Share on Facebook

Main News Page

ਹਾਲਾਤ ਅੱਜ ਵੀ 1935-36 ਤੋਂ ਵੱਖਰੇ ਨਹੀਂ, ਬਲਕਿ ਬਦਤਰ ਹੀ ਹਨ
- ਕਿਰਪਾਲ ਸਿੰਘ ਬਠਿੰਡਾ, (ਮੋਬ:) 9855480797

ਸਿਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਦਾ ਹਵਾਲਾ ਦਿੰਦੇ ਹੋਏ ਇੰਡੋ ਪੰਜਾਬ ਦੇ ਮੁੱਖ ਸੰਪਾਦਕ ਸ: ਗੁਰਨਾਮ ਸਿੰਘ ਅਕੀਦਾ ਦਾ ਲਿਖਿਆ ਲੇਖ ਪੜ੍ਹਨ ਦਾ ਮੌਕਾ ਮਿਲਿਆ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਜੇ ਮਾਸਟਰ ਤਾਰਾ ਸਿੰਘ ਡਾ. ਅੰਬੇਡਕਰ ਨੂੰ ਸਿੱਖੀ ਵਿਚੋਂ ਨਾ ਦੁਰਕਾਰਦੇ, ਤਾਂ ਅੱਜ ਭਾਰਤ ਵਿਚ ਸਿੱਖਾਂ ਦੀ ਆਬਾਦੀ 40 ਕਰੋੜ ਤੋਂ ਵੱਧ ਹੋਣੀ ਸੀ ਤੇ ਘੱਟ ਗਿਣਤੀ ਹਿੰਦੂ ਹੋਣੇ ਸਨ। ਇਸ ਤਰ੍ਹਾਂ ਭਾਰਤ ਦੇ ਹਰ ਪਿੰਡ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੋਣੇ ਸਨ। ਉਨ੍ਹਾਂ ਲਿਖਿਆ ਹੈ ਕਿ ਬੇਸ਼ੱਕ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਨੇ ਡਾ: ਅੰਬੇਡਕਰ ਨੂੰ ਇਹ ਪੇਸ਼ਕਸ਼ ਕਰ ਦਿੱਤੀ ਸੀ ਕਿ ਜੇ ਕਰ ਸਮੁੱਚੇ ਅਛੂਤਾਂ ਨੂੰ ਸਿੱਖ ਧਰਮ ਵਿੱਚ ਲੈ ਆਉਣ ਤਾਂ ਅਛੂਤਾਂ ਦਾ ਮਾਨ ਸਨਮਾਨ ਵਧਾ ਕੇ ਸਿੱਖੀ ਅਪਨਾਉਣ ਲਈ ਉਤਸ਼ਾਹਤ ਕਰਨ ਲਈ ਉਹ ਆਪਣੀ ਧੀ ਦਾ ਡੋਲਾ ਵੀ ਉਨ੍ਹਾਂ ਨੂੰ ਦੇਣ ਲਈ ਤਿਆਰ ਹਨ। ਪਰ ਜਦੋਂ ਆਪਣੀ ਸਰਦਾਰੀ ਖੁਸਦੀ ਨਜ਼ਰ ਆਈ ਤਾਂ ਅਕਾਲੀ ਸਿੱਖ ਆਗੂਆਂ ਨੇ ਸਿੱਖੀ ਦੀਆਂ ਧਾਰਨਾਵਾਂ ਬੇਅਮਲ ਕਰ ਦਿਤੀਆਂ।

ਇਹ ਲੇਖ ਪੜ੍ਹਦਿਆਂ ਖ਼ਿਆਲ ਆਇਆ ਕਿ ਸਿਰਦਾਰ ਕਪੂਰ ਸਿੰਘ ਜੀ ਨੇ (ਸਾਚੀ ਸਾਖੀ ਵਿੱਚ) ਸਿਰਫ 1935-36 ਦਾ ਸੱਚ ਹੀ ਬਿਆਨ ਹੀ ਨਹੀਂ ਕੀਤਾ ਸਗੋਂ, ਸਗੋਂ ਇਹ ਕਹਿਣਾ ਜਿਆਦਾ ਬਿਹਤਰ ਹੋਵੇਗਾ ਕਿ ਬੀਤੇ ਇਤਿਹਾਸ ਤੋਂ ਕੁਝ ਸਿੱਖਣ ਦੀ ਵਜ਼ਾਏ ਅਕਾਲੀ ਤੇ ਧਾਰਮਿਕ ਆਗੂਆਂ ਦੀ ਮਾਨਸਿਕ ਦਸ਼ਾ ਅੱਜ ਪਹਿਲਾਂ ਨਾਲੋਂ ਕਿਤੇ ਵੱਧ ਨਿਘਾਰ ਵੱਲ ਜਾ ਰਹੀ ਹੈ ਅਤੇ ਅੱਜ ਦੇ ਹਾਲਤ 1935-36 ਨਾਲੋਂ ਵੀ ਬਦਤਰ ਹਨ। ਜੇ ਰਾਜਨੀਤਕ ਕਾਰਣਾਂ ਕਰਕੇ ਉਸ ਸਮੇਂ ਅਕਾਲੀ ਪ੍ਰਧਾਨ ਨੇ ਸਿੱਖੀ ਦੇ ਘਰ ਵਿੱਚ ਦਾਖ਼ਲ ਹੋਣ ਆਏ 6 ਕਰੋੜ ਅਛੂਤਾਂ ਨੂੰ ਬਾਹਰ ਧੱਕਿਆ ਤਾਂ ਅੱਜ ਦੀ ਲੀਡਰਸ਼ਿਪ ਨੇ ਅਤਿ ਦੀ ਗਰੀਬੀ ਚੋਂ ਗੁਜਰਦਿਆਂ ਹੋਇਆਂ ਵੀ ਹੁਣ ਤੱਕ ਸਿੱਖੀ ਸੰਭਾਲੀ ਬੈਠੇ 12 ਕਰੋੜ ਦੇ ਲੱਗਪਗ ਵਣਜਾਰੇ ਤੇ ਸਿਕਲੀਕਰ ਸਿੱਖਾਂ ਦੀ ਸਾਰ ਨਾ ਲੈ ਕੇ ਜਿਥੇ ਉਨ੍ਹਾਂ ਨੂੰ ਸਿੱਖੀ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਥੇ ਸਿੱਖੀ ਦੇ ਘਰ ਵਿੱਚ ਸਦੀਆਂ ਤੋਂ ਦਾਖਲ ਹੋਇਆਂ ਨੂੰ ਵੀ ਸਿੱਖ ਲੀਡਰਸ਼ਿਪ ਵੱਲੋਂ ਵੋਟ ਰਾਜਨੀਤੀ ਕਾਰਣ ਜਾਤ ਪਾਤ ਦੇ ਨਾਮ 'ਤੇ ਵੰਡੀਆਂ ਪਾ ਕੇ ਆਪਸ ਵਿੱਚ ਲੜਾਇਆ ਜਾ ਰਿਹਾ ਹੈ। ਅਕਾਲੀ ਦਲ ਵਿੱਚ ਹੀ ਰਾਮਗੜ੍ਹੀਆ ਬ੍ਰਾਦਰੀ, ਸ਼ਡਿਊਲਡ ਕਾਸਟ ਵਿੰਗ, ਬੈਕਵਰਡ ਕਲਾਸਿਜ ਵਿੰਗ, ਭਾਊ ਭਾਈਚਾਰਾ, ਲੁਬਾਣਾ, (ਜੱਟ) ਕਿਸਾਨ, (ਭਾਪਾ) ਸ਼ਹਿਰੀ ਸਿੱਖ ਬ੍ਰਾਦਰੀ ਆਦਿ ਦੇ ਵਿੰਗ ਬਣਾ ਕੇ ਇਨ੍ਹਾਂ ਵਿੱਚੋਂ ਸਿਰਕਰਦਾ ਮੈਂਬਰਾਂ ਨੂੰ ਉਨ੍ਹਾਂ ਦੇ ਮੁਖੀ ਥਾਪ ਕੇ ਉਨ੍ਹਾਂ ਨੂੰ ਆਪਣੀ ਮੁਠੀ ਵਿੱਚ ਰੱਖਿਆ ਹੋਇਆ ਹੈ।

ਇਸ ਤਰ੍ਹਾਂ ਹਰ ਜਾਤੀ ਦੇ ਆਗੂ ਸਮੁੱਚੇ ਸਿੱਖਾਂ ਜਾਂ ਮਨੁੱਖਤਾ ਦੀ ਗੱਲ ਕਰਨ ਦੀ ਬਜਾਏ ਸਿਰਫ ਆਪਣੀ ਆਪਣੀ ਜਾਤੀ ਦੇ ਨਾਮ ਦੀ ਡਫਲੀ ਵਜਾ ਕੇ ਰਾਜਨੀਤੀ ਵਿੱਚ ਕੋਟੇ ਤਹਿ ਕਰਵਾ ਕੇ ਅਹੁੱਦੇ ਤੇ ਟਿਕਟਾਂ ਹਾਸਲ ਕਰਨ ਵਿੱਚ ਲੱਗੇ ਰਹਿੰਦੇ ਹਨ ਤੇ ਸਿਰਫ ਆਪਣੇ ਨਿਜੀ ਹਿਤਾਂ ਲਈ ਕੁਝ ਚੰਦ ਕੁ ਬੰਦੇ ਆਪਣੀ ਸਮੁੱਚੀ ਜਾਤੀ ਦੇ ਹਿੱਤ ਦਾਅ 'ਤੇ ਲਾ ਦਿੰਦੇ ਹਨ। ਰਵਿਦਾਸੀਆ ਭਾਈਚਾਰੇ ਵਲੋਂ ਸਿੱਖ ਧਰਮ ਨੂੰ ਦਿੱਤੀ ਜਾ ਰਹੀ ਤਿਲਾਂਜਲੀ ਦਾ ਵੀ ਇਹੋ ਕਾਰਣ ਹੈ ਕਿ ਇਸ ਜਾਤ ਨਾਲ ਸਬੰਧਤ ਮੁਖੀ ਆਗੂ ਆਪਣੇ ਲਈ ਰਾਜਨੀਤੀ ਵਿੱਚ ਕੋਟੇ ਹਾਸਲ ਕਰਨ ਦੀ ਫ਼ਿਰਾਕ ਵਿੱਚ ਰਹਿੰਦੇ ਹਨ। ਲੰਗਰ ਵਿੱਚ ਵੱਖਰੀ ਪੰਗਤ ਲਾਉਣ ਵਾਲੇ ਸਿੱਖ ਡੇਰੇਦਾਰ ਜਿਨ੍ਹਾਂ ਨੂੰ ਕਈ ਵਿਦਵਾਨ ਸਿੱਖ ਧਰਮ ਨੂੰ ਲੱਗੀ ਚਿੱਟੀ ਸਿਊਂਕ ਵੀ ਆਖਦੇ ਹਨ, ਆਪਣੇ ਡੇਰਿਆਂ ਵਿੱਚ ਜਾਤੀ ਵਿਤਕਰੇ ਕਰਕੇ ਰਵਿਦਾਸੀਆਂ ਸਮੇਤ ਸਮੁੱਚੇ ਅਛੂਤਾਂ ਨੂੰ ਦੇਹਧਾਰੀ ਗੁਰੂ ਡੰਮ ਵੱਲ ਧੱਕਣ ਲਈ ਮੁੱਖ ਤੌਰ 'ਤੇ ਜਿੰਮੇਵਾਰ ਹਨ। ਸਿੱਖੀ ਅਸੂਲਾਂ ਤੋਂ ਬਿਲਕੁਲ ਅਣਜਾਣ ਸਿੱਖ ਹੁਣ ਤਾਂ ਜਾਤ ਤੋਂ ਵੀ ਅੱਗੇ ਗੋਤਾਂ ਵਿੱਚ ਵੰਡੇ ਜਾਣੇ ਸ਼ੁਰੂ ਹੋ ਗਏ ਹਨ। ਭੁੱਲਰ ਭਾਈਚਾਰੇ ਵੱਲੋਂ ਆਪਣੇ ਕਥਿਤ ਪੁਰਖਿਆਂ ਦੀਆਂ ਸਮਾਧਾਂ ਅਤੇ ਇਸ ਦੇ ਨਾਮ ਲੱਗੀ ਜਮੀਨ ਤੇ ਕਬਜ਼ਾ ਬਣਾਈ ਰੱਖਣ ਲਈ ਵਿੱਢਿਆ ਸੰਘਰਸ਼ ਇਸ ਦੀ ਪ੍ਰਤੱਖ ਉਦਾਹਰਣ ਹੈ।

ਉਂਝ ਤਾਂ ਜਾਤ ਪਾਤ ਨੂੰ ਨਿਰਉਤਸ਼ਾਹਤ ਕਰਨ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾਂ ਜਾਰੀ ਕੀਤਾ ਹੋਇਆ ਹੈ ਕਿ ਕੋਈ ਵੀ ਸਿੱਖ ਆਪਣੇ ਨਾਮ ਨਾਲ ਆਪਣੇ ਗੋਤ ਜਾਂ ਜਾਤ ਦੀ ਵਰਤੋਂ ਨਾ ਕਰੇ। ਅੱਖੀਂ ਘੱਟਾ ਪਾਉਣ ਲਈ ਕਈ ਆਗੂਆਂ ਨੇ ਆਪਣੇ ਨਾਮ ਨਾਲ ਗੋਤ ਲਿਖਣ ਦੀ ਬਜਾਏ ਆਪਣੇ ਪਿੰਡ ਦਾ ਨਾਮ ਬਾਦਲ, ਤਲਵੰਡੀ, ਲੌਗੌਂਵਾਲ, ਟੌਹੜਾ, ਬਰਾਨਾਲਾ, ਭੂੰਦੜ, ਮਲੂਕਾ, ਚੰਦੂਮਾਜਰਾ, ਰੱਖੜਾ, ਰਣੀਕੇ, ਅਜਨਾਲਾ ਆਦਿ ਲਿਖਣਾ ਵੀ ਸ਼ੁਰੂ ਕਰ ਦਿੱਤਾ ਹੈ। ਪਰ ਇਨ੍ਹਾਂ ਦੀ ਜਾਤ ਪਾਤ ਦੇ ਹੋਛੇ ਵਿਸ਼ਵਾਸ਼ ਵਿੱਚ ਭੋਰਾ ਫਰਕ ਨਹੀਂ ਪਿਆ। ਇਨ੍ਹਾਂ ਤੋਂ ਕੋਈ ਪੁੱਛੇ ਕਿ ਜੇ ਆਪਣੇ ਨਾਮ ਨਾਲ ਆਪਣਾ ਗੋਤ ਲਿਖਣਾ ਸਿੱਖੀ ਸਿਧਾਂਤ ਤੋਂ ਉਲਟ ਹੈ ਤਾਂ ਆਪਣੇ ਅਕਾਲੀ ਦਲ ਵਿੱਚ ਜਾਤੀ ਅਧਾਰਤ ਵਿੰਗ ਬਣਾਉਣੇ ਤੇ ਉਸ ਅਧਾਰ 'ਤੇ ਕੋਟੇ ਤਹਿ ਕਰਨੇ ਕਿਹੜੇ ਸਿਧਾਂਤ ਦਾ ਹਿੱਸਾ ਹੈ? ਸਿੱਖੀ ਸਿਧਾਂਤ ਨੂੰ ਲੱਤ ਮਾਰਦਿਆਂ, ਲੋਕ ਸਭਾ ਵਿੱਚ ਹਰਸਿਮਰਤ ਕੌਰ ਲਈ ਵੋਟਾਂ ਮੰਗਣ ਲਈ, ਭੁੱਲਰ ਭਾਈਚਾਰੇ ਨਾਲ ਕੀਤੇ ਸਮਝੌਤੇ ਅਧੀਨ ਉਨ੍ਹਾਂ ਦੇ ਪੁਰਖਿਆਂ ਦੀਆਂ ਸਮਾਧਾਂ ਉਨ੍ਹਾਂ ਦੇ ਹਵਾਲੇ ਕਰਨ ਦੇ ਕੀਤੇ ਇਕਰਾਰ ਕਿਹੜੇ ਸਿੱਖੀ ਸਿਧਾਂਤ ਦਾ ਹਿੱਸਾ ਹੈ।

ਸਿਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਵਿੱਚ ਉਸ ਸਮੇਂ ਦਾ ਸਿਰਫ ਇਹ ਸੱਚ ਬਿਆਨ ਹੀ ਨਹੀਂ ਸੀ ਕੀਤਾ ਕਿ ਸਨ 1925 ਵਿਚ ਜਦੋਂ, ਗੁਰਦੁਆਰਾ ਐਕਟ ਬਣਨ ਸਮੇਂ, ਦੋ ਧੜੇ, ਸਰਦਾਰ ਬਹਾਦਰ ਮਹਿਤਾਬ ਸਿੰਘ ਦਾ ਅਤੇ ਮਾਸਟਰ ਤਾਰਾ ਸਿੰਘ ਦਾ ਬਣ ਗਏ ਸਨ, ਉਦੋਂ ਹੀ ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਈਸ਼ਵਰ ਸਿੰਘ ਮਝੈਲ ਆਦਿ, ਅਕਾਲੀ ਪਾਰਟੀ ਦੇ ਮੁੱਖੀਆਂ ਨੂੰ ਇਹ ਸਪਸ਼ਟ ਹੋ ਗਿਆ ਸੀ, ਕਿ ਸਿੱਖਾਂ ਵਿਚ ਜੋ ਪੜ੍ਹੇ ਲਿਖੇ, ਅੰਗਰੇਜੀ ਵਿਦਿਆ ਦੀ ਉਪਜ ਹਨ, ਇਨ੍ਹਾਂ ਨੂੰ ਸਿੱਖ ਸਭਾ ਸੁਸਾਇਟੀਆਂ, ਮੀਟਿੰਗਾਂ ਅਤੇ ਪੰਥਕ ਸੇਵਾ ਖੇਤਰ ਵਿਚੋਂ ਪੱਕੇ ਤੌਰ ਤੇ ਕੱਢਣ ਦਾ ਸੌਖਾ ਢੰਗ ਇਹ ਹੈ ਕਿ ਜਦੋਂ ਭੀ ਅਕਾਲੀ ਪਾਰਟੀ ਦੇ ਅਹੁਦੇਦਾਰਾਂ ਦੇ ਨੇੜੇ ਲੱਗਣ ਜਾਂ ਉਨ੍ਹਾਂ ਦਾ ਮੁਕਾਬਲਾ ਕਰਨ, ਤਦ ਉਨ੍ਹਾਂ ਨਾਲ, ਮਾਂ, ਭੈਣ ਦੀ, ਘਸੁੰਨ ਮੁੱਕੀ ਹੱਥੋ ਪਾਈ ਆਦਿ ਸਿੰਘ ਰੀਤੀ ਦਾ ਪ੍ਰਯੋਗ ਕੀਤਾ ਜਾਵੇ। ਇਸ ਤਰ੍ਹਾਂ ਇਹ ਪੜ੍ਹੇ ਲਿਖੇ ਨਿਪੁੰਸਕ ਝਟਪਟ ਤੇ ਸਦਾ ਲਈ ਪੰਥ ਦਾ ਖਹਿੜਾ ਛੱਡ ਦੇਣਗੇ ਅਤੇ ਅਕਾਲੀ ਪਾਰਟੀ ਦੀ ਬਾਲਾਦਸਤੀ ਤਸਲੀਮ ਕਰ ਲੈਣਗੇ।

ਅੱਜਕਲ੍ਹ ਸਗੋਂ ਇਸ ਨੀਤੀ ਨੂੰ ਹੋਰ ਵੀ ਕੋਝੇ ਢੰਗ ਨਾਲ ਰਾਜਨੀਤੀ ਤੋਂ ਵੀ ਅੱਗੇ ਨਿਕਲ ਕੇ ਧਾਰਮਿਕ ਖੇਤਰ ਵਿੱਚ ਵੀ ਹਰ ਛੋਟੀ ਤੋਂ ਵੱਡੀ ਜਥੇਬੰਦੀ ਤੱਕ ਅਪਣਾ ਲਿਆ ਗਿਆ ਹੈ। ਹੋਰ ਵੰਡੀਆਂ ਪਾਉਣ ਲਈ ਦਸਮ ਗਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਖੜ੍ਹਾ ਕਰਨ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਲਈ ਚਿੱਟੀ ਸਿਊਂਖ ਜਾਨੀ ਕਿ ਸੰਤ ਸਮਾਜ ਨਾਲ ਚੋਣ ਸਮਝੌਤੇ ਕਰ ਕੇ ਰਹਿੰਦੀ ਸਾਰੀ ਕਸਰ ਕੱਢ ਛੱਡੀ ਹੈ। ਅਕਾਲ ਤਖ਼ਤ ਵੱਲੋਂ ਜਾਰੀ ਹੋਏ ਹੁਕਨਾਮੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਦੀ ਥਾਂ ਇਸ ਦਾ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਖ਼ੁਦ ਹੀ, ਜਾਤ ਪਾਤ ਅਤੇ ਗੋਤਾਂ ਨੂੰ ਉਤਸ਼ਾਹਤ ਕਰਕੇ ਪਾਈਆਂ ਵੰਡੀਆਂ ਤੇ ਪੱਕੀ ਮੋਹਰ ਲਾਉਣ ਲਈ ਜਾਤੀ ਅਧਾਰਤ ਰਖੇ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਸਬੰਧਤ ਜਾਤੀ ਦੀ ਵਿਸ਼ੇਸ਼ ਵਡਿਆਈ ਕਰਕੇ ਉਨ੍ਹਾਂ ਨੂੰ ਮਾਨਤਾ ਦਿੰਦੇ ਹਨ।

ਜੇ ਪੜ੍ਹੇ ਲਿਖੇ ਪ੍ਰਚਾਰਕ ਗੁਰਬਾਣੀ ਦਾ ਅਸਲੀ ਪ੍ਰਚਾਰ ਕਰਦੇ ਹੋਏ, ਡੇਰੇਦਾਰਾਂ ਵੱਲੋਂ ਗੁਰਬਾਣੀ ਨੂੰ ਅਮਲੀ ਜੀਵਨ ਵਿੱਚ ਅਪਨਾਉਣ ਦੀ ਥਾਂ ਆਪਣੀ ਕਮਾਈ ਦਾ ਸਾਧਨ ਬਣਾਉਣ ਲਈ ਕਰਮਕਾਂਡ ਦੇ ਤੌਰ ਤੇ ਕੀਤੀ ਜਾ ਰਹੀ ਦੁਰਵਰਤੋਂ ਪ੍ਰਤੀ ਸੰਗਤਾਂ ਨੂੰ ਸੁਚੇਤ ਕਰਦੇ ਹਨ, ਗੁਰਬਾਣੀ ਚੋਂ ਪ੍ਰਮਾਣ ਦੇ ਕੇ ਅਖੌਤੀ ਜਾਤ ਪਾਤ ਦਾ ਭਰਵਾਂ ਖੰਡਨ ਕਰਦੇ ਹਨ, ਦਸਮ ਗ੍ਰੰਥ ਦੀ ਅਸਲੀਅਤ ਪ੍ਰਗਟ ਕਰਦੇ ਹੋਏ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਬਹਾਲ ਕਰਵਾਉਣ ਦਾ ਪਰਚਾਰ ਕਰਦੇ ਹਨ, ਬਿਕ੍ਰਮੀ ਸੰਮਤ ਸਬੰਧੀ ਜਾਣਕਾਰੀ ਦੇ ਕੇ ਸੁਦੀਆਂ ਵਦੀਆਂ ਤਿਥਾਂ ਦੇ ਵਾਧੇ ਘਾਟੇ ਅਤੇ ਚੰਗੇ ਮਾੜੇ ਦਿਨਾਂ ਦੇ ਬਿਪਰਵਾਦੀ ਜਾਲ ਵਿੱਚੋਂ ਨਿਕਲ ਕੇ ਆਪਣਾ ਵਖਰਾ ਨਾਨਕਸ਼ਾਹੀ ਕੈਲੰਡਰ ਅਪਨਾਉਣ ਦੀ ਸਲਾਹ ਦਿੰਦੇ ਹਨ ਤਾਂ ਅਕਾਲ ਤਖ਼ਤ ਦੀ ਦੁਰਵਰਤੋਂ ਕਰਕੇ ਉਨ੍ਹਾਂ ਪ੍ਰਚਾਰਕਾਂ ਛੇਕ ਜਾਂ ਛੇਕੇ ਜਾਣ ਦੀ ਧਮਕੀ ਦਿੱਤੀ ਜਾਂਦੀ ਹੈ। ਅਕਾਲ ਤਖ਼ਤ ਦਾ ਨਾਮ ਵਰਤ ਕੇ ਡੇਰੇਦਾਰਾਂ ਦੇ ਚੇਲੇ ਉਨ੍ਹਾਂ ਨਾਲ, ਮਾਂ, ਭੈਣ ਦੀ, ਘਸੁੰਨ ਮੁੱਕੀ ਹੱਥੋ ਪਾਈ ਆਦਿ ਦਾ ਪ੍ਰਯੋਗ ਕਰਨ ਤੇ ਉਤਾਰੂ ਹੋ ਜਾਂਦੇ ਤੇ ਖ਼ਾਲਸਾਈ ਬੋਲਿਆਂ ਨੂੰ ਬਦਨਾਮ ਕਰਨ ਲਈ ਇਸ ਕਰੂਰਤਾ ਨੂੰ ਉਸੇ ਤਰ੍ਹਾਂ ਸਿੰਘ ਰੀਤੀ ਦਾ ਨਾਮ ਦਿੰਦੇ ਹਨ ਜਿਵੇਂ ਅਕਾਲੀ ਆਗੂ ਪੜ੍ਹੇ ਲਿਖੇ ਸਿਆਣੇ ਨੌਜਵਾਨ ਵਰਗ ਨੂੰ ਅਕਾਲੀ ਰਾਜਨੀਤੀ ਚੋਂ ਬਾਹਰ ਭਜਾਉਣ ਲਈ ਨੀਤੀ ਵਰਤਦੇ ਰਹੇ ਸਨ। ਸੋ ਅਜਿਹੇ ਹਾਲਾਤਾਂ ਨੂੰ ਵੇਖਦੇ ਹੋਏ ਇਹ ਕਹਿਣਾ ਵਾਜ਼ਬ ਹੀ ਹੋਵੇਗਾ ਕਿ ਬੀਤੇ ਇਤਿਹਾਸ ਤੋਂ ਕੁਝ ਸਿੱਖਣ ਦੀ ਵਜ਼ਾਏ ਹਾਲਾਤ ਅੱਜ ਵੀ 1935-36 ਤੋਂ ਵੱਖਰੇ ਨਹੀਂ, ਬਲਕਿ ਬਦਤਰ ਹੀ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top