Share on Facebook

Main News Page

ਲਉ ਸੁਣੋ, ਅਖੌਤੀ ਜਥੇਦਾਰ ਗੁਰਬਚਨ ਸਿੰਘ ਦੇ ਵੀਚਾਰ ਅਤੇ ਧੰਨਤਾ ਦੇ ਯੋਗ ਬਣੋ
-
ਭਾਈ ਗੁਰਨਿਸ਼ਾਨ ਸਿੰਘ ਪੱਟੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਪਿਛਲੇ ਦਿਨੀਂ 1 ਸਤੰਬਰ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਬੜੀ ਸ਼ਰਧਾ ਅਤੇ ਚੜ੍ਹਦੀ ਕਲ੍ਹਾ ਨਾਲ ਮਨਾਇਆ ਗਿਆ। ਇਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੰਮ੍ਰਿਤਸਰ ਵਿਖੇ ਮੰਜੀ ਸਾਹਿਬ ਹਾਲ ਵਿੱਚ ਵਿਸ਼ੇਸ਼ ਕਥਾ-ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਪੀ.ਟੀ.ਸੀ. ਪੰਜਾਬੀ ਚੈਨਲ ਤੇ ਦਿਖਾਇਆ ਜਾ ਰਿਹਾ ਸੀ। ਸਮਾਗਮ ਵਿੱਚ ਕੀਰਤਨੀ ਜੱਥਿਆਂ ਤੋਂ ਇਲਾਵਾ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਜੀ ਵੀ ਪਹੁੰਚੇ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਇਤਿਹਾਸਿਕ ਘਟਨਾਵਾਂ ਅਤੇ ਹਵਾਲਿਆਂ ਰਾਹੀਂ ਪੇਸ਼ ਕੀਤਾ। ਪਰ ਭਾਈ ਪਿੰਦਰਪਾਲ ਸਿੰਘ ਤੋਂ ਬਾਅਦ ਜਦੋਂ ਪੰਥ ਨੂੰ ਸੰਬੋਧਨ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ “ਮਹਾਨ” ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੀ ਵਾਰੀ ਆਈ, ਤਾਂ ਉਹਨਾਂ ਨੇ ਆਪਣੀ ਮੂਰਖਤਾ ਦਾ ਪ੍ਰਮਾਣ ਖੁੱਦ ਦੇ ਦਿੱਤਾ।

 

ਵੀਡੀਓ ਨਾਲ ਹੈ, ਆਪ ਸਭ ਦੇਖ-ਸੁਣ ਸਕਦੇ ਹੋ। ਸਭ ਤੋਂ ਪਹਿਲਾਂ ਇਨ੍ਹਾਂ ਨੇ ਆਪਣੀ ਫਤਿਹ ਬੁਲਾਉਣ ਦੀ ਥਾਂ, ਚਾਪਲੂਸੀ ਕਰਦੇ ਹੋਏ ਮੱਕੜ ਵੱਲੋਂ ਫਤਿਹ ਸਾਂਝੀ ਕੀਤੀ। ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਬਾਰੇ ਆਪਣਾ ਚੂੰਝ ਗਿਆਨ ਬਿਆਨ ਕੀਤਾ। ਇਨ੍ਹਾਂ ਕਿਹਾ ਕਿ ਗੁਰੁ ਅਰਜੁਨ ਦੇਵ ਜੀ ਬਾਣੀ ਇਕੱਤਰ ਕਰਨ ਲਈ ਸ੍ਰੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਮੋਹਨ ਜੀ ਕੋਲ ਗਏ ਅਤੇ ਮੋਹਨ ਜੀ ਦੀ ਉਸਤਤ ਵਿੱਚ ਸ਼ਬਦ ਗਾਇਨ ਕੀਤੇ:-

ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥… (ਸ੍ਰੀ ਗੁਰੁ ਗ੍ਰੰਥ ਸਾਹਿਬ ਪੰਨਾ-248 , ਮ:5)

ਪ੍ਰੰਤੂ ਵਿਦਵਾਨ ਜਾਣਦੇ ਹਨ ਕਿ ਇਸ ਸ਼ਬਦ ਵਿੱਚ “ਮੋਹਨ” ਦਾ ਅਰਥ ਹੈ, ਮਨ ਨੂੰ ਮੋਹ ਲੈਣ ਵਾਲਾ ਪ੍ਰਮਾਤਮਾ ਨਾ ਕਿ ਕੋਈ ਦੇਹਧਾਰੀ ਵਿਅਕਤੀ। ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੀ ਕੌਮ ਦੇ ਜਥੇਦਾਰ ਕਿੰਨੇ ਵਿਦਵਾਨ ਹਨ।

1 ਸਤੰਬਰ ਤੋਂ ਦੋ ਦਿਨ ਪਹਿਲਾਂ ਮੰਜੀ ਸਾਹਿਬ ਹਾਲ ਤੋਂ ਹੁਕਮਨਾਮੇ ਦੀ ਕਥਾ ਗਿਆਨੀ ਮਾਨ ਸਿੰਘ ਜੀ ਕਰ ਰਹੇ ਸਨ। ਉਹਨਾਂ ਨੇ ਬੜੇ ਹੀ ਵਧੀਆ ਢੰਗ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਬਣਤਰ ਬਾਰੇ ਜਾਣਕਾਰੀ ਦਿੱਤੀ ਸੀ। ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਬਾਣੀ ਕਿਵੇਂ ਇਕੱਤਰ ਕੀਤੀ। ਵਿਚਾਰਨ ਵਾਲੀ ਗੱਲ ਹੈ, ਕਿ ਪਹਿਲੇ ਚਾਰ ਗੁਰੂ ਸਹਿਬਾਨ ਬਾਣੀ ਦੀ ਸੰਭਾਲ ਲਈ ਜਾਗਰੂਕ ਨਹੀਂ ਸਨ? ਜਦੋਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਬਾਣੀ ਦਾ ਖ਼ਜ਼ਾਨਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤਾ। ਏਸੇ ਤਰ੍ਹਾਂ ਬਾਣੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ, ਗੁਰੁ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਜੀ, ਅਤੇ ਗੁਰੂ ਰਾਮਦਾਸ ਜੀ ਤੋਂ ਗੁਰੂ ਅਰਜੁਨ ਦੇਵ ਜੀ ਤੱਕ ਪੋਥੀਆਂ ਦੇ ਰੂਪ ਵਿੱਚ ਪਹੁੰਚੀ। ਪਰ ਅਫ਼ਸੋਸ ਅੱਜ ਸਾਡੇ ਅਖੌਤੀ ਪ੍ਰਚਾਰਕ ਅਤੇ ਜਥੇਦਾਰ ਸੰਗਤਾਂ ਨੂੰ ਮਨਘੜਤ ਕਹਾਣੀਆਂ ਸੁਣਾਂ ਕੇ ਗੁੰਮਰਾਹ ਕਰ ਰਹੇ ਹਨ। ਇਨ੍ਹਾਂ ਪ੍ਰਤੀ ਕੌਮ ਸੁਚੇਤ ਹੋਵੇ ਅਤੇ ਇਹੋ ਜਿਹੇ ਬੁਲਾਰਿਆਂ ਨੂੰ ਸੰਬੋਧਨ ਕਰਨ ਦਾ ਸਮਾਂ ਨਾ ਦਿੱਤਾ ਜਾਵੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top