Share on Facebook

Main News Page

ਗਿਆਨੀ ਭਾਗ ਸਿੰਘ ਅੰਬਾਲਾ ਦੀ ਸੱਚੀ ਸਾਖੀ, ਪ੍ਰਿੰਸੀਪਲ ਹਰਿਭਜਨ ਸਿੰਘ ਹੋਰਾਂ ਦੀ ਜੁਬਾਨੀ
(ਪ੍ਰਿੰਸੀਪਲ ਸੁਰਜੀਤ ਸਿੰਘ ਮਿਸ਼ਨਰੀ ਦਾ ਲਿਖਿਆ ਲੇਖ, ਇਕ ਇਤਿਹਾਸਿਕ ਦਸਤਾਵੇਜ )

ਕਲ ਹੀ ਦਾਸ ਦਾ ਸੰਨ 2005 ਵਿੱਚ ਲਿਖਿਆ, ਇਕ ਵੇਬਸਾਈਟ ਤੇ ਛਪਿਆ ਪੁਰਾਨਾਂ ਲੇਖ ਮਸਕੀਨ ਸਾਹਿਬ ਨਾਲ ਇਕ ਮੁਲਾਕਾਤ ਖ਼ਾਲਸਾ ਨਿਊਜ਼ ਤੇ ਛਪਿਆ ।

ਕੁੱਝ ਵੀਰਾਂ ਨੇ ਲੇਖ ਦੀ ਸਾਰਥਕਤਾ ਨੂੰ ਅੱਖਾਂ ਤੋਂ ਉਹਲੇ ਕਰਦਿਆਂ, ਜਜਬਾਤੀ ਹੋ ਕੇ, ਅਨਾਪ ਸ਼ਨਾਪ ਕਮੇਂਟ ਲਿੱਖੇ । ਸੱਚ ਲਿਖਣ ਵਾਲਿਆ ਨੂੰ ਇਹੋ ਜਹੇ ਫਤਵਿਆ ਅਤੇ ਧਮਕੀਆਂ ਦਾ ਕੋਈ ਅਸਰ ਨਹੀਂ ਹੁੰਦਾ । "ਸੱਚ ਇਕ ਸ਼ੀਸ਼ੇ ਵਾਂਗ ਹੁੰਦਾ ਹੈ" । ਉਹ ਕਿਸੇ ਦੀ "ਅੰਧੀ ਸ਼ਰਧਾ" ਉਤੇ ਤਰਸ ਨਹੀਂ ਖਾਂਦਾ । ਸੱਚ ਉਹ ਹੀ ਕਹਿੰਦਾ ਹੈ ਜੋ ਉਹ ਦੇਖਦਾ ਹੈ । ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਇਸੇ ਕਰਕੇ ਸੱਚ ਲਿਖਣ ਵਾਲਿਆਂ ਨੂੰ ਲੋਕੀ ਜਜਬਾਤੀ ਹੋ ਕੇ ਨਿੰਦਕ ਅਤੇ ਟੰਗ ਖਿਚਣ ਵਾਲੇ ਕਹਿ ਕੇ ਵੀ ਅਕਸਰ ਨਿਵਾਜਦੇ ਰਹਿੰਦੇ ਹਨ । ਜੇ ਦਾਸ ਕਿਸੇ ਦੀ ਨਜਰ ਵਿਚ ਨਿੰਦਕ ਜਾਂ ਟੰਗ ਖਿਚਣ ਵਾਲਾ ਹੈ ਤਾਂ ਪੰਥ ਦੇ ਪਤਵੰਤੇ ਵਿਦਵਾਨ ਗਿਆਨੀ ਹਰਿਭਜਨ ਸਿੰਘ ਜੀ ਦੀ ਜੁਬਾਨੀ ਉਨਾ ਦੀ ਹੱਡ ਬੀਤੀ ਹੀ ਪੜ੍ਹ ਲਵੋ । ਕੌਮ ਦੇ ਵਰਿਸ਼ਟ ਵਿਦਵਾਨ ਗਿਆਨੀ ਸੁਰਜੀਤ ਸਿੰਘ ਜੀ ਮਿਸ਼ਨਰੀ ਦਾ ਲਿਖਿਆ ਇਹ ਲੇਖ, ਇਕ ਇਤਿਹਾਸਕ ਦਸਤਾਵੇਜ ਹੈ । ਇਹ ਲੇਖ ਅਜ ਵੀ ਉਨਾਂ ਹੀ ਸਾਰਥਕ ਹੈ ਜਿਨਾਂ ਕਿ ਲਿਖਣ ਵੇਲੇ ਸੀ । ਅੱਜ ਵੀ ਉਹ ਹੀ ਹਾਲਾਤ ਹਨ, ਜੋ ਉਸ ਵੇਲੇ ਸਨ।

ਮੇਰੀ ਸਾਰੇ ਪੰਥ ਦਰਦੀਆਂ ਨੂੰ ਬੇਨਤੀ ਹੈ ਕਿ ਇਸ ਬੇਸ਼ ਕੀਮਤੀ ਲੇਖ ਨੂੰ ਸੰਭਾਲ ਕੇ ਰੱਖ ਲੈਣ , ਕਿਉਕਿ ਇਹ ਲੇਖ ਉਸ ਤਸਵੀਰ ਨੂੰ ਉਲੀਕ ਰਿਹਾ ਹੈ ਅਤੇ ਇਹ ਦਰਸਾਂਉਦਾ ਹੈ ਕਿ, ਸਿੱਖੀ ਵਿੱਚ ਹਮੇਸ਼ਾਂ ਹੀ ਧਰਮ ਮਾਫੀਆਂ ਦਾ ਹੀ ਸਿੱਕਾ ਚਲਿਆ ਹੈ । ਪੰਥ ਦਰਦੀ ਅਤੇ ਸੱਚ ਕਹਿਣ ਵਾਲੇ ਹਮੇਸ਼ਾਂ ਇਨਾਂ ਦੇ ਸ਼ਿਕਾਰ ਬਣਦੇ ਰਹੇ ਹਨ । ਜਫੇਮਾਰਾਂ ਦੇ ਖੁਸ਼ਾਮਦ ਗੀਰ ਅਤੇ ਧੱੜੇ ਬੰਦੀ ਕਰਨ ਵਾਲੇ ਪ੍ਰਚਾਰਕ ਅਤੇ ਕਥਾਕਾਰ ਹਮੇਸ਼ਾ ਅਪਣੀਆਂ ਤਿਜੋਰੀਆ ਭਰਨ ਵਿੱਚ ਕਾਮਯਾਬ ਰਹੇ ਹਨ । ਭਾਵੇ ਗਿਆਨੀ ਦਿੱਤ ਸਿੰਘ ਹੋਣ , ਭਾਂਵੇ ਗਿਆਨੀ ਗੁਰਮੁਖ ਸਿੰਘ ,ਭਾਵੇਂ ਗਿਆਨੀ ਭਾਗ ਸਿੰਘ ਅੰਬਾਲਾ ਰਹੇ ਹੋਣ , ਭਾਵੇ ਕਾਲਾ ਅਫਗਾਨਾਂ ਜੀ ਅਤੇ ਭਾਵੇ ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ । ਧਰਮ ਮਾਫੀਆ ਦਾ ਸ਼ਿਕਾਰ ਹਮੇਸ਼ਾ ਹੀ ਇਹੋ ਜਹੇ ਸੱਚੇ ਸੁੱਚੇ ਪੰਥ ਦਰਦੀ ਹੀ ਬਣੇ ਹਨ ।

ਸਿੰਘ ਸਾਹਿਬਾਨ ਦਾ ਫਤਵਾ: ਚੂੰਕਿ ਪੰਥ ਵਿੱਚ ਸਾਰੇ "ਦਸਮ ਗ੍ਰੰਥ" ਨੂੰ ਗੁਰੂ ਜੀ ਦੀ ਕ੍ਰਿਤ ਮੰਨਣ ਅਤੇ ਨਾ ਮੰਨਣ ਵਾਲੇ, ਦੋ ਵੀਚਾਰਾਂ ਦੇ ਲੋਕ ਹਨ । ਇਸ ਲਈ ਸਮੇਂ ਸਮੇਂ ਤੇ ਐਸੇ ਸੰਕੇ ਸ੍ਰੋ: ਗੁ: ਪ੍ਰਬੰਧਕ ਕਮੇਟੀ,ਅਮ੍ਰਿਤਸਰ, ਅਥਵਾ ਉਨਾਂ ਵਲੋਂ ਨਿਯਤ ਧਾਰਮਿਕ ਸਲਾਹਕਾਰ ਕਮੇਟੀ ਪਾਸ ਸਮਾਧਾਨ ਲਈ ਆਂਉਦੇ ਰਹਿੰਦੇ ਹਨ. ਇਕ ਵਾਰ ਮਿਤੀ ੬।੭।੭੩ ਨੂੰ ਚੰਜ਼ੀਗੜ "ਰਾਜ ਕਰੇਗਾ ਖਲਸਾ" ਅਤੇ "ਚਰਿਤ੍ਰੋ ਪਖਯਾਨ" ਬਾਰੇ ਪੁਛੀ . ਜਥੇਦਾਰ ਸ੍ਰੀ ਅਕਾਲ ਤਖਤ ਸਹਿਬ ਅਤੇ ਸ੍ਰੀ ਦਰਬਾਰ ਸਹਿਬ, ਸ੍ਰੀ ਅਮ੍ਰਿਤਸਰ ਦੇ ਹੈਡ ਗ੍ਰੰਥੀ ਸਹਿਬਾਨ ਨੇ ਇਸ ਪ੍ਰਕਾਰ ਉੱਤਰ ਦਿਤਾ, ਉਸ ਦੀ ਨਕਲ ਹੇਠ ਹਜਿਰ ਹੈ:-

ਵਾਹਿਗੁਰੂ ਜੀ ਕੀ ਫਤਿਹ॥
ਦਫਤਰ-ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ, ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅਮ੍ਰਿਤਸਰ ਨੰ: ੩੬੬੭੨ ੩/੪-੮-੭੩,
ਸ੍ਰ: ਸੰਤੋਖ ਸਿੰਘ
ਕਾਟੇਜ, ਲੋਅਰ ਮਾਲ, ਕਸੌਲੀ ( ਹਿ:ਪ੍ਰ )

ਪ੍ਰਯੋਜਨ: ਧਾਰਮਿਕ ਪੁਛ ਸਬੰਧੀ

ਸ੍ਰੀ ਮਾਨ ਜੀ,

ਆਪ ਜੀ ਦੀ ਪੱਤਰਿਕਾ ਮਿਤੀ ੬-੭-੭੩ ਦੇ ਸਬੰਧ ਵਿਚ ਸਿੰਘ ਸਹਿਬਾਨ, ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ:-

੧। "ਰਾਜ ਕਰੇਗਾ ਖਾਲਸਾ" ਜੋ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਅਰਿਅਆਂ ਵਿੱਚ ਪੜ੍ਹਿਆ ਜਾਂਦਾ ਹੈ, ਇਹ ਗੁਰਮਤਿ ਦੇ ਅਨੁਕੂਲ ਹੈ, ਕਿਉਕਿ ਦੋਹਰੇ ਪੜ੍ਹਨੇ ਪੰਥਕ ਫੈਸਲਾ ਹੈ । ਇਸ ਫੈਸਲੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ।

੨। "ਚਰਿਤ੍ਰੋ ਪਾਖਿਯਾਨ" ਜੋ ਦਸਮ ਗ੍ਰੰਥ ਵਿਚ ਹਨ, ਇਹ "ਦਸਮੇਸ ਬਾਣੀ" ਨਹੀਂ ਹੈ । ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।

ਸੁਭ ਚਿੰਤਕ,
ਸਹੀ-ਮੀਤ ਸਕੱਤਰ
( ਗੁਰਬਖਸ ਸਿੰਘ )
ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ

ਨੋਟ : ਉਪਰੋਕਤ ਉੱਤਰ ਦੇਣ ਸਮੇਂ ਗਿਆਨੀ ਸਾਧੂ ਸਿੰਘ ਜੀ ਭੌਰ , ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਨ, ਗਿਆਨੀ ਚੇਤ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਅਤੇ ਗਿਆਨੀ ਕਿਰਪਾਲ ਸਿੰਘ ਜੀ ਗ੍ਰੰਥੀ ਸਾਹਿਬ । ਗਿਆਨੀ ਭਾਗ ਸਿੰਘ ਵਿਰੁਧ ਹੁਕਮਨਾਮਾ ਜਾਰੀ ਕਰਨ ਸਮੇਂ ਵੀ ਇਹੀ ਸਿੰਘ ਸਹਿਬਾਨ ਸਨ, ਉਸ ਵਰੇ ਅਸਲੀਅਤ ਕੀ ਹੈ ਹੇਠ ਪੜ੍ਹੋ ।

ੴਸਤਿਗੁਰ ਪ੍ਰਸਦਿ ॥
ਗਿ: ਭਾਗ ਸਿੰਘ ਵਿਰੁਧ "ਹੁਕਮ-ਨਾਮੇ" ਬਾਰੇ "ਸਾਚੀ ਸਾਖੀ" ( ਭਾਈ ਸਾਹਿਬ ਪ੍ਰਿੰ: ਹਰਿਭਜਨ ਸਿੰਘ )

ਵਿਦਵਾਨ ਬਜੁਰਗ ਪ੍ਰਚਾਰਕ, ਗਿਆਨੀ ਭਾਗ ਸਿੰਘ "ਅੰਬਾਲਾ" ਨੇ ਪਹਿਲੀ ਵਾਰ ਸੰਨ ੧੯੭੬ ਵਿੱਚ "ਦਸਮ ਗ੍ਰੰਥ-ਨਿਰਣੈ" ਨਾਮ ਦੀ ਪੁਸਤਕ ਲਿਖੀ ਤੇ ਛਪੀ , ਜਿਸ ਵਿਚਲੇ ਲੇਖਾਂ ਬਾਰੇ , ਪੰਥ ਦੇ ਵਿਦਵਾਨ, ਜਿਨ੍ਹਾਂ ਵਿਚ ਭਾਈ ਅਰਦਮਨ ਸਿੰਘ ਬਾਂਗੜੀਆ , ਸ: ਮਨੋਹਰ ਸਿੰਘ ਮਾਰਕੋਸ , ਸ: ਕਰਤਾਰ ਸਿੰਘ ਬਾੜੀ, ਸ: ਰਤਨ ਸਿੰਘ ਜੱਗੀ (ਜੋ ਹੁਣ ਇਕ ਦਿੱਲੀ ਵਾਲੇ ਸਾਧ ਕੋਲ ਵਿਕ ਚੁਕਾ ਹੈ।) ਸ: ਮਾਨ ਸਿੰਘ ਮਾਨ ਸਰੋਵਰ ਤੇ ਪ੍ਰਿੰਸੀਪਲ ਜਗਜੀਤ ਸਿੰਘ ਸਲੂਜਾ ਅਦਿਕ ਸ਼ਾਮਿਲ ਸਨ ਅਤੇ ਜੋ ਬਿਪਰ ਸੰਸਕਾਰਾਂ ਦੇ ਕੱਟੜ ਵਿਰੋਧੀ ਤੇ ਨਿਰੋਲ ਇਕ ਅਕਾਲ ਪੁਰਖੀ ਸਨ, ਨੇ ਵੀ ਉਨਾਂ ਦੀ ਪ੍ਰਸੰਸਾ ਕੀਤੀ ਹੈ , ਪਰ, ਪ੍ਰੰਪਰਾਵਾਦੀਆਂ ਨੇ ਜਜਬਾਤੀ ਵਿਰੋਧਤਾ. ਕਾਰਣ, ਅਜੀਬ ਹਾਲਾਤਾਂ ਵਿਚ, ੧੯੭੭ ਈ: ਨੂੰ, ਜਥੇਦਰ, "ਸ੍ਰੀ ਅਕਲ ਤਖਤ ਸਹਿਬ" ਵਲੋਂ ਇਕ "ਹੁਕਮ-ਨਾਮਾਂ", ਮਿਤੀ ੫-੭-੭੭ ਰਾਹੀਂ ਗਿਆਨੀ ਜੀ ਨੂੰ ਪੰਥ ਵਿਚੋਂ ਖਾਰਜ ਕਰ ਦਿਤਾ ਗਇਆ , ਅਦਿਕ ।

ਅੱਜ, ਇਸ ਦੁਰਭਾਗੀ ਘਟਨਾਂ ਬਾਰੇ, ਪੰਥ ਵਿੱਚ ਸੁਣੀਆਂ ਸੁਣਾਂਈਆਂ ਗੱਲਾਂ ਉੱਤੇ ਅਧਾਰਿਤ, ਵੱਖ ਵੱਖ ਧਾਰਨਾਵਾਂ ਪ੍ਰਚਲਤ ਹਨ । ਇਹ ਲੇਖਕ, ਸੰਬੰਧਿਤ ਧਾਰਮਿਕ ਸਲਾਹਕਾਰ ਕਮੇਟੀ ਦੀ ਇਕੱਤਰਤਾ ਜੋ ੧੯੭੭ ਈ:, ਨੂੰ ਹੋਈ, ਵਿੱਚ ਸਾਮਿਲ ਹੋਣ ਕਰਕੇ, ਇਸ ਘਟਨਾ ਬਾਰੇ ਹੋਈ ਕਾਰਵਾਈ ਨੂੰ , ਪੂਰੀ ਪੂਰੀ ਈਮਾਨਦਾਰੀ ਤੇ ਸੱਚਾਈ ਨਾਲ "ਸਾਚੀ ਸਾਖੀ" ਵਜੋਂ ਕਲਮ-ਬੰਦ ਕਰਨ, ਯੋਗ ਤੇ ਲਾਭਦਾਇਕ ਸਮਝਦਾ ਹੈ । ਸੋ, ਸਹੀ ਜਾਣਕਾਰੀ ਇਸ ਪ੍ਰਕਾਰ ਹੈ:-


ਜਾਣਕਾਰੀ:- ਸੰਬੰਧਤ ਪੁਸਤਕ ਛਪਣ ਉਪ੍ਰੰਤ, ਆਮ ਸਾਧ ਸੰਗਤ ਵਿੱਚ, ਇਸ ਦੇ ਵਿਰੋਧ ਵਿੱਚ ਉਠਦੀ ਅਵਾਜ ਨੂੰ ਮੁੱਖ ਰੱਖ ਕੇ, ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਇਨ੍ਹਾਂ ਮੈਂਬਰਾਂ ਦੇ ਅਧਾਰਿਤ, ਧਾਰਮਿਕ ਸਲਾਹਕਾਰਾਂ ਦੀ ਇਕੱਤਰਤਾ ਬੁਲਾਈ:-

੧। ਗਿਆਨੀ ਸਾਧੂ ਸਿੰਘ ਭੌਰਾ , ਜਥੇਦਰ ਸ੍ਰੀ ਅਕਾਲ ਤਖਤ ਸਾਹਿਬ ।
੨। ਗਿਆਨੀ ਗੁਰਦਿਆਲ ਸਿੰਘ ਅਜਨੋਹਾ , ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ।
੩। ਗਿਆਨੀ ਚੇਤ ਸਿੰਘ, ਹੇਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ।
੪। ਗਿਆਨੀ ਕਿਰਪਾਲ ਸਿੰਘ, ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ।
੫। ਸ੍ਰ: ਗੁਰਬਖਸ ਸਿੰਘ, ਮੀਤ ਸਕੱਤਰ ਸ਼੍ਰੋ ਗੁ: ਪ੍ਰ: ਕਮੇਟੀ ।
੬। ਪ੍ਰਿੰ: ਸਤਿਬੀਰ ਸਿੰਘ, ਮੈਂਬਰ ਧਰਮ ਪਰਚਾਰ ਕਮੇਟੀ ।
੭। ਸ੍ਰ: ਸਮਸ਼ੇਰ ਸਿੰਘ ਅਸ਼ੋਕ, ਇਤਿਹਸਕਾਰ ਸ਼੍ਰੋ: ਗੁ: ਪ੍ਰ: ਕਮੇਟੀ ।
੮। ਸ੍ਰ: ਸਰਮੁਖ ਸਿੰਘ ਚਮਕ।
੯। ਪ੍ਰੋ: ਪ੍ਰਕਾਸ ਸਿੰਘ, ਖਾਲਸਾ ਕਾਲਜ ਸ੍ਰੀ ਅਮ੍ਰਿਤਸਰ ।
੧੦। ਡਾ: ਮਾਨ ਸਿੰਘ ਨਿਰੰਕਰੀ।
੧੧। ਲੇਖਕ, ( ਦਾਸ ਪ੍ਰਿੰ: ਹਰਿਭਜਨ ਸਿੰਘ )।

ਨੋਟ:- ਉਪ੍ਰੋਕਤ ਮੈਂਬਰਾਂ ਤੋਂ ਬਿਨਾਂ, ਪੰਜ ਕੁ ਮੈਂਬਰ ਹੋਰ ਸਨ, ਜਿਨ੍ਹਾਂ ਦੇ ਨਾਮ ਮੈਨੂੰ ਵਿਸਰ ਗਏ ਹਨ । "ਸ੍ਰੀ ਦਰਬਾਰ ਸਾਹਿਬ" ਦੇ ਬਾਕੀ ਤਿੰਨੇ ਗ੍ਰੰਥੀ ਸਹਿਬਾਨ, ਸਾਰੇ ਇਸ ਇਕਤੱਰਤਾ ਵਿੱਚ ਸਾਮਲ ਸਨ।

ਕਾਰਵਾਈ:-
੧। ਇਹ ਇਕੱਤਰਤਾ "ਸ੍ਰੀ ਗੁਰੂ ਨਾਨਕ ਨਿਵਾਸ" ਦੇ ਮੀਟਿੰਗ ਹਾਲ ਵਿੱਚ, ਜਥੇਦਾਰ "ਸ੍ਰੀ ਅਕਾਲ ਤਖਤ" ਦੀ ਪ੍ਰਧਾਨਗੀ ਹੇਠ ਆਰੰਭ ਹੋਈ. ਇਕੱਤਰਤਾ ਵਿੱਚ, ਦੋ ਤਿੰਨ ਮੈਂਬਰ ਜਿਵੇ ਕਿ ਜਥੇਦਾਰ ਅਜਨੋਹਾ, ਜੋਸ ਤੇ ਕ੍ਰੋਧ ਗ੍ਰਸਤ ਸਨ । ਉਹ ਵਾਰੀ ਵਾਰੀ, ਗਿ: ਜੀ ਵਿਰੁਧ ਤੁਰੰਤ ਫਤਵਾ ਦਿਤੇ ਜਾਂਣ ਵਾਲੇ ਜਜਬਾਤਾਂ ਦਾ ਪ੍ਰਗਟਾਵਾ ਕਰ ਰਹੇ ਸਨ । ਜਦ ਸ੍ਰ: ਸਮਸੇਰ ਸਿੰਘ ਅਸੋਕ, ਜਿਨ੍ਹਾਂ ਨੇ "ਦਸਮ ਗ੍ਰੰਥ ਬਾਰੇ" ਨਾਮ ਦੀ ਪੁਸਤਕ ਵੀ ਲਿਖੀ ਸੀ, ਜਿਸ ਵਿਚ, "ਦਸਮ ਗ੍ਰੰਥ" ਵਿਚਲੀਆਂ ਬਹੁਤੀਆਂ ਰਚਨਾਵਾਂ , "ਸ੍ਰੀ ਦਸਮੇਸ ਜੀ" ਕ੍ਰਿਤ ਨਹੀਂ ਮੰਨੀਆਂ ਸਨ, ਅਪਣੇ ਵੀਚਾਰ ਦਸਣ ਲਈ ਕੁਝ ਕਹਿਣ ਲਗੇ, ਤਾਂ , ਕੁਝ ਮੈਂਬਰਾਂ ਨੇ ਉਨਾਂ ਨੂੰ ਬੁਰੀ ਤਰ੍ਹਾਂ ਝਾੜਿਆ , ਅਤੇ ਉਹ ਉੱਥੇ ਹੀ ਸਹਿਮ ਕੇ ਬੈਠ ਗਏ। ਇਹ ਝਾੜ ਇਨੀ ਗੰਭੀਰ ਸੀ ਕਿ ਫੇਰ "ਅਸ਼ੋਕ" ਜੀ ਨੇ ਸਾਰੀ ਇਕੱਤਰਤਾ ਵਿੱਚ ਜਰਾ ਵੀ, ਚੂੰ ਤਕ ਨਹੀਂ ਕੀਤੀ, ਖਾਮੋਸ ਬੈਠੇ ਰਹੇ । ਇਹ ਲੇਖਕ ( ਦਾਸ ਹਰਿਭਜਨ ਸਿੰਘ ) ਲੱਗ-ਭੱਗ ੪੫ ਕੁ ਮਿੰਟ, ਪੂਰਨ ਖਾਮੋਸੀ ਧਰੀ, ਵੇਖਦਾ ਸੁਣਦਾ ਰਿਹਾ।

੨। ਆਖੀਰ, ਸਿੰਘ ਸਾਹਿਬ ਗਿਅਨੀ ਚੇਤ ਸਿੰਘ ਜੀ, ਮੈਨੂੰ ਸੰਬੋਧਨ ਕਰਦਿਆਂ ਕਹਿਣ ਲਗੇ, "ਬਾਬਾ ਜੀ, ਹੁਣ ਕੁਝ ਬੋਲੋ ਵੀ। " ਮੈਂ ਅਗੋਂ ਬੜੀ ਗੰਭੀਰਤਾ ਨਾਲ ਬੇਨਤੀ ਕੀਤੀ ਕਿ ਮੈਂ ਹੈਰਾਨ ਹਾ ਕਿ , ਕੀ ਇਹ ਇਕੱਤਰਤਾ ਉੱਚੀਆਂ ਪਦਵੀਆਂ ਦੇ ਅਧਿਕਰੀਆਂ ਤੇ ਪੰਥ ਦੇ ਚੁਣੇ ਵਿਦਵਾਨਾਂ ਦੀ ਹੈ ? ਅਸੀਂ ਇਕ ਬਜੁਰਗ ਧਾਰਮਿਕ ਵਿਅਕਤੀ ਨੂੰ, ਬਿਨਾਂ ਉਸ ਦਾ ਪੱਖ ਸੁਣੇ ਹੀ , "ਫਾਹੇ" ਲਾਉਣ ਲਈ ਬੜੇ ਉਤਾਵਲੇ ਹਾਂ ।

੩। ਮੇਰੀ ਸਨਿਮਰ ਇਛਾ ਹੈ ਕਿ ਇਸ ਇਕੱਤਰਤਾ ਵਿਚ ਹਾਜਿਰ ਸਤਿਕਾਰਤ ਵਿਅਕਤੀਆਂ ਚੋਂ, ਕੀ ਕਿਸੇ ਨੇ ਸਾਰੇ "ਦਸਮ ਗ੍ਰੰਥ" ਨੂੰ ਪੜਚੋਲੀ ਨਜਰ ਨਾਲ ਘੋਖ ਕੇ ਵਾਚਿਆ ਵੀ ਹੈ ? ਸਭ ਖਮੋਸ ਸਨ।

੪। ਕੀ "ਦਸਮ ਗ੍ਰੰਥ" ਦੀ ਪ੍ਰਮਾਣਿਕਤਾ ਦਾ ਮਸਲਾ ਉਨਾਂ ਹੀ ਪੁਰਣਾਂ ਨਹੀਂ, ਜਿੰਨ ਪੁਰਾਣਾਂ ਇਹ ਗ੍ਰੰਥ ਹੈ ?

੫। ਕੀ ਜੂਨ ੧੯੭੩ ਨੂੰ, ਜਥੇਦਾਰ, ਸ੍ਰੀ ਅਕਾਲ ਤਖਤ ਤੇ ਪੰਜ ਗ੍ਰੰਥੀ ਸਿੰਘ ਸਾਹਿਬਾਨ ਨੇ ਭਾਈ ਸੰਤੋਖ ਸਿੰਘ, ਚੰਜ਼ੀਗੜ ਦੀ ਪੁੱਛ ਦੇ ਉੱਤਰ ਵਿਚ, ਮੀਤ ਸਕੱਤਰ, ਸ੍ਰ: ਗੁਰਬਖਸ ਸਿੰਘ ਰਾਂਹੀਂ, ਇਹ ਉੱਤਰ ਨਹੀਂ ਸੀ ਦਿਤਾ ਕਿ "ਚਰਿਤ੍ਰੋ ਪਖਿਯਾਨ" ਸ੍ਰੀ ਦਸਮੇਸ ਜੀ ਦੀ ਰਚਨਾਂ ਨਹੀਂ, ਕਿਸੇ ਹਿੰਦੂ ਮਿਥਿਹਾਸਕ ਰਚਨਾਂ ਦਾ ਉਤਾਰਾ ਹੈ ? ਫਿਰ ਮੇਰੀ ਪੁੱਛ ਸੀ ਕਿ ਐਸੀ ਪੁਜੀਸਨ ਵਿਚ ਕੀ ਇਹ ਹਕੀਕਤ ਸੂਰਜ-ਵਾੰਗ ਰੋਸਨ ਨਹੀਂ ਕਿ ਸਾਰਾ "ਦਸਮ ਗ੍ਰੰਥ" ਸ੍ਰੀ ਦਸਵੇਂ ਪਾਤਸਾਹ ਜੀ ਦੀ ਲਿਖਤ ਰਚਨਾ ਨਹੀਂ ? ਮੈਂ ਸਨਿਮਰ ਇਹ ਵੀ ਕਿਹਾ ਕਿ ਮੈਂ ਇਸ ਸਟੇਜ ਉੱਤੇ, ਗਿ: ਭਾਗ ਸਿੰਘ ਵਿਰੁਧ ਲਾਏ ਕਿਸੇ ਫੈਸਲੇ ਨਾਲ ਸਹਿਮਤ ਨਹੀਂ, ਸੋ, ਮੇਰੀ ਅਸਹਮਤੀ ਨੋਟ ਕਰਕੇ ਅਪ ਕੋਈ ਵੀ ਫੈਸਲਾ ਲੈ ਸਕਦੇ ਹੋ । ਪ੍ਰੰਤੂ, ਐਸਾ ਕਰਨੋਂ ਉਨ੍ਹਾਂ ਨੇ ਇਨਕਾਰ ਕੀਤਾ ਅਤੇ ਮੈਨੂੰ ਹੀ ਆਦੇਸ ਦਿਤਾ ਕਿ ਪ੍ਰਿ: ਸਤਬੀਰ ਸਿੰਘ ਨਾਲ ਰਲ ਕੇ ਯੋਗ ਮਤਾ ਤਿਆਰ ਕਰੋ ।

ਮਤਾ :-

(ਅ) ਅੱਜ ਇਥੇ ਜੁੜੀ ਧਾਰਮਿਕ ਸਲਾਹਕਾਰ ਕਮੇਟੀ ਦਾ ਫੈਸਲਾ ਹੈ ਕਿ ਗਿਆਨੀ ਭਾਗ ਸਿੰਘ ਨੂੰ ਚਾਹੀਦਾ ਸੀ ਕਿ ਕੁਝ ਪੰਥ ਪ੍ਰਵਾਣਿਤ ਫੈਸਲਿਆਂ ਬਾਰੇ ਕੱਤਈ, ਦੋ ਟੂਕ ਅਪਣਾਂ ਮੱਤ ਪ੍ਰਗਟ ਕਰਨ ਦੀ ਥਾਂ, ਅਪਣਾਂ ਪੱਖ, ਪੰਥ ਦੇ ਰੂਬਰੂ ਰਖਦੇ, ਅਤੇ ਅੰਤਿਮ ਫੈਸਲਾ ਸਮੁਚੇ ਪੰਥ ਤੇ ਛੱਡ ਦਿੰਦੇ ਇਤਿਅਦਿਕ।

(ਆ ) ਇਹ ਕਮੇਟੀ ਨਿਮਰਤਾ ਤੇ ਜੋਰ ਨਾਲ, ਸ੍ਰੋ: ਗੁ: ਪ੍ਰ: ਕਮੇਟੀ ਦੀ ਸੇਵਾ ਵਿਚ ਇਹ ਬਿਨੈ ਵੀ ਕਰਦੀ ਹੈ ਕਿ, ਕਿਉਕਿ ਸਮਾਂ ਗੁਜਰਨ ਨਾਲ ਇਹ ਕੰਮ ਚੂੰਕਿ ਹੋਰ ਕਠਨ ਹੁੰਦਾ ਜਾ ਰਿਹਾ ਹੈ, ਇਸ ਲਈ, ਉਹ ਪਹਿਲੀ ਫੁਰਸਤ ਵਿਚ ਪੰਥ ਦੇ ਚੋਟੀ ਦੇ ਵਿਦਵਨਾਂ ਦੀ ਸਬ-ਕਮੇਟੀ ਬਣਾਵੇ, ਜੋ ਪੂਰੀ ਪੂਰੀ ਘੋਖ ਤੇ ਦੂਰ ਅੰਦੇਸੀ ਨਾਲ, ਗੁਰਬਾਣੀ ਤੇ ਗੁਰਮਤਿ ਦੀ ਰੋਸਨੀ ਵਿੱਚ, ਇਹ ਨਿਰਣਾਂ ਦੇਵੇ ਕਿ "ਦਸਮ ਗ੍ਰੰਥ" ਦੀਆਂ ਕਿਹੜੀਆਂ ਕਿਹੜੀਆਂ ਰਚਨਾਵਾਂ "ਸ਼੍ਰੀ ਗੁਰੂ ਗ੍ਰੰਥ ਸਹਿਬ" ਤੇ ਸਤਿਗੁਰੂਆਂ ਦੇ ਅਸੂਲਾਂ ਅਨੁਕੂਲ ਹਨ, ਅਤੇ ਕਿਹੜੀਆਂ "ਬਿਪਰ-ਸੰਸਕਾਰੀ" ਰੀਤਾਂ, ਰਸਮਾਂ ਤੇ ਮਨਮੱਤ ਦੀਆਂ ਮਨੌਤ ਨਾਲ ਭਰਪੂਰ ਹਨ ?

ਪ੍ਰਵਾਨਗੀ:- ਅਖਿਰ ਇਹ ਮਤਾ ਸਰਬ-ਸੰਮਤੀ ਨਾਲ ਪ੍ਰਵਾਨ ਹੋਇਆ, ਅਤੇ ਗਿ: ਭਾਗ ਸਿੰਘ ਨੂੰ, ਕੋਈ ਦੰਡ ਦੇਣ ਯੋਗ ਨਾਂ ਜਾਤਾ । ਧਾਰਮਿਕ ਸਲਾਹਕਾਰ ਕਮੇਟੀ ਵਿਚ ਸਰਬ-ਸੰਮਤੀ ਨਾਲ ਪ੍ਰਵਾਨ ਹੋਇਆ ਮਤਾ ਅਗਲੀ ਕਾਰਵਾਈ ਲਈ ਸ਼੍ਰੋ ਗੁ: ਪ੍ਰ: ਕਮੇਟੀ ਨੂੰ ਭੇਜ ਦਿਤਾ ਗਿਆ ।

ਫੇਰ ਗਿਆਨੀ ਭਾਗ ਸਿੰਘ ਵਿਰੁਧ ਹੁਕਮ-ਨਾਮਾਂ ਕਿਉਂ ਤੇ ਕਿਵੇਂ ?

ਧਾਰਮਿਕ ਸਲਾਹਕਾਰ ਕਮੇਟੀ ਦੇ ਉਪਰੋਕਤ ਸਰਬ-ਸੰਮਤੀ ਫੈਸਲੇ ਉਪ੍ਰੰਤ, ਕਮੇਟੀ ਦੇ ਕਿਸੇ ਵਿਅਕਤੀ ਨੂੰ ਹੱਕ ਨਹੀਂ ਪਹੁੰਚਦਾ ਸੀ ਕਿ ਉਹ ਅਪਣੀ ਹੀ ਹਾਜਰੀ ਵਿਚ ਹੋਏ ਫੈਸਲੇ ਦੀ ਕਿਸੇ ਤਰ੍ਹਾਂ ਮਿੱਟੀ ਪਲੀਤ ਕਰੇ । ਜਥੇਦਾਰ "ਸ੍ਰੀ ਅਕਾਲ ਤਖਤ ਸਾਹਿਬ" ਜੇ ਧਾਰਮਿਕ ਸਲਾਹਕਾਰ ਕਮੇਟੀ ਦੀ ਇਕੱਤਰਤਾ ਦੇ ਸਰਬ-ਸੰਮਤ ਫੈਸਲੇ ਵਿੱਚ ਅਪ ਸਾਮਲ ਨਾਂ ਹੁੰਦੇ ਤਾਂ ਗੱਲ ਹੋਰ ਸੀ, ਹਾਂ ਜੇ ਉਨ੍ਹਾਂ ਦੇ ਅਪਣੇ ਹੀ ਸਾਂਝੇ ਤੇ ਸਰਬ-ਸੰਮਤ ਫੈਸਲੇ ਬਾਰੇ ਮਨ ਬਦਲ ਗਿਆ ਸੀ, ਤਾਂ ਉਹ ਫੇਰ ਧਾਰਮਿਕ ਸਲਾਹਕਾਰਾਂ ਦੀ ਇਕੱਤਰਤਾ ਸੱਦਦੇ, ਅਤੇ ਸਰਬ-ਸੰਮਤੀ ਨਾਲ ਹੋਇਆ ਫੈਸਲਾ ਬਦਲਵਾ ਲੈਂਦੇ, ਪਰ, ਮੈਂਬਰ ਸਾਹਿਬਾਨ ਦੇ ਵਿਰੁੱਧ, ਐਸ ਹਾਤਕ ਤਾਨਾਸਹੀ ਫੈਸਲਾ ਨਾਂ ਕਰਦੇ।

ਪਿਛੋਕੜ:- ਇਸ ਸਾਰੀ ਘਟਨਾਂ ਦਾ ਪਿਛੋਕੜ ਜੋ ਬਾਅਦ ਵਿਚ ਗਿਆਨੀ ਭਾਗ ਸਿੰਘ ਤੇ ਉਨ੍ਹਾਂ ਦੇ ਨਿਕਟ ਵਰਤੀਆਂ ਪਾਸੋਂ ਸੁਣਨ ਵਿੱਚ ਆਇਆ , ਉਹ ਸੰਖੇਪ ਵਿੱਚ ਇਸ ਪ੍ਰਕਾਰ ਸੀ:-

ਗਿਆਨੀ ਭਾਗ ਸਿੰਘ ਜੀ ਤੇ ਗਿਆਨੀ ਸੰਤ ਸਿੰਘ ਮਸਕੀਨ ਦੀ ਇੰਦੌਰ ਵਿਖੇ ਕਿਸੇ ਸਮਾਗਮ ਸਮੇਂ, ਮੁਠ ਭੇੜ ਹੋ ਗਈ, ਜਿਸ ਵਿੱਚ ਭਾਗ ਸਿੰਘ ਦੇ ਹੱਥ ਉੱਤੇ ਰਹੇ । ਮਸਕੀਨ ਜੀ ਨੇ ਇਸ ਦੀ ਸਿਕਾਇਤ, ਅਪਣੇ ਹਿੱਤੂ ਤੇ ਵੱਡੇ ਨਿਕਟ ਵਰਤੀ, ਗਿਅਨੀ ਚੇਤ ਸਿੰਘ ਹੈਡ ਗ੍ਰੰਥੀ "ਸ੍ਰੀ ਦਰਬਾਰ ਸਹਿਬ ਅਮ੍ਰਿਤਸਰ" ਨੂੰ ਕੀਤੀ, ਜਿਨ੍ਹਾਂ ਦੀ ਗਿਆਨੀ ਸਾਧੂ ਸਿੰਘ ਭੌਰ, "ਜਥੇਦਾਰ ਸ੍ਰੀ ਅਕਾਲ ਤਖਤ ਸਹਿਬ" ਨਾਲ ਚੰਗ਼ੀ ਸਮੀਪਤਾ ਸੀ। ਸੋ ਇਨ੍ਹਾਂ ਦੋਹਾਂ ਸਾਥੀਆਂ ਨੇ ਜਥੇਦਾਰ ਭੌਰ ਉੱਤੇ ਦਬਾਅ ਪਾਇਆ ਕਿ ਉਹ ਗਿਆਨੀ ਭਾਗ ਸਿੰਘ ਵਿਰੁੱਧ "ਹੁਕਮ-ਨਾਮਾਂ " ਜਾਰੀ ਕਰਨ। ਇਉ ਇਹ ਭਾਣਾਂ ਵਰਤਿਆ ।

ਗਿਆਨੀ ਭਾਗ ਸਿੰਘ ਦੀ ਅੰਤਲੀ ਜਾਨ-ਲੇਵਾ ਬੀਮਾਰੀ ਸਮੇਂ, ਮੈਂ ਉਨਾਂ ਦੀ (ਸੈਕਟਰ ੩੭) ਸੁਖ-ਸਾਂਦ ਪੁਛਣ ਗਿਆ , ਤਾਂ ਉਨਾਂ ਪਾਸੋਂ ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ "ਮਸਕੀਨ" ਜੀ ਨੇ ਕਿਵੇਂ ਪਲੋਸ-ਪਲਾਸ ਕੇ, ਗਿਆਨੀ ਹੋਰਾਂ ਪਾਸੋਂ ਪੁਸਤਕ ਲਿਖੇ ਜਾਂਣ ਦੀ ਲਿਖਤੀ ਮਾਫੀ ਮੰਗਵਾਈ ਹੈ । ਮੈਂ ਗਿਆਨੀ ਜੀ ਨੂੰ ਸਖਤ ਪ੍ਰੇਸਾਨੀ ਤੇ ਬੇ-ਬਸੀ ਵਿਚ ਵੇਖਿਆ । ਉਹ "ਮਾਫੀ" ਜੋ ਮਸਕੀਨ ਜੀ ਨੂੰ ਲਿਖ ਕੇ ਦਿਤੇ ਉਤੇ ਪਛਤਾ ਰਹੇ ਸਨ, ਅਤੇ ਕਿਸੇ ਨੂੰ ਕੁਝ ਲਿਖਾਣਾਂ ਚਾਂਹੁੰਦੇ ਸਨ। ਮੈਂ ਇਸ ਸੇਵਾ ਲਈ ਅਪਣੇ ਆਪ ਨੂੰ ਪੇਸ ਕੀਤਾ, ਅਤੇ ਇਕਰਾਰ ਅਨੁਸਾਰ, ਦੂਜੇ ਦਿਨ ਸਵੇਰੇ ਉਨਾਂ ਪਾਸ ਪੁੱਜ ਗਿਆ, ਪਰ ਅਫਸੋਸ, ਉਹ ਉਦੋਂ ਤਿਕ, ਇੰਨੇ ਬੇ-ਸੁਰਤ ਹੋ ਚੁਕੇ ਸਨ ਕਿ ਇਕ ਅੱਖਰ ਵੀ ਮੈਨੂੰ ਨਾਂ ਲਿਖਾ ਸਕੇ. ਦੂਜੇ ਦਿਨ, ਉਨਾਂ ਦੀ ਚੇਤਨਾ ਅਤੇ ਸੁਰਤ ਸਦਾ ਲਈ ਮਰ ਗਈ ।

ਸੋ, ਇਹ ਹੈ ਸੰਖੇਪ ਵਿਚ ਗਿਆਨੀ ਭਾਗ ਸਿੰਘ ਜੀ ਅੰਬਾਲਾ ਜਿਹੇ ਜਿਉੰਦੇ ਜਜਬੇ ਵਾਲੇ ਵਿਦਵਾਨ, ਗੁਰ ਸਾਥੀ, ਪ੍ਰਚਾਰਕ ਨਾਲ ਪ੍ਰੇਸਾਨੀ -ਭਰਪੂਰ ਵਰਤੇ ਦੁਖਾਂਤ ਦੀ "ਸੱਚੀ ਸਾਖੀ"।

---------------------------------------------------------------------------------------------------------------------------------

ਵੱਲੋਂ:- ਗਿਆਨੀ ਸੁਰਜੀਤ ਸਿੰਘ ਮਿਸਨਰੀ
ਮੈਂਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ
ਢੁਅਜਰ ਅਤੇ ਪ੍ਰਚਾਰਕ, ਸਿੱਖ ਮਿਸਨਰੀ ਕਾਲਜ (ਰਜਿ।)
ਗੁਰਮਤਿ ਲੈਕਚਰਰ, ਕਥਾ ਵਾਚਕ ਅਤੇ ਲੇਖਕ
ਮੈਂਬਰ- ਵਿਸਵ ਸਿੱਖ ਕਾਂਉਸਿਲ, ਸ੍ਰੀ ਅਕਾਲ ਤਖਤ ਸਾਹਿਬ
ਪ੍ਰਿੰਸੀਪਲ- ਗੁਰਮਤਿ ਐਜੂਕੇਸਨ ਸੈਂਟਰ, ਦਿੱਲੀ.
ਮਿਤੀ: ੬/੧੨/੯੭

ਸਤਿਕਾਰ ਯੋਗ ਪ੍ਰਿ: ਹਰਿਭਜਨ ਸਿੰਘ ਜੀਉ,

ਵਾਹਿਗੁਰੂ ਜੀ ਕਾ ਖਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਆਪ ਜੀ ਦਾ ਪੱਤਰ ਪ੍ਰਾਪਤ ਹੋ ਗਿਆ ਸੀ ਅਤੇ ਆਪ ਜੀ ਦੇ ਤਿੰਨ ਲੇਖ ਵੀ ਨਾਲ ਨੱਥੀ ਸਨ । ਸਭ ਤੋਂ ਕੀਮਤੀ ਚੀਜ ਜੋ ਇਸ ਪੱਤਰ ਨਾਲ ਦਾਸ ਨੂੰ ਪ੍ਰਾਪਤ ਹੋਈ ਹੈ, "ਹੁਕਮ-ਨਾਮੇ" ਪਰੋਖੇ , ਜੋ ਵੇਰਵਾ ਆਪ ਜੀ ਨੇ ਲਿਖਿਆ ਹੈ. ਕੁਝ ਬੇਨਤੀਆਂ ਇਸ ਪ੍ਰਕਰ ਹਨ:-

ਗਿਅਨੀ ਭਾਗ ਸਿੰਘ ਜੀ ਵਾਰੇ ਆਪ ਜੀ ਨੇ ਲਿਖਿਆ ਹੈ ਕਿ "ਉਹ ਕੁਝ ਵੇਰਵਾ" ਦੇਣਾਂ ਚਾਂਹੁੰਦੇ ਸਨ। ਪਰ, ਉਸ ਤੋਂ ਪਹਿਲਾਂ ਗੁਰਪੁਰ ਵਾਸੀ ਹੋ ਗਏ। ਸੰਖੇਪ ਵਿਚ ਉਹ ਵੇਰਵਾ ਇਸ ਪ੍ਰਕਾਰ ਹੈ:-

ਦਿੱਲੀ ਵਿਚ ਸ੍ਰ: ਮਿਲਾਪ ਸਿੰਘ ਜੀ ਦੇ ਨਾਲ, ਭਾਈ ਅਮਰ ਸਿੰਘ ਜੀ ਅਲੀਗੜ, ਵਾਲਿਆਂ ਨਾਲ ਇਹ ਫੈਸਲਾ ਹੋਇਆ ਕਿ ਉਹ ਜਥੇਦਾਰ ਸਾਧੂ ਸਿੰਘ ਭੌਰਾ ਨਾਲ ਮਿਲਕੇ, ਇਹ ਹੁਕਮ-ਨਾਮਾਂ ਜੋ ਮੂਲੋਂ ਗਲਤ ਹੈ, ਵਾਪਸ ਕਰਾ ਲੈਣ ਗੇ । (ਧਿਆਨ ਰਹੇ ਭਾਈ ਅਮਰ ਸਿੰਘ ਜੀ ਦੀ ਦਿੱਲੀ ਵਿੱਚ ਟਰਾਂਸਪੋਰਟ ਹੈ) ਉਸ ਵਕਤ ਉਹਨਾਂ ਨਾਲ, ਦਾਸ ਦਾ ਵੀ ਵਿਚਾਰ ਵਟਾਂਦਰਾ ਹੋਇਆ । ਉਹਨਾਂ ਦੇ ਇਨਾਂ ਲਫਜਾਂ ਵਿਚ "ਮੈਨੂੰ ਸਾਰੀ ਗੱਲ ਸਮਝ ਆ ਗਈ ਹੈ " ਭੌਰਾ ਜੀ ਤਾਂ ਅਜਹਿਆ ਹੀ ਗ੍ਰੰਥੀ ਹੁੰਦਾ ਸੀ, ਮੈਂ ਉਸ ਨਾਲ ਸਾਰੀ ਗੱਲ ਵੀ ਕਰ ਲਈ ਹੈ । ਬੱਸ ਗਿਆਨੀ ਜੀ ਨਾਲ ਚੱਲਣਗੇ, ਉਹ (ਭੌਰਾ ਸਹਿਬ) ਅਪਣੀ ਗਲਤੀ ਨੂੰ ਮਹਿਸੂਸ ਕਰਦਾ ਹੈ । ਦਾਸ ਤੇ ਸ੍ਰ: ਮਿਲਾਪ ਸਿੰਘ ਜੀ ਨੇ, ਗਿਅਨੀ ਜੀ ਨਾਲ "ਅਕਾਲ ਤਖਤ ਸਾਹਿਬ" ਜਾਂਣਾਂ ਸੀ, ਇਸ ਦੀ ਭਿਣਕ "ਮਸਕੀਨ ਸਾਹਿਬ" ਨੂੰ ਪੈ ਗਈ । ਉਨਾਂ ਵਲੋਂ, ਫਟਾਫਟ ਗਿਆਨੀ ਜੀ ਨੂੰ, ਇਕ ਚਿੱਠੀ ਭੇਜੀ ਕਿ ਮੈਂ ਫਲਾਣੀ ਤਰੀਖ ਨੂੰ ਦਿੱਲੀ ਸਟੇਸਨ ਤੇ ਤੁਹਾਨੂੰ ਮਿਲਾਂਗਾ , ਤੁਹਾਡੀ ਵੀ ਮੈਂ ਟਿਕਟ ਲੈ ਰੱਖੀ ਹੈ, ਤੁਸੀਂ ਮੇਰੇ ਨਾਲ ਸ੍ਰੀ ਅਮ੍ਰਿਤਸਰ ਚੱਲਣਾਂ , ਕੰਮ ਮੁਕਾ ਲਵਾਂਗੇ । ਉਸ ਵਕਤ ਗਿਆਨੀ ਜੀ, ਨਾਲ ਮੇਲ ਨਾਂ ਬਣ ਸਕਿਆ । ਉਹ, ਮਸਕੀਨ ਸਾਹਿਬ ਦੀ ਨਵੀਂ ਚਾਲ ਦਾ ਸਿਕਰ ਹੋ ਗਏ । ਸਟੇਸਨ ਤੇ ਚਲੇ ਗਏ ਅਤੇ ਮਸਕੀਨ ਸਹਿਬ ਨਾਲ ਸ੍ਰੀ ਅਮ੍ਰਿਤਸਰ ਪਹੁੰਚ ਗਏ । ਜਿਸ ਵਕਤ, ਸਾਨੂੰ ਰਾਤੀਂ ਪਤਾ ਲੱਗਾ ਤਾਂ ਸਾਨੂੰ ਫਿਕਰ ਸੀ, ਬਲਕਿ ਘਬਰਾਹਟ ਸੀ ਕਿ ਮਸਕੀਨ ਸਾਹਿਬ ਦੀ ਇਸ ਵਿਚ ਸਾਇਦ ਕੋਈ ਚਾਲ ਨ ਹੋਵੇ, ਆਖਿਰ ਇਹੀ ਹੋਇਆ ।

ਗਿਅਨੀ ਜੀ, ਸ੍ਰੀ ਅਮ੍ਰਿਤਸਰ ਸਾਹਿਬ ਤੋਂ ਵਾਪਿਸ ਪੁੱਜੇ ਤਾਂ ਸਿਧੇ ਲਾਜਪਤ ਨਗਰ, ਦਿੱਲੀ ਵਿਖੇ, ਸ੍ਰ: ਨਰਿੰਦਰ ਜੀਤ ਸਿੰਘ ਦੇ ਘਰ ਗਏ। ਦਾਸ ਨੂੰ ਵੀ ਫੂਨ ਕਰਕੇ ਬੁਲਾਇਆ ਗਿਆ । ਤਦ, ਇਸ ਵਡੇਰੀ ਉਮਰ ਵਿੱਚ ਗਿਆਨੀ ਜੀ ਦੀਆਂ ਅੱਖਾਂ ਵਿਚ ਅਥਰੂ ਸਨ, ਕਹਿਣ ਲੱਗੇ, ਮਸਕੀਨ ਜੀ ਨੇ ਮੇਰੇ ਨਾਲ ਧੋਖਾ ਕੀਤਾ ਹੈ, ਹੁਣ ਰਜੌਰੀ ਗਾਰਡਨ, ਉਹ ਮੇਰਾ ਇੰਤਜਾਰ ਕਰ ਰਿਹਾ ਹੈ, ਕਹਿੰਦਾ ਹੈ, ਮੇਰੇ ਨਾਲ ਅਲਵਰ ਦੇ ਸਮਾਗਮ ਤੇ ਚੱਲੋ । ਉਥੇ, ਸੰਗਤ ਦੇ ਇਕੱਠ ਵਿਚ ਤੁਹਾਡੇ ਕੋਲੋਂ ਕਥਾ ਕਰਵਾਵਾਂਗੇ । ਗਿਆਨੀ ਜੀ ਦੇ ਲਫਜਾਂ ਵਿੱਚ - ਸ੍ਰੀ ਅਮ੍ਰਿਤਸਰ ਜਾਂਦਿਆਂ, ਭੌਰਾ ਜੀ ਪਹਿਲਾਂ ਤੋਂ ਤਿਆਰ ਬੈਠਾ ਸੀ । ਇਕ ਪੈਡ ਤੇ ਕੁਝ ਟਾਈਪ ਹੋਇਆ ਸੀ । ਮੈਂ ਪੜ੍ਹਨ ਲੱਗਾ ਤਾਂ ਮੇਰੇ ਹੱਥੋਂ ਮੇਰੀ ਐਨਕ ਥੱਲੇ ਜਾ ਪਈ । ਅਸੀਂ ਸਾਰੇ, ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਸੀ । (ਚੇਤੇ ਰਹੇ, ਇਤਨੀ ਵਡੇਰੀ ਉਮਰ ਵਿਚ ਗਿਅਨੀ ਜੀ ਦੇ ਹੱਥ ਕੰਬਦੇ ਸਨ, ਜਿਸ ਕਰਕੇ ਉਨ੍ਹਾਂ ਦੇ ਹੱਥ ਵਿਚੋਂ ਐਨਕ ਡਿਗੀ, ਨਜਰ ਵੀ ਬਹੁਤ ਕਮਜੋਰ ਪੈ ਚੁਕੀ ਸੀ), ਭੌਰ ਸਾਹਿਬ ਤੇ ਮਸਕੀਨ ਜੀ ਦੋਵੇਂ ਕਹਿਣ ਲੱਗੇ, ਗਿਆਨੀ ਜੀ ਛੱਡੋ ਐਨਕ, ਤੁਹਾਨੂੰ ਸਾਡੇ ਤੇ ਯਕੀਨ ਨਹੀਂ ? ਫਟਾਫਟ ਸਾਈਨ ਕਰੋ ਅਤੇ ਦੇਗ ਕਰਵਾਉ । ਇਸ ਤਰ੍ਹਾਂ ਗਿਆਨੀ ਜੀ ਨੇ ਬਿਨਾਂ ਪੜ੍ਹੇ ਉਨ੍ਹਾਂ ਦੇ ਪ੍ਰਭਾਵ ਵਿਚ ਆ ਕੇ ਸਾਈਨ ਕਰ ਦਿਤੇ । ਕੜਾਹ ਪ੍ਰਸਾਦ ਕਰਵਾਇਆ ਤਾਂ ਗਿਆਨੀ ਜੀ ਕਹਿਣ ਲੱਗੇ, ਲਿਆਉ ਹੁਣ ਮੈਂ ਪੜ੍ਹ ਤਾਂ ਲਵਾਂ । ਪੜਿਆ ਤਾਂ ਉਸ ਵਿੱਚ ਟਾਈਪ ਕੀਤਾ ਹੋਇਆ ਸੀ ਕਿ "ਚੌਪਈ ਅਤੇ ਅਰਦਾਸ" ਦੇ ਮੁਆਮਲੇ ਵਿੱਚ, ਗਿਅਨੀ ਜੀ ਨੇ, ਮੁਆਫੀ ਮੰਗ ਲਈ ਹੈ । ਗਿਅਨੀ ਜੀ ਨੇ ਦਸਿਆ ਕਿ ਜਦੋਂ ਮੈਂ ਇਹ ਪੜ੍ਹਿਆਂ ਤਾਂ ਮੇਰੇ ਪੈਰਾਂ ਹੇਠੋਂ ਜਮੀਨ ਖਿਸਕ ਗਈ, ਮੈਂ ਉਸ ਨੂੰ ਕਿਹਾ , "ਮਸਕੀਨ" ਤੂੰ ਮੇਰੇ ਨਾਲ ਧੋਖਾ ਕੀਤਾ ਹੈ, ਮੈਂ ਅਪਣੀ ਗੱਲ ਤੇ ਹੁਣ ਵੀ ਪੂਰੀ ਤਰ੍ਹਾਂ ਕਾਇਮ ਹਾਂ ਕਿ "ਚੌਪਈ ਅਤੇ ਅਰਦਸ ਦੀ ਪਹਿਲੀ ਪਉੜੀ, ਦਸਮੇਸ ਜੀ ਦੀ ਰਚਨਾਂ ਨਹੀਂ"। ਅਸਲ ਵਿੱਚ , ਇਸੇ ਕਰਕੇ, ਮਸਕੀਨ ਜੀ ਮੈਨੂੰ, ਰਾਜੋਰੀ ਗਾਰਡਨ ਲਾਅ ਕੇ, ਉਨਾਂ ਨੂੰ ਨਾਲ ਲੈ ਕੇ, ਲਾਜਪਤ ਨਗਰ ਚਲੇ ਆਏ ਕਿ ਮੈਂ ਕੁਝ ਸਲਾਹ ਕਰਨੀ ਹੈ । ਮੈਂ ਅਪਣੀ ਆਖਰੀ ਉਮਰ ਵਿੱਚ, ਇਸ ਮਾਫੀ ਵਾਲੇ ਝੂਠ ਵਿਚ ਸਾਮਲ ਨਹੀਂ ਹੋਣਾਂ ਚਾਂਹੁੰਦਾ । ਖੈਰ, ਦਾਸ ਅਤੇ ਸ੍ਰ: ਨਰਿੰਦਰ ਜੀਤ ਸਿੰਘ, ਗਿਆਨੀ ਜੀ ਨਾਲ ਗੁਰਦੁਆਰਾ ਰਾਜੋਰੀ ਗਾਰਡਨ ਦਿੱਲੀ ਪੁਜੇ । ਉਥੇ ਮਸਕੀਨ ਸਾਹਿਬ, ਸਾਈਡ ਦੇ ਬਰਾਂਡੇ ਵਿਚ ਇਕ ਚਾਰਪਾਈ ਤੇ ਬੈਠੇ ਸਨ । ਗਿਆਨੀ ਜੀ ਬੋਲੇ, ਮਸਕੀਨ, ਤੂੰ ਪਹਿਲਾ ਮੇਰੀ ਪੱਗ ਲਾਹ ਕੇ, ਮੇਰੇ ਪੈਰਾਂ ਵਿੱਚ ਸੱਟ ਦਿਤੀ, ਫਿਰ ਕਹਿਆ ਕਿ ਮੈਂ ਤੇਰੇ ਸਿਰ ਤੇ ਪੱਗ ਰੱਖ ਰਿਹਾ ਹਾਂ । ਇਸ ਤਰਾਂ ਦੇ ਉਹਨਾਂ ਦੇ ਲਫਜ ਸਨ, ਮਸਕੀਨ ਜੀ ਨਾਲ । ਮਸਕੀਨ ਜੀ ਨੇ ਸਾਡੇ ਤੇ ਬਹੁਤ ਜੋਰ ਪਾਇਆ ਕਿ ਗਿਆਨੀ ਜੀ ਕੋਲੋਂ ਕਥਾ ਕਰਾਵਾਂਗਾ , ਮੁਆਮਲਾ ਰਫਾ-ਦਫਾ ਹੋ ਜਾਵੇਗ।, ਫਿਰ ਕਹਿਆ ਕਿ ਮੈਂ ਤੇਰੇ ਸਿਰ ਤੇ ਪੱਗ ਰੱਖ ਰਿਹਾ ਹਾਂ । ਇਸ ਤਰਾਂ ਦੇ ਉਹਨਾਂ ਦੇ ਲਫਜ ਸਨ, ਮਸਕੀਨ ਜੀ ਨਾਲ । ਮਸਕੀਨ ਜੀ ਨੇ ਸਾਡੇ ਤੇ ਬਹੁਤ ਜੋਰ ਪਾਇਆ ਕਿ ਗਿਆਨੀ ਜੀ ਕੋਲੋਂ ਕਥਾ ਕਰਵਾਂਗੇ,ਮਾਮਲਾ ਰਫਾ ਦਫਾ ਹੋ ਜਾਵੇਗਾ।

ਠੀਕ ਜਾਂ ਗਲਤ -

ਪਰ ਗਿਅਨੀ ਜੀ ਦੇ ਦ੍ਰਿੜ ਇਰਾਦੇ ਕਾਰਨ, ਸਾਡੀ ਵੀ ਇਹੀ ਰਾਏ ਸੀ ਕਿ ਜਦੋਂ ਮੁਆਫੀ ਮੰਗੀ ਹੀ ਨਹੀਂ, ਤਾਂ ਸੰਗਤ ਨੂੰ ਧੋਖੇ ਨਾਲ ਕੁਝ ਹੋਰ ਦੱਸਣ, "ਗੁਰੂ ਪਾਤਸਾਹ" ਦੇ ਸਤਿਕਾਰ ਦੇ ਵਿਰੁਧ ਹੈ। ਜਦੋਂ ਗਿਆਨੀ ਜੀ ਨੇ ਪੱਕੀ ਤਰ੍ਹਾਂ ਕਹਿ ਦਿਤਾ ਕਿ "ਮੇਰਾ ਫੈਸਲਾ, ਚੌਪਈ ਅਤੇ ਅਰਦਾਸ ਦੀ ਪਹਿਲੀ ਪਉੜੀ ਬਾਰੇ ਉਹੀ ਹੈ"। ਸੋ ਗਿਆਨੀ ਜੀ ਨੇ, ਮਸਕੀਨ ਨਾਲ, ਇਸ ਝੂਠੇ ਢੰਗ ਵਿਚ ਅਲਵਰ ਜਾਂਣ ਤੋਂ ਸਾਫ ਇਨਕਾਰ ਕਰ ਦਿਤਾ, ਤਾਂ ਮਸਕੀਨ ਸਾਹਿਬ ਅਪਣੀ ਕਾਰ ਵਿਚ ਬੈਠਕੇ ਅਲਵਰ ਚਲੇ ਗਏ। ਇਸ ਸਾਰੀ ਗਲਬਾਤ ਦੇ ਦੌਰਨ, ਗਿਆਨੀ ਜੀ ਦੇ ਅਥਰੂ ਨਹੀਂ ਸਨ ਰੁਕਦੇ।

ਗਿਆਨੀ ਜੀ ਦੇ ਵਿਰੁਧ, ਹੁਕਮ-ਨਾਮੇ ਬਾਰੇ ਕਾਫੀ ਕਿੰਤੂ-ਪ੍ਰੰਤੂ ਵੱਧ ਚੁਕੀ ਸੀ। ਭਾਰਤ ਭਰ ਵਿਚੋਂ ਹੀ ੧੦੦੦ ਤੋਂ ਵੱਧ ਚਿਠੀਆਂ, ਇਸ ਫੈਸਲੇ ਵਿਰੁਧ ਜਾ ਚੁਕੀਅ ਸਨ। ਮਸਕੀਨ ਜੀ ਰਾਂਹੀਂ ਇਸ ਨੂੰ ਜਾਰੀ ਕਰਵਾਂਣ ਵਾਸਤੇ ਪੜਦੇ ਪਿਛਲੀ ਗੱਲ ਵੀ, ਮਸਕੀਨ ਜੀ ਦੇ ਸਤਿਕਰ ਤੇ ਹਾਵੀ ਹੋ ਰਹੀ ਸੀ ਅਤੇ ੳਨ੍ਹਾਂ ਨੂੰ ਵੀ ਜਗਿਹ ਜਗਿਹ ਜਵਾਬ ਦੇਣ ਮੁਸਕਲ ਹੋ ਰਿਹਾ ਸੀ।

ਵਿੱਥ ਵਧੀ ਕਿਥੋਂ:

ਗਿਆਨੀ ਜੀ, ਇੰਦੌਰ ਦੇ ਪ੍ਰੋਗਰਾਮ ਤੇ ਸਨ ਅਤੇ ਮਸਕੀਨ ਜੀ ਵੀ ਉਥੇ ਹੀ ਪ੍ਰੋਗਰਾਮ ਕਰ ਰਹੇ ਸਨ। ਮਸਕੀਨ ਜੀ ਨੇ ਅਪਣੀ ਆਦਤ ਮੁਤਾਬਿਕ ਇੱਕ ਜਗ੍ਹਾ ਤੇ ਕਿਹਾ, "ਅਖੰਡਪਾਠ" ਗੁਰਮਤਿ ਅਨੁਸਾਰ ਨਹੀਂ। ਦੂਜੀ ਜਗ੍ਹਾ ਤੇ ਵਾਧੂ "ਅਖੰਡਪਾਠ" ਰੱਖੇ ਹੋਏ ਸਨ, ਉਨ੍ਹਾਂ ਨੂੰ ਗੁਰਮਤਿ ਅਨੁਸਾਰ ਦੱਸ ਦਿਤਾ। ਕਿਸੇ ਜਗ੍ਹਾ ਤੇ ਗਿਆਨੀ ਜੀ ਨੇ, ਉਸਦੀ ਇਸ ਦੋਰੰਗੀ ਕਥਾ ਦਾ ਜਿਕਰ ਕੀਤਾ, ਤਾਂ ਗਿਆਨੀ ਜੀ ਅਤੇ ਮਸਕੀਨ ਸਾਹਿਬ ਵਿਚ ਥੋੜ੍ਹੀ ਖਾਚਾਂਤਣੀ ਹੋਈ। ਇਸ ਘਟਨਾਂ ਬਾਰੇ, ਗਿਆਨੀ ਜੀ ਨੇ ਆਪ ਦਿੱਲੀ ਵਿੱਚ ਦਾਸ ਨਾਲ ਜਿਕਰ ਕੀਤਾ ਸੀ।

ਪੁਸਤਕ "ਦਸਮ ਗ੍ਰੰਥ ਨਿਰਣੈ" ਉਨ੍ਹੀ ਦਿਨੀਂ, ਗਿਆਨੀ ਜੀ ਨੇ ਲਿਖੀ ਤੇ ਪ੍ਰਕਾਸਿਤ ਕੀਤੀ ਹੋਈ ਸੀ। ਮਸਕੀਨ ਜੀ ਨੇ, ਰਾਜੋਰੀ ਗਾਰਡਨ ਗੁਰਦੁਆਰੇ ਕੁਝ ਦਿਨ ਕਥਾ ਕੀਤੀ ਤਾਂ "ਦਸਮ ਗ੍ਰੰਥ" ਵਿਚਲੀ ਕੱਚੀ ਬਾਣੀ ਵਿਚੋਂ ਕੱਝ ਮਿਸਾਲਾਂ ਵਰਤੀਆਂ। ਦਿੱਲੀ ਵਿੱਚ ਨੌਜਵਾਨਾਂ ਦੀ ਇਸ ਪੱਖੋਂ ਤਿਆਰੀ ਸੀ; ਪਰ ਇਸ ਉਮਰ ਵਿਚ ਜੋਸ ਵਾਧ ਹੁੰਦਾ ਹੈ ਅਤੇ ਦੂਰਦਰਿਸਟਤਾ ਘੱਟ। ਕੁਝ ਨੌਜੁਆਨਾਂ ਨੇ, ਮਸਕੀਨ ਸਾਹਿਬ ਨਾਲ ਬਹਿਸ ਕੀਤੀ ਕਿ ਜੋ ਪ੍ਰਮਾਣ ਉਨ੍ਹਾਂ ਵਰਤੇ ਹਨ, ਉਹ ਦਸਮੇਸ ਜੀ ਦੀ ਰਚਨਾਂ ਨਹੀਂ। ਮਸਕੀਨ ਜੀ ਦਾ ਉੱਤਰ ਹੱਠ ਵਾਲਾ ਅਤੇ ਅਪਣੇ ਆਪ ਨੂੰ ਠੀਕ ਦੱਸਣ ਵਾਲਾ ਸੀ, ਹਾਲਾਂ ਕਿ ਸਬੰਧਿਤ ਨੌਜੁਆਨ ਮੂਲੋਂ ਠੀਕ ਸਨ। ਦੂਜੇ ਦਿਨ, ੳਨ੍ਹਾਂ ਨੇ, "ਦਸਮ ਗ੍ਰੰਥ" ਵਿਚੋਂ ਕੁਝ ਰਚਨਾਵਾਂ ਛਪਵਾ ਕੇ ਸੰਗਤਾਂ ਵਿਚ ਵੰਡ ਦਿਤੀਆਂ ਅਤੇ ਮਸਕੀਨ ਸਾਹਿਬ ਨੂੰ ਬੇਨਤੀ ਕੀਤੀ ਕਿ ਜੇ ਕਰ ਉਹ ਠੀਕ ਹਨ ਤਾਂ ਇਸਤਿਹਾਰ ਵਿੱਚ ਦਿਤੀ, "ਦਸਮ ਗ੍ਰੰਥ" ਵਿਚਲੀ ਰਚਨਾਂ ਦੀ ਕਥਾ ਸੰਗਤ ਵਿਚ ਕਰਨ। ਮਸਕੀਨ ਜੀ ਨੇ,ਇਸ ਵਾਚ ਅਪਣੀ ਬੇਇੱਜਤੀ ਸਮਝੀ। ਅਪਣੇ ਅਸਰ-ਰਸੂਖ ਦ ਫਾਇਦਾ ਉਠਾ ਕੇ ਉਨ੍ਹਾਂ ਨੇ , ਗਿਆਨੀ ਚੇਤ ਸਿੰਘ ਤੇ ਭੌਰਾ ਸਾਹਿਬ ਨੂੰ ਵਰਤਿਆ ਅਤੇ ਭੜਕਇਆ ਕਿ ਗਿਅਨੀ ਜੀ ਨੇ ਅਪਣੇ ਗੁੰਡਿਆਂ ਕੋਲੋਂ, ਮੇਰੀ ਬੇਇੱਜਤੀ ਕਰਵਾਈ ਹੈ। ਇਸ ਤਰ੍ਹਾਂ ਇਹ ਖੇਡ ਅੱਗੇ ਤੁਰੀ। ਜਦੋਂ ਕਿ ਇਕ ਵਿਦਵਾਨ ਹੋਣ ਦੇ ਨਤੇ, ਮਸਕੀਨ ਜੀ ਦਾ ਇਹ ਫਰਜ ਬਣਦਾ ਸੀ ਕਿ ਇਹ ਘਟਨਾ ਗਿਆਨੀ ਜੀ ਦੇ ਨੋਟਿਸ ਵਿਚ ਲਿਆਂਦੇ, ਕਿਉਕਿ ਇੱਕ ਤਾਂ ਗਿਆਨੀ ਜੀ ਨੂੰ ਇਸ ਬਾਰੇ ਕੱਝ ਪਤਾ ਨਹੀਂ ਸੀ, ਦੂਜਾ ਉਹ ਨੌਜੁਵਾਨ ਵੀ ਗੁੰਡੇ ਨਹੀਂ ਸਨ, ਇਸ ਗੱਲ ਨੂੰ ਮਸਕੀਨ ਜੀ ਵੀ ਚੰਗੀ ਤਰ੍ਹਾਂ ਜਾਣਦੇ ਸਨ।

ਵੈਸੇ ਵੀ, ਜਿਸ ਨੂੰ ਗਿਆਨੀ ਜੀ ਦਾ "ਮੁਆਫੀਨਾਮਾਂ" ਦੱਸਿਆ ਗਇਆ, ਉਹ ਕੇਵਲ, ਇੱਕ "ਅਕਾਲ ਤਖਤ ਸਾਹਿਬ" ਦੇ ਪੈਡ ਤੇ ਸੀ, ਜਿਸ ਉਪਰ ਨ ਕੋਈ ਐਂਟਰੀ ਨੰਬਰ, ਅਤੇ ਨਾਂ ਹੀ "ਸ੍ਰੀ ਅਕਾਲ ਤਖਤ ਸਾਹਿਬ" ਦੀ ਮੋਹਰ ਸੀ। ਗਿਆਨੀ ਜੀ ਅਪਣੇ ਫੈਸਲੇ ਤੋਂ ਅੰਤਮ ਸਮੇਂ ਤੀਕ ਅਡਿਗ ਸਨ।

ਗੁਰੂ ਪੰਥ ਦਾ ਦਾਸ
ਸੁਰਜੀਤ ਸਿੰਘ


ਗੁਰੂ ਸਵਾਰੇ ਵੀਰੋ। ਕੀ ਪ੍ਰਿੰਸੀਪਲ ਹਰਿਭਜਨ ਸਿੰਘ ਦੀ ਲਿੱਖੀ ਇਹ "ਸੱਚੀ ਸਾਖੀ" ਅਤੇ ਉਸ ਨੂੰ ਤਸਦੀਕ ਕਰਨ ਵਾਲੇ ਪੰਥ ਦੇ ਬਜੁਰਗ ਵਿਦਵਾਨ ਗਿਆਨੀ ਸੁਰਜੀਤ ਸਿੰਘ ਅਤੇ ਗਿਆਨੀ ਪ੍ਰਹਿਲਾਦ ਸਿੰਘ, ਕਾਨਪੁਰ , ਸਾਰੇ ਹੀ "ਨਿੰਦਕ" , "ਟੰਗਾ ਖਿਚਣ ਵਾਲੇ " ਜਾਂ "ਝੂਠੇ" ਹਣ ? ਕੀ ਇਸ ਨੂੰ ਕਿਸੇ "ਬ੍ਰਹਮਗਿਆਨੀ" ਦੀ "ਨਿੰਦਾ" ਕਹੋਗੇ ਜਾਂ ਇਕ "ਸੱਚੀ ਸਾਖੀ" ? , ਜੋ ਪੰਥ ਦੇ ਇਕ ਬਜੁਰਗ ਵਿਦਵਾਨ ਨਾਲ ਕੀਤੇ ਗਏ ਧੋਖੇ ਦਾ ਸੱਚਾ ਇਤਿਹਾਸ ਹੈ। ਇਤਿਹਾਸ ਕਿਸੇ ਦੀ ਅੰਧੀ ਸ਼ਰਧਾ ਦਾ ਮੋਹਤਾਜ ਨਹੀਂ ਹੁੰਦਾ। ਇਤਿਹਾਸ ਅਪਣੇ ਵਿਚ ਉਹ ਹੀ ਦਰਜ ਕਰਦਾ ਹੈ, ਜੋ ਉਹ ਵੇਖਦਾ ਹੈ। ਕਹਿੰਦੇ ਨੇ ਕਿ ਇਤਿਹਾਸ ਅਪਣੇ ਆਪ ਨੂੰ ਦੋਹਰਾਂਦਾ ਹੈ, ਲੇਕਿਨ ਸਿੱਖੀ ਵਿੱਚ ਤਾਂ ਇਤਿਹਾਸ ਆਏ ਦਿਨ ਅਪਣੇ ਆਪ ਨੂੰ ਦੋਹਰਾ ਰਿਹਾ ਹੈ। ਜੋ ਹਾਲਾਤ ਗਿਆਨੀ ਦਿੱਤ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਵੇਲੇ ਸਨ ਉਹੀ ਹਾਲਾਤ ਅਜੋਕੇ ਸਮੈਂ ਵਿੱਚ ਵੀ ਹਣ। ਉਸ ਵੇਲੇ ਵੀ ਪੰਥ ਦਰਦੀਆਂ ਨੂੰ "ਧਰਮ ਮਾਫੀਆ", ਸੂਲੀ ਤੇ ਟੰਗ ਰਿਹਾ ਸੀ, ਅੱਜ ਵੀ ਉਹ "ਧਰਮ ਮਾਫੀਆ" ਸੱਚੇ ੳਤੇ ਸੁੱਚੇ ਪੰਥ ਦਰਦੀਆ ਨੂੰ ਪੰਥ ਵਿਚੋਂ ਛੇਕ ਰਿਹਾ ਹੈ। ਉਸ ਵੇਲੇ ਵੀ ਇਸ "ਧਰਮ ਮਾਫੀਆ" ਦੇ ਖੁਸ਼ਾਮਦ ਕਰਣ ਵਾਲੇ ਅਤੇ ਇਨਾਂ ਅਗੇ ਗੋਡੇ ਟੇਕਣ ਵਾਲੇ ਕਥਾਕਾਰ ਅਤੇ ਪ੍ਰਚਾਰਕ ਸਨ, ਅੱਜ ਵੀ ਇਨਾਂ ਅਗੇ ਗੋਡੇ ਟੇਕ ਕੇ ਅਪਣੀਆਂ ਤਿਜੋਰੀਆਂ ਭਰਨ ਵਾਲੇ ਪ੍ਰਚਾਰਕ ਮੌਜੂਦ ਹਨ। ਲੇਕਿਨ ਵੀਰੋ ਯਾਦ ਰਖਣਾਂ ! ਕਿ ਇਤਿਹਾਸ ਦੀ ਨਜਰ ਬਹੁਤ ਹੀ ਤਿੱਖੀ ਅਤੇ ਪੈਨੀ ਹੂੰਦੀ ਹੈ ਜਿਸ ਨੂੰ ਕੋਈ ਨਹੀਂ ਵੇਖ ਪਾਂਦਾ ਉਸ ਨੂੰ ਇਤਿਹਾਸ ਵੇਖਦਾ ਹੈ। ਗਿਆਨੀ ਹਰਿਭਜਨ ਸਿੰਘ ਨੇ ਗਿਆਨੀ ਭਾਗ ਸਿੰਘ ਅੰਬਾਲਾ ਦੀ "ਸੱਚੀ ਸਾਖੀ" ਲਿਖੀ। ਕਲ ਨੂੰ ਕੋਈ ਦੂਜਾ ਹਰਿਭਜਨ ਸਿੰਘ ਅਤੇ ਸੁਰਜੀਤ ਸਿੰਘ "ਸਕੱਤਰੇਤ" ਦੀ ਹੋਂਦ ਨੂੰ ਨਕਾਰਣ ਵਾਲੀਆਂ ਇਸ ਦੇ ਵਿਰੋਧ ਵਿੱਚ ਚੱਟਾਨ ਬਣ ਕੇ ਖੜੇ ਹੋਣ ਵਾਲੀਆਂ ਸਖਸਿਯਤਾਂ ਦਾ ਇਤਿਹਾਸ ਵੀ ਲਿਖਣਗੇ ਅਤੇ "ਸਕਤਰੇਤ" ਨੂੰ ਅਕਾਲ ਤਖਤ ਦੇ "ਸ਼ਰੀਕ" ਦੇ ਰੂਪ ਵਿੱਚ ਮਮਾਨਤਾ ਦੇਂਣ ਵਾਲੇ ਅਤੇ "ਧਰਮ ਮਾਫੀਆ" ਅਗੇ ਗੋਡੇ ਟੇਕਣ ਵਾਲੇ ਪ੍ਰਚਾਰਕਾਂ, ਕਥਾਵਾਚਕਾਂ ਦਾ ਵੀ ਇਤਿਹਾਸ ਲਿਖਣਗੇ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top