Share on Facebook

Main News Page

ਬਾਬਾ ਫ਼ਰੀਦ ਨੇ ਤਾਂ ਆਪਣੀ ਬਾਣੀ ’ਚ ਕਿਧਰੇ ਨਹੀਂ ਲਿਖਿਆ, ਕਿ ਉਨ੍ਹਾਂ ਦੀ ਮਾਤਾ ਜੀ ਨੇ ਨਿਵਾਜ਼ ਪੜ੍ਹਨ ਦੀ ਆਦਤ ਉਨ੍ਹਾਂ ਨੂੰ ਸ਼ੱਕਰ ਦੀਆਂ ਪੁੜੀਆਂ ਦੇ ਕੇ ਪਾਈ ਸੀ
- ਗਿਆਨੀ ਅਲਵਰ

* ਸਾਡੇ ਪਰਚਾਰਕ ਗੁਰਬਾਣੀ ਦੇ ਸਾਰੇ ਪੱਖਾਂ ਦੀ ਇੱਕਸਰ ਵਿਆਖਿਆ ਰਕਨ ਦੀ ਥਾਂ ਅਜੇਹੀਆਂ ਸਾਖੀਆਂ ਸੁਣਾ ਸੁਣਾ ਕੇ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਗੁਰਬਾਣੀ ਨਾਲ ਅਨਿਆਂ ਤੇ ਗੁਰੂ ਸਾਹਿਬ ਨਾਲ ਧਰੋਹ ਕਮਾ ਰਹੇ ਹਨ
* ਸ਼ੇਰ ਰੂਪੀ ਜਿਹੜੇ ਰਾਜੇ ਇਨ੍ਹਾਂ (ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ ਉਨ੍ਹਾਂ ਸਬੰਧੀ ਲਿਖ ਰਹੇ ਹਨ ਕਿ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ ਭਾਵ ਇੱਜਤ ਹੋਏ (ਸਮਝੇ ਜਾਂਦੇ ਹਨ)

ਬਠਿੰਡਾ, 20 ਸਤੰਬਰ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀ ਵਾਰ ਚੱਲ ਰਹੀ ਵਿਆਖਿਆ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ, ਦੌਰਾਨ ਅੱਜ ਸਵੇਰੇ ਪ੍ਰਸਿੱਧ ਕਥਾਵਾਚਕ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਿਹਾ ਕਿ ਗੁਰਬਾਣੀ ਦੇ ਇੱਕ ਪੱਖ ਦੀ ਵਿਆਖਿਆ ਕਰਦੇ ਸਾਡੇ ਪ੍ਰਚਾਰਕ ਤੇ ਕਥਾਵਾਚਕ ਗੁਰਬਾਣੀ ਦਾ ਦੂਜਾ ਪੱਖ ਬਿਲਕੁਲ ਹੀ ਵਿਸਾਰ ਦਿੰਦੇ ਹਨ ਤੇ ਇਸ ਤਰ੍ਹਾਂ ਉਹ ਗੁਰਬਾਣੀ ਨਾਲ ਅਨਿਆਂ ਤੇ ਗੁਰੂ ਨਾਲ ਧ੍ਰੋਹ ਕਮਾ ਰਹੇ ਹਨ। ਉਨ੍ਹਾਂ ਕਿਹਾ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: 784 ’ਤੇ ਦਰਜ਼ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਬਦ:

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥

ਦੀ ਵਿਆਖਿਆ ਕਰਦੇ ਹਨ ਤਾਂ ਉਹ ਗੁਰਬਾਣੀ ਦੇ ਦੂਜੇ ਪੱਖ ਨੂੰ ਬਿਲਕੁਲ ਵਿਸਾਰਦੇ ਹੋਏ ਆਪਣਾ ਸਾਰਾ ਜੋਰ ਮਿੱਠਾ ਬੋਲਣ ਦੀਆਂ ਉਦਾਹਰਣਾ ਦੇਣ ਲਈ ਬਾਬਾ ਫ਼ਰੀਦ ਜੀ ਦੇ ਸਲੋਕਾਂ ਦੀ ਵਿਆਖਿਆ ਕਰਕੇ ਸੁਣਾਉਣਗੇ:

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥129॥

ਭਾਵ ਇੱਕ ਭੀ ਫਿੱਕਾ ਬਚਨ ਨਾਂਹ ਬੋਲ (ਕਿਉਂਕਿ) ਸਭ ਵਿਚ ਸੱਚਾ ਮਾਲਕ (ਵੱਸ ਰਿਹਾ ਹੈ), ਕਿਸੇ ਦਾ ਭੀ ਦਿਲ ਨਾਂਹ ਦੁਖਾ (ਕਿਉਂਕਿ) ਇਹ ਸਾਰੇ (ਜੀਵ) ਅਮੋਲਕ ਮੋਤੀ ਹਨ ॥129॥
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥130॥

ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਂਹ ਢਾਹ ਕਿਉਂਕਿ ਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉੱਕਾ ਹੀ ਚੰਗਾ ਨਹੀਂ ॥130॥ (ਸਲੋਕ ਫਰੀਦ ਜੀ ਗੁਰੂ ਗ੍ਰੰਥ ਸਾਹਿਬ -ਪੰਨਾ 1384)।

ਇਸ ਪੱਖ ਦੀ ਵਿਆਖਿਆ ਕਰਦਿਆਂ ਉਹ ਗੁਰਬਾਣੀ ਚੋਂ ਭਾਲ ਭਾਲ ਕੇ ਹੋਰ ਸ਼ਬਦਾਂ ਤੋਂ ਇਲਾਵਾ, ਸ਼ੇਖ਼ ਸ਼ਾਹਦੀ ਤੇ ਗ਼ਾਲਬ ਦੇ ਉਰਦੂ ਦੇ ਸ਼ੇਅਰ ਵੀ ਸੁਣਾ ਜਾਂਦੇ ਹਨ ਤੇ ਕਹਿੰਦੇ ਹਨ ਵੇਖੋ ਜੀ ਗੁਰਬਾਣੀ ਉਪਦੇਸ਼ ਦਿੰਦੀ ਹੈ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ ਮਿੱਠੀ ਮਿੱਠੀ ਕਥਾ ਕਰਨੀ ਚਾਹੀਦੀ ਹੈ। ਇਹ ਲੋਕ ਬਾਬਾ ਸ਼ੇਖ਼ ਫ਼ਰੀਦ ਜੀ ਦੇ ਨਾਮ ਨਾਲ ਜੋੜ ਕਿ ਸਾਖੀਆਂ ਵੀ ਸੁਣਾਈ ਜਾਂਦੇ ਹਨ ਕਿ ਬਾਬਾ ਫ਼ਰੀਦ ਜੀ ਦੀ ਮਾਤਾ ਜੀ ਉਨ੍ਹਾਂ ਨੂੰ ਨਿਵਾਜ਼ ਪੜ੍ਹਨ ਲਈ ਲਾਲਚ ਦਿੰਦੀ ਸੀ ਕਿ ਨਿਵਾਜ਼ ਪੜ੍ਹਨ ਨਾਲ ਖ਼ੁਦਾ ਸ਼ੱਕਰ ਦਿੰਦਾ ਹੈ। ਇਸ ਲਈ ਉਸ ਤੋਂ ਚੋਰੀਓਂ ਸ਼ੱਕਰ ਦੀ ਪੁੜੀ ਰੱਖ ਦਿੰਦੀ ਸੀ। ਪਰ ਇਹ ਸਾਖੀਆਂ ਸੁਣਾਉਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਬਾਬਾ ਫ਼ਰੀਦ ਨੇ ਤਾਂ ਆਪਣੀ ਬਾਣੀ ’ਚ ਕਿਧਰੇ ਨਹੀਂ ਲਿਖਿਆ ਕਿ ਉਨ੍ਹਾਂ ਦੀ ਮਾਤਾ ਜੀ ਨੇ ਨਿਵਾਜ਼ ਪੜ੍ਹਨ ਦੀ ਆਦਤ ਉਨ੍ਹਾਂ ਨੂੰ ਸ਼ੱਕਰ ਦੀਆਂ ਪੁੜੀਆਂ ਦੇ ਕੇ ਪਾਈ ਸੀ। ਸਗੋਂ ਬਾਬਾ ਫ਼ਰੀਦ ਜੀ ਨੇ ਤਾਂ ਲਿਖਿਆ ਹੈ:

ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥70॥

ਹੇ ਫਰੀਦ! ਜੋ ਬੰਦੇ ਨਿਮਾਜ਼ ਨਹੀਂ ਪੜ੍ਹਦੇ (ਭਾਵ, ਜੋ ਬੰਦਗੀ ਵਲੋਂ ਗ਼ਾਫ਼ਿਲ ਹਨ) ਜੋ ਕਦੇ ਭੀ ਉੱਦਮ ਕਰ ਕੇ ਪੰਜੇ ਵੇਲੇ ਮਸੀਤ ਨਹੀਂ ਆਉਂਦੇ (ਭਾਵ, ਜੋ ਕਦੇ ਭੀ ਘੱਟ ਤੋਂ ਘੱਟ ਪੰਜ ਵੇਲੇ ਰੱਬ ਨੂੰ ਯਾਦ ਨਹੀਂ ਕਰਦੇ) ਉਹ ਕੁੱਤਿਆਂ (ਸਮਾਨ) ਹਨ, ਉਹਨਾਂ ਦਾ ਇਹ ਜੀਊਣ ਦਾ ਤਰੀਕਾ ਚੰਗਾ ਨਹੀਂ ਕਿਹਾ ਜਾ ਸਕਦਾ ॥70॥ (ਗੁਰੂ ਗ੍ਰੰਥ ਸਾਹਿਬ - ਪੰਨਾ 1381)

ਗਿਆਨੀ ਅਲਵਰ ਨੇ ਕਿਹਾ ਕਿ ਗੁਰਬਾਣੀ ਦੇ ਸਾਰੇ ਪੱਖਾਂ ਦੀ ਇੱਕਸਾਰ ਵਿਆਖਿਆ ਕਰਨ ਵਾਲਿਆਂ ਨੂੰ ਨਿੰਦਕ ਦੱਸਣ ਵਾਲੇ ਤਾਂ ਬਾਬਾ ਫਰੀਦ ਜੀ ਨੂੰ ਵੀ ਕਹਿ ਦਿੰਦੇ ਹੋਣਗੇ ਕਿ ਬਾਬਾ ਜੀ ਤੁਸੀਂ ਇਹ ਕੀ ਲਿਖ ਦਿੱਤਾ! ਆਪ ਤਾਂ ਸ਼ੱਕਰ ਦੀਆਂ ਪੁੜੀਆਂ ਦੇ ਲਾਲਚ ਨਾਲ ਨਿਵਾਜ਼ ਪੜ੍ਹਨ ਲੱਗੇ ਸੀ ਤੇ ਹੁਣ ਤੁਸੀਂ ਨਿਵਾਜ਼ ਪੜ੍ਹਨ ਬਦਲੇ ਕੁਝ ਲਾਲਚ ਦੇਣ ਦੀ ਬਜ਼ਾਏ ਨਿਵਾਜ਼ ਨਾ ਪੜ੍ਹਨ ਵਾਲਿਆਂ ਨੂੰ ਕੁੱਤਾ ਕਹਿ ਰਹੇ ਹੋ?

ਗਿਆਨੀ ਅਲਵਰ ਨੇ ਕਿਹਾ ਮੈਨੂੰ ਨਹੀਂ ਪਤਾ ਅਜਿਹੀਆਂ ਸਾਖੀਆਂ ਲਿਖਣ ਵਾਲੇ ਨੇ ਇਹ ਕਿਉਂ ਲਿਖੀਆਂ ਸਨ, ਪਰ ਸਾਡੇ ਪਰਚਾਰਕ ਗੁਰਬਾਣੀ ਦੇ ਸਾਰੇ ਪੱਖਾਂ ਦੀ ਇੱਕਸਰ ਵਿਆਖਿਆ ਰਕਨ ਦੀ ਥਾਂ ਅਜੇਹੀਆਂ ਸਾਖੀਆਂ ਸੁਣਾ ਸੁਣਾ ਕੇ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਗੁਰਬਾਣੀ ਨਾਲ ਅਨਿਆਂ ਤੇ ਗੁਰੂ ਸਾਹਿਬ ਨਾਲ ਧਰੋਹ ਕਮਾ ਰਹੇ ਹਨ। ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਦੋ ਸਲੋਕ ਉਚਾਰਣ ਕੀਤੇ ਹਨ ਜੋ ਮਲਾਰ ਕੀ ਵਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: 1288 ’ਤੇ ਦਰਜ ਹਨ:

ਸਲੋਕ ਮਃ 2 ॥ ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥’ ਜਗਤ ਇਸ ਤਰ੍ਹਾਂ ਦੀਆਂ (ਉਲਟੀਆਂ) ਗੱਲਾਂ ਕਰਦਾ ਹੈ। ਕਿ ਕੰਗਾਲ ਦਾ ਨਾਮ ਬਾਦਸ਼ਾਹ (ਰੱਖਿਆ ਜਾਂਦਾ ਹੈ), ਮੂਰਖ ਦਾ ਨਾਮ ਪੰਡਿਤ (ਰੱਖਿਆ ਜਾਂਦਾ ਹੈ), ਅੰਨ੍ਹੇ ਨੂੰ ਪਾਰਖੂ (ਆਖਿਆ ਜਾਂਦਾ ਹੈ)

ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥1॥’ ਸ਼ਰਾਰਤਿ (ਕਰਨ ਵਾਲੇ) ਦਾ ਨਾਮ ਚੌਧਰੀ (ਪੈ ਜਾਂਦਾ ਹੈ) ਤੇ ਝੂਠੀ ਜ਼ਨਾਨੀ ਸਭ ਤੋਂ ਅੱਗੇ ਥਾਂ ਮੱਲਦੀ ਹੈ (ਭਾਵ, ਹਰ ਥਾਂ ਪ੍ਰਧਾਨ ਬਣਦੀ ਹੈ)। ਹੇ ਨਾਨਕ! ਇਹ ਹੈ ਨਿਆਂ ਕਲਿਜੁਗ ਦਾ (ਭਾਵ, ਜਿੱਥੇ ਇਹ ਰਵਈਆ ਵਰਤੀਂਦਾ ਹੈ ਓਥੇ ਕਲਿਜੁਗ ਦਾ ਪਹਰਾ ਜਾਣੋ)। ਪਰ, ਗੁਰੂ ਦੇ ਸਨਮੁਖ ਹੋਇਆਂ ਹੀ ਇਹ ਸਮਝ ਪੈਂਦੀ ਹੈ (ਕਿ ਇਹ ਵਤੀਰਾ ਮਾੜਾ ਹੈ। ਮਨ ਦੇ ਪਿੱਛੇ ਤੁਰਨ ਵਾਲੇ ਲੋਕ ਇਸ ਰਵਈਏ ਦੇ ਆਦੀ ਹੋਏ ਰਹਿੰਦੇ ਹਨ) ॥1॥

ਮਃ 1 ॥ ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜ੍‍ਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥’ ਹਰਨ, ਬਾਜ਼ ਤੇ ਅਹਲਕਾਰ-ਇਹਨਾਂ ਦਾ ਨਾਮ ਲੋਕ ‘ਪੜ੍ਹੇ ਹੋਏ’ ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ, ਜਿਸ ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।

ਸੋ ਪੜਿਆ ਸੋ ਪੰਡਿਤੁ ਬੀਨਾ ਜਿਨੀ ਕਮਾਣਾ ਨਾਉ ॥ ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥’ ਜਿਸ ਜਿਸ ਨੇ 'ਨਾਮ' ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ (ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿਚ 'ਨਾਮ' ਬੀਜੇ)। ('ਨਾਮ' ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍‍ ਬੈਠੇ ਸੁਤੇ ॥’ ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)।

ਚਾਕਰ ਨਹਦਾ ਪਾਇਨ੍‍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਜਿਥੈ ਜੀਆਂ ਹੋਸੀ ਸਾਰ ॥ ਨਕੀਂ ਵਢੀ ਲਾਇਤਬਾਰ ॥2॥

ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਨ੍ਹਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ। ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ) ॥2॥

ਗਿਆਨੀ ਅਲਵਰ ਜੀ ਨੇ ਕਿਹਾ ਗਊ ਜਿਸ ਦੀ ਮਾਤਾ ਹੈ ਉਹ ਇਸ ਨੂੰ ਮਾਤਾ ਸਮਝੇ ਸਾਨੂੰ ਕੋਈ ਇਤਰਾਜ ਨਹੀਂ ਹੈ। ਉਹ ਇਸ ਦੀ ਜੀ ਸਦਕਾ ਪੂਜਾ ਕਰਨ, ਯਾਦਗਾਰ ਬਣਾਉਣ ਪਰ ਉਹ ਆਪਣੀ ਮਾਤਾ ਦੀ ਸੰਭਾਲ ਵੀ ਤਾਂ ਕਰਨ। ਉਨ੍ਹਾਂ ਕਿਹਾ ਸੜਕਾਂ ਚੌਕਾਂ ਵਿੱਚ ਕਿੰਨੀਆਂ ਹੀ ਗਊਆਂ ਹਾਦਸਿਆਂ ਦਾ ਕਾਰਣ ਬਣ ਰਹੀਆਂ ਹਨ। ਇਨ੍ਹਾਂ ਦੇ ਨਾਲ ਇਨ੍ਹਾਂ ਦੀਆਂ ਵੱਛੀਆਂ ਵੀ ਹੁੰਦੀਆਂ ਹਨ। ਜਿਹੜੇ ਗਊਆਂ ਨੂੰ ਆਪਣੀ ਮਾਤਾ ਕਹਿੰਦੇ ਹਨ ਉਨ੍ਹਾਂ ਲਈ ਇਹ ਵੱਛੀਆਂ ਉਨ੍ਹਾਂ ਦੀ ਭੈਣਾਂ ਹੋਈਆਂ! ਉਹ ਇਨ੍ਹਾਂ ਤਾਂ ਖ਼ਿਆਲ ਕਰ ਲੈਣ ਕਿ ਉਹ ਆਪਣੀਆਂ ਇਨ੍ਹਾਂ ਕੁਆਰੀਆਂ ਨੌਜਵਾਨ ਭੈਣਾਂ ਦਾ ਪਰਦਾ ਕੱਜਣ ਲਈ ਕੋਈ ਪ੍ਰੋਜੈਕਟ ਹੀ ਉਲੀਕ ਲੈਣ।

ਗਿਆਨੀ ਅਲਵਰ ਨੇ ਕਿਹਾ ਇਹ ਮਿੱਠੀਆਂ ਗੱਲਾਂ ਕਰਨ ਵਾਲੇ ਪੜ੍ਹੇ ਹੋਏ ਰਾਜੇ ਜਿਹੜੇ ਆਪ ਤਾਂ ਗੁਲਾਮ ਬਣੇ ਹੀ ਹੋਏ ਹਨ, ਉਹ ਦੂਸਰੇ ਨੂੰ ਆਪਣੀ ਮਾਤਾ ਦੀ ਸੰਭਾਲ ਤੇ ਭੈਣਾਂ ਦੀ ਪੱਤ ਕੱਜਣ ਦੀ ਸਲਾਹ ਦੇਣ ਦੀ ਬਜ਼ਾਏ, ਆਪਣੇ ਭਰਾਵਾਂ ਨੂੰ ਵੀ ਗੁਲਾਮ ਬਣਾਉਣ ਲਈ ਕਤਲ ਹੋਈਆਂ ਗਊਆਂ ਦੀ ਤਾਂ ਯਾਦਗਾਰ ਬਣਾਉਣ ਦਾ ਐਲਾਣ ਕਰ ਰਹੇ ਹਨ, ਪਰ ਆਪਣੇ ਭਰਾਵਾਂ ਦਾ ਇਨ੍ਹਾਂ ਦੀ ਪੁਲਿਸ ਗੋਲੀ ਮਾਰ ਕੇ ਕਤਲ ਕਰ ਦੇਵੇ ਤਾਂ ਗੋਲੀ ਮਾਰਨ ਵਾਲੇ ’ਤੇ ਕੇਸ ਵੀ ਦਰਜ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਇਨ੍ਹਾਂ ਸ਼ੇਰ ਰੂਪੀ ਰਾਜੇ ਜਿਹੜੇ ਇਨ੍ਹਾਂ (ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ ਉਨ੍ਹਾਂ ਸਬੰਧੀ ਲਿਖ ਰਹੇ ਹਨ, ਕਿ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ ਭਾਵ ਇੱਜਤ ਹੋਏ (ਸਮਝੇ ਜਾਂਦੇ ਹਨ)।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top