Share on Facebook

Main News Page

ਚੰਦੂ ਨੇ ਤਾਂ ਗੁਰੂ ਦੇ ਸ਼ਰੀਰ ਨੂੰ ਦੁੱਖ ਦਿੱਤੇ ਸਨ, ਪਰ ਅੱਜ ਸਿੱਖ ਗੁਰੂ ਦੀ ਆਤਮਾ ਨੂੰ ਛਲਣੀ ਛਲਣੀ ਕਰ ਰਹੇ ਹਨ
-
ਭਾਈ ਸ਼ਿਵਤੇਗ ਸਿੰਘ

* ਗੁਰੂ ਵੱਲੋਂ ਸਿਖਾਈ ਗਈ ਭਗਤੀ ਨੂੰ ਭੁੱਲ ਕੇ ਸਿੱਖ ਬਿਪ੍ਰਵਾਦੀ ਭਗਤੀ ਵਿਚ ਉਲਝੇ
* ਜਿਨ੍ਹਾਂ ਕਰਮਕਾਂਡਾ ਵਿੱਚੋਂ ਗੁਰੂ ਸਾਹਿਬ ਜੀ ਨੇ ਸਾਨੂੰ ਕੱਢਿਆ ਸੀ, ਅੱਜ ਸਿੱਖ ਉਨ੍ਹਾਂ ਵਿੱਚ ਹੀ ਫਸ ਰਹੇ ਹਨ
* ਮੇਰੇ ਵਰਗੇ ਗਿਆਨੀ ਗੁਰੂ ਸਾਹਿਬ ਜੀ ਦਾ ਮੂੰਹ ਚਿੜਾਉਂਦੇ ਹੋਏ ਸ਼ਰਾਧ ਖਾਂਦੇ ਤੇ ਅਰਦਾਸਾਂ ਕਰਦੇ ਦਲਾਲ ਬਣਨ ਤੋਂ ਗੁਰੇਜ਼ ਨਹੀਂ ਕਰਦੇ

ਬਠਿੰਡਾ, 22 ਸਤੰਬਰ (ਕਿਰਪਾਲ ਸਿੰਘ): ਚੰਦੂ ਨੇ ਤਾਂ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਹੀ ਦੁੱਖ ਦਿੱਤਾ ਸੀ, ਪਰ ਅੱਜ ਸਿੱਖ ਗੁਰੂ ਦੀ ਆਤਮਾ ਨੂੰ ਛਲਣੀ ਛਲਣੀ ਕਰ ਰਹੇ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਹੈੱਡਪ੍ਰਚਾਰਕ ਭਾਈ ਸ਼ਿਵਤੇਗ ਸਿੰਘ ਨੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਉਨ੍ਹਾਂ ਨੇ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੰਦੂ ਨੇ ਗੁਰੂ ਅਰਜੁਨ ਸਹਿਬ ਜੀ ਨੂੰ ਆਪਣੇ ਹੱਥੀਂ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ, ਇਸੇ ਕਾਰਣ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਸ ਦੇ ਕੀਤੇ ਦੀ ਸਜ਼ਾ ਦਿੱਤੀ ਸੀ। ਪਰ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਜਹਾਂਗੀਰ ਨੇ ਸਰਕਾਰੀ ਹੁਕਮ ਨਾਲ ਹੀ ਗੁਰੂ ਜੀ ਨੂੰ ਸ਼ਹੀਦ ਕਰਨ ਲਈ ਚੰਦੂ ਦੇ ਹਵਾਲੇ ਕੀਤਾ ਸੀ। ਜਦੋਂ ਕਿ ਸਾਡੇ ਬਹੁਤੇ ਪ੍ਰਚਾਰਕਾਂ ਵੱਲੋਂ ਸਿਰਫ ਇਸ ਗੱਲ ਦਾ ਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਨਾਂਹ ਕਰਨ ਕਾਰਣ ਉਸ ਨੇ ਗੁਰੂ ਜੀ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕੀਤਾ। ਪਰ ਇਹ ਸੋਚਣ ਵਾਲੀ ਗੱਲ ਹੈ ਕਿ ਗੱਲ ਕੇਵਲ ਰਿਸ਼ਤੇ ਦੀ ਨਹੀਂ। ਲੜਕਾ ਗੁਰੂ ਅਰਜੁਨ ਸਾਹਿਬ ਜੀ ਦਾ, ਲੜਕੀ ਚੰਦੂ ਦੀ, ਜਹਾਂਗੀਰ ਨੂੰ ਕੀ ਲੋੜ ਪਈ ਸੀ ਕਿ ਉਹ ਦੋਵਾਂ ਦੇ ਪ੍ਰਵਾਰਿਕ ਝਗੜੇ ਪਿੱਛੇ, ਗੁਰੂ ਜੀ ਨੂੰ ਸ਼ਹੀਦ ਕਰਨ ਲਈ ਚੰਦੂ ਦੇ ਹਵਾਲੇ ਕਰਨ ਦਾ ਏਡਾ ਵੱਡਾ ਸਖਤ ਕਦਮ ਚੁੱਕਦੇ।

ਇਸ ਦੇ ਪਿੱਛੇ ਕਾਰਣ ਇਹ ਹੈ ਕਿ ਕਾਹਨੇ, ਪਿਲੂ ਆਦਿ ਚਾਰ ਭਗਤ ਜੋ ਆਪਣੀ ਸਿਧਾਂਤਹੀਣ ਕੱਚੀ ਰਚਨਾ ਨੂੰ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਵਾਉਣ ਵਿੱਚ ਸਫਲ ਨਾ ਹੋ ਸਕੇ ਅਤੇ ਸ਼ੇਖ਼ ਅਹਿਮਦ ਸਰਹੰਦੀ ਕੱਟੜ ਸ਼ਰਈ ਮੁਸਲਮਾਨ; ਜਿਹੜਾ ਈਰਖਾ ਕਰ ਰਿਹਾ ਸੀ ਕਿ ਗੁਰੂ ਦੇ ਪ੍ਰਚਾਰ ਰਾਹੀ ਬਹੁਤ ਸਾਰੇ ਭੋਲੇ ਮੁਸਲਮਾਨ ਗੁਰੂ ਦੇ ਸਿੱਖ ਬਣ ਰਹੇ ਸਨ; ਉਨ੍ਹਾਂ ਸਾਰਿਆਂ ਨੇ ਜਹਾਂਗੀਰ ਕੋਲ ਝੂਠੀਆਂ ਸ਼ਿਕਾਇਤਾਂ ਕੀਤੀਆਂ ਕਿ ਗੁਰੂ ਜੀ ਨੇ ਜਿਸ ਗ੍ਰੰਥ ਦੀ ਰਚਨਾ ਕੀਤੀ ਹੈ ਉਸ ਵਿੱਚ: ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍‍ਆਰਿ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥’ (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 466) ਲਿਖ ਕੇ ਇਸਲਾਮ ਦੇ ਰਸਮੋਂ ਰਵਾਇਤਾਂ ਦੀ ਨਿੰਦਾ ਕੀਤੀ ਹੈ। ਇਸ ਗ੍ਰੰਥ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ਼ ਨਹੀਂ ਲਿਖੀ।

ਇਨ੍ਹਾਂ ਸ਼ਿਕਾਇਤਾਂ ਦੇ ਅਧਾਰ ’ਤੇ ਜਹਾਂਗੀਰ ਨੇ ਗੁਰੂ ਅਰਜੁਨ ਸਾਹਿਬ ਜੀ ਨੂੰ ਲਾਹੌਰ ਬੁਲਾਇਆ ਤੇ ਕਿਹਾ ਕਿ ਤੁਹਾਡੇ ਵੱਲੋਂ ਲਿਖੇ ਗਏ ਗ੍ਰੰਥ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ਼ ਲਿਖੀ ਜਾਵੇ ਤੇ ਇਸਲਾਮ ਵਿਰੋਧੀ ਗੱਲਾਂ ਕੱਟੀਆਂ ਜਾਣ। ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਸਾਫ਼ ਤੌਰ ’ਤੇ ਦੱਸ ਦਿੱਤਾ ਕਿ ਇਸ ਪਾਵਨ ਗ੍ਰੰਥ ਵਿੱਚ ਰੱਬੀ ਕਲਾਮ ਹੀ ਦਰਜ ਹੈ; ਇਸ ਵਿੱਚ ਕਿਸੇ ਧਰਮ ਦੇ ਵਿਰੁਧ ਕੋਈ ਗੱਲ ਨਹੀਂ ਲਿਖੀ, ਸਿਰਫ ਰੱਬੀ ਸਿਧਾਂਤ ਦੀ ਗੱਲ ਹੀ ਲਿਖੀ ਹੈ। ਜੇ ਕਿਸੇ ਧਰਮ ਦੀਆਂ ਮਨੌਤਾਂ ਰੱਬੀ ਸਿਧਾਂਤ ਦੇ ਉਲਟ ਹਨ ਤਾਂ ਉਨ੍ਹਾਂ ਨੂੰ ਰੱਬੀ ਸਿਧਾਂਤ ਪ੍ਰਗਟ ਕਰਨ ਵਾਲਾ ਕਲਾਮ ਆਪਣੇ ਵਿਰੋਧੀ ਜਾਪ ਸਕਦਾ ਹੈ ਪਰ ਕਿਸੇ ਨੂੰ ਖ਼ੁਸ਼ ਕਰਨ ਲਈ ਇਹ ਰੱਬੀ ਸਿਧਾਂਤ ਬਦਲਿਆ ਨਹੀਂ ਜਾ ਸਕਦਾ।

ਦੂਸਰੀ ਗੱਲ ਹੈ ਕਿ ਇਸ ਗ੍ਰੰਥ ਵਿੱਚ ਸਿਰਫ ਅਕਾਲ ਪੁਰਖ਼, ਖ਼ੁਦਾ ਦੀ ਹੀ ਉਸਤਤਿ ਹੈ, ਕਿਸੇ ਵਿਅਕਤੀ ਦੀ ਉਸਤਤਿ ਨਹੀਂ ਹੋ ਸਕਦੀ। ਗੁਰੂ ਸਾਹਿਬ ਜੀ ਦੇ ਇਸ ਜਵਾਬ ਨੂੰ ਸੁਣ ਕੇ ਜਹਾਂਗੀਰ ਨੂੰ ਆਪਣੀ ਹੇਠੀ ਹੁੰਦੀ ਨਜ਼ਰ ਆਈ। ਇਸ ਕਾਰਣ ਉਸ ਨੇ ਉਨ੍ਹਾਂ ਨੂੰ ਚੰਦੂ ਦੇ ਹਵਾਲੇ ਕੀਤਾ, ਕਿਉਂਕਿ ਰਿਸ਼ਤੇ ਤੋਂ ਇਨਕਾਰ ਕੀਤੇ ਜਾਣ ’ਤੇ ਉਹ ਆਪਣੇ ਮਨ ਵਿੱਚ ਗੁਰੂ ਜੀ ਪ੍ਰਤੀ ਨਫ਼ਰਤ ਪਾਲ ਰਿਹਾ ਸੀ ਤੇ ਜਹਾਂਗੀਰ ਨੂੰ ਯਕੀਨ ਸੀ ਕਿ ਸਰਕਾਰੀ ਹੁਕਮਾਂ ਦੀ ਤਾਮੀਲ ਕਰਦੇ ਸਮੇਂ ਚੰਦੂ ਗੁਰੂ ਜੀ ਨਾਲ ਕੋਈ ਨਰਮੀ ਨਹੀਂ ਵਰਤੇਗਾ। ਗੁਰੂ ਸਾਹਿਬ ਜੀ ਨੇ ਸਿਧਾਂਤਾਂ ਵਿੱਚ ਅਦਲਾਬਦਲੀ ਕਰਨ ਦੀ ਥਾਂ, ਖਿੜ੍ਹੇ ਮੱਥੇ ਆਪਣੀ ਸ਼ਹੀਦੀ ਪ੍ਰਵਾਨ ਕਰਕੇ ਸਾਨੂੰ ਸੇਧ ਦਿੱਤੀ ਕਿ ਬੇਸ਼ੱਕ ਜਾਨ ਵੀ ਕਿਉਂ ਨਾ ਚਲੀ ਜਾਵੇ ਪਰ ਸਿਧਾਂਤ ਤੋਂ ਨਹੀਂ ਡੋਲਣਾਂ। ਪਰ ਸਿੱਖ ਦਾ ਮਨ ਨਿੱਕੀਆਂ ਨਿੱਕੀਆਂ ਗਰਜਾਂ ਜਾਂ ਲੋਕ ਲਾਜ਼ ਪਿੱਛੇ ਡੋਲ ਜਾਵੇ ਤਾਂ ਉਹ ਗੁਰੂ ਦੀ ਆਤਮਾ ਨੂੰ ਛਲਣੀ ਛਲਣੀ ਹੀ ਕਰ ਰਹੇ ਹੁੰਦੇ ਹਨ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚਾਹੇ ਗੁਰੂ ਸਾਹਿਬਾਨ ਦੀ ਬਾਣੀ ਹੈ, ਭਗਤ ਸਾਹਿਬਾਨ ਦੀ ਬਾਣੀ ਹੈ, ਗੁਰਸਿੱਖਾਂ ਦੀ ਬਾਣੀ ਹੈ ਜਾਂ ਭੱਟ ਸਾਹਿਬਾਨ ਦੀ ਬਾਣੀ ਹੈ ਉਨ੍ਹਾਂ ਸਭ ਦਾ ਸਿਧਾਂਤ ਇੱਕ ਹੈ, ਪਰ ਅੱਜ ਇਸ ਸਿਧਾਂਤ ਨੂੰ ਸਮਝਣ ਦੀ ਬਜਾਏ ਅਸੀਂ ਬਾਣੀ ਰਚਨਹਾਰਾਂ ਦੇ ਨਾਮ ’ਤੇ ਹੀ ਵੰਡੇ ਪਏ ਹਾਂ, ਤੇ ਉਨ੍ਹਾਂ ਦੇ ਨਾਮ ’ਤੇ ਹੀ ਵੱਖ ਵੱਖ ਗੁਰਦੁਆਰੇ ਬਣਾ ਕੇ ਜਾਤਾਂ ਪਾਤਾਂ ਅਤੇ ਕਰਮਕਾਂਡਾਂ ਦੀ ਉਸ ਦਲਦਲ ਵਿੱਚ ਫਸ ਚੁੱਕੇ ਹਾਂ ਜਿਥੋਂ ਗੁਰੂ ਜੀ ਨੇ ਸਾਨੂੰ ਕੱਢਿਆ ਸੀ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਭਗਤੀ ਕਮਾਉਣ ਦਾ ਢੰਗ ਦਸਦਿਆਂ ਫ਼ੁਰਮਾਨ ਕਰਦੀ ਹੈ:

ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥ ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥1॥’ (ਭੈਰਉ ਕਬੀਰ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ 1159)

ਭਾਵ ਹੇ ਭਾਈ! ਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕਰੇਂ, ਤਾਂ ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ। ਇਸ ਸਰੀਰ ਦੀ ਖ਼ਾਤਰ ਦੇਵਤੇ ਭੀ ਤਾਂਘਦੇ ਹਨ। ਤੈਨੂੰ ਇਹ ਸਰੀਰ (ਮਿਲਿਆ ਹੈ, ਇਸ ਰਾਹੀਂ) ਨਾਮ ਸਿਮਰ, ਹਰੀ ਦਾ ਭਜਨ ਕਰ ॥1॥

ਗੁਰੂ ਦੀ ਸੇਵਾ ਕੀ ਹੈ? ਉਸ ਸਬੰਧੀ ਗੁਰਬਾਣੀ ਵਿੱਚ ਜ਼ਿਕਰ ਹੈ: ‘ਗੁਰ ਕੀ ਸੇਵਾ, ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥7॥’ (ਗਉੜੀ ਮ: 1, ਗੁਰੂ ਗ੍ਰੰਥ ਸਾਹਿਬ -ਪੰਨਾ 223) ਜੋ ਗੁਰੂ ਦੀ ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਉਂਦਾ ਹੈ, ਭਾਵ ਸ਼ਬਦ ਦੀ ਰਾਹੀਂ ਗੁਰੂ ਦੀ ਦੱਸੀ ਸਿਖਿਆ ਨੂੰ ਆਪਣੀ ਜੀਵਨ ਜੁਗਤ ਬਣਾਉਂਦਾ ਹੈ, ਹਉਮੈ ਨੂੰ (ਆਪਣੇ ਅੰਦਰੋਂ) ਮਾਰਦਾ ਹੈ-ਆਪਣੀ ਕਰਣੀ ਨੂੰ ਸ੍ਰੇਸ਼ਟ ਬਣਾਉਂਦਾ ਹੈ; ਇਹ ਹੀ ਗੁਰੂ ਦੀ ਸੇਵਾ ਹੈ॥7॥

ਗੁਰੂ ਵੱਲੋਂ ਸਿਖਾਈ ਗਈ ਇਸ ਭਗਤੀ ਨੂੰ ਭੁੱਲ ਕੇ ਸਿੱਖ ਸਮਝ ਰਹੇ ਹਨ ਕਿ ਸ਼ਾਇਦ ਗ੍ਰਿਹਸਤੀ ਜੀਵਨ ਦਾ ਤਿਆਗ ਕਰਕੇ ਪਹਾੜਾਂ ਤੇ ਚੜ੍ਹ ਜਾਣਾ, ਜੰਗਲਾਂ ਵਿੱਚ ਜਾ ਕੇ ਸਮਾਧੀ ਲਾਉਣਾ, ਭੋਰਿਆਂ ਵਿੱਚ ਲੁਕ ਕੇ ਜਪ ਕਰਨਾ, ਤੀਰਥਾਂ ਦੀ ਯਾਤਰਾ ਤੇ ਇਸ਼ਨਾਨ ਕਰਨੇ, ਚਲੀਹੇ ਕੱਟਣੇ ਤੇ ਹੋਰ ਮਿਥੇ ਗਏ ਧਾਰਮਿਕ ਕਰਮਕਾਂਡ ਕਰਨੇ ਹੀ ਭਗਤੀ ਹੈ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਹ ਜਿਹੜੀ ਭਗਤੀ ਅਸੀਂ ਸਮਝ ਬੈਠੇ ਹਾਂ, ਇਹ ਗੁਰੂ ਦੀ ਸਿਖਾਈ ਹੋਈ ਭਗਤੀ ਨਹੀਂ, ਬਿਪ੍ਰਵਾਦੀ ਭਗਤੀ ਹੈ ਤੇ ਇਸ ਬਿਪ੍ਰਵਾਦੀ ਭਗਤੀ ਵਿਚ ਹੀ ਉਲਝ ਰਹੇ ਹਾਂ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਜਦੋਂ ਗੁਰੂ ਵੱਲੋਂ ਸਿਖਾਈ ਗਈ ਭਗਤੀ ਸਮਝਣ ਲਈ ਗੁਰੂ ਸਾਹਿਬਾਨ ਦਾ ਜੀਵਨ ਪੜ੍ਹਿਆ, ਉਨ੍ਹਾਂ ਸਮਿਆਂ ਦੇ ਗੁਰਸਿੱਖਾਂ ਦਾ ਜੀਵਨ ਪੜ੍ਹਿਆ ਤਾਂ ਵੇਖ ਕੇ ਦੰਗ ਰਹਿ ਜਾਈਦਾ ਹੈ ਕਿ ਗੁਰੂ ਦੇ ਸ਼ਬਦ ਨੂੰ ਉਨ੍ਹਾਂ ਗੁਰਸਿੱਖਾਂ ਨੇ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਕਮਾਇਆ ਸੀ।

ਉਨ੍ਹਾਂ ਇੱਕ ਸਾਖੀ ਸੁਣਾਉਂਦਿਆਂ ਕਿਹਾ ਕਿ ਦੋ ਭਰਾਵਾਂ ਨੇ ਆਪਣੀ ਫਸਲ ਸਾਂਭ ਕੇ ਦਾਣਿਆਂ ਦੀ ਬਰਾਬਰ ਬਰਾਬਰ ਵੰਡ ਕਰਕੇ ਦੋ ਬੋਹਲ ਲਾਏ ਸਨ। ਜਦੋਂ ਛੋਟਾ ਭਰਾ ਘਰ ਚਲਾ ਗਿਆ ਤਾਂ ਵੱਡਾ ਇੱਕ ਬੋਹਲ ਤੋਂ ਦਾਣੇ ਚੁੱਕ ਚੁੱਕ ਕੇ ਦੂਸਰੇ ’ਤੇ ਸੁੱਟ ਰਿਹਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਕੋਲੋਂ ਲੰਘਦਿਆਂ ਪੁੱਛਿਆ ਭਾਈ ਸਿੱਖਾ ਇਹ ਕੀ ਕਰ ਰਿਹਾ ਹੈਂ? ਵੱਡਾ ਭਰਾ ਕਹਿਣ ਲੱਗਾ ਮੇਰੇ ਕੋਈ ਬੱਚੇ ਨਹੀਂ ਜਦੋਂ ਕਿ ਛੋਟੇ ਭਰਾ ਦੇ ਬੱਚੇ ਹਨ ਉਸ ਦਾ ਪ੍ਰਵਾਰ ਵੱਡਾ ਹੈ। ਮੈਂ ਸੋਚਿਆ ਅਸੀਂ ਤਾਂ ਦੋ ਹੀ ਜੀਅ ਹਾਂ ਸਾਡਾ ਤਾਂ ਥੋਹੜੇ ਨਾਲ ਹੀ ਗੁਜਾਰਾ ਹੋ ਜਾਵੇਗਾ, ਪਰ ਛੋਟੇ ਭਰਾ ਦਾ ਪ੍ਰਵਾਰ ਵੱਡਾ ਹੈ ਇਸ ਲਈ ਸੋਚਿਆ ਕਿ ਆਪਣੇ ਬੋਹਲ ਤੋਂ ਕੁਝ ਦਾਣੇ ਉਸ ਦੇ ਬੋਹਲ ’ਤੇ ਸੁੱਟ ਦੇਵਾਂ। ਤੇ ਚੋਰੀਓਂ ਇਸ ਕਾਰਣ ਸੁੱਟ ਰਿਹਾਂ ਤਾਂ ਕਿ ਛੋਟੇ ਭਰਾ ਨੂੰ ਪਤਾ ਨਾ ਚਲੇ, ਤਾ ਕਿ ਉਸ ਦੇ ਮਨ ਵਿੱਚ ਕੋਈ ਹੀਣ ਭਵਨਾ ਨਾ ਆਵੇ, ਉਸ ਦੀਆਂ ਅੱਖਾਂ ਨੀਵੀਆਂ ਨਾ ਹੋਣ; ਤੇ ਉਹ ਇਹ ਨਾ ਸਮਝੇ ਕਿ ਮੈਂ ਆਪਣੇ ਭਰਾ ਦਾ ਦੇਣਦਾਰ ਹਾਂ। ਦੁਪਹਿਰ ਤੋਂ ਬਾਅਦ ਸ਼ਾਮਾਂ ਹੋਈਆਂ ਤਾਂ ਵੱਡਾ ਭਰਾ ਘਰ ਚਲਾ ਗਿਆ ਤੇ ਛੋਟਾ ਆ ਗਿਆ। ਉਹ ਆਪਣੇ ਬੋਹਲ ਤੋਂ ਦਾਣੇ ਚੁੱਕ ਕੇ ਵੱਡੇ ਭਰਾ ਦੇ ਬੋਹਲ ’ਤੇ ਸੁੱਟਣ ਲੱਗ ਪਿਆ ਸੀ ਤਾਂ ਇੰਨੇ ’ਚ ਗੁਰੂ ਨਾਨਕ ਸਾਹਿਬ ਵੀ ਵਾਪਸ ਮੁੜ ਕੇ ਆ ਰਹੇ ਸਨ। ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਭਾਈ ਤੂੰ ਕੀ ਕਰ ਰਿਹਾ ਹੈਂ? ਛੋਟਾ ਭਰਾ ਕਹਿਣ ਲੱਗਾ ਮੈਂ ਸੋਚਿਆ ਕਿ ਵੱਡਾ ਹੋਣ ਕਰਕੇ ਰਿਸ਼ਤੇਦਾਰੀਆਂ ਵਿੱਚ ਵੱਡਾ ਹੀ ਵਰਤਦਾ ਹੈ, ਉਸ ਦੇ ਘਰ ਰਿਸ਼ਤੇਦਾਰਾਂ ਦੀ ਆਵਾਜਾਈ ਬਹੁਤੀ ਰਹਿੰਦੀ ਹੈ, ਉਸ ਦਾ ਖਰਚ ਬਹੁਤਾ ਹੋ ਜਾਂਦਾ ਹੈ। ਅਸੀਂ ਤਾਂ ਥੋਹੜੇ ਨਾਲ ਹੀ ਗੁਜਾਰਾ ਕਰ ਲਵਾਂਗੇ, ਇਹ ਸੋਚ ਕੇ ਕੁਝ ਦਾਣੇ ਉਸ ਦੇ ਬੋਹਲ ’ਤੇ ਸੁੱਟ ਰਿਹਾ ਹਾਂ। ਚੋਰੀਓਂ ਇਸ ਕਰਕੇ ਸੁੱਟ ਰਿਹਾ ਹਾਂ ਤਾ ਕਿ ਵੱਡੇ ਭਰਾ ਦਾ ਮਾਨ ਸਨਮਾਨ ਵੀ ਬਣਿਆ ਰਹੇ ਤੇ ਉਹ ਇਹ ਨਾ ਸਮਝੇ ਕਿ ਛੋਟੇ ਭਰਾ ਨੇ ਉਸ ਨੂੰ ਕੁਝ ਦਿੱਤਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਦੋਵਾਂ ਨੂੰ ਬੁਲਾਇਆ ਤੇ ਘੁੱਟ ਕੇ ਛਾਤੀ ਨਾਲ ਲਾਇਆ ਕਿ ਸਬਰ ਸੰਤੋਖ ਧਾਰਣ ਕਰਨਾ ਤੇ ਹਊਮੈ ਦਾ ਤਿਆਗ ਕਰਨਾ, ਇਹੀ ਭਗਤੀ ਹੈ। ਪਰ ਕੀ ਅੱਜ ਧਰਮੀ ਅਖਵਾਉਣ ਵਾਲਿਆਂ ਵਿੱਚ ਇਹ ਗੁਣ ਆ ਗਏ ਹਨ ਜੇ ਨਹੀਂ ਤਾਂ ਉਹ ਕਿਹੜੀ ਗੁਰੂ ਦੀ ਸੇਵਾ ਜਾਂ ਭਗਤੀ ਕਰ ਰਹੇ ਹਨ?

ਭਾਈ ਸ਼ਿਵਤੇਗ ਸਿੰਘ ਨੇ ਅੱਗੇ ਕਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਇਨ੍ਹਾਂ ਗੁਰ ਬਚਨਾਂ ਰਹੀਂ ਸ਼ਰਾਧਾਂ ਦਾ ਖੰਡਨ ਕਰਦੀ ਹੈ:

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥1॥’ (ਗਉੜੀ ਕਬੀਰ ਜੀ, ਗੁਰੂ ਗ੍ਰੰਥ ਸਾਹਿਬ -ਪੰਨਾ 332) ਭਾਵ ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ। ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥1॥

ਅਤੇ

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥1॥’ (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 472) ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਨ੍ਹਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ)। (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ। ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ ਭਾਵ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ ॥1॥

ਪਰ ਅੱਜ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਸਮਾਉਣ ਦੇ ਪੁਰਬ ਨੂੰ ਹੀ ਸ਼ਰਾਧਾਂ ਨਾਲ ਜੋੜ ਕੇ ਗੁਰੂ ਸਾਹਿਬ ਜੀ ਵੱਲੋਂ ਬਖ਼ਸ਼ਿਸ਼ ਕੀਤੇ ਗਏ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਮ੍ਰਿਤਕ ਪ੍ਰਾਣੀ ਦੇ ਅੰਤਿਮ ਸੰਸਕਾਰ ਮੌਕੇ ਗੁਰ ਸਿਧਾਂਤਾਂ ਦੀਆਂ ਜੋ ਧੱਜੀਆਂ ਸਿੱਖ ਉਡਾ ਰਹੇ ਹਨ, ਉਹ ਕਿਸੇ ਵੀ ਅਨਧਰਮੀ ਨਾਲੋਂ ਘੱਟ ਨਹੀਂ ਹਨ। ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ, ਕਿ ਮ੍ਰਿਤਕ ਦੇ ਸਸਕਾਰ ਉਪ੍ਰੰਤ ਅਸਤੀਆਂ ਸਮੇਤ ਸਾਰੀ ਸੁਆਹ ਇਕੱਠੀ ਕਰਕੇ, ਨੇੜੇ ਵਗਦੇ ਪਾਣੀ ’ਚ ਜਲ ਪ੍ਰਵਾਹ ਕਰ ਦਿੱਤੀ ਜਾਵੇ, ਪਰ ਇਥੇ ਆਮ ਵਿਅਕਤੀ ਦੀ ਤਾਂ ਕੀ ਗੱਲ ਕਰੀਏ ਧਾਰਮਿਕ ਆਗੂ ਕਹਾਉਣ ਵਾਲਿਆਂ ਦੇ ਫੁੱਲ ਚੁਗ ਕੇ ਕਲਸਾਂ ਵਿੱਚ ਪਾ ਕੇ ਜਲੂਸ ਦੀ ਸ਼ਕਲ ਵਿਚ ਖਾਸ ਮਿਥੇ ਗਏ ਸਥਾਨਾਂ ’ਤੇ ਜਲ ਪ੍ਰਵਾਹ ਕਰਨ ਲਈ ਜਾਂਦੇ ਹਨ ਤੇ ਉਨ੍ਹਾਂ ਦੇ ਹਜਾਰਾਂ ਸ਼੍ਰਧਾਲੂ ਉਸ ਕਾਫ਼ਲੇ ਵਿਚ ਸ਼ਾਮਲ ਹੁੰਦੇ ਹਨ। ਭੋਗ ਸਮੇਂ ਉਨ੍ਹਾਂ ਦੀ ਅੱਗੇ ਵਰਤੋਂ ਲਈ ਵਸਤਰ ਤੇ ਬਰਤਨ ਆਦਿ ਦੇ ਕੇ ਅਰਦਾਸਾਂ ਕਰਦੇ ਹਨ ਤੇ ਸਾਲ ਪੂਰਾ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਨਮਿੱਤ ਸ਼ਰਾਧ ਕਰਵਾਉਂਦੇ ਹਨ ਤੇ ਮੇਰੇ ਵਰਗੇ ਗਿਆਨੀ ਗੁਰੂ ਸਾਹਿਬ ਜੀ ਦਾ ਮੂੰਹ ਚਿੜਾਉਂਦੇ ਹੋੲ,ੇ ਸ਼ਰਾਧ ਖਾਂਦੇ ਤੇ ਅਰਦਾਸਾਂ ਕਰਦੇ ਦਲਾਲ ਬਣਨ ਤੋਂ ਗੁਰੇਜ਼ ਨਹੀਂ ਕਰਦੇ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਇੱਕ ਡੇਰੇਦਾਰ ਜਿਸ ਸਦਕਾ ਪਿਛਲੇ ਸਾਲਾਂ ਵਿੱਚ ਪੰਜਾਬ ਦੇ ਮਾਹੌਲ ਨੂੰ ਅੱਗ ਲੱਗੀ ਰਹੀ, ਜਿਸ ਵਿਰੁੱਧ ਅਕਾਲ ਤਖ਼ਤ ਸਾਹਿਬ ਜੀ ਤੋਂ ਹੁਕਮਨਾਮਾ ਵੀ ਜਾਰੀ ਹੋਇਆ ਕਿ ਪੰਜਾਬ ਵਿੱਚ ਇਸ ਦੇ ਕੋਈ ਸਮਾਗਮ ਨਾ ਹੋਣ ਦਿੱਤੇ ਜਾਣ ਤੇ ਉਸ ਦੇ ਡੇਰੇ ਬੰਦ ਕੀਤੇ ਜਾਣ। ਪਰ ਉਸ ਡੇਰੇਦਾਰ ਨੇ ਐਨ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁਖ ਗੇਟ ਦੇ ਸਾਹਮਣੇ ਆਪਣਾ ਦਫ਼ਤਰ ਖੋਲ੍ਹ ਲਿਆ ਹੈ ਤੇ ਅਕਾਲ ਤਖ਼ਤ ਦੀ ਸਰਬਉਚਤਾ ਦੀ ਦੁਹਾਈ ਦੇਣ ਵਾਲੇ ਆਗੂ ਵੋਟ ਨੀਤੀ ਤਹਿਤ ਇਸ ਹੁਕਮਨਾਮੇ ਨੂੰ ਲਾਗੂ ਕਰਵਾਉਣ ਤੋਂ ਦੜ ਵੱਟੀ ਬੈਠੇ ਹਨ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਜੇ ਪੰਜਾਬ ਵਿੱਚ ਹੀ ਇਹ ਹਾਲ ਹੈ ਤਾਂ ਜੇ ਪੰਜਾਬ ਦੇ ਮੁਖੀ ਆਗੂ ਪੰਜਾਬ ਤੋਂ ਬਾਹਰ ਵੀ ਪੈਰ ਪਸਾਰ ਜਾਂਦੇ ਤਾਂ ਸਿੱਖੀ ਦਾ ਕੀ ਹਾਲ ਹੋਵੇਗਾ ਇਸ ਦਾ ਭਲੀਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹੋ ਜਿਹਿਆਂ ਦੇ ਕਿਰਦਾਰ ਨੂੰ ਵੇਖਦੇ ਹੋਏ, ਗੁਰੂ ਨਾਨਕ ਸਾਹਿਬ ਜੀ ਨਾਲ ਬਦਸਲੂਕੀ ਕਰਨ ਵਾਲਿਆਂ ਨੂੰ ‘ਵਸਦੇ ਰਹੋ’ ਦਾ ਅਸ਼ੀਰਵਾਰ ਦੇਣਾਂ ਪੂਰੀ ਤਰ੍ਹਾਂ ਠੀਕ ਢੁੱਕਦਾ ਹੈ। ਕਿਉਂਕਿ ਜੇ ਉਹ ਉਜੜ ਕੇ ਬਾਹਰ ਆ ਜਾਣ ਤਾਂ ਬਾਹਰ ਵੀ ਇਸੇ ਤਰ੍ਹਾਂ ਸਿੱਖੀ ਦਾ ਨਾਸ ਕਰਨਗੇ।

ਉਨ੍ਹਾਂ ਕਿਹਾ ਪਰ ਚੰਗੇ ਪ੍ਰਚਾਰਕਾਂ ਦਾ ਵੀ ਬੀਜ ਨਾਸ਼ ਨਹੀਂ ਹੋਇਆ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸਖਤ ਬਿਆਨ ਦਿੱਤਾ ਕਿ ਤਖ਼ਤ ਸਾਹਿਬ ਦੇ ਸਾਹਮਣੇ ਇਸ ਡੇਰੇਦਾਰ ਦੀਆਂ ਗਤੀਵਿਧੀਆਂ ਨੂੰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਹੋਏ ਉਸ ਦਾ ਇਹ ਦਫ਼ਤਰ ਬੰਦ ਨਾ ਕਰਵਾਇਆ ਗਿਆ ਤਾਂ ਪੰਜਾਬ ਦੇ ਹਾਲਾਤਾਂ ਨੂੰ ਮੁੜ ਲਾਂਬੂ ਲੱਗ ਸਕਦਾ ਹੈ, ਜਿਸ ਦੀ ਜਿੰਮੇਵਾਰੀ ਪੰਜਾਬ ਪ੍ਰਸ਼ਾਸ਼ਨ ਤੇ ਸਰਕਾਰ ਦੀ ਹੋਵੇਗੀ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਖ਼ਬਰ ਮਿਲੀ ਹੈ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋਂ ਲਏ ਗਏ ਇਸ ਸਟੈਂਡ ਸਦਕਾ ਪ੍ਰਸ਼ਾਸ਼ਨ ਨੇ ਉਹ ਦਫ਼ਤਰ ਬੰਦ ਕਰਵਾ ਦਿੱਤਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top