Share on Facebook

Main News Page

ਅਨੰਦ ਕਾਰਜਾਂ ਦੇ ਪੈਸੇ ਇਕੱਠੇ ਕਰਨ ਵਾਲਿਆਂ ਨੂੰ, ਪੈਸੇ ਦੇਣ ਦੀ ਥਾਂ ‘ਤੇ ਆਪੋ ਆਪਣੇ ਪਿੰਡ ਸੰਭਾਲੋ
- ਪ੍ਰਿੰ. ਗੁਰਬਚਨ ਸਿੰਘ ਪੰਨਵਾਂ ਥਾਈਲੈਂਡ ਵਾਲੇ

ਸ੍ਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਨਿਊਜ਼ੀਲੈਂਡ 23-09-2012 ਦਿਨ ਐਤਵਾਰ ਨੂੰ ਭਰੇ ਦੀਵਾਨ ਵਿਚ ਪੰਥ ਦੇ ਨਿਧੱੜਕ ਪਰਚਾਰਕ ਪਿੰ੍ਰਸੀਪਲ ਗੁਰਬਚਨ ਸਿੰਘ ਜੀ ਪੰਨਵਾਂ ਨੇ ‘ਮਾਤਾ ਮਤ ਪਿਤਾ ਸੰਤੋਖ’ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ ਕਿ ਰੱਬ ਪੱਥਰਾਂ ਦੀਆਂ ਮੂਰਤੀਆਂ ਵਿਚ ਨਹੀਂ ਹੈ ਤੇ ਨਾ ਹੀ ਕਿਸੇ ਸਾਧ ਨੇ ਕਾਬੂ ਕਰਕੇ ਰੱਖਿਆ ਹੋਇਆ ਹੈ। ਰੱਬ ਜੀ ਤਾਂ ਗੁਣਾਂ ਦੇ ਰੂਪ ਵਿਚ ਸਾਡੇ ਅੰਦਰ ਹੀ ਬੈਠੇ ਹਨ। ਇਹਨਾਂ ਗੁਣਾਂ ਦੀ ਵਰਤੋਂ ਕਰਦਿਆਂ ਅਸਾਂ ਰੱਬ ਜੀ ਦਾ ਰੂਪ ਬਣਨਾ ਹੈ। ਇਸ ਦੀ ਸਮਝ ਸਾਨੂੰ ਗੁਰਬਾਣੀ ਵਿਚਾਰ ਵਿਚੋਂ ਹੀ ਆ ਸਕਦੀ ਹੈ। ਸ਼ਬਦ ਦੀ ਵਿਚਾਰ ਛੱਡ ਕੇ ਅਸੀਂ ਪੰ੍ਰਪਰਾ ਨਿਭਹੁੰਣ ਨੂੰ ਰੱਬ ਜੀ ਦੀ ਪ੍ਰਾਪਤੀ ਸਮਝੀ ਬੈਠੈ ਹਾਂ। ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਟੇਜ ਸਕੱਤਰ ਭਾਈ ਨਾਨਕ ਸਿੰਘ ਜੀ ਨੇ ਕਿਹਾ ਸਿੱਖੀ ਦਾ ਮਾਰਗ ਬਹੁਤ ਹੀ ਸਹਿਜ, ਆਤਮ ਚਿੰਤਨ ਵਾਲਾ ਸੀ ਪਰ ਇਸ ਸਦਾ ਬਹਾਰ ਧਰਮ ਦੀ ਵਿਆਖਿਆ ਗੁਰਬਾਣੀ ਅਨੁਸਾਰ ਨਾ ਹੋਣ ਕਰਕੇ ਹੀ ਸਾਡੇ ਵਿਚ ਭਰਮ ਭੁਲੇਖੇ ਪਏ ਹੋਏ ਹਨ। ਇਹਨਾਂ ਭੁਲੇਖਿਆਂ ਨੂੰ ਪਿੰ੍ਰਸੀਪਲ ਜੀ ਹੁਰਾਂ ਨੇ ਬੁਹਤ ਸਰਲ ਤਰੀਕੇ ਨਾਲ ਸਾਨੂੰ ਸਮਝਾਇਆ ਹੈ।

ਐਤਵਾਰ ਦਾ ਦਿਨ ਹੋਣ ਕਰਕੇ ਗੁਰਦੁਆਰਾ ਦਸਮੇਸ਼ ਦਰਬਾਰ ਕਾਲਮਾ ਰੋਡ ਵਿਖੇ ਪ੍ਰਿੰ. ਜੀ ਹੁਰਾਂ ਗੰਗਾ ਕੀ ਲਹਿਰ ਦੇ ਸ਼ਬਦ ਦੀ ਵਿਚਾਰ ਕਰਦਿਆਂ ਕਿਹਾ ਸਿੱਖ ਧਰਮ ਦੀ ਵਿਚਾਰ ਦੋ ਤਰ੍ਹਾਂ ਨਾਲ ਕੀਤੀ ਗਈ ਹੈ। ਇਕ ਬ੍ਰਹਾਮਣੀ ਕਰਮ-ਕਾਂਡ ਤੇ ਦੂਸਰਾ ਕਰਾਮਾਤੀ ਗਪੌੜਿਆਂ ਵਾਲੀਆਂ ਕਹਾਣੀਆਂ ਨਾਲ, ਜਿਸ ਕਰਕੇ ਸਾਡੇ ਜੀਵਨ ਵਿਚ ਗੁਰਬਾਣੀ ਸਿਧਾਂਤ ਆਉਣ ਦੀ ਥਾਂ ‘ਤੇ ਭਰਮਾਂ-ਵਹਿਮਾਂ ਨੇ ਜਗ੍ਹਾ ਬਣਾ ਲਈ ਹੋਈ ਹੈ। ਸ਼ਬਦ ਦੀ ਵਿਚਾਰ ਕਰਦਿਆਂ ਪ੍ਰਿਸੀਪਲ ਜੀ ਹੁਰਾਂ ਕਿਹਾ ਕਿ ਸਾਧ ਲਾਣਾ ਇਹ ਗੱਲ ਸਮਝਾਉਣ ਵਿਚ ਕਾਮਯਾਬ ਹੋਇਆ ਹੈ ਕਿ ਸੰਗਤ ਨੂੰ ਆਪ ਬਾਣੀ ਨਹੀਂ ਪੜ੍ਹਣੀ ਚਾਹੀਦੀ ਕਿਉਂਕਿ ਬਾਣੀ ਪੜ੍ਹਦਿਆਂ ਕਈ ਗਲਤੀਆਂ ਹੋ ਜਾਂਦੀਆਂ ਹਨ। ਇਹਨਾਂ ਗਲਤੀਆਂ ਕਰਕੇ ਸਾਡਾ ਕੋਈ ਨੁਕਸਾਨ ਹੋ ਸਕਦਾ ਹੈ, ਕਿੰਨਾ ਚੰਗਾ ਹੋਵੇ ਕਿ ਤੁਸੀਂ ਪੈਸੇ ਦੇ ਕੇ ਬਾਣੀ ਪੜ੍ਹਾਅ ਲਓ। ਅੱਜ ਨਤੀਜਾ ਸਭ ਦੇ ਸਾਹਮਣੇ ਹੈ ਸਿੱਖ ਪੈਸੇ ਦੇ ਕੇ ਬਾਣੀ ਪੜ੍ਹਾਅ ਰਹੇ ਹਾਂ। ਹੁਣ ਤਾਂ ਹੋਰ ਵੀ ਗੱਲ ਦੂਰ ਚਲੇ ਗਈ ਹੈ ਕਿ ਅਖੇ ਅਖੰਡਪਾਠਾਂ ਦੀ ਭੇਟਾ ਤੁਸੀਂ ਸਾਨੂੰ ਭੇਜ ਦਿਓ ਅਸੀਂ ਤੁਹਾਨੂੰ ਹੁਕਮ ਨਾਮਾ ਤੁਹਾਡੇ ਪਤੇ ‘ਤੇ ਡਾਕ ਰਾਂਹੀ ਭੇਜ ਦਿਆਗੇ। ਏਸੇ ਤਰ੍ਹਾਂ ਹੁਣ ਕਈ ਸਾਧਾਂ ਜਾਂ ਰਾਗੀਆਂ ਨੇ ਨਵੀਂ ਜੁਗਤ ਲੱਭ ਲਈ ਹੈ ਪੈਸੇ ਬਟੋਰਨ ਦੀ, ਕਿ ਅਖੇ ਤੁਸੀਂ ਸਾਨੂੰ ਪੈਸੇ ਦਿਓ ਅਸੀਂ ਕੁੜੀਆਂ ਦੇ ਵਿਆਹ ਕਰਨੇ ਹਨ ਤੇ ਉਹਨਾਂ ਨੂੰ ਤੁਹਾਡੇ ਦਿੱਤੇ ਹੋਏ ਪੈਸਿਆਂ ਨਾਲ ਅਸੀਂ ਦਾਜ ਦੇਣਾ ਹੈ।

ਪ੍ਰਿੰ. ਗੁਰਬਚਨ ਸਿੰਘ ਜੀ ਪੰਨਵਾਂ ਨੇ ਸੰਗਤ ਪਾਸੋਂ ਸਵਾਲ ਪੁੱਛਿਆ ਕੇ ਕੀ ਤੁਸੀਂ ਇਹ ਆਪ ਸੇਵਾ ਨਹੀਂ ਕਰ ਸਕਦੇ? ਪਹਿਲੀ ਗੱਲ ਤਾਂ ਇਹ ਸਿੱਖੀ ਵਿਚ ਦਾਜ ਦੇਣਾ ਲੈਣਾ ਲਾਹਨਤ ਹੈ। ਦੂਜਾ ਜੇ ਇਹ ਨੌਜਵਾਨ ਬੱਚੀ ਬੱਚਾ ਅੱਜ ਆਪਣਾ ਬੋਝ ਨਹੀਂ ਚੁੱਕ ਸਕਦੇ ਤਾਂ ਕੀ ਇਹਨਾਂ ਦੇ ਘਰ ਜਿਹੜੇ ਬੱਚੇ ਪੈਦਾ ਹੋਣਗੇ ਉਹ ਆਪਣਾ ਬੋਝ ਚੁੱਕ ਲੈਣਗੇ? ਕੀ ਜੇ ਕੋਈ ਪਰਵਾਰ ਸੰਗਤ ਵਿਚ ਆ ਕੇ ਕਹਿਣ ਕੇ ਅਸਾਂ ਬੱਚਿਆਂ ਦਾ ਅਨੰਦ ਕਾਰਜ ਕਰਾਉਣਾ ਹੈ ਤਾਂ ਕੋਈ ਵੀ ਸੰਗਤ ਨਾਂਹ ਕਰੇਗੀ? ਗੁਰਦੁਆਰੇ ਵਿਚ ਪਰਵਾਰ ਵਾਲੇ ਆਪ ਵੀ ਅਨੰਦ ਕਾਰਜ ਕਰ ਸਕਦੇ ਹਨ ਇਹ ਕੋਈ ਬਹੁਤੇ ਵਹਿਮ ਵਾਲੀ ਗੱਲ ਨਹੀਂ ਹੈ। ਅਨੰਦ ਕਾਰਜਾਂ ਦੇ ਨਾਂ ‘ਤੇ ਮਾਇਆ ਦੇਣ ਦੀ ਥਾਂ ‘ਤੇ ਤੁਸੀਂ ਆਪਣੇ ਹੱਥੀਂ ਸੇਵਾ ਕਰੋ। ਉਹਨਾਂ ਨੇ ਕਿਹਾ ਕਿ ਸਾਧ ਸੰਗਤ ਜੀ ਤੁਸੀਂ ਆਪੋ ਆਪਣੇ ਪਿੰਡਾਂ ਨੂੰ ਸੰਭਾਲੋ। ਆਪਣੇ ਪਿੰਡ ਵਿਚ ਇਕ ਪੜ੍ਹਿਆ ਲਿਖਿਆ ਪਰਚਾਰ ਰੱਖ ਕੇ ਉਹਨੂੰ ਤਨਖਾਹ ਦਿਓ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਗੁਰਬਾਣੀ ਪੜ੍ਹਾਵੇ। ਇੰਜ ਲੱਗਦਾ ਹੈ ਜਿਵੇਂ ਸਾਧ ਲਾਣੇ ਨੇ ਬਾਣੀ ਪੜ੍ਹਨ ਤੋਂ ਹਟਾ ਦਿੱਤਾ ਹੈ ਏਸੇ ਤਰ੍ਹਾਂ ਸਾਨੂੰ ਸੇਵਾ ਵਰਗੇ ਉੱਤਮ ਗੁਣ ਤੋਂ ਵੀ ਵਿਹਲਾ ਕੀਤਾ ਜਾ ਰਿਹਾ ਹੈ। ਅਸਾਂ ਵੀ ਸੋਚ ਲਿਆ ਹੈ ਚਲੋ ਦਿਓ ਪੈਸੇ ਸਾਡੀ ਸੇਵਾ ਥਾਏ ਪੈ ਜਾਏਗੀ। ਅੰਤ ਵਿਚ ਗੁਰਦੁਆਰਾ ਦੇ ਪ੍ਰਧਾਨ ਜੀ ਨੇ ਪਿੰਸੀਪਲ ਜੀ ਧੰਨਵਾਦ ਕਰਦਿਆਂ ਕਿਹਾ ਕਿ ਅੱਗੋਂ ਤੋਂ ਸਾਡੇ ਪਾਸ ਪਰਚਾਰਕ ਭੇਜੋ। ਤਾਂ ਕਿ ਸਾਨੂੰ ਗੁਰਬਾਣੀ ਵਿਚਾਰ ਦੀ ਸਮਝ ਆ ਸਕੇ। ਦੀਵਨ ਦੀ ਸਮਾਪਤੀ ੳਪਰੰਤ ਬਹੁਤ ਸਾਰੀ ਸੰਗਤ ਨੇ ਪਿੰਡ ਸੰਭਾਲਣ ਦੀ ਜਾਣਕਾਰੀ ਲਈ।

ਗੁਰਪ੍ਰੀਤ ਸਿੰਘ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ
ਪਾਪਾਟੋਏਟੋਏ, ਨਿਊਜ਼ੀਲੈਂਡ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top