Share on Facebook

Main News Page

ਬਾਬਾ ਦਾਦੂਵਾਲ ਨੇ ਜਿਸ ਤਰ੍ਹਾਂ ਹੋਰਨਾਂ ਪੰਥਕ ਮਸਲਿਆਂ ਤੇ ਸ਼ਲਾਘਾਯੋਗ ਸਟੈਂਡ ਲਿਆ ਹੈ, ਇਸੇ ਤਰ੍ਹਾਂ ਮੂਲਮੰਤਰ ਸਬੰਧੀ ਵੀ ਅਪਨਾਉਣ
-
ਚੈਨ ਸਿੰਘ

* ਜਿਹੜੇ ਡੇਰੇਦਾਰ ਸਿੱਖ ਨੂੰ ਗੁਰੂ ਦੇ ਸ਼ਬਦ ਦੀ ਵੀਚਾਰ ਤੋਂ ਤੋੜ ਕੇ ਕਰਮਕਾਂਡਾਂ ਵਿੱਚ ਹੀ ਉਲਝਾਉਣਾ ਚਾਹੁੰਦੇ ਹਨ, ਉਹ ਵੱਧ ਬਾਣੀ ਦੇ ਨਾਮ ਤੇ ਸਿੱਖ ਦੇ ਨਿਤਨੇਮ ਅਤੇ ਮੰਗਲਾਚਰਨ ਨੂੰ ਲੰਬੇ ਤੋਂ ਲੰਬਾ ਕਰੀ ਜਾਣਾ ਚਾਹੁੰਦੇ ਹਨ, ਤਾਂ ਕਿ ਸ਼ਬਦ ਦੀ ਵੀਚਾਰ ਲਈ ਕੋਈ ਸਮਾਂ ਹੀ ਨਾ ਬਚੇ

ਬਠਿੰਡਾ, 21 ਸਤੰਬਰ (ਕਿਰਪਾਲ ਸਿੰਘ): ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਣ ਮੂਲ ਮੰਤਰ ਨੂੰ ਛੱਡ ਕੇ ਬਾਕੀ ਪੰਥਕ ਮਸਲਿਆਂ ਸਬੰਧੀ ਜੋ ਸਪਸ਼ਟ ਤੌਰ ਤੇ ਸਟੈਂਡ ਲਿਆ ਹੈ ਇਹ ਅਤਿ ਸ਼ਲਾਘਾਯੋਗ ਹੈ ਜਿਹੜਾ ਕਿ ਅੱਜ ਤਕ ਸੰਤ ਕਹਾਉਣ ਵਾਲੇ ਹੋਰ ਕਿਸੇ ਡੇਰੇਦਾਰ ਨੇ ਨਹੀਂ ਲਿਆ। ਇਹ ਸ਼ਬਦ ਪੰਥਕ ਮਸਲਿਆਂ ਅਤੇ ਸਿੱਖ ਰਹਿਤ ਮਰਿਆਦਾ ਸਬੰਧੀ ਖਾਸ ਰੁਚੀ ਰੱਖਣ ਵਾਲੇ ਕਨੇਡਾ ਨਿਵਾਸੀ ਭਾਈ ਚੈਨ ਸਿੰਘ ਟਰਾਂਟੋ ਨੇ ਅੱਜ ਵਿਸ਼ੇਸ਼ ਤੌਰ ਤੇ ਫ਼ੋਨ ਤੇ ਗੱਲ ਕਰਦਿਆਂ ਕਹੇ। ਇਹ ਦੱਸਣਯੋਗ ਹੈ ਕਿ ਬਾਬਾ ਦਾਦੂਵਾਲ ਨੇ 16 ਸਤੰਬਰ ਨੂੰ ਬੰਗਲਾ ਸਾਹਿਬ ਵਿਖੇ ਕੀਤੇ ਆਪਣੇ ਵਖਿਆਣ ਦੌਰਾਨ ਬੜੀਆਂ ਹੀ ਬੇਬਾਕ ਟਿੱਪਣੀਆਂ ਕਰਦਿਆਂ ਕਿਹਾ ਸੀ ਕਿ ਮੇਰੇ ਵਰਗੇ ਜਿਨ੍ਹਾਂ ਨੂੰ ਕੈਲੰਡਰ ਦਾ ੳ, ਅ ਵੀ ਨਹੀਂ ਆਉਂਦਾ, ਉਨ੍ਹਾਂ ਨੂੰ ਕੌਮ ਦਾ ਕੈਲੰਡਰ ਬਣਾਉਣ ਜਾਂ ਸੋਧਣ ਵਿੱਚ ਆਪਣੀ ਲੱਤ ਨਹੀਂ ਅੜਾਉਣੀ ਚਾਹੀਦੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਰਾਧਾਸਵਾਮੀ ਡੇਰਾ ਬਿਆਸ ਵੱਲੋਂ ਪਿੰਡ ਵੜੈਚ ਵਿਖੇ ਢਾਹੇ ਗਏ ਗੁਰਦੁਆਰੇ ਦੀ ਮੁੜ ਉਸਰੀ, ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ੳਸਾਰੀ ਅਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ 1984 ਦੇ ਸ਼ਹੀਦਾਂ ਦੀ ਬਣ ਰਹੀ ਯਾਦਗਾਰ ਸਬੰਧੀ ਵੀ ਪੰਥਕ ਭਾਵਨਾਵਾਂ ਅਨੁਸਾਰ ਬਹੁਤ ਹੀ ਸਪਸ਼ਟ ਸਟੈਂਡ ਲਿਆ ਸੀ। ਉਨ੍ਹਾਂ ਵੱਲੋਂ ਕੀਤੀ ਕਥਾ ਦੀ ਰੀਕਾਰਡਿੰਗ ਅੱਜ ਵੀ ਯੂਟਿਊਬ ਦੇ ਲਿੰਕ http://www.dsgmc.in/index.php?option=com_wrapper&view=wrapper&Itemid=365  ਤੇ ਸੁਣੀ ਜਾ ਸਕਦੀ ਹੈ, ਤੇ ਇਸ ਪੱਤਰਕਾਰ ਵੱਲੋਂ ਲਿਖੀ ਗਈ ਇਸ ਦੀ ਲਿਖਤੀ ਖ਼ਬਰ ਪਹਿਲਾਂ ਹੀ ਕਈ ਵੈੱਬਸਾਈਟਾਂ ਤੇ ਅਖ਼ਬਾਰਾਂ ਵਿੱਚ ਛਪ ਚੁੱਕੀ ਹੈ।

ਭਾਈ ਚੈਨ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਬਾਬਾ ਬਲਜੀਤ ਸਿੰਘ ਨੂੰ ਅਪੀਲ ਕਰਦੇ ਹਨ ਕਿ ਜਿਸ ਤਰ੍ਹਾਂ ਉਨ੍ਹਾਂ ਬਾਕੀ ਪੰਥਕ ਮਸਲਿਆਂ ਤੇ ਸਪਸ਼ਟ ਸਟੈਂਡ ਲਿਆ ਹੈ ਇਸੇ ਤਰ੍ਹਾਂ ਮੂਲ ਮੰਤਰ ਸਬੰਧੀ ਵੀ ਲੈਣ। ਉਨ੍ਹਾਂ ਕਿਹਾ ਬੇਸ਼ੱਕ ਬਾਬਾ ਦਾਦੂਵਾਲ ਜੀ ਅਨੁਸਾਰ ਉਹ ਮੂਲ ਮੰਤਰ ਦੇ ਅਸਲੀ ਸਰੂਪ ਸਬੰਧੀ ਇਹ ਪ੍ਰਚਾਰ ਨਹੀਂ ਕਰਦੇ ਕਿ ਮੂਲ ਮੰਤਰ ਗੁਰਪ੍ਰਸਾਦਿ ਤੱਕ ਹੈ ਜਾਂ ਹੋਸੀ ਭੀ ਸਚੁ ਤੱਕ। ਪਰ ਮੂਲ ਮੰਤਰ ਸਬੰਧੀ ਜਿਹੜਾ ਪੰਥਕ ਫੈਸਲਾ ਪਹਿਲਾਂ ਹੀ 1945 ਵਿੱਚ ਹੋ ਚੁੱਕਾ ਹੈ ਉਸ ਦੀ ਉਲੰਘਣਾ ਕਰਨੀ ਵੀ ਯੋਗ ਨਹੀਂ ਹੈ। ਉਨ੍ਹਾਂ ਕਿਹਾ ਸਿੱਖ ਰਹਿਤ ਮਰਿਆਦਾ ਦੇ ਅੰਮ੍ਰਿਤ ਸੰਸਕਾਰ ਸਿਰਲੇਖ ਹੇਠ ਭਾਗ (ਞ) ਵਿੱਚ ਲਿਖਿਆ ਹੈ: ਉਪ੍ਰੰਤ ਪੰਜੇ ਪਿਆਰੇ ਮਿਲ ਕੇ ਇੱਕੋ ਅਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ਵਾਹਿਗੁਰੂ ਦਾ ਨਾਮ ਦੱਸ ਕੇ ਮੂਲ ਮੰਤਰ ਸੁਨਾਉਣ ਤੇ ਉਨ੍ਹਾਂ ਪਾਸੋਂ ਇਸ ਦਾ ਰਟਨ ਕਰਾਉਣ:-

"ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥"

ਉਨ੍ਹਾਂ ਕਿਹਾ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਵਿੱਚ ਸਪਸ਼ਟ ਸੇਧ ਦਿੱਤੇ ਹੋਣ ਦੇ ਬਾਵਯੂਦ ਵੀ ਬਾਬਾ ਦਾਦੂਵਾਲ ਵੱਲੋਂ ਇਹ ਕਹਿਣਾ ਵਾਜ਼ਿਬ ਨਹੀਂ ਹੈ ਕਿ ਮੂਲ ਮੰਤਰ ਦੇ ਸਰੂਪ ਸਬੰਧੀ ਪੰਥ ਵਿੱਚ ਵਿਵਾਦ ਹੈ? ਜਦ ਤੱਕ ਇਸ ਦਾ ਕੋਈ ਸਰਬ ਪ੍ਰਵਾਨਤ ਫੈਸਲਾ ਨਹੀਂ ਹੁੰਦਾ ਉਤਨੀ ਦੇਰ ਜੇ ਉਹ ਹੋਸੀ ਭੀ ਸਚੁ ਤੱਕ ਪੜ੍ਹ ਲੈਂਦੇ ਹਨ ਤਾਂ ਦੱਸੋ ਇਸ ਦਾ ਕੀ ਨੁਕਸਾਨ ਹੈ? ਉਨ੍ਹਾਂ ਸਵਾਲ ਕੀਤਾ ਸੀ, ਜੇ ਉਹ ਪਹਿਲੀ ਪਉੜੀ ਵੀ ਪੜ੍ਹ ਲੈਣ ਤਾਂ ਦੱਸੋ ਵੱਧ ਬਾਣੀ ਪੜ੍ਹਨ ਨਾਲ ਟਾਈਫਾਈਡ ਹੋ ਜਾਵੇਗਾ ਜਾਂ ਕੋਈ ਹੋਰ ਨੁਕਸਾਨ ਹੋ ਜਾਵੇਗਾ? ਜਦੋਂ ਕੋਈ ਸਰਬਪ੍ਰਵਾਨਤ ਪੰਥਕ ਫੈਸਲਾ ਹੋ ਗਿਆ ਕਿ ਮੂਲ ਮੰਤਰ ਇੱਥੋਂ ਤੱਕ ਹੀ ਹੈ, ਇਸ ਤੋਂ ਅੱਗੇ ਨਹੀਂ ਪੜ੍ਹਨਾ ਉਸ ਵੇਲੇ ਇਸ ਫੈਸਲੇ ਤੇ ਜਰੂਰ ਫੁੱਲ ਚੜ੍ਹਾਉਣਗੇ।

ਸ: ਧਾਲੀਵਾਲ ਨੇ ਕਿਹਾ ਜਦੋਂ ਇਸ ਸਬੰਧੀ ਪੰਥਕ ਫੈਸਲਾ ਪਹਿਲਾਂ ਹੀ ਹੋ ਚੁੱਕਾ ਹੈ ਤੇ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ, ਇਸ ਲਈ ਹੋਰ ਕਿਸੇ ਫੈਸਲੇ ਦਾ ਸੁਝਾਉ ਢੁਕਵਾਂ ਨਹੀਂ ਹੈ। ਕਿਉਂਕਿ ਜਿਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਵਿੱਚ ਕੁਸੋਧਾਂ ਕਰਨ ਨਾਲ ਵਿਵਾਦ ਪਹਿਲਾਂ ਨਾਲੋਂ ਵੀ ਵਧ ਗਿਆ ਹੈ ਉਸੇ ਤਰ੍ਹਾਂ ਮੂਲ ਮੰਤਰ ਸਬੰਧੀ ਡੇਰੇਦਾਰਾਂ ਦੇ ਦਬਾਅ ਹੇਠ ਕੀਤਾ ਗਿਆ ਕੋਈ ਨਵਾਂ ਫੈਸਲਾ ਪਹਿਲਾਂ ਨਾਲੋਂ ਵੱਧ ਵਿਵਾਦ ਹੀ ਖੜ੍ਹੇ ਕਰ ਸਕਦਾ ਹੈ ਖਤਮ ਨਹੀਂ। ਉਨ੍ਹਾਂ ਕਿਹਾ ਮੂਲ ਮੰਤਰ ਦੇ ਸਰੂਪ ਸਬੰਧੀ ਫੈਸਲਾ ਵਿਦਵਾਨਾਂ ਵੱਲੋਂ ਕੋਈ ਵੋਟਾਂ ਪਾ ਕੇ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਦਾ ਪੂਰਾ ਸਰੂਪ ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰ ਆਇਆ ਹੈ। ਇਸ ਤੋਂ ਸੰਖੇਪ ਰੂਪ ਵਿੱਚ ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ 9 ਵਾਰ, ਇਸ ਤੋਂ ਹੋਰ ਸੰਖੇਪ ਰੂਪ ਵਿੱਚ ੴ ਸਤਿ ਨਾਮੁ ਗੁਰ ਪ੍ਰਸਾਦਿ॥ 2 ਵਾਰ ਅਤੇ ਸਭ ਤੋਂ ਵੱਧ ਸੰਖੇਪ ਰੂਪ ਵਿੱਚ ੴ ਸਤਿ ਗੁਰ ਪ੍ਰਸਾਦਿ ॥ 524 ਵਾਰ ਆਇਆ ਹੈ। ਹਰ ਵਾਰ ਮੂਲ ਮੰਤਰ ਦਾ ਸਰੂਪ ਗੁਰ ਪ੍ਰਸਾਦਿ ॥ ਤੱਕ ਹੀ ਅਤੇ ਇੱਕ ਵੀ ਜਗ੍ਹਾ ਤੇ ਹੋਸੀ ਭੀ ਸਚੁ ॥1॥ ਤੱਕ ਨਹੀਂ ਹੈ।

ਗੁਰੂ ਅਰਜੁਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਚੜ੍ਹਾਉਣ ਦੀ ਸ਼ੁਰੂਆਤ ਕਰਦੇ ਸਮੇਂ ਸਭ ਤੋਂ ਪਹਿਲਾਂ ਪੂਰਾ ਮੂਲ ਮੰਤਰ ੴ ਤੋਂ ਲੈ ਕੇ ਗੁਰ ਪ੍ਰਸਾਦਿ ॥ ਤੱਕ ਦਰਜ ਕੀਤਾ ਹੈ। ਇਸ ਤੋਂ ਉਪ੍ਰੰਤ ॥ ਜਪੁ ॥ ਲਿਖਿਆ ਹੈ, ਜਿਸ ਦਾ ਭਾਵ ਹੈ ਕਿ ਇਹ ਇਸ ਤੋਂ ਅਗਾਂਹ ਸ਼ੁਰੂ ਹੋਣ ਵਾਲੀ ਬਾਣੀ ਦਾ ਸਿਰਲੇਖ ਹੈ ਜਿਸ ਨੂੰ ਸਤਿਕਾਰ ਵਜੋਂ ਅਸੀਂ ਜਪੁਜੀ ਸਾਹਿਬ ਕਹਿੰਦੇ ਹਾਂ। ਜਪੁ ਦੇ ਦੋਵੇਂ ਪਾਸੇ ਲਾਈਆਂ ਗਈਆਂ ਡੰਡੀਆਂ ਸੰਕੇਤ ਦਿੰਦੀਆਂ ਹਨ ਕਿ ਇਹ ਮੂਲ ਮੰਤਰ ਜਾਂ ਇਸ ਤੋਂ ਅਗਾਂਹ ਦਰਜ ਕੀਤੇ ਗਏ ਸਲੋਕ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥ ਦੋਵਾਂ ਦਾ ਹੀ ਹਿੱਸਾ ਨਹੀਂ ਹੈ ਤੇ ਸਿਰਫ ਸਿਰਲੇਖ ਹੀ ਹੈ। ਇਹੀ ਸਲੋਕ ਗਉੜੀ ਸੁਖਮਨੀ ਮ: 5 ਬਾਣੀ ਵਿੱਚ ਮਾਮੂਲੀ ਫਰਕ ਨਾਲ ਇੰਝ ਲਿਖਿਆ ਹੋਇਆ ਹੈ ਸਲੋਕੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥1॥ ਇਸ ਤੋਂ ਸਪਸ਼ਟ ਹੈ ਕਿ ਇਹ ਸਲੋਕ ਹੈ, ਮੂਲ ਮੰਤਰ ਦਾ ਹਿੱਸਾ ਨਹੀਂ ਹੈ। ਜੇ ਕਦੀ ਇਹ ਮੂਲ ਮੰਤਰ ਦਾ ਹਿੱਸਾ ਹੁੰਦਾ ਤਾਂ ਕਦੀ ਤਾਂ 535 ਵਾਰ ਸੰਖੇਪ ਰੂਪ ਵਿੱਚ ਲਿਖੇ ਗਏ ਸਰੂਪਾਂ ਵਿੱਚੋਂ ਇਹ ਹੋਸੀ ਭੀ ਸਚੁ ॥1॥ ਤੱਕ ਹੋਣਾ ਸੀ! ਇਹ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਜੀ ਨੇ ਸੰਖੇਪ ਰੂਪ ਵਿੱਚ ਲਿਖਣ ਸਮੇਂ ਅਰੰਭ ਵਾਲੇ ਸ਼ਬਦ ੴ ਸਤਿ ਅਤੇ ਵਿਚਕਾਰੋਂ ਗੁਰ ਪ੍ਰਸਾਦਿ ॥ ਚੁਣ ਲਿਆ ਹੋਵੇ। ਹਰ ਵਾਰ ਮੂਲ ਮੰਤਰ ਦੀ ਸਮਾਪਤੀ ਗੁਰ ਪ੍ਰਸਾਦਿ ॥ ਤੱਕ ਹੋਣੀ ਦੱਸਦੀ ਹੈ ਕਿ ਮੂਲ ਮੰਤਰ ਗੁਰ ਪ੍ਰਸਾਦਿ ॥ ਤੱਕ ਹੀ ਹੈ। ਜੇ ਮੂਲ ਮੰਤਰ ਦਾ ਸਰੂਪ ਹੋਸੀ ਭੀ ਸਚੁ ॥1॥ ਤੱਕ ਮੰਨ ਲਿਆ ਜਾਵੇ ਤਾਂ ਦੱਸੋ ਜਪੁਜੀ ਸਾਹਿਬ ਬਾਣੀ ਦਾ ਸਿਰਲੇਖ ਕਿਹੜਾ ਹੋਇਆ ਅਤੇ ਬਿਨਾਂ ਸਿਰਲੇਖ ਤੋਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਇਸ ਬਾਣੀ ਦਾ ਨਾਮ ਜਪੁਜੀ ਸਾਹਿਬ ਹੈ? ਸ: ਧਾਲੀਵਾਲ ਨੇ ਕਿਹਾ ਮੂਲ ਮੰਤਰ ਕਿਥੋਂ ਤੱਕ ਹੈ ਇਸ ਦੀ ਲਕੀਰ ਗੁਰੂ ਸਾਹਿਬ ਖ਼ੁਦ ਹੀ ਖਿੱਚ ਗਏ ਹਨ ਕਿਸੇ ਵਿਦਵਾਨ ਨੇ ਨਹੀਂ ਖਿੱਚੀ। ਵਿਦਵਾਨਾਂ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਫੈਸਲਾ ਕੀਤਾ ਹੈ ਤੇ ਉਹ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ ਇਸ ਤਰ੍ਹਾਂ ਬਾਬਾ ਦਾਦੂਵਾਲ ਜੀ ਲਈ ਚੰਗਾ ਇਹੀ ਹੈ ਕਿ ਉਹ ਕਿਸੇ ਨਵੇਂ ਹੋਣ ਵਾਲੇ ਫੈਸਲੇ ਤੇ ਫੁੱਲ ਚੜ੍ਹਾਉਣ ਦਾ ਯਕੀਨ ਦਿਵਾਉਣ ਨਾਲੋਂ ਪਹਿਲਾਂ ਤੋਂ ਹੀ ਹੋਏ ਫੈਸਲੇ ਤੇ ਫੁੱਲ ਚੜ੍ਹਾਉਣ।

ਬਾਬਾ ਬਲਜੀਤ ਸਿੰਘ ਜੀ ਵੱਲੋਂ ਵੱਧ ਬਾਣੀ ਪੜ੍ਹੇ ਜਾਣ ਤੇ ਹੋਏ ਨੁਕਸਾਨ ਸਬੰਧੀ ਪੁੱਛੇ ਜਾਣ ਦਾ ਜਵਾਬ ਦਿੰਦੇ ਹੋਏ ਸ: ਧਾਲੀਵਾਲ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ ਕਿ ਹਰ ਸਿੱਖ ਆਪਣਾ ਸਹਿਜ ਪਾਠ ਜਾਰੀ ਰੱਖੇ ਤੇ ਜਿੰਨੇ ਪਤਰੇ ਹੋ ਸਕੇ ਉਹ ਰੋਜ਼ਾਨਾ ਪਾਠ ਕਰੇ। ਇਸ ਲਈ ਆਪਣੇ ਤੌਰ ਤੇ ਵੱਧ ਬਾਣੀ ਪੜ੍ਹੇ ਜਾਣ ਦਾ ਕੋਈ ਨੁਕਸਾਨ ਨਹੀਂ ਹੈ, ਪਰ ਮਰਿਆਦਾ ਦੇ ਤੌਰ ਤੇ ਵੱਧ ਬਾਣੀ ਪੜ੍ਹੇ ਜਾਣ ਦਾ ਨੁਕਸਾਨ ਇਹ ਹੈ, ਕਿ ਕਈ ਜਿੱਦੀ ਤੇ ਮਨਮੱਤੀ ਵੀਰ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਨਾਲੋਂ ਵੀ ਵੱਧ ਸਿਆਣੇ ਦੱਸਣ ਦਾ ਕੋਝਾ ਯਤਨ ਕਰਨ ਦੀ ਕੁਤਾਹੀ ਕਰਨ ਲੱਗ ਪੈਂਦੇ ਹਨ। ਜਿਵੇਂ ਕਿ ਨਾਨਕਸਰੀ ਡੇਰੇਦਾਰਾਂ ਨੇ ਸੁਖਮਨੀ ਸਾਹਿਬ ਦੇ ਗੁਟਕੇ ਸੰਪਟ ਲਾ ਕੇ ਛਾਪ ਦਿੱਤੇ ਹਨ ਤੇ ਪ੍ਰਚਾਰ ਕਰ ਰਹੇ ਹਨ ਕਿ ਸੰਪਟ ਪਾਠ ਲਾ ਕੇ ਪਾਠ ਕਰਨ ਨਾਲ ਵੱਧ ਫ਼ਲ ਮਿਲਦਾ ਹੈ। ਦੱਸੋ ਕੀ ਵੱਧ ਫ਼ਲ ਪ੍ਰਾਪਤ ਕਰਨ ਦਾ ਢੰਗ ਇਨ੍ਹਾਂ ਨਾਨਕਸਰੀ ਡੇਰੇਦਾਰਾਂ ਨੂੰ ਹੀ ਪਤਾ ਲੱਗਾ ਤੇ ਗੁਰੂ ਸਾਹਿਬ ਇਸ ਤੋਂ ਅਣਜਾਣ ਹੀ ਸਨ! ਇਸੇ ਤਰ੍ਹਾਂ ਪੰਥ ਨੇ ਸਿੱਖ ਰਹਿਤ ਮਰਿਆਦਾ ਰਾਹੀਂ ਫੈਸਲਾ ਕੀਤਾ ਕਿ ਹਰ ਗੁਰਸਿੱਖ ਨੂੰ ਹਰ ਰੋਜ਼ ਘੱਟ ਤੋਂ ਘੱਟ ਤਿੰਨ ਬਾਣੀਆਂ- ਜਪੁਜੀ ਸਾਹਿਬ, ਜਾਪੁ ਸਾਹਿਬ, ਸਵਈਏ, ਸਵੇਰੇ ਅੰਮ੍ਰਿਤ ਵੇਲੇ; ਸ਼ਾਮ ਸੂਰਜ ਡੁੱਬੇ ਸੋ ਦਰੁ ਰਹਿਰਾਸ ਅਤੇ ਰਾਤ ਨੂੰ ਸੌਣ ਸਮੇਂ ਸੋਹਿਲਾ ਸਾਹਿਬ ਦਾ ਪਾਠ ਕਰੇ।

ਪਰ ਡੇਰੇਦਾਰ ਹੁਣ ਪ੍ਰਚਾਰ ਕਰ ਰਹੇ ਹਨ ਕਿ ਹਰ ਸਿੱਖ ਪੰਜ ਦੀ ਥਾਂ ਸੱਤ ਬਾਣੀਆਂ ਦਾ ਪਾਠ ਕਰੇ। ਇਸ ਤੋਂ ਇਲਾਵਾ ਸਿੱਖ ਰਹਿਤ ਮਰਿਆਦਾ ਅਨੁਸਾਰ ਪੰਥਕ ਫੈਸਲਾ ਹੈ ਕਿ ਰਹਿਰਾਸ ਵਿੱਚ ਇਹ ਬਾਣੀਆਂ ਸ਼ਾਮਲ ਹਨ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਵਿੱਚ ਲਿਖੇ ਹੋਏ ਨੌਂ ਸ਼ਬਦ (ਸੋ ਦਰੁ ਤੋਂ ਲੈ ਕੇ ਸਰਣਿ ਪਰੇ ਕੀ ਰਾਖਹੁ ਸਰਮਾ ਤੱਕ) ਬੇਨਤੀ ਚੌਪਈ ਪਾਤਸ਼ਾਹੀ 10 (ਹਮਰੀ ਕਰੋ ਹਾਥ ਦੈ ਰੱਛਾ ਤੋਂ ਲੈ ਕੇ ਦੁਸਟ ਦੋਖ ਤੋਂ ਲੇਹੁ ਬਚਾਈ ਤੱਕ, ਸ੍ਵੈਯਾ (ਪਾਂਇ ਗਹੇ ਜਬ ਤੇ ਤੁਮਰੇ ਅਤੇ ਦੋਹਰਾ (ਸਗਲ ਦੁਆਰ ਕਉ ਛਾਡਿ ਕੈ) ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇੱਕ ਪਾਉੜੀ, ਮੁੰਦਾਵਣੀ ਤੇ ਸਲੋਕ ਮਹਲਾ 5॥ ਤੇਰਾ ਕੀਤਾ ਜਾਤੋ ਨਾਹੀ। ਪਰ ਡੇਰੇਦਾਰਾਂ ਦੀ ਰਹਿਰਾਸ ਦੇ ਗੁਟਕੇ ਵੇਖੋ, ਕਿਸੇ ਨੇ ਆਸਾ ਕੀ ਵਾਰ ਵਿੱਚੋਂ ਦੁਖੁ ਦਾਰੂ ਸੁਖੁ ਰੋਗੁ ਭਇਆ ਵਾਲਾ ਸਲੋਕ ਇਸ ਦੇ ਅੱਗੇ ਫਿੱਟ ਕਰ ਦਿੱਤਾ; ਕਿਸੇ ਨੇ ਇਸ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 451 ਤੇ ਦਰਜ ਆਸਾ ਮ: 4 ਦੇ ਉਚਾਰਣ ਕੀਤੇ ਛੰਤ ਦਾ ਅਖੀਰਲਾ ਪਦਾ ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥ ਕਿਸੇ ਨੇ ਰਹਿਰਾਸ ਤੋਂ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 518 ਤੇ ਦਰਜ ਰਾਗੁ ਗੂਜਰੀ ਵਾਰ ਮਹਲਾ 5 ਦੀ ਪਹਿਲੀ ਪਾਉੜੀ ਦੇ ਦੋ ਸਲੋਕ ਸਲੋਕੁ ਮ: 5 ॥ ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ ਅਤੇ ਮਃ 5 ॥ ਰਖੇ ਰਖਣਹਾਰਿ ਆਪਿ ਉਬਾਰਿਅਨੁ ॥ ਦਰਜ ਕਰ ਦਿੱਤੇ। ਦੱਸੋ ਜੇ ਗੁਰੂ ਅਰਜੁਨ ਸਾਹਿਬ ਜੀ ਨੇ ਜਪੁਜੀ ਸਾਹਿਬ ਤੋਂ ਪਿੱਛੋਂ ਸ਼ਾਮ ਦੇ ਨਿਤਨੇਮ ਵਜੋਂ ਸੋ ਦਰੁ ਅਤੇ ਸੋ ਪੁਰਖ਼ ਸਿਰਲੇਖ ਹੇਠ 9 ਸ਼ਬਦਾਂ ਦੀ ਚੋਣ ਕਰਕੇ ਵਖਰੇ ਲਿਖ ਦਿਤੇ; ਰਾਤ ਸੌਣ ਵੇਲੇ ਦੇ ਨਿਤਨੇਮ ਲਈ ਸੋਹਿਲਾ ਸਿਰਲੇਖ ਹੇਠ 5 ਸ਼ਬਦਾਂ ਦੀ ਚੋਣ ਕਰਕੇ ਵਖਰੇ ਲਿਖ ਦਿੱਤੇ; ਤਾਂ ਕੀ ਉਹ ਇਹ ਉਕਤ ਸਲੋਕ ਜਾਂ ਪਦਾ ਨਹੀਂ ਸਨ ਜੋੜ ਸਕਦੇ? ਕੀ ਇਹ ਵਾਧੂ ਸ਼ਬਦ ਜੋੜਨ ਵਾਲੇ, ਗੁਰੂ ਅਰਜੁਨ ਸਾਹਿਬ ਜੀ ਨਾਲੋਂ ਵੀ ਵੱਧ ਸਿਆਣੇ ਬਣਨ ਦਾ ਯਤਨ ਨਹੀਂ ਕਰ ਰਹੇ? ਚੌਪਈ ਦੇ ਅੱਗੇ ਪਿੱਛੇ ਜਿਸ ਤਰ੍ਹਾਂ ਹੋਰ ਦੋਹਰੇ ਤੇ ਅੜਿਲਾਂ ਜੋੜੀਆਂ ਗਈਆਂ ਹਨ ਤੇ ਹਾਲੀ ਵੀ ਆਪਣੀ ਰਹਿਰਾਸ ਨੂੰ ਪੂਰੀ ਤੇ ਦੂਸਰਿਆਂ ਵੱਲੋਂ ਪੜ੍ਹੀ ਜਾ ਰਹੀ ਰਹਿਰਾਸ ਨੂੰ ਅਧੂਰੀ ਦੱਸਣ ਲਈ ਜਿਸ ਤਰ੍ਹਾਂ ਹੋਰ ਹੋਰ ਦੋਹਰੇ, ਅੜਿਲਾਂ ਤੇ ਚੌਪਈਆਂ ਜੋੜਨ ਦੀ ਹੋੜ ਲੱਗੀ ਹੋਈ ਹੈ ਇਸ ਦਾ ਤਾਂ ਕੋਈ ਅੰਤ ਹੀ ਨਹੀਂ। ਸਾਰੇ ਆਪਣੇ ਆਪਣੇ ਡੇਰੇ ਵੱਲੋਂ ਪ੍ਰਚਲਤ ਕੀਤੀ ਰਹਿਰਾਸ ਨੂੰ ਹੀ ਪੂਰੀ ਤੇ ਦੂਸਰੇ ਦੀ ਨੂੰ ਅਧੂਰੀ ਦੱਸ ਰਹੇ ਹਨ।

ਕੱਲ੍ਹ ਨੂੰ ਜੇ ਮੈਂ ਜਾਂ ਕੋਈ ਹੋਰ ਕਹੇ ਕਿ ਛੰਤ ਦਾ ਇੱਕ ਪਦਾ ਲੈਣਾ ਜਾਂ ਕਿਸੇ ਵਾਰ ਦੀ ਪਾਉੜੀ ਦਾ ਇੱਕ ਜਾਂ ਦੋ ਸਲੋਕ ਲੈਣੇ ਅਧੂਰੇ ਹਨ ਇਸ ਲਈ ਪੂਰਾ ਛੰਤ ਅਤੇ ਸਲੋਕਾਂ ਸਮੇਤ ਪੂਰੀ ਪਾਉੜੀ ਹੀ ਲੈਣੀ ਚਾਹੀਦੀ ਹੈ! ਤੀਸਰਾ ਹੋਰ ਕੋਈ ਕਹੇਗਾ ਸਿਰਫ ਇੱਕ ਪਉੜੀ ਹੀ ਕਿਉਂ ਪੂਰੀ ਵਾਰ ਪੜ੍ਹੀ ਜਾਵੇ! ਤੀਜੇ ਕਹੇਗਾ ਹਮਰੀ ਕਰੋ ਰੱਛਾ ਦੇ ਸਿਰਫ 25 ਪਦੇ ਹੀ ਪੜ੍ਹਨੇ ਅਧੂਰੇ ਹਨ, ਪੂਰਾ ਚਰਿਤ੍ਰ ਹੀ ਪੜ੍ਹਨਾ ਚਾਹੀਦਾ ਹੈ ਤਾਂ ਦੱਸੋ ਵੱਧ ਬਾਣੀ ਪੜ੍ਹਨ ਦਾ ਕੋਈ ਅੰਤ ਹੈ? ਬਾਬਾ ਦਾਦੂਵਾਲ ਨੇ ਕਿਹਾ ਕਿ ਮੈਂ ਮੂਲ ਮੰਤਰ ਦੇ ਨਾਲ ਪਹਿਲੀ ਪਾਉੜੀ ਵੀ ਪੜ੍ਹ ਸਕਦਾ ਹਾਂ। ਹੋਰ ਕੋਈ ਉਠੇਗਾ ਉਹ ਕੋਈ ਕਹੇਗਾ ਮੈਂ ਪੂਰਾ ਜਪੁਜੀ ਸਾਹਿਬ ਹੀ ਪੜ੍ਹ ਸਕਦਾ ਹਾਂ।

ਦੱਸੋ ਜੇ ਕਿਸੇ ਪ੍ਰਚਾਰਕ ਨੂੰ ਅੱਧਾ ਘੰਟਾ ਸ਼ਬਦ ਵੀਚਾਰ ਕਰਨ ਲਈ ਮਿਲਿਆ ਹੋਵੇ ਤੇ ਉਹ 25 ਮਿੰਟ ਮੰਗਲਾਚਰਨ ਪੜ੍ਹਨ ਤੇ ਹੀ ਲਾ ਦੇਵੇ ਤਾਂ ਸ਼ਬਦ ਦੀ ਵੀਚਾਰ ਕਿਹੜੇ ਸਮੇਂ ਵਿੱਚ ਹੋਵੇਗੀ? ਜਿਹੜੇ ਡੇਰੇਦਾਰ ਸਿੱਖ ਨੂੰ ਗੁਰੂ ਦੇ ਸ਼ਬਦ ਦੀ ਵੀਚਾਰ ਤੋਂ ਤੋੜ ਕੇ ਕਰਮਕਾਂਡਾਂ ਵਿੱਚ ਹੀ ਉਲਝਾਉਣਾ ਚਾਹੁੰਦੇ ਹਨ, ਉਹ ਵੱਧ ਬਾਣੀ ਪੜ੍ਹਨ ਦੇ ਨਾਮ ਤੇ ਸਿੱਖ ਦੇ ਨਿਤਨੇਮ ਅਤੇ ਮੰਗਲਾਚਰਨ ਨੂੰ ਲੰਬੇ ਤੋਂ ਲੰਬਾ ਕਰੀ ਜਾਣਾ ਚਾਹੁੰਦੇ ਹਨ ਤਾਂ ਕਿ ਸ਼ਬਦ ਦੀ ਵੀਚਾਰ ਲਈ ਕੋਈ ਸਮਾਂ ਹੀ ਨਾ ਬਚੇ ਤੇ ਨਾਂ ਹੀ ਕੋਈ ਕਿਰਤੀ ਸਿੱਖ ਆਪਣੇ ਰੁਝੇਵੇਂ ਭਰੇ ਜੀਵਨ ਚੋਂ ਨਿਤਨੇਮ ਦੀ ਰਸਮ ਪੂਰੀ ਕਰਨ ਤੋਂ ਬਾਅਦ ਸ਼ਬਦ ਵੀਚਾਰ ਕਰਨ ਦੀ ਸੋਚ ਹੀ ਸਕੇ। ਵੱਧ ਬਾਣੀ ਪੜ੍ਹਨ ਦੇ ਨਾਮ ਤੇ ਨਿਤਨੇਮ ਅਤੇ ਮੰਗਲਾਚਰਨ ਲੰਬੇ ਕਰਨ ਦਾ ਬੱਸ ਇਹੀ ਵੱਡਾ ਨੁਕਸਾਨ ਹੈ ਕਿ ਸੰਗਤੀ ਦੀਵਾਨਾਂ ਵਿੱਚ ਜੇ ਇਹ ਰਸਮੀ ਪਾਠ ਕਰਨ ਤੋਂ ਬਾਅਦ ਕੁਝ ਸਮਾਂ ਮਿਲਦਾ ਹੈ, ਤਾਂ ਉਹ ਆਪਣੀ ਮਿੱਥ ਅਨੁਸਾਰ ਪੜ੍ਹੀ ਬਾਣੀ ਨੂੰ ਜਾਇਜ਼ ਠਹਿਰਾਉਣ ਲਈ ਲਾ ਦਿੰਦਾ ਹੈ।

ਜੇ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਮੰਗਲਾਚਰਨ ਤੇ ਨਿਤਨੇਮ ਦੀ ਬਾਣੀ ਪੜ੍ਹੀ ਜਾਵੇ ਤਾਂ ਇੱਕ ਤਾਂ ਸਮਾਂ ਘੱਟ ਲਗੇਗਾ ਤੇ ਬਾਕੀ ਕੋਈ ਵਿਵਾਦ ਨਾ ਹੋਣ ਕਰਕੇ ਆਪਣੀ ਮਰਿਆਦਾ ਨੂੰ ਸਹੀ ਤੇ ਦੂਸਰੇ ਨੂੰ ਗਲਤ ਦੱਸਣ ਦੀ ਕੋਈ ਲੋੜ ਨਾ ਪਵੇ, ਇਸ ਤਰ੍ਹਾਂ ਇਸ ਵਿਵਾਦ ਤੋਂ ਵਿਹਲੇ ਹੋ ਕੇ ਕਾਫੀ ਸਮਾਂ ਸ਼ਬਦ ਵੀਚਾਰ ਲਈ ਮਿਲ ਸਕਦਾ ਹੈ। ਚੰਗੀ ਗੱਲ ਤਾਂ ਇਹੀ ਹੈ ਕਿ ਸਾਰੇ ਵਿਵਾਦ ਖਤਮ ਕਰਨ ਲਈ ਗੁਰੂ ਅਰਜੁਨ ਸਾਹਿਬ ਜੀ ਵੱਲੋਂ ਚੋਣ ਕਰਕੇ ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂਤੇ ਦਰਜ ਕੀਤੀ ਹੈ ਉਹ ਹੀ ਸਿੱਖ ਦਾ ਨਿਤਨੇਮ ਸਮਝਿਆ ਜਾਵੇ। ਉਕਤ ਦਲੀਲਾਂ ਦਿੰਦੇ ਹੋਏ ਸ: ਚੈਨ ਸਿੰਘ ਧਾਲੀਵਾਲ ਨੇ ਬਾਬਾ ਦਾਦੂਵਾਲ ਸਮੇਤ ਸਾਰੇ ਪ੍ਰਚਾਰਕਾਂ ਨੂੰ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਸਾਰੀਆਂ ਕਿਰਿਆਵਾਂ ਨਿਭਾਉਣ ਦੀ ਅਪੀਲ ਕੀਤੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top