹਿਬ ਜੀ ਗੁਰਬਾਣੀ ਦੀ ਬੀੜ ਤਿਆਰ ਕਰਨ ਲੱਗੇ ਤੇ ਬਾਬਾ ਮੋਹਨ ਜੀ ਨੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੂੰ ਪੋਥੀਆਂ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਅਰਜੁਨ ਸਾਹਿਬ ਜੀ ਖ਼ੁਦ ਨੰਗੇ ਪੈਰੀਂ ਚੱਲ ਕੇ ਗੋਇੰਦਵਾਲ ਸਾਹਿਬ ਗਏ ਤੇ ਬਾਬਾ ਮੋਹਨ ਜੀ ਦੇ ਚੁਬਾਰੇ ਅੱਗੇ ਗਲੀ ਵਿੱਚ ਭੁੰਝੇ ਬੈਠ ਕੇ ਹੀ ਕੀਰਤਨ ਕਰਨ ਲੱਗ ਪਏ ਤੇ ਬਾਬਾ ਮੋਹਨ ਜੀ ਦੀ ਉਸਤਤਿ ਵਿੱਚ ਸ਼ਬਦ ਗਾਇਆ:

'ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥
ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥ ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥
ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥ ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧॥….
' (ਗਉੜੀ ਮ: ੫, ਗੁਰੂ ਗ੍ਰੰਥ ਸਾਹਿਬ - ਪੰਨਾ ੨੪੮)

ਇਹ ਸੁਣ ਕੇ ਬਾਬਾ ਮੋਹਨ ਜੀ ਚੁਬਾਰੇ ਤੋਂ ਉਤਰ ਕੇ ਥੱਲੇ ਆਏ ਤੇ ਗੁਰੂ ਅਰਜੁਨ ਸਾਹਿਬ ਜੀ ਨੂੰ ਪੋਥੀਆਂ ਸੌਂਪ ਕੇ ਉਨ੍ਹਾਂ ਦੇ ਚਰਨੀ ਲੱਗੇ ਤਾਂ ਉਨ੍ਹਾਂ ਦੇ ਸਰੀਰ ਦੀ ਜਲਨ ਹਟ ਗਈ।

ਤੁਹਾਡੀ ਹਾਜਰੀ ਵਿੱਚ ਗਿਆਨੀ ਗੁਰਬਚਨ ਸਿੰਘ ਵੱਲੋਂ ਇਹ ਸਾਖੀ ਸੁਣਾਉਣਾ, ਤੁਹਾਨੂੰ ਪੰਥ ਦੇ ਮਹਾਨ ਵਿਦਵਾਨ ਦੱਸਣਾ ਅਤੇ ਤੁਹਾਡੇ ਵੱਲੋਂ ਮੌਕੇ 'ਤੇ ਜਾਂ ਉਸ ਤੋਂ ਪਿੱਛੋਂ ਵੀ ਅੱਜ ਤੱਕ ਇਸ ਵਿੱਚ ਕੋਈ ਸੋਧ ਨਾ ਕਰਵਾਉਣਾ; ਇਹ ਦਰਸਾਉਂਦਾ ਹੈ ਕਿ ਤੁਹਾਡੀ ਇਸ ਸਾਖੀ ਨਾਲ ਸਹਿਮਤੀ ਹੈ। ਮੈਂ ਆਪ ਜੀ ਨੂੰ ਸਵਾਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸਪਸ਼ਟ ਲਫ਼ਜਾਂ ਵਿੱਚ ਦੱਸੋ ਕਿ ਕੀ ਇਹ ਸਾਖੀ ਗੁਰਮਤਿ ਅਤੇ ਗੁਰਬਾਣੀ ਦੀ ਕਸਵੱਟੀ ਉਤੇ ਪੂਰੀ ਉਤਰਦੀ ਹੈ? ਜੇ ਨਹੀਂ, ਤਾਂ ਮਹਾਨ ਵਿਦਵਾਨ ਹੋਣ ਦੇ ਨਾਤੇ ਕੀ ਤੁਹਾਨੂੰ ਮੌਕੇ 'ਤੇ ਹੀ ਜਥੇਦਾਰ ਸਾਹਿਬ ਦੇ ਇਸ ਕਥਨ ਵਿੱਚ ਸੋਧ ਕਰਵਾ ਕੇ ਸੰਗਤਾਂ ਦੇ ਸ਼ੰਕੇ ਨਿਵ੍ਰਿਤ ਨਹੀਂ ਸੀ ਕਰਨੇ ਚਾਹੀਦੇ? ਜੇ ਉਸ ਸਮੇਂ ਹੀ ਜਥੇਦਾਰ ਸਾਹਿਬ ਦਾ ਮਾਨ ਸਨਮਾਨ ਰੱਖਣ ਕਾਰਣ ਚੁੱਪ ਰਹਿ ਕੇ ਗੁਰੂ ਸਿਧਾਂਤ ਤੇ ਇਤਿਹਾਸ ਨੂੰ ਪਿੱਠ ਦੇ ਬੈਠੇ ਤਾਂ ਕੀ ਹੁਣ ਤੁਹਾਡਾ ਫ਼ਰਜ਼ ਨਹੀਂ ਬਣਦਾ ਕਿ ਇਸ ਵਿਸ਼ੇ 'ਤੇ ਵੱਖ ਵੱਖ ਵੀਚਾਰ ਦੇਣ ਨਾਲ ਪੰਥ ਵਿੱਚ ਵਧ ਰਹੇ ਵਿਵਾਦਾਂ ਨੂੰ ਘਟਾਉਣ ਲਈ ਤੁਹਾਨੂੰ ਇਸ ਸਾਖੀ ਦੀ ਪ੍ਰਮਾਣਿਕਤਾ ਸਬੰਧੀ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕਰਨੇ ਚਾਹੀਦੇ ਹਨ। ਜੇ ਤੁਸੀਂ ਇਸ ਸੁਣਾਈ ਗਈ ਸਾਖੀ ਨਾਲ ਸਹਿਮਤ ਹੋ ਤਾਂ ਮੇਰਾ ਅਗਲਾ ਸਵਾਲ ਹੈ ਕਿ ਜਿਸ ਗੁਰਮਤਿ ਮਿਸ਼ਨਰੀ ਕਾਲਜ ਵਿੱਚੋਂ ਵਿਦਿਆ ਪ੍ਰਾਪਤ ਕਰਕੇ ਤੁਹਾਨੂੰ ਮਹਾਨ ਵਿਦਵਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਉਸ ਕਾਲਜ ਦੇ ਵੀਚਾਰ ਇਸ ਸਾਖੀ ਨਾਲੋਂ ਬਿਲਕੁਲ ਵੱਖਰੇ ਹਨ। ਇਸ ਲਈ ਮੇਰਾ ਆਪ ਜੀ ਨੂੰ ਓਹੀ ਸਵਾਲ ਹੈ ਕਿ ਕੀ ਤੁਸੀ ਕਿਸੇ ਦੀ ਖ਼ੁਸ਼ਾਮਦ ਕਰਨ ਲਈ ਆਪਣੇ ਵੀਚਾਰ ਬਦਲੇ ਹਨ ਜਾਂ ਕਿਸੇ ਲਾਲਚ ਕਾਰਨ?

ਤੀਸਰਾ ਸਵਾਲ ਹੈ ਕਿ ਜਿਸ ਬਾਬਾ ਮੋਹਨ ਜੀ ਸਬੰਧੀ ਜਥੇਦਾਰ ਖ਼ੁਦ ਵੀ ਮੰਨ ਰਹੇ ਹਨ ਕਿ ਉਸ ਨੇ ਗੁਰੂ ਦਾ ਹੁਕਮ ਨਹੀਂ ਮੰਨਿਆਂ ਇਸ ਲਈ ਉਸ ਦੇ ਸਰੀਰ ਵਿੱਚ ਜਲਨ ਹੁੰਦੀ ਰਹੀ। ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਗੁਰਦਾਸ ਜੀ ਵੀ ਆਪਣੇ ਚਾਚੇ ਦੇ ਪੁੱਤਰ ਬਾਬਾ ਮੋਹਨ ਜੀ ਸਬੰਧੀ ਆਪਣੀ ੨੬ਵੀਂ ਵਾਰ ਦੀ ਪਉੜੀ ੩੩ ਵਿੱਚ ਲਿਖ ਰਹੇ ਹਨ: 'ਮੋਹਣੁ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ।'

ਤਾਂ ਫਿਰ ਇਹ ਕਿਵੇਂ ਹੋ ਸਕਦਾ ਹੈ, ਕਿ ਗੁਰੂ ਅਮਰਦਾਸ ਜੀ ਨੇ ਗੁਰਿਆਈ ਤਾਂ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ ਤੇ ਗੁਰਬਾਣੀ ਦੀਆਂ ਪੋਥੀਆਂ ਜਿਨ੍ਹਾਂ ਵਿੱਚ ਸਿੱਖੀ ਸਿਧਾਂਤ ਦਰਜ ਸੀ ਦੀ ਸੇਵਾ ਸੰਭਾਲ ਲਈ ਗੁਰੂ ਤੋਂ ਬੇਮੁਖ ਹੋਏ ਉਸ ਕਮਲੇ ਬਾਬਾ ਮੋਹਨ ਨੂੰ ਸੌਂਪ ਦਿੱਤੀਆਂ। ਇਸ ਤੋਂ ਅਗਲੀ ਗੱਲ ਹੈ ਕਿ ਬਾਬਾ ਸ਼੍ਰੀ ਚੰਦ ਜੀ ਜਿਸ ਸਬੰਧੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਉਸ ਨੂੰ ਗੁਰੂ ਤੋਂ ਆਕੀ, ਖੋਟੇ ਦਿਲ ਵਾਲਾ, ਹੰਕਾਰ ਦਾ ਭਰਿਆ ਦੱਸਿਆ ਗਿਆ ਹੈ:

'ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ ॥ ਦਿਲਿ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨਿ ਛਟੀਐ ॥
ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥ ਕਉਣੁ ਹਾਰੇ ਕਿਨਿ ਉਵਟੀਐ ॥੨॥
' (ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ਗੁਰੂ ਗ੍ਰੰਥ ਸਾਹਿਬ - ਪੰਨਾ ੯੬੭)

ਪਰ ਉਸੇ ਸ਼੍ਰੀ ਚੰਦ ਦੇ ਪ੍ਰਕਾਸ਼ ਦਿਹਾੜੇ ਮਨਾਉਣ ਸਮੇਂ ਤਖ਼ਤਾਂ ਦੇ ਸਰਬਉਚ ਕਹੇ ਜਾਂਦੇ ਜਥੇਦਾਰ ਅਤੇ ਤੁਹਾਡੇ ਵਰਗੇ ਚੋਟੀ ਦੇ ਪ੍ਰਚਾਰਕ ਸਟੇਜਾਂ 'ਤੇ ਸ਼ੁਸ਼ਭਿਤ ਹੁੰਦੇ ਹਨ ਤੇ ਬਾਬਾ ਸ਼੍ਰੀ ਚੰਦ ਜੀ ਦੀਆਂ ਸਿਫਤਾਂ ਦੇ ਪੁਲ਼ ਬੰਨ੍ਹ ਰਹੇ ਹੁੰਦੇ ਹਨ। ਕੀ ਗੁਰੂ ਦਾ ਹੁਕਮ ਨਾ ਮੰਨਣ ਵਾਲੇ, ਆਕੀ ਤੇ ਖੋਟੇ ਦਿਲ ਵਾਲੇ ਹੰਕਾਰੀ ਵਿਅਕਤੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਾਡੇ ਸਰਬਉਚ ਜਥੇਦਾਰਾਂ ਤੇ ਉਚਕੋਟੀ ਦੇ ਪ੍ਰਚਾਰਕਾਂ ਵੱਲੋਂ ਸਿਫਤਾਂ ਕਰਨੀਆਂ ਜਾਇਜ਼ ਹਨ ਜਾਂ ਤੁਸੀਂ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਘੋਰ ਉਲੰਘਣਾਂ ਸਮਝਦੇ ਹੋ?

ਇਸ ਤੋਂ ਅਗਲਾ ਸਵਾਲ ਹੈ, ਕਿ ਥੋਹੜੇ ਹੀ ਦਿਨ ਹੋਏ ਖਬਰ ਪੜ੍ਹੀ ਸੀ ਕਿ ਗੁਰਦਵਾਰਾ ਸਿੰਘ ਸਭਾ ਸਿਆਟਲ ਵਿਖੇ ਸਿੱਖ ਸੰਗਤਾਂ ਨੂੰ ਮਿਲਣ ਤੋਂ ਨਾਂਹ ਕੀਤੇ ਜਾਣ ਕਾਰਣ, ਤੁਹਾਡਾ ਪਹਿਲਾਂ ਤੋਂ ਹੀ ਨਿਸਚਤ ਹੋਇਆ ਉਥੇ ਦਾ ਪ੍ਰੋਗਰਾਮ ਰੱਦ ਕਰਨਾ ਪਿਆ ਸੀ। ਤੁਹਾਡੇ ਵੱਲੋਂ ਸੰਗਤਾਂ ਨੂੰ ਮਿਲਣ ਤੋਂ ਨਾਂਹ ਕਰਨ ਦਾ ਕਾਰਣ ਇਹ ਸੀ ਕਿ ਉਹ ਤੁਹਾਥੋਂ ਹੇਠ ਲਿਖੇ ਇਹ ਸਵਾਲ ਪੁੱਛਣਾ ਚਾਹੁੰਦੇ ਸਨ ਤੇ ਉਨ੍ਹਾਂ ਇਹ ਵੀ ਐਲਾਣ ਕੀਤਾ ਹੋਇਆ ਸੀ ਕਿ ਜੇਕਰ ਭਾਈ ਪਿੰਦਰ ਪਾਲ ਸਿੰਘ ਸਾਡੇ ਨਾਲ ਨਹੀਂ ਬੈਠ ਸਕਦੇ, ਤਾਂ ਉਹ ਮੀਡੀਏ ਰਾਹੀਂ ਹੀ ਇਨ੍ਹਾਂ ਕੁੱਝ ਪੰਥਕ ਮਸਲਿਆਂ ਨਾਲ ਸੰਬੰਧਤ ਸਵਾਲਾਂ ਦੇ ਜੁਆਬ ਦੇ ਦੇਣ। ਉਨ੍ਹਾਂ ਦੇ ਸੁਆਲ ਸਨ:-

੧. ਕਿ ਜਿਸ ਗ੍ਰੰਥ ਦੀ ਭਾਈ ਪਿੰਦਰਪਾਲ ਸਿੰਘ ਪ੍ਰੋੜਤਾ ਕਰਦੇ ਰਹੇ ਹਨ, ਉਸ ਬਾਬਤ ਹਰਨਾਮ ਸਿੰਘ ਧੁੰਮਾ ਭਿੰਡਰਾਂਵਾਲੇ ਕਹਿ ਰਹੇ ਹਨ, ਕਿ ਇਹ ਹਿੰਦੂ ਗ੍ਰੰਥਾਂ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਲੱਥਾ ਕਰਵਾਇਆ ਹੈ। ਸੰਗਤ ਦਾ ਸਵਾਲ ਸੀ ਕੀ ਉਲੱਥਾ ਕਰਵਾਉਣ ਨਾਲ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬਣ ਗਈ ਹੈ?

੨. ਬਾਦਲ ਦੀ ਪੰਥਕ ਸਰਕਾਰ ਨੇ ਸੁਮੇਧ ਸੈਣੀ ਤੇ ਇਜ਼ਹਾਰ ਆਲਮ ਵਰਗੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਉਚੇ ਅਹੁਦੇ 'ਤੇ ਲਗਾਇਆ ਤੇ ਉਸੇ ਬਾਦਲ ਦੀ ਸਤਿਕਾਰਯੋਗ ਪਤਨੀ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਦੇ ਨਮਿਤ ਕੀਰਤਨ ਵਿੱਚ ਸ਼੍ਰੀ ਨਗਰ ਵਾਲਾ ਤੁਹਾਡੀ ਹਾਜਰੀ ਵਿੱਚ ਕਹਿ ਰਿਹਾ ਹੈ, ''ਮੈਂ ਅਤੇ ਭਾਈ ਪਿੰਦਰਪਾਲ ਸਿੰਘ ਤੇ ਦੋ ਹੋਰ ਬੀਬੀ ਸੁਰਿੰਦਰ ਕੌਰ ਦੀ ਪਾਰਟੀ ਦੇ ਬੰਦੇ ਹਾਂ।'' ਸੰਗਤ ਦਾ ਸਵਾਲ ਸੀ- ਕੀ ਇਹ ਸੱਚ ਹੈ?

ਪਰ ਤੁਸੀਂ ਸਿੱਖ ਸੰਗਤਾਂ ਦੀ ਉਕਤ ਮੰਗ ਇਹ ਕਹਿ ਕੇ ਠੁਕਰਾ ਦਿਤੀ ਕਿ ਤੁਸੀਂ ਅਕਾਲ ਤਖਤ ਨੂੰ ਜਵਾਬਦੇਹ ਹੋ ਸਿੱਖ ਸੰਗਤਾਂ ਨੂੰ ਨਹੀਂ। ਤੁਹਾਡਾ ਇਹ ਜਵਾਬ ਸੁਣ ਕੇ ਪਬੰਧਕਾਂ ਨੇ ਤੁਹਾਡਾ ਪ੍ਰੋਗਰਾਮ ਰੱਦ ਕਰ ਦਿੱਤਾ। ਤੁਹਾਡਾ ਇਹ ਜਵਾਬ ਸੁਣ ਕੇ ਮੇਰਾ ਇੱਕ ਹੋਰ ਸਵਾਲ ਖੜ੍ਹਾ ਹੋ ਗਿਆ ਕਿ ਤੁਹਾਡੇ ਸਮੇਤ ਤਕਰੀਬਨ ਸਾਰੇ ਹੀ ਪ੍ਰਚਾਰਕ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਾਦੂ ਦੀ ਕਬਰ 'ਤੇ ਤੀਰ ਨਾਲ ਨਮਸ਼ਕਾਰ ਕੀਤੇ ਜਾਣ ਦਾ ਨੋਟਿਸ ਲੈਂਦੇ ਹੋਏ ਸੰਗਤ ਵੱਲੋਂ ਟੋਕੇ ਜਾਣ 'ਤੇ, ਗੁਰੂ ਸਾਹਿਬ ਜੀ ਵੱਲੋਂ ਤਨਖ਼ਾਹ ਲਵਾਉਣੀ ਤੇ ਟੋਕਣ ਵਾਲੀ ਸੰਗਤ ਨੂੰ ਸ਼ਾਬਾਸ਼ ਦੇਣ ਦੀ ਸਾਖੀ ਸੁਣਾ ਕੇ ਕਹਿੰਦੇ ਹਨ ਕਿ ਇਸ ਸਾਖੀ ਰਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਿਆ ਦਿੱਤੀ ਹੈ ਕਿ ਗੁਰਮਤਿ ਦੀ ਉਲੰਘਣਾ ਕਰਨ ਵਾਲਾ ਵਿਅਕਤੀ ਭਾਵੇਂ ਗੁਰੂ ਹੀ ਕਿਉਂ ਨਾ ਹੋਵੇ ਸਿੱਖ ਸੰਗਤ ਉਸ ਨੂੰ ਸਵਾਲ ਕਰਨ ਦਾ ਅਧਿਕਾਰ ਰਖਦੀ ਹੈ। ਪਰ ਤੁਹਾਡੇ ਵਰਗੇ ਮਹਾਨ ਵਿਦਵਾਨ ਵੱਲੋਂ ਗੁਰਮਤਿ ਨਾਲ ਸਬੰਧਤ ਸਵਾਲਾਂ ਦਾ ਜਵਾਬ ਦੇਣ ਤੋਂ ਕੋਰੀ ਨਾਂਹ ਕਰਨਾ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਗੁਰੂ ਨਾਲੋਂ ਵੀ ਵੱਡਾ ਸਮਝਣ ਲੱਗ ਪਏ ਹੋ। ਜਾਂ ਤੁਹਾਡਾ ਕੋਈ ਗੈਰ ਸਿਧਾਂਤਕ ਸਮਝੌਤਾ ਹੋਇਆ ਹੈ ਕਿ ਗੁਰੂ ਸਾਹਿਬ ਜੀ ਦੀ ਹਜੂਰੀ 'ਚ ਤੁਸੀਂ ਅਕਾਲ ਤਖ਼ਤ ਦੇ ਜਥੇਦਾਰ (ਜਿਸ ਨੂੰ ਨਾਂਹ ਗੁਰਬਾਣੀ ਸਿਧਾਂਤ ਦੀ ਸੋਝੀ ਹੈ ਤੇ ਨਾਂਹ ਹੀ ਸਿੱਖ ਇਤਿਹਾਸ ਦੀ) ਦੀ ਝੂਠੀ ਖ਼ੁਸ਼ਾਮਦ ਕਰਦੇ ਹੋਏ ਉਸ ਨੂੰ ਸਰਬਉਚ ਅਕਾਲ ਤਖ਼ਤ ਦਾ ਰੁਤਬਾ ਦੇ ਕੇ, ਉਸ ਦੇ ਹਰ ਸਿਧਾਂਤਹੀਣ ਹੁਕਨਾਮਿਆਂ ਨੂੰ ਰੱਬੀ ਹੁਕਮ ਦੱਸ ਕੇ; ਸਿੱਖ ਸੰਗਤ ਲਈ ਲਾਜ਼ਮੀ ਮੰਨਣ ਦਾ ਪ੍ਰਚਾਰ ਕਰਦੇ ਹੋ ਤੇ ਬਦਲੇ ਵਿੱਚ ਜਥੇਦਾਰ ਤੁਹਾਨੂੰ ਪੰਥ ਦੇ ਮਹਾਨ ਵਿਦਵਾਨ ਹੋਣ ਦਾ ਮਾਨ ਬਖ਼ਸ਼ ਦਿੰਦਾ ਹੈ।

ਮੈਨੂੰ ਪੂਰਾ ਯਕੀਨ ਹੋ ਗਿਆ ਹੈ, ਕਿ ਜਿਹੜਾ ਜਥੇਦਾਰ ਤੁਹਾਨੂੰ ਮਹਾਨ ਵਿਦਵਾਨ ਦੱਸ ਰਿਹਾ ਹੋਵੇ ਉਹ ਤਾਂ ਤੁਹਾਥੋਂ ਕੋਈ ਸਵਾਲ ਪੁੱਛੇਗਾ ਹੀ ਨਹੀਂ ਇਸ ਲਈ ਮੈਂ ਫੈਸਲਾ ਕਰ ਲਿਆ ਹੈ ਕਿ ਜਦੋਂ ਵੀ ਤੁਸੀਂ ਗੁਰਦੁਆਰਾ ਓਨਟੋਰੀਓ ਖ਼ਾਲਸਾ ਦਰਬਾਰ ਡਿਕਸੀ ਟਰਾਂਟੋ (ਕੈਨੇਡਾ) ਵਿਖੇ ਕਥਾ ਕਰਨ ਆਵੋਗੇ, ਉਸ ਸਮੇਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਸੰਗਤ ਨੂੰ ਦਿੱਤੇ ਅਧਿਕਾਰ ਦੀ ਵਰਤੋਂ ਕਰਦਾ ਹੋਇਆ ਉਕਤ ਸਾਰੇ ਸਵਾਲ ਸੰਗਤੀ ਰੂਪ ਵਿੱਚ ਤੁਹਾਨੂੰ ਪੁੱਛਾਂਗਾ। ਗੁਰਦੁਆਰੇ ਦਾ ਮੈਂਬਰ ਹੋਣ ਦੇ ਨਾਤੇ ਮੈਂ ਤੁਹਾਡੇ ਲਈ ਚੰਗਾ ਹੈ, ਕਿ ਸੰਗਤੀ ਦੀਵਾਨ ਵਿੱਚ ਸੰਗਤ ਦਾ ਸਮਾ ਖ਼ਰਾਬ ਹੋਣ ਤੋਂ ਬਚਾਉਣ ਲਈ ਤੇ ਆਪਣਾ ਮਾਨ ਸਨਮਾਨ ਕਾਇਮ ਰੱਖਣ ਲਈ, ਇੱਥੇ ਆਉਣ ਤੋਂ ਪਹਿਲਾਂ ਹੀ ਉਕਤ ਸਾਰੇ ਸਵਾਲਾਂ ਦੇ ਜਵਾਬ ਮੀਡੀਏ ਰਾਹੀਂ ਦੇ ਦਿੱਤੇ ਜਾਣ। ਜੇ ਕਰ ਤੁਸੀਂ ਆਪਣਾ ਫ਼ਰਜ਼ ਨਾ ਨਿਭਾਇਆ ਤਾਂ ਜਦੋਂ ਵੀ ਮੌਕਾ ਮਿਲਿਆ ਤਾਂ ਮੈਂ ਤਾਂ ਹੋਰ ਸਾਥੀਆਂ ਨਾਲ ਮਿਲ ਕੇ ਸੰਗਤੀ ਰੂਪ ਵਿੱਚ ਉਕਤ ਸਵਾਲ ਪੁੱਛਾਂਗਾ ਹੀ, ਪਰ ਇਸ ਦੇ ਨਾਲ ਹੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਾਂਗਾ, ਕਿ ਤੁਸੀਂ ਜਿਥੇ ਵੀ ਕਥਾ ਕਰਨ ਲਈ ਜਾਵੋ ਉਥੋਂ ਦੀ ਸੰਗਤ ਤੁਹਾਥੋਂ ਇਹ ਸਾਰੇ ਸਵਾਲ ਜਰੂਰ ਪੁੱਛਣ। ਚੰਗਾ ਹੋਵੇ ਕਿ ਹੁਣੇ ਤੋਂ ਹੀ ਇਹ ਸਵਾਲ ਤੁਹਾਥੋਂ ਫ਼ੋਨ, ਈਮੇਲ ਅਤੇ ਫੇਸਬੁੱਕ ਰਾਹੀਂ ਪੁੱਛੇ ਜਾਣ ਤਾ ਕਿ ਪੂਰੀ ਸੋਚ ਵੀਚਾਰ ਪਿੱਛੋਂ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਤਿਆਰੀ ਕਰ ਸਕੋ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top