Share on Facebook

Main News Page

ਰਿਸ਼ਤਾ "ਵਟੋ ਸੱਟੇ" ਦਾ
-
ਇੰਦਰਜੀਤ ਸਿੰਘ, ਕਾਨਪੁਰ

ਨੋਟ: ਇਸ ਲੇਖ ਨੂੰ ਪੜ੍ਹਨ ਤੋਂ ਪਹਿਲਾਂ ਪਾਠਕ, ਹੇਠ ਦਿਤੇ ਇਸ਼ਤਿਹਾਰ ਨੂੰ ਜਰੂਰ ਪੜ੍ਹ ਲੈਣ, ਇਹ ਲੇਖ ਤਾਂ ਹੀ ਸਮਝ ਆਵੇਗਾ।

ਇਸ਼ਤਿਹਾਰ

ਖ਼ਾਲਸਾ ਨਿਊਜ 'ਤੇ ਛਪੇ ਇਸ ਪ੍ਰੋਗ੍ਰਾਮ ਦਾ ਵੇਰਵਾ ਪੜ੍ਹਿਆ। ਪਹਿਲਾਂ ਤੇ ਸਮਝ ਨਹੀਂ ਆਇਆ ਕਿ ਮੈਂ ਪੜ੍ਹ ਕੀ ਰਿਹਾ ਹਾਂ ? ਅਤੇ ਲਿਖਿਆ ਕੀ ਹੋਇਆ ਹੈ ? ਫਿਰ ਲੱਗਾ ਕਿ ਖਾਲਸਾ ਨਿਊਜ ਵਾਲਿਆਂ ਨੇ ਕਿਸੇ ਦੋ ਅੱਡ ਅੱਡ ਪ੍ਰੋਗ੍ਰਾਮਾਂ ਨੂੰ ਰੱਲ ਗੱਡ ਕਰ ਕੇ ਇਹ ਛਾਪਣ ਦੀ ਗਲਤੀ ਕਰ ਦਿੱਤੀ ਹੈ । ਫਿਰ ਜਦੋ ਉਨਾਂ ਦੇ ਅਪਣੇ ਕਮੇਂਟ ਇਸ ਪ੍ਰੋਗ੍ਰਾਮ ਦੇ ਨਾਲ ਪੜ੍ਹੇ ਤਾਂ ਯਕੀਨ ਹੋਇਆ, ਕਿ ਇਹ ਗਲਤੀ ਉਨਾਂ ਕੋਲੋਂ ਨਹੀ ਹੋਈ, ਸ਼ਾਇਦ ਸਾਡੇ ਕੋਲੋਂ ਹੀ ਹੋ ਗਈ ਹੈ, ਜੋ ਅਸੀਂ ਹੀ ਇਹ ਸਮਝਣ ਦੀ ਗਲਤੀ ਕਰੀ ਬੈਠੇ ਰਹੇ ਕਿ “ਮਿਸ਼ਨਰੀ ਅਤੇ ਟਕਸਾਲੀ” ਕਦੀ ਵੀ “ਇਕਸਾਰ” ਨਹੀਂ ਹੋ ਸਕਦੇ, ਕਿਉਂਕਿ ਇਹ ਤਾਂ ਦੋਨੋ ਹੀ ਇਕ ਦੂਜੇ ਦੇ ਉਲਟ ਵਿਚਾਰਧਾਰਾਵਾਂ ਹਨ। ਕਈਂ ਵਾਰ ਇਸ ਪ੍ਰੋਗ੍ਰਾਮ ਨੂੰ ਪੜ੍ਹਨ ਤੋਂ ਬਾਅਦ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ, ਵਾਕਈ ਕੀ ਇਹ ਹੋ ਸਕਦਾ ਹੈ? ਜਾਂ ਕੋਈ ਝੂਠੀ ਖਬਰ ਹੈ? ਵਕਤ ਗੁਜਰਦਾ ਗਇਆ, ਇਕ ਦੋ ਦਿਨ ਇਸ ਇਸ਼ਤਿਹਾਰ ਵਿੱਚ ਹੀ ਧਿਆਨ ਰਿਹਾ, ਬੱਸ ਇਕੋ ਸਵਾਲ ਹੀ ਰਹਿ ਰਹਿ ਕੇ ਮਨ ਵਿੱਚ ਉਠ ਰਿਹਾ ਸੀ, ਕਿ ਇਹ ਕਿਸ ਤਰ੍ਹਾਂ ਦੀ “ਇਕਸਾਰਤਾ” ਹੈ? ਇਹ ਕਿਸ ਤਰ੍ਹਾਂ ਦਾ “ਇਕੱਠ” ਹੈ?

ਅਚਾਨਕ ਹੀ ਮੰਨ ਨੇ ਜੋ ਜਵਾਬ ਦਿਤਾ, ਉਹ ਸੁਣ ਕੇ ਤਾਂ ਰੂਹ ਹੀ ਕੰਬ ਗਈ। ਮੈਨੂੰ ਅੰਦਰ ਤਕ ਉਦਾਸ ਅਤੇ ਹੈਰਾਨ ਕਰ ਗਈ । ਮਨ ਕਹਿ ਰਿਹਾ ਸੀ ਕਿ, ਭੱਲਿਆ ! ਵੇਖੀ ਜਾ, ਕਿ ਸਿੱਖ ਕੌਮ ਦਾ ਪਤਨ ਕਿਸ ਤਰ੍ਹਾਂ ਹੁੰਦਾ ਹੈ! ਸਿੱਖੀ ਕਿਸ ਤਰ੍ਹਾਂ ਖਤਮ ਹੁੰਦੀ ਹੈ? ਕਿਸ ਕਿਸ ਤਰ੍ਹਾਂ ਦੀ “ਇਕਸਾਰਤਾ” ਹੁੰਦੀ ਹੈ? ਜਿਉਂ ਜਿਉਂ ਮਨ ਪਰਦੇ ਖੋਲ ਰਿਹਾ ਸੀ, ਮੈਂ ਉਨਾਂ ਹੀ ਉਦਾਸ ਅਤੇ ਚਿੰਤਿਤ ਹੁੰਦਾ ਜਾ ਰਿਹਾ ਸੀ । ਉਹ ਕਹੀ ਜਾ ਰਿਹਾ ਸੀ, ਕਿ ਪਹਿਲਾਂ ਨਾਨਕ ਸ਼ਾਹੀ ਕੈਲੰਡਰ ਇਨਾਂ ਨੇ “ਇਕਸਾਰ” (ਕਤਲ) ਕਰ ਦਿਤਾ, ਫਿਰ ਮਿਸ਼ਨਰੀ ਕਾਲਜਾਂ ਦਾ ਸਿਲੇਬਸ “ਇਕਸਾਰ” (ਕਤਲ) ਕਰ ਦਿਤਾ, ਇਸ ਤੋਂ ਬਾਅਦ ਇਹ ਸਿੱਖ ਰਹਿਤ ਮਰਿਯਾਦਾ ਨੂੰ “ਦੋ ਤਖਤਾਂ” ਦੀ ਮਰਿਯਾਦਾ ਅਨੁਸਾਰ “ਇਕਸਾਰ” (ਕਤਲ) ਕਰਨਗੇ, ਅਖੀਰਲੇ ਪੜਾਅ 'ਤੇ ਇਹ ਗੁਰੂ ਗ੍ਰੰਥ ਸਾਹਿਬ ਅਤੇ ਅਖੌਤੀ ਦਸਮ ਗ੍ਰੰਥ ਨੂੰ “ਇਕਸਾਰ” ਕਰ ਦੇਣਗੇ । ਫੇਰ ਪੂਰੀ ਕੌਮ ਨੂੰ ਹੀ ਹਿੰਦੂ ਮੱਤ ਨਾਲ “ਇਕਸਾਰ” ਕਰ ਦਿਤਾ ਜਾਵੇਗਾ।

ਅਪਣੇ ਅੰਦਰ ਦੀ ਘਬਰਾਹਟ ਨੂੰ ਛੁਪਾਉਦਿਆਂ, ਮੈਂ ਅਪਣੇ ਮਨ ਕੋਲੋਂ ਪੁਛਿਆ, ਤੂੰ ਤਾਂ ਮੈਨੂੰ ਡਰਾ ਰਿਹਾ ਹੈ? ਸਿੱਖੀ ਕੋਈ ਐਸੀ ਚੀਜ ਨਹੀਂ ਹੈ, ਜੋ ਐਨੀ ਛੇਤੀ ਖਤਮ ਕਰ ਦਿੱਤੀ ਜਾਏਗੀ। ਸਿੱਖੀ ਮੁੱਕੇਗੀ ਨਹੀਂ, ਤੂੰ ਝੂਠ ਬੋਲ ਰਿਹਾ ਹੈ ।

ਕੁੱਝ ਦੇਰ ਚੁਪ ਰਹਿ ਕੇ ਮਨ ਮੈਨੂੰ ਡਾਂਟਦਿਆ ਹੋਇਆ ਬੋਲਿਆ, "ਤੂੰ ਇਸੇ ਵਹਿਮ ਵਿੱਚ ਮਰ ਜਾਵੇਂਗਾ, ਕਿ ਸਿੱਖੀ ਮੁਕਦੀ ਨਹੀਂ। ਤੇਰੇ ਵਾਂਗ ਕਈ ਸਿੱਖਾਂ ਨੂੰ, ਮੈਂ ਇਹ ਕਹਿੰਦਿਆਂ ਸੁਣਿਆ ਹੈ ਕਿ “ਸਿੱਖੀ ਮੁਕਦੀ ਨਹੀਂ”। ਇਹ ਕਹਿਣ ਵਾਲੇ ਜਜਬਾਤੀ ਅਤੇ ਬੀਮਾਰ ਲੋਕ ਹਨ। ਸਿੱਖੀ ਤਾਂ ਨਹੀਂ ਮੁੱਕੇਗੀ, ਪਰ ਜੇ ਸਿੱਖ ਹੀ ਮੁੱਕ ਗਇਆ ਤਾਂ ਸਿੱਖੀ ਕਿਥੇ ਰਹਿ ਜਾਵੇਗੀ। ਤੂੰ “ਇਕਸਾਰਤਾ” ਦਾ ਮਤਲਬ ਸਮਝਦਾ ਹੈਂ? “ਇਕਸਾਰ” ਦਾ ਦੂਜਾ ਮਤਲਬ ਹੈ “ਮੌਤ”। ਜਦੋਂ ਮਨੁੱਖ ਮਰ ਜਾਦਾ ਹੈ, ਤਾਂ ਉਹ ਮਿੱਟੀ ਵਿੱਚ “ਇਕਸਾਰ” ਹੋ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਤਾਂ ਇਹ ਹੀ ਕਹਿੰਦਾ ਸੀ, ਕਿ 2003 ਵਾਲੇ ਅਕਾਲ ਤਖਤ ਤੋਂ ਜਾਰੀ "ਮੂਲ ਨਾਨਕ ਸ਼ਾਹੀ ਕੈਲੰਡਰ" ਵਿੱਚ ਤਬਦੀਲੀਆਂ ਨਹੀਂ ਕਰ ਰਹੇ, ਉਸ ਨੂੰ “ਇਕਸਾਰ” ਕਰ ਰਹੇ ਹਾਂ। ਹੋ ਗਇਆ ਨਾ ! ਨਾਨਕ ਸ਼ਾਹੀ ਕੈਲੰਡਰ “ਇਕਸਾਰ”?

ਕਾਲਜ ਵਾਲਿਆਂ, ਕੁਝ ਸਿੰਘ ਸਭਾਵਾਂ ਦੇ ਪ੍ਰਧਾਨਾਂ ਅਤੇ ਅਖੌਤੀ ਵਿਦਵਾਨਾਂ ਨੇ, ਜਦੋਂ “ਧੂੰਦੇ” ਨੂੰ “ਸਕੱਤਰੇਤ” ਵਿੱਚ ਭੇਜਿਆ ਸੀ, ਤਾਂ “ਬੁਰਛਾਗਰਦਾਂ” ਨੇ ਬਹੁਤ ਉਤਸਾਹਿਤ ਹੋ ਕੇ, ਦੂਜੇ ਤੀਜੇ ਹਫਤੇ ਹੀ ਮਿਸ਼ਨਰੀ ਕਾਲੇਜਾਂ ਦਾ “ਸਲੇਬਸ” ਮੰਗਵਾ ਲਿਆ ਸੀ, ਕਿ ਅਸੀਂ ਮਿਸ਼ਨਰੀ ਕਾਲੇਜਾਂ ਦਾ ਸਲੇਬਸ “ਇਕਸਾਰ” ਕਰਨਾ ਹੈ। ਉਦੋਂ ਦੇ ਹੀ ਉਹ “ਬੁਰਛਾਗਰਦਾਂ” ਰਾਂਹੀ ਲਗਾਤਾਰ ਬਲੈਕ ਮੇਲ ਕੀਤੇ ਜਾ ਰਹੇ ਨੇ, ਅਤੇ ਕਿਤੇ ਜਾਂਦੇ ਰਹਿਣਗੇ। ਇਹ ਕਾਲੇਜਾਂ ਵਾਲੇ ਵੀ ਹੁਣ “ਇਕਸਾਰ” ਹੋਏ ਗਏ ਹੀ ਲਗਦੇ ਹਨ, ਅਤੇ ਉਨਾਂ ਦੀ ਗੂੜ੍ਹੀ ਰਿਸ਼ਤੇਦਾਰੀ ਇਕ ਬਿਚੋਲੀਏ ਰਾਂਹੀ ਬੁਰਛਾਗਰਦਾਂ ਨਾਲ ਹੋ ਚੁਕੀ ਹੈ, ਜਿਸਦਾ ਨਾਮ ਵੀ ਇਸ ਇਸਤਿਹਾਰ ਵਿੱਚ ਛਪਿਆ ਹੋਇਆ ਹੈ।

ਅਕਾਲ ਤਖਥ ਦਾ ਹੈਡ ਗ੍ਰੰਥੀ ਤਾਂ ਆਪ ਤਕਰੀਰ ਦੇ ਰਿਹਾ ਹੈ ਕਿ, “ਗੁਰੁ ਗ੍ਰੰਥ ਸਾਹਿਬ ਦਾ ਹੀ ਇਕ ਅੰਗ ਹੈ, ਦਸਮ ਗ੍ਰੰਥ”,”ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹ ਹੀ ਵਿਸ਼ਾ ਦਸਮ ਗ੍ਰੰਥ ਦਾ ਹੈ ।”, “ਇਸ ਨੂੰ ਲਿਖਣ ਵਾਲੀ ਜੋਤ ਇਕ ਹੀ ਹੈ”ਆਦਿਕ। ਹੋ ਗਈ ਨਾਂ ਦੋਨਾਂ ਗ੍ਰੰਥਾਂ ਵਿਚ “ਇਕਸਾਰਤਾ” ਦੀ ਤਿਆਰੀ? ਤੂੰ ਤਾਂ ਅਪਣੇ ਆਪ ਨੂੰ ਬੜਾ “ਦੂਰ ਦਰਸ਼ੀ” ਸਮਝਦਾ ਸੀ, ਤੈਨੂੰ ਸਿੱਖੀ ਦਾ ਆਉਣ ਵਾਲਾ ਇਨਾਂ ਛੋਟਾ ਜਿਹਾ “ਦ੍ਰਿਸ਼” ਵੀ ਨਹੀਂ ਦਿਸਿਆ? ਮੈਂ ਅਪਣੇ ਮਨ ਦੀਆ ਇਹ ਗੱਲਾਂ ਸੁਣ ਸੁਣ ਕੇ ਅਪਣੀ ਦੁਕਾਨ 'ਤੇ ਬਹੁਤ ਉਦਾਸ ਹੋ ਕੇ ਬੈਠਾ ਸੀ। ਇਨੀ ਦੇਰ ਨੂੰ ਮੇਰਾ ਇਕ ਪੁਰਾਣਾ ਮਿਤੱਰ “ਅਣਖੀ” ਆ ਗਇਆ । ਸੁਭਾਅ ਵਿੱਚ ਉਹ ਬਹੁਤ ਹੀ ਮਜ਼ਾਕੀਆ ਹੈ, ਲੇਕਿਨ “ਪੰਥ ਦਰਦ” ਉਸ ਦੇ ਮਨ ਵਿੱਚ ਵੀ ਕੁੱਟ ਕੁੱਟ ਕੇ ਭਰਿਆ ਹੋਇਆ ਹੈ, ਇਸ ਲਈ ਮੇਰੀ ਉਸ ਦੀ ਬਹੁਤ ਗੂੜ੍ਹੀ ਵਿਚਾਰਿਕ ਸਾਂਝ ਹੇ ।

ਅਣਖੀ ਆਂਉਦਿਆਂ ਹੀ ਬੋਲਿਆ "ਕੀ ਗਲ ਹੈ ਵੀਰਾ! ਅੱਜ ਕਲ ਵਿਕਰੀ, ਵੱਟਕ ਘੱਟ ਹੋ ਰਹੀ ਹੈ ਲਗਦਾ ਹੈ, ਜੋ ਮੂੰਹ ਲਟਕਾ ਕੇ ਬੈਠਾ ਹੈ। ਮੈਂ ਉਸ ਨੂੰ ਨਾ ਨੁਕਰ ਕਰਦਾ ਰਿਹਾ, ਪਰ ਉਸਨੇ ਮੇਰੇ ਦਿਲ ਦਾ ਹਾਲ ਪੜ੍ਹ ਕੇ, ਸਾਰੀ ਗਲ ਮੇਰੇ ਕੋਲੋਂ ਪੁਛ ਹੀ ਲਈ। ਉਸ ਦੀ ਆਦਤ ਹੈ, ਕਿ ਉਹ ਗੰਭੀਰ ਤੋਂ ਗੰਭੀਰ ਗੱਲ ਨੂੰ ਵੀ ਮਜ਼ਾਕ ਵਿੱਚ ਹੀ ਲੈਂਦਾ ਹੈ।

ਪੰਥਕ ਤਾਲ-ਮੇਲ ਸੰਗਠਨ ਵੱਲੋਂ ਦਿੱਲੀ ਵਿਖੇ ਸਿੰਘ ਸਭਾਵਾਂ ਅਤੇ ਪੰਥਕ ਜਥੇਬੰਦੀਆਂ ਦਾ ਸੰਮੇਲਨ

ਮਿਤੀ 14 ਅਕਤੂਬਰ 2012
ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਸਰਵਰ ਗਾਰਡਨ, ਨਵੀਂ ਦਿਲੀ
E-mail: singhsabhachd@gmail.com

ਸਤਿਕਾਰਯੋਗ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ: ਦਿੱਲੀ ਵਿਖੇ ਸਿੰਘ ਸਭਾਵਾਂ ਅਤੇ ਪੰਥਕ ਜਥੇਬੰਦੀਆਂ ਦਾ ਸੰਮੇਲਨ

ਆਪ ਜੀ ਭਲੀਭਾਂਤ ਜਾਣਦੇ ਹੋ ਕਿ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਰਪੇਸ਼ ਹਨ, ਇਸ ਲਈ ਪੰਥਕ ਤਾਲਮੇਲ ਸੰਗਠਨ ਵਲੋਂ ਮਿਤੀ 14-10-2012, ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਨਸਰੋਵਰ ਗਾਰਡਨ, ਨਵੀਂ ਦਿੱਲੀ ਵਿਖੇ ਪੰਥਕ ਦਸ਼ਾ ਅਤੇ ਦਸ਼ਾ ਵਿਸ਼ੇ ਤੇ ਜ਼ਰੂਰੀ ਵਿਚਾਰਾਂ ਕਰਨ ਲਈ, ਸਿੰਘ ਸਭਾਵਾਂ ਅਤੇ ਪੰਥਕ ਜਥੇਬੰਦੀਆਂ ਦਾ ਸੰਮੇਲਨ ਸੱਦਿਆ ਗਿਆ ਹੈ। ਆਪ ਜੀ ਨੂੰ ਬੇਨਤੀ ਹੈ, ਕਿ ਆਪ ਆਪਣੀ ਸਿੰਘ ਸਭਾ/ ਜਥੇਬੰਦੀ ਵਲੋਂ ਕੋਈ ਨੁਮਾਇੰਦਾ ਭੇਜ ਕੇ ਆਪਣੇ ਕੀਮਤੀ ਸੁਝਾਅ ਦਿਉ ਜੀ। ਪ੍ਰੋਗਰਾਮ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਪੰਥਕ ਤਾਲ-ਮੇਲ ਸੰਗਠਨ ਵੱਲੋਂ ਸਮੁਹ ਸਿੰਘ ਸਭਾਵਾਂ ਦਾ ਸਮਾਗਮ, ਮਿਤੀ 14 ਅਕਤੂਬਰ 2012 ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਸਰੋਵਰ ਗਾਰਡਨ, ਨਵੀਂ ਦਿਲੀ

ਸਮਾਗਮ ਦੀ ਰੂਪ-ਰੇਖਾ

ਅਰੰਭਕ ਅਰਦਾਸ 10 ਵਜੇ ਸਵੇਰੇ: ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ)
ਸਵਾਗਤੀ ਬੋਲ : 10.10 ਵਜੇ, ਸ. ਹਰਵਿੰਦਰ ਸਿੰਘ ਫੂਲਕਾ (ਸੀਨੀਅਰ ਵਕੀਲ ਸੁਪਰੀਮ ਕੋਰਟ)
ਪੰਥਕ ਦਸ਼ਾ ਤੇ ਦਿਸ਼ਾ ਸੰਮੇਲਨ ਦੀ ਲੋੜ ਤੇ ਮਹਤਤਾ 10.20 ਵੱਜੇ ਸ. ਸੁਰਿੰਦਰਜੀਤ ਸਿੰਘ ਪਾਲ (ਸਾਬਕਾ ਚੀਫ ਕਮੀਸ਼ਨਰ ਇਨਕਮ ਟੈਕਸ)
ਦੋ ਸ਼ਬਦ 10.40 ਵਜੇ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿਘ (ਜਥੇਦਾਰ ਅਕਾਲ ਤਖ਼ਤ ਸਾਹਿਬ)
ਪੰਥਕ ਇੱਕ ਸੁਰਤਾ ਤੇ ਇੱਕਸਾਰਤਾ ਵਿੱਚ ਸਿੱਖ ਸੰਸਥਾਵਾਂ ਦੀ ਭੂਮਿਕਾ: 11.00 ਵਜੇ, ਸ. ਹਰਜੀਤ ਸਿੰਘ (ਸੰਪਾਦਕ, ਸਿੱਖ ਫੁਲਵਾੜੀ, ਸਿੱਖ ਮਿਸ਼ਨਰੀ ਕਾਲਜ਼ ਲੁਧਿਆਣਾ)
ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ ਅਤੇ ਖੁਦ ਮੁਖਤਿਆਰੀ ਦੀ ਲੋੜ: 11.20 ਵਜੇ, ਸ.ਜਸਵਿੰਦਰ ਸਿੰਘ ਐਡਵੋਕੇਟ (ਅਕਾਲ ਪੁਰਖ ਕੀ ਫੌਜ)
ਪੰਥ ਦੀ ਇੱਕਸੁਰਤਾ ਵਿੱਚ ਸਿੱਖ ਰਹਿਤ ਮਰਿਆਦਾ ਦੀ ਭੂਮਿਕਾ: 11.40 ਵਜੇ :ਪ੍ਰਿੰ. ਬਲਜੀਤ ਸਿੰਘ (ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਤਾਂ)
ਆਰਥਕ ਪੱਖੋਂ ਪਿਛਡੇ ਸਿੱਖ ਭਾਈਚਾਰੇ ਲਈ ਸਹਾਇਤਾ ਦੀ ਲੋੜ : 12.00 ਵਜੇ (ਮੁੱਖ ਸੇਵਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ)
ਦੇਸ਼ ਵਿਦੇਸ਼ ਤੋਂ ਆਏ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਸੁਝਾਅ : 12.20 ਵਜੇ
ਗੁਰੂ ਗ੍ਰੰਥ-ਗੁਰੂ ਪੰਥ ਦੀ ਵਿਚਾਰਧਾਰਾ ਲਈ ਸਾਂਝੇ ਯਤਨ ਕਰਨ ਦੀ ਲੋੜ: 1.00 ਵਜੇ ਸ. ਗੁਰਪ੍ਰੀਤ ਸਿੰਘ (ਕੇਂਦਰੀ ਸ੍ਰੀ ਗੁਰੂ ਸਿੰਘ ਸਭਾ)
ਐਲਾਨਨਾਮਾ 1.20 ਵਜੇ, ਰਾਣਾ ਇੰਦਰਜੀਤ ਸਿੰਘ (ਚੇਅਰਮੈਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ)
ਧੰਨਵਾਦ ਤੇ ਅਰਦਾਸ : 2.00 ਵਜੇ, ਗਿਆਨੀ ਕੇਵਲ ਸਿੰਘ
• ਗੁਰੂ ਕਾ ਲੰਗਰ ਤੇ ਰਵਾਨਗੀ

ਇਸ ਸੰਮੇਲਨ ਸੰਬੰਧੀ ਹੋਰ ਜਾਣਕਾਰੀ ਜਲੰਧਰ ਵਿਖੇ ਸਾਡੇ ਇੰਚਾਰਜ ਸ.ਹਰਜੀਤ ਸਿੰਘ, ਸੰਪਾਦਕ ਸਿੱਖ ਫੁਲਵਾੜੀ (ਸਿੱਖ ਮਿਸ਼ਨਰੀ ਕਾਲਜ) ਨਾਲ ਫੋਨ ਨੰ: 98149-21297 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਵਲੋਂ ;
ਖੁਸ਼ਹਾਲ ਸਿੰਘ, ਦਫਤਰ ਸੱਕਤਰ
ਪੰਥਕ ਤਾਲਮੇਲ ਸੰਗਠਨ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਪਲਾਟ ਨੰ 1 ਸੈਕਟਰ 28 ਏ, ਚੰਡੀਗੜ੍ਹ

ਅਣਖੀ ਕਹਿਣ ਲੱਗਾ ਵੀਰਾ, ਤੇਰਾ ਮਨ, ਤੈਨੂੰ ਬਿਲਕੁਲ ਸਹੀ ਕਹਿ ਰਿਹਾ ਹੈ । ਸਿੱਖੀ ਦੀ ਆਉਣ ਵਾਲੀ ਤਸਵੀਰ (ਇਕਸਾਰਤਾ) ਦਾ ਬਹੁਤ ਛੋਟਾ ਜਿਹਾ “ਦ੍ਰਿਸ਼” ਹੱਲੀ ਤੇਰੇ ਮਨ ਨੇ ਤੈਨੂੰ ਵਖਾਇਆ ਹੈ। ਉਹ ਕਹਿ ਹੀ ਰਿਹਾ ਸੀ ਕਿ ਮੈਂ ਉਸ ਨੂੰ ਇਸ਼ਤਿਹਾਰ ਵਾਲੇ ਪ੍ਰੋਗ੍ਰਾਮ ਦਾ ਇਕ ਪ੍ਰਿੰਟ ਆਉਟ ਉਸ ਦੇ ਸਾਮ੍ਹਣੇ ਰੱਖ ਦਿਤਾ। ਉਸ ਨੂੰ ਪੜ੍ਹ ਕੇ ਉਹ ਬੋਲਿਆ “ਤੈਨੂੰ ਇਸ ਵਿਚ ਬਹੁਤ ਅਜੀਬੋ, ਗਰੀਬ ਕੀ ਲਗਿਆ ਹੈ, ਵੀਰਾ?” ਇਹ ਤਾਂ ਹੋਣਾਂ ਹੀ ਸੀ। ਉਹ ਅੱਗੇ ਕਹਿੰਦਾ ਜਾ ਰਿਹਾ ਸੀ।

ਕਹਿੰਦੇ ਆ, ਪੁਰਾਨੇ ਜਮਾਨੇ ਵਿੱਚ ਜਦੋਂ ਕੁੜੀਆਂ ਦੇ ਰਿਸ਼ਤੇ ਕਰਨੇ ਔਖੇ ਹੁੰਦੇ ਸੀ, ਤਾਂ ਜਿਸ ਘਰ ਵਿੱਚ ਕੋਈ ਅਪਣਾਂ ਮੁੰਡਾ ਵਿਹਾਂਉਦਾ ਸੀ, ਤਾਂ ਇਹ ਸ਼ਰਤ ਰਖਦਾ ਸੀ ਕਿ ਸਾਡੀ ਕੁੜੀ ਦਾ ਰਿਸ਼ਤਾ ਵੀ ਤੁਸੀ ਆਪਣੇ ਮੁੰਡੇ ਨਾਲ ਕਰੋ । ਇਸ ਤਰ੍ਹਾਂ ਜਿਨਾਂ ਘਰਾਂ ਵਿੱਚ, ਕੁੜੀ ਮੁੰਡਾ ਦੋਨੋ ਵਿਹਾਉਣ ਵਾਲੇ ਹੁੰਦੇ ਸੀ, ਉਨਾਂ ਦੇ ਰਿਸ਼ਤੇ ਬੜੀ ਅਸਾਨੀ ਨਾਲ ਇਕੋ ਘਰ ਵਿੱਚ ਹੀ ਹੋ ਜਾਂਦੇ ਸੀ। ਇਸ ਤਰ੍ਹਾਂ ਦੇ ਸਾਕ ਨੂੰ “ਵਟੋ ਸੱਟੇ” ਦਾ ਰਿਸ਼ਤਾ ਕਹਿਆ ਜਾਂਦਾ ਸੀ। ਇਹ “ਇਸ਼ਤਿਹਾਰ” ਵੀ, ਇਹੋ ਜਹੇ “ਵਟੋ ਸੱਟੇ” ਵਾਲੇ ਰਿਸ਼ਤੇ ਦਾ “ਇਨਵੀਟੇਸ਼ਨ ਕਾਰਡ” ਹੀ ਲਗਦਾ ਹੈ। ਮਿਸ਼ਨਰੀ ਕਾਲੇਜ ਵਾਲਿਆਂ ਅਤੇ ਟਕਸਾਲੀਆਂ ਵਿੱਚ ਵੀ “ਵਟੋ ਸੱਟੇ” ਵਾਲਾ ਹੀ ਰਿਸ਼ਤਾ ਹੋਇਆ ਹੈ। ਪਰ ਲਗਦਾ ਹੈ, ਇਨਾਂ ਕਾਲੇਜ ਵਾਲਿਆਂ ਨੂੰ, ਟਕਸਾਲੀਆਂ ਨੇ ਇਥੇ ਵੀ ਧੋਖਾ ਹੀ ਦੇਂਣਾ ਹੈ, ਅਤੇ ਇਨਾਂ ਮਿਸ਼ਨਰੀਆਂ ਨੇ ਪੂਰੀ ਤਰ੍ਹਾਂ ਠੱਗਿਆ ਜਾਣਾ ਹੈ। ਇਨਾਂ ਨੂੰ ਤਾਂ ਭਾਵੇਂ ਕੋਈ ਫਰਕ ਨਹੀ ਪੈਣਾ, ਕੌਮ ਨੂੰ ਇਸ ਦੀ ਬਹੁਤ ਵੱਡੀ ਕੀਮਤ ਚੁਕਾਣੀ ਪਵੇਗੀ। ਪਹਿਲਾਂ ਵੀ ਮਿਸ਼ਨਰੀਆਂ ਅਤੇ ਬੁਰਛਾਗਰਦਾਂ ਦੇ ਇਸ ਰਿਸ਼ਤੇ ਨੇ ਪੰਥ ਦੇ ਜਾਗਰੂਕ ਤਬਕੇ ਨੂੰ ਫਾੜ ਫਾੜ ਕੀਤਾ ਸੀ। ਹੁਣ ਪੂਰੀ ਕੌਮ ਨੂੰ ਹੀ ਫਾਹੇ ਲਾ ਦੇਂਣਾ ਹੈ। ਮੈਂ ਉਸ ਦੀਆਂ ਵਿਅੰਗ ਭਰੀਆ ਗਲਾਂ ਚੁਪ ਚਾਪ ਸੁਣ ਰਿਹਾ ਸੀ, ਮੈਂ ਸਵਾਲ ਭਰੀ ਨਜਰ ਨਾਲ ਉਸ ਕੋਲੋਂ ਪੁਛਿਆ ਕਿ ਉਹ ਕਿਵੇਂ?

ਉਹ ਕਹਿਣ ਲਗਾ ਸਾਡੇ ਪਿੰਡ ਵਿਚ ਇਕ ਚੌਧਰੀ ਸੀ। ਚੌਧਰੀ ਦਬੰਗ ਅਤੇ ਗੁੰਡਾ ਸੀ । ਉਸ ਦੇ ਮੁੰਡੇ ਅਤੇ ਕੁੜੀ ਦਾ “ਵਟੋ ਸੱਟੇ” ਦਾ ਰਿਸ਼ਤਾ ਤੈਅ ਹੋਇਆ। ਚੌਧਰੀ ਬਹੁਤ ਚਲਾਕ ਸੀ, ਅਤੇ ਉਸ ਦੇ ਕੁੜਮ ਬਹੁਤ ਸ਼ਰੀਫ ਸੀ। ਚੌਧਰੀ ਨੇ ਉਨਾਂ ਨੂੰ ਇਸ ਗਲ ਤੇ ਮਨਾ ਲਿਆ ਕੇ ਕੁੜੀ ਦਾ ਰਿਸ਼ਤਾ ਤਾਂ ਇਸ ਸਾਲ ਕਰਾਂਗੇ ਅਤੇ ਮੁੰਡੇ ਦਾ ਅਗਲੇ ਵਰ੍ਹੇ ਕਰਾਂਗੇ। ਉਨਾਂ ਸ਼ਰੀਫ ਕੁੜਮਾਂ ਨੇ ਚੌਧਰੀ ਦੀ ਜੁਬਾਨ ਤੇ ਇਤਬਾਰ ਕਰ ਲਿਆ ਅਤੇ ਅਪਣੇ ਮੁੰਡੇ ਨਾਲ ਚੌਧਰੀ ਦੀ ਕੁੜੀ ਵਿਆਹ ਲਿਆਂਦੀ। ਸ਼ਰੀਫ ਬੰਦੇ ਸਨ ਕੁੜੀ ਉਥੇ ਰੱਚ ਬਸ ਗਈ । ਕੁੜਮਾਂ ਦੀ ਕੁੜੀ ਕੋਝੀ ਸੀ । ਚੌਧਰੀ ਬੇਈਮਾਨ ਹੋ ਗਇਆ ਅਤੇ ਉਹ ਅਪਣੇ ਮੁੰਡੇ ਦਾ ਰਿਸਤਾ ਉਨਾਂ ਦੀ ਕੁੜੀ ਨਾਲ ਕਰਣ ਤੋਂ ਹੀ ਮੁਨਕਰ ਹੋ ਗਇਆ ਅਤੇ ਪਾਸਾ ਵੱਟ ਬੈਠਾ । ਚੌਧਰੀ ਡਾਢਾ ਸੀ, ਉਸ ਦੇ ਕੁੜਮ ਬਹੁਤ ਸ਼ਰੀਫ ਸਨ। ਡਾਢੇ ਦਾ ਤਾਂ ਸੱਤੀਂ ਵੀਹ ਸੌ ਹੁੰਦਾ ਹੈ । ਚੌਧਰੀ ਨੇ ਕਿਸੇ ਹੋਰ ਵੱਡੇ ਘਰ ਅਪਣਾਂ ਮੁੰਡਾ ਵਿਆਹ ਲਿਆ । ਸ਼ਰੀਫ ਕੁੜਮ ਉਸ ਦਾ ਕੋਈ ਵਿਰੋਧ ਨਾ ਕਰ ਸਕੇ ਤੇ ਇਸ ਤਰ੍ਹਾਂ ਉਹ ਹਮੇਸ਼ਾਂ ਲਈ “ਇਕਸਾਰ” ਹੋ ਗਏ ।

"ਇਨਾਂ ਮਿਸ਼ਨਰੀਆਂ ਦੀ ਵੀ ਉਹ ਹੀ ਹਾਲਤ ਹੋਣੀ ਹੈ, ਜਿਸਦਾ ਖਮਿਆਜਾ ਕੌਮ ਨੂੰ ਭੁਗਤਨਾ ਪੈਣਾ ਹੈ।" ਉਹ ਇਹ ਕਹਿ ਕੇ ਹਸਦਾ ਹੋਇਆ ਉਠ ਕੇ ਚਲਾ ਗਇਆ। ਮੈਂ ਉਸ “ਇਕਸਾਰਤਾ” ਅਤੇ “ਵੱਟੋ ਸੱਟੇ ਦੇ ਰਿਸ਼ਤੇ” ਬਾਰੇ ਹੀ ਸੋਚਦਾ ਰਹਿਆ ਅਤੇ ਮੈਂ ਇਹ ਨਿਸ਼ਕਰਸ਼ ਕੱਢ ਲਿਆ ਸੀ ਕਿ, ਵਾਕਈ ਅਸੀਂ ਇਹੀ ਖੁਸ਼ ਫਹਿਮੀ ਪਾਲੀ ਬੈਠੇ ਰਹਿ ਜਾਣਾ ਹੈ ਕਿ “ਸਿੱਖੀ ਮੁੱਕ ਨਹੀਂ ਸਕਦੀ” ਤੇ “ਇਕਸਾਰਤਾ” ਦੇ ਨਾਮ ਤੇ ਸਿੱਖ ਕੌਮ ਦਾ “ਹਿੰਦੂਕਰਣ” ਹੋ ਜਾਣਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top