Share on Facebook

Main News Page

ਜੇ ਭਗਤ ਕਬੀਰ ਜੀ ਬ੍ਰਾਹਮਣ ਨੂੰ ਸਵਾਲ ਕਰ ਸਕਦੇ ਹਨ, ਤਾਂ ਅੱਜ ਸਾਨੂੰ ਵੀ ਸਵਾਲ ਪੁੱਛਣ ਦਾ ਹੱਕ ਹੈ
-
ਭਾਈ ਪਰਮਜੀਤ ਸਿੰਘ ਉਤਰਾਖੰਡ

* ਅਕਾਲ ਪੁਰਖ਼ ਕਿਉਂਕਿ ਆਪ ਸੱਚਾ ਹੈ, ਉਸ ਦਾ ਤਖ਼ਤ ਵੀ ਸੱਚਾ ਹੈ; ਇਸ ਲਈ ਇੱਥੋਂ ਇਨਸਾਫ਼ ਵੀ ਹਮੇਸ਼ਾਂ ਸੱਚਾ ਹੀ ਹੁੰਦਾ ਹੈ
* ਪਰ ਇਸ ਤਖ਼ਤ ’ਤੇ ਬੈਠ ਕੇ ਹੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਹਨ। ਅਕਾਲ ਤਖ਼ਤ ਤੋਂ ਦੁਨੀਆਂ ਦੇ ਹਰ ਵਿਅਕਤੀ ਨੂੰ ਇਨਸਾਫ਼ ਦਿਵਾਉਣ ਦੀ ਸੇਧ ਤਾਂ ਕੀ ਦੇਣੀ ਸੀ, ਇੱਥੋਂ ਤਾਂ ਸਿੱਖਾਂ ਨੂੰ ਵੀ ਇਨਸਾਫ਼ ਨਹੀਂ ਮਿਲ ਰਿਹਾ
* ਉਹ ਇਨਸਾਫ਼ ਕਿਥੇ ਹੈ, ਜਿਸ ਇਨਸਾਫ਼ ਕਰਨ ਦਾ ਢੰਗ ਅਤੇ ਪ੍ਰਾਪਤ ਕਰਨ ਦਾ ਹੱਕ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੁਆਰਾ ਸਾਨੂੰ ਸਿਖਾਇਆ ਸੀ
* ਫ਼ਤਵੇ ਜਾਰੀ ਕਰਨ ਵਾਲਿਆਂ ਤੋਂ ਪੁੱਛਿਆ ਕੀ ਉਨ੍ਹਾਂ ’ਚ ਹਿੰਮਤ ਹੈ, ਕਿ ਕਾਨ੍ਹ ਸਿੰਘ ਨਾਭਾ ਤੋਂ ਸੇਧ ਲੈ ਕੇ ਪੰਥ ’ਚ ਛੇਕਣਯੋਗ ਵਿਅਕਤੀਆਂ ਨੂੰ ਵੀ ਛੇਕ ਸਕਣ ਜਾਂ ਫਿਰ ਸੱਚ ਲਿਖਣ ਤੇ ਬੋਲਣ ਵਾਲਿਆਂ ਵਿਰੁਧ ਹੀ ਫ਼ਤਵੇ ਜਾਰੀ ਕਰਦੇ ਰਹਿਣਗੇ

ਬਠਿੰਡਾ, 25 ਸਤੰਬਰ (ਕਿਰਪਾਲ ਸਿੰਘ): ਜੇ ਭਗਤ ਕਬੀਰ ਜੀ ਬ੍ਰਾਹਮਣ ਨੂੰ ਸਵਾਲ ਕਰ ਸਕਦੇ ਹਨ ਤਾਂ ਅੱਜ ਸਾਨੂੰ ਵੀ ਸਵਾਲ ਪੁੱਛਣ ਦਾ ਹੱਕ ਹੈ। ਤਖ਼ਤ ਤੋਂ ਫਤਵੇ ਜਾਰੀ ਕਰਨ ਵਾਲੇ ਜਥੇਦਾਰਾਂ ਨੂੰ ਤਿੱਖੇ ਸਵਾਲ ਕਰਦਿਆਂ ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਨੌ ਜਵਾਨ ਪ੍ਰਚਾਰਕ ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਅੱਜ ਸਵੇਰੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ’ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਉਚਾਰ ਕੇ ਇਹ ਨਹੀਂ ਕਿਹਾ ਕਿ ਇਹ ਮੇਰੀ ਬਾਣੀ ਹੈ ਸਗੋਂ ਇਸ ਨੂੰ ਖ਼ਸਮ (ਅਕਾਲ ਪੁਰਖ਼) ਦੀ ਬਾਣੀ ਕਿਹਾ:

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥’ (ਤਿਲੰਗ ਮ: 1 ਗੁਰੂ ਗ੍ਰੰਥ ਸਾਹਿਬ - ਪੰਨਾ 722)

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ਾਲਸੇ ਦੀ ਸਾਜਨਾ ਕਰਕੇ ਇਹ ਨਹੀਂ ਕਿਹਾ ਕਿ ਇਹ ਮੇਰਾ ਖ਼ਾਲਸਾ ਹੈ ਸਗੋਂ ਕਿਹਾ ਸੀ: ‘ਵਾਹਿਗੁਰੂ ਜੀ ਕਾ ਖ਼ਾਲਸਾ’। ਇਸੇ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਸਾਜਨਾ ਕਰਕੇ ਇਸ ਦਾ ਨਾਮ ਆਪਣੇ ਨਾਮ ’ਤੇ ਨਹੀ ਰੱਖਿਆ ਸਗੋਂ ਇਸ ਦਾ ਨਾਮ ਰੱਖਿਆ ‘ਅਕਾਲ ਤਖ਼ਤ’ ਭਾਵ ਇਹ ਅਕਾਲ ਪੁਰਖ਼ ਦਾ ਤਖ਼ਤ ਹੈ। ਤਖ਼ਤ ਦੀ ਸਾਜਨਾ ਹੀ ਇਸਨਸਾਫ਼ ਦੇਣ ਲਈ ਕੀਤੀ ਜਾਂਦੀ ਹੈ ਤੇ ਦੁਨੀਆਂ ਦਾ ਹਰ ਤਖ਼ਤ ਬਣਾਉਣ ਪਿੱਛੋਂ ਇਸ ਦਾ ਸੰਵਿਧਾਨ ਲਿਖਿਆ ਜਾਂਦਾ ਹੈ; ਜਿਸ ਅਨੁਸਾਰ ਤਖ਼ਤ ’ਤੇ ਬੈਠ ਕੇ ਆਪਣੀ ਰਿਆਇਆ ਨਾਲ ਇਨਸਾਫ਼ ਕੀਤਾ ਜਾਂਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਤੋਂ ਇਨਸਾਫ਼ ਕਰਨ ਲਈ ਕੋਈ ਵੱਖਰਾ ਸੰਵਿਧਾਨ ਨਹੀਂ ਬਣਾਇਆ ਸਗੋਂ ਇੱਥੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਵਿਧਾਨ ਦੇ ਰੂਪ ਵਿੱਚ ਲਾਗੂ ਕੀਤਾ। ਦੁਨੀਆਂ ਦੇ ਕਿਸੇ ਤਖ਼ਤ ’ਤੇ ਆਪਣੇ ਸੇਵਕਾਂ ਦਾ ਪੱਖ ਪੂਰਿਆ ਜਾ ਸਕਦਾ ਹੈ, ਆਪਣੀ ਖ਼ੁਸ਼ਾਮਦ ਕਰਨ ਵਾਲੇ ਨਾਲ ਰਿਆਇਤ ਕੀਤੀ ਜਾ ਸਕਦੀ ਹੈ, ਕਿਸੇ ਵਿਅਕਤੀ ਦੀ ਸਿਫ਼ਾਰਾਸ਼ ਜਾਂ ਹੁਕਮ ਚੱਲ ਸਕਦਾ ਹੈ ਪਰ ਅਕਾਲ ਪੁਰਖ਼ ਕਿਉਂਕਿ ਆਪ ਸੱਚਾ ਹੈ ਉਸ ਦਾ ਤਖ਼ਤ ਵੀ ਸੱਚਾ ਹੈ ਇਸ ਲਈ ਇੱਥੋਂ ਇਨਸਾਫ਼ ਵੀ ਹਮੇਸ਼ਾਂ ਸੱਚਾ ਹੀ ਹੁੰਦਾ ਹੈ:

ਸਚਾ ਆਪਿ, ਤਖਤੁ ਸਚਾ, ਬਹਿ ਸਚਾ ਕਰੇ ਨਿਆਉ ॥’ (ਮ: 3, ਪੰਨਾ 949)

ਅਕਾਲ ਪੁਰਖ਼ ਦਾ ਤਾਂ ਇਨਸਾਫ਼ ਹੈ:-
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ ॥ ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥ ਲਿਖਿ ਨਾਵੈ ਧਰਮੁ ਬਹਾਲਿਆ ॥2॥’ (ਆਸਾ ਕੀ ਵਾਰ ਮ: 1 ਗੁਰੂ ਗ੍ਰੰਥ ਸਾਹਿਬ - ਪੰਨਾ 463)

ਤਖ਼ਤ ’ਤੇ ਬੈਠਣ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਸੇਧ ਬਖ਼ਸ਼ਦੇ ਹੋਏ ਅਕਾਲ ਪੁਰਖ਼ ਅੱਗੇ ਬੇਨਤੀ ਕਰਦੇ ਹਨ, ਕਿ ਜੇ ਤੂੰ ਮੈਨੂੰ ਬਾਦਸ਼ਾਹ ਵੀ ਬਣਾ ਦੇਵੇ, ਤੇਰੀ ਰਹਿਮਤ ਨਾਲ ਤਖ਼ਤ ’ਤੇ ਬੈਠ ਕੇ ਬਾਦਸ਼ਾਹੀ ਦਾ ਹੁਕਮ ਵੀ ਚਲਾ ਸਕਾਂ, ਤਾਂ ਵੀ ਇਹ ਸਭ ਕੁਝ ਵਿਅਰਥ ਹੈ ਕਿਉਂਕਿ ਮੈਨੂੰ ਖ਼ਤਰਾ ਹੈ ਕਿ ਇਹ ਰਾਜ-ਭਾਗ ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ। ਭਾਵ ਹੇ ਨਿਰੰਕਾਰ ਮੈਂ ਤੈਨੂੰ ਹਮੇਸ਼ਾਂ ਚੇਤੇ ਵਿੱਚ ਰੱਖਾਂ:

ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥4॥1॥’ (ਸਿਰੀਰਾਗੁ ਮ: 1, ਗੁਰੂ ਗ੍ਰੰਥ ਸਾਹਿਬ -ਪੰਨਾ 14)

ਭਾਈ ਪਰਮਜੀਤ ਸਿੰਘ ਨੇ ਕਿਹਾ ਗੁਰਬਾਣੀ ਕਿਸੇ ਰਾਜੇ ਦੇ ਅਧੀਨ ਨਹੀਂ ਹੈ। ਜੇ ਹੁੰਦੀ ਤਾਂ ਜਹਾਂਗੀਰ ਇਸ ਵਿੱਚ ਮਨਭਾਉਂਦੀਆਂ ਤਬਦੀਲੀਆਂ ਕਰ ਸਕਦਾ ਸੀ, ਪਰ ਉਸ ਨੇ ਗੁਰੂ ਅਰਜੁਨ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਫ਼ਤਵਾ ਤਾਂ ਸੁਣਾਂ ਦਿੱਤਾ, ਗੁਰਬਾਣੀ ਵਿੱਚ ਭੋਰਾ ਭਰ ਵੀ ਤਬਦੀਲੀ ਨਾ ਕਰਵਾ ਸਕਿਆ। ਅਕਾਲ ਤਖ਼ਤ ’ਤੇ ਵੀ ਹੁਕਮ ਮੌਕੇ ਦੇ ਬਾਦਸ਼ਾਹ ਜਹਾਂਗੀਰ ਦਾ ਨਹੀਂ ਚੱਲ ਸਕਿਆ, ਇੱਥੇ ਹੁਕਮ ਹਮੇਸ਼ਾਂ ਹੀ ਖ਼ਸਮ ਕੀ ਬਾਣੀ, ਧੁਰਿ ਕੀ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਚੱਲਿਆ ਹੈ।

ਬਿਨਾਂ ਨਾਮ ਲਿਆਂ ਅਕਾਲ ਤਖ਼ਤ ’ਤੇ ਬੈਠਣ ਵਾਲੇ ਜਥੇਦਾਰਾਂ ਨੂੰ ਸੰਬੋਧਨ ਹੁੰਦੇ ਹੋਏ ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਕਿਹਾ, ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤਾਂ ਐਲਾਨ ਕੀਤਾ ਸੀ ਕਿ ਹੋ ਸਕਦਾ ਹੈ ਦੁਨੀਆਂ ਦੇ ਕਿਸੇ ਤਖ਼ਤ ਤੋਂ ਉਥੋਂ ਦੇ ਸ਼ਹਿਰੀਆਂ ਨੂੰ ਇਨਸਾਫ਼ ਨਾ ਮਿਲੇ, ਪਰ ਅਕਾਲ ਤਖ਼ਤ ਤੋਂ ਦੁਨੀਆਂ ਦੇ ਹਰ ਮਨੁੱਖ ਨੂੰ ਇਨਸਾਫ ਮਿਲੇਗਾ। ਪਰ ਇਸ ਤਖ਼ਤ ’ਤੇ ਬੈਠ ਕੇ ਹੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਹਨ। ਅਕਾਲ ਤਖ਼ਤ ਤੋਂ ਦੁਨੀਆਂ ਦੇ ਹਰ ਵਿਅਕਤੀ ਨੂੰ ਇਨਸਾਫ਼ ਦਿਵਾਉਣ ਦੀ ਸੇਧ ਤਾਂ ਕੀ ਦੇਣੀ ਸੀ, ਇੱਥੋਂ ਤਾਂ ਸਿੱਖਾਂ ਨੂੰ ਵੀ ਇਨਸਾਫ਼ ਨਹੀਂ ਮਿਲ ਰਿਹਾ। ਸਿੱਖਾਂ ਦੀ ਵੀ ਗੱਲ ਛੱਡੋ ਇੱਥੋਂ ਤਾਂ ਸਿੱਖੀ, ਗੁਰੂ ਤੇ ਧਰਮ ਨਾਲ ਵੀ ਇਨਸਾਫ਼ ਨਹੀਂ ਕੀਤਾ ਜਾਂਦਾ।

ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਭਗਤ ਕਬੀਰ ਜੀ ਦੇ ਸ਼ਬਦ ਦਾ ਹਵਾਲਾ ਦਿੱਤਾ:
ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ॥ ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥2॥’ ਉਨ੍ਹਾਂ ਕਿਹਾ ਇਸ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਜਗਤ ਦੇ ਧਾਰਮਿਕ ਆਗੂ ਬਣੀ ਬੈਠੇ ਬ੍ਰਾਹਮਣ ਨੂੰ ਸਵਾਲ ਕਰਦੇ ਹਨ- ਕਈ ਜਨਮਾਂ ਤੋਂ ਤੁਸੀਂ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ, ਅਸੀਂ ਤੁਹਾਡੀਆਂ ਗਾਈਆਂ ਬਣੇ ਰਹੇ, ਤੁਸੀਂ ਸਾਡੇ ਖਸਮ ਗੁਆਲੇ ਬਣੇ ਰਹੇ। ਪਰ ਤੁਸੀਂ ਹੁਣ ਤਕ ਨਕਾਰੇ ਹੀ ਸਾਬਤ ਹੋਏ, ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ (ਭਾਵ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾਹ ਦਿੱਤੀ) ॥2॥

ਤੂੰ ਬਾਮ੍‍ਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥ ਤੁਮ੍‍ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥3॥4॥26॥’ (ਗੁਰੂ ਗ੍ਰੰਥ ਸਾਹਿਬ - ਪੰਨਾ 482)। (ਇਹ ਠੀਕ ਹੈ ਕਿ) ਤੂੰ ਕਾਂਸ਼ੀ ਦਾ ਬ੍ਰਾਹਮਣ ਹੈਂ (ਭਾਵ, ਤੈਨੂੰ ਮਾਣ ਹੈ ਆਪਣੀ ਵਿੱਦਿਆ ਦਾ, ਜੋ ਤੂੰ ਕਾਂਸ਼ੀ ਵਿਚ ਹਾਸਲ ਕੀਤੀ), ਤੇ ਮੈਂ (ਜਾਤ ਦਾ) ਜੁਲਾਹਾ ਹਾਂ (ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ)। ਪਰ, ਮੇਰੀ ਵਿਚਾਰ ਦੀ ਇਕ ਗੱਲ ਸੋਚ, (ਕਿ ਵਿੱਦਿਆ ਪੜ੍ਹ ਕੇ ਤੁਸੀਂ ਆਖ਼ਰ ਕਰਦੇ ਕੀ ਹੋ), ਤੁਸੀਂ ਤਾਂ ਰਾਜੇ ਰਾਣਿਆਂ ਦੇ ਦਰ ’ਤੇ ਮੰਗਦੇ ਫਿਰਦੇ ਹੋ, ਤੇ ਮੇਰੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਹੈ ॥3॥4॥26॥

ਕਬੀਰ ਸਾਹਿਬ ਜੀ ਦੇ ਇਸ ਸ਼ਬਦ ਦਾ ਹਵਾਲਾ ਦਿੰਦੇ ਹੋਏ ਭਾਈ ਪਰਮਜੀਤ ਸਿੰਘ ਨੇ ਕਿਹਾ ਗੁਰੂ ਹਰਿਕ੍ਰਿਸ਼ਨ ਸਹਿਬ ਜੀ ਦੀ ਗੋਦ ਵਿੱਚ ਬੈਠ ਕੇ, ਗੁਰਬਾਣੀ ਵੱਲੋਂ ਦਿੱਤੇ ਆਪਣੇ ਹੱਕ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਵਿੱਚੋਂ ਇੱਕ ਮੈਂ ਵੀ ਹਾਂ, ਜਿਹੜਾ ਸਾਡੇ ਬਣ ਬੈਠੇ ਮਾਲਕਾਂ (ਅਕਾਲ ਤਖ਼ਤ ਦੇ ਜਥੇਦਾਰਾਂ) ਨੂੰ ਇਹ ਪੁੱਛਦਾ ਹਾਂ ਕਿ ਉਹ ਇਨਸਾਫ਼ ਕਿਥੇ ਹੈ, ਜਿਸ ਇਨਸਾਫ਼ ਕਰਨ ਦਾ ਢੰਗ ਅਤੇ ਪ੍ਰਾਪਤ ਕਰਨ ਦਾ ਹੱਕ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੁਆਰਾ ਸਾਨੂੰ ਸਿਖਾਇਆ ਸੀ?

ਉਨ੍ਹਾਂ ਪੁੱਛਿਆ ਗੁਰਬਾਣੀ ਅਧਾਰਤ ਲਿਖੀਆਂ ਕਿਤਾਬਾਂ ’ਤੇ ਤਾਂ ਤੁਸੀਂ ਪਾਬੰਦੀ ਲਾ ਦਿੱਤੀ ਹੈ ਪਰ ਸਿੱਖ ਇਤਿਹਾਸ (ਹਿੰਦੀ) ਪੁਸਤਕ, ਜਿਸ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਦਾ ਗੁਰੂ ਇੱਕ ਮੁਸਲਮਾਨ ਸੀ, ਜਿਸ ਵਿੱਚ ਲਿਖਿਆ ਹੈ ਕਿ ਮੁਗਲਾਂ ਨੂੰ ਭਾਰਤ ਵਿੱਚ ਲਿਆਉਣ ਵਾਲੇ ਗੁਰੂ ਨਾਨਕ ਹੀ ਸਨ, ਜਿਸ ਪੁਸਤਕ ਵਿੱਚ ਗੁਰੂ ਸਾਹਿਬ ਦਾ ਚਰਿਤਰਘਾਣ ਕੀਤਾ ਗਿਆ ਹੈ, ਉਹ ਪੁਸਤਕ ਲਿਖਣ ਵਾਲਿਆਂ ਦੀ ਪੇਸ਼ੀ ਕੌਣ ਪਾਏਗਾ? ਗੰਦੀ ਕਿਤਾਬ ਗੁਰਬਿਲਾਸ ਪਾਤਸ਼ਾਹੀ 6ਵੀਂ ਲਿਖਣ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ ਕਿ ਇਹ ਗੰਦੀ ਕਿਤਾਬ ਕਿਉਂ ਲਿਖੀ ਹੈ? ਸੱਚ ਬੋਲਣ ਵਾਲਿਆਂ ’ਤੇ ਤੁਸੀਂ ਪਾਬੰਦੀ ਲਾ ਦਿੱਤੀ ਹੈ, ਪਰ ਅਨਮਤੀਆਂ ਦੀ ਸਟੇਜ਼ ’ਤੇ ਜਿਹੜੇ ਨੀਲੀਆਂ ਪੱਗਾਂ ਵਾਲੇ ਜਾ ਕੇ ਗੁਰਬਾਣੀ ਦੇ ਸ਼ਬਦ: ‘ਸਾਧੋ ਰਚਨਾ ਰਾਮ ਬਨਾਈ ॥’ (ਗਉੜੀ ਮ: 9, ਗੁਰੂ ਗ੍ਰੰਥ ਸਾਹਿਬ - ਪੰਨਾ 219) ਦੇ ਅਨਰਥ ਕਰਦੇ ਹੋਏ ਅਕਾਲ ਪੁਰਖ਼ ਵਾਚੀ ਸਰਬ ਵਿਆਪਕ ‘ਰਾਮ’ ਨੂੰ ਇੱਕ ਦੁਨਿਆਵੀ ਰਾਜੇ ‘ਰਾਮ ਚੰਦਰ’ ਨਾਲ ਜੋੜ ਕੇ ਐਲਾਨ ਕਰਦੇ ਹਨ ਕਿ ਦੋ ਕ੍ਰੋੜ ਸਿੱਖ ਤੁਹਾਡੇ ਨਾਲ ਹਨ, ਰਾਮਸੇਤੂ ਪੁਲ ਬਣਾਉਣ ਲਈ ਜਿੱਥੇ ਤੁਹਾਡਾ ਪਸੀਨਾ ਬਹੇਗਾ ਅਸੀਂ ਖ਼ੂਨ ਬਹਾਉਣ ਲਈ ਤਿਆਰ ਹਾਂ; ਉਨ੍ਹਾਂ ਦੀ ਪੇਸ਼ੀ ਕੌਣ ਪਾਏਗਾ?

ਪੰਜਾਬ ਦੀ ਧਰਤੀ ਜਿਥੇ ਸ਼ਬਦ ਗੁਰੂ ਸਿਧਾਂਤ ਦੀ ਖਿੱਲੀ ਉਡਾਉਂਦੇ ਹੋਏ 15ਵਾਂ ਗੁਰੂ ਬਣਾ ਕੇ ਬੈਠਾਈ ਬੈਠੇ ਹਨ ਤੇ ਉਪਰ ਚੌਰ ਕਰ ਰਹੇ ਹਨ, ਉਨ੍ਹਾਂ ਦੇ ਦਰਬਾਰ ਵਿੱਚ ਜਾ ਕੇ ਸ਼ਬਦ ਗੁਰੂ ਤੋਂ ਆਕੀ ਹੋਏ ਮਨੁੱਖ ਨੂੰ ਸਤਿਗੁਰੂ ਕਹਿ ਕੇ ਸੰਬੋਧਨ ਕਰ ਰਹੇ ਹਨ; ਉਨ੍ਹਾਂ ਦੀ ਪੇਸ਼ੀ ਕੌਣ ਪਾਏਗਾ?

ਪੰਜਾਬ ਵਿੱਚ ਸਿੱਖੀ ਪ੍ਰਚਾਰ ਦੀ ਦੁਰਦਸ਼ਾ ਦਾ ਖੁਲਾਸਾ ਕਰਦਿਆਂ ਭਾਈ ਪਰਮਜੀਤ ਸਿੰਘ ਨੇ ਫ਼ਤਹਿਨਾਮਾ ਮਾਸਕ ਰਸਾਲੇ ਵਿੱਚ ਛਪੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਮਾਝੇ ਦੇ ਇੱਕ ਪਿੰਡ ਵਿੱਚ 31 ਗੁਰਦੁਆਰੇ ਹਨ, ਪਰ ਇੱਕੋ ਸਮੇਂ ’ਤੇ ਉਸ ਪਿੰਡ ਦੇ 40 ਸਿੱਖ, ਧਰਮ ਤਬਦੀਲ ਕਰਕੇ ਈਸਾਈ ਬਣ ਚੁੱਕੇ ਹਨ। ਸਿੱਖਾਂ ਨੂੰ ਛੇਕਣ ਦੇ ਫ਼ਤਵੇ ਜਾਰੀ ਕਰਨ ਵਾਲਿਆਂ ਨੇ ਕਦੀ ਧਰਮ ਪ੍ਰਚਾਰ ਲਈ ਮੁੱਖ ਜਿੰਮੇਵਾਰ ਸ਼੍ਰੋਮਣੀ ਕਮੇਟੀ ਅਤੇ ਹੋਰ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਇਸ ਨਿੱਘਰ ਰਹੀ ਹਾਲਤ ਦਾ ਜ਼ਾਇਜ਼ਾ ਲੈ ਕੇ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੈ? ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਬਜ਼ਾਏ ਉਨ੍ਹਾਂ ਨਾਲ ਤਾਂ ਤੁਸੀਂ ਇਕੱਠੇ ਬਹਿ ਕੇ ਖਾਣੇ ਖਾਂਦੇ ਹੋ, ਉਨ੍ਹਾਂ ਨਾਲ ਮੀਟਿੰਗ ਕਰਦੇ ਹੋ; ਉਨ੍ਹਾਂ ਦੀ ਪੇਸ਼ੀ ਕੌਣ ਪਾਏਗਾ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਵੀ ਬਾਣੀ ‘ਦੁੱਖ ਭੰਜਨੀ’ ਸਿਰਲੇਖ ਹੇਠ ਲਿਖੀ ਹੋਈ ਨਹੀਂ ਮਿਲਦੀ, ‘ਸੰਕਟ ਮੋਚਨ’ ਸਿਰਲੇਖ ਹੇਠ ਲਿਖੀ ਹੋਈ ਨਹੀਂ ਮਿਲਦੀ, ਪਰ ਤੁਹਾਡੇ ਨੱਕ ਹੇਠਾਂ ਹੀ ਦੁੱਖ ਭੰਜਨੀ ਤੇ ਸੰਕਟ ਮੋਚਨ ਦੇ ਨਾਮ ਹੇਠ ਛਪੇ ਗੁਟਕੇ ਧੜਾ ਧੜ ਵਿਕ ਰਹੇ ਹਨ। ਅਜਿਹੇ ਗੁਟਕੇ ਛਾਪਣ ਵਾਲਿਆਂ ਨੂੰ ਕੌਣ ਪੁਛੇਗਾ ਕਿ ਇਸ ਸਿਰਲੇਖ ਹੇਠ ਬਾਣੀ ਤੁਸੀਂ ਕਿਸ ਅਧਾਰ ’ਤੇ ਚੁਣ ਕੇ ਲਿਖ ਲਈ?

ਭਾਈ ਪਰਮਜੀਤ ਸਿੰਘ ਨੇ ਕਿਹਾ ਇਹ ਠੀਕ ਹੈ ਕਿ ਸਾਰੀ ਹੀ ਬਾਣੀ ਦੁਖਾਂ ਦਾ ਨਾਸ਼ ਕਰਨ ਵਾਲੀ ,ਹੈ ਜਿਸ ਸਬੰਧੀ ਤੀਸਰੇ ਪਾਤਸ਼ਾਹ ਨੇ ਅੰਕਿਤ ਕੀਤਾ ਹੈ: ‘ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥’ (ਰਾਮਕਲੀ ਅਨੰਦ ਮ: 3, ਗੁਰੂ ਗ੍ਰੰਥ ਸਾਹਿਬ – ਪੰਨਾ 922)। ਪਰ ਕੀ ਬਾਣੀ ਜਿਸ ਸਿਰਲੇਖ ਹੇਠ ਲਿਖੀ ਹੈ ਉਸੇ ਸਿਰਲੇਖ ਹੇਠ ਪੜ੍ਹਨ ਨਾਲ ਸਾਡੇ ਰੋਗ ਸੰਤਾਪ ਦੂਰ ਨਹੀਂ ਹੋਣਗੇ? ਸਮੁੱਚੀ ਬਾਣੀ ਦੇ ਅਰਥ ਭਾਵਾਂ ਨੂੰ ਸਮਝ ਕੇ ਆਪਣਾ ਜੀਵਨ ਉਸ ਤਰ੍ਹਾਂ ਬਣਾ ਕੇ ਆਪਣੇ ਆਤਮਕ ਤੇ ਮਾਨਸਕ ਦੁੱਖ ਰੋਗ ਦੂਰ ਕਰਨ ਦੀ ਬਜਾਏ ਇਸ ਨੂੰ ਮੰਤਰਾਂ ਵਾਂਗ ਵਰਤਣ ਵਾਲਿਆਂ ਵਿਰੁਧ ਕੌਣ ਹੁਕਮਨਾਮੇ ਜਾਰੀ ਕਰੇਗਾ?

ਉਨ੍ਹਾਂ ਕਿਹਾ ਉਸ ਤਰ੍ਹਾਂ ਤਾਂ ਆਪਣੇ ਡੇਰੇ ਦਾ ਨਾਮ ‘ਗੁਰੁਦਆਰਾ ਪ੍ਰਮੇਸ਼ਰ ਦੁਆਰ’ ਰੱਖੀ ਬੈਠੇ ਹਨ ਪਰ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਉਸ ਦੇ ਨੇੜੇ ਨਹੀਂ ਢੁੱਕਣ ਦਿੱਤਾ ਜਾਂਦਾ, ਤਾਂ ਉਹ ਪ੍ਰਮੇਸ਼ਰ ਦੁਆਰ ਕਿਵੇਂ ਹੋ ਸਕਦਾ ਹੈ? ਸਿੱਖਾਂ ਨੂੰ ਗੁੰਮਰਾਹ ਕਰਨ ਵਾਲੇ ਅਜਿਹੇ ਡੇਰੇਦਾਰਾਂ ਨੂੰ ਪੇਸ਼ੀ ਲਈ ਕੌਣ ਬੁਲਾਏਗਾ? ਕੀ ਇੱਥੇ ਸੱਚ ਲਿਖਣ ਤੇ ਬੋਲਣ ਵਾਲਿਆਂ ਦੀਆਂ ਹੀ ਪੇਸ਼ੀਆਂ ਪੈਣਗੀਆਂ ਤੇ ਸਿੱਖ ਰਹਿਤ ਮਰਿਆਦਾ ਦਾ ਘਾਣ ਕਰਨ ਵਾਲਿਆਂ ਨੂੰ ਮਾਣ ਸਤਿਕਾਰ ਮਿਲੇਗਾ; ਤਾਂ ਇਹ ਅਕਾਲ ਦਾ ਤਖ਼ਤ ਕਿਵੇਂ ਕਹਾ ਸਕਦਾ ਹੈ?

ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਇਹ ਧਿੰਗੋਜੋਰੀ ਹਮੇਸ਼ਾਂ ਲਈ ਨਹੀਂ ਚੱਲ ਸਕਦੀ। ਉਨ੍ਹਾਂ ਕਿਹਾ ਗੁਰਬਾਣੀ ਦਾ ਫ਼ੁਰਮਾਨ ਹੈ: ‘ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥ ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥’ (ਮਾਝ ਕੀ ਵਾਰ ਮ: 2, ਗੁਰੂ ਗ੍ਰੰਥ ਸਾਹਿਬ - ਪੰਨਾ 138) ਭਾਵ (ਬੇਸ਼ੱਕ ਕੋਈ ਆਪਣੇ ਵਲੋਂ) ਲੁਕ ਕੇ (ਮੰਦੇ) ਕੰਮ ਕਰਦਾ ਹੈ, (ਪਰ ਜੋ ਕੁਝ ਉਹ ਕਰਦਾ ਹੈ) ਉਹ ਹਰ ਥਾਂ ਨਸ਼ਰ ਹੋ ਜਾਂਦਾ ਹੈ। (ਕੁਦਰਤ ਦਾ ਨੇਮ ਹੀ ਐਸਾ ਹੈ ਕਿ) ਜੋ ਮਨੁੱਖ ਭਲਾ ਕੰਮ ਕਰਦਾ ਹੈ, ਉਸਦਾ ਨਾਮ 'ਧਰਮੀ' ਪੈ ਜਾਂਦਾ ਹੈ, ਮੰਦੇ ਕੰਮ ਕੀਤਿਆਂ ਮਨੁੱਖ ਮੰਦਾ ਹੀ ਸਮਝਿਆ ਜਾਂਦਾ ਹੈ। ਇਸ ਲਈ ਬੇਸ਼ੱਕ ਇਹ ਬੰਦ ਕਮਰਿਆਂ ਵਿੱਚ ਬਹਿ ਕੇ ਫੈਸਲੇ ਕਰਕੇ ਬੇਇਨਸਾਫੀਆਂ ਲੈਣ ਅੰਤ ਨੂੰ ਪਛਾਣੇ ਜਾਣਗੇ। ਹੁਣ ਰੱਬ ਬਣਿਆਂ ਨੂੰ ਫਿਰ ਪਤਾ ਲਗੇਗਾ: ‘ਤਬ ਜਾਨਹੁਗੇ ਜਬ ਉਘਰੈਗੋ ਪਾਜ ॥3॥’ (ਗਉੜੀ ਕਬੀਰ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ 324)। ਜਦੋਂ ਗੁਰਬਾਣੀ ਅਨੁਸਾਰ ਇਨਸਾਫ਼ ਹੋਵੇਗਾ ਤਾਂ: ‘ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥’ (ਮਾਝ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 143) ਵਾਂਗ ਪਰਖ ਕੇ ਖੋਟੇ ਬਾਹਰ ਸੁੱਟ ਦਿੱਤੇ ਜਾਣਗੇ। ਉਸ ਸਮੇਂ ਇਹ ਭੱਜ ਕੇ ਵੇਖ ਲੈਣ ਕਿਥੇ ਜਾਣਗੇ ਕਿਉਂਕਿ: ‘ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥’ (ਵਡਹੰਸ ਕੀ ਵਾਰ ਮ: 4, ਗੁਰੂ ਗ੍ਰੰਥ ਸਾਹਿਬ – ਪੰਨਾ 591)।

ਭਾਈ ਪਰਮਜੀਤ ਸਿੰਘ ਨੇ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਪੰਨਾ 262 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਥ ਵਿੱਚ ਛੇਕਣ ਵਾਲੇ ਕਿਹੜੇ ਲੋਕ ਹਨ, ਉਹ ਭਾਈ ਕਾਨ੍ਹ ਸਿੰਘ ਨਾਭਾ ਜੀ ਤੋਂ ਸੁਣੋ। ਉਹ ਤਾਂ ਲਿਖ ਰਹੇ ਹਨ ਕਿ ਜਿਹੜਾ ਦੇਵੀ ਦਾ ਭਗਤ ਹੈ, ਕਵੀ ਮੀਰਾ ਦਾ ਉਪਾਸ਼ਕ ਹੈ, ਗੁਲਾਮ ਬ੍ਰਿਤੀ ਵਾਲਾ ਜਿਹੜਾ ਹਰ ਪੀਰ ਲਾਲਾ ਆਦਿਕ ਦੀਆਂ ਕਬਰਾਂ ਮੜ੍ਹੀਆਂ ’ਤੇ ਮੱਥੇ ਟੇਕਦਾ ਫਿਰਦਾ ਹੈ, ਜਿਸ ਦੇ ਮਨ ਵਿੱਚ ਹੋਰ ਤੇ ਮੂੰਹ ਵਿੱਚ ਹੋਰ ਗੱਲ ਹੁੰਦੀ ਹੈ, ਪਰਮ ਪਖੰਡੀ ਤੇ ਸਿਰੇ ਦਾ ਫ਼ਰੇਬੀ ਹੈ, ਪਹਿਰਾਵਾ ਤਾਂ ਸਿੱਖੀ ਵਾਲਾ ਪਾਇਆ ਹੈ ਪਰ ਦੂਸਰੇ ਮੱਤਾਂ ਦਾ ਪ੍ਰਚਾਰ ਕਰਦਾ ਹੈ, ਜੋ ਹਰ ਦੇਗ਼ ਵਿੱਚ ਫਿਰਨ ਵਾਲਾ ਚਮਚਾ ਹੈ, ਉਸ ਨੂੰ ਪੰਥ ਵਿੱਚੋਂ ਕੱਢ ਦਿਓ। :-

ਦੇਵੀ ਕੌ ਭਗਤ, ਕਵੀ ਮੀਰਾ ਕੌ ਉਪਾਸ਼ਕ ਹੈ॥
ਦਾਸ ਸੁਲਤਾਨ ਔਰ ਕਭੀ ਲਾਲ ਬੇਗੀ ਹੈ॥
ਮਨਿ ਮਹਿ ਅਉਰ, ਅਰ ਮੁਖਿ ਮਹਿ ਦੂਜੀ ਬਾਤ॥
ਪਰਮ ਪਖੰਡੀ, ਨਖ ਸਿਖ ਲਉ ਫ਼ਰੇਬੀ ਹੈ॥
ਸਿੰਘ ਰੂਪਧਾਰੀ, ਅਨਮਤਿ ਕਉ ਪ੍ਰਚਾਰੀ॥
ਪੰਥ ਸੇ ਨਿਕਾਰੋ, ਜੋ ਚਮਚ ਹਰ ਦੇਗੀ ਹੈ॥

ਭਾਈ ਪਰਮਜੀਤ ਸਿੰਘ ਨੇ ਕਿਹਾ ਭਾਈ ਕਾਨ੍ਹ ਸਿੰਘ ਨਾਭਾ ਤੋਂ ਸੇਧ ਲੈ ਕੇ ਫੈਸਲਾ ਕਰਨਾ ਪਏਗਾ ਕਿ ਪੰਥ ਵਿੱਚੋਂ ਕਿਹੜੇ ਕਿਹੜੇ ਲੋਕ ਛੇਕਣ ਵਾਲੇ ਹਨ? ਉਨ੍ਹਾਂ ਫ਼ਤਵੇ ਜਾਰੀ ਕਰਨ ਵਾਲਿਆਂ ਤੋਂ ਪੁੱਛਿਆ ਕੀ ਉਨ੍ਹਾਂ ’ਚ ਹਿੰਮਤ ਹੈ ਕਿ ਉਹ ਭਾਈ ਕਾਨ੍ਹ ਸਿੰਘ ਨਾਭਾ ਤੋਂ ਸੇਧ ਲੈ ਕੇ ਪੰਥ ’ਚ ਛੇਕਣਯੋਗ ਵਿਅਕਤੀਆਂ ਨੂੰ ਵੀ ਛੇਕ ਸਕਣ ਜਾਂ ਫਿਰ ਸੱਚ ਲਿਖਣ ਤੇ ਬੋਲਣ ਵਾਲਿਆਂ ਵਿਰੁਧ ਹੀ ਫ਼ਤਵੇ ਜਾਰੀ ਕਰਦੇ ਰਹਿਣਗੇ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਹ ਰੀਤ ਸ਼ੁਰੂ ਤੋਂ ਚਲਦੀ ਆਈ ਹੈ ਕਿ ਸਾਰੀ ਰਿਆਇਆ ਨੂੰ ਕਾਬੂ ਕਰਨ ਦੀ ਥਾਂ ਧਾਰਮਿਕ ਆਗੂਆਂ ਨੂੰ ਕਾਬੂ ਕਰਕੇ ਉਨ੍ਹਾਂ ਰਾਹੀ ਧਰਮ ਦਾ ਕੁੰਡਾ ਵਰਤ ਕੇ ਬਾਕੀ ਸਾਰੀ ਰਿਆਇਆ ਨੂੰ ਗੁਲਾਮੀ ਕਬੂਲਣ ਲਈ ਤਿਆਰ ਕਰ ਲਿਆ ਜਾਂਦਾ ਸੀ। ਹਿੰਦੂ ਰਾਜਿਆਂ ਨੇ ਧਾਰਮਿਕ ਆਗੂ ਬ੍ਰਾਹਮਣ ਨੂੰ ਦੇਵਤੇ ਐਲਾਨ ਕੇ ਉਨ੍ਹਾਂ ਦੀ ਪੂਜਾ ਕਰਕੇ ਕਾਬੂ ਕਰ ਲਿਆ ਤੇ ਬਦਲੇ ਵਿਚ ਬ੍ਰਾਹਮਣ ਨੇ ਰਾਜੇ ਨੂੰ ਰੱਬ ਦਾ ਅਵਤਾਰ ਐਲਾਨ ਦਿੱਤਾ। ਇਸ ਤਰ੍ਹਾਂ ਰਿਆਇਆ ਨੇ ਅਸਾਨੀ ਨਾਲ ਰਾਜੇ ਦੀ ਗੁਲਾਮੀ ਕਬੂਲ ਕਰ ਲਈ। ਔਰੰਗਜ਼ੇਬ ਨੇ ਵੀ ਇਹੀ ਨੀਤੀ ਆਪਣਾਈ ਕਿ ਇਕੱਲੇ ਇਕੱਲੇ ਹਿੰਦੂ ਨੂੰ ਡਰਾ ਕੇ ਮੁਸਲਮਾਨ ਬਣਾਉਣ ਦੀ ਥਾਂ ਇਨ੍ਹਾਂ ਦੇ ਧਾਰਮਿਕ ਆਗੂ ਬ੍ਰਹਮਣ ਜੋ ਉਸ ਵੇਲੇ ਕਸ਼ਮੀਰ ਵਿੱਚ ਰਹਿੰਦੇ ਸਨ ਨੂੰ ਕਿਸੇ ਤਰ੍ਹਾਂ ਡਰਾ ਧਮਕਾ ਕੇ ਮੁਸਲਮਾਨ ਬਣਾ ਲਿਆ ਜਾਵੇ ਤਾਂ ਬਾਕੀ ਦੇ ਸਾਰੇ ਆਪੇ ਹੀ ਬਣ ਜਾਣਗੇ। ਪਰ ਗੁਰੂ ਸਾਹਿਬ ਜੀ ਨੇ ਰਾਜਿਆਂ ਦੀ ਇਸ ਨੀਤੀ ਅਤੇ ਧਾਰਮਿਕ ਆਗੂਆਂ ਵੱਲੋਂ ਨਿਭਾਈ ਭੂਮਿਕਾ ਦੀ ਸਖਤ ਅਲੋਚਨਾ ਕੀਤੀ, ਸਗੋਂ ਉਨ੍ਹਾਂ ਦੀ ਧਾਰਮਕ ਅਜ਼ਾਦੀ ਲਈ ਆਪਣੀ ਸ਼ਹੀਦੀ ਦੇ ਕੇ ਸਿੱਖਾਂ ਨੂੰ ਇਨ੍ਹਾਂ ਤੋਂ ਅਜਾਦੀ ਹਾਸਲ ਕਰਨ ਦੀ ਯੁਕਤੀ ਦਸਦਿਆਂ ਕੇਵਲ ਇੱਕ ਅਕਾਲ ਪੁਰਖ਼ ਨਾਲ ਜੁੜਨ ਦੀ ਜਾਚ ਸਿਖਾਈ। ਪਰ ਅਫਸੋਸ ਹੈ ਕਿ ਅੱਜ ਸਾਡੇ ਆਗੂਆਂ ਨੂੰ ਕਾਬੂ ਕਰਕੇ ਸਮੁਚੀ ਕੌਮ ਨੂੰ ਗੁਲਾਮ ਰੱਖਣ ਦਾ ਤਰੀਕਾ ਅਪਣਾਇਆ ਜਾ ਰਿਹਾ ਹੈ, ਪਰ ਇਹ ਬਹੁਤੀ ਦੇਰ ਨਹੀਂ ਚੱਲੇਗਾ।

ਬੇਸ਼ੱਕ ਪਹਿਲਾਂ ਵੀ ਕਈ ਪ੍ਰਚਾਰਕ ਤੇ ਵਿਦਵਾਨ ਫਤਵੇ ਜਾਰੀ ਕਰ ਰਹੇ ਇਨ੍ਹਾਂ ਜਥੇਦਾਰਾਂ ਦੀ ਭਾਰੀ ਅਲੋਚਨਾ ਕਰ ਰਹੇ ਹਨ, ਪਰ ਜਿਹੜੇ ਸਪਸ਼ਟ ਸ਼ਬਦਾਂ ਦੀ ਵਰਤੋਂ ਇਸ ਨੌਜਵਾਨ ਪ੍ਰਚਾਰਕ ਭਾਈ ਪਰਮਜੀਤ ਸਿੰਘ ਜੀ ਨੇ ਇੱਕ ਅੰਤਰਰਾਸ਼ਟਰੀ ਪੱਧਰ ਦੀ ਸਟੇਜ਼ ਗੁਰਦੁਆਰਾ ਬੰਗਲਾ ਸਾਹਿਬ ਤੋਂ ਕੀਤੀ ਹੈ, ਇਹ ਫ਼ਤਵੇ ਜਾਰੀ ਕਰਨ ਵਾਲਿਆਂ ਦੀ ਜ਼ਮੀਰ ਨੂੰ ਧੁਰ ਅੰਦਰੋਂ ਹਿਲਾਉਣ ਵਾਲੇ ਹਨ।

 

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top