Share on Facebook

Main News Page

ਸਿੰਘ ਸਭਾਵਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖਣ, ਉਹ ਆਪਣਾ ਕਿਹੜਾ ਫ਼ਰਜ਼ ਨਿਭਾ ਰਹੀਆਂ ਹਨ
-
ਪਰਮਜੀਤ ਸਿੰਘ ਉਤਰਾਖੰਡ

* ਮਹਾਰਾਜਾ ਨਾਭਾ ਨੇ 7000 ਰੁਪਏ ਪ੍ਰੋ: ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੂੰ ਮੀਡੀਆ ਸਥਾਪਤ ਕਰਨ ਲਈ ਦਿੱਤਾ, ਪਰ ਅੱਜ ਦੇ ਰਾਜੇ ਨੇ ਧਰਮ ਪ੍ਰਚਾਰ ਵਿੱਚ ਹਿੱਸਾ ਪਾ ਰਹੇ ਚੜ੍ਹਦੀ ਕਲਾ ਟਾਈਮ ਟੀਵੀ ਚੈੱਨਲ ਨੂੰ ਪੰਜਾਬ ਦੇ ਕੇਬਲ ਨੈੱਟਵਰਕ ਤੋਂ ਕੱਟ ਦਿੱਤਾ

* ਰਾਜਿਆਂ ਤੇ ਡੇਰੇਦਾਰਾਂ ਦਾ ਅਸਲ ਡਰ: ਜੇ ਸਿੱਖੀ ਸਿਧਾਂਤ ਤੋਂ ਸਿੱਖ ਜਾਣੂ ਹੋ ਗਏ ਤਾਂ ਉਨ੍ਹਾਂ ਨੂੰ ਕਿਸੇ ਨੇ ਫ਼ਖ਼ਰ-ਏ-ਕੌਮ ਨਹੀਂ ਮੰਨਣਾ ਤੇ ਵਿਹਲੜ ਡੇਰੇਦਾਰਾਂ ਦੀ ਕਿਸੇ ਨੇ ਬਾਤ ਨਹੀਂ ਪੁੱਛਣੀ

* ਦੇਸ਼ ਵਿਦੇਸ਼ ਦੀ ਹਰ ਸਿੰਘ ਸਭਾ ਗੁਰਦੁਆਰਾ ਕਮੇਟੀ ਦਾ ਫਰਜ਼ ਬਣਦਾ ਹੈ ਕਿ ਉਹ ਸਿੰਘ ਸਭਾ ਦਾ ਸਥਾਪਨਾ ਦਿਵਸ ਮੰਨਾਵੇ

 

ਬਠਿੰਡਾ, 24 ਸਤੰਬਰ (ਕਿਰਪਾਲ ਸਿੰਘ): ਦੇਹਧਾਰੀ ਗੁਰੂ ਡੰਮ ਹੋਣ ਜਾਂ ਮਿੰਨੀ ਦੇਹਧਾਰੀ ਗੁਰੂਡੰਮ ਦਾ ਰੂਪ ਡੇਰੇਦਾਰ ਹੋਣ ਉਹ ਸਿੱਖੀ ਸਿਧਾਂਤਾਂ ਦਾ ਨੁਕਸਾਨ ਕਰ ਰਹੇ ਹਨ। ਪੰਜਾਬ ਵਿੱਚ ਸਿੱਖੀ ਪ੍ਰਚਾਰ ਦੀ ਦੁਰਦਸ਼ਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ 12 ਹਜਾਰ ਪਿੰਡ ਹਨ ਤੇ ਸਾਢੇ 16 ਹਜਾਰ ਡੇਰੇ ਹਨ ਜੋ ਸਿੱਖੀ ਪ੍ਰਚਾਰ ਦੇ ਨਾਮ ਤੇ ਹੀ ਸਿੱਖੀ ਦਾ ਘਾਣ ਕਰ ਰਹੇ ਹਨ। ਡੇਰੇਦਾਰ ਤਾਂ ਜੋ ਹੈ, ਉਹ ਤਾਂ ਹੈ ਹੀ ਹਨ ਉਨ੍ਹਾਂ ਤੋਂ ਉਮੀਦ ਰੱਖਣ ਦਾ ਤਾਂ ਕੋਈ ਲਾਭ ਨਹੀਂ ਪਰ ਸਿੰਘ ਸਭਾਵਾਂ ਤਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖਣ ਕਿ ਉਹ ਆਪਣਾ ਕਿਹੜਾ ਫ਼ਰਜ਼ ਨਿਭਾ ਰਹੀਆਂ ਹਨ। ਜੇ ਕਿਸੇ ਡੇਰੇ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਨਹੀਂ ਤਾਂ ਕਿਹੜਾ ਉਹ ਸਿੰਘ ਸਭਾ ਗੁਰਦੁਆਰਾ ਹੈ ਜਿੱਥੇ ਸਿੱਖ ਰਹਿਤ ਮਰਿਆਦਾ ਤੇ ਪੂਰਾ ਪਹਿਰਾ ਦਿੱਤਾ ਜਾਂਦਾ ਹੈ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾੲਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਅੱਜ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨ ਤੇ ਪ੍ਰਬੰਧਕ ਬਣ ਜਾਣਾ ਤਾਂ ਸੌਖਾ ਹੈ ਪਰ ਜੇ ਕਿਸੇ ਪ੍ਰਧਾਨ ਨੂੰ ਸਿੰਘ ਸਭਾ ਦਾ ਇਤਿਹਾਸ ਪੁੱਛ ਲਿਆ ਜਾਵੇ ਤਾਂ ਸ਼ਾਇਦ ਹੀ ਕੋਈ ਭਾਗਾਂ ਵਾਲਾ ਦੱਸ ਸਕੇ ਕਿ ਸਿੰਘ ਸਭਾ ਕਦੋਂ ਤੇ ਕਿਉਂ ਹੋਂਦ ਵਿੱਚ ਆਈ ਸੀ ਤੇ ਬੇਅੰਤ ਔਕੜਾਂ ਦੇ ਬਾਵਯੂਦ ਇਸ ਨੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਕਿਹੜੇ ਕੀਰਤੀਮਾਨ ਸਥਾਪਤ ਕੀਤੇ ਸਨ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 629 ਤੇ ਸੋਰਠਿ ਰਾਗੁ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਉਚਾਰਣ ਕੀਤੇ ਸ਼ਬਦ: ਭੂਖੇ, ਖਾਵਤ ਲਾਜ ਨ ਆਵੈ ॥ ਤਿਉ ਹਰਿ ਜਨੁ, ਹਰਿ ਗੁਣ ਗਾਵੈ ॥1॥ ਅਪਨੇ ਕਾਜ ਕਉ, ਕਿਉ ਅਲਕਾਈਐ ॥ ਜਿਤੁ ਸਿਮਰਨਿ, ਦਰਗਹ ਮੁਖੁ ਊਜਲ, ਸਦਾ ਸਦਾ ਸੁਖੁ ਪਾਈਐ ॥1॥ ਰਹਾਉ ॥ ਦੀ ਵਿਆਖਿਆ ਕਰਦੇ ਹੋਏ ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਆਪਣੇ ਤੇ ਆਪਣੇ ਪ੍ਰਵਾਰ ਦੀ ਐਸ਼ ਪ੍ਰਸਤੀ ਲਈ ਹੋਰ ਨਾਸ਼ਵਾਨ ਪਦਾਰਥ ਤੇ ਉਚੇ ਰੁਤਬੇ ਹਾਸਲ ਕਰਨ ਲਈ ਤਾਂ ਬਹੁਤ ਉਦਮ ਕਰਦਾ ਰਹਿੰਦਾ ਹੈ ਪਰ ਕਰਨਯੋਗ ਉਹ ਕੰਮ ਜਿਹੜੇ ਉਸ ਦੀ ਜਿੰਦਗੀ ਵਿੱਚ ਸਹਾਈ ਹੁੰਦੇ ਹਨ ਤੇ ਕੌਮ ਦੀ ਚੜ੍ਹਦੀ ਕਲਾ ਲਈ ਅਤਿ ਲੋੜੀਂਦੇ ਹਨ, ਦੇ ਕਰਨ ਵਿੱਚ ਹਮੇਸ਼ਾਂ ਹੀ ਆਲਸ ਕਰਦਾ ਹੈ। ਗੁਰੂ ਪਾਤਸ਼ਾਹ ਜੀ ਮਿਸਾਲਾਂ ਦੇ ਕੇ ਇਸ ਸ਼ਬਦ ਰਾਹੀਂ ਸਾਨੂੰ ਸੇਧ ਬਖ਼ਸ਼ਦੇ ਹਨ ਕਿ ਹੇ ਭਾਈ! ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਈਦਾ ਹੈ, ਤੇ, ਸਦਾ ਹੀ ਆਤਮਕ ਆਨੰਦ ਮਾਣੀਦਾ ਹੈ (ਉਹ ਸਿਮਰਨ ਹੀ ਸਾਡਾ ਅਸਲ ਕੰਮ ਹੈ, ਇਸ ਲਈ) ਆਪਣੇ (ਇਸ ਅਸਲ) ਕੰਮ ਦੀ ਖ਼ਾਤਰ ਕਦੇ ਭੀ ਆਲਸ ਨਹੀਂ ਕਰਨਾ ਚਾਹੀਦਾ ॥1॥ ਰਹਾਉ ॥ ਹੇ ਭਾਈ! ਜਿਵੇਂ (ਜੇ ਕਿਸੇ ਭੁੱਖੇ ਮਨੁੱਖ ਨੂੰ ਕੁਝ ਖਾਣ ਨੂੰ ਮਿਲ ਜਾਏ, ਤਾਂ ਉਹ) ਭੁੱਖਾ ਮਨੁੱਖ ਖਾਂਦਿਆਂ ਸ਼ਰਮ ਮਹਿਸੂਸ ਨਹੀ ਕਰਦਾ, ਇਸੇ ਤਰ੍ਹਾਂ ਪਰਮਾਤਮਾ ਦਾ ਸੇਵਕ (ਆਪਣੀ ਆਤਮਕ ਭੁੱਖ ਮਿਟਾਣ ਲਈ ਬੜੇ ਚਾਅ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ ॥1॥

ਭਾਈ ਪਰਮਜੀਤ ਸਿੰਘ ਨੇ ਕਿਹਾ ਅੱਜ ਸਿੱਖਾਂ ਨੇ ਭਾਵੇਂ ਹੋਰਨਾਂ ਖੇਤਰਾਂ ਵਿੱਚ ਤਾਂ ਬਹੁਤ ਉਚੀਆਂ ਬੁਲੰਦੀਆਂ ਛੋਹ ਲਈਆਂ ਹਨ ਪਰ ਜਿੱਥੇ ਆਪਣੀ ਆਤਮਕ ਭੁੱਖ ਮਿਟਾਣ ਤੋਂ ਅਵੇਸਲਾ ਹੈ ਉਸੇ ਤਰ੍ਹਾਂ ਕੌਮੀ ਜਿੰਮੇਵਾਰੀਆਂ ਤੋਂ ਵੀ ਪੂਰੀ ਤਰ੍ਹਾਂ ਪਾਸਾ ਵੱਟਿਆ ਹੋਇਆ ਹੈ। 1849 ਤੱਕ ਅੰਗਰੇਜ ਪੰਜਾਬ ਵੱਲ ਮੂੰਹ ਨਹੀਂ ਸਨ ਕਰ ਸਕੇ ਤੇ ਉਸ ਤੋਂ ਪਿੱਛੋਂ ਵੀ ਜਦ ਉਨ੍ਹਾਂ ਨੂੰ ਪੰਜਾਬ ਵਿੱਚ ਆਪਣੇ ਪੈਰ ਪਸਾਰਣ ਵਿੱਚ ਦਿੱਕਤ ਆ ਰਹੀ ਸੀ ਤਾਂ ਉਨ੍ਹਾਂ ਨੇ ਇਸ ਗੱਲ ਦੀ ਪੜਤਾਲ ਕਰਵਾਈ ਕਿ ਸਿੱਖਾਂ ਦੀ ਉਹ ਕਿਹੜੀ ਤਾਕਤ ਹੈ ਜਿਹੜੀ ਇਨ੍ਹਾਂ ਨੂੰ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਨਾਲ ਟਕਰਾਉਣ ਦਾ ਬਲ ਬਖ਼ਸ਼ਦੀ ਹੈ, ਤੇ ਉਹ ਕਿਹੜੀ ਕਮਜੋਰੀ ਹੈ ਜਿਥੋਂ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਵੇਖਿਆ ਕਿ ਸਿੱਖਾਂ ਦੀ ਅਸਲ ਤਾਕਤ ਗੁਰੂ ਵੱਲੋ ਬਖ਼ਸ਼ੇ ਸਿਧਾਂਤ ਹਨ ਤੇ ਕਮਜੋਰੀ ਇਹ ਹੈ ਕਿ ਇਹ ਆਪਣੇ ਨੌਜਵਾਨਾਂ ਨੂੰ ਵਿਦਿਆ ਦੇਣ ਅਤੇ ਸਿੱਖੀ ਨਾਲ ਜੋੜਨ ਦਾ ਕੋਈ ਉਪ੍ਰਾਲਾ ਨਹੀਂ ਕਰ ਰਹੇ। ਇਸ ਲਈ ਉਨ੍ਹਾਂ ਨੇ ਪੰਜਾਬ ਚ ਮਿਸ਼ਨ ਸਕੂਲ਼ ਖੋਲ੍ਹੇ, ਜਿੱਥੇ ਉਨ੍ਹਾਂ ਨੇ ਵਿਦਿਆ ਦੇ ਨਾਲ ਨਾਲ ਈਸਾਈਅਤ ਦਾ ਪ੍ਰਚਾਰ ਕਰਨਾ ਵੀ ਸ਼ੁਰੂ ਕੀਤਾ। 1873 ਵਿੱਚ ਜਦੋਂ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿੱਚ ਪੜ੍ਹ ਰਹੇ ਚਾਰ ਸਿੱਖ ਬੱਚਿਆਂ ਨੇ ਐਲਾਣ ਕਰ ਦਿੱਤਾ ਕਿ ਉਹ ਸਿੱਖ ਧਰਮ ਨੂੰ ਛੱਡ ਕੇ ਈਸਾਈ ਬਣ ਰਹੇ ਹਨ ਤਾਂ ਪੰਥ ਦੇ ਕੁਝ ਸੁਚੇਤ ਸਿੱਖਾਂ ਦੀਆਂ ਅੱਖਾਂ ਖੁੱਲ੍ਹੀਆਂ ਤੇ ਉਨ੍ਹਾਂ ਮੀਟਿੰਗ ਕਰਕੇ ਸਿੰਘ ਸਭਾ ਦਾ ਗਠਨ ਕਰਨ ਦਾ ਫੈਸਲਾ ਲਿਆ।

ਪ੍ਰੋ: ਗੁਰਮੁਖ ਸਿੰਘ ਜੋ ਉਸ ਸਮੇਂ ਸਰਕਾਰੀ ਸਕੂਲ ਵਿੱਚ ਪ੍ਰੋਫੈਸਰ ਸਨ ਅਤੇ ਗਿਆਨੀ ਦਿੱਤ ਸਿੰਘ ਨੇ ਸਿੰਘ ਸਭਾ ਦੇ ਮੋਢੀ ਪ੍ਰਚਾਰਕਾਂ ਵਜੋਂ ਸੇਵਾ ਨਿਭਾਈ। ਉਨ੍ਹਾਂ ਫੈਸਲਾ ਕੀਤਾ ਕਿ ਸਿੱਖਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਖ਼ਾਲਸਾ ਕਾਲਜ ਤੇ ਸਕੂਲ ਖੋਲ੍ਹੇ ਜਾਣ ਤੇ ਪ੍ਰਚਾਰ ਲਈ ਆਪਣਾ ਮੀਡੀਆ ਸਥਾਪਤ ਕੀਤਾ ਜਾਵੇ। ਉਸ ਸਮੇਂ ਮਹਾਰਾਜਾ ਨਾਭਾ ਨੇ 7000 ਰੁਪਏ, ਜਿਹੜੇ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ, ਪ੍ਰੋ: ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੇ ਹੱਥ ਤੇ ਧਰੇ ਤੇ ਉਨ੍ਹਾਂ ਨੂੰ ਕਿਹਾ ਕਿ ਇਸ ਪੈਸੇ ਨਾਲ ਧਰਮ ਪ੍ਰਚਾਰ ਦੇ ਕੰਮ ਨੂੰ ਹੋਰ ਤੇਜ ਕੀਤਾ ਜਾਵੇ। ਪ੍ਰੋ: ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੇ ਉਸ ਪੈਸੇ ਨਾਲ ਇੱਕ ਪ੍ਰਿਟਿੰਗ ਪ੍ਰੈੱਸ ਲਾਇਆ ਤੇ ਆਪਣਾ ਮੀਡੀਆ ਸਥਾਪਤ ਕੀਤਾ। ਪਰ ਅੱਜ ਦੇ ਰਾਜੇ ਧਰਮ ਪ੍ਰਚਾਰ ਵਿੱਚ ਹਿੱਸਾ ਪਾ ਰਹੇ ਮੀਡੀਏ ਨੂੰ ਬੰਦ ਕਰਵਾ ਰਹੇ ਹਨ। ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਪੰਜਾਬ ਦੇ ਕੇਬਲ ਨੈੱਟਵਰਕ ਤੋਂ ਕੱਟ ਦਿੱਤਾ ਗਿਆ ਹੈ ਕਿਉਂਕਿ ਇਸ ਰਾਹੀਂ ਬੰਗਲਾ ਸਾਹਿਬ ਤੋਂ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ। ਭਾਈ ਪਰਮਜੀਤ ਸਿੰਘ ਨੇ ਕਿਹਾ ਸਿੱਖੀ ਦਾ ਅਸਲੀ ਪ੍ਰਚਾਰ ਰਾਜਿਆਂ ਤੇ ਡੇਰੇਦਾਰਾਂ ਨੂੰ ਬਹੁਤ ਹੀ ਚੁਭਦਾ ਰਹਿੰਦਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਜੇ ਸਿੱਖੀ ਸਿਧਾਂਤ ਤੋਂ ਸਿੱਖ ਜਾਣੂ ਹੋ ਗਏ ਤਾਂ ਉਨ੍ਹਾਂ ਨੂੰ ਕਿਸੇ ਨੇ ਫ਼ਖ਼ਰ-ਏ-ਕੌਮ ਨਹੀਂ ਮੰਨਣਾ ਤੇ ਵਿਹਲੜ ਡੇਰੇਦਾਰਾਂ ਦੀ ਕਿਸੇ ਨੇ ਬਾਤ ਨਹੀਂ ਪੁੱਛਣੀ। ਇਸੇ ਕਾਰਣ ਉਸ ਸਮੇਂ ਪੁਜਾਰੀਆਂ ਨੇ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਨੂੰ ਬਹਾਨੇ ਘੜ ਕੇ ਛੇਕ ਦਿੱਤਾ ਤੇ ਅੱਜ ਵੀ ਗੁਰਮਤਿ ਦੇ ਪ੍ਰਚਾਰਕਾਂ ਨੂੰ ਛੇਕਣ ਲਈ ਉਹੀ ਹਥਕੰਡੇ ਅਪਣਾਏ ਜਾ ਰਹੇ ਹਨ।

ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਜਿਸ ਮੀਟਿੰਗ ਵਿੱਚ ਖ਼ਾਲਸਾ ਕਾਲਜ ਤੇ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ ਉਸੇ ਤੋਂ ਸੇਧ ਲੈ ਕੇ ਆਰੀਆ ਸਮਾਜੀਆਂ ਨੇ ਸਵਾਮੀ ਦਇਆ ਨੰਦ, ਜਿਸ ਨੂੰ ਗਿਆਨੀ ਦਿੱਤ ਸਿੰਘ ਨੇ ਧਰਮ ਵੀਚਾਰ ਗੋਸ਼ਟੀ ਵਿੱਚ ਤਿੰਨ ਵਾਰ ਹਰਾਇਆ ਸੀ, ਦੇ ਨਾਮ ਤੇ ਡੀ.ਏ.ਵੀ. ਸਕੂਲ (ਦਇਆ ਨੰਦ ਐਂਗਲੋ ਵੈਦਿਕ ਸਕੂਲ) ਖੋਲ੍ਹਣ ਦਾ ਫੈਸਲਾ ਕੀਤਾ ਤੇ ਪਹਿਲਾ ਸਕੂਲ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਖੋਲ੍ਹਿਆ ਤੇ ਅੱਜ ਇਸ ਦੀਆਂ 667 ਸੰਸਥਾਵਾਂ ਬੜੀ ਸਫਲਤਾ ਪੂਰਬਕ ਚੱਲ ਰਹੀਆਂ ਹਨ। ਪਰ ਸਿੱਖ ਕੌਮ ਦੇ ਇਸ ਪੱਖ ਤੋਂ ਅਵੇਸਲੇ ਹੋਣ ਕਾਰਣ ਖਾਲਸਾ ਸਕੂਲਾਂ ਕਾਲਜਾਂ ਦੀ ਹਾਲਤ ਇਹ ਹੈ ਕਿ ਇਨ੍ਹਾਂ ਵਿੱਚ ਕੋਈ ਸਿੱਖ ਆਪਣੇ ਬੱਚੇ ਦਾਖ਼ਲ ਕਰਵਾਉਣ ਲਈ ਤਿਆਰ ਨਹੀਂ ਹੈ।

ਭਾਈ ਪਰਮਜੀਤ ਸਿੰਘ ਨੇ ਕਿਹਾ ਪਹਿਲੀ ਅਕਤੂਬਰ ਨੂੰ ਸਿੰਘ ਸਭਾ ਦਾ ਸਥਾਪਨਾ ਦਿਵਸ ਹੈ। ਜਿਸ ਤਰ੍ਹਾਂ ਹੋਰ ਅਨੇਕਾਂ ਦਿਹਾੜੇ ਕੌਮ ਮਨਾਉਂਦੀ ਹੈ ਉਸੇ ਤਰ੍ਹਾਂ ਸਮੁੱਚੀ ਕੌਮ ਵੱਲੋਂ ਮਿਲ ਕੇ ਸਿੰਘ ਸਭਾ ਦਾ ਸਥਾਪਨਾ ਦਿਵਸ ਬੜੀ ਵੱਡੀ ਪੱਧਰ ਤੇ ਮਨਾਇਆ ਜਾਵੇ ਜਿਸ ਵਿੱਚ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਦੇ ਜੀਵਨ ਅਤੇ ਉਨ੍ਹਾਂ ਵਲੋਂ ਘਾਲੀ ਗਈ ਘਾਲਣਾ ਸਬੰਧੀ ਚਾਨਣਾ ਪਾ ਕੇ ਨਵੇਂ ਸਿਰੇ ਤੋਂ ਸਿੰਘ ਸਭਾ ਲਹਿਰ ਸ਼ੁਰੂ ਕਰਨ ਲਈ ਵਿਉਂਤਵੰਦੀ ਕੀਤੀ ਜਾਵੇ। ਦੇਸ਼ ਵਿਦੇਸ਼ ਦੇ ਹਰ ਸਿੰਘ ਸਭਾ ਗੁਰਦੁਆਰਾ ਕਮੇਟੀ ਦਾ ਫਰਜ਼ ਬਣਦਾ ਹੈ ਕਿ ਉਹ ਸਿੰਘ ਸਭਾ ਦਾ ਸਥਾਪਨਾ ਦਿਵਸ ਮੰਨਾਵੇ। ਉਨ੍ਹਾਂ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਭਾ ਦਾ ਇਤਿਹਾਸ ਤੇ ਅਜੋਕੀ ਦਸ਼ਾ ਤੇ ਚਾਨਣਾ ਪਾਉਂਦਾ, ਮੁਫ਼ਤ ਵੰਡਣ ਲਈ ਕਿਤਾਬਚਾ ਛਾਪਿਆ ਹੈ। ਸਾਰੇ ਸਿੱਖਾਂ ਨੂੰ ਚਾਹੀਦਾ ਹੈ ਕਿ ਇਹ ਕਿਤਾਬਚਾ ਪੜ੍ਹ ਕੇ ਸਿੰਘ ਸਭਾ ਦੇ ਇਤਿਹਾਸ ਤੋਂ ਜਾਣੂ ਹੋਣ ਤੇ ਇਸ ਵਲੋਂ ਉਲੀਕੇ ਗਏ ਟੀਚੇ ਪੂਰੇ ਕਰਨ ਲਈ ਕਮਰਕਸੇ ਕਰਨ। ਜੇ ਕੋਈ ਕਮੇਟੀ ਆਪਣਾ ਇਹ ਕੌਮੀ ਫਰਜ਼ ਨਹੀਂ ਨਿਭਾਉਂਦੀ ਤਾਂ ਉਥੋਂ ਦੀ ਸੰਗਤ ਨੂੰ ਚਾਹੀਦਾ ਹੈ ਕਿ ਉਹ ਪ੍ਰਬੰਧਕਾਂ ਤੇ ਜੋਰ ਪਾਵੇ ਕਿ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਦੇ ਜੀਵਨ ਸਬੰਧੀ ਜਾਣੂ ਕਰਵਾਉਣ ਲਈ ਸਿੰਘ ਸਭਾ ਦਾ ਸਥਾਪਨਾ ਦਿਵਸ ਮਨਾਇਆ ਜਾਵੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top