Share on Facebook

Main News Page

ਗਿਆਨੀ ਸੰਤ ਸਿੰਘ ਮਸਕੀਨ ਨਾਲ ਇੱਕ ਮੁਲਾਕਾਤ
- ਇੰਦਰਜੀਤ ਸਿੰਘ, ਕਾਨਪੁਰ

(ਮਸਕੀਨ ਸਾਹਿਬ ਦੇ ਅਕਾਲ ਚਲਾਣਾਂ ਕਰਣ ਤੋਂ ਠੀਕ ਇਕ ਦਿਨ ਪਹਿਲਾਂ ਦਾਸ ਅਤੇ ਦਾਸ ਦੇ ਸਾਥੀਆਂ ਨਾਲ ਉਨ੍ਹਾਂ ਦੀ ਇਕ ਮੁਲਾਕਾਤ) 2005 ਵਿੱਚ ਲਿਖਿਆ ਪੁਰਾਣਾ ਲੇਖ

ਮਸਕੀਨ ਸਾਹਿਬ ਦੇ ਅਕਾਲ ਚਲਾਣਾਂ ਕਰਣ ਤੋਂ ਠੀਕ ਇਕ ਦਿਨ ਪਹਿਲਾਂ, ਕਾਨਪੁਰ ਦੇ ਕੁਝ ਵੀਰਾਂ, (ਜਿਨਾਂ ਵਿੱਚ ਦਾਸ ਵੀ ਸਾਮਿਲ ਸੀ) ਦੀ ਮੁਲਾਕਾਤ, ਮਸਕੀਨ ਸਾਹਿਬ ਜੀ ਨਾਲ ਹੋਈ। ਇਸ ਮੁਲਾਕਾਤ ਵਿੱਚ ਜੋ ਗਲ ਬਾਤ ਉਨ੍ਹਾਂ ਹੋਈ ਉਹ ਮਸਕੀਨ ਜੀ ਦੀ ਸ਼ਖਸੀਅਤ ਅਤੇ ਮਾਨਸਕਿਤਾ ਨੂੰ ਅੰਦਰ ਤਕ ਉਜਾਗਰ ਕਰ ਗਈ। ਅਜ ਇਸ ਪ੍ਰਚਾਰਕ ਨੂੰ ਪੰਥ ਨੇ "ਪੰਥ ਰਤਨ" ਅਤੇ "ਗੁਰਮਤਿ ਮਾਰਤੰਡ" ਦਾ ਜੋ ਖਿਤਾਬ ਦਿਤਾ ਹੈ, ਕੀ ਉਹ ਉਸ ਦੇ ਵਾਕਯੀ ਹੱਕਦਾਰ ਸਨ? ਇਹ ਫੈਸਲਾ ਉਨ੍ਹਾਂ ਦੇ ਵਚਾਰਾਂ ਨੁੰ ਪੜ੍ਹ ਕੇ ਪਾਠਕ ਆਪ ਹੀ ਕਰ ਲੇਣਗੇ।

ਦਾਸ ਅਤੇ ਕਾਨਪੁਰ ਦੇ ਕੁਝ ਪੰਥਕ ਵੀਰ ਅਕਸਰ ਇਸ ਗਲ ਨੂੰ ਬਹੁਤ ਹੈਰਾਨਗੀ ਨਾਲ ਆਪਸ ਵਿੱਚ ਵਿਚਾਰਦੇ ਰਹਿੰਦੇ ਸੀ, ਕਿ ਮਸਕੀਨ ਸਾਹਿਬ ਵਰਗਾ ਵਿਦਵਾਨ "ਨਾਨਕ ਸ਼ਾਹੀ ਕੈਲੰਡਰ" ਦਾ ਵਿਰੋਧੀ ਅਤੇ "ਅਖੌਤੀ ਦਸਮ ਗ੍ਰੰਥ" ਨੂੰ ਦਸਮ ਪਿਤਾ ਦੀ ਰਚਨਾ ਕਹਿ ਕੇ ਕਿਉਂ ਪ੍ਰਚਾਰਦਾ ਹੈ? ਉਸ ਕੋਲ ਕਿਹੜਾ ਆਧਾਰ ਹੈ, ਜਿਸ ਨੂੰ ਲੈ ਕੇ ਉਹ ਇੱਨੀ ਦ੍ਰਿੜਤਾ ਨਾਲ ਖੁੱਲੇ ਆਮ "ਨਾਨਕ ਸ਼ਾਹੀ ਕੈਲੰਡਰ" ਦਾ ਵਿਰੋਧ ਕਰ ਰਿਹਾ ਹੈ। "ਪਾਖਿਯਾਨ ਚਰਿਤ੍ਰ", ਅਵਤਾਰਵਾਦ, ਦੇਵੀ ਪੂਜਾ, ਕਾਮ ਅਤੇ ਨਸ਼ੇ ਪ੍ਰੇਰਕ ਰਚਨਾਵਾਂ ਨਾਲ ਭਰੇ ਹੋਏ ਇਸ ਗ੍ਰੰਥ ਨੂੰ, ਦਸਮ ਪਿਤਾ ਦੀ ਕ੍ਰਿਤ ਦੱਸਣ ਤੋਂ ਰਤਾ ਕੁ ਵੀ ਨਹੀਂ ਝਿਝਕਦਾ। ਇਤਨਾਂ ਵੱਡਾ ਕੁਫਰ ਤੋਲਨ ਵੇਲੇ ਉਸ ਨੁੰ ਵਾਹਗੁਰੂ ਕੋਲੋਂ ਜਰਾ ਜਿਹਾ ਵੀ ਡਰ ਕਿਉਂ ਨਹੀਂ ਲਗਦਾ। ਮਸਕੀਨ ਸਾਹਿਬ ਬਾਰੇ ਮੇਰੇ ਵਿਚਾਰ ਪਹਿਲਾ ਤੋਂ ਹੀ ਕੁਝ ਚੰਗੇ ਨਹੀਂ ਸਨ, ਪਰ ਫਿਰ ਵੀ ਮਨ ਵਿੱਚ ਥੋਡ਼ੀ ਜਹੀ ਸੰਕਾ ਰਹਿ ਰਹਿ ਕੇ ਉਠ ਜਾਂਦੀ ਸੀ ਕਿ ਪੰਥ ਜਿਸਦੇ ਮਗਰ ਤੁਰੀ ਫਿਰਦਾ ਹੈ,ਕਿਤੇ ਮੈਂ ਹੀ ਗਲਤ ਨਾਂ ਹੋਵਾਂ ? ਪੰਥ ਦਾ ਇਕ ਬਹੁਤ ਵਡਾ ਵਰਗ ਉਨ੍ਹਾਂ ਨੂੰ "ਬ੍ਰਹਮਗਿਆਨੀ" ਅਤੇ ਨਾਂ ਜਾਣੇ ਹੋਰ ਕੀ ਕੀ ਕਹਿੰਦਾ ਫਿਰਦਾ ਹੈ, ਕਿਧਰੇ ਮੈਂ ਹੀ ਕਿਸੇ ਪੂਰਵਾਗ੍ਰਹੀ ਵਿਚਾਰਾਂ ਦਾ ਸ਼ਿਕਾਰ ਤਾਂ ਨਹੀਂ ਹੋ ਗਇਆ ਹਾਂ ? (ਮੇਰਾ ਇਹ ਭਰਮ ਉਨ੍ਹਾਂ ਨਾਲ ਮੁਲਾਕਾਤ ਤੋ ਬਾਦ ਜੜ੍ਹੋਂ ਹੀ ਮਿਟ ਗਇਆ।) ਮੈਂ ਉਨ੍ਹਾਂ ਦੀ ਕਥਾ ਨੂੰ ਈ.ਟੀ.ਸੀ 'ਤੇ ਸੁਣਦਾ ਤਾਂ ਜਰੂਰ ਸੀ, ਪਰ ਉਹ ਪੰਜ ਮਿੰਟਾਂ ਦੀ ਗਲ ਨੂੰ, ਅੱਧੇ ਘੰਟੇ ਵਿੱਚ ਕਿਸ ਤਰ੍ਹਾਂ ਖਿੱਚਦੇ ਹਨ ਸਿਰਫ ਇਹ ਹੀ ਸੁਣਦਾ ਸੀ । "ਆਸਥਾ ਚੈਨਲ" ਦੇ "ਬਾਬੇ ਅਤੇ ਬਾਪੂਆਂ" ਤੋ ਵਧ ਮੇਰੇ ਮਨ ਵਿੱਚ ਉਹ ਕਦੀ ਵੀ ਥਾਂ ਨਹੀਂ ਬਣਾ ਸਕੇ। ਕਾਰਣ ਫਿਰ ਉਹ ਹੀ ਸੀ - ਦਸਮ ਗ੍ਰੰਥ ਅਤੇ ਨਾਨਕ ਸ਼ਾਹੀ ਕੈਲੰਡਰ ਬਾਰੇ ਉਨ੍ਹਾਂ ਦਾ ਗਲਤ ਪ੍ਰਚਾਰ।

ਸੰਤ ਨਗਰ ਗੁਰਦੁਆਰਾ, ਕਾਨਪੁਰ ਵਿੱਚ ਉਨ੍ਹਾਂ ਦੀ ਕਥਾ ਦਾ ਸਤ੍ਰਰ ਹਰ ਸਾਲ ਵਾਂਗ ਚਲ ਰਹਾ ਸੀ। ਕੁਝ ਵੀਰ ਜੋ ਬਿਨਾਂ ਨਾਗਾ ਉਨ੍ਹਾਂ ਦੀ ਕਥਾ ਸੁਨਣ ਜਾਂਦੇ ਸੀ, ਹਮੇਸ਼ਾਂ ਦੀ ਤਰਾਂ ਅੱਜ ਵੀ ਕਥਾ ਸੁਣ ਕੇ ਆਏ ਅਤੇ ਕਥਾ ਦਾ ਗੁਣਗਾਨ ਕਰ ਰਹੇ ਸੀ। ਉਨ੍ਹਾਂ ਦੇ ਜਾਣ ਮਗਰੋਂ ਜਿਹੜੇ ਵੀਰ ਉਨ੍ਹਾਂ ਦੇ ਵਿਚਾਰਾਂ ਤੋ ਸਹਮਤਿ ਨਹੀਂ ਸਨ, ਉਨ੍ਹਾਂ ਸਾਰਿਆਂ ਨੇ ਇਹ ਮਤਾ ਬਣਾਇਆ ਕੇ ਕੱਲ ਉਨ੍ਹਾਂ ਨਾਲ ਮਿਲ ਕੇ ਆਪਣੀ ਹਰ ਸ਼ੰਕਾ ਦਾ ਸਮਾਧਾਨ ਕਰ ਲਈਏ। ਸਾਰੇ ਹੀ ਇਸ ਗੱਲ ਲਈ ਰਾਜੀ ਹੋ ਗਏ। ਦੂਜੇ ਦਿਨ ਅਸੀਂ ਲਗਭਗ 10 ਵੀਰ ਜਿਨਾਂ ਵਚਿ ਕੁਝ ਵੀਰ ਜੋ ਉਨ੍ਹਾਂ ਦੇ ਮੁਰੀਦ ਵੀ ਸਨ, ਗੁਰਦਵਾਰਾ ਸੰਤ ਨਗਰ, ਜਿਥੇ ਉਹ ਠਹਰੇ ਹੋਏ ਸੀ ਪਹੁੰਚ ਗਏ। ਇਨਾਂ ਵੀਰਾਂ ਵਿੱਚ ਉਨ੍ਹਾਂ ਦੇ ਮੁਰੀਦਾਂ ਦੀ ਗਣਿਤੀ 2 ਜਾਂ 3 ਹੀ ਸੀ। ਜਿਹੜੇ ਸੱਜਣ ਉਨ੍ਹਾਂ ਨੂੰ ਮਿਲਣ ਗਏ ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ - ਗਿਆਨੀ ਪ੍ਰਹਲਾਦ ਸਿੰਘ ਜੀ, ਗਿਆਨੀ ਪਰਮਜੀਤ ਸਿੰਘ ਜੀ, ਗਿਆਨੀ ਹਰਚਰਨ ਸਿੰਘ ਜੀ ਭੱਠੇ ਵਾਲੇ, ਭਾਈ ਰਵਿੰਦਰ ਸਿੰਘ ਜੀ, ਭਾਈ ਮਨਮੀਤ ਸਿੰਘ ਜੀ, ਭਾਈ ਵਿਕਰਮ ਜੀਤ ਸਿੰਘ ਜੀ, ਦਾਸ ਅਤੇ ਕੁਝ ਹੋਰ ਵੀਰ ਜਿਨਾਂ ਦੇ ਨਾਮ ਮੈਨੂੰ ਪਤਾ ਨਹੀਂ ਹਨ।

ਪਾਠਕਾਂ ਦੀ ਜਾਣਕਾਰੀ ਲਈ ਇਥੇ ਇਹ ਦਸ ਦੇਣਾ ਠੀਕ ਹੋਵੇਗਾ ਕਿ ਗਿਆਨੀ ਪ੍ਰਹਲਾਦ ਸਿੰਘ ਜੀ ਕਾਨਪੁਰ ਦੇ ਬਜੁਰਗ ਸਿੱਖ ਵਿਦਵਾਨ ਹਨ। ਉਨ੍ਹਾਂ ਨੇ "ਦਸਮ ਗ੍ਰੰਥ" ਉਪਰ ਕਾਫੀ ਅਧਿਯੈਨ ਕੀਤਾ ਹੈ, ਅਤੇ ਉਹ ਸਾਡੇ ਧਾਰਮਿਕ ਟੀਚਰ ਵੀ ਰਹੇ ਹਨ। ਇਹ ਬਜੁਰਗ ਵਿਦਵਾਨ ਭਾਗਸ਼ਾਲੀ ਹਨ, ਕਿਉਂਕਿ "ਦਸਮ ਗ੍ਰੰਥ ਨਰਿਣੈ" ਦੇ ਲੇਖਕ ਭਾਈ ਭਾਗ ਸਿੰਘ ਜੀ ਅੰਬਾਲਾ ਦੇ ਕਾਫੀ ਕਰੀਬ ਰਹਣ ਦਾ ਉਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ। ਮਸਕੀਨ ਸਾਹਿਬ ਨੇ ਭਾਈ ਭਾਗ ਸਿੰਘ ਅੰਬਾਲਾ ਜੀ ਨੂੰ ਆਪਸੀ ਵਿਚਾਰਾਂ ਦੇ ਮਤਭੇਦ ਕਾਰਣ ਅਕਾਲ ਤਖਤ ਦੇ ਉਸ ਵੇਲੇ ਦੇ ਹੇਡ ਗ੍ਰੰਥੀ ਭੋਰਾ ਸਾਹਿਬ ਨਾਲ ਮਿਲ ਕੇ 85 ਸਾਲ ਦੀ ਉਮਰ ਵਿੱਚ ਕਿਸ ਤਰ੍ਹਾ ਪੰਥ ਵਿਚੋ ਛੇਕਣ ਦਾ ਗਲਤ ਕੰਮ ਕੀਤਾ, ਗਿਆਨੀ ਪ੍ਰਹਲਾਦ ਸਿੰਘ ਜੀ ਸਾਨੂੰ ਇਹ ਵਾਕਿਆ ਸਾਨੂੰ ਅਕਸਰ ਸੁਨਾਉਦੇ ਹੁੰਦੇ ਹਨ। ਉਹ ਕਈ ਵਾਰ ਸਾਨੂੰ ਦੱਸ ਚੁਕੇ ਹਨ ਕਿ ਭਾਈ ਭਾਗ ਸਿੰਘ ਜੀ ਅਕਾਲ ਤਖਤ ਸਾਹਿਬ ਤੋਂ ਛੇਕੇ ਜਾਣ ਮਗਰੋਂ ਕਾਨਪੁਰ ਆਉਦੇ ਤਾਂ ਲੱਖ ਕਹਿਣ ਦੇ ਬਾਵਜੂਦ ਵੀ ਉਹ ਗੁਰੂ ਮਹਾਰਾਜ ਜੀ ਦੀ ਹਜੂਰੀ ਵਿੱਚ ਕਥਾ ਨਹੀਂ ਕਰਦੇ ਸੀ। ਉਹ ਰੂੰਧੇ ਗਲੇ ਅਤੇ ਭਰੀਆਂ ਅੱਖਾਂ ਨਾਲ ਸਿਰਫ ਇਹ ਹੀ ਕਹਿੰਦੇ ਸਨ ਕਿ ਮੈਂ ਪੰਥ ਤੋਂ ਛੇਕਿਆ ਹੋਇਆ ਹਾਂ, ਮੈਂਨੂੰ ਗੁਰੂ ਸਾਹਿਬ ਦੀ ਹਜੂਰੀ ਵਿੱਚ ਬੋਲਣ ਅਤੇ ਬੈਠਣ ਦਾ ਹੱਕ ਨਹੀਂ ਹੈ। ਖੈਰ ! ਬਜੁਰਗ ਵਿਦਵਾਨ ਭਾਈ ਭਾਗ ਸਿੰਘ ਜੀ ਨਾਲ ਮਸਕੀਨ ਜੀ ਨੇ ਕਿਵੇਂ ਧੋਖਾ ਕੀਤਾ, ਇਹ ਇਕ ਅਲੱਗ ਵਿਸ਼ਾ ਹੈ, ਜਿਸ ਨੂੰ ਕੋਈ ਵੀ ਗਿਆਨੀ ਪ੍ਰਹਿਲਾਦ ਸਿੰਘ, ਕਾਨਪੁਰ , ਹੋਰਾਂ ਦੀ ਜੁਬਾਨੀ ਅੱਜ ਵੀ ਸੁਣ ਸਕਦਾ ਹੈ। ਇਥੇ ਸਾਡਾ ਮਕਸਦ ਪਾਠਕਾਂ ਨੂੰ ਸਿਰਫ ਪੰਥ ਰਤਨ ਮਸਕੀਨ ਜੀ ਦੇ ਵੀਚਾਰਾਂ ਨਾਲ ਅਵਗਤ ਕਰਾਉਣਾਂ ਹੈ।

ਕਮਰੇ ਵਿੱਚਿ ਜਮੀਨ ਉਤੇ ਵਿੱਛੇ ਸਫੇਦ ਬਿਸਤਰੇ ਉਪਰ ਮਸਕੀਨ ਜੀ ਕੰਧ ਨਾਲ ਢੋਅ ਲਾ ਕੇ ਬੇਠੇ ਸਨ। ਅਸੀਂ ਸਾਰੇ ਵੀਰ ਕਮਰੇ ਵਿੱਚ ਦਾਖਿਲ ਹੋਏ ਅਤੇ ਉਨ੍ਹਾਂ ਨੂੰ ਗੁਰੂ ਫਤਿਹ ਗਜਾਈ। ਉਨ੍ਹਾਂ ਨੇ ਉਸ ਦਾ ਕੋਈ ਜਵਾਬ ਨਾਂ ਦਿਤਾ ਬਲਕਿ ਮਾੜਾ ਜਿਹਾ ਸਿਰ ਹਿਲਾ ਦਿਤਾ। ਦੋ ਤਿੰਨ ਮਿਨਟ ਤਕ ਉਹ ਸਾਡੇ ਵਲ ਮੁਖਾਤਿਬ ਹੀ ਨਹੀਂ, ਹੋਏ ਕਿਉਂਕਿ ਉਹ ਅਪਨੇ ਕਿਸੇ ਚੇਲੇ ਨਾਲ ਫੋਨ ਉਪਰ ਕੁਝ ਦਿਸ਼ਾ ਨਿਰਦੇਸ਼ ਦੇ ਰਹੇ ਸੀ। ਉਹ ਉਸ ਚੇਲੇ ਨੂੰ ਕਹਿ ਰਹੇ ਸੀ ਕਿ "ਸੁਨੀਤਾ ਕਹ ਰਹੀ ਹੈ, ਇਸ ਲਈ ਇਕ ਅਖੰਡ ਪਾਠ ਦਾ ਇੰਤਜਾਮ ਹੋਰ ਕਰ ਦੇਨਾਂ" ਆਦਿਕ ਇਸੇ ਤਰਾਂ ਦੇ ਹੋਰ ਨਿਰਦੇਸ਼ ਵੀ ਉਹ ਕਿਸੇ ਨੂੰ ਦੇ ਰਹੇ ਸਨ। ਇਸ ਵਿੱਚ ਹੀ ਦੋ ਤਿਨ ਹੋਰ ਫੋਨ ਆਏ। ਜਿਨੀ ਵਾਰੀ ਉਨ੍ਹਾਂ ਨੇ ਫੋਨ ਅਟੈਂਡ ਕੀਤਾ ਉਨ੍ਹਾਂ ਇਕ ਵਾਰ ਵੀ ਕਿਸੇ ਨੂੰ ਗੁਰੂ ਫਤਿਹ ਨਹੀਂ ਬੁਲਾਈ। ਅਸੀਂ ਸਾਰੇ ਉਨ੍ਹਾਂ ਦੇ ਆਪਣੇ ਵੱਲ ਮੁਖਾਤਿਬ ਹੋਣ ਦਾ ਇਂਤਜਾਰ ਹੀ ਕਰ ਰਹੇ ਸੀ ਕੇ ਅਚਾਨਕ ਉਹ ਬੋਲੇ-

"ਪੁਛੋ ਜੋ ਕੁੱਝ ਪੁੱਛਣਾ ਹੈ ਮੈਂ ਅਰਾਮ ਕਰਨਾਂ ਹੈ"।

ਉਨ੍ਹਾਂ ਦਾ ਇੰਨਾਂ ਰੁੱਖਾ ਰਵਈਆ ਵੇਖ ਕੇ ਦਾਸ ਇਹ ਸੋਚਣ ਲਗ ਪਇਆ ਕਿ ਇੱਨੇ ਵੱਡੇ ਵਿਦਵਾਨ ਦੀ ਬੋਲੀ ਵਿੱਚ ਕਿਨਾਂ ਅਹੰਕਾਰ ਅਤੇ ਕੁੜਤਨ ਝਲਕ ਰਹੀ ਹੈ। ਕਿਸੇ ਨਾਲ ਬਿਨਾਂ ਇੰਟਰੋਡਕਸ਼ਨ ਕੀਤੇ, ਸਾਡੇ ਆਉਣ ਦਾ ਮਕਸਦ ਜਾਣੇ ਬਗੈਰ, ਐਸੇ ਖਰਵੇ ਬਚਨ ਬੋਲਨਾ, ਇਕ ਵਿਦਵਾਨ ਉਹ ਵੀ ਜੋ ਗੁਰਬਾਣੀ ਦਾ ਜਾਣਕਾਰ ਹੋਵੇ ਇਸ ਤਰਾਂ ਕਿਵੇਂ ਗਲ ਕਰ ਸਕਦਾ ਹੈ? ਗੁਰੂ ਸ਼ਬਦਾ ਨਾਲ ਜੁੜਿਆ ਸਿੱਖ ਤਾਂ ਸਹਜ ਦੀ ਮਿਸਾਲ ਹੁੰਦਾ ਹੈ। ਜਿਆਦਾ ਤਰ ਵਿਦਵਾਨ ਅਹਿਮ ਦੀ ਭਾਵਨਾਂ ਨਾਲ ਗ੍ਰਸਤ ਹੁੰਦੇ ਹਨ ਅਤੇ ਉਹ ਇਹ ਸਮਝਦੇ ਹਨ ਕਿ ਸਾਮਣੇ ਵਾਲਾ ਸਾਡੇ ਗਿਆਨ ਦੇ ਅਗੇ ਕੁਝ ਨਹੀਂ। ਇਹ ਸਾਡੇ ਗਿਆਨ ਦਾ ਫਾਇਦਾ ਹੀ ਲੈਣ ਆਇਆ ਹੋਣਾ ਹੈ। ਫਿਰ ਮਨ ਵਿੱਚ ਬਡ਼ਾ ਕਲੇਸ਼ ਜਿਹਾ ਇਹ ਪੈਦਾ ਹੋ ਗਇਆ ਕਿ ਇਨਾ ਕੋਲੋਂ ਅਸਾਂ ਕੀ ਪੁੱਛਣਾਂ ਹੈ? ਇਨਾਂ ਤੇ ਗੱਲ ਸ਼ੁਰੂ ਕਰਨ ਤੋਂ ਪਹਲਾ ਹੀ "ਸਟਾਪ ਵਾਚ" ਦਾ ਬਟਨ ਦਬਾ ਦਿਤਾ ਹੈ। ਅਸੀਂ ਇਥੇ ਕੋਈ ਕਵਿਜ ਜਾਂ ਅੰਤਾਕਸ਼ਰੀ ਖੇਡਣ ਲਈ ਤਾਂ ਆਏ ਨਹੀਂ ਸੀ, ਕਿ ਟਾਈਮ ਹੋ ਗਇਆ ਤਾਂ ਇਹ ਬਜ਼ਰ ਜਾਂ ਬੈਲ ਵਜਾ ਦੇਣਗੇ। ਦਾਸ ਇਹ ਗੀਟੀਆਂ ਗਾਲ ਹੀ ਰਹਾ ਸੀ ਕੇ ਸਾਡੇ ਨਾਲ ਗਏ ਵੀਰ  ਮਨਮੀਤ ਸਿੰਘ ਨੇ ਵਕਤ ਦੀ ਚੇਤਾਵਨੀ ਦਾ ਧਿਆਨ ਰਖਦੇ ਹੋਏ, ਅਪਨੇ ਮਨ ਦੇ ਤਰਕਸ਼ ਵਚੋਂ ਅਪਣਾਂ ਪਹਲਾ ਸਵਾਲ ਮਸਕੀਨ ਸਾਹਿਬ ਵਲ ਚਲਾ ਦਿਤਾ ਸੀ-

"ਮਸਕੀਨ ਸਾਹਿਬ ਜੀ ਕੀ ਸੰਪੂਰਨ ਦਸਮ ਗ੍ਰੰਥ ਗੁਰੂ ਸਾਹਿਬ ਦੀ ਰਚਨਾਂ ਹੈ?"

ਮਸਕੀਨ ਜੀ - "ਹਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖਿਤ ਹੈ"।

ਮਨਮੀਤ ਸਿੰਘ - "ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੂਰਵ ਜਨਮ ਬਾਰੇ ਆਪ ਕੀ ਸੋਚਦੇ ਹੋ ? ਜੈਸਾ ਕੇ ਦਸਮ ਗ੍ਰੰਥ ਵਿੱਚ ਦਸਮ ਪਿਤਾ ਦੀ ਆਤਮ ਕਥਾ ਵਿੱਚ ਵਰਣਨ ਆਉਦਾ ਹੈ"।

ਮਸਕੀਨ ਜੀ -  ਗੁਰੂ ਸਾਹਿਬ ਆਪਣੇ ਪੂਰਵਲੇ ਜਨਮ ਵਿੱਚ ਕੋਈ ਰਿਸ਼ੀ ਮੁਨੀ ਰਹੇ ਹੋਣਗੇ"।

ਮਨਮੀਤ ਸਿੰਘ -"ਗੁਰਬਾਣੀ ਵਿਚ ਤੇ ਇਹ ਆਂਉਦਾ ਹੈ ਕਿ "ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥ ੳਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥" ਅੰਕ 759

ਤਾਂ ਫਿਰ ਗੁਰੂ ਸਾਹਿਬ ਜਨਮ ਮਰਣ ਵਿੱਚ ਕਿਵੇਂ ਹੋਏ। ਜੈਸਾ ਕਿ ਤੁਸੀਂ ਕਹਿ ਰਹੇ ਹੋ ?

ਗੁਰਬਾਣੀ ਦਾ ਇਹ ਪ੍ਰਮਾਣ ਸੁਣ ਕੇ ਮਸਕੀਨ ਜੀ ਦੀਆਂ ਤਿਉੜ੍ਹੀਆਂ ਚੜ੍ਹ ਗਈਆਂ, ਅਤੇ ਕਰਵਟ ਲੈਂਦੇ ਹੋਏ ਕ੍ਰੋਧ ਨਾਲ ਬੋਲੇ - "ਇਹ ਸਾਰੀਆਂ ਗੱਲਾਂ ਮੈਂ ਕਲ਼ ਅਤੇ ਪਰਸੋਂ ਦੀ ਕਥਾ ਵਿੱਚ ਖੋਲ ਦਿਤੀਆਂ ਸਨ। ਤੁਸੀਂ ਕਥਾ ਤਾਂ ਸੁਨਣ ਆਂਉਦੇ ਨਹੀਂ ਕੇਵਲ ਟਾਈਮ ਖਰਾਬ ਕਰਨ ਲਈ ਤੁਰੇ ਆਉਦੇ ਹੋ"।

ਇਸ ਸਮੇਂ ਉਨ੍ਹਾਂ ਦਾ ਇਕ ਸੇਵਕ ਵਡੇ ਥਰਮਸ ਵਿਚੋਂ ਕਿਸੇ ਫਲ ਦਾ ਜੂਸ ਕੱਢ ਕੇ ਦੇਣ ਲਗ ਪਿਆ ਅਤੇ ਉਹ ਹੋਲੀ ਹੋਲੀ ਜੂਸ ਪੀਣ ਲਗ ਪਏ। ਗੱਲ ਦਾ ਪ੍ਰਵਾਹ ਰੁਕ ਗਇਆ ਸੀ ਅਤੇ ਮੇਰੇ ਨਾਲ ਬੈਠੇ ਮੇਰੇ ਮਿਤੱਰ ਮਨਮੀਤ ਸਿੰਘ ਜੋ ਮੇਰੇ ਨਾਲ ਢੁੱਕ ਕੇ ਬੈਠੇ ਹੋਏ ਸੀ, ਮੇਰੇ ਕੰਨ ਵਿੱਚ ਬੋਲੇ -

"ਵੀਰ ਜੀ, ਮੈਂ ਇਨਾਂ ਕੋਲੋਂ ਹੋਰ ਕੁਝ ਨਹੀਂ ਪੁਛਨਾਂ ਜੋ ਤਸੀ ਪੁਛਨਾਂ ਹੈ ਪੁਛ ਲਵੋ। ਜਿਹੜਾ ਬੰਦਾ ਗੁਰੂ ਸਾਹਿਬਾਨ ਨੂੰ ਜਨਮ ਮਰਨ ਦੇ ਚੱਕਰ ਵਿੱਚ ਪਾ ਰਿਹਾ ਹੈ, ਉਹ ਗੁਰਮਤਿ ਦਾ ਕਿਨਾਂ ਕੁ ਵਡਾ ਵਿਦਵਾਨ ਹੈ ਇਹ ਮੈਨੂੰ ਪਤਾ ਲਗ ਚੁਕਾ ਹੈ। (ਮਨਮੀਤ ਸਿੰਘ ਦੇ ਬੁਝੇ ਹੋਏ ਚੇਹਰੇ ਤੋ ਉਸ ਦੇ ਮਨ ਦੀ ਸਾਰੀ ਬਿਰਥਾ ਸਾਫ ਸਾਫ ਝਲਕ ਰਹੀ ਸੀ। ਉਹ ਉਦਾਸ ਹੋ ਕੇ ਸਿਰ ਹੇਠਾਂ ਕਰ ਕੇ ਬੈਠ ਗਏ।

ਤਿਨ ਚਾਰ ਕੁ ਗਲਾਸ ਜੂਸ ਪੀ ਲ਼ੇਣ ਅਤੇ ਆਪਨੇ ਨਾਲ ਆਏ ਸੇਵਕਾਂ ਨਾਲ ਕੁਝ ਜਰੂਰੀ ਗਲ ਬਾਤ ਕਰਨ ਤੋਂ ਬਾਦ ਅਚਾਨਕ ਉਹ ਬੋਲੇ-

"ਤੁਸਾਂ ਹੋਰ ਕੁਝ ਪੁਛਨਾ ਹੈ, ਅਸੀਂ ਅਰਾਮ ਕਰਨਾਂ ਹੈ"।

ਵਕਤ ਦੀ ਵਾਰ ਵਾਰ ਚੇਤਾਵਨੀ ਮਿਲ ਜਾਂਦੀ ਸੀ, ਜਦ ਕੇ ਸਾਨੂੰ ਆਇਆਂ ਮੁਸ਼ਕਿਲ ਨਾਲ ਹਾਲੀ 15 ਕੁ ਮਿਨਟ ਹੀ ਹੋਏ ਸਨ। ਦਾਸ ਨੇ ਬਹੁਤਾ ਵਕਤ ਖਰਾਬ ਨਾਂ ਕਰਦਿਆਂ ਪਹਿਲਾ ਸਵਾਲ ਕੀਤਾ-

"ਮਸਕੀਨ ਜੀ ਤੁਸੀਂ ਨਾਨਕ ਸ਼ਾਹੀ ਕੈਲੰਡਰ ਦੇ ਖਿਲਾਫ ਪ੍ਰਚਾਰ ਕਿਹੜੇ ਆਧਾਰ ਤੇ ਕਰ ਰਹੇ ਹੋ?"

ਮਸਕੀਨ ਜੀ - "ਨਾਨਕ ਸ਼ਾਹੀ ਕੈਲੰਡਰ ਹੈ ਹੀ ਗਲਤ"

ਦਾਸ - "ਕਿਉਂ"
ਮਸਕੀਨ ਜੀ - ਕਿਉਂਕਿ ਕੋਈ ਵੀ ਕੈਲੰਡਰ ਜਦੋਂ ਬਣਾਇਆ ਜਾਂਦਾ ਹੈ, ਤਾਂ ਉਹ ਕਿਸੇ ਮਹਾਂਪੁਰਖ ਦੇ ਜਨਮ ਦਿਹਾੜੇ ਵਾਲੇ ਦਿਨ ਤੋਂ ਸ਼ੁਰੂ ਹੁੰਦਾ ਹੈ। ਜਦ ਕਿ ਇਹ ਕੈਲੰਡਰ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾਡ਼ੇ ਤੋਂ ਸ਼ੁਰੂ ਹੀ ਨਹੀਂ ਹੁੰਦਾ। ਜਿਨੇ ਵੀ ਕੈਲੰਡਰ ਮੌਜੂਦ ਹਨ ਉਹ ਕਿਸੇ ਮਹਾਂਪੁਰਖ ਦੇ ਜਨਮ ਦਿਹਾੜੇ ਤੋਂ ਸ਼ੁਰੂ ਹੁੰਦੇ ਹਨ।

ਮਸਕੀਨ ਜੀ ਦੇ ਇਸ ਯਬਲੀਆਂ ਭਰੇ ਜਵਾਬ ਨੂੰ ਸੁਣ ਕੇ, ਮੇਰੇ ਮਨ ਇਕ ਇਕ ਸੈਕੰਡ ਵਿੱਚ ਹਜਾਰਾ ਗੱਲਾਂ ਬਿਜਲੀ ਵਾਂਘ ਕੌਂਧ ਗਈਆਂ। ਮੇਰੇ ਪੈਰਾਂ ਥਲੋਂ ਜਮੀਨ ਹੀ ਜਿਵੇਂ ਨਿਕਲ ਗਈ ਸੀ, ਕਿਉਂਕਿ ਮਸਕੀਨ ਸਾਹਿਬ ਜੀ ਦਾ ਇਹ ਤਰਕ ਤਾਂ ਆਰ.ਐਸ.ਐਸ ਦੇ ਪ੍ਰਮੁਖ ਸੁਦਰਸ਼ਨ ਨਾਲ ਬਲਿਕੁਲ ਮੇਲ ਖਾ ਰਿਹਾ ਸੀ। ਅਮ੍ਰਿਤਸਰ ਵਿੱਚ ਰਾਸ਼ਟਰੀਯ ਸਿੱਖ ਸੰਗਤ ਦੇ ਅਧਿਵੇਸ਼ਨ (ਫਰਵਰੀ 2003) ਵਚਿ ਕਹੇ ਗਏ ਸੁਦਰਸ਼ਨ ਦੇ ਉਹ ਸ਼ਬਦ ਮੈਨੂੰ ਯਾਦ ਆ ਰਹੇ ਸੀ, ਜਿਸ ਵਿੱਚ ਉਸ ਨੇ ਇਹ ਕਿਹਾ ਸੀ ਕਿ "ਸਿੱਖ ਆਪ ਹੀ ਹੌਲੀ ਹੌਲੀ ਇਸ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਬਣ ਜਾਣਗੇ ਅਤੇ ਸਿੱਖ ਪੰਥ ਇਸ ਨੂੰ ਆਪ ਹੀ ਖਾਰਿਜ ਕਰ ਦੇਵੇਗਾ"। ਮੇਰੇ ਮੰਨ ਨੂੰ ਉਸ ਸ਼ੰਕਾ ਨੇ ਘੇਰ ਲਿਆ ਕਿ ਕਿਤੇ ਮਸਕੀਨ ਸਾਹਿਬ ਵੀ ......? ਕੀ ਆਰ.ਐਸ.ਐਸ ਕਾਮਯਾਬ ਹੋ ਗਇਆ"? ਕੀ ਚਾਣਕਿਆ ਦੇ ਚੇਲੇ ਅਪਣੀ ਉਸ ਸਾਜਿਸ਼ ਵਿੱਚ ਕਾਮਯਾਬ ਤਾਂ ਨਹੀਂ ਹੋ ਗਏ? "। ਨਾਲ ਹੀ ਮਸਕੀਨ ਜੀ ਦੀ ਇਸ ਹਾਸੋਹੀਣੀ ਗੱਲ ਤੇ ਤਰਸ ਆ ਰਹਾ ਸੀ, ਕਿ "ਜਿਨੇ ਵੀ ਕੈਲੰਡਰ ਮੌਜੂਦ ਹਨ ਉਹ ਕਿਸੇ ਮਹਾਪੁਰਖ ਦੇ ਜਨਮ ਦਿਹਾੜੇ ਤੋਂ ਸ਼ੁਰੂ ਹੁੰਦੇ ਹਨ।"ਕੀ ਇਸ ਵਿਦਵਾਨ ਨੂੰ ਇਨਾਂ ਵੀ ਨਹੀਂ ਪਤਾ ਕੇ ਨਾਂ ਤੇ ਮੁਸਲਮਾਨਾਂ ਦਾ ਕੈਲੰਡਰ ਮੁਹੱਮਦ ਸਾਹਿਬ ਦੇ ਜਨਮ ਦਹਾਡ਼ੇ ਤੋਂ ਸ਼ੁਰੂ ਹੋਂਦਾ ਹੈ, ਅਤੇ ਨਾਂ ਹੀ ਈਸਾਈਆਂ ਦਾ ਕੈਲੰਡਰ ਈਸਾ ਮਸੀਹ ਦੇ ਜਨਮ ਦਿਹਾੜੇ ਵਾਲੇ ਦਿਨ ਤੋਂ ਸ਼ੁਰੂ ਹੁੰਦਾ ਹੈ। ਫਿਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤੇ ਪੰਥ ਦੇ ਬਹੁਤੇ ਵਿਦਵਾਨਾਂ ਅਤੇ ਪੰਥ ਨੇ ਉਹ ਹੀ ਮੰਨਿਆ ਹੈ, ਜਿਸ ਦਿਨ ਨਾਨਕ ਸ਼ਾਹੀ ਕੈਲੰਡਰ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ।

ਇਹ ਸਾਰੀਆਂ ਗੱਲਾਂ ਹਾਲੀ ਮੈਂ ਸੋਚ ਹੀ ਰਿਹਾ ਸੀ, ਕਿ ਚੁਪ ਰਹਿਣ ਦਾ ਨਿਰਣਾਂ ਲੈਣ ਵਾਲੇ ਵੀਰ ਮਨਮੀਤ ਸਿੰਘ ਦੇ ਜਜਬਾਤਾਂ ਦਾ ਬਾਂਧ ਟੁੱਟ ਗਇਆ ਅਤੇ ਉਨ੍ਹਾਂ ਪੁੱਛ ਲਗ ਪਏ ਕਿ "ਜਿਸ ਵੇਲੇ ਨਾਨਕ ਸ਼ਾਹੀ ਕੈਲੰਡਰ ਲਾਗੂ ਹੋਇਆ, ਆਪ ਵੀ ਉਸੇ ਕਮੇਟੀ ਵਿੱਚ ਸ਼ਾਮਿਲ ਸੀ। ਉਸ ਵੇਲੇ ਆਪ ਨੇ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ? ਹੁਣ ਆਪ ਇਸ ਦੇ ਉਲਟ ਪ੍ਰਚਾਰ ਕਰ ਰਹੇ ਹੋ?

ਮਸਕੀਨ ਜੀ - "ਮੇਰੀ ਉਸ ਕਮੇਟੀ ਵਿੱਚ ਕੋਈ ਨਹੀਂ ਸੁਣਦਾ ਸੀ। ਦੋ ਤਿਨ ਮੀਟੀਗਾਂ ਮੈਂ ਅਟੈਂਡ ਕੀਤੀਆਂ, ਫਿਰ ਮੈਂ ਗਇਆ ਹੀ ਨਹੀਂ। ਦਸ ਗਿਆਰਾਂ ਬੰਦਿਆਂ ਨੇ ਮਿਲ ਕੇ ਇਸ ਨੂੰ ਲਾਗੂ ਕਰ ਦਿਤਾ"।

ਦਾਸ - ਜਦੋਂ ਅਕਾਲ ਤਖਤ ਸਾਹਿਬ ਵਲੋਂ ਇਹ ਕੈਲੰਡਰ ਲਾਗੂ ਕਰ ਦਿਤਾ ਗਇਆ ਹੈ, ਅਤੇ ਉਹ ਪੰਥ ਦਾ ਸਰਮਾਇਆ ਬਣ ਗਇਆ ਤਾਂ ਹੁਣ ਆਪ ਜੀ ਦੋਬਾਰਾ ਇਸ ਦਾ ਵਿਰੋਧ ਕਰਨਾ ਕੀ ਜਾਇਜ ਹੈ? ਇਹ ਅਕਾਲ ਤੱਖਤ ਤੋਂ ਜਾਰੀ ਹੁਕਮ ਦਾ ਉਲੰਘਣ ਨਹੀਂ ਹੈ?

ਮਸਕੀਨ ਜੀ - (ਚੁਪ ਕਰ ਗਏ) ਕੋਈ ਜਵਾਬ ਨਹੀਂ ਦਿਤਾ।

ਦਾਸ - ਪੰਥ ਵਲੋ ਅਸੀਂ ਆਪ ਜੀ ਨੂੰ ਇਹ ਪੁੱਛਨਾ ਚਾਹੁੰਦੇ ਹਾਂ, ਕਿ ਆਪ ਨਾਨਕ ਸ਼ਾਹੀ ਕੈਲੰਡਰ ਦੇ ਉਲਟ ਤਖਤ ਪਟਨਾ ਸਾਹਿਬ, ਜਿਥੇ ਬਕ੍ਰਿਮੀ ਜੰਤਰੀ ਅਨੁਸਾਰ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ, ਅਤੇ ਅਰਦਾਸ ਕੀਤੀ ਜਾਂਦੀ ਹੈ, ਉਸ ਵਿੱਚ, ਉਚੇਚੇ ਤੌਰ ਤੇ ਹਰ ਸਾਲ ਸ਼ਾਮਿਲ ਕਿਉਂ ਹੁੰਦੇ ਹੋ? ਜੇ ਆਪ ਜਿਹਾ ਵਿਦਵਾਨ ਐਸਾ ਕਮ ਕਰੇ ਤਾਂ ਪੰਥ ਵਿੱਚ ਕੀ ਸੰਦੇਸ਼ ਜਾਏਗਾ?

ਇਸ ਗੱਲ ਦਾ ਜਵਾਬ ਦੇਣ ਦੀ ਬਜਾਇ । ਉਹ ਕ੍ਰੋਧ ਵਚਿ ਭੜਕ ਗਏ ਅਤੇ ਬੋਲੇ- ਤੁਸੀਂ ਫਾਲਤੂ ਗੱਲਾਂ ਕਰਕੇ ਵਕਤ ਬਰਬਾਦ ਕਰਨਾਂ ਹੈ? ਤੁਸੀਂ ਜਾਉ, ਤੁਹਾਡੇ ਵਰਗੇ ਸਿਰਫਿਰੇ 10-15 ਬੰਦੇ ਹਰ ਸ਼ਹਿਰ ਵਿੱਚ ਹੁੰਦੇ ਹਨ ਜਿਨਾਂ ਦਾ ਕੰਮ ਸਿਰਫ ਰੌਲ਼ਾ ਪਾਉਣਾ ਹੁੰਦਾ ਹੈ ।

(ਮੈਂਨੂੰ ਇਸ ਵਕਤ ਲੱਗ ਰਿਹਾ ਸੀ ਕਿ ਗਿਆਨੀ ਭਾਗ ਸਿੰਘ ਅੰਬਾਲਾ ਜੀ ਦੇ ਵੇਲੇ ਇੰਦੌਰ ਵਿੱਚ ਦਸਮ ਗ੍ਰੰਥ ਦਾ ਪ੍ਰਚਾਰ ਕਰਨ ਪਿਛੋਂ ਇਨਾਂ ਕੋਲ ਕੁਝ ਸੂਝਵਾਨ ਵੀਰ ਗਏ ਸਨ ਅਤੇ ਉਨ੍ਹਾਂ ਨੇ ਮਸਕੀਨ ਜੀ ਨੂੰ ਦਸਮ ਗ੍ਰੰਥ ਵਿਚੋਂ ਚਰਿਤ੍ਰ ਪਾਖੀਯਾਨ ਦੀਆਂ ਕੁਝ ਲਾਈਨਾਂ ਦੇ ਕੇ ਕਹਿਆ ਸੀ ਕਿ " ਜੇ ਤੁਸੀਂ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਦੇ ਹੋ, ਤਾਂ ਕਲ ਦੇ ਦੀਵਾਨ ਵਿੱਚ ਇਨਾਂ ਦੀ ਵਿਆਖਿਆ, ਅਰਥ ਪੜ੍ਹ ਕੇ ਕਰਿਆ ਜੇ" ਇਸ ਗੱਲ ਨਾਲ ਮਸਕੀਨ ਜੀ ਇੰਨਾਂ ਭੜਕ ਗਏ, ਕਿ ਉਨ੍ਹਾਂ ਜਾਗਰੂਕ ਸਿੰਘਾਂ ਨੂੰ "ਗਿਆਨੀ ਭਾਗ ਸਿੰਘ ਦੇ ਭੇਜੇ ਗੁੰਡੇ" ਕਹਿ ਕੇ ਬਾਹਰ ਕਡ੍ਹ ਦਿਤਾ। ਇਸ ਗੱਲ ਦੀ ਸ਼ਿਕਾਇਤ ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਸਾਧੂ ਸਿੰਘ ਭੋਰਾ ਸਾਹਿਬ ਅਗੇ ਕੀਤੀ (ਜੋ ਮਸਕੀਨ ਸਾਹਿਬ ਦੇ ਖਾਸ ਦੋਸਤ ਅਤੇ ਮੁਰੀਦਾਂ ਵਿਚੋਂ ਸਨ) ਅਤੇ ਗਿਆਨੀ ਭਾਗ ਸਿੰਘ ਅੰਬਾਲਾ ਜੀ ਨੂੰ ਪੰਥ ਤੋਂ ਬਾਹਰ ਕਰਵਾ ਦਿਤਾ।

ਲਗਦਾ ਸੀ ਕਿ ਸਾਡੇ ਸਵਾਲ ਸੁਣ ਕੇ ਮਸਕੀਨ ਸਾਹਿਬ ਨੂੰ ਉਹ ਇੰਦੌਰ ਵਾਲੇ ਵੀਰਾਂ ਦੀ ਯਾਦ ਆ ਗਈ ਹੋਵੇ ਅਤੇ ਭਾਈ ਭਾਗ ਸਿੰਘ ਜੀ ਨਾਲ ਕੀਤਾ ਧ੍ਰੋਅ ਯਾਦ ਆ ਗਇਆ ਹੋਵੇ। ਖੈਰ ਇਹ ਤੇ ਮੇਰਾ ਖਿਆਲ ਮਾਤਰ ਹੀ ਸੀ, ਜੋ ਮੈਂ ਉਸ ਵੇਲੇ ਸੋਚ ਰਿਹਾ ਸੀ।

ਕਿਸੇ ਤਰ੍ਹਾਂ ਚੁੱਪ ਰਹ ਕੇ ਅਸਾਂ ਉਨ੍ਹਾਂ ਨੂੰ ਸ਼ਾਂਤ ਕੀਤਾ। ਦਾਸ ਇਹ ਸਮਝ ਗਇਆ ਸੀ ਕਿ ਇਨ੍ਹਾਂ ਕੋਲ ਨਾਂ ਤੇ ਸਾਡੇ ਸਵਾਲਾਂ ਦਾ ਜਵਾਬ ਹੈ, ਅਤੇ ਨਾਂ ਹੀ ਇਨ੍ਹਾਂ ਕੋਲੋਂ ਸਾਨੂੰ ਕੁਝ ਮਿਲਣ ਦੀ ਉਮੀਦ ਹੀ ਹੈ। ਇਸ ਲਈ ਦਾਸ ਉਨ੍ਹਾਂ ਨੂੰ ਵੱਧ ਤੋ ਵੱਧ ਟੈਸਟ ਕਰ ਲੈਣਾ ਚਾਹੁੰਦਾ ਸੀ, ਮੇਰੀ ਇਹ ਮਨਸਾ ਨਾਲ ਦੇ ਵੀਰ ਜਾਣ ਗਏ ਸਨ, ਕਿਉਂਕਿ ਮੈਂ ਉਨ੍ਹਾਂ ਕੋਲੋ ਲਗਾਤਾਰ ਸਵਾਲ ਪੁਛਣ ਲੱਗ ਪਇਆ ਸੀ। ਭਾਂਵੇ ਉਹ ਵੀ ਕਿਸੇ ਸਵਾਲ ਦਾ ਠੀਕ ਜਵਾਬ ਨਹੀਂ ਦੇ ਰਹੇ ਸੀ।

ਦਾਸ - ਦਰਬਾਰ ਸਾਹਿਬ ਵਿੱਚ ਇਕ ਹਜੂਰੀ ਰਾਗੀ ਹਰਮਿੰਦਰ ਸਿੰਘ "ਚੰਡੀ ਦੀ ਵਾਰ" ਦਾ ਅਕਸਰ ਕੀਰਤਨ ਕਰਦਾ ਹੈ। ਕੀ ਗੁਰੂ ਹਜੂਰੀ ਵਿੱਚ, ਉਹ ਵੀ ਦਰਬਾਰ ਸਾਹਿਬ ਜੀ ਜਹੇ ਪਵਿੱਤਰ ਅਸਥਾਨ ਉਪਰ "ਦੇਵੀ ਉਸਤਤਿ" ਕਰਨਾ ਜਾਇਜ ਹੈ?

ਮਸਕੀਨ ਜੀ - ਜਾਉ ! ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜਾਂ ਸ੍ਰੋਮਣੀ ਕਮੇਟੀ ਕੋਲੋਂ ਪੁਛੋ। ਮੇਰੇ ਕੋਲੋਂ ਕੀ ਪੁਛਦੇ ਹੋ?

ਦਾਸ - ਬੜੇ ਖੱਤ ਪਾਏ ਕੋਈ ਸਹੀ ਜਵਾਬ ਨਹੀਂ ਦੇਂਦੇ, ਮਸਕੀਨ ਜੀ।

ਮਸਕੀਨ ਜੀ - ਉਥੇ ਸਾਰੇ ਮਸੰਦ ਭਰੇ ਹਨ ਉਨ੍ਹਾਂ ਦਾ ਕਬਜਾ ਹੈ। ਇਹ ਦਸਮ ਪਿਤਾ ਦੇ ਵੇਲੇ ਦੇ ਮਸੰਦਾ ਨਾਲੋ ਵੀ ਖਤਰਨਾਕ ਹਨ। (ਇਕ ਇਹ ਹੀ ਉਨ੍ਹਾਂ ਦੀ ਗੱਲ ਸਾਡੇ ਵਿਚਾਰਾਂ ਨਾਲ ਮਿਲਦੀ ਉਨ੍ਹਾਂ ਨੇ ਕੀਤੀ ਸੀ। ਸ਼ਾਇਦ ਸਾਡੇ ਕੋਲੋਂ ਆਪਣਾ ਖਹਿੜਾ ਛੁਡਾਂਣ ਵਾਸਤੇ ਹੀ ਕੀਤੀ ਹੋਵੇ, ਇਹ ਰੱਬ ਜਾਣੇ।)

ਦਾਸ - ਇਨ੍ਹਾਂ ਤੋਂ ਆਪਣੀ ਗੱਲ ਮਨਾਉਣ ਲਈ ਕੀ ਕੀਤਾ ਜਾਏ?

ਮਸਕੀਨ ਜੀ - ਇੰਨਾਂ ਸੌਖਾ ਨਹੀਂ ਜਿਨਾਂ ਆਪ ਲੋਗ ਸਮਝਦੇ ਹੋ, ਖੂਨ ਦੀਆਂ ਨਦੀਆਂ ਵਗਣਗੀਆਂ ਤਾਂ ਇਹ ਸੁਧਰਨਣਗੇ।

ਮਨਮੀਤ ਸਿੰਘ - (ਟਿੱਚਕਰ ਭਰੇ ਅੰਦਾਜ ਵਿੱਚ) ਕੌਮ ਦੀ ਮਾੜੀ ਹਾਲਤ ਨੂੰ ਵੇਖ ਕੇ ਆਪ ਇਸ ਕੰਮ ਲਈ ਅੱਗੇ ਕਿਉਂ ਨਹੀਂ ਆਉਂਦੇ? ਮਹਾਂਪੁਰਖ ਹੀ ਤੇ ਕ੍ਰਾਂਤੀ ਲਿਆਉਦੇ ਨੇ ਹਨ।

ਮਸਕੀਨ ਜੀ - "ਮੈਂ ਕਥਾ ਵਾਚਕ ਹਾਂ ਸਮਾਜ ਸੁਧਾਰਕ ਨਹੀਂ। 15 ਲੱਖ ਰੁਪਏ ਬਰਬਾਦ ਕੀਤੇ "ਗੁਰਦੁਆਰਿਆਂ ਦਾ ਪ੍ਰਬੰਧ ਤੰਤਰ" ਕਿਤਾਬ ਲਿਖ ਕੇ, ਪੰਥ ਦੇ ਕਿੱਨੇ ਲੋਕਾਂ ਨੇ ਪੜ੍ਹੀ ਹੈ? ਜਾਉ ਕਾਫੀ ਸਮਾਂ ਬਰਬਾਦ ਕੀਤਾ ਹੈ ਤੁਸਾਂ ਮੇਰਾ। ਕਹ ਕਿ ਮਸਕੀਨ ਜੀ ਉਠ ਗਏ 'ਤੇ ਨਾਲ ਹੀ ਵਿਛੇ ਪਲ਼ੰਗ ਤੇ ਲੇਟ ਗਏ।

(ਮਨ ਨੇ ਕਿਹਾ ਕਿਤਾਬ ਤੇ ਤੁਸਾਂ ਪੈਸਾ ਕਮਾਣ ਲਈ ਲਿਖੀ ਹੈ। ਸਿੱਖੀ ਦੇ ਪ੍ਰਚਾਰ ਲਈ ਥੋੜ੍ਹੇ ਲਿਖੀ ਹੈ। ਵਿੱਕੀ ਨਹੀਂ ਜਾਂ ਘਾਟਾ ਪੈ ਗਇਆ ਤਾਂ ਗਲ ਵਖਰੀ ਹੈ।)

ਸਾਰੇ ਵੀਰ ਕਮਰੇ ਤੋਂ ਬਾਹਰ ਆ ਗਏ ਸੀ। "ਨਾਨਕ ਸ਼ਾਹੀ ਕੈਲੰਡਰ" ਦਾ ਵਿਰੋਧੀ ਅਤੇ "ਦਸਮ ਗ੍ਰੰਥ" ਨੂੰ ਗੁਰੂ ਕ੍ਰਿਤ ਕਹਿਣ ਵਾਲੇ ਇਸ ਵਿਦਵਾਨ ਪ੍ਰਤੀ, ਜੋ ਸ਼ੰਕਾ ਮੇਰੇ ਮਨ ਵਿੱਚ ਸੀ ਉਸ ਸੰਕਾ ਨੂੰ ਹੋਰ ਪ੍ਰੌੜਤਾ ਮਿਲ ਚੁਕੀ ਸੀ, ਅਤੇ ਇਸ ਗਲ ਦੀ ਪ੍ਰੌੜਤਾ ਹੋ ਚੁਕੀ ਸੀ, ਕਿ ਉਸ ਅਪਣੇ ਪ੍ਰਚਾਰ ਨੂੰ ਜਾਰੀ ਰਖਣ ਲਈ ਉਨ੍ਹਾਂ ਧਿਰਾਂ ਦਾ ਪੱਖ ਪੂਰ ਰਹੇ ਨੇ, ਜੋ ਨਾਨਕ ਸ਼ਾਹੀ ਕੈਲੰਡਰ ਦਾ ਵਿਰੋਧੀ ਹੈ ਅਤੇ ਅਖੌਤੀ ਦਸਮ ਗ੍ਰੰਥ " ਦਾ ਹਿਮਾਇਤੀ ਹੈ।

ਇੰਦਰਜੀਤ ਸਿੰਘ, ਕਾਨਪੁਰ

ਨੋਟ: ਦਾਸ ਦਾ ਇਹ ਬਹੁਤ ਹੀ ਪੁਰਾਣਾ ਲੇਖ ਹੈ , ਜੋ ਸਿੱਖ ਮਾਰਗ.ਕਾਮ ਉਤੇ 2005 ਵਿੱਚ ਹੇਠ ਦਿਤੇ ਲਿੰਕ ਤੇ ਛਪਿਆ ਸੀ।

http://www.sikhmarg.com/2005/0703-maskeen-mulakaat.html  

ਯੂਨੀਕੋਡ ਫਾਂਟ ਵਿੱਚ ਇਹ ਲੇਖ ਨਾ ਹੋਣ ਕਰਕੇ, ਉਹ ਕਈ ਪਾਠਕਾਂ ਕੋਲੋਂ ਪੜ੍ਹਿਆ ਨਹੀਂ ਜਾਂਦਾ। ਇਸ ਲਈ ਉਸ ਲੇਖ ਨੂਮ ਦੋਬਾਰਾ ਯੂਨੀਕੋਡ ਫਾਂਟ ਵਿਚ ਲਿੱਖ ਕੇ ਪਾ ਰਿਹਾ ਹਾਂ। ਦਾਸ ਨੇ 2005 ਵਿੱਚ ਲਿਖੇ ਲੇਖ ਨੂੰ ਹੂ ਬਹੂ ਯੂਨੀਕੋਡ ਫਾਂਟ ਵਿਚ ਕਨਵਰਟ ਕੀਤਾ ਹੈ, ਕੋਈ ਤਬਦੀਲੀ ਨਹੀਂ ਕੀਤੀ ਹੈ। ਇਸ ਲੇਖ ਵਿੱਚ ਇਕ ਇਕ ਸ਼ਬਦ ਉਸੇ ਤਰ੍ਹਾਂ ਲਿਖਿਆ ਗਇਆ ਹੈ ਜੋ ਮੁਲਾਕਾਤ ਦੇ ਦੌਰਾਨ ਗਲ ਬਾਤ ਹੋਈ ਸੀ।

ਗਿਆਨੀ ਪ੍ਰਹਿਲਾਦ ਸਿੰਘ ਜਿਨਾਂ ਦਾ ਇਸ ਲੇਖ ਵਿੱਚ ਦਾਸ ਨੇ ਜਿਕਰ ਕੀਤਾ ਹੈ, ਉਹ ਪਿਛਲੇ ਸਾਲ ਅਕਾਲ ਚਲਾਣਾ ਕਰ ਚੁਕੇ ਹਨ, ਦਾਸ ਦੇ ਹੋਰ ਮਿਤੱਰ, ਸਰਦਾਰ ਹਰਚਰਣ ਸਿੰਘ, ਵੀਰ ਮਨਮੀਤ ਸਿੰਘ ਅਤੇ ਹੋਰ ਵੀਰ ਅੱਜ ਵੀ ਇਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਪੰਥਿਕ ਕੰਮਾਂ ਵਿੱਚ ਰੁਝੇ ਹੋਏ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top