Share on Facebook

Main News Page

ਸੱਚ ਨੂੰ ਅਪਨਾਉਣ ਤੋਂ ਘੇਸਲ ਕਦੋਂ ਤੱਕ?

ਵਿਸ਼ਵ ਸਿੱਖ ਕਾਨਫਰੰਸ ਦੀ ਸੁਧਾਰਮਈ ਪੜਚੋਲ

ਬਾਬਾ ਨਾਨਕ ਜੀ ‘ਗੁਰਮਤਿ ਇਨਕਲਾਬ’ ਦੇ ਮੋਢੀ ਸਨ। ਉਨ੍ਹਾਂ ਦੇ ਪ੍ਰਚਾਰ ਢੰਗ ਦੀ ਹੀ ਇਕ ਲਾਸਾਣੀ ਸੇਧ ਨੂੰ ਸਾਹਮਣੇ ਰੱਖਦੇ ਹੋਏ ਅੱਜ ਦੇ ਵਿਚਾਰ ਦੀ ਸ਼ੁਰੂਆਤ ਕਰਦੇ ਹਾਂ। ਜਨੇਉ ਦੀ ਰਸਮ ਵੇਲੇ ਕੀਤੇ ਕੌਤਕ ਨੂੰ ਚੇਤੇ ਕਰਨ ਦਾ ਯਤਨ ਕਰੀਏ। ਬਾਬਾ ਨਾਨਕ ਨੇ ਚਿਰ-ਪ੍ਰਚਲਿਤ ਅਤੇ ਸਮਾਜ ਦੀ ਮਾਨਸਿਕਤਾ ਵਿਚ ਗਹਿਰਾਈ ਨਾਲ ਘਰ ਕਰ ਚੁੱਕੀ ਬ੍ਰਾਹਮਣੀ ਜਨੇਉ ਦੀ ਗਲਤ ਮਾਨਤਾ ਨੂੰ ਦ੍ਰਿੜਤਾ ਅਤੇ ਦਲੇਰੀ ਨਾਲ ਨਕਾਰਦੇ ਹੋਏ, ਖਰਾ ਸੱਚ ਪੇਸ਼ ਕੀਤਾ।

ਇਹ ਗੱਲ ਚੇਤੇ ਵਿਚ ਰੱਖੀਏ ਕਿ ਉਸ ਇਕੱਠ ਵਿਚ ਸ਼ਾਇਦ ਹੀ ਕੋਈ ਸੱਜਣ ਹੋਵੇਗਾ ਜੋ ਬਾਬਾ ਨਾਨਕ ਜੀ ਵਲੋਂ ਬਿਨਾ ਕਿਸੇ ਲਗ ਲਪੇਟ, ਨਿਡਰਤਾ ਨਾਲ ਪੇਸ਼ ਕੀਤੇ ਖਰੇ ਸੱਚ ਨੂੰ, ਪਹਿਲਾਂ ਤੋਂ ਜਾਣਦਾ/ਸਮਝਦਾ ਹੋਵੇਗਾ। ਇਸੇ ਪ੍ਰਚਾਰ ਸੇਧ ਨੂੰ ਆਪਣੇ ਜ਼ਹਿਨ ਵਿਚ ਰੱਖਦੇ ਹੋਏ ਪਿਛਲੇ ਕੁਝ ਦਿਨਾਂ ਵਿਚ ਸੁਚੇਤ ਪੰਥ ਵਿਚ ਹੋਈ ‘ਵਿਸ਼ਵ ਸਿੱਖ ਕਾਨਫਰੰਸ’ ਦੀ ਸੁਧਾਰਮਈ ਪੜਚੋਲ ਦਾ ਨਿਮਾਣਾ ਜਤਨ ਕਰਦੇ ਹਾਂ। ਸਾਨੂੰ ਇਹ ਗੱਲ ਬਾਰੇ ਸਵੈ-ਪੜਚੋਲ ਕਰਨੀ ਬਣਦੀ ਹੈ ਕਿ ਜਦੋਂ ਬਾਬਾ ਨਾਨਕ ਨੀਮ ਵਿਰੋਧੀ ਮੱਤ ਵਾਲੇ ਇਕੱਠ ਵਿਚ ਖਰਾ ਸੱਚ ਪੇਸ਼ ਕਰਨ ਤੋਂ ਨਹੀਂ ਝਿਝਕੇ ਤਾਂ ਕੀ ਸਾਨੂੰ ਵੀ ਸਿਰਫ ਇਸ ਬਹਾਨੇ ਨਾਲ ‘ਕਿ ਸੰਗਤ ਤਿਆਰ ਨਹੀਂ ਜਾਂ ਆਪਣੇ ਹੀ ਕੁਝ ਸੱਜਣ ਨਰਾਜ਼ ਹੋ ਕੇ ਬਦਤਮੀਜ਼ੀ ਦੀ ਹੱਦ ਤੱਕ ਗਾਲੀ-ਗਲੌਚ ਦੀ ਭਾਸ਼ਾ ਤੇ ਉਤਰ ਆਉਣਗੇ’ ਦੇ ਡਰ ਤੋਂ ਪੜਚੋਲ ਨਹੀਂ ਕਰਨੀ ਚਾਹੀਦੀ? ਬਾਬੇ ਨੇ ਸੁਧਾਰਮਈ ਪੜਚੋਲ ਵਾਲਾ ਸੱਚ ਪੇਸ਼ ਕਰਦੇ ਨਰਾਜ਼ ਪੁਜਾਰੀ ਸ਼੍ਰੇਣੀ ਵਲੋਂ ਭੂਤਨਾ, ਬੇਤਾਲਾ ਆਦਿ ਰਾਹੀਂ ਗੈਰ-ਇਖਲਾਕੀ ਵਿਰੋਧ ਦੀ ਪ੍ਰਵਾਹ ਨਹੀਂ ਕੀਤੀ ਤਾਂ ਸਾਨੂੰ ਵੀ ਇਸ ਗੱਲ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ।

ਕੈਨੇਡਾ ਵਿਚਲੀ ‘ਵਿਸ਼ਵ ਸਿੱਖ ਕਾਨਫਰੰਸ’ ਕਰਾਉਣ ਦਾ ਉੱਦਮ ‘ਸਿੰਘ ਸਭਾ ਕੈਨੇਡਾ’ ਦੇ ਸੱਜਣਾਂ ਵਲੋਂ ਕੀਤਾ ਗਿਆ, ਜੋ ਜਾਗਰੂਕ ਪੰਥ ਦਾ ਇਕ ਸਰਗਰਮ ਹਿੱਸਾ ਮੰਨੇ ਜਾਂਦੇ ਹਨ। ਐਸੇ ਉਪਰਾਲੇ ਸਮੇਂ ਦੀ ਲੋੜ ਅਤੇ ਸੁਆਗਤਯੋਗ ਹਨ । ਇਸ ਉਪਰਾਲੇ ਦਾ ਸੁਆਗਤ ਕਰਦੇ ਹੋਏ ਇਸ ਵਿਚ ਰਹਿ ਗਈਆਂ ਕੁਝ ਕਮੀਆਂ ਦੀ ਸੁਧਾਰਮਈ ਪੜਚੋਲ ਕਰਨ ਦਾ ਯਤਨ ਕਰਦੇ ਹਾਂ ਤਾਂ ਕਿ ਭਵਿੱਖ ਵਿਚ ਹੋਣ ਵਾਲੇ ਐਸੇ ਉਪਰਾਲਿਆਂ ਪ੍ਰਤੀ ਸੁਚੇਤ ਹੋ ਸਕੀਏ।

  1. ਸਮਾਗਮ ਦੀ ਸ਼ੁਰੂਆਤ ਦੇਵੀ ਭਗੌਤੀ ਦੇ ਸਿਮਰਨ (ਵਾਲੀ ਅਰਦਾਸ) ਨਾਲ ਕਰਨ ਦੀ ਬਜ਼ਰ ਗਲਤੀ
  2. ਸਮਾਗਮ ਦੇ ਸੱਦਾ ਪੱਤਰ ਵਿਚ ਕਿਸੇ ਸਪਸ਼ਟ ਏਜੰਡੇ ਦੀ ਘਾਟ
  3. ਸਮਾਗਮ ਦੇ ਸੱਦਾ ਪੱਤਰ ਦੇਣ ਵੇਲੇ ਖੁੱਲਦਿਲੀ ਅਤੇ ਨਿਰਪੱਖਤਾ ਦੀ ਘਾਟ
  4. ਸਮਾਗਮ ਦੀ ਆਲੋਚਣਾ ਤੋਂ ਚਿੜ੍ਹ ਕੇ ਬੌਖਲਾਹਟ ਦਾ ਪ੍ਰਗਟਾਵਾ

ਸਮਾਗਮ ਦੀ ਸ਼ੁਰੂਆਤ ਵੇਲੇ ਭਗੌਤੀ ਸਿਮਰਨ

ਗੁਰਮਤਿ ਦਾ ਇਕ ਮੁੱਢਲਾ ਪੱਖ ਸੇਧਾਂ ਨੂੰ ਅਮਲੀ ਤੌਰ ਤੇ ਅਪਨਾਉਣਾ ਹੈ। ਅਮਲ ਤੋਂ ਬਿਨਾਂ ਗੁਰਬਾਣੀ ਵਿਚਾਰ ‘ਫੋਕਾ ਗਿਆਨ’ ਬਣ ਜਾਂਦਾ ਹੈ। ਗੁਰਮਤਿ ਦੇਵੀ-ਦੇਵਤਿਆਂ ਦੀ ਪ੍ਰਚਲਿਤ ਹੋਂਦ ਨੂੰ ਮਾਨਤਾ ਨਾ ਦੇਂਦੇ ਹੋਏ ਉਨ੍ਹਾਂ ਦੀ ਪੂਜਾ ਦਾ ਖੰਡਨ ਕਰਦੀ ਹੈ। ਇਸ ਇਕ ਮੂਲ ਗੁਰਮਤਿ ਸੇਧ ਨਾਲ ਘੱਟ-ਘੱਟ ਸੁਚੇਤ ਪੰਥ ਤਾਂ ਪੂਰੀ ਤਰਾਂ ਸਹਿਮਤ ਹੈ। ਕੌਮੀ ਅਨਗਹਿਲੀਆਂ ਕਾਰਨ ਅਰਦਾਸ ਵਿਚ ਦੇਵੀ ਸਿਮਰਨ ਵਾਲਾ ਬੰਦ ‘ਪ੍ਰਿਥਮ ਭਗੌਤੀ ਸਿਮਰ ਕੇ’ (ਚੰਡੀ ਚਰਿਤ੍ਰ, ਦਸਮ ਗ੍ਰੰਥ) ਪ੍ਰਚਲਿਤ ਪੰਥਕ ਅਰਦਾਸ ਦੀ ਸ਼ੁਰੂਆਤ ਵਿਚ ਦਰਜ ਹੋ ਗਿਆ। ਸੁਚੇਤ ਪੰਥ ਦਾ ਹਰ ਇਕ ਸ਼ਖਸ ਇਸ ਸੱਚ ਨੂੰ ਸਮਝਦਾ ਹੈ। ਇਸ ਬਾਰੇ ਖੁੱਲੇ ਤੌਰ ਤੇ ਪਹਿਲੀ ਵਾਰ ਜਨਤਕ ਪ੍ਰਚਾਰ ਕਰਨ ਦਾ ਸਿਹਰਾ ਗਿਆਨੀ ਭਾਗ ਸਿੰਘ ਜੀ ਮਿਸ਼ਨਰੀ (ਅੰਬਾਲਾ) ਨੂੰ ਜਾਂਦਾ ਹੈ, ਜੋ ਕਿ ਉਨ੍ਹਾਂ ਨੇ ਲਗਭਗ 40 ਕੁ ਸਾਲ ਪਹਿਲਾਂ ਕੀਤਾ ਸੀ। ਉਸ ਉਪਰੰਤ ਪੰਥ ਵਿਚ ਹੋਰ ਜਾਗਰੂਕਤਾ ਵੱਧਨ ਨਾਲ ਇਸ ਸੱਚਾਈ ਨੂੰ ਸਮਝਣ ਵਾਲੇ ਸੁਚੇਤ ਪੰਥ ਦਾ ਘੇਰਾ ਲਗਾਤਾਰ ਵੱਧਦਾ ਹੀ ਗਿਆ।

ਪ੍ਰਚਲਿਤ ਪੰਥ ਦਾ ਸੰਪਰਦਾਈ ਹਿੱਸਾ ਬ੍ਰਾਹਮਣੀ ਸੋਚ ਦੇ ਅਸਰ ਹੇਠ ਅਜੌਕੇ ਪੂਰੇ ਦਸਮ ਗ੍ਰੰਥ ਨੂੰ ‘ਦਸਵੇਂ ਪਾਤਸ਼ਾਹ’ ਜੀ ਦੀ ਬਾਣੀ ਮੰਨਦਾ ਹੈ, ਸੋ ‘ਭਗੌਤੀ ਸਿਮਰਨ’ ਨੂੰ ਵੀ ਸਹੀ ਮੰਨਦਾ ਹੈ। ਉਨ੍ਹਾਂ ਦੀ ਸੋਚ ਹੀ ਗਲਤ ਹੈ, ਇਸ ਕਰਕੇ ਉਹ ਇਸ ਬੰਦ ਨੂੰ ਅਰਦਾਸ ਵਿਚ ਪੜਨ ਤਾਂ ਕੁਝ ਕਾਰਨ ਸਮਝ ਆਉਂਦਾ ਹੈ। ਪਰ ਜੇ ਕੋਈ ਇਸ ਬੰਦ ਦੇ ਗਲਤ ਹੋਣ ਦੇ ਸੱਚ ਨੂੰ ਸਮਝਦਾ ਹੋਇਆ ਵੀ ਇਸ ਨੂੰ ਅਮਲੀ ਤੌਰ ਤੇ ਤਿਆਗਨ ਤੋਂ ਘੇਸਲ ਵੱਟੀ ਰੱਖਦਾ ਹੈ ਤਾਂ ਉਸਨੂੰ ਗੰਭੀਰ ਸਵੈ-ਪੜਚੋਲ ਦੀ ਲੋੜ ਹੈ ਕਿ ਕੀ ਉਹ ਨਾਨਕ-ਸੇਧ ਤੋਂ ਮੁਨਕਰ ਤਾਂ ਨਹੀਂ? ਮਿਸ਼ਨਰੀ ਕਾਲਜਾਂ ਸਮੇਤ ਇਸ ਕਾਨਫਰੰਸ ਦੇ ਆਯੋਜਕਾਂ ਵਿਚ ਵੀ ਇਹ ਦੁਬਿਧਾ ਸਪਸ਼ਟ ਵੇਖੀ ਜਾ ਸਕਦੀ ਹੈ। ਜਿਸ ਸੱਚ ਦੇ ਜਨਤਕ ਪ੍ਰਚਾਰ ਦੀ ਸ਼ੁਰੂਆਤ ਹੋਇਆਂ ਚਾਲੀ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਜੇ ਉਸ ਨੂੰ ਅਸੀਂ ਹੁਣ ਵੀ ਨਹੀਂ ਅਪਣਾ ਸਕਦੇ ਤਾਂ ਸਾਨੂੰ ਆਪਣੀ ਗੁਰਮਤਿ ਸਮਝ ਅਤੇ ਦ੍ਰਿੜਤਾ ਦੀ ਫੌਰੀ ਅਤੇ ਸੁਹਿਰਦ ਸਵੈ-ਪੜਚੋਲ ਦੀ ਲੋੜ ਹੈ। ਜੇ ‘ਭਗੌਤੀ ਸਿਮਰਨ’ ਵਾਲੀ ਅਰਦਾਸ ਨਾ ਕਰਨ ਦੀ ਦ੍ਰਿੜਤਾ ਨਹੀਂ ਸੀ ਤਾਂ ਜ਼ਰੂਰੀ ਨਹੀਂ ਸੀ ਕਿ ਸਮਾਗਮ ਦੀ ਸ਼ੁਰੂਆਤ ਵਿਚ ਅਰਦਾਸ ਕੀਤੀ ਜਾਂਦੀ। ਅਨੇਕਾਂ ਗੁਰਮਤਿ ਸਮਾਗਮ ਬਿਨਾਂ ਅਰਦਾਸ ਤੋਂ ਵੀ ਹੋ ਰਹੇ ਹਨ। ਕੀ ‘ਭਗੌਤੀ ਸਿਮਰਨ’ ਨਾਲ ਸ਼ੁਰੂ ਕੀਤਾ ਸਮਾਗਮ ‘ਗੁਰਮਤਿ ਸਮਾਗਮ’ ਕਹਿਲਾ ਸਕਦਾ ਹੈ? ਗੰਭੀਰ ਸਵੈ-ਪੜਚੋਲ ਦੀ ਲੋੜ ਹੈ।

ਅਸੀਂ ਇਹ ਟਿੱਪਣੀ ਇਹ ਮੰਨ ਕੇ ਕੀਤੀ ਹੈ ਕਿ ਇਸ ਉਪਰਾਲੇ ਦੇ ਆਯੋਜਕ ਦਸਮ ਗ੍ਰੰਥ ਅਤੇ ਉਸ ਦੇ ਇਸ ਬੰਦ ਨੂੰ ਮੰਨ ਕਰਕੇ ਗਲਤ ਮੰਨਦੇ ਹਨ। ਇਨ੍ਹਾਂ ਆਯੋਜਕਾਂ ਵਿਚੋਂ ਇਕ ਮੁੱਖ ਸੱਜਣ ਤਾਂ ਦਸਮ ਗ੍ਰੰਥ ਵਿਰੁਧ ਧੜੱਲੇਦਾਰ ਪ੍ਰਚਾਰ ਲਈ ਪ੍ਰਸਿੱਧ ਹਨ। ਜੇ ਅਸੀਂ ਗਲਤ ਹਾਂ ਤਾਂ ਇਸ ਉਪਰਾਲੇ ਦੇ ਆਯੋਜਕਾਂ ਨੂੰ ਇਕ ਸਾਂਝਾ ਬਿਆਨ ਜਾਰੀ ਕਰਨਾ ਚਾਹੀਦਾ ਹੈ ਕਿ ਅਸੀਂ ਪੰਥਕ ਅਰਦਾਸ ਦੇ ਸ਼ੁਰੂਆਤੀ ਦਸਮ ਗ੍ਰੰਥੀ ਬੰਦ ਨੂੰ ਗਲਤ ਨਹੀਂ ਮੰਨਦੇ ਅਤੇ ਉਥੇ ਭਗੌਤੀ ਦਾ ਅਰਥ ‘ਅਕਾਲ ਪੁਰਖ’ ਸਮਝਦੇ ਹਾਂ। ਜੇ ਕੋਈ ਐਸਾ ਸਪਸ਼ਟੀਕਰਨ ਆ ਜਾਂਦਾ ਹੈ ਤਾਂ ਸਾਡੀ ਇਸ ਉਪਰਾਲੇ ਪ੍ਰਤੀ ਇਹ ਟਿੱਪਣੀ ਵਾਪਿਸ ਸਮਝੀ ਜਾਵੇ, ਕਿਉਂਕਿ ਸਾਡੀ ਐਸੀ ਟਿੱਪਣੀ ਸਿਰਫ ਜਾਗਰੂਕ ਪੰਥ ਦੇ ਹਿੱਸੇ ਲਈ ਹੀ ਹੈ।

ਕਾਨਫਰੰਸ ਦੇ ਸੱਦਾ-ਪੱਤਰ ਵਿਚ ਸਪਸ਼ਟ ‘ਏਜੰਡੇ’ ਦੀ ਘਾਟ

ਕਿਸੇ ਵੀ ਕਾਨਫਰੰਸ ਜਾਂ ਸੈਮੀਨਾਰ ਦਾ ਇਕ ਨਿਸ਼ਚਿਤ ਏਜੰਡਾ ਹੁੰਦਾ ਹੈ, ਜਿਸ ਬਾਰੇ ਆਪਣੇ ਵਿਚਾਰ ਦੇਣ ਲਈ ਵਕਤਾ ਤਿਆਰੀ ਕਰ ਕੇ ਆਉਂਦਾ ਹੈ। ਇਹ ਏਜੰਡਾ ਕਾਨਫਰੰਸ ਦੇ ਸੱਦਾ ਪੱਤਰ ਵਿਚ ਸਪਸ਼ਟ ਤੌਰ ਤੇ ਲਿਖਿਆ ਹੁੰਦਾ ਹੈ। ਇਸ ਕਾਨਫਰੰਸ ਦੇ ਸੱਦਾ ਪੱਤਰ ਵਿਚ ਇਹ ਇਕ ਵੱਡੀ ਘਾਟ ਸੀ। ਕਾਨਫਰੰਸ ਦੇ ਸੱਦਾ ਪੱਤਰ ਵਿਚ ਕਿਸੇ ਸਪਸ਼ਟ ਏਜੰਡੇ ਦਾ ਜ਼ਿਕਰ ਨਹੀਂ ਸੀ। ਸਾਨੂੰ ਕੁਝ ਸੱਜਣਾਂ ਨੇ ਕਿਹਾ ਕਿ ਤੁਸੀਂ ਵੀ ਪਰਿਵਾਰ ਦਾ ਪੱਖ ਉਸ ਕਾਨਫਰੰਸ ਵਿਚ ਲਿਖਤੀ ਰੂਪ ਵਿਚ ਭੇਜ ਦੇਵੋ, ਕਿਉਂਕਿ ਸੁਚੇਤ ਪੰਥ ਵਿਚੋਂ ਸੱਚ ਨੂੰ ਸਪਸ਼ਟ ਅਤੇ ਖਰੇ ਰੂਪ ਵਿਚ ਪੇਸ਼ ਕਰਨ ਦੀ ਹਿੰਮਤ ਕੋਈ ਘੱਟ ਹੀ ਕਰਦਾ ਹੈ। ਪਰ ਕਿਸੇ ਸਪਸ਼ਟ ਵਿਸ਼ੇ ਦੀ ਅਨਹੋਂਦ ਕਾਰਨ ਸਾਡੇ ਲਈ ਲਿਖਤੀ ਵਿਚਾਰ ਪੇਸ਼ ਕਰਨਾ ਸੰਭਵ ਨਹੀਂ ਹੋ ਪਾਇਆ। ਅੱਗੇ ਹੋਣ ਵਾਲੇ ਐਸੇ ਉਪਰਾਲਿਆਂ ਵਿਚ ਇਸ ਪੱਖ ਤੋਂ ਸੁਚੇਤ ਰਹਿਣਾ ਵੀ ਬਹੁਤ ਜ਼ਰੁਰੀ ਹੈ।

ਸਮਾਗਮ ਦੇ ਸੱਦਾ ਪੱਤਰ ਦੇਣ ਵੇਲੇ ਖੁੱਲ ਦਿਲੀ ਅਤੇ ਨਿਰਪੱਖਤਾ ਦੀ ਘਾਟ

‘ਵਿਸ਼ਵ ਸਿੱਖ ਕਾਨਫਰੰਸ’ ਦਾ ਨਾਮ ਹੀ ਸਪਸ਼ਟ ਕਰਦਾ ਹੈ ਕਿ ਇਹ ਇਕ ਸਾਂਝਾ ਪੰਥਕ ਉਪਰਾਲਾ ਕਰਨ ਦਾ ਯਤਨ ਸੀ। ਇਸ ਲਈ ਇਸ ਸਮਾਗਮ ਲਈ ਸੱਦਾ ਪੱਤਰ ਜਾਰੀ ਕਰਨ ਵੇਲੇ ਖੁੱਲਦਿਲੀ ਅਤੇ ਨਿਰਪੱਖਤਾ ਦੀ ਭਾਵਨਾ ਅਤੇ ਸੁਹਿਰਦਤਾ ਦਾ ਹੋਣਾ ਜ਼ਰੂਰੀ ਸੀ। ਨਿੱਜੀ ਖੁੰਦਕ ਜਾਂ ਚਿੜ ਆਦਿ ਸੰਕੀਰਣ ਭਾਵਨਾਵਾਂ ਆਯੋਜਕਾਂ ਦੀ ਸੁਹਿਰਦਤਾ ਤੇ ਹੀ ਪ੍ਰਸ਼ਨ-ਚਿੰਨ੍ਹ ਲਾ ਦਿੰਦੀਆਂ ਹਨ। ਇਸ ਸਮਾਗਮ ਵਿਚ ਵੀ ਐਸੀ ਚੂਕ ਸਪਸ਼ਟ ਨਜ਼ਰ ਆਉਂਦੀ ਹੈ।

ਪ੍ਰੋ. ਦਰਸ਼ਨ ਸਿੰਘ ਜੀ ਸੁਚੇਤ ਪੰਥ ਦੀ ਇਕ ਅਹਿਮ ਸ਼ਖਸੀਅਤ ਨੇ, ਇਸ ਸੱਚਾਈ ਤੋਂ ਕੋਈ ਇਮਾਨਦਾਰ ਅਤੇ ਸੁਚੇਤ ਸਿੱਖ ਇਨਕਾਰੀ ਨਹੀਂ ਹੋ ਸਕਦਾ। ਬੇਸ਼ਕ ਸਮੇਂ ਸਮੇਂ ਤੇ ਉਨ੍ਹਾਂ ਵਲੋਂ ਲਏ ਸਟੈਂਡ ਨਾਲ ਸਾਡੇ ਸਮੇਤ ਕੋਈ ਪੂਰੀ ਤਰਾਂ ਸਹਿਮਤ ਨਾ ਵੀ ਹੋਵੇ, ਪਰ ਜਾਗਰੂਕਤਾ ਲਹਿਰ ਵਿਚ ਉਨ੍ਹਾਂ ਵਲੋਂ ਆਪਣੀ ਵਿਗੜਦੀ ਸੇਹਤ ਅਤੇ ਭਰਪੂਰ ਸੰਪਰਦਾਈ ਵਿਰੋਧ ਦੇ ਬਾਵਜੂਦ ਦ੍ਰਿੜਤਾ ਅਤੇ ਦਲੇਰੀ ਨਾਲ ਪਾਏ ਯੋਗਦਾਨ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸੋ ‘ਵਿਸ਼ਵ ਸਿੱਖ ਕਾਨਫਰੰਸ’ ਦੇ ਨਾਮ ਤੇ ਸੁਚੇਤ ਪੰਥ ਵਿਚ ਕੀਤੀ ਜਾ ਰਹੇ ਉਪਰਾਲੇ ਵਿਚ ਉਨ੍ਹਾਂ ਨੂੰ ਜਾਣ-ਬੁਝ ਕੇ ਅਨਦੇਖਾ ਕਰਨਾ, ਇਸ ਉਪਰਾਲੇ ਦੇ ਆਯੋਜਕਾਂ ਦੀ ਸੁਹਿਰਦਤਾ ਤੇ ਇਕ ਸਪਸ਼ਟ ਪ੍ਰਸ਼ਨ-ਚਿੰਨ੍ਹ ਲਾਉਂਦਾ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਉਸ ਸਮੇਂ ਪ੍ਰੋ. ਜੀ ਉਸੇ ਸ਼ਹਿਰ ਵਿਚ ਸਨ, ਜਿਥੇ ਕਾਨਫਰੰਸ ਹੋ ਰਹੀ ਸੀ। ਅੰਦਰੂਣੀ ਸੂਤਰਾਂ ਤੋਂ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਆਯੋਜਕਾਂ ਵਿਚੋਂ ਕਈ ਚਾਹੁੰਦੇ ਸਨ ਕਿ ਪ੍ਰੋ. ਜੀ ਨੂੰ ਵੀ ਸੱਦਾ ਦਿਤਾ ਜਾਵੇ, ਪਰ ਇਸ ਉਪਰਾਲੇ ਦੇ ਇਕ ਖਾਸ ਕਰਤਾ ਧਰਤਾ ਸੱਜਣ ਦੇ ਮਨ ਵਿਚ ਭਰੀ ਖੁੰਦਕ ਤੇ ਜ਼ਿਦ ਨੇ ਉਨ੍ਹਾਂ ਦੀ ਚਲਣ ਨਹੀਂ ਦਿਤੀ। ਖੈਰ! ਕਾਰਨ ਜੋ ਵੀ ਹੋਣ, ਇਹ ਆਯੋਜਕਾਂ ਦੀ ਇਕ ਸਾਂਝੀ ਕਮਜ਼ੋਰੀ ਹੀ ਮੰਨੀ ਜਾਵੇਗੀ। ਐਸੀ ਸੰਕੀਰਣਤਾ ਅਤੇ ਨਜ਼ਾਇਜ਼ ਵਿਅਕਤੀਗਤ ਵਿਰੋਧ ਕਾਰਨ ਅੱਛੇ ਉਪਰਾਲਿਆਂ ਦੇ ਵੀ ਸਹੀ ਨਤੀਜੇ ਨਹੀਂ ਨਿਕਲ ਪਾਉਂਦੇ।

ਅਸੀਂ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਪ੍ਰੋ. ਜੀ ਦੀ ਸ਼ਖਸੀਅਤ ਨਾਲ ਜੁੜੇ ਕੁਝ ਸੱਜਣਾਂ ਵਲੋਂ ਕੀਤੇ ਇਸ ਉਪਰਾਲੇ ਦੇ ਅੰਨ੍ਹੇ ਵਿਰੋਧ ਨਾਲ ਅਸੀਂ ਪੂਰੀ ਤਰਾਂ ਸਹਿਮਤ ਨਹੀਂ। ਬੇਸ਼ਕ ਪ੍ਰੋ. ਜੀ ਨੂੰ ਨਿੱਜੀ ਕਿੜ ਕਾਰਨ ਸੱਦਾ ਨਾ ਦੇਣਾ ਬਿਲਕੁਲ ਗਲਤ ਸੀ, ਪਰ ਇਸ ਕਾਰਨ ਨਰਾਜ਼ਗੀ ਪਾਲ ਕੇ ਕਾਨਫਰੰਸ ਦੇ ਬੁਲਾਰਿਆਂ ਪ੍ਰਤੀ ‘ਕਾਮਰੇਡ, ਨਾਸਤਿਕ’ ਆਦਿਕ ਫਤਵੇਮਈ ਸ਼ੋਰ ਵੀ ਗਲਤ ਹੈ। ਲੋੜ ਨਰਾਜ਼ ਹੋਣ ਦੀ ਨਹੀਂ, ਬਲਕਿ ਸਾਰਿਆਂ ਨੂੰ ਇਸ ਉਪਰਾਲੇ ਦੀ ਕਮੀਆਂ ਤੋਂ ਸਬਕ ਲੈ ਕੇ ਅੱਗੇ ਤੋਂ ਗਲਤੀਆਂ ਨਾ ਦੁਹਰਾਉਣ ਦੀ ਪੜਚੋਲ ਕਰਨ ਦੀ ਹੈ। ਜਿਥੋਂ ਤੱਕ ਕੁਝ ਬੁਲਾਰਿਆਂ ਵਲੋਂ ‘ਕੇਸਾਂ ਦੀ ਲੋੜ’ ਤੋਂ ਮੁਨਕਰ ਹੋਣ ਜਿਹੀਆਂ ਕੱਚ-ਘਰੜ ਗੱਲਾਂ ਦੀ ਗੱਲ ਹੈ, ਉਹ ਬੁਲਾਰਿਆਂ ਦਾ ਨਿੱਜੀ ਵਿਚਾਰ ਹੋ ਸਕਦਾ ਹੈ। ਕਿਸੇ ਬੁਲਾਰੇ ਨੂੰ ਬੋਲਦੇ ਸਮੇਂ ਟੋਕਣਾ ਗਲਤ ਹੈ। ਹਾਂ ਉਸ ਉਪਰੰਤ ਸਟੇਜ ਸੈਕਟਰੀ ਨੂੰ ਉਸ ਗਲਤ ਗੱਲ ਦਾ ਨੋਟਿਸ ਲੈ ਕੇ ਗੁਰਮਤਿ ਦਾ ਪੱਖ ਜ਼ਰੂਰ ਰੱਖਣਾ ਚਾਹੀਦਾ ਹੈ।

ਕਿਸੇ ਵੀ ਇਕੱਤਰਤਾ ਦਾ ਸਹੀ ਨਤੀਜਾ ਉਸ ਵਲੋਂ ਪਾਸ ਕੀਤੇ ਮਤੇ ਹੁੰਦੇ ਹਨ, ਨਾਕਿ ਉਸ ਵਿਚ ਕਿਸੇ ਬੁਲਾਰੇ ਵਲੋਂ ਪੇਸ਼ ਕੀਤੇ ਗਏ ਨਿੱਜੀ ਵਿਚਾਰ। ਇਸ ਪੱਖੋਂ ਇਸ ਇਕੱਤਰਤਾ ਵਿਚ ਪਾਸ ਕੀਤੇ ਗਏ ਪਾਸ ਮਤੇ ਸਪਸ਼ਟਤਾ ਦੀ ਘਾਟ ਅਤੇ ਆਪਾ ਵਿਰੋਧ ਦੇ ਬਾਵਜੂਦ ਕੁਝ ਹੱਦ ਤੱਕ ਠੀਕ ਮੰਨੇ ਜਾ ਸਕਦੇ ਹਨ। ਪਹਿਲੇ ਮਤੇ ਦੇ ਇਹ ਅੰਸ਼ ਦਿਲਚਸਪ ਹਨ ਅਤੇ ਧਿਆਨ ਮੰਗਦੇ ਹਨ

ਇਸ ਲਈ ਅੱਜ ਦੀ ਇਹ ਸਭਾ ਗੁਰਦੁਆਰਿਆਂ ਵਿਚ ਕੇਵਲ ‘ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ’ ਦੇ ਪ੍ਰਚਾਰ ਨੂੰ ਹੀ ਸਵੀਕਾਰਦੀ ਹੈ

ਚੌਥੇ ਮਤੇ ਦੇ ਇਹ ਅੰਸ਼ ਵੀ ਕੁਝ ਇਹੀ ਭਾਵਨਾ ਪ੍ਰਕਟ ਕਰਦੇ ਹਨ

ਕਿਉਂਕਿ ਅਸੀਂ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰ ਕਿਸੇ ਰਚਨਾ ਨੂੰ ਸਵੀਕਾਰ ਨਹੀਂ ਕਰਦੇ ਇਸ ਲਈ ਅਗੇ ਲਿਖੇ ਕੁਝ ਸਲੋਕ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚੋਂ ਲੈਣ ਦਾ ਸੁਝਾਅ ਦੇਂਦੇ ਹਾਂ।

ਉਪਰੋਕਤ ਅੰਸ਼ਾਂ ਤੋਂ ਇਹ ਭਾਵਨਾ ਸਪਸ਼ਟ ਹੈ ਕਿ ਇਹ ਸਭਾ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰ ਕਿਸੇ ਰਚਨਾ (ਗੁਰਬਾਣੀ) ਨੂੰ ਪ੍ਰਵਾਨ ਨਹੀਂ ਕਰਦੀ। ਪਰ ਇਸ ਸਭਾ ਦੀ ਸ਼ੁਰਆਤ ਹੀ ਚੰਡੀ ਚਰਿਤ੍ਰ ਦੇ ‘ਦੇਵੀ ਪੂਜਾ’ ਵਾਲੇ ਬੰਦ ਨੂੰ ਮਾਨਤਾ ਦੇਣ ਵਾਲੀ ਅਰਦਾਸ ਤੋਂ ਕਰਨਾ ਸਭਾ ਦੀ ਦੁਬਿਧਾ ਅਤੇ ਆਪਾਵਿਰੋਧ ਦਾ ਝਲਕਾਰਾ ਦਿੰਦਾ ਹੈ। ਅਰਦਾਸ ਵਿਚ ਇਸ ਬੰਦ ਦੇ ਕਰਤਾ ਵਜੋਂ ਸਪਸ਼ਟ ‘ਪਾ: 10’ ਉਚਾਰਣਾ ਇਸ ਨੂੰ ਬਾਣੀ ਮੰਨਣਾ ਨਹੀਂ ਤਾਂ ਹੋਰ ਕੀ ਹੈ? ਇਸ ਦੁਬਿਧਾਮਈ ਪਹੁੰਚ ਇਨ੍ਹਾਂ ਗੁਰਵਾਕਾਂ ਦੀ ਰੋਸ਼ਨੀ ਵਿਚ ਸਵੈ-ਪੜਚੋਲ ਮੰਗਦੀ ਹੈ।

ਰਹਤ ਅਵਰ ਕਛੁ ਅਵਰ ਕਮਾਵਤ ॥  ਮਨਿ ਨਹੀ ਪ੍ਰੀਤਿ ਮੁਖਹੁ ਗਢ ਲਾਵਤ॥ (ਪੰਨਾ 269)
ਦਿਲਹੁ ਮੁਹਬਤਿ ਜਿਨ ਸੇਈ ਸਚਿਆ ॥ ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥1॥ (ਪੰਨਾ 488)

‘ਕੇਸਾਂ ਤੋਂ ਮੁਨਕਰੀ’ ਦੇ ਕਿਸੀ ਬੁਲਾਰੇ ਦੇ ਨਿੱਜੀ ਵਿਚਾਰ ਨੂੰ ਲੈ ਕੇ ਇਸ ਉਪਰਾਲੇ ਵਿਰੁਧ ਪਾਇਆ ਜਾ ਰਿਹਾ ਸ਼ੋਰ ਗਲਤ ਹੈ, ਕਿਉਂਕਿ ਐਸੀ ਕੋਈ ਮੱਦ ਮਤਿਆਂ ਵਿਚ ਨਹੀਂ ਹੈ।

ਸਮਾਗਮ ਦੀ ਆਲੋਚਣਾ ਤੋਂ ਚਿੜ੍ਹ ਕੇ ਬੌਖਲਾਹਟ ਦਾ ਪ੍ਰਗਟਾਵਾ

ਸੁਚੇਤ ਪੰਥ ਦੀ ਬਹੁੱਤੀਆਂ ਧਿਰਾਂ ਦੀ ਇਹ ਮਾਨਸਿਕ ਕਮਜ਼ੋਰੀ ਹੈ ਕਿ ਆਪਣੇ ਬਾਰੇ ਕੀਤੀ ਆਲੋਚਣਾ ਨੂੰ ਸਿਰ ਮੱਥੇ ਲੈਂਦੇ ਹੋਏ, ਸਹਿਜ ਵਿਚ ਸਵੈ-ਪੜਚੋਲ ਕਰਕੇ ਆਪਣਾ ਪੱਖ ਨਿਰਮਤਾ ਨਾਲ ਰੱਖਣ ਦੀ ਥਾਂ ਬੌਖਲਾਹਟ ਵਿਚ ਆ ਜਾਂਦੇ ਹਨ ਅਤੇ ਆਲੋਚਕ ਧਿਰ ਪ੍ਰਤੀ ਬਦਤਮੀਜ਼ ਅਤੇ ਬਜ਼ਾਰੂ ਸ਼ਬਦਾਵਲੀ ਵਿਚ ਲਾਹ-ਪਾਹ ਕਰਦੇ ਨਜ਼ਰ ਆਉਂਦੇ ਹਨ। ਇਸ ਉਪਰਾਲੇ ਪ੍ਰਤੀ ਪ੍ਰੋ. ਜੀ ਦੀ ਸ਼ਖਸੀਅਤ ਨਾਲ ਜੁੜੇ ਕੁਝ ਸੱਜਣਾਂ ਨੇ ਨਰਾਜ਼ਗੀ ਦੇ ਆਲਮ ਵਿਚ ‘ਕਾਮਰੇਡ, ਕਾਮਰੇਡ’ ਦਾ ਸੰਪਰਦਾਈ ਸ਼ੋਰ ਮਚਾਉਂਦੇ ਹੋਏ ਨੀਂਵੇ ਪੱਧਰ ਦੀ ਆਲੋਚਣਾ ਦਾ ਮੁਜ਼ਾਹਰਾ ਕੀਤਾ। ਦੂਜੀ ਤਰਫ ਐਸੀ ਆਲੋਚਣਾ ਤੋਂ ਚਿੜ੍ਹ ਕੇ ਇਸ ਉਪਰਾਲੇ ਦੇ ਇਕ ਕਰਤਾ ਧਰਤਾ ਸੱਜਣ ਨੇ ਨਿਰੀ ਬੌਖਲਾਹਟ ਦਾ ਪ੍ਰਗਟਾਵਾ ਕਰਦੇ ਹੋਏ ਆਲੋਚਕਾਂ ਖਿਲਾਫ ਬਜ਼ਾਰੂ ਸ਼ਬਦਾਵਲੀ ਵਰਤਦੇ ਹੋਏ ਪ੍ਰੋ. ਜੀ ਦੀ ਛਬੀ ਨੂੰ ਵੀ ਧੱਕੇ ਨਾਲ ਇਸ ਨੀਂਵੇ ਮਿਆਰ ਦੀ ਲੜਾਈ ਵਿਚ ਘਸੀਟਣ ਦੇ ਨਾਪਾਕ ਯਤਨ ਕੀਤੇ।

ਨੀਂਵੇ ਪੱਧਰ ਦੀ ਇਸ ਆਪਸੀ ਸ਼ਬਦੀ ਜੰਗ ਦਾ ਵੱਡਾ ਕਾਰਨ ਇਹੀ ਹੈ ਕਿ ਅਸੀਂ ਗੁਰਮਤਿ ਦੀ ਸੇਧ ਭੁਲ ਕੇ, ਸ਼ਖਸੀਅਤ-ਪ੍ਰਸਤੀ, ਨਿੱਜੀ ਕਿੜ, ਹੰਕਾਰ ਆਦਿਕ ਅਲਾਮਤਾਂ ਦੇ ਗੁਲਾਮ ਬਣ ਜਾਂਦੇ ਹਾਂ।

ਇਸ ਇਕੱਤਰਤਾ ਵਿਚ ਨਾਨਕਸ਼ਾਹੀ ਕੈਲੰਡਰ ਦੇ ਹੱਕ ਅਤੇ ‘ਦੇਹ ਸ਼ਿਵਾ ਬਰ ਮੋਹਿ’ ਨੂੰ ਕੌਮੀ ਗੀਤ ਵਜੋਂ ਰੱਦ ਕਰਨ ਆਦਿ ਸੰਬੰਧੀ ਲਏ ਹਾਂ-ਪੱਖੀ ਫੈਸਲਿਆਂ ਦਾ ਸੁਆਗਤ ਕਰਦੇ ਹੋਏ ਅਸੀਂ ਸਾਰੇ ਉਪਰੋਕਤ ਵਿਚਾਰ ਦੀ ਰੋਸ਼ਨੀ ਵਿਚ ਰਹਿ ਗਈਆਂ ਕਮੀਆਂ ਬਾਰੇ ਸੁਹਿਰਦ ਸਵੈ-ਪੜਚੋਲ ਕਰਨ ਦਾ ਯਤਨ ਕਰੀਏ ਤਾਂ ਕਿ ਭਵਿੱਖ ਵਿਚ ਹੋਣ ਵਾਲੇ ਐਸੇ ਉਪਰਾਲਿਆਂ ਵਿਚ ਇਨ੍ਹਾਂ ਕਮਜ਼ੋਰੀਆਂ ਦਾ ਦੁਹਰਾਅ ਨਾ ਹੋਵੇ।

ਜੇ ਇਸ ਸੁਧਾਰਮਈ ਆਲੋਚਣਾ ਤੋਂ ਖਫਾ ਹੋ ਕੇ ਕੋਈ ਸੱਜਣ ਆਪਣੇ ਮਨ ਦੀ ਭੜਾਸ ਕੱਡਣਾ ਚਾਹੇ ਤਾਂ ਅਸੀਂ ਬਾਬਾ ਨਾਨਕ ਜੀ ਦੀ ਜੀਵਨ ਕੌਤਕਾਂ ਦੀ ਸੇਧ ਵਿਚ ‘ਭੂਤਨਾ, ਬੇਤਾਲਾ’ ਕਹਿਣ ਵਾਲੇ ਸੱਜਣਾਂ ਨੂੰ ਚੇਤੇ ਕਰਦੇ ਰਹਾਂਗੇ। ਐਸੇ ਕੌਤਕ ਵੈਸੇ ਵੀ ਸਾਡੇ ਲਈ ਹਮੇਸ਼ਾਂ ਚਾਨਣ ਮੁਨਾਰੇ ਦਾ ਕੰਮ ਕਰਦੇ ਰਹਿੰਦੇ ਹਨ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top