Share on Facebook

Main News Page

ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਬਾਣੀ ਗੁਰੂ ਅਮਰਦਾਸ ਜੀ ਕੋਲ ਮੌਜੂਦ ਸੀ
- ਵਰਿੰਦਰ ਸਿੰਘ

ਅਸੀਂ ਪਿਛਲੇ ਲੇਖ ਵਿੱਚ ਇਹ ਨਿਰਣਾ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਜੀ ਕੋਲ ਸੀ ਅਤੇ ਬਾਣੀ ਸ੍ਰੀ ਚੰਦ ਕੋਲ ਰਹਨ ਵਾਲੀ ਕਹਾਣੀ ਝੂਠੀ ਹੈ । ਆਓ ਦੇਖੀਏ ਕਿ ਗੁਰੂ ਅਮਰਦਾਸ ਜੀ ਦੀ ਬਾਣੀ ਵਿਚੋਂ ਸਾਨੂੰ ਹੋਰ ਕੀ ਪ੍ਰਮਾਣ ਮਿਲਦੇ ਹਨ ?

ਗੁਰੂ ਗਰੰਥ ਸਾਹਿਬ ਜੀ ਵਿੱਚ ੩੧ ਰਾਗਾਂ ਵਿੱਚ ਬਾਣੀ ਲਿਖੀ ਹੋਈ ਹੈ, ਜਿਨ੍ਹਾਂ ਵਿਚੋਂ ਗੁਰੂ ਨਾਨਕ ਸਾਹਿਬ ਜੀ ਨੇ ੧੯ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ । ਗੁਰੂ ਅਮਰਦਾਸ ਜੀ ਨੇ ਰਾਗ ਤਿਲੰਗ ਅਤੇ ਤੁਖਾਰੀ ਨੂ ਛੱਡ ਕੇ, ਬਾਕੀ ਸਾਰੇ ਓਹੀ ਰਾਗ ਵਰਤੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਵਰਤੇ । ਇਹ ਸਿਰਫ ਅਤੇ ਸਿਰਫ ਤਾਂ ਹੀ ਸੰਭਵ ਹੋ ਸਕਦਾ ਸੀ, ਜੇ ਓਹਨਾ ਕੋਲ ਓਹ ੧੭ ਰਾਗਾਂ ਵਿੱਚ ਲਿਖੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੁੰਦੀ । ਇਸ ਤੋਂ ਇਲਾਵਾ ਵੇਖੀਏ ਕੇ ਹੋਰ ਕੀ ਕੀ ਸਮਾਨਤਾਵਾਂ ਹਨ ;

ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ੩੩ ਸ਼ਬਦ ਹਨ ਅਤੇ ਗੁਰੂ ਅਮਰਦਾਸ ਜੀ ਦੇ ੩੧ ਸ਼ਬਦ ਹਨ । ਇਹਨਾ ੩੧ ਸ਼ਬਦਾ ਵਿਚੋਂ ੨੮ ਸ਼ਬਦ ਏਹੋ ਜਿਹੇ ਹਨ ਜੋ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਨਾਲ ਮਿਲਦੇ ਜੁਲਦੇ ਹਨ।

ਗੁਰੂ ਨਾਨਕ ਸਾਹਿਬ ਜੀ ਨੇ ‘ਮਨ ਰੇ...੫ ਵਾਰੀ, ਭਾਈ ਰੇ ...੩ ਵਾਰੀ, ਮੇਰੇ ਮਨ...੧ ਵਾਰੀ, ਅਤੇ ਮੁੰਧੇ...੧ ਵਾਰ’ ਵਰਤਿਆ ਹੈ।

ਗੁਰੂ ਅਮਰਦਾਸ ਜੀ ਨੇ ‘ਮਨ ਰੇ ...੫ ਵਾਰੀ, ਮੇਰੇ ਮਨ ਜਾਂ ਮਨ ਮੇਰੇ...੧੨ ਵਾਰ, ਭਾਈ ਰੇ...੯ ਵਾਰ, ਅਤੇ ਮੁੰਧੇ...੨ ਵਾਰ’ ਵਰਤਿਆ ਹੈ।

ਇਸ ਤੋਂ ਇਲਾਵਾ ਅਸ਼ਟਪਦੀਆਂ ਵਿਚ ਵੀ ਇਹ ‘ਭਾਈ ਰੇ’ ਅਤੇ ‘ਮਨ ਰੇ’ ਵਾਲੀ ਸਾਂਝ ਮਿਲਦੀ ਹੈ। ਇਹ ਕੋਈ ਆਮ ਗਲ ਨਹੀਂ ਹੈ ਕਿਉਂਕਿ ਸਾਰੇ ਗੁਰੂ ਗਰੰਥ ਸਾਹਿਬ ਜੀ ਵਿਚ ਸਿਰਫ ੨੮ ਅਸ਼ਟਪਦੀਆਂ ਹਨ, ਜਿਨਾ ਦੀ ਰਹਾਉ ਵਾਲੀ ਤੁਕ ਇਹਨਾ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ ਅਤੇ ਇਕਲੇ ਸ੍ਰੀ ਰਾਗ ਵਿਚ ੨੫ ਅਸ਼ਟਪਦੀਆਂ ਏਹੋ ਜਿਹੀਆਂ ਹਨ।

ਇਸ ਤੋਂ ਇਲਾਵਾ ‘ਰਾਗ ਮਾਝ’ਅਤੇ ‘ਰਾਗ ਗਉੜੀ’ ਵਿਚ ਵੀ ਤੁਕਾਂ ਦੀ ਲੰਬਾਈ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਪਤਾ ਚੱਲ ਜਾਵੇਗਾ ਕੇ ਕਿੰਨੀ ਸਮਾਨਤਾ ਹੈ। ਇਸ ਤੋਂ ਬਾਅਦ ‘ਆਸਾ ਰਾਗ’ ਵਿਚ ਜਿਹੜੀ ‘ਪਟੀ’ ਆਉਂਦੀ ਹੈ, ਉਸ ਨੂ ਧਿਆਨ ਨਾਲ ਵੇਖੋ ਤਾਂ ਪਤਾ ਲਗ ਜਾਵੇਗਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਪਟੀ ਗੁਰੂ ਅਮਰਦਾਸ ਜੀ ਦੇ ਸਾਹਮਣੇ ਸੀ;

ਮਨ ਕਾਹੇ ਭੂਲੇ ਮੂੜ ਮਨਾ ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥(ਮਹਲਾ ੧)
ਮਨ ਐਸਾ ਲੇਖਾ ਤੂੰ ਕੀ ਪੜਿਆ ॥ ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥(ਮਹਲਾ ੩)

ਇਸ ਤੋਂ ਬਾਅਦ ਸ਼ਬਦਾਂ ਦੀ ਸਾਂਝ ਵੇਖੋ ;

ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ ॥ (ਮਹਲਾ ੧)
ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥ (ਮਹਲਾ ੩)

ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥ (ਮਹਲਾ ੧)
ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥ (ਮਹਲਾ ੩)

ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥ (ਮਹਲਾ ੧)
ਸੇਜ ਸੁਹਾਵੀ ਜਾ ਪਿਰਿ ਰਾਵੀ ਮਿਲਿ ਪ੍ਰੀਤਮ ਅਵਗਣ ਨਸੇ ॥ (ਮਹਲਾ ੩)

ਇਸ ਤੋਂ ਬਾਅਦ ਤੁਹਾਨੂ ਬਾਕੀ ਰਾਗਾਂ ਵਿਚ ਵੀ ਬਹੁਤ ਸ਼ਬਦ ਮਿਲ ਜਾਣਗੇ ਜਿਨਾ ਨੂ ਵੇਖ ਕੇ ਕੋਈ ਵੀ ਦੱਸ ਸਕਦਾ ਹੈ ਕੇ ਗੁਰੂ ਅਮਰਦਾਸ ਜੀ ਕੋਲ ਗੁਰੂ ਨਾਨਕ ਸਾਹਿਬ ਜੀ ਦੀ ਪੂਰੀ ਬਾਣੀ ਮਜੂਦ ਸੀ।

ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥(ਮਹਲਾ ੧ ਰਾਗ ਗੁਜਰੀ)
ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥(ਮਹਲਾ ੩ ਰਾਗ ਗੁਜਰੀ)

ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥(ਮਹਲਾ ੧ ਰਾਗ ਵਡਹੰਸ)
ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥ (ਮਹਲਾ ੩ ਵਡਹੰਸ)

ਦੂਜੀ ਦੁਰਮਤਿ ਦਰਦੁ ਨ ਜਾਇ ॥ ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥ (ਮਹਲਾ ੧ ਬਿਲਾਵਲ)
ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ ॥ (ਮਹਲਾ ੩ ਬਿਲਾਵਲ)

ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ (ਮਹਲਾ ੧ ਭੈਰਉ)
ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ ॥ (ਮਹਲਾ ੩ ਭੈਰਉ)

ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥ (ਮਹਲਾ ੧ ਭੈਰਉ)
ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ ਬਿਨੁ ਸਬਦੈ ਸੁਰਤਿ ਨ ਪਾਈ ॥ (ਮਹਲਾ ੩ ਭੈਰਉ)

ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ (ਮਹਲਾ ੧ ਸਾਰੰਗ)
ਕੋਟਿ ਕੋਟੰਤਰ ਕੇ ਪਾਪ ਬਿਨਾਸਨ ਹਰਿ ਸਾਚਾ ਮਨਿ ਭਾਇਆ ॥ (ਮਹਲਾ ੩ ਸਾਰੰਗ)

ਇਸ ਵਿਚਾਰ ਤੋਂ ਇਹ ਸਿਧ ਹੁੰਦਾ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਕੋਲ ਗੁਰੂ ਨਾਨਕ ਸਾਹਿਬ ਜੀ ਦੀ ਪੂਰੀ ਬਾਣੀ ਮੋਜੂਦ ਸੀ। ਆਓ, ਸਾਰੇ ਅਰਦਾਸ ਕਰੀਏ ਕੇ ਮੇਰੀ ਕੌਮ ਦੇ ਅਖੌਤੀ ਸੰਤਾਂ, ਮਹਾਂਪੁਰਸ਼ਾਂ ਨੂੰ ਰਬ ਸਮੱਤ ਬਖਸ਼ੇ, ਤਾਂ ਕਿ ਓਹ ਝੂਠੀਆਂ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਨਾ ਕਰ ਸਕਣ।

ਭੁੱਲ ਚੁੱਕ ਦੀ ਖਿਮਾ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top