Share on Facebook

Main News Page

ਰਹਿਰਾਸ ਵਿੱਚ ਅਖੌਤੀ ਦਸਮ ਗ੍ਰੰਥ ਵਿਚੋਂ ਸ਼ਾਮਲ ਕੀਤੀਆਂ ਬਾਣੀਆਂ
- ਸਰਜੀਤ ਸਿੰਘ , ਯੂ. ਐੱਸ. ਏ.

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪੀ ਸਿੱਖ ਰਹਿਤ ਮਰਯਾਦਾ ਵਿੱਚ ਨਿੱਤ ਨੇਮ ਵਾਸਤੇ ਦਿੱਤੀਆਂ ਬਾਣੀਆਂ ਜਪੁ, ਜਾਪੁ, ੧੦ ਸਵੱਯੇ (ਸ੍ਰਾਵਗ ਸੁਧ ਵਾਲੇ), ਰਹਿਰਾਸ, ਸੋਹਿਲਾ ਅਤੇ ਅਰਦਾਸ ਹਨ। ਰਹਿਰਾਸ ਵਿੱਚ ਸ਼ਾਮਲ ਕੀਤੀਆਂ ਗੁਰਬਾਣੀਆਂ ਹਨ; ਆਦਿ ਗੁਰੂ ਗ੍ਰੰਥਸਾਹਿਬ ਵਿਚੋਂ ਨੌਂ (੯) ਸਬਦ {ਸੋ ਦਰੁ ਤੋਂ ਲੈ ਕੇ ਸਰਣਿ ਪਰੇ ਕੀ ਰਾਖਹੁ ਸਰਮਾ ਤਕ}; ਦਸਮ ਗ੍ਰੰਥ ਵਿਚੋਂ ਬੇਨਤੀ ਚੌਪਈ ਪਾਤਸ਼ਾਹੀ ੧੦ (ਹਮਰੀ ਕਰੋ ਹਾਥ ਦੇ ਰਛਾ ਤੋਂ ਲੈ ਕੇ ਦੁਸਟਦੋਖ ਤੇ ਲੇਹੁ ਬਚਾਈ ਤਕ), ਸਵਯਾ ਪਾਇ ਗਹੇ ਜਬ ਤੇ ਤੁਮਰੇ ਅਤੇ ਦੋਹਰਾ, ਸਗਲ ਦੁਆਰ ਕਉ ਛਾਡਿ ਕੈ, ਆਦਿ ਗੁਰੂ ਗ੍ਰੰਥ ਸਾਹਿਬ ਵਿਚੋਂ ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਅਤੇ ਅੰਤਲੀ ਇੱਕ ਪਉੜੀ, ਮੁੰਦਾਵਣੀ ਅਤੇ ਸਲੋਕ ਮਹਲਾ ੫, ਤੇਰਾ ਕੀਤਾ ਜਾਤੋ ਨਾਹੀ। ਉਪਰੋਕਤ ਜਾਣਕਾਰੀ ਤੋਂ ਸਪਸ਼ਟ ਹੈ ਕਿ ਦਸਮ ਗ੍ਰੰਥ ਵਿਚੋਂ ਰਹਿਰਾਸ ਵਿੱਚ ਸ਼ਾਮਲ ਕੀਤੀਆਂ ਤਿੰਨ ਬਾਣੀਆਂ ਹਨ:

(੧) ਚੌਪਈ

(੨) ਸਵੱਯਾ ਅਤੇ

(੩) ਦੋਹਰਾ

ਸ: ਹਰਿੰਦਰ ਸਿੰਘ ਮਹਿਬੂਬ ਨੇ ਆਪਣੀ ਪੁਸਤਕ {ਸਹਿਜੇ ਰਚਿਉ ਖਾਲਸਾ} ਵਿੱਚ ਲਿਖਿਆ ਹੈ ਕਿ ਦਸਮ ਗ੍ਰੰਥ ਵਿੱਚ ਦਿੱਤੀਆਂ ਬਾਣੀਆਂ ਵਿਚੋਂ ਕੇਵਲ ਪੰਜ ਬਾਣੀਆਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਇਨ੍ਹਾਂ ਦਾ ਵੇਰਵਾ ਹੈ;

੧) ਜਾਪੁ ੨) ਅਕਾਲ ਉਸਤਤਿ ੩) ਸਵੈਯੇ ੪) ਸ਼ਬਦ ਹਜ਼ਾਰੇ ਅਤੇ ੫) ਜ਼ਫਰਨਾਮਾ

ਇਸ ਕਥਨ ਅਨੁਸਾਰ ਪਹਿਲਾਂ ਬੇਨਤੀ ਚੌਪਈ ਪਾਤਸ਼ਾਹੀ ੧੦ ਜੋ ਚਰਿਤ੍ਰੋ ਪਾਖਯਾਨ ਦੇ ਅਧਿਆਇ ਵਿਚੋਂ ਲਈ ਗਈ ਹੈ ਨਿੱਤ ਨੇਮ ਵਿਚੋਂ ਕੱਢੀ ਜਾਂਦੀ ਹੈ। ਦੂਜੀ ਅਤੇ ਤੀਜੀ ਬਾਣੀਆਂ ਚੌਬੀਸ ਅਵਤਾਰ ਵਿਚੋਂ ਲਈਆਂ ਗਈਆਂ ਹਨ। ਇਹ ਵੀ ਨਿੱਤ ਨੇਮ ਵਿਚੋਂ ਨਿਕਲ ਜਾਂਦੀਆਂ ਹਨ। ਪਰ ਅਸੀਂ ਇਸ ਕਥਨ ਨੂੰ ਇੱਕ ਪਾਸੇ ਰੱਖ ਕੇ, ਇਨ੍ਹਾਂ ਰਹਿਰਾਸ ਵਿੱਚ ਦਸਮ ਗ੍ਰੰਥ ਵਿਚੋਂ ਪਾਈਆਂ ਬਾਣੀਆਂ ਦੀ ਪੜਤਾਲ ਆਦਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਕਸਵੱਟੀ ਉੱਤੇ ਕਰਾਂਗੇ। ਇਸ ਨਾਲ ਪਾਠਕਾਂ ਨੂੰ ਯਕੀਨ ਕਰਵਾਉਣਾ ਹੈ ਕਿ ਸਹੀ ਢੰਗ ਨੂੰ ਵਰਤ ਕੇ ਹੀ ਅਸੀਂ ਕੋਈ ਨਿਰਣਾ ਕਰ ਸਕਦੇ ਹਾਂ ਜੋ ਤਰਕ ਅਤੇ ਗੁਰੂ ਸਬਦ ਦੀ ਵਿਚਾਰ ਉਤੇ ਅਧਾਰਤ ਹੋਵੇ। ਇਸ ਨਾਲ ਅਸੀਂ ਹਰਮਿਨੀਉਟਿਕ ਦੀਆਂ ਲਾਈਆਂ ਸ਼ਰਤਾਂ ਪੂਰੀਆਂ ਕਰਨ ਵਿੱਚ ਸਫਲਤਾ ਪ੍ਰਾਪਤ ਕਰਦੇ ਹਾਂ।

ਅਸੀਂ ਦਸਮ ਗ੍ਰੰਥ ਵਿਚੋਂ ਲਈਆਂ ਬਾਣੀਆਂ ਦੀ ਵਿਚਾਰ ਤੋਂ ਪਿਹਲਾਂ ਇੱਕ ਹੋਰ ਪੱਖ ਦੀ ਵਿਚਾਰ ਕਰਨਾ ਲਾਹੇਵੰਦ ਸਮਝਦੇ ਹਾਂ ਜੋ ਦਸਮ ਗ੍ਰੰਥ ਦੀਆਂ ਬਾਣੀਆਂ ਬਾਰੇ ਚਾਨਣਾ ਪਾਵੇਗੀ। ਸੰਮਤ ੪੦੦ਈ: ਤੋਂ ੧੦੦੦ ਈ: ਤਕ ਬ੍ਰਾਹਮਣਾਂ ਨੂੰ ਰਾਜਪੂਤ ਰਾਜਿਆਂ ਵਲੋਂ ਦਿੱਤੀਆਂ ਜਾਗੀਰਾਂ ਅਤੇ ਜਇਦਾਦਾਂ ਬਾਰੇ ਲਿਖੀ ਗਈ ਪੁਸਤਕ ਭਾਰਤ ਵਿੱਚ ਹਿੰਦੂ ਧਰਮ ਨੂੰ ਨਵੀਂ ਮਿਲੀ ਮਹਤੱਤਾ ਦਾ ਬੜਾ ਸੋਹਣਾ ਅਤੇ ਸੁਨਿਹਰੀ ਚਿੰਨ੍ਹ ਹੈ। ਇਸ ਤੋਂ ਬੁੱਧ ਧਰਮ ਦਾ ਭਾਰਤ ਵਿਚੋਂ ਸਫਾਇਆ ਹੋ ਜਾਣ ਨਾਲ ਬੁੱਧ ਧਰਮ ਦੇ ਮੰਦਰ ਅਤੇ ਮੰਦਰਾਂ ਨਾਲ ਬੱਝੀ ਜਾਇਦਾਦ ਦੀ ਆਮਦਨ ਬ੍ਰਾਹਮਣ ਦੇ ਹੱਥਾਂ ਵਿੱਚ ਆ ਗਈ ਸੀ। ਧਾਰਮਿਕ ਅਤੇ ਸਮਾਜਿਕ ਚੌਧਰ ਨੂੰ ਵੀ ਬ੍ਰਾਹਮਣ ਨੇ ਫਿਰ ਕਾਬੂ ਕਰ ਲਇਆ ਸੀ। ਇਸ ਦੇ ਫਲਸਰੂਪ ਉਸ ਵੇਲੇ ਦੇ ਰਾਜਪੂਤ ਰਾਜੇ ਜਿਨ੍ਹਾਂ ਦੀ ਪਿਛੋਕੜ ਅਲਿਕ ਸੰਧਰ {ਇਕ ਰੋਮਾਨੀਆ ਦੇ ਵਿਦਵਾਨ ਅਨੁਸਾਰ ਸੰਧੂ ਤੋਂ ਉਪਜਿਆ ਰੋਮਾਨੀਆਂ ਦਾ ਗੋਤ ਸੰਧਰ} ਦੀ ਫੋਜ ਵਿਚੋਂ ਭਾਰਤ ਵਿੱਚ ਵੱਸ ਚੁੱਕੇ ਲੋਕ ਹੀ ਸਨ ਜੋ ਹਿੰਦੂ ਧਰਮ ਦੀ ਛਤਰ ਛਾਇਆ ਹੇਠਾਂ ਰਿਆਸਤਾਂ ਦੇ ਮਾਲਕ ਬਣ ਗਏ ਸਨ। ਇਹ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਦੇ ਕਾਰਨ ਬ੍ਰਾਹਮਣਵਾਦ ਦੀ ਝੋਲੀ ਵਿੱਚ ਪੈ ਗਏ ਸਨ।

ਬ੍ਰਾਹਮਣ ਹਿੰਦੂ ਧਰਮ ਦੀ ਹਜ਼ਾਰਾਂ ਸਾਲ ਪੁਰਾਣੀ ਪਰੰਪਰਾ ਅਨੁਸਾਰ ਹਰ ਸ਼ੈ ਨੂੰ, ਜੋ ਚੰਗੀ ਅਤੇ ਲੋਕਾਂ ਨੂੰ ਪਸੰਦ ਹੋਵੇ, ਆਪਣੀ ਬਨਾਉਣ ਵਿੱਚ ਕਮਾਲ ਦੀ ਮਹਾਰਤ, ਹਜ਼ਾਰਾਂ ਸਾਲਾਂ ਦੀ ਮਿਹਨਤਕਰਨ ਪਿਛੋਂ, ਹਾਸਲ ਕਰ ਕੇ ਕਾਮਯਾਬ ਹੋਇਆ ਸੀ। ਹੁਣ ਬ੍ਰਾਹਮਣ ਨੇ ਬੁੱਧ ਧਰਮ ਵਿਚੋਂ ਤੰਤਰਿਕ ਵਿਦਿਆ ਨੂੰ ਗ੍ਰਿਹਣ ਕਰ ਕੇ ਇਸ ਨੂੰ ਆਪਣੇ ਰੰਗ ਵਿੱਚ ਲੋਕਾਂ ਨੂੰ ਪੇਸ਼ ਕਰਨ ਦਾਨਵਾਂ ਸ਼ੋਸ਼ਾ ਖੜਾ ਕੀਤਾ ਸੀ। ਤੰਤਰਿਕ ਫਿਰਕੇ ਦੀਆਂ ਦੇਵੀ ਪੂਜਾ ਬਾਰੇ ਕਵਿਤਾਵਾਂ ਵਿਚੋਂ ਅਸੀਂ ਇੱਕ ਉਦਾਹਰਨ ਦੇਂਦੇ ਹਾਂ।

ਹੇ ਮਹਾਂ ਦੇਵੀ! ਤੇਰੀ ਸ਼ਕਤੀ ਨੂੰ ਨਮਸਕਾਰ ਕਰਦੇ ਹਾਂ - ਬ੍ਰਹਮਾ ਪੈਦਾ ਕਰਦਾ ਹੈ, ਵਿਸ਼ਨੂ ਪਾਲਦਾ ਹੈ, ਅਤੇ ਸ਼ਿਵਜੀ ਆਖਰੀ ਵਕਤ ਦੇ ਆਉਣ ਉੱਤੇ ਸਾਰੇ ਸੰਸਾਰ ਨੂੰ ਮਾਰ ਦੇਵੇਗਾ। ਪਰ ਤੇਰੇ ਬਿਨਾਂ ਇਹ ਸਾਰੇ ਆਪਣੇ ਕਰਤੱਵ ਕਰਨ ਵਿੱਚ ਨਿਸਫਲ ਹਨ। ਸਚਾਈ ਤਾਂ ਕੇਵਲ ਇਹ ਹੈ ਕਿ ਤੂੰ ਹੀ ਪੈਦਾ ਕਰਨ ਵਾਲੀ ਹੈਂ, ਤੂੰ ਹੀ ਪਾਲਣ ਵਾਲੀ ਹੈਂ ਅਤੇ ਤੂੰ ਹੀ ਸਾਰੇ ਸੰਸਾਰ ਦਾ ਨਾਸ਼ ਕਰਨ ਵਾਲੀ ਹੈ {ਮਹਾਂ ਨਿਰਵਾਨ ਤੰਤਰਾ}।

ਦਸਮਗ੍ਰੰਥ ਦੀ ਕਵਿਤਾ ਵਿੱਚ ਦੋ ਸ਼ਬਦ ਵਰਤੇ ਗਏ ਹਨ ਅਤੇ ਇਨਾਂ ਬਾਰੇ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ, ਖਾਸ ਕਰ ਕੇ ਅਨੰਦ ਸਾਹਿਬ ਵਿੱਚ, ਹਵਾਲਾ ਆਉਂਦਾ ਹੈ। ਤੰਤਰਿਕ ਵਿਦਿਆ ਅਨੁਸਾਰ ਸਾਰਾ ਸੰਸਾਰ ਦੋ ਵਿਰੋਧੀ ਨਿਯਮਾਂ ਤੋਂ ਪੈਦਾ ਹੋਇਆ ਹੈ। ਇਹ ਸ਼ਿਵਾ ਅਤੇ ਸ਼ਕਤੀ ਹਨ। ਇਨ੍ਹਾਂ ਦੋਵਾਂ ਵਿਚੋਂ ਸ਼ਿਵਾ ਪੂਰਨ ਤੌਰ ਤੇ ਸੁਸਤ ਭਾਈਵਾਲ ਹੈ ਅਤੇ ਚੁਸਤ ਭਾਈਵਾਲ ਕੇਵਲ ਸ਼ਕਤੀ ਹੀ ਹੈ। ਤੰਤਰਿਕ ਫਿਰਕੇ ਅਨੁਸਾਰ ਸ਼ਕਤੀ ਹੀ ਸਾਰੀ ਖੇਲ ਖੇਡਦੀ ਹੈ ਅਤੇ ਇਹ ਮਹਾਂ ਦੇਵੀ ਦੀ ਬਹੁ ਰੂਪਤਾ ਦੁਆਰਾ ਜ਼ਾਹਰ ਹੂੰਦੀ ਹੈ। ਦਸਮ ਗ੍ਰੰਥ ਇਸ ਮਹਾਂ ਦੇਵੀ ਅਤੇ ਇਸਦੇ ਕਈ ਭੇਸਾਂ ਦੀ ਹੀ ਵਾਰਤਾ ਨਾਲ ਭਰਪੂਰ ਹੈ ਜਿਸ ਬਾਰੇ ਸਿੱਖ ਵਿਦਵਾਨਾਂ ਨੂੰ ਚੌਕਸ ਹੋਣ ਦੀ ਲੋੜ ਹੈ।

ਕਬਿਯੋ ਬਾਚ ਬੇਨਤੀ ਚੌਪਈ ਦਸਮ ਗ੍ਰੰਥ ਦੇ ਅਧਿਆਇ ਚਰਿਤ੍ਰੋ ਪਾਖਿਯਾਨ ਦੇ ਚਰਿਤ੍ਰ ੪੦੪ ਵਿਚੋਂ ਲਈ ਗਈ ਹੈ। ਇਹ ਇਸ ਅਧਿਆਇ ਦੀ ਚੌਪਈ ੩੭੭ ਤੋਂ ਅਰੰਭ ਹੁੰਦੀ ਹੈ ਅਤੇ ਚੌਪਈ ੪੦੧ ਉੱਤੇ ਖਤਮ ਹੁੰਦੀ ਹੈ। ਇਹ ਸਾਰੀਆਂ ੨੫ ਚੌਪਈਆਂ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵਲੋਂ ਛਾਪੇ ਗੁਟਕਿਆਂ ਵਿੱਚ ੧ ਤੋਂ ੨੫ ਨੰਬਰ ਲਾਏ ਗਏ ਹਨ। ਕੀ ਇਨ੍ਹਾਂ ਨੰਬਰਾਂ ਵਿੱਚ ਕੋਈ ਭੇਦ ਹੈ? ਅਸੀਂ ਦਸਮ ਗ੍ਰੰਥ ਵਿੱਚ ਦਿੱਤੀ ਬਾਣੀ ਦੇ ਅਰਥਾਂ ਵਾਸਤੇ, ਡਾ ਰਤਨ ਸਿੰਘ ਜੱਗੀ ਵਲੋਂ ਛਾਪੇ ਪੰਜ ਭਾਗਾਂ ਵਾਲੇ ਦਸਮ ਗ੍ਰੰਥ ਅਤੇ ਇਸ ਦੇ ਅਰਥਾਂ ਦੀ, ਜਿਨ੍ਹਾਂ ਨੂੰ ਬਾਬਾ ਵਿਰਸਾ ਸਿੰਘ ਵਲੋਂ ਅਸੀਸ ਦੁਆਰਾ ਪਰਵਾਨਤਾ ਮਿਲੀ ਹੋਈ ਹੈ, ਵਰਤੋਂ ਇਸ ਪੁਸਤਕ ਵਿੱਚ ਕਰ ਰਹੇ ਹਾਂ। ਇਸ ਚਰਿਤ੍ਰ ੪੦੪ ਵਿੱਚ ੧ ਤੋਂ ੪੦੫ ਤਕ ਚੌਪਈਆਂ ਸ਼ਾਮਲ ਹਨ। ਇਸ ਚਰਿਤ੍ਰ ਦੀ ਕਹਾਣੀ ਦੀ ਸਹੀ ਪਛਾਣ ਵਾਸਤੇ ਅਸੀਂ ਪਹਿਲੀਆਂ ਦੋ ਚੌਪਈਆਂ ਅਤੇ ਇਨ੍ਹਾਂ ਦੇ ਅਰਥਾਂ ਦਾ ਮੁਲਾਹਜ਼ਾ ਕਰਾਂਗੇ ਜੋ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤੀਆਂ ਗਈਆਂ ਹਨ।

ਸਬੁਧਿ ਬਾਚ ਚੌਪਈ ਸਤਿ ਸੰਧਿ ਇੱਕ ਭੂਪ ਭਨਿਜੈ। ਪ੍ਰਥਮੇ ਸਤਿਜੁਗ ਬੀਚ ਕਹਿਜੈ। ਜਿਹ ਜਸ ਪੁਰੀ ਚੌਦਹੂੰ ਛਾਯੋ। ਨਾਰਦ ਰਿਖਿ ਤਬ ਰਾਇ ਮੰਗਾਯੋ। ੧। ਸਭ ਦੇਵਨ ਕੋ ਰਾਜਾ ਭਯੋ। ਬਰਹਮਾ ਤਿਲਕ ਆਪੁ ਤਿਹ ਦਯੋ। ਨਿਹਕੰਟਕ ਸੁਰ ਕਟਕ ਕਿਯਾ ਸਭ। ਦਾਨਵ ਮਾਰ ਨਿਕਾਰ ਦਏ ਜਬ। ੨। . ੧. ੧ ਦਸਮ ਗ੍ਰੰਥ ਭਾਗ ੫ ਜੱਗੀ-ਜੱਗੀ ਪੰਨਾ ੬੦੬

ਅਰਥ: ਸਤ ਸੰਧੂ ਨਾਂ ਦਾ ਇੱਕ ਰਾਜਾ ਦਸਿਆ ਜਾਂਦਾ ਸੀ। (ਉਹ) ਪਹਿਲੇ (ਯੁਗ, ਅਰਥਾਤ) ਸਤਿਯੁਗ ਵਿੱਚ ਹੋਇਆ ਕਿਹਾ ਜਾਂਦਾ ਸੀ। ਉਸ ਦਾ ਯਸ਼ ਚੌਦਾਂ ਲੋਕਾਂ ਵਿੱਚ ਪਸਰਿਆ ਹੋਇਆ ਸੀ। ਤਦ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ। ੧।

(ਉਹ) ਸਾਰਿਆਂ ਦੇਵਤਿਆਂ ਦਾ ਰਾਜਾ ਚੁਣ ਲਿਆ ਗਿਆ ਅਤੇ ਬ੍ਰਹਮਾ ਨੇ ਆਪ ਉਸ ਨੂੰ ਤਿਲਕ ਲਗਾਇਆ। ਉਸ ਨੇ ਸਾਰੇ ਦੇਵਤਿਆਂ ਦੇ ਦਲ ਨੂੰ (ਵੈਰੀਆਂ ਦੇ ਡਰ ਤੋਂ) ਮੁਕਤ (ਨਿਹਕੰਟਕ) ਕਰ ਦਿੱਤਾ। ਜਦ (ਸਾਰਿਆਂ) ਦੈਂਤਾਂ ਨੂੰ ਮਾਰ ਕੇ ਕੱਢ ਦਿੱਤਾ। ੨।

ਇਸ ਕਥਾ ਦਾ ਅਰੰਭ ਦਸਦਾ ਹੈ ਕਿ ਬ੍ਰਹਮਾ ਹਿੰਦੂ ਧਰਮ ਦਾ ਇੱਕ ਦੇਵਤਾ ਹੈ। ਉਹ ਇੱਕ ਰਾਜੇ ਨੂੰ ਤਿਲਕ ਲਾਉਂਦਾ ਹੈ। ਇਹ ਰਾਜਾ ਦੇਵਤਿਆਂ ਦੀ ਰੱਖਿਆ ਕਰਦਾ ਹੋਇਆ ਸਾਰੇ ਦੈਂਤਾਂ ਨੂੰ ਮਾਰ ਮੁਕਾਉਂਦਾ ਜਾਂ ਇਲਾਕਾ ਛਡੱਣ ਲਈ ਮਜਬੂਰ ਕਰਦਾ ਹੈ। ਸਿੱਖ ਧਰਮ ਦੇ ਮੁਢਲੇ ਨਿਯਮ ਦੇਵਤਿਆਂ, ਰਿਸ਼ੀਆਂ ਅਤੇ ਬ੍ਰਹਮਾ ਆਦਿਕ ਤੋਂ ਉੱਪਰ ਉੱਠ ਕੇਵਲ ਅਕਾਲਪੁਰਖ, ਇੱਕੋਓ, ਦੀ ਸਿਫਤ ਸਾਲਾਹ ਹੀ ਕਰਨ ਦੀ ਪ੍ਰੇਰਨਾ ਕਰਦੇ ਹਨ। ਜਿਸ ਕਵਿਤਾ ਦਾ ਅਰੰਭ ਹਿੰਦੂ ਧਰਮ ਦੀਆਂ ਕਥਾ-ਕਹਾਣੀਆਂ ਤੋਂ ਹੁੰਦਾ ਹੈ, ਉਸ ਵਿੱਚ ਸਿਖੀ ਸਿਖਿਆ ਗੁਰੁ ਵੀਚਾਰਿ ਵਾਲੀ ਕੇਹੜੀ ਆਸ ਕੀਤੀ ਜਾ ਸਕਦੀ ਹੈ।

ਹੁਣ ਅਸੀਂ ਚਰਿਤ੍ਰ ੪੦੪ ਦੀਆਂ ੩੭੪ ਤੋਂ ੩੭੬ ਤਕ ਦੀਆਂ ਚੌਪੀਆਂ, ਜਿਨ੍ਹਾਂ ਪਿਛੋਂ ਬੇਨਤੀ ਚੌਪਈ ਸ਼ੁਰੂ ਹੁੰਦੀ ਹੈ, ਦੇ ਅਰਥ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਪੇਸ਼ ਕਰ ਦੇ ਹਾਂ।

ਬਹੁਰਿ ਅਸੁਰ ਕਾ ਕਾਟਸਿ ਮਾਥਾ। ਸ੍ਰੀ ਅਸਿਕੇਤਿ ਜਗਤ ਕੇ ਨਾਥਾ। ਦੁਤਿਯ ਬਾਨ ਸੌ ਸੋਊ ਅਰਿ ਕਰ। ਕਾਟਿ ਦਯੋ ਅਸਿਧੁਜ ਨਰ ਨਾਹਰ। ੩੭੪। ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤੁ ਜਗਤ ਕੇ ਈਸਾ। ਪੁਹਪਨ ਬ੍ਰਿਸਟਿ ਗਗਨ ਕੇ ਭਈ। ਸਭਹਿਨ ਆਨਿ ਬਧਾਈ ਦਈ। ੩੭੫। ਧੰਨ੍ਹਯ ਧੰਨ੍ਹਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ। ਅਕਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ। ੩੭੬। . ੧. ੨ ਦਸਮ ਗ੍ਰੰਥ ਭਾਗ ੫ ਜੱਗੀ-ਜੱਗੀ ਪੰਨਾ ੬੭੦

ਅਰਥ: ਫਿਰ ਜਗਤ ਦੇ ਨਾਥ ਅਸਿਕੇਤੁ ਨੇ (ਬਾਣ ਮਾਰ ਕੇ) ਦੈਂਤ ਦਾ ਮੱਥਾ ਕੱਟ ਦਿੱਤਾ ਅਤੇ ਦੂਜੇ ਬਾਣ ਨਾਲ ਮਨੁੱਖਾਂ ਦੇ ਰਾਜੈ ਅਸਿਧੁਜ ਨੇ ਵੈਰੀ ਦੇ ਹੱਥ ਕੱਟ ਸੁੱਟੇ (੩੭੪)।

ਫਿਰ ਜਗਤ ਦੇ ਸੁਆਮੀ ਅਸਿਕੇਤੁ ਨੇ ਰਾਖਸ਼ ਦਾ ਸੀਸ ਕੱਟ ਦਿੱਤਾ। ਆਕਾਸ਼ ਤੋਂ ਫੁਲਾਂ ਦੀ ਬਰਖਾ ਹੋਈ। ਸਾਰਿਆਂ ਨੇ ਆ ਕੇ ਵਧਾਈ ਦਿੱਤੀ। ੩੭੫।

(ਅਤੇ ਕਿਹਾ) ਹੇ ਲੋਕਾਂ ਦੇ ਰਾਜੇ! ਤੁਸੀਂ ਧਨ ਹੋ, (ਤੁਸੀਂ) ਦੁਸ਼ਟਾਂ ਨੂੰ ਮਾਰ ਕੇ ਗ਼ਰੀਬਾਂ ਦੀ ਰੱਖਿਆ ਕੀਤੀ ਹੈ। ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ! ਦਾਸ ਜਾਣ ਕੇ ਮੇਰੀ ਰੱਖਿਆ ਕਰੋ। ੩੭੬।

ਉਪਰ ਦਿੱਤੇ ਅਰਥਾਂ ਵਿੱਚ ਸਿਰਜਨਹਾਰ ਆਪ ਹੀ ਲੜਾਈ ਲੜਦਾ ਹੈ ਅਤੇ ਰਾਖਸ਼ ਦਾ ਸੀਸ ਕੱਟਦਾ ਹੈ। ਇਸ ਕਹਾਣੀ ਦਾ ਪਾਤਰ ਅਕਾਲਪੁਰਖ ਨਹੀਂ ਹੈ। ਹਿੰਦੂ ਧਰਮ ਦਾ ਸਿਰਜਨਹਾਰ ਤਾਂ ਬ੍ਰਹਮਾ ਹੈ ਜੋ ਤਿੰਨਾਂ ਦੇਵਤਿਆਂ ਵਿਚੋਂ ਇੱਕ ਦੇਵਤਾ ਹੈ। ਸਿੱਖ ਧਰਮ ਦਾ ਅਕਾਲਪੁਰਖ ਅਜੇਹੀਆਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਕੋਈ ਹਿੱਸਾ ਨਹੀ ਲੈਂਦਾ ਅਤੇ ਉਹ ਤਾਂ ਵੱਡੇ ਵੱਡੇ ਕੰਮ ਕਰਦਾ ਹੈ, ਜਿਵੇਂ ਗੁਰਬਾਣੀ ਵਿੱਚ ਗੁਰੂ ਸਬਦ ਹੈ;

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ ੧॥ ੧. ੩ ਸਲੋਕੁ ਮ: ੧ ਅ: ਗ: ਗ: ਸ: ਪੰਨਾ ੪੬੨

ਕਬਿਯੋ ਬਾਚ ਬੇਨਤੀ ਚੌਪਈ ਦੀ ਕਹਾਣੀ ਪੁਰਾਣਾਂ ਦੀ ਕਥਾ ਹੈ, ਜੋ ਹਿੰਦੂ ਧਰਮ ਵਿੱਚ ਮਨ ਪਰਚਾਵੇ ਦਾ ਸਾਧਨ ਹੋਣ ਤੋਂ ਇਲਾਵਾ ਧਰਮ ਦਾ ਸੁਨੇਹਾ ਪਹੁੰਚਾਉਣ ਦਾ ਜ਼ਰੀਆ ਵੀ ਸੀ। ਹੁਣ ਅਸੀਂ ਕੁੱਝ ਵਿਸ਼ੇ ਨਿਸਚਤ ਕਰਕੇ ਉਨ੍ਹਾਂ ਨਾਲ ਸੰਬੰਧਤ ਚੌਪਈਆਂ ਦੇ ਅਰਥਾਂ ਉੱਪਰ ਚਰਚਾ ਕਰਾਂਗੇ। ਇਸ ਨਾਲ ਪਾਠਕਾਂ ਨੂੰ ਜਾਣਕਾਰੀ ਮਿਲ ਸਕੇਗੀ ਕਿ ਕਬਿਯੋ ਬਾਚ ਬੇਨਤੀ ਚੌਪਈ ਨੂੰ ਨਿੱਤ ਨੇਮ ਵਿੱਚ ਪਾਉਣ ਵਾਲਿਆਂ ਦਾ ਉਦੇਸ਼ ਕੀ ਸੀ। ਸਾਡਾ ਪਹਿਲਾ ਵਿਸ਼ਾ ਹੈ ਅਸਿਧੁਜ। ਪੰਝੀ ਚੌਪਈਆਂ ਵਿਚੋਂ ਜਿਨ੍ਹਾਂ ਵਿੱਚ ਸ਼ਬਦ ਅਸਿਧੁਜ ਆਇਆ ਹੈ ਇਨਾਂ ਦਾ ਕਰਮਵਾਰ ਨੰਬਰਚਰਿਤ੍ਰ ੪੦੪ ਵਿੱਚ ੩੮੧, ੩੯੭ ਅਤੇ ੪੦੩ ਹੈ। ਅਸੀਂ ਇਨ੍ਹਾਂ ਤਿੰਨਾਂ ਚੌਪਈਆਂ ਨੂੰ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦੇ ਰਹੇ ਹਾਂ।

ਆਪ ਹਾਥ ਦੈ ਮੁਝੈ ਉਬਰਿਯੋ। ਮਰਨ ਕਾਲ ਕਾ ਤ੍ਰਾਸ ਨਿਵਰਿਯੋ। ਹੂਜੋ ਸਦਾ ਹਮਾਰੇ ਪਛਾ। ਸ੍ਰੀ ਅਸਿਧੁਜ ਜੂ ਕਰਿਯਹੁ ਰਛਾ। ੩੮੧। ਜੇ ਅਸਿਧੁਜ ਤਵ ਸਰਨੀ ਪਰੇ। ਤਿਨ ਕੇ ਦੁਸਟ ਦੁਖਿਤ ਹੈ ਮਰੇ। ਪੁਰਖ ਜਵਨ ਪਗੁ ਪਰੇ ਤਿਹਾਰੇ। ਤਿਨ ਕੇ ਤੁਮ ਸੰਕਟ ਸਭ ਟਾਰੇ। ੩੯੭। ਸ੍ਰੀ ਅਸਿਧੁਜ ਜਬ ਭਏ ਦਿਯਾਲਾ। ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਛਤ ਫਲ ਪਾਵੈ ਸੋਈ। ਦੂਖ ਨ ਤਿਸੈ ਬਿਆਪਤ ਕੋਈ। ੪੦੩। . . ੧. ੪ ਦਸਮ ਗ੍ਰੰਥ ਭਾਗ ੫ ਜੱਗੀ-ਜੱਗੀ ਪੰਨਾ ੬੭੦-੭੪

ਅਰਥ: ਹੇ ਅਸਿਧੁਜ! ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ। ਸਾਰਿਆਂ ਵੈਰੀਆਂ ਨੂੰ ਅੱਜ ਹੀ ਮਾਰ ਦਿਓ। ਮੇਰੀ ਆਸ ਪੂਰੀ ਹੋ ਜਾਏ। (ਸਦਾ) ਤੇਰੇ ਭਜਨ ਲਈ (ਅਥਵਾ ਭਗਤੀ ਲਈ) ਪਿਆਸ (ਤੀਬਰ ਇੱਛਾ) ਬਣੀ ਰਹੇ। ੩੮੧।

ਹੇ ਅਸਿਧੁਜ! ਜੋ ਤੁਹਾਡੀ ਸ਼ਰਨ ਵਿੱਚ ਪੈਂਦੇ ਹਨ, ਉਨ੍ਹਾਂ ਦੇ ਦੁਸ਼ਟ (ਦੁਸ਼ਮਨ) ਦੁਖੀ ਹੋ ਕੇ ਮਰਦੇ ਹਨ। (ਜੋ) ਪੁਰਸ਼ ਤੁਹਾਡੀ ਸ਼ਰਨ ਵਿੱਚ ਪੈਂਦੇ ਹਨ, ਉਨ੍ਹਾਂ ਦੇ ਸਾਰੇ ਸੰਕਟ ਤੁਸੀਂ ਦੂਰ ਕਰ ਦੇਂਦੇ ਹੋ। ੩੯੭।

ਜਦ ਸ੍ਰੀ ਅਸਿਧੁਜ (ਮਹਾ ਕਾਲ) ਦਿਆਲ ਹੋਏ ਤਾ ਉਸ ਵੇਲੇ (ਮੈਂ ਇਹ) ਗ੍ਰੰਥ ਮੁਕੰਮਲ ਕਰ ਲਿਆ। (ਜੋ ਇਸ ਦਾ ਪਠਨ ਪਾਠਨ ਕਰੇਗਾ ਉਹ ਮਨ-ਇੱਛਿਤ ਫਲ ਪ੍ਰਾਪਤ ਕਰੇਗਾ। ਉਸ ਨੂੰ ਕੋਈ ਵੀ ਦੁਖ ਵਿਆਪਤ ਨਹੀ ਹੋਵੇਗਾ। ੪੦੩।

ਡਾ ਜੱਗੀ ਆਖਰੀ ਚੌਪਈ ਵਿੱਚ ਅਸਿਧੁਜ ਦੇ ਮੂੰਹ ਤੋਂ ਘੁੰਘਟ ਚੁੱਕ ਦੇਂਦਾ ਹੈ ਅਤੇ ਹਿੰਦੂ ਧਰਮ ਦਾ ਦੇਵਤਾ ਮਹਾ ਕਾਲ ਆਪਣੇ ਦਰਸ਼ਨ ਦੇਂਦਾ ਹੈ। ਕੀ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਦੇਵਤੇ ਪੂਜਣ ਦਾ ਆਦੇਸ਼ ਦਿੱਤਾ ਸੀ ਜਾਂ ਅਕਾਲਪੁਰਖ ਦੀ ਭੇਜੀ ਗੁਰਬਾਣੀ ਨੂੰ ਵਿਚਾਰਨ ਦਾ ਅਤੇ ਉਸ ਤੋਂ ਸੇਧ ਲੈਣ ਦਾ ਹੁਕਮ ਕੀਤਾ ਸੀ? ਇਸ ਸਵਾਲ ਦਾ ਜਵਾਬ ਤਾਂ ਉਨ੍ਹਾਂ ਸਜਣਾਂ ਤੋਂ ਮੰਗਿਆ ਜਾਣਾ ਚਾਹੀਦਾ ਹੈ ਜੋ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਬਾਣੀ ਕਹਿੰਦੇ ਨਹੀਂ ਥੱਕਦੇ। ਗੁਰੂ ਗੋਬਿੰਦ ਸਿੰਘ ਨੇ ਤਾਂ ਸਿੱਖ ਦੀ ਪ੍ਰੀਖਆ ਲੈ ਕੇ ਸਿੰਘ ਸਜਾਇਆ ਸੀ ਅਤੇ ਖਾਲਸਾ ਪੰਥ ਦਾ ਮੈਂਬਰ ਬਣਾਇਆ ਸੀ। ਕੀ ਉਹ ਏਹੋ ਜੇਹੀ ਬਾਣੀ ਰਚ ਸਕਦੇ ਸਨ ਜੋ ਪਹਿਲੀਆਂ ਨੌਵਾਂ ਨਾਨਕ ਦੀਆਂ ਜੋਤਾਂ ਦੀ ਰਚੀ ਹੋਈ ਗੁਰਬਾਣੀ ਦੇ ਉਲਟੇ ਰਾਹ ਪਾਉਣ ਦੀ ਸਾਜ਼ਸ਼ ਦਾ ਮੁੱਢ ਬਣੇ। ਇਹ ਸਾਜ਼ਸ਼ ਤਾਂ ਤਿੰਨ ਸੌ ਸਾਲਾਂ ਤੋਂ ਚੱਲ ਰਹੀ ਹੈ ਅਤੇ ਇਸ ਦੇ ਪਿੱਛੇ ਸਿੱਖ ਧਰਮ ਦੇ ਵਿਰੋਧੀ ਲੋਕ ਹਨ। ਕੁੱਝ ਗੁਮਰਾਹ ਹੋਏ ਸਿੱਖ ਵੀਰ ਅਤੇ ਭੈਣਾਂ ਵੀ ਇਨ੍ਹਾਂ ਚਲਾਕ ਲੋਕਾਂ ਦੇ ਪਿੱਛੇ ਲੱਗੇ ਹੋਏ ਹਨ। ਦਸਮ ਗ੍ਰੰਥ ਦੀ ਬਾਣੀ ਵਿਚੋਂ ਕੁੱਝ ਵਿਦਵਾਨ ਫਰੋਲਾ ਫਰੋਲੀ ਕਰਕੇ ਇਹ ਸਾਬਤ ਕਰਨ ਦਾ ਯਤਨ ਕਰ ਰਹੇ ਹਨ ਕਿ ਇਹ ਦੀਆਂ ਦੋ ਜਾਂ ਤਿੰਨ ਤੁਕਾਂ ਜ਼ਰੂਰ ਸਿੱਖ ਧਰਮ ਦੀ ਫਿਲਾਸਫੀ ਨਾਲ ਮਿਲਦੀਆਂ ਹਨ। ਇਨ੍ਹਾਂ ਗੁਰਮੁੱਖਾਂ ਨੂੰ ਨਸ਼ਤਰ ਮਾਰਕੇ ਇਨਸਾਨੀ ਸਰੀਰ ਦਾ ਸੜਿਆ ਮਾਸ ਤਾਂ ਕਟੱਣਾ ਆਉਂਦਾ ਹੈ ਪਰ ਗੁਰਬਾਣੀ ਵਿੱਚ ਇੱਕਸਾਰਤਾ ਅਤੇ ਇੱਕਸੁਰਤਾ ਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ। ਗੁਰਬਾਣੀ ਵਿੱਚ ਰਲ਼ਾ ਪਾਉਣ ਵਾਲੇ ਲੋਕ ਨਿਰਾ ਕੂੜਾ ਨਹੀਂ ਪਾਉਂਦੇ ਉਹ ਚਲਾਕ ਲੋਕ ਗੁੜ ਵਿੱਚ ਸੰਖਿਆ ਮਿਲਾਕੇ ਖਾਣ ਲਈ ਦੇਂਦੇ ਹਨ। ਇਸ ਨੂੰ ਜੁਦਾ ਕਰਨ ਦਾ ਯਤਨ ਨਿਸਫਲ ਹੁੰਦਾ ਹੈ ਅਤੇ ਧਰਮ ਦੀ ਗਿਰਾਵਟ ਦੀਆਂ ਮਿਸਾਲਾਂ ਤਵਾਰੀਖ ਦੇ ਪੰਨਿਆਂ ਉੱਪਰ ਲਿਲ੍ਹਕੜੀਆਂ ਮਾਰ ਰਹੀਆਂ ਹਨ। ਬ੍ਰਹਮਣਵਾਦ ਨੇ ਬੁੱਧ ਧਰਮ ਦੀ ਭਾਰਤ ਵਿੱਚ ਕੀ ਦੁਰਦਸ਼ਾ ਕੀਤੀ ਸੀ। ਹੁਣ ਉਹ ਬਾਕੀ ਦੇ ਥੋੜੀ ਗਿਣਤੀ ਦੇ ਧਰਮਾਂ ਉੱਤੇ ਸੁਹਾਗਾ ਮਾਰ ਕੇ ਭਾਰਤ ਨੂੰ ਨਿਰੋਲ ਹਿੰਦੂ ਸਟੇਟ ਬਨਾਉਣ ਦੇ ਉਪਰਾਲੇ ਕਰਨ ਵਿੱਚ ਹਰ ਢੰਗ ਵਰਤ ਰਹੇ ਹਨ। ਕੀ ਭਾਰਤੀ ਸਿੱਖ ਇਸ ਚਣੌਤੀ ਦਾ ਮੁਕਾਬਲਾ ਕਰ ਸਕਣਗੇ? ਇਹ ਇੱਕ ਮਿਲੀਅਨ ਡਾਲਰ ਦਾ ਸਵਾਲ ਉਤਰ ਅਭਿਲਾਸ਼ੀ ਹੈ।

ਕਬਿਯੋ ਬਾਚ ਬੇਨਤੀ ਚੋਪਈ ਵਿੱਚ ਦੂਜਾ ਸ਼ਬਦ ਕਾਲ ਦਾ ਕਈ ਵਾਰੀ ਆਇਆ ਹੈ। ਇਸ ਸ਼ਬਦਵਾਲੀਆਂ ਚਾਰ ਚੌਪਈਆਂ ਪਾਠਕਾਂ ਦੀ ਵਿਚਾਰ ਵਾਸਤੇ ਅਰਥਾਂ ਸਮੇਤ ਹੇਠਾਂ ਦਿੱਤੀਆਂ ਗਈਆਂ ਹਨ।

ਜਵਨ ਕਾਲ ਜੋਗੀ ਸਿਵ ਕੀਯੋ। ਬੇਦ ਰਾਜ ਬ੍ਰਹਮਾ ਜੂ ਥੀਯੋ। ਜਵਨ ਕਾਲ ਸਭ ਲੋਕ ਸਵਾਰਾ। ਨਮਸਕਾਰ ਹੈ ਤਾਹਿ ਹਮਾਰਾ। ੩੮੪। ਜਵਨ ਕਾਲ ਸਭ ਜਗਤ ਬਨਾਯੋ। ਦੇਵ ਦੈਂਤ ਜਛਨ ਉਪਜਾਯੋ। ਆਦਿ ਅੰਤਿ ਏਕੈ ਅਵਤਾਰਾ। ਸੋਈ ਗੁਰੂ ਸਮਝਿਯਹੁ ਹਮਾਰਾ। ੩੮੫। ਜੋ ਕਲਿ ਕੋ ਇੱਕ ਬਾਰ ਧਿਐ ਹੈ। ਤਾ ਕੇ ਕਾਲ ਨਿਕਟਿ ਨਹਿ ਐ ਹੈ। ਰਛਾ ਹੋਇ ਤਾਹਿ ਸਭ ਕਾਲਾ। ਦੁਸਟ ਅਰਿਸਟ ਟਰੇ ਤਤਕਾਲਾ। ੩੯੮। ਏਕ ਬਾਰ ਜਿਨ ਤੁਮੈ ਸੰਭਾਰਾ। ਕਾਲ ਫਾਸ ਤੇ ਤਾਹਿ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ। ਦਾਰਿਦ ਦੁਸਟ ਦੋਖ ਤੇ ਰਹਾ। ੪੦੦। ੧. ੫ ਦਸਮ ਗ੍ਰੰਥ ਭਾਗ ੫ ਜੱਗੀ-ਜੱਗੀ ਪੰਨਾ ੬੭੨-੭੪

ਅਰਥ: ਜਿਸ ਕਾਲ ਨੇ ਸ਼ਿਵ ਨੂੰ ਜੋਗੀ ਬਣਾਇਆ ਹੈ ਅਤੇ ਬ੍ਰਹਮਾ ਜੀ ਨੂੰ ਵੇਦਾਂ ਦਾ ਰਾਜਾ ਬਣਾਇਆ ਹੈ। ਜਿਸ ਕਾਲ ਨੇ ਸਾਰਿਆਂ ਲੋਕਾਂ (ਭਵਨਾਂ) ਨੂੰ ਸੰਵਾਰਿਆ ਹੈ, ਉਸ ਨੂੰ ਮੇਰਾ ਪ੍ਰਨਾਮ ਹੈ। ੩੮੪।

ਜਿਸ ਕਾਲ ਨੇ ਸਾਰਾ ਜਗਤ ਬਣਾਇਆ ਹੈ ਅਤੇ ਦੇਵਤੇ, ਦੈਂਤ ਤੇ ਯਕਸ਼ ਪੈਦਾ ਕੀਤੇ ਹਨ। (ਜੋ) ਆਦਿ ਤੋਂ ਅੰਤ ਤਕ ਅਵਤਰਿਤ ਹੈ (ਭਾਵ- ਪ੍ਰਕਾਸ਼ਮਾਨ ਹੈ), ਉਸ ਨੂੰ ਮੇਰਾ ਗੁਰੂ ਸਮਝੋ। ੩੮੫। ਜੋ ਕਲਿ ਨੂੰ ਇੱਕ ਵਾਰ ਧਿਆਉਂਦੇ ਹਨ, (ਫਿਰ) ਕਾਲ ਉਨ੍ਹਾਂ ਦੇ ਨੇੜੇ ਨਹੀਂ ਆਉਂਦਾ। ਉਨ੍ਹਾਂ ਦੀ ਸਾਰੇ ਕਾਲਾਂ ਵਿੱਚ ਰੱਖਿਆ ਹੁੰਦੀ ਹੈ (ਅਤੇ ਉਨ੍ਹਾਂ ਦੇ) ਦੁਸ਼ਟ ਅਤੇ ਵਿਘਨ ਓਸੇ ਵੇਲੇ ਦੂਰ ਹੋ ਜਾਂਦੇ ਹਨ। ੩੯੮।

(ਹੇ ਪਰਮ ਸੱਤਾ!) ਜਿਸ ਨੇ ਇੱਕ ਵਾਰ ਤੁਹਾਨੂੰ ਯਾਦ ਕਰ ਲਿਆ, ਉਸ ਨੂੰ (ਤੁਸੀਂ) ਕਾਲ ਦੀ ਫਾਹੀ ਤੋਂ ਬਚਾ ਲਿਆ। ਜਿਸ ਵਿਅਕਤੀ ਨੇ ਤੁਹਾਡਾ ਨਾਮ ਉਚਾਰ ਦਿੱਤਾ, (ਉਹ) ਦਰਿਦ੍ਰ (ਗਰੀਬੀ), ਦੁਸ਼ਟ (ਦੁਸ਼ਮਨ) ਅਤੇ ਦੁੱਖਾਂ ਤੋਂ ਬਚ ਗਿਆ। ੪੦੦।

ਇਨ੍ਹਾਂ ਚੌਪਈਆਂ ਵਿੱਚ ਕਾਲ ਦੇ ਅਰਥ ਦੇਵਤੇ ਦੇ, ਸਮੇਂ ਦੇ ਅਤੇ ਮੌਤ ਦੇ ਹਨ। ਕੇਵਲ ਕਾਲ ਦੇਵਤੇ ਤੋਂ ਵੀ ਉੱਪਰ ਦੀ ਸ਼ਕਤੀ ਉਦੋਂ ਬਣਦਾ ਹੈ ਜਦੋਂ ਉਹ ਬ੍ਰਹਮਾ ਅਤੇ ਸ਼ਿਵ ਵਰਗੇ ਦੇਵਤਿਆਂ ਨੂੰ ਆਪਣੀ ਸ਼ਕਤੀ ਵਿਚੋਂ ਕੁੱਝ ਸ਼ਕਤੀ ਦੇ ਕੇ ਜੋਗੀ ਅਤੇ ਰਾਜਾ ਬਣਾਉਂਦਾ ਹੈ। ਕੇਵਲ ਪਰਮ ਸੱਤਾ ਦਾ ਸ਼ਬਦ ਮਹਾ ਕਾਲ ਲਈ ਹੀ ਵਰਤਿਆ ਗਿਆ ਹੈ। ਅਸੀਂ ਮਹਾ ਕਾਲ ਬਾਰੇ ਤੰਤਰਿਕ ਧਰਮ ਦੇ ਹਿੰਦੂ ਧਰਮ ਵਿੱਚ ਨਵੇਂ ਰੂਪ ਵਿੱਚ ਪਰਵੇਸ਼ ਕਰਨ ਬਾਰੇ ਇਸ ਲੇਖ ਦੇ ਅਰੰਭ ਵਿੱਚ ਗੱਲ ਕਰ ਆਏ ਹਾਂ। ਇਨ੍ਹਾਂ ਚੌਪਈਆਂ ਵਿੱਚ ਕੇਵਲ ਤੰਤਰਿਕ ਧਰਮ ਦੀ ਪ੍ਰਸੰਸਾ ਕੀਤੀ ਗਈ ਹੈ ਜਿਸ ਬਾਰੇ ਗੁਰੂ ਅਮਰਦਾਸ ਜੀ ਅਨੰਦ ਸਾਹਿਬ ਵਿੱਚ ਜ਼ਿਕਰ ਕਰਦੇ ਹਨ। ਇਹ ਗੁਰੂ ਸਬਦ ਪਾਠਕਾਂ ਦੀ ਸੇਵਾ ਵਿੱਚ ਅਰਥਾਂ ਸਮੇਤ ਹੇਠਾਂ ਦਿੱਤਾ ਗਿਆ ਹੈ।

ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥ ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ॥ ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ॥ ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ॥ ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ॥ ੨੬॥ . ੧. ੬ ਰਾਮਕਲੀ ਮ: ੩ ਅ: ਗ: ਗ: ਸ: ਪੰਨਾ ੯੨੦

ਅਰਥ: ਜੀਵਾਤਮਾ ਅਤੇ ਮਾਇਆ ਪੈਦਾ ਕਰ ਕੇ ਅਕਾਲਪੁਰਖ, ਇੱਕੋਓ, ਆਪ ਹੀ (ਇਹ) ਹੁਕਮ ਵਰਤਾਉਂਦਾ ਹੈ ਕਿ ਮਾਇਆ ਦਾ ਜ਼ੋਰ ਜੀਵਾਂ ਉਤੇ ਪਿਆ ਰਹੇ)। ਆਪ ਹੀ ਇਹ ਖੇਡ ਵੇਖਦਾ ਹੈ (ਕਿ ਕਿਸ ਤਰਾਂ ਜੀਵ ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ)। ਕਿਸੇ ਵਿਰਲੇ ਨੂੰ ਗੁਰੂ ਦੀ ਰਾਹੀਂ (ਇਸ ਖੇਡ ਦੀ) ਸੂਝ ਦੇ ਦੇਂਦਾ ਹੈ। (ਜਿਸ ਨੂੰ ਇਹ ਸੂਝ ਬਖਸ਼ਦਾ ਹੈ ਉਸ ਦੇ) ਮਾਇਆ (ਦੇ ਮੋਹ) ਦੇ ਇਹ ਬੰਧਨ ਤੋੜ ਦੇਂਦਾ ਹੈ। ਉਹ ਵਿਅਕਤੀ ਮਾਇਆ ਦੇ ਬੰਧਨਾਂ ਤੋਂ ਅਜ਼ਾਦ ਹੋ ਜਾਂਦਾ ਹੈ (ਕਿਉਂਕਿ) ਉਹ ਗੁਰੂ ਦੇ ਸਬਦ ਉੱਤੇ ਅਮਲ ਕਰਦਾ ਹੈ ਅਤੇ ਆਪਣਾ ਮਨ ਕਾਬੂ ਵਿੱਚ ਰੱਖਦਾ ਹੈ। ਗੁਰੂ ਦੀ ਸਿਖਿਆ ਉਹ ਵਿਅਕਤੀ ਲੈਂਦਾ ਹੈ ਜਿਸ ਉੱਤੇ ਇੱਕੋਓ ਦੀ ਮਿਹਰ ਹੁੰਦੀ ਹੈ। ੨੬।

ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਿੱਖ ਧਰਮ ਵਿੱਚ ਸਿਵ ਅਤੇ ਸਕਤੀ ਦੇ ਅਰਥ ਹਿੰਦੂ ਧਰਮ ਵਾਲੇ ਨਹੀਂ ਹਨ ਅਤੇ ਇਸ ਸ਼ਬਦਾਵਲੀ ਨੂੰ ਸਿੱਖ ਗੁਰੂ ਸਾਹਿਬਾਨ ਨੇ ਆਪਣੀ ਲੋੜ ਅਨੁਸਾਰ ਅਰਥਾਂ ਦੀ ਬਖਸ਼ਸ਼ ਕੀਤੀ ਹੈ। ਹਿੰਦੂ ਧਰਮ ਦੇ ਜਲ-ਵਾਯੂ ਦੀ ਗੋਦ ਵਿੱਚ ਜੰਮੇ ਪਲ਼ੇ ਵਿਅਕਤੀ ਹਰਮਿਨੀਉਟਿਕੀ ਵਿਗਿਆਨ ਅਨੁਸਾਰ ਆਪਣਾ ਪਿਛੋਕੜ ਭੁਲਣ ਵਿੱਚ ਜੇ ਉਚੇਚੀ ਕੋਸ਼ਿਸ਼ ਨਹੀਂ ਕਰਦੇ ਤਾਂ ਇਹ ਹਿੰਦੂ ਧਰਮ ਦੀ ਸੋਚਣੀ ਤੋਂ ਖਹਿੜਾ ਨਹੀਂ ਛੁਡਾ ਸਕਦੇ। ਇਹ ਹੋਰ ਸਿੱਖਾਂ ਲਈ ਵੀ ਇੱਕ ਬੜੀ ਵੱਡੀ ਸਮੱਸਿਆ ਖੜੀ ਕਰਨ ਦਾ ਕਾਰਨ ਬਣਦੇ ਹਨ।

ਸ਼ਬਦ ਨਿਰੰਕਾਰ ਦਸਮ ਗ੍ਰੰਥੇ ਵਿੱਚ ਕਬਯੋ ਬਾਚ ਬੇਨਤੀ ਚੋਪਈ ਵਿੱਚ ਮਿਲਦਾ ਹੈ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਈ ਵਾਰੀ ਵਰਤਿਆ ਗਿਆ ਹੈ। ਕਬਯੋ ਬਾਚ ਬੇਨਤੀ ਚੌਪਈ ਵਿੱਚ ਆਏ ਸਲੋਕ ਅਤੇ ਇਨ੍ਹਾਂ ਦੇ ਅਰਥ ਪਾਠਕਾਂ ਦੀ ਜਾਣਕਾਰੀ ਵਾਸਤੇ ਹੇਠਾਂ ਦੇ ਰਹੇ ਹਾਂ।

ਨਿਰੰਕਾਰ ਨ੍ਰਿਬਿਕਾਰ ਨ੍ਰਿਲੰਭ। ਆਦਿ ਅਨੀਲ ਅਨਾਦਿ ਅਸੰਭ। ਤਾ ਕਾ ਮੂੜ ਉਚਾਰਤ ਭੇਦਾ। ਜਾ ਕੋ ਭੇਵ ਨ ਪਾਵਤ ਬੇਦਾ। ੩੯੧। ਤਾ ਕੋ ਕਰਿ ਪਾਹਨ ਅਨੁਮਾਨਤ। ਮਹਾ ਮੂੜ ਕਛੁ ਭੇਦ ਨ ਜਾਨਤ। ਮਹਾਦੇਵ ਕੋ ਕਹਤ ਸਦਾ ਸਿਵ। ਨਿਰੰਕਾਰ ਕਾ ਚੀਨਤ ਨਹਿ ਭਿਵ। ੩੯੨। . . ੧. ੭ ਦਸਮ ਗ੍ਰੰਥ ਭਾਗ ੫ ਜੱਗੀ-ਜੱਗੀ ਪੰਨਾ ੬੭੨

ਅਰਥ: (ਹੇ ਪਰਮ ਸੱਤਾ! ਤੁਸੀਂ) ਨਿਰਾਕਾਰ, ਨਿਰਵਿਕਾਰ, ਨਿਰਾਧਾਰ (ਨ੍ਰਿਲੰਭ), ਆਦਿਕ (ਸਰੂਪ), ਅਨੀਲ (ਉਜਲੇ), ਅਨਾਦਿ ਅਤੇ ਅਸੰਭ (ਜਨਮ ਰਹਿਤ) ਹੋ। ਮੂਰਖ ਲੋਕ ਉਸ ਦੇ ਭੇਦ ਦਾ ਵਰਨਣ ਕਰ ਦੇ ਹਨ, ਜਿਸ ਦਾ ਭੇਦ ਵੇਦ ਵੀ ਨਹੀਂ ਪਾ ਸਕੇ ਹਨ। ੩੯੧।

(ਜੋ) ਉਸ ਦਾ ਅਨੁਮਾਨ ਪਥੱਰ ਵਿੱਚ ਕਰਦੇ ਹਨ, (ਉਹ) ਮਹਾਂ ਮੂਰਖ (ਉਸ ਦਾ) ਕੁੱਝ ਵੀ ਭੇਦ ਨਹੀਂ ਜਾਣਦੇ। ਉਹ ਮਹਾਂ ਦੇਵ ਨੂੰ ਸਦਾ ਸ਼ਿਵ ਕਹਿੰਦੇ ਹਨ, ਪਰ ਨਿਰੰਕਾਰ ਦਾ ਭੇਦ ਨਹੀਂ ਸਮਝਦੇ। ੩੯੨।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਬਦ ਨਿਰੰਕਾਰ ਕਈ ਵਾਰੀ ਵਰਤਿਆ ਗਿਆ ਹੈ। ਅਸੀਂ ਕੁੱਝ ਗੁਰੂ ਸਬਦ ਪਾਠਕਾਂ ਦੀ ਸੇਵਾ ਵਿੱਚ ਅਰਥਾਂ ਸਮੇਤ ਹੇਠਾਂ ਦਿੱਤੇ ਹਨ।

ਨਿਰੰਕਾਰਿ ਅਕਾਰੁ ਉਪਾਇਆ॥ ਮਾਰਿਆ ਮੋਹੁ ਹੁਕਮਿ ਬਣਾਇਆ॥ ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਆ॥ ੧॥ ੮॥ ੨੨॥ . ੧. ੮ ਮਾਰੂ ਮ: ੩ ਅ: ਗ: ਗ: ਸ: ਪੰਨਾ ੧੦੬੫

ਅਰਥ: ਜੇਹੜਾ ਵਿਅਕਤੀ ਇੱਕੋਓ ਦਾ ਨਾਮ ਗੁਰੂ ਕੋਲੋਂ ਸੁਣ ਕੇ ਮਨ ਵਿੱਚ ਵਸਾਉਂਦਾ ਹੈ। ਉਸ ਨੂੰ ਗਿਆਨ ਹੋ ਜਾਂਦਾ ਹੈ ਕਿ ਨਿਰੰਕਾਰ ਨੇ ਇਹ ਸਾਰਾ ਅਕਾਰ ਵਾਲਾ ਦਿੱਸਦਾ ਜਗਤ ਸਾਜਿਆ ਹੈ ਅਤੇ ਉਸ ਇਸ ਵਿੱਚ ਮਾਇਆ ਦਾ ਮੋਹ ਵੀ ਆਪ ਹੀ ਪਾ ਦਿੱਤਾ ਹੈ। ਇੱਕੋਓ ਆਪ ਹੀ ਇਹ ਸਾਰਾ ਖੇਲ੍ਹ ਰਚ ਰਿਹਾ ਹੈ। ੧। ੮। ੨੨।

ਦੂਸਰੀ ਮਿਸਾਲ ਅਸੀਂ ਭੱਟਾਂ ਦੀ ਬਾਣੀ ਵਿਚੋਂ ਦੇਂਦੇ ਹਾਂ। ਇਹ ਸਲੋਕ ਮਥਰੇ ਭੱਟ ਦਾ ਗੁਰੂ ਰਾਮਦਾਸ ਬਾਰੇ ਲਿਖਿਆ ਹੋਇਆ ਹੈ।

ਨਿਰੰਕਾਰ ਨਿਰਵੈਰ ਅਵਰ ਨਹੀੰ ਦੂਸਰ ਕੋਈ॥ ਭੰਜਨ ਗੜਮ ਸਮਰਥ ਤਰਨਤਾਰਨ ਪ੍ਰਭ ਸੋਈ॥ ੧॥ ੩॥ ੪੩॥ . . ੧. ੯ ਮਥਰਾ ਭੱਟ ਅ: ਗ: ਗ: ਸ: ਪੰਨਾ

ਅਰਥ: ਉਹ ਨਿਰੰਕਾਰ ਅਕਾਰ-ਰਹਿਤ ਹੈ, ਵੈਰ-ਰਹਿਤ ਹੈ। ਕੋਈ ਹੋਰ ਉਸ ਦੇ ਸਮਾਨ ਨਹੀਂ ਹੈ। ਉਹ ਜੀਵਾਂ ਨੂੰ ਪੈਦਾ ਕਰਨ ਅਤੇ ਮਾਰਨ ਦੀ ਤਾਕਤ ਰੱਖਦਾ ਹੈ। ਇਕੋਓ (ਜੀਵਾਂ ਨੂੰ ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼ ਹੈ। ੧। ੩। ੪੩।

ਦਸਮ ਗ੍ਰੰਥ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨਿਰੰਕਾਰ ਦੇ ਅਰਥ ਅਤੇ ਵਰਤੋਂ ਇੱਕ ਦੂਜੇ ਦੇ ਨੇੜੇ ਹੈ ਪਰ ਇੱਕ ਗੱਲ ਦਾ ਖਿਆਲ ਰੱਖਣ ਦੀ ਹਰ ਸਿੱਖ ਨੂੰ ਲੋੜ ਹੈ। ਦਸਮ ਗ੍ਰੰਥ ਦੇ ਲੇਖਕਾਂ ਨੇ ਦਸਮ ਗ੍ਰੰਥ ਦਾ ਸ਼ੋਸ਼ਾ ਖੜਾ ਕਰਨ ਤੋਂ ਪਹਿਲਾਂ ਆਦਿ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਪੜ੍ਹਾਈ ਕੀਤੀ ਹੋਈ ਸੀ ਅਤੇ ਉਹ ਇਸ ਦੀ ਸ਼ਬਦਾਵਲੀ ਤੋਂ ਪੂਰੀ ਤਰ੍ਹਾਂ ਵਾਕਫ ਸਨ। ਜੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਰਚਨਾ ਸੀ ਤਾਂ ਇਸ ਵਿੱਚ ਹਿੰਦੂ ਧਰਮ ਦੀਆਂ ਕਥਾ-ਕਹਾਣੀਆਂ ਕਿਵੇਂ ਆ ਗਈਆਂ ਜਿਨ੍ਹਾਂ ਤੋਂ ਸਿੱਖਾਂ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਸਪਸ਼ਟ ਸਬਦਾਂ ਵਿੱਚ ਸੁਚੇਤ ਕੀਤਾ ਗਿਆ ਹੈ।

ਅਸੀਂ ਸਬਦ ਕਰਤਾਰ ਦੀ ਵਰਤੌਂ ਵਾਲੀਆਂ ਚੌਪਈਆਂ ਕਬਿਯੋ ਬਾਚ ਬੇਨਤੀ ਚੌਈ ਵਿਚੋਂ ਪਾਠਕਾਂ ਦੀ ਸੇਵਾ ਵਿੱਚ ਅਰਥਾਂ ਸਮੇਤ ਹੇਠਾਂ ਦਿੱਤੀਆਂ ਹਨ।

ਹਮਰੇ ਦੁਸਟ ਸਭੇ ਤੁਮ ਘਾਵਹੁ। ਆਪੁ ਹਾਥ ਦੈ ਮੋਹਿ ਬਚਾਵਹੁ। ਸੁਖੀ ਬਸੈ ਮੋਰੇ ਪਰਿਵਾਰਾ। ਸੇਵਕ ਸਿਖ ਸਭੂ ਕਰਤਾਰਾ। ੩੭੮। ਜਬ ਉਦਕਰਖ ਕਰਾ ਕਰਤਾਰਾ। ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬਹੂੰ। ਤੁਮ ਮੈ ਮਿਲਤ ਦੇਹ ਧਰ ਸਭਹੂੰ। ੩੮੯. ੧. ੧੦ ਦਸਮ ਗ੍ਰੰਥ ਭਾਗ ੫ ਜੱਗੀ-ਜੱਗੀ ਪੰਨਾ ੬੭੦-੭੨

ਅਰਥ: ਮੇਰੇ ਸਾਰੇ ਦੁਸ਼ਟਾਂ (ਦੁਸ਼ਮਨਾਂ) ਨੂੰ ਤੁਸੀਂ ਖਤਮ ਕਰੋ। ਮੈਨੂੰ ਆਪਣਾ ਹੱਥ ਦੇ ਕੇ ਬਚਾਓ। ਹੇ ਕਰਤਾਰ! ਮੇਰਾ ਪਰਿਵਾਰ, ਸੇਵਕ ਅਤੇ ਸਿੱਖ ਸਭ ਸੁਖੀ ਵੱਸਦੇ ਰਹਿਣ। ੩੭੮। ਹੇ ਕਰਤਾਰ! ਜਦੋਂ (ਤੁਸੀਂ ਆਪਣਾ) ਵਿਸਤਾਰ ਕਰਦੇ ਹੋ, ਤਦ ਸਾਰੀ ਪ੍ਰਜਾ (ਆਪਣੀ) ਅਪਾਰ ਹੋਂਦ ਧਾਰਨ ਕਰਦੀ ਹੈ। ਜਦ ਕਦੇ (ਸ੍ਰਿਸ਼ਟੀ ਨੂੰ ਆਪਣੇ ਵੱਲ) ਖਿੱਚਦੇ ਹੋ, (ਤਦ) ਤੁਹਾਡੇ ਵਿੱਚ ਸਾਰੇ ਆਕਾਰ (ਦੇਹ ਧਾਰੀ) ਸਮਾ ਜਾਂਦੇ ਹਨ। ੩੮੯।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਬਦ ਕਰਤਾਰ ਦਸਮ ਗ੍ਰੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋਓ ਦੇ ਹੀ ਅਰਥਾਂ ਵਿੱਚ ਵਰਤਿਆ ਗਿਆ ਹੈ। ਪਰ ਵਰਤਣ ਦਾ ਢੰਗ ਅਤੇ ਉਦੇਸ਼ ਵੱਖਰੇ ਵੱਖਰੇ ਹਨ। ਦਸਮ ਗ੍ਰੰਥ ਵਿੱਚ ਕਰਤਾਰ ਦੀ ਵਰਤੋਂ ਕਰਨ ਲਗਿਆਂ ਲੋੜ ਦੇਵੀ ਅਤੇ ਦੇਵਤਿਆਂ ਨਾਲ ਪੂਰੀ ਕੀਤੀ ਗਈ ਹੈ ਜੋ ਹਿੰਦੂ ਧਰਮ ਦਾ ਮੁੱਖ ਟੀਚਾ ਹੈ। ਕਿਸੇ ਦੇਵੀ ਜਾਂ ਦੇਵਤੇ ਦੀ ਪੂਜਾ ਕਰਨਾ ਕੋਈ ਸੁਆਰਥ (ਖੁਦਗਰਜ਼ੀ) ਪੂਰਾ ਕਰਨਾ ਹੈ। ਜਿਵੇਂ ਦੁਸ਼ਟ ਮਾਰਨ ਦੀ ਜਾਂ ਬਚਾਓ ਕਰਨ ਦੀ ਮੰਗ ਵੀ ਕੀਤੀ ਗਈ ਹੈ। ਕੋਈ ਉਦੇਸ਼ਕ ਉੱਚੀ ਉਡਾਰੀ ਮਾਰਨੀ ਖੁਦਗਰਜ਼ੀ ਦੇ ਖੇਤਰ ਤੋਂ ਲਾਂਭੇ ਰੱਖੀ ਗਈ ਹੈ। ਆਦਿ ਗੁਰੂ ਗ੍ਰੰਥ ਸਾਹਿਬ ਵਿਚੋਂ ਸ਼ਬਦ ਕਰਤਾਰ ਵਾਲੇ ਸਲੋਕ ਉਦ੍ਹਾਰਨ ਵਜੋਂ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਪੇਸ਼ ਕੀਤੇ ਗਏ ਹਨ।

ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ॥ ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ॥ ੧॥ ਰਹਾਉ॥ ੩੩॥ ੬੩॥ . . ੧. ੧੧ ਬਿਲਾਵਲ ਮ: ੫ ਅ: ਗ: ਗ: ਸ: ਪੰਨਾ ੮੧੬

ਅਰਥ: ਹੇ ਭਾਈ! ਸਾਧਸੰਗਤ ਵਿੱਚ ਇੱਕੋਓ ਵੱਸਦਾ ਹੈ ਅਤੇ ਸੰਤ ਜਨਾ ਦੇ ਅੰਗ-ਸੰਗ ਰਹਿੰਦਾ ਹੈ। ਸਾਧਸੰਗਤ ਵਿੱਚ ਸਰਬ ਗੁਣ ਭਰਪੂਰ ਕਰਤਾਰ (ਦਾ ਨਾਮ) ਸਿਮਰ ਕੇ (ਵਿਅਕਤੀ) ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ੧। ਰਹਾਉ। ੩੩। ੬੩।

ਦਸਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ॥ ਕਰਤਾਰ ਕੁਦਰਤ ਕਰਣ ਖਾਲਕ ਨਾਨਕ ਤੇਰੀ ਟੇਕ॥ ੨॥ ੪॥ . ੧. ੧੨ ਤਿਲੰਗ ਮ: ੫ ਅ: ਗ: ਗ: ਸ: ਪੰਨਾ ੭੨੪

ਅਰਥ: ਹੇ ਸੂਰਮੇ ਕਰਤਾਰ! ਇੱਕ ਤੂੰ ਹੀ ਮੇਰਾ ਆਸਰਾ ਹੈਂ, ਮੇਰੀ ਸਹਾਇਤਾ ਕਰ। ਹੇ ਨਾਨਕ! (ਆਖ-) ਹੇ ਕਰਤਾਰ! ਹੇ ਕੁਦਰਤ ਦੇ ਰਚਨਹਾਰ! ਹੇ ਖਲਕਤ ਦੇ ਮਾਲਕ! ਮੈਨੂੰ ਤੇਰਾ ਆਸਰਾ ਹੈ। ੨। ੪।

ਗੁਰਬਾਣੀ ਦੇ ਇਨ੍ਹਾਂ ਸਲੋਕਾਂ ਦੇ ਅਰਥਾਂ ਤੋਂ ਸਪਸ਼ਟ ਹੈ ਕਿ ਹਰ ਸਿੱਖ ਇੱਕੋਓ, ਅਕਾਲਪੁਰਖ, ਨਾਲ ਰਿਸ਼ਤਾ ਬਨਾਉਣ ਲਈ ਉਸ ਦੀ ਭਾਲ ਸੰਗਤ ਅਤੇ ਸਿਮਰਨ ਵਿੱਚ ਕਰਦਾ ਹੈ, ਅਤੇ ਆਪਣਾ ਪੂਰਨ ਵਿਸ਼ਵਾਸ ਇੱਕੋਓ ਵਿੱਚ ਰੱਖਦਾ ਹੈ। ਉਸ ਨੂੰ ਅਕਾਲਪੁਰਖ ਹਰ ਵੇਲੇ ਯਾਦ ਰਹਿੰਦਾ ਹੈ ਅਤੇ ਕੇਵਲ ਲੋੜ ਵੇਲੇ ਹੀ ਅਕਾਲਪੁਰਖ ਵੱਲ ਨਹੀਂ ਭੱਜਦਾ।

ਕਬਯੋ ਬਾਚ ਬੇਨਤੀ ਚੌਪਈ ਵਿੱਚ ਸ਼ਬਦ ਸਿੱਖ ਵੀ ਵਰਤਿਆ ਗਿਆ ਹੈ ਪਰ ਇਸ ਦੇ ਅਰਥ ਅਤੇ ਪਰਸੰਗ ਸਿੱਖ ਧਰਮ ਨਾਲੋਂ ਵੱਖਰਾ ਹੈ। ਇਨ੍ਹਾਂ ਤੁਕਾਂ ਦਾ ਨਮੂਨਾ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤਾ ਗਿਆ ਹੈ।

ਤੁਮਹਿ ਛਾਡਿ ਕੋਈ ਅਵਰ ਨ ਧ੍ਹਯਾਉ। ਜੋ ਬਰ ਚਾਹੌ ਸੁ ਤੁਮ ਤੇ ਪਾਊ। ਸੇਵਕ ਸਿਖ੍ਹਯ ਹਮਾਰੇ ਤਾਰਿਯਹਿ। ਚੁਨ ਚੁਨ ਸਤ੍ਰ ਹਮਾਰੇ ਮਾਰਿਯਹਿ। ੩੮੦। ਅਬ ਰਛਾ ਮੇਰੀ ਤੁਮ ਕਰੋ। ਸਿਖ੍ਹਯ ਉਬਾਰਿ ਅਸਿਖ੍ਹਯ ਸੰਘਰੋ। ਦੁਸਟ ਜਿਤੇ ਉਠਵਤ ਉਤਪਾਤਾ। ਸਕਲ ਮਲੇਛ ਕਰੋ ਰਣ ਘਾਤਾ। ੩੯੬। . ੧. ੧੩ ਦਸਮ ਗ੍ਰੰਥ ਭਾਗ ੫ ਜੱਗੀ-ਜੱਗੀ ਪੰਨਾ ੬੭੦, ੬੭੪

ਅਰਥ: ਤੁਹਾਨੂੰ ਛੱਡ ਕੇ ਕਿਸੇ ਹੋਰ ਦੀ ਆਰਾਧਨਾ ਨ ਕਰਾਂ। ਜੋ ਵਰ ਚਾਹਵਾਂ, ਤੁਹਾਡੇ ਤੋਂ ਹੀ ਪ੍ਰਾਪਤ ਕਰਾਂ। ਮੇਰੇ ਸੇਵਕਾਂ ਅਤੇ ਸਿੱਖਾਂ ਨੂੰ (ਭਵਸਾਗਰ ਵਿਚੋਂ) ਤਾਰ ਦਿਓ। ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿਓ। ੩੮੦।

(ਤੁਸੀਂ) ਹੁਣ ਮੇਰੀ ਰੱਖਿਆ ਕਰੋ। (ਤੁਸੀਂ) ਸਿੱਖਾਂ ਨੂੰ ਬਚਾਓ ਅਤੇ ਅਸਿੱਖਾਂ ਨੂੰ ਨਸ਼ਟਕਰੋ। ਜਿੰਨੇ ਦੁਸ਼ਟ ਉਤਪਾਤ (ਉਪਦੱਰ ਮਚਾਉਂਦੇ ਹਨ, (ਉਨ੍ਹਾਂ) ਸਾਰਿਆਂ ਮਲੇਛਾਂ ਦਾ ਰਣ ਵਿੱਚ ਨਾਸ਼ ਕਰੋ। ੩੯੬।

ਸਿੱਖ ਧਰਮ ਵਿੱਚ ਵਰ ਵਰਗੇ ਕਰਮ ਕਾਂਡ ਲਈ ਕੋਈ ਥਾਂ ਨਹੀਂ ਹੈ। ਹਿੰਦੂ ਧਰਮ ਦੀ ਪਰੰਪਰਾ ਵਿੱਚ ਦੇਵੀ ਅਤੇ ਦਵਤਿਆਂ ਨੂੰ ਖੁਸ਼ ਕਰ ਕੇ ਵਰ ਮੰਗੇ ਜਾਂਦੇ ਹਨ। ਕੀ ਇੱਕੋਓ ਅੱਗੇ ਕਿਸੇ ਨੂੰ ਮਾਰਨ ਜਾਂ ਨਾਸ਼ ਕਰਨ ਦੀ ਪ੍ਰਾਰਥਨਾ ਕਰਨੀ ਠੀਕ ਹੈ? ਸਿੱਖ ਧਰਮ ਵਿੱਚ ਅਕਾਲਪੁਰਖ ਸਭ ਦਾ ਰਾਖਾ ਅਤੇ ਦੋਸਤ ਮੰਨਿਆਂ ਜਾਂਦਾ ਹੈ। ਰਹੀ ਸਿੱਖਾਂ ਅਤੇ ਸੇਵਕਾਂ ਦੇ ਬਚਾਉਣ ਦੀ ਬੇਨਤੀ ਜਿਸ ਨੂੰ ਬ੍ਰਾਹਮਣ ਦਾਨ-ਦੱਛਣਾ ਲੈ ਕੇ ਜਜਮਾਨਾਂ ਵਲੋਂ ਕਰਦਾ ਸੀ। ਸਿੱਖ ਧਰਮ ਵਿੱਚ ਤਾਂ ਵਿਚੋਲਾ ਹੀ ਕੋਈ ਨਹੀਂ ਅਤੇ ਹਰ ਸਿੱਖ ਨੂੰ ਆਪਣੇ ਵਾਸਤੇ ਇੱਕੋਓ ਅੱਗੇ ਆਪਣੇ ਵਲੋਂ ਅਰਦਾਸ ਕਰਨ ਦੀ ਆਗਿਆ ਹੈ। ਕੀ ਇਹ ਤੁਕਾਂ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੋ ਸਕਦੀਆਂ ਹਨ? ਇਸ ਦਾ ਉੱਤਰ ਕੇਵਲ ਉਨ੍ਹਾਂ ਸਿੱਖਾਂ ਨੂੰ ਦੇਣਾ ਚਾਹੀਦਾ ਹੈ ਜਿਨ੍ਹਾਂ ਦਸਮ ਗ੍ਰੰਥ ਨੂੰ, ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਣ ਦਾ ਪਰਨ ਕੀਤਾ ਹੋਇਆ ਹੈ। ਅਸਲ ਵਿੱਚ ਸਿੱਖ ਸ਼ਬਦ ਨੂੰ ਜੋ ਮਹਾਨਤਾ ਗੁਰੂ ਵਾਕਾਂ ਵਿੱਚ ਮਿਲ ਚੁੱਕੀ ਹੈ ਉਸ ਤੋਂ ਬਹੁਤ ਸਿੱਖ ਵਾਕਫ ਨਹੀਂ ਹਨ। ਇਨ੍ਹਾਂ ਨੂੰ ਯਾਦ ਕਰਵਾਉਣ ਲਈ ਗੁਰੂ ਸਬਦ ਅਤੇ ਇਸ ਦੇ ਅਰਥ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤੇ ਗਏ ਹਨ।

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ॥ ੮॥ ੨॥ ੯॥ . ੧. ੧੪ ਆਸਾ ਮ: ੪ ਅ: ਗ: ਗ: ਸ: ਪੰਨਾ ੪੪੪

ਅਰਥ: (ਪ੍ਰੇਮ ਦੀ ਬਰਕਤ ਨਾਲ) ਗੁਰੂ ਸਿੱਖ (ਨਾਲ ਇੱਕ ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿੱਚ ਲੀਨ ਹੋ ਜਾਂਦਾ) ਹੈ। ਸਿੱਖ ਗੁਰੂ ਵਾਲੇ ਉਪਦੇਸ਼ (ਦੀ ਲੜੀ) ਅਗਾਂਹ ਤੋਰਦਾ ਰਹਿੰਦਾ ਹੈ। ਹੇ ਨਾਨਕ! ਜਿਸ ਵਿਅਕਤੀ ਨੂੰ ਗੁਰੂ ਇੱਕੋਓ ਦੇ ਨਾਮ ਦਾ ਮੰਤਰ ਹਿਰਦੇ ਵਿੱਚ (ਵਸਾਉਣ ਲਈ) ਦੇਂਦਾ ਹੈ, ਪ੍ਰੇਮ ਸਦਕਾ ਉਸ ਦਾ ਮਿਲਾਪ (ਇੱਕੋਓ ਨਾਲ) ਹੋ ਜਾਂਦਾ ਹੈ। ੮। ੨। ੯।

ਇਨ੍ਹਾਂ ਅਰਥਾਂ ਤੋਂ ਸਾਫ ਜ਼ਾਹਰ ਹੂੰਦਾ ਹੈ ਕਿ ਇਹ ਬਾਣੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੋ ਸਕਦੀ ਕਿਉਂਕਿ ਉਹ ਤਾਂ ਗੁਰੂ ਨਾਨਕ ਜੀ ਦੀ ਦਸਵੀਂ ਜੋਤ ਸਨ। ਉਨ੍ਹਾਂ ਦੀ ਰਚਨਾ ਸਿੱਖ ਧਰਮ ਦੀ ਪਰੰਪਰਾ ਤੋਂ ਬਾਹਰ ਕਿਵੇਂ ਜਾ ਸਕਦੀ ਸੀ। ਇਹ ਤਾਂ ਕਿਸੇ ਬਿਪਰ ਦੀ ਹੀ ਲਿਖਤ ਹੈ ਜੋ ਸਿੱਖਾਂ ਨੂੰ ਗੁਮਰਾਹ ਕਰਨ ਲਈ ਘੜੀ ਗਈ ਇੱਕ ਚਾਲ ਹੈ, ਤਾਂ ਜੋ ਸਿੱਖ ਭੰਬਲ਼ਭੂਸੇ ਵਿੱਚ ਪਏ ਰਹਿਣ ਅਤੇ ਆਪੋ ਵਿੱਚ ਲੜਦੇ ਰਹਿਣ।

ਕਬਯੋ ਬਾਚ ਬੇਨਤੀ ਚੋਪਈ ੪੦੧ ਚੌਪਈ ਉੱਤੇ ਖਤਮ ਹੁੰਦੀ ਹੈ। ਜੇ ਅਸੀਂ ੪੦੨ ਚੌਪਈ ਨੂੰ ਵਿਚਾਰੀਏ ਤਾਂ ਸੱਪ ਪਟਾਰੀ ਵਿਚੋਂ ਬਾਹਰ ਨਿਕਲ ਕੇ ਦਰਸ਼ਨ ਦੇ ਦੇਂਦਾ ਹੈ। ਅਸੀਂ ਚੌਪਈ ੪੦੨ ਅਤੇ ਇਸ ਦੇ ਅਰਥ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦੇ ਰਹੇ ਹਾਂ।

ਕ੍ਰਿਪਾ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲਬਿਖ ਸਕਲ ਦੋਖ ਕੋ ਹਰਤਾ। ਦੁਸਟ ਦੋਖਿਯਨ ਕੋ ਛੈ ਕਰਤਾ। ੪੦੨। . ੧. ੧੫ ਦਸਮ ਗ੍ਰੰਥ ਭਾਗ ੫ ਜੱਗੀ-ਜੱਗੀ ਪੰਨਾ ੬੭੪

ਅਰਥ: ਮੇਰੇ ਉੱਪਰ ਜਗਮਾਤਾ ਨੇ ਕ੍ਰਿਪਾ ਕੀਤੀ ਹੈ (ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ (ਸ਼ੁਭਰਾਤਾ) ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸਰੀਰ ਦੇ ਸਾਰੇ ਪਾਪਾਂ ਨੂੰ ਨਸ਼ਟ ਕਰਨਵਾਲੀ ਅਤੇ ਦੁਸ਼ਟਾਂ (ਵੇਰੀਆਂ) ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ। ੪੦੨।

ਅਸੀਂ ਤੰਤਰਕ ਮੱਤ ਬਾਰੇ ਪਹਿਲੋਂ ਦੱਸ ਆਏ ਹਾਂ ਕਿ ਜਗਮਾਤਾ ਜਾਂ ਮਹਾ ਦੇਵੀ ਸ਼ਕਤੀਸ਼ਾਲੀ ਦੇਵੀ ਹੈ। ਇਸ ਦੀ ਪੂਜਾ ਤੰਤਰਕ ਮਤ ਨੂੰ ਮੰਨਣ ਵਾਲੇ ਲੋਕ ਕਰਦੇ ਹਨ। ਦਸਮ ਗ੍ਰੰਥ ਵਿੱਚ ਬਹੁਤ ਸਾਰੀਆਂ ਰਚਨਾਵਾਂ ਤੰਤਰਕ ਮਤ ਦੇ ਲਿਖਾਰੀਆਂ ਦੀਆਂ ਹੀ ਲਿਖਤਾਂ ਹਨ। ਇਨ੍ਹਾਂ ਨਾਲ ਗੁਰੂ ਗੋਬਿੰਦ ਸਿੰਘ ਦਾ ਨਾਮ ਚਲਾਕ ਲੋਕਾਂ ਨੇ ਜੋੜ ਕੇ ਆਪਣੀ ਪੇਟ ਪੂਜਾ ਦਾ ਪਰਬੰਧ ਕੀਤਾ ਹੈ। ਰਹਿਰਾਸ ਵਿੱਚ ਦੋ ਬਾਣੀਆਂ ਦਸਮ ਗ੍ਰੰਥ ਦੇ ਅਧਿਆਇ ਚੌਬੀਸ ਅਵਤਾਰ ਵਿਚੋਂ ਲਈਆਂ ਗਈਆਂ ਹਨ। ਇਨਾਂ ਦੀ ਪਿਛੋਕੜ ਜਾਣਨ ਵਾਸਤੇ ਇਨ੍ਹਾਂ ਤੋਂ ਪਹਿਲੀਆਂ ਚੌਪਈਆਂ ਨੂੰ ਵਿਚਾਰਨਾ ਲਾਹੇਵੰਦ ਹੋਵੇਗਾ। ਪਾਠਕਾਂ ਦੀ ਵਿਚਾਰ ਵਾਸਤੇ ਚੌਪਈ ੮੫੯ ਅਰਥਾਂ ਸਮੇਤ ਹੇਠਾਂ ਦਿੱਤੀ ਗਈਹੈ।

ਜੋ ਇਹ ਕਥਾ ਸੁਨੈ ਅਰੁ ਗਾਵੈ। ਦੂਖ ਪਾਪ ਤਿਹ ਨਿਕਟਿ ਨ ਆਵੈ। ਬਿਸਨ ਭਗਤਿ ਕੀ ਏ ਫਲੁ ਹੋਈ। ਆਧਿ ਬ੍ਹਯਾਧਿ ਛੈ ਸਕੈ ਨ ਕੋਈ। ੮੫੯। ੧. ੧੬ ਦਸਮ ਗ੍ਰੰਥ ਭਾਗ ੧ ਜੱਗ-ਜੱਗੀ ਪੰਨਾ ੬੮੦

ਅਰਥ: ਜੇ ਕੋਈ ਇਸ ਰਾਮ ਕਥਾ ਨੂੰ ਸੁਣੇਗਾ ਅਤੇ ਪੜ੍ਹੇਗਾ, ਦੁਖ ਅਤੇ ਪਾਪ ਉਸ ਦੇ ਨੇੜੇ ਨਹੀਂ ਆਉਣਗੇ। ਵਿਸ਼ਨੂ ਭਗਤੀ ਕਰਨ ਦਾ (ਇਹੀ ਫਲ਼) ਪ੍ਰਾਪਤ ਹੋਵੇਗਾ ਕਿ ਕੋਈ ਆਧਿ ਜਾਂ ਬਿਆਧਿ (ਉਸ ਭਗਤ ਨੂੰ) ਛੋਹ ਵੀ ਨਹੀਂ ਸਕੇਗੀ। ੮੫੯।

ਇਨ੍ਹਾਂ ਅਰਥਾਂ ਤੋਂ ਸਾਫ ਨਜ਼ਰ ਆ ਜਾਂਦਾ ਹੈ ਕਿ ਇਸ ਦਾ ਲੇਖਕ ਵਿਸ਼ਨੂ ਦਾ ਭਗਤ ਹੈ ਅਤੇ ਰਾਮ ਦੀ ਕਥਾ ਬਾਰੇ ਲਿਖਣ ਦਾ ਕਾਰਨ ਹੈ ਕਿ ਹਿੰਦੂ ਧਰਮ ਅਨੁਸਾਰ ਰਾਮ ਵੀ ਵਿਸ਼ਨੂ ਦਾ ਹੀ ਅਵਤਾਰ ਸੀ। ਅਗੋਂ ਦਿੱਤੀਆਂ ਤੁਕਾਂ ਵੀ ਵਿਸ਼ਨੂ ਭਗਤੀ ਦਾ ਹੀ ਚਮਤਕਾਰ ਹਨ। ਭਾਵੇਂ ਇਨਾਂ ਵਿੱਚ ਰਾਮਜਾਂ ਵਿਸ਼ਨੂ ਦੇ ਨਾਮ ਨਹੀਂ ਵਰਤੇ ਗਏ। ਸਵੈਯਾ ੮੬੩ ਚੌਬੀਸ ਅਵਤਾਰਾ ਵਿਚੋਂ ਜੋ ਰਹਿਰਾਸ ਵਿੱਚ ਪਾਇਆ ਗਿਆ ਹੈ ਪਾਠਕਾਂ ਦੀ ਸੇਵਾ ਵਿੱਚ ਅਰਥਾਂ ਸਮੇਤ ਹੇਠਾਂ ਦਿੱਤਾ ਗਿਆ ਹੈ।

ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਖ ਤਰੇ ਨਹੀ ਆਨਿਯੋ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤਿ ਏਕ ਨ ਮਾਨਿਯੋ। ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਿਯੋ। ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ ਕਰਿ ਮੈ ਨ ਕਹਿਯੋ ਸਬ ਤੋਹਿ ਬਖਾਨਿਯੋ। ੮੬੩। ੧. ੧੭ ਦਸਮ ਗ੍ਰੰਥ ਭਾਗ ੧ ਜੱਗੀ-ਜੱਗੀ ਪੰਨਾ ੬੮੨

ਅਰਥ: ਜਦ ਤੋਂ ਤੁਹਾਡੇ ਚਰਨ ਫੜੇ ਹਨ ਤਦ ਤੋਂ ਮੈਂ (ਹੋਰ) ਕਿਸੇ ਨੂੰ ਅੱਖ ਹੇਠਾਂ ਨਹੀਂ ਲਿਆਉਂਦਾ। ਰਾਮ, ਰਹੀੰਮ, ਪੁਰਾਨ ਅਤੇ ਕੁਰਾਨ ਨੇ ਅਨੇਕਾਂ ਮੱਤ ਕਹੇ ਹਨ (ਪਰ ਮੈਂ ਕਿਸੇ) ਇੱਕ ਨੂੰ ਵੀ ਨਹੀਂ ਮੰਨਦਾ। ਸਿੰਮ੍ਰਿਤੀਆਂ, ਸ਼ਾਸਤ੍ਰ, ਅਤੇ ਵੇਦ ਬਹੁਤ ਸਾਰੇ ਭੇਦ ਦੱਸਦੇ ਹਨ, ਪਰ ਮੈਂ ਇੱਕ ਵੀ ਨਹੀੰ ਜਾਣਿਆਂ। ਹੇ ਕਾਲਪੁਰਖ! ਤੇਰੀ ਕ੍ਰਿਪਾ ਕਰ ਕੇ (ਗ੍ਰੰਥ ਸਿਰਜਿਆ ਜਾ ਸਕਿਆ ਹੈ)। (ਇਹ) ਮੈਂ ਨਹੀੰ ਕਿਹਾ, ਸਾਰਾ ਤੁਸੀਂ ਹੀ ਕਥਨ ਕੀਤਾ ਹੈ। ੮੬੩।

ਦੋਹਰਾ ਜੋ ਤੀਜੀ ਬਾਣੀ ਹੈ ਉਹ ਵੀ ਚੌਬੀਸ ਅਵਤਾਰ ਦੇ ਅਧਿਆਇ ਵਿਚੋਂ ਹੈ ਅਤੇ ਉਪਰ ਦਿੱਤੇ ਸਵੈਯੇ ਦੇ ਪਿਛੋਂ ਆਉਂਦਾ ਹੈ। ਇਹ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤਾ ਗਿਆ ਹੈ।

ਸਗਲ ਦੁਆਰ ਕੋ ਛਾਡਿ ਕੈ ਗਹਿਓ ਤੁਹਾਰੋ ਦੁਆਰ। ਬਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ੮੬੪। . ੧. ੧੮ ਦਸਮ ਗ੍ਰੰਥ ਭਾਗ ੧ ਜੱਗੀ-ਜੱਗੀ ਪੰਨਾ ੬੮੨

ਅਰਥ: ਸਾਰੇ ਦਰਾਂ ਨੂੰ ਛੱਡ ਕੇ ਤੁਹਾਡਾ ਦਰ ਫੜਿਆ ਹੈ। ਤੁਹਾਨੂੰ ਬਾਂਹ ਫੜੀ ਦੀ ਲਾਜ ਹੈ, ਗੋਬਿੰਦ ਤੁਹਾਡਾ ਦਾਸ ਹਾਂ। ੮੬੪।

ਇਸ ਸਵੈਯੇ ਅਤੇ ਦੋਹਰੇ ਵਿੱਚ ਵਿਸ਼ਨੂ ਭਗਤ ਉਸ ਅੱਗੇ ਹਾੜ੍ਹੇ ਕੱਢਦਾ ਹੈ ਅਤੇ ਉਸ ਤੋਂ ਵਰ ਮੰਗਦਾ ਹੈ। ਇਸ ਸਭ ਕੁੱਝ ਕੌਣ ਕਰ ਸਕਦਾ ਹੈ? ਕੀ ਇੱਕ ਸਿੱਖ ਜਿਸ ਨੂੰ ਦੇਵੀ ਅਤੇ ਦੇਵਤੇ ਦੀ ਪੂਜਾ ਕਰਨ ਦੀ ਮਨਾਹੀ ਹੈ ਅਜੇਹਾ ਕਰੇਗਾ? ਗੁਰੂ ਗੋਬਿੰਦ ਸਿੰਘ ਤਾਂ ਗੁਰੂ ਨਾਨਕ ਦੀ ਦਸਵੀਂ ਜੋਤ ਸਨ ਉਹ ਅਜੇਹਾ ਕਿਵੇਂ ਕਰ ਸਕਦੇ ਸਨ? ਇਸ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਣ ਵਾਲੇ ਸਿੱਖ ਇੱਕ ਬਹੁਤ ਵੱਡੀ ਭੁੱਲ ਕਰ ਰਹੇ ਹਨ।

ਕਬਯੋ ਬਾਚ ਬੇਨਤੀ ਚੌਪਈ ਵਿੱਚ ਤਿੰਨਾਂ ਬਾਣੀਆਂ, ਜੋ ਦਸਮ ਗ੍ਰੰਥ ਵਿਚੋਂ ਪਾਈਆਂ ਗਈਆਂ ਹਨ, ਇਨ੍ਹਾਂ ਦਾ ਲੇਖਾ ਜੋਖਾ ਹੇਠਾਂ ਕੀਤਾ ਗਿਆ ਹੈ। ਇਸ ਕਹਾਣੀ ਦਾ ਮੁੱਢ ਰਾਜੇ ਸਤ ਸੰਧੂ ਤੋਂ ਅਰੰਭ ਹੁੰਦਾ ਹੈ। ਪੁਰਾਤਨ ਇਤਿਹਾਸ ਦੇ ਗਿਆਨ ਅਨੁਸਾਰ ਇਹ ਇੱਕ ਕਬੀਲੇ ਦਾ ਰਾਜਾ ਸੀ ਜਿਸ ਦੇ ਨਾਮ ਉੱਤੇ ਸੂਬਾ ਸਿੰਧ ਦਾ ਨਾਮ ਹਿੰਦੂ ਕਥਾ ਕਹਾਣੀਆਂ ਵਿੱਚ ਆਉਂਦਾ ਹੈ। ਦਰਿਆ ਸਿੰਧ ਦਾ ਨਾਉਂ ਵੀ ਇਸ ਗੱਲ ਦਾ ਸਬੂਤ ਦੇਂਦਾ ਹੈ। ਹਰ ਦਰਿਆ, ਪਹਾੜ ਅਤੇ ਕਬੀਲੇ ਦੇ ਨਾਉਂ ਦਾ ਆਪਸ ਵਿੱਚ ਡੂੰਘਾ ਰਿਸ਼ਤਾ ਤਵਾਰੀਖ ਦੀ ਗੋਦ ਵਿੱਚ ਛੁਪਿਆ ਪਿਆ ਹੈ ਜਿਸ ਨੂੰ ਫਰੋਲਣ ਨਾਲ ਪੁਰਾਣੇ ਧਰਮ, ਸੱਭਿਅਤਾ, ਅਤੇ ਲੋਕਾਂ ਬਾਰੇ ਜਾਣਕਾਰੀ ਦਾ ਸੋਮਾ ਮਿਲ ਜਾਂਦਾ ਹੈ। ਜਿਵੇਂ ਪਹਿਲੋਂ ਇਸ ਪੁਸਤਕ ਵਿੱਚ ਇਸ਼ਾਰਾ ਕੀਤਾ ਗਿਆ ਹੈ, ਬ੍ਰਾਹਮਣ ਮਿਸਰ ਦੇਸ਼ ਵਲੋਂ ਹੀ ਭਾਰਤ ਵਿੱਚ ਆਏ ਸਨ। ਉਹ ਸੂਬਾ ਸਿੰਧ ਦੇ ਰਸਤੇ ਹੀ ਭਾਰਤ ਵਿੱਚ ਦਾਖਲ ਹੋਏ ਸਨ। ਇਹ ਕਹਾਣੀ ਧਰਮ ਅਤੇ ਸਮਾਜ ਦੀ ਲੜੀ ਵਿੱਚ ਠੀਕ ਜਾਪਦੀ ਹੈ। ਬ੍ਰਾਹਮਣ ਦੇ ਸ਼ਬਦ ਤਿਲਕ ਦੀ ਵਰਤੋਂ ਕਰਨਾ ਵੀ ਇਸ ਵਿੱਚ ਠੀਕ ਜਾਪਦਾ ਹੈ ਕਿਉਂਕਿ ਇਹ ਉਸ ਦਾ ਹਜ਼ਾਰਾਂ ਸਾਲ ਪੁਰਣਾ ਅਕੀਦਾ ਅੱਜ ਵੀ ਹਿੰਦੂ ਧਰਮ ਵਿੱਚ ਪ੍ਰਚਲੱਤ ਹੈ। ਨਾਰਦ ਆਦਿਕ ਦਾ ਨਾਉਂ ਵਰਤਣਾ ਵੀ ਉਸਦਾ ਇਸ਼ਟ ਸੀ। ਦੋ ਸ਼ਬਦ ਅਸਿਕੇਤ ਅਥਵਾ ਜਗਤ ਦਾ ਨਾਥ ਅਤੇ ਅਸਿਧੁਜ ਅਥਵਾ ਮਨੁੱਖਾਂ ਦਾ ਰਾਜਾ ਹਿੰਦੂ ਧਰਮ ਦੀ ਸ਼ਬਦਾਵਲੀ ਵਿਚੋਂ ਲਏ ਗਏ ਹਨ। ਇਨ੍ਹਾਂ ਦੇ ਅਰਥ ਕਾਲਪੁਰਖ ਅਤੇ ਮਹਾ ਕਾਲ ਲੋੜ ਅਨੁਸਾਰ ਕਰ ਕੇ ਹਿੰਦੂ ਧਰਮ ਦੀਆਂ ਭੂਲ਼ ਭੁਲਾਈਆਂ ਦੀ ਖੇਲ ਰਚੀ ਗਈ ਹੈ। ਇਹ ਸਭ ਕੁੱਝ ਗੁਰਬਾਣੀ ਦੇ ਨਿਯਮਾਂ ਦੀ ਉਲੰਘਣਾ ਹੀ ਸਮਝੀ ਜਾਵੇਗੀ। ਸ਼ਬਦ ਕਰਤਾਰ ਅਤੇ ਨਿਰੰਕਾਰ ਭਾਵੇਂ ਸਿੱਖ ਧਰਮ ਦੇ ਅਰਥਾਂ ਵਿੱਚ ਹੀ ਵਰਤੇ ਗਏ ਹਨ ਪਰ ਮਨੋਰਥ ਸਿੱਖ ਧਰਮ ਵਾਲਾ ਨਹੀਂ ਹੈ। ਸ਼ਬਦ ਜਗਮਾਤਾ ਤੰਤਰਕ ਫਿਰਕੇ ਦੀ ਬੋਲੀ ਹੈ ਅਤੇ ਮਹਾ ਦੇਵੀ ਵਾਸਤੇ ਵਰਤਿਆ ਗਿਆ ਹੈ। ਵਿਸ਼ਨੂ ਭਗਤੀ ਨੂੰ ਸਿੱਖ ਧਰਮ ਦਾ ਅੰਗ ਬਨਾਉਣਾ ਇੱਕ ਕੋਝਾ ਕਦਮ ਹੈ ਜਿਸ ਨੂੰ ਸਿੱਖਾਂ ਵਾਸਤੇ ਮਾਨਤਾ ਦੇਣੀ ਆਤਮ ਘਾਤ ਹੀ ਕਿਹਾ ਜਾ ਸਕਦਾ ਹੈ।

ਅਸੀਂ ਸ: ਹਰਿੰਦਰ ਸਿੰਘ ਮਹਿਬੂਬ ਨਾਲ ਸਹਿਮਤ ਹਾਂ ਕਿ ਇਨ੍ਹਾਂ ਬਾਣੀਆਂ ਦੀ ਸਿੱਖ ਧਰਮ ਵਿੱਚ ਕੋਈ ਵੀ ਥਾਂ ਹੋਣੀ ਸਿੱਖ ਧਰਮ ਲਈ ਹਾਨੀ ਕਾਰਕ ਹੈ। ਇਨ੍ਹਾਂ ਬਾਣੀਆਂ ਦਾ ਫਲਸਫਾ ਹਿੰਦੂਧਰਮ ਦੀਆਂ ਰਚਨਾਵਾਂ ਤੋਂ ਆਇਆ ਹੈ ਅਤੇ ਸਿੱਖ ਧਰਮ ਦੇ ਨਿਯਮਾਂ ਦੇ ਉਲਟ ਪ੍ਰਥਾ ਚਲਾਉਣ ਨਾਲ ਇਸ ਨੇ ਡੇਰਾਵਾਦ ਅਤੇ ਟਕਸਾਲਵਾਦ ਨੂੰ ਉਤਸ਼ਾਹ ਦੇ ਕੇ, ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰ ਦਿੱਤਾ ਹੈ; ਅਥਵਾ ਸਿੱਖ ਧਰਮ ਵਿੱਚ ਵੱਖਵਾਦ ਨੂੰ ਉਤਸ਼ਾਹ ਦਿੱਤਾ ਹੈ। ਅੱਜ ਸਿੱਖਾਂ ਨੂੰ ਇੱਕ ਝੰਡੇ ਹੇਠਾਂ ਲੈ ਆਉਣਾ ਬਹੁਤ ਕਠਨ ਅਤੇ ਔਖਾ ਕੰਮ ਜਾਪਦਾ ਹੈ। ਅਸੀਂ ਅੱਜ ਸਿੰਘ ਸਭਾ ਲਹਿਰ ਅਤੇ ਅਕਾਲੀ ਦਲ ਦੀ ਕੀਤੀ ਸਿੱਖ ਧਰਮ ਦੀ ਸੇਵਾ ਦਾ ਹਿਸਾਬ ਕਰੀਏ ਤਾਂ ਉਸ ਵਕਤ ਦੇ ਸਿੱਖ ਵਿਦਵਾਨਾਂ ਦਾ ਅਜੇਹੀਆਂ ਬਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਦੀਆਂ ਬਾਣੀਆਂ ਮੰਨਣਾ ਮਹੰਤ ਧੜੇ ਅੱਗੇ ਅਣਜਾਣ ਪੁਣੇ ਵਿੱਚ ਗੋਡੇ ਟੇਕਣ ਦੇ ਬਰਾਬਰ ਸੀ। ਅੰਗਰੇਜ਼ ਦੇ ਰਾਜ ਸਮੇਂ ਜੋ ਸਿੱਖਾਂ ਨੇ ਹਕੂਕ ਹਾਸਲ ਕੀਤੇ ਸਨ ਉਨ੍ਹਾਂ ਨੂੰ ਹਾਸਲ ਕਰਨ ਪਿਛੋਂ ਸੰਭਾਲਣਾ ਮੁਸ਼ਕਲ ਹੋ ਗਿਆ ਸੀ। ਇਨ੍ਹਾਂ ਨੂੰ ਹੱਥੋਂ ਗੁਆਉਣ ਦਾ ਸਮਾਂ ਏਨਾ ਥੋੜਾ ਲੱਗਾ; ਜਿਵੇਂ ਸਿੱਖਾਂ ਵਿੱਚ ਲੀਡਰਸ਼ਿਪ ਦੀ ਥੁੜ ਸ਼ੁਰੂ ਤੋਂ ਹੀ ਚਲੀ ਆ ਰਹੀ ਹੋਵੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top