Share on Facebook

Main News Page

ਜੇ ਮਾਸਟਰ ਤਾਰਾ ਸਿੰਘ ਡਾ. ਅੰਬੇਡਕਰ ਨੂੰ ਸਿੱਖੀ ਵਿਚੋਂ ਨਾ ਦੁਰਕਾਰਦੇ, ਤਾਂ ਅੱਜ ਸਿੱਖ ਹੋਣੇ ਸੀ 40 ਕਰੋੜ ਤੋਂ ਵੱਧ
-
ਗੁਰਨਾਮ ਸਿੰਘ ਅਕੀਦਾ 98885 06897

* ਭਾਰਤ ਵਿਚ ਘੱਟ ਗਿਣਤੀ ਹਿੰਦੂ ਹੋਣੇ ਸਨ : ਸ੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੋਣੇ ਸਨ ਭਾਰਤ ਦੇ ਹਰ ਪਿੰਡ ਚ
* ਆਪਣੀ ਸਰਦਾਰੀ ਖੁਸਦੀ ਨਜ਼ਰ ਆਈ ਤਾਂ ਸਿੱਖ ਆਗੂਆਂ ਨੇ ਸਿੱਖੀ ਦੀਆਂ ਧਾਰਨਾਵਾਂ ਬੇਅਮਲ ਕਰ ਦਿਤੀਆਂ, ਜਦ ਕਿ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਆਪਣੀ ਧੀ ਦਾ ਡੋਲਾ ਦੇਣ ਦੀ ਪੇਸਕਸ਼ ਕੀਤੀ ਸੀ ਡਾ. ਅੰਬੇਡਕਰ ਨੂੰ

ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੇ ਸਿੱਖ ਧਰਮ ਅਪਨਾਉਣ ਦਾ ਫੈਸਲਾ ਕਰ ਲਿਆ ਸੀ, ਆਪਣੇ ਭਤੀਜੇ ਨੂੰ ਅਮ੍ਰਿਤ ਵੀ ਛਕਾ ਦਿਤਾ ਗਿਆ ਸੀ, ਉਸ ਸਮੇਂ ਦੇ ਕੁਝ ਦਲਿਤ ਵਿਰੋਧੀ ਹਾਕਮਾਂ ਨੇ ਆਪਣੀ ਸਰਦਾਰੀ ਖੁਸਦੀ ਨਜ਼ਰ ਆਉਂਦੀ ਵੇਖ ਕੇ ਸਿੱਖੀ ਦੇ ਸਾਰੇ ਹੀ ਸਾਂਝੀਵਾਲਤਾ ਦੇ ਆਦਰਸ਼, ਗੁਰੂ ਸਹਿਬਾਨਾਂ ਵਲੋਂ ਦਿਤੇ ਸੰਦੇਸ਼ ਸਾਰਿਆਂ ਨੂੰ ਹੀ ਤਿਲਾਂਜਲੀ ਦੇ ਦਿਤੀ, ਸਿਰਫ ਨਿੱਜ ਪੱਖੀ ਹੋ ਗਏ ਤੇ ਸਿੱਖੀ ਨੂੰ ਸਾਰੇ ਵਿਸ਼ਵ ਵਿਚ ਫਿਲਾਉਣ ਦਾ ਸਕੰਲਪ ਵੀ ਖਤਮ ਕਰ ਦਿਤਾ।

ਜਦੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੇ ਸਿੱਖਾਂ ਵਿਚ ਸ਼ਾਮਲ ਹੋਣ ਲਈ ਤਹਿ ਕੀਤਾ ਤਾਂ ਮਹਾਰਾਜਾ ਪਟਿਆਲਾ ਨੇ ਇਨੀ ਖੁਸ਼ੀ ਜਾਹਿਰ ਕੀਤੀ ਤੇ ਐਲਾਨ ਕਰ ਦਿਤਾ ਕਿ ਜੇਕਰ ਡਾ. ਅੰਬੇਡਕਰ ਸਾਰੇ ਦਲਿਤਾਂ ਨੂੰ ਸਿੱਖ ਬਨਾਉਣਗੇ ਤਾਂ ਉਹ ਡਾ. ਅੰਬੇਡਕਰ ਦੇ ਘਰ ਆਪਣੀ ਧੀ ਦਾ ਡੋਲਾ ਦੇਵੇਗਾ ਤਾਂ ਜੁ ਨਵੇਂ ਬਣਨ ਵਾਲੇ ਅਛੂਤ ਜਾਤੀਆਂ ਦਾ ਸਮਾਜੀ ਗੋਰਵ ਵਧ ਜਾਵੇ (ਸਾਚੀ ਸਾਖੀ ਸਫਾ 72) ਸਾਰੇ ਭਾਰਤ ਵਿਚ ਹੀ ਨਹੀ ਸਗੋਂ ਵਿਸ਼ਵ ਵਿਚ ਇਸ ਗੱਲ ਦੀ ਕਾਫੀ ਚਰਚਾ ਚਲੀ। ਪਰ ਮਹਾਤਮਾਂ ਗਾਂਧੀ ਨੂੰ ਇਸ ਗੱਲ ਤੇ ਕਾਫੀ ਨਾਖੁਸ਼ੀ ਹੋਈ। 1935-36 ਦੀ ਗੱਲ ਹੈ ਕਿ ਡਾ. ਅੰਬੇਡਕਰ, ਹਿੰਦੂਸਤਾਨ ਦੇ 6 ਕਰੋੜ ਅਛੂਤਾਂ ਦੇ ਪ੍ਰਮਾਣਿਕ ਨੇਤਾ ਨੇ ਇਹ ਸਪਸ਼ਟ ਤੇ ਖੁੱਲੀ ਇੱਛਾ ਪ੍ਰਗਟ ਕੀਤੀ ਕੀ ਦੇਸ਼ ਦੇ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਜੋ ਜਾਤ ਪਾਤ ਦੀ, ਹਜਾਰਾਂ ਵਰਿਆਂ ਦੀ ਗੁਲਾਮੀ ਵਿਚੋਂ ਉਨਾਂ ਦਾ ਛੁਟਕਾਰਾ ਹੋ ਜਾਵੇ, ਇਸ ਵਿਚਾਰ ਨਾਲ ਹਿੰਦੂ ਮਹਾਂਸਭਾ ਦੇ ਪ੍ਰਧਾਨ, ਡਾ. ਮੁੰਜੇ ਅਤੇ ਸਨਾਤਮ ਹਿੰਦੂ ਜਗਤ ਦੇ ਪ੍ਰਸਿੱਧ ਨੇਤਾ, ਪੰਡਤ ਮਾਲਵੀਯ ਜੀ, ਪੂਰਨ ਤੌਰ ਤੇ ਸਹਿਮਤ ਸਨ, ਡਾ. ਅੰਬੇਡਕਰ ਅਤੇ ਇਨਾਂ ਹਿੰਦੂ ਲੀਡਰਾਂ ਵਿਚਕਾਰ ਜੋ ਚਿੱਠੀ ਪੱਤਰ ਇਸ ਸਮਸਿਆ ਦੀ ਪੂਰਤੀ ਬਾਰੇ ਚਲ ਰਿਹਾ ਸੀ, ਉਸ ਦੀਆਂ ਨਕਲਾਂ ਗਾਂਧੀ ਜੀ ਨੂੰ ਗਿਆਤ ਵਜੋਂ ਭੇਜੀਆਂ ਜਾ ਰਹੀਆਂ ਸਨ, ਜਦੋਂ ਤੱਕੀਓਨੇ ਕੀ ਇਹ ਸਭ ਕਾਰਜ ਹੁਣ ਸਿਰੇ ਹੀ ਚੜਨ ਵਾਲਾ ਹੈ, ਤਾਂ ਗਾਂਧੀ ਜੀ ਨੇ, ਸ੍ਰਿਸਟਾਚਾਰ ਦੇ ਸਾਰੇ ਨਿਯਮਾਂ ਦਾ ਵਿਰੋਧ, ਦੋਹਾਂ ਧਿਰਾਂ ਦੀ ਆਗਿਆ ਲਏ ਤੋਂ ਬਿਨਾਂ, ਇਹ ਚਿੱਠੀ ਪੱਤਰ ਆਪਣੇ ਅਖਬਾਰ, ਯੰਗ ਇੰਡੀਆ ਵਿਚ ਛਾਪ ਦਿਤਾ ਅਤੇ ਲਿਖਿਆ ਕਿ "ਅਛੂਤਾਂ ਦਾ ਸਿੱਖੀ ਵਿਚ ਪ੍ਰਵੇਸ਼ ਹਿੰਦੂ ਧਰਮ ਤੋਂ ਪਤੀਤ ਹੋਣ ਦੇ ਤੁੱਲ ਹੈ", ਇਸ ਤੋਂ ਪਿੱਛੋਂ ਡਾ. ਅੰਬੇਡਕਰ ਨੇ ਸਿੱਖ ਲੀਡਰਾਂ ਨਾਲ ਇਸ ਮਹਾਨ ਕਾਰਜ ਨੂੰ ਸਿਰੇ ਚਾੜਨ ਲਈ ਸਿੱਧੀ ਗੱਲਬਾਤ ਅਰੰਭ ਕੀਤੀ, ਅਤੇ ਇਹ ਗੱਲ ਦੇਸ਼ ਭਰ ਵਿਚ ਧੂਮ ਗਈ ਕਿ ਹੁਣ ਸਾਰੇ ਹੀ ਹਿੰਦੁਸਤਾਨ ਦੇ ਅਛੂਤ ਸਿੱਖ ਮੱਤ ਗ੍ਰਹਿਣ ਕਰਨ ਹੀ ਵਾਲੇ ਹਨ, ਇਹੋ ਸਮਾਂ ਹੈ ਕਿ ਬੰਬਈ ਵਿਚ ਖਾਲਸਾ ਕਾਲਜ ਦੀ ਨੀਂਹ ਰੱਖੀ ਗਈ, ਤਾਂ ਜੋ ਦੱਖਣੀ ਭਾਰਤ ਦੇ ਅਛੂਤਾਂ ਦਾ ਇਹ ਵਿਦਿਆ ਕੇਂਦਰ ਬਣ ਸਕੇ, 1936 ਵਿਚ ਜਦੋਂ ਸਿੱਖ ਬਣਨ ਦਾ ਨਿਸਚਾ ਡਾ. ਅੰਬੇਡਕਰ ਨੇ ਪੱਕਾ ਕਰ ਲਿਆ ਸੀ, ਤਾਂ ਉਹ ਵਿਸਾਖੀ ਵਾਲੇ ਦਿਨ ਸਰਬ ਹਿੰਦ ਸਿੱਖ ਮਿਸ਼ਨ ਦੇ ਜਲਸੇ ਵਿਚ ਸ੍ਰੀ ਅੰਮ੍ਰਿਤਸਰ ਦਸਤਾਰ ਸਜਾ ਕੇ, ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ, ਸ਼ੇਰੇ ਪੰਜਾਬ ਦੇ ਸੰਪਾਦਕ ਸ. ਅਮਰ ਸਿੰਘ ਨੇ ਆਪਣੇ ਜੀਵਨ ਵਿਚ ਸਿੱਖਾਂ ਦੀ ਗਿਣਤੀ ਤੱਕ 7 ਕਰੋੜ ਤੱਕ ਵੱਧ ਜਾਣ ਉਤੇ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ, ਉਹ ਉਨਾਂ ਦੀਆਂ ਉਸ ਸਮੇਂ ਦੀਆਂ ਲਿਖਤਾਂ ਵਿਚ ਸਪਸ਼ਟ ਹੈ।

ਪਰ ਮਾਸਟਰ ਤਾਰਾ ਸਿੰਘ ਨੇ ਛੇਤੀ ਹੀ ਅਜਿਹੀ ਪਾਲਸੀ ਬਣਾ ਲਈ ਜਿਸ ਨਾਲ ਡਾ. ਅੰਬੇਡਕਰ ਅਤੇ ਉਸ ਦੇ ਅਛੂਤ ਸਾਥੀ, ਸਿੱਖੀ ਤੇ ਸਿੱਖਾਂ ਦੇ ਨੇੜੇ ਨਾ ਆ ਸਕਣ। ਉਸ ਨੂੰ ਡਰ ਸਤਾਉਣ ਲੱਗਾ ਕਿ ਜੇਕਰ ਸਿੱਖਾਂ ਵਿਚ ਡਾ. ਅੰਬੇਡਕਰ ਸ਼ਾਮਲ ਹੋ ਗਏ ਤਾਂ ਉਸ ਦਾ ਤੇਜ ਸਿੱਖਾਂ ਤੇ ਢਿਲਾ ਪੈ ਜਾਵੇਗਾ। ਉਸ ਸਮੇ. ਸ. ਅਮਰ ਸਿੰਘ ਨੇ ਸ਼ੇਰੇ ਪੰਜਾਬ ਵਿਚ ਲਿਖਿਆ ਸੀ "ਜਿਸ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਾਰੇ ਪਰਵਾਰ ਨੂੰ ਖਾਲਸੇ ਉਤੇ ਨਿਛਾਵਰ ਕਰ ਦਿ,ਤਾ ਉਸ ਪੰਥ ਤੇ ਵਾਧੇ ਲਈ ਤਾਕਤ ਤੇ ਦੌਲਤ ਤਾਂ ਚੀਜ ਹੀ ਕੀ ਹੈ, ਆਸਾਨੂੰ ਆਪਣੇ ਸਰਬੰਸ ਭੀ ਕੁਰਬਾਨ ਕਰ ਦੇਣੇ ਚਾਹੀਦੇ ਹਨ"। ਡਾ. ਅੰਬੇਡਕਰ ਨੂੰ ਸਿੱਖਾਂ ਤੋਂ ਦੂਰ ਕਰਨ ਦਾ ਮਾਸਟਰ ਤਾਰਾ ਸਿੰਘ ਮੌਕਾ ਲਭ ਰਹੇ ਸਨ, ਕਿ ਬੰਬਈ ਦੀ ਲੈਜਿਸਲੇਟਿਵ ਅਸੈਬਲੀ ਦੀਆਂ ਚੋਣਾ ਹੋਣੀਆਂ ਸਨ, ਡਾ. ਅੰਬੇਡਕਰ ਨੇ ਸਿੱਖਾਂ ਨੂੰ ਤੇ ਮਾਸਟਰ ਤਾਰਾ ਸਿੰਘ ਨੂੰ ਸੁਨੇਹਾ ਭਿਜਵਾਇਆ ਕਿ ਉਹ ਡਾ. ਅੰਬੇਡਕਰ ਆਪਣੀ ਪਾਰਟੀ ਨੂੰ ਕਾਮਯਾਬ ਕਰਵਾਕੇ ਬੁੰਬਈ ਸੁਬੇ ਦੇ ਮੁੱਖ ਮੰਤਰੀ ਬਣ ਸਕਦੇ ਹਨ। ਇਸ ਲਈ ਪੰਜਾਬੋਂ 25 ਹਜਾਰ ਰੁਪਏ ਦੀ ਸਹਾਇਤਾ ਪੰਥ ਉਨਾਂ ਦੀ ਕਰੇ, ਮਾਸਟਰ ਤਾਰਾ ਸਿੰਘ ਨੂੰ ਸਿੱਖੀ ਤੇ ਪੰਥ ਤੋਂ ਦੂਰ ਕਰਨ ਹਿੱਤ ਡਾ. ਅੰਬੇਡਕਰ ਨੂੰ ਦੁਰਕਾਰਨ ਦਾ ਇਹ ਸੁਨਾਹਿਰਾ ਮੌਕਾ ਪ੍ਰਤੀਤ ਹੋਇਆ, ਮਾਸਟਰ ਤਾਰਾ ਸਿੰਘ ਲਹੌਰ, "ਸ਼ੇਰੇ ਪੰਜਾਬ" ਦੇ ਦਫਤਰ ਵਿਚ ਸ. ਅਮਰ ਸਿੰਘ ਜੀ ਕੋਲ ਆਕੇ ਕਹਿਣ ਲੱਗੇ : "ਇਸ ਅੰਬੇਡਕਰ ਵੱਲ ਤੱਕੋ, ਸਿੱਖਾਂ ਕੋਲੋਂ ਰੁਪਏ ਮੰਗਦਾ ਹੈ" ਅਮਰ ਸਿੰਘ ਜੀ ਨੇ ਉਤਰ ਦਿਤਾ, "ਮਾਸਟਰ ਜੀ, ਇਹ ਤੁਸੀਂ ਕੀ ਕਹਿ ਰਹੇ ਹੋ? ਜੇ ਡਾਕਟਰ ਅੰਬੇਡਕਰ ਨੂੰ ਧੰਨ ਦੀ ਇਛਾ ਹੋਵੇ ਤਾਂ ਉਹ ਕਰੋੜਾਂ ਰੁਪਏ ਮੁਸਲਮਾਨਾਂ, ਈਸਾਈਆਂ ਕੋਲੋਂ ਵੀ ਲੈ ਸਕਦਾ ਹੈ, ਉਸ ਨੂੰ ਸਿੱਖ ਬਣਨ ਦੀ ਕੀ ਲੋੜ ਹੈ? ਉਹ ਤਾਂ ਸਾਨੂੰ ਆਪਣੇ ਧਰਮ ਭਾਈ ਜਾਣ ਕੇ ਇਹ ਤੁੱਛ ਜਿਹੀ ਰਕਮ ਮੰਗ ਰਿਹਾ ਹੈ, ਉਸ ਦੀ ਨੀਅਤ ਉਤੇ ਸ਼ੱਕ ਕਰਨਾ ਸਾਨੂੰ ਸੋਭਦਾ ਨਹੀਂ"। ਮਾਸਟਰ ਤਾਰਾ ਸਿੰਘ ਝੱਟ ਪੈਂਤਰਾ ਬਦਲ ਕੇ ਬੋਲੇ, "ਮੈਨੂੰ ਤਾਂ ਡਰ ਸੀ ਕਿ ਕੱਲ ਨੂੰ ਤੁਸੀਂ ਹੀ ਸਰਬ ਹਿੰਦ ਸਿੱਖ ਮਿਸ਼ਨ ਵਿਚ ਮੇਰੀ ਮੁਖਾਲਫਤ ਕਰੋਗੇ, ਕੀ ਇਹ ਰੁਪਇਆ ਕਿਉਂ ਦਿਤਾ, ਹੁਣ ਜਦ ਤੁਸੀਂ ਰਾਜੀ ਹੋ ਤਾਂ ਮੈਂ ਕੱਲ ਹੀ ਰੁਪਏ ਡਾ. ਅੰਬੇਡਕਰ ਨੂੰ ਭੇਜ ਦਿਆਂਗਾ"। ਸ. ਅਮਰ ਸਿੰਘ ਜੀ ਨੇ ਹੱਥ ਬੰਨ ਕੇ ਕਿਹਾ ਸੀ ਕਿ "ਦੇਖਣੇ ਕਿਤੇ ਘੌਲ ਨਾ ਕਰ ਜਾਣਾ 25 ਹਜਾਰ ਦੀ ਥਾਂ 50 ਹਜਾਰ ਰੁਪਏ ਭੇਜਣਾ"॥ ਤਾਰਾ ਸਿੰਘ ਨੇ ਸਿੱਖ ਮਿਸ਼ਨ ਦੇ ਖਾਤੇ ਵਿਚੋਂ ਕਢਾ ਲਿਆ ਤੇ ਚੈਕ ਜਾਂ ਡਰਾਫਟ ਬਨਾਉਣ ਦੀ ਬਜਾਇ ਸਾਰਾ ਰੁਪਇਆ ਆਪਣੇ ਚਮਚੇ ਮਾਸਟਰ ਸੁਜਾਨ ਸਿੰਘ ਸਰਹਾਲੀ ਨੂੰ ਦੇ ਦਿਤਾ। ਅਤੇ ਸ. ਅਮਰ ਸਿੰਘ ਨੂੰ ਕਹਿ ਦਿਤਾ ਗਿਆ ਕਿ ਰੁਪਏ ਡਾ. ਅੰਬੇਡਕਰ ਕੋਲ ਚਲੇ ਗਏ ਹਨ, ਪਰ ਇਲੈਕਸ਼ਨ ਤੋਂ ਬਾਅਦ ਪਤਾ ਲੱਗਾ ਕਿ ਰੁਪਏ ਰਾਹ ਵਿਚ ਹੀ ਖੁਰਦ ਬੁਰਦ ਕਰ ਦਿਤੇ ਗਏ। ਡਾ. ਅੰਬੇਡਕਰ ਕੋਲ ਇਕ ਪਾਈ ਵੀ ਨਾ ਪੁੱਜਣ ਦਿਤੀ ਗਈ, ਸਗੋਂ ਡਾ. ਅੰਬੇਡਕਰ ਨੂੰ ਸਿੱਖੀ ਤੋਂ ਉਪਰਾਮ ਕਰਨ ਲਈ ਉਸ ਨੂੰ ਮੇਹਣੇ ਮਾਰੇ ਗਏ, ਕਿ ਉਹ ਸਿੱਖਾਂ ਕੋਲੋਂ ਰੁਪਏ ਭੱਟਣਾ ਚਾਹੁੰਦਾ ਸੀ। ਇਤਿਹਾਸਕ ਸੱਚ ਹੈ ਕਿ ਇਹ ਰੁਪਏ ਨਾਂ ਤਾਂ ਸਿੱਖ ਮਿਸ਼ਨ ਦੇ ਖਾਤੇ ਵਿਚ ਦੁਬਾਰਾ ਜਮਾਂ ਹੋਏ ਅਤੇ ਨਾ ਹੀ ਡਾ. ਅੰਬੇਡਕਰ ਕੋਲ ਪੁੱਜੇ, ਇਹ ਰੁਪਏ ਮਾਸਟਰ ਸੁਜਾਨ ਸਿੰਘ ਤੇ ਮਾਸਟਰ ਤਾਰਾ ਸਿੰਘ ਨੇ ਹੀ ਲੇਖੇ ਲਾ ਲਏ। ਉਸ ਵੇਲੇ ਦੇ ਸਿੱਖ ਨੇਤਾਵਾਂ ਦੇ ਵਿਵਹਾਰ ਨੂੰ ਦੇਖਦੇ ਹੋਏ ਡਾ. ਲੋਰੀਮੋਰ ਨੇ "ਸਿੱਖਾਂ ਨੂੰ ਇਕ ਪ੍ਰਕਾਰ ਦੇ ਦੁਸ਼ਟ ਹਿੰਦੂ ਕਹਿ ਦੇ ਪੁਕਾਰਿਆ ਸੀ" (View Of India, By Khushwant Singh, Page 94)

ਜਦੋਂ ਕਿ ਡਾ ਅੰਬੇਡਕਰ ਨੇ ਅਕਾਲੀ ਲੀਡਰਾਂ ਨੇ ਮੱਤਭੇਦ ਦੇ ਕਾਰਨ, ਅਛੂਤਾਂ ਦੇ ਸਿੱਖ ਮੱਤ ਵਿਚ ਦਾਖਲ ਹੋਣ ਦੇ ਖਿਆਲ ਖੁਲਮ ਖੁੱਲਾ ਛੱਡ ਦਿਤਾ ਤਾਂ ਉਨਾਂ ਨੇ ਲਹੌਰ ਵਿਚ ਆਪਣੇ ਗੁਆਂਢੀ ਸਰਦਾਰ ਹਰਨਾਮ ਸਿੰਘ ਝੱਲਾ, ਐਮ ਏ, ਐਲ ਐਲ ਬੀ, (ਹਾਈਕੋਰਟ ਜੱਜ), ਜੋ ਕਿ ਉਸ ਸਮੇਂ ਅਕਾਲੀ ਆਗੂਆ ਵਿਚ ਸਿਰਕੱਢ ਸਨ, ਕੋਲੋਂ ਇਸ ਦੁਰਘਟਨਾਂ ਦਾ ਸਹੀ ਕਾਰਨ ਪੁਛਿਆ ਤਾਂ ਸਰਕਾਰ ਹਰਨਾਮ ਸਿੰਘ ਜੀ ਨੇ ਉਤਰ ਦਿਤਾ : "ਉਏ ਤੈਨੂੰ ਇਨਾਂ ਗੱਲਾਂ ਦੀ ਸਮਝ ਨਹੀਂ। ਛੇ ਕਰੋੜ ਅਛੂਤ ਸਿੱਖ ਬਣਾ ਕੇ, ਦਰਬਾਰ ਸਾਹਿਬ ਚੁੜਿਆਂ ਚਮਾਰਾਂ ਨੂੰ ਦੇ ਛੋਡੀਏ?" ਇਊਂ ਛੇ ਕਰੋੜ ਰੰਘਰੇਟੇ, ਗੁਰੂ ਕੇ ਬੇਟੇ ਗੁਰੂ ਘਰ ਦੇ ਦਰ ਉਤੇ ਆਏ, ਧੱਕੇ ਮਾਰ ਕੇ ਪਰਤਾ ਦਿਤੇ ਗਏ, ਜਿਵੇਂ ਗੁਰੂ ਤੇਗ ਬਹਾਦਰ ਜੀ ਨੂੰ ਹਰਿਮੰਦਰ ਸਾਹਿਬ ਵਿਚ ਵੜਨ ਨਹੀਂ ਸੀ ਦਿਤਾ ਗਿਆ। (ਸਾਚੀ ਸਾਖੀ 72)। ਸੱਚ ਇਸ ਤੋਂ ਵੀ ਕੋਝਾ ਹੈ "ਸਨ 1925 ਵਿਚ ਜਦੋਂ, ਗੁਰਦੁਆਰਾ ਐਕਟ ਬਣਨ ਸਮੇਂ, ਦੋ ਧੜੇ, ਸਰਦਾਰ ਬਹਾਦਰ ਮਹਿਤਾਬ ਸਿੰਘ ਦਾ ਅਤੇ ਮਾਸਟਰ ਤਾਰਾ ਸਿੰਘ ਦਾ ਬਣ ਗਏ ਸਨ, ਉਦੋਂ ਹੀ ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਇਸਵਰ ਸਿੰਘ ਮਝੈਲ ਆਦਿ, "ਅਕਾਲੀ ਪਾਰਟੀ" ਦੇ ਮੁੱਖੀ ਨੂੰ ਇਹ ਸਪਸ਼ਟ ਹੋ ਗਿਆ ਸੀ, ਕਿ ਸਿੱਖਾਂ ਵਿਚ ਜੋ "ਪੜੇ ਲਿਖੇ", ਅੰਗਰੇਜੀ ਵਿਦਿਆ ਦੀ ਉਪਜ ਹਨ, ਇਨਾਂ ਨੂੰ ਸਿੱਖ ਸਭਾ ਸੁਸਾਇਟੀ, ਮੀਟਿੰਗਾਂ ਅਤੇ ਪੰਥਕ ਸੇਵਾ ਖੇਤਰ ਵਿਚੋਂ ਪੱਕੇ ਤੌਰ ਤੇ ਕੱਢਣ ਦਾ ਸੌਖਾ ਢੰਗ, ਇਹ ਜਦੋਂ ਭੀ "ਅਕਾਲੀ ਪਾਰਟੀ" ਦੀ ਰੁਚੀਆਂ ਵਾਲਿਆਂ ਦੇ ਨੇੜੇ ਲੱਗਣ ਜਾਂ ਉਨਾਂ ਦਾ ਮੁਕਾਬਲਾ ਕਰਨ, ਤਦ ਉਨਾਂ ਨਾਲ, ਮਾਂ, ਭੈਣ ਦੀ, ਘਸੁੰਨ ਮੁੱਕੀ ਹਥੋਪਾਈ ਆਦਿ "ਸਿੰਘ ਰੀਤੀ" ਦਾ ਪ੍ਰਯੋਗ ਕੀਤਾ ਜਾਵੇ। ਇਹ "ਪੜੇ ਲਿਖੇ" ਨਿਪੁੰਸਕ ਝਟਪਟ ਤੇ ਸਦਾ ਲਈ ਪੰਥ ਦਾ ਖਹਿੜਾ ਛੱਡ ਦੇਣਗੇ ਅਤੇ "ਅਕਾਲੀ ਪਾਰਟੀ" ਦੀ ਬਾਲਾਦਸਤੀ ਤਸਲੀਮ ਕਰ ਲੈਣਗੇ। (ਸਾਚੀ ਸਾਖੀ)

ਇਹੋ ਰਾਮ ਬਾਣ ਵਰਤ ਕੇ , "ਅਕਾਲੀ ਪਾਰਟੀ" ਨੇ ਸਰਦਾਰ ਬਹਾਦਰ ਮਹਿਤਾਬ ਸਿੰਘ ਨੂੰ ਘਰ ਬੈਠਣ ਤੇ ਮਜਬੂਰ ਕੀਤਾ, ਬਾਬਾ ਖੜਗ ਸਿੰਘ ਨੂੰ ਪੰਥ ਤੋਂ ਦੂਰ ਕੀਤਾ, "ਸ਼ੇਰੇ ਪੰਜਾਬ" ਵਾਲੇ ਸਰਦਾਰ ਅਮਰ ਸਿੰਘ ਨੂੰ ਪਰਾਜਿਤ (ਹਾਰ) ਤੇ ਖੁਆਰ ਕੀਤਾ ਅਤੇ ਅੰਤ ਨੂੰ ਸਿੱਖ ਬੁੱਧੀਮਾਨਾਂ ਨੂੰ ਪੰਥ ਤੋਂ ਉਪਰਾਮ ਕੀਤਾ ਅਤੇ ਪੜੀ ਲਿਖੀ ਸਿੱਖਾਂ ਦੀ ਨਵੀਂ ਪਨੀਰੀ ਕਮਿਉਨਿਸਟਾਂ ਦੇ ਪੇਟੇ ਪਾਇਆ (ਸਾਚੀ ਸਾਖੀ) ਡਾ. ਅੰਬੇਡਕਰ ਨਾਲ ਵੀ ਸਿੱਖ ਆਗੂਆਂ ਨੇ ਇਸੇ ਤਰਾਂ ਹੀ ਕੀਤਾ, ਪੰਥ ਦੇ ਦਿਮਾਗ ਮੰਨੇ ਜਾਂਦੇ ਜਿਸ ਨੂੰ ਇਸ ਘਟਨਾਂ ਕਰਕੇ ਪੰਥ ਦੀ ਚੜਦੀ ਕਲਾ ਦੇ ਵਿਰੋਧੀ ਵੀ ਮੰਨਿਆਂ ਜਾਣਾ ਚਾਹੀਦਾ ਹੈ, ਗਿਆਨੀ ਕਰਤਾਰ ਸਿੰਘ ਨੇ ਡਾ.ਅੰਬੇਡਕਰ ਨੂੰ ਪੰਥ ਤੋਂ ਦੂਰ ਕਰਨ ਲਈ ਚਾਲ ਖੇਡੀ ਤੇ ਮਾਸਟਰ ਸੁਜਾਨ ਸਿੰਘ ਸਰਹਾਲੀ ਨੂੰ, ਹਦਾਇਤਾਂ ਦੇਕੇ, ਬੰਬਈ ਡਾ. ਅੰਬੇਡਕਰ ਨੂੰ ਮਿਲਣ ਭੇਜਿਆ ਗਿਆ ਜਿਸਨੇ ਅੰਬੇਡਕਰ ਨੂੰ ਸਪਸ਼ਟ ਕਹਿ ਦਿਤਾ ਕਿ ਉਹ "ਚੂਹੜਾ (ਚਮਾਰ)" ਹੈ, ਅਤੇ ਇਹ ਭੀ ਦਸ ਦਿਤਾ ਕਿ ਉਸ ਦਾ ਉਸਦੀ ਮਾਤਾ ਦੇ ਪਤੀ ਵਰਤ ਧਰਮ ਬਾਬਤ ਅਕਾਲੀ ਪਾਰਟੀ ਦੇ ਕੀ ਵਿਚਾਰ ਸਨ? ਅਤੇ ਅਲਟੀਮੇਟਮ ਦਿਤਾ ਕਿ ਜਾ ਤਾਂ 24 ਘੰਟੇ ਵਿਚ ਅੰਮ੍ਰਿਤ ਛਕ ਕੇ ਸਿੰਘ ਸਜ ਜਾ ਨਹੀਂ, ਤਾਂ ਪੰਥ ਤੇਰੀ ਐਸੀ ਤੈਸੀ ਕਰੇਗਾ (ਸਾਚੀ ਸਾਖੀ)। ਜੇ ਛੇ ਕਰੋੜ ਅਛੂਤ ਸਿੰਘ ਸਜ ਜਾਂਦੇ ਜੋ ਕਿ ਡਾ. ਅੰਬੇਡਕਰ ਖੁਲਮ ਖੁੱਲਾ ਚਾਹੁੰਦਾ ਸੀ, ਤਦ ਸਨ 1947 ਵਿਚ ਵਾਇਸਰਾਏ ਦੀ ਕੌਂਸਲ ਵਿਚ, ਸਿੱਖ ਨੁਮਾਇਦਾ ਡਾ. ਅੰਬੇਡਕਰ ਨੇ ਹੀ ਬਣਨਾ ਸੀ ਅਤੇ ਸਿੱਖਾਂ ਨੂੰ ਹਿੰਦੂਸਤਾਨ ਦੀ ਪ੍ਰਭੁਸੱਤਾ ਦਾ ਤੀਜਾ ਵਾਰਸ ਜੋ ਮੰਨਿਆ ਜਾ ਚੁੱਕਾ ਸੀ, ਉਸ ਦਾ ਯੋਗ ਤੇ ਢੁਕਵਾਂ ਲਾਭ ਕੀ ਅਤੇ ਕਿਵੇਂ ਪ੍ਰਾਪਤ ਕਰਨਾ ਹੈ, ਇਸ ਦਾ ਨਿਸਚਾ ਭੀ ਡਾ. ਅੰਬੇਡਕਰ ਦੇ ਹੱਥੀਂ ਹੋਣਾ ਸੀ ਅਤੇ ਡਾ. ਅੰਬੇਡਕਰ, ਮਿਸਟਰ ਜਿਨਾਹ ਅਤੇ ਮਹਾਤਮਾਂ ਗਾਂਧੀ, ਦੋਵਾਂ ਨਾਲੋਂ ਕਿਵੇਂ ਘੱਟ ਨੀਤੀਵਾਨ ਚਤੁਰ, ਤੇ ਬੁੱਧੀਵਾਨ ਨਹੀਂ ਸੀ। ਇਸ ਨਾਲ ਸ. ਬਲਦੇਵ ਸਿੰਘ ਦੀ ਸਰਦਾਰੀ ਦਾ ਵੀ ਭੋਗ ਪੈਣਾ ਸੀ ਪਰ ਡਾ. ਅੰਬੇਡਕਰ ਨੂੰ ਮਾਸਟਰ ਸੁਜਾਨ ਸਿੰਘ ਸਰਹਾਲੀ ਵਲੋਂ ਕੀਤੇ ਗਏ ਬੇਇਜਤ ਤੋਂ ਬਾਅਦ ਡਾ ਅੰਬੇਡਕਰ ਦਾ ਮਨ ਸਿੱਖੀ ਵਿਚ ਆਉਣ ਤੋਂ ਬਦਲ ਗਿਆ ਤੇ ਇਸ ਤਰਾਂ ਬਲਦੇਵ ਸਿੰਘ ਦੀ ਸਰਦਾਰੀ ਬਚ ਪਾਈ ਸੀ।

ਇਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਦਲਿਤਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਆਪਣੇ ਅਕਾਲੀ ਤੇ ਪ੍ਰਦੇਸ਼ੀ ਅਮ੍ਰਿਤਸਰ ਦੇ 30 ਮਾਰਚ 1928 ਦੇ ਅੰਕ ਵਿਚ ਲਿਖਿਆ ਸੀ ਕਿ "ਲਾਲਾ ਲਾਜਪਤ ਰਾਏ ਦੀ ਪੀਪਲਜ ਸਰਵੈਂਟਸ ਸੁਸਾਇਟੀ ਨੇ ਮਜਹਬੀਆਂ, ਰਾਮਦਾਸੀਆਂ ਤੇ ਹੋਰ ਅਛੂਤਾਂ ਆਖੇ ਜਾਂਦੇ ਸਿੰਘਾਂ ਨੂੰ ਪਤੀਤ ਕਰਨ ਦੀ ਲਹਿਰ ਸ਼ੁਰੂ ਕੀਤੀ ਹੋਈ ਹੈ, ਜਿਸ ਤਰਾਂ ਪਹਿਲਾਂ ਕਿਸੇ ਮਹਤਵ ਨਾਲ ਆਰੀਆ ਸਮਾਜ ਨੇ ਸਕੂਲ ਖੋਹਲ ਕੇ ਆਪਣੀ ਚਾਲ ਤੇ ਪਰਦਾ ਪਾਉਣ ਲਈ ਕਿਸੇ ਦਾ ਨਾਂ ਭਾਰਤੀ ਸਕੂਲ ਅਤੇ ਕਿਸੇ ਦਾ ਨਾਂ ਪਬਲਿਕ ਸਕੂਲ ਰਖਿਆ ਸੀ, ਉਸੇ ਤਰਾਂ ਹੁਣ ਇਸ ਪੀਪਲਜ ਸੁਸਾਇਟੀ ਦੇ ਪਰਦੇ ਹੇਠਾਂ ਇਹ ਕਹਿੰਦੇ ਹਨ ਕਿ ਅਸੀਂ ਤਾਂ ਅਛੂਤਾਂ ਨੂੰ ਉਚਾ ਕਰ ਰਹੇ ਹਾਂ ਸਾਡਾ ਕਿਸੇ ਧਰਮ ਨਾਲ ਵਾਸਤਾ ਨਹੀਂ, ਪਰ ਜਦ ਪਿੰਡਾਂ ਵਿਚ ਜਾਂਦੇ ਹਨ ਤਾਂ ਸਿੱਖ ਗੁਰੂਆਂ ਵਿਰੁਧ ਪ੍ਰਚਾਰ ਕਰਦੇ ਹਨ ਤੇ ਸਿੱਖ ਧਰਮ ਉਤੇ ਹਮਲੇ ਕਰਦੇ ਹਨ, ਅਸਾਡੇ ਕਈ ਪਿੰਡਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਹਟਾ ਦਿਤਾ ਗਿਆ ਹੈ ਅਤੇ ਉਹ ਲੋਕ ਜੋ ਪਹਿਲਾਂ ਗੁਰੂ ਦੇ ਸ਼ਬਦ ਪੜ੍ਹਦੇ ਸਨ ਅੱਜ ਆਰੀਆ ਸਮਾਜ ਦੀਆਂ ਗਜ਼ਲਾਂ ਪੜ ਰਹੇ ਹਨ.. ਸੋਗ ਦੀ ਗੱਲ ਹੈ ਕਿ ਸਰਵੈਂਟ ਸੁਸਾਇਟੀ ਜੋ ਇਕ ਰਾਜਨੀਤਿਕ ਜਮਾਤ ਹੈ, ਇਸ ਤਰਾਂ ਸਿੱਖਾਂ ਦੇ ਵਿਰੱਧ ਪ੍ਰਚਾਰ ਕਰ ਰਹੀ ਹੈ, ਲਾਲਾ ਲਾਜਪਤ ਰਾਏ ਨੇ ਲੱਗਭਗ 70 ਹਜਾਰ ਰੁਪਏ ਅਮਰੀਕਾ ਦੇ ਸਿੰਘਾਂ ਤੋ ਸਨ 1914-15 ਦੇ ਕੈਦੀ ਸਿੰਘਾਂ ਦੇ ਪਰਵਾਰਾਂ ਦੀ ਸਹਾਇਤਾ ਲਈ ਲਿਆਂਦਾ ਸੀ, ਉਹ ਰੁਪਇਆ ਕਿਸੇ ਦੇ ਘਰ ਨਹੀਂ ਪੁੱਜਾ, ਸਾਇਦ ਇਹ ਰੁਪਇਆ ਹੀ ਪੀਪਲਜ਼ ਸੁਸਾਇਟੀ ਸਿੱਖੀ ਵਿਰੁੱਧ ਵਰਤ ਰਹੀ ਹੈ, ਇਸ ਵਾਸਤੇ ਅਮਰੀਕਾ ਕਨੇਡਾ ਵਾਸੀ ਖਾਲਸਾ ਜੀ ਨੂੰ ਖਬਰਦਾਰ ਕਰਦੇ ਹਾਂ ਕਿ ਉਹ ਆਪਣੇ ਰੁਪਏ ਦਾ ਹਿਸਾਬ ਪੁਛਣ ਤੇ ਜੇ ਫਹਿਰਿਸਤ ਘੱਲ ਦੇਣ ਤੇ ਠੀਕ ਪੂਰਾ ਲਿਖ ਘੱਲਣ.. ਤਾਂ ਅਸੀਂ ਉਹ ਲਾਲਾ ਜੀ ਤੋਂ ਵਸੂਲ ਵੀ ਕਰ ਸਕਦੇ ਹਾਂ (ਸਾਚੀ ਸਾਖੀ 65), ਪਰ ਇਹ ਸਪਸ਼ਟ ਉਦੋ ਹੋਇਆ ਜਦੋਂ ਲਾਲਾ ਲਾਜ ਪਤ ਰਾਏ ਦਾ ਕਥਿਤ ਮਾਸਟਰ ਤਾਰਾ ਸਿੰਘ ਨਾਲ ਸਮਝੋਤਾ ਹੋ ਗਿਆ, ਤੇ ਬਾਅਦ ਵਿਚ ਮਾਸਟਰ ਤਾਰਾ ਸਿੰਘ ਨੇ ਕੁਝ ਮਾਮਲਿਆਂ ਵਿਚ ਕਾਂਗਰਸ ਦੀ ਹਮਾਇਤ ਵੀ ਕਰ ਦਿਤੀ। ਇਹ ਵੀ ਇਤਿਹਾਸ ਗਵਾਹ ਹੈ ਕਿ ਕਾਂਗਰਸ ਖਾਸ ਕਰਕੇ ਹਿੰਦੂਆਂ ਦੀ ਹੀ ਜਮਾਤ ਹੈ, ਜਦੋਂ ਡਾ. ਅੰਬੇਡਕਰ ਸਿੱਖ ਬਣਨ ਲੱਗੇ ਸਨ ਤਾਂ ਮਾਸਟਰ ਤਾਰਾ ਸਿੰਘ ਨੂੰ ਉਪਰੋਂ ਹੀ ਹਦਾਇਤਾਂ ਹੋਈਆਂ ਸਨ, ਕਿ ਉਹ ਡਾ. ਅੰਬੇਡਕਰ ਨੂੰ ਸਿੱਖ ਪੰਥ ਵਿਚ ਸ਼ਾਮਲ ਨਾ ਹੋਣ ਦੇਣ। ਕਿਉਂਕਿ ਮਹਾਤਮਾਂ ਗਾਂਧੀ ਜੀ ਇਸ ਮਾਮਲੇ ਵਿਚ ਕਾਫੀ ਖਰਵੀ ਭਾਸਾ ਵਿਚ ਦਲਿਤਾਂ ਵਿਰੁੱਧ ਬੋਲੇ ਸਨ। ਲਾਲਾ ਲਾਜਪਤ ਰਾਏ ਦੇ ਵਿਰੁੱਧ ਲੇਖ ਲਿਖਣ ਦਾ ਮਾਸਟਰ ਤਾਰਾ ਸਿੰਘ ਕਾਫੀ ਲਾਭ ਹੋਇਆ ਸਪਸ਼ਟ ਹੋ ਰਿਹਾ ਹੈ।

ਇਸੇ ਤਰਾਂ ਹੀ ਮਾਸਟਰ ਤਾਰਾ ਸਿੰਘ ਬਾਰੇ ਮਹਾਰਾਜੇ ਭੁਪਿੰਦਰ ਸਿੰਘ ਪਟਿਆਲਾ ਵਾਲੇ ਦੀ ਕਹਾਣੀ ਵੀ ਇਕ ਕਿਤਾਬ ਵਿਚ ਦਰਜ ਸ਼ਹਾਦਤ ਦੇ ਰੂਪ ਵਿਚ ਇਥੇ ਦਰਜ ਕਰਨੀ ਬਣਦੀ ਹੈ, "ਸੰਨ 1928 ਵਿਚ ਗੁਰਦੁਆਰਾ ਸੀਸ ਗੰਜ, ਦਿਲੀ ਵਿਚ ਇਕੱਠੇ ਹੋਏ ਸਿੱਖਾਂ ਉਤੇ ਪੁਲਿਸ ਨੇ ਗੋਲੀ ਚਲਾਈ ਅਤੇ ਕੁਛ ਗੋਲੀਆਂ ਸੀਸਗੰਜ ਦੀਆਂ ਬਾਹਰਲੀਆਂ ਕੰਧਾਂ ਉਤੇ ਵੀ ਲੱਗੀਆਂ, ਜਿਸ ਕਾਰਨ ਸਿੱਖਾਂ ਵਿਚ ਭਾਰੀ ਰੋਸ ਉਪਜਿਆ। ਉਸ ਸਮੇਂ, ਮਹਾਰਾਜਾ ਪਟਿਆਲਾ, ਭੁਪਿੰਦਰ ਸਿੰਘ, ਨਰਮ ਖਿਆਲੀਏ ਸਿੱਖਾਂ ਦਾ ਇਕ ਡੈਪੁਟੇਸ਼ਨ ਲੈਕੇ ਫਰੰਗੀ ਵਾਇਸਰਾਏ, ਲਾਰਡ ਇਰਵਨ ਨੂੰ ਮਿਲੇ ਤਦ ਲਾਰਡ ਇਰਵਨ ਨੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਅਜਿਹੀਆਂ ਘਟਨਾਵਾ ਅਸੰਭਵ ਬਨਾਉਣ ਲਈ, ਸਰਕਾਰ ਹਿੰਦ, ਚਾਂਦਨੀ ਚੌਂਕ ਵਾਲੀ ਪੁਲਸ ਕੋਤਵਾਲੀ, ਸ਼ੀਸ਼ ਗੰਜ ਗੁਰਦੁਆਰੇ ਨੂੰ ਦਾਨ ਕਰਕੇ, ਕੋਤਵਾਲੀ ਸ਼ਹਿਰੋਂ ਬਾਹਰ ਲੈ ਜਾਏਗੀ ਤੇ ਇਸ ਇਤਿਹਾਸਕ ਕੋਤਵਾਲੀ ਵਾਲੀ ਇਮਾਰਤ ਵਿਚ ਕੰਨਿਆਂ ਖਾਲਸਾ ਕਾਲਜ ਸਥਾਪਤ ਕਰ ਦੇਵੇਗੀ ਜੋ ਕਿ ਕੁੱਝ ਸਾਲਾਂ ਵਿਚੋਂ ਸਿੱਖ ਵਿਮਨਜ਼ ਯੂਨੀਵਰਸਿਟੀ ਬਣਾ ਦਿਤੀ ਜਾਵੇਗੀ। ਮਾਸਟਰ ਤਾਰਾ ਸਿੰਘ ਨੇ ਇਸ ਯੋਜਨਾਂ ਤੇ ਪੇਸ਼ਕਸ ਦੀ ਭਰਭੂਰ ਮੁਖਾਲਫਤ ਕਰਕੇ, ਇਹ ਸਿਰੇ ਨਾ ਚੜਨ ਦਿਤੀ, ਅਤੇ ਮੇਰੇ (ਸਿਰਦਾਰ ਕਪੂਰ ਸਿੰਘ) ਪੁਛਣ ਉਤੇ ਕਹਿਣ ਲੱਗੇ, ਇਸ ਤਰਾਂ ਤਾਂ ਮਹਾਰਾਜਾ ਪਟਿਆਲਾ ਸਿੱਖਾਂ ਦਾ ਲੀਡਰ ਬਣ ਜਾਵੇਗਾ ਪਰ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਤੋਂ ਨਾਹਰੇ ਇਹ ਲਵਾਉਣੇ ਸ਼ੁਰੂ ਕਰ ਦਿਤੇ ਖਾਲਸਾ ਫਿਰੰਗੀ ਦੀ ਬਖਸੀ ਹੋਈ ਕੋਤਵਾਲੀ, ਸ਼ੀਸ਼ ਗੰਜ ਸਾਹਿਬ ਲਈ ਨਹੀਂ ਲਏਗਾ, ਨਹੀਂ ਲਏਗਾ, ਅਸੀਂ ਫਿਰੰਗੀ ਦੀਆਂ ਜੜਾਂ ਪੁੱਟ ਕੇ ਖਾਰੇ ਸਮੁੰਦਰ ਵਿਚ ਸੁੱਟ ਦੇਣੀਆਂ ਹਨ..

ਡਾ. ਅੰਬੇਡਕਰ ਨੂੰ ਸਿੱਖ ਧਰਮ ਵਿਚ ਸ਼ਾਮਲ ਨਾ ਕਰਨ ਦਾ ਮਤਲਵ ਹੋਇਆ ਕਿ ਦਲਿਤਾਂ ਨੂੰ ਸਿੱਖ ਧਰਮ ਵਿਚ ਸ਼ਾਮਲ ਨਹੀਂ ਕੀਤਾ ਗਿਆ, ਅੱਜ ਸਿੱਖੀ ਵਿਚ ਪ੍ਰਪੱਕ ਲੋਕਾਂ ਦੀ ਗਿਣਤੀ ਘੱਟ ਰਹੀ ਹੈ, ਜੇਕਰ ਡਾ. ਅੰਬੇਡਕਰ ਸਿੱਖ ਧਰਮ ਵਿਚ ਸ਼ਮੂਲੀਅਤ ਕਰ ਲੈਂਦੇ ਤਾਂ ਹੋਰ ਤਾਂ ਹੋਰ ਦਲਿਤਾਂ ਨੇ ਸਿੱਖੀ ਵਿਚ ਪ੍ਰਵੇਸ਼ ਕਰਕੇ ਇਕ ਵੱਡੀ ਗਿਣਤੀ ਸਿੱਖਾਂ ਦੀ ਬਣਾ ਦੇਣੀ ਸੀ, ਜਿਸ ਕਰਕੇ ਸਿੱਖ ਭਾਰਤ ਵਿਚ ਵੱਧ ਗਿਣਤੀ ਹੋਣੇ ਸਨ ਤੇ ਹਿੰਦੂ ਘੱਟ ਗਿਣਤੀ, ਪਰ ਹੁਣ ਹਾਲਾਤ ਕੁਝ ਹੋਰ ਹੀ ਬਣ ਗਏ, ਹੁਣ ਸਿੱਖਾਂ ਦੀ ਗਿਣਤੀ ਘਟਦੀ ਘਟਦੀ ਇਥੇ ਪੁੱਜ ਗਈ ਹੈ ਜਿਵੇਂ ਕਿ 1971 ਦੀ ਮਰਦਮ ਸ਼ੁਮਾਰੀ ਅਨੁਸਾਰ ਸਿੱਖਾਂ ਦੀ ਅਬਾਦੀ 2 ਕਰੋੜ (2.7ਫੀਸਦੀ) (ਸਾਰੇ ਭਾਰਤ ਦੀ ਅਬਾਦੀ ਲਗਭਗ 70 ਕਰੋੜ, 2011 ਦੀ ਜਨਸੰਖਿਆ ਅਨੁਸਾਰ ਸਿੱਖਾਂ ਦੀ ਅਬਾਦੀ ਰਹਿ ਗਈ ਲੱਗਭਗ 1.3 ਕਰੋੜ (1 ਫੀਸਦੀ) (ਸਾਰੇ ਭਾਰਤ ਦੀ ਅਬਾਦੀ ਇਕ ਅਰਬ 21 ਕਰੋੜ), ਜਿਸ ਤੋਂ ਇਹ ਸਪਸ਼ਟ ਹੋ ਗਿਆ ਕਿ 40 ਸਾਲਾਂ ਵਿਚ ਸਿੱਖਾਂ ਦੀ ਅਬਾਦੀ ਵਿਚ 70 ਲੱਖ ਦੇ ਕਰੀਬ ਸਿੱਖ ਘੱਟ ਚੁੱਕੇ ਹਨ। 1981 ਵਿਚ ਸਿੱਖ ਪੰਜਾਬ ਵਿਚ 63 ਫੀਸਦੀ ਸਨ, ਪਰ ਹੁਣ ਸਿਰਫ 57 ਫੀਸਦੀ ਹੀ ਰਹਿ ਗਏ ਹਨ, ਸਿੱਖਾਂ ਦੀ ਵਾਧਾ ਦਰ 9 ਫੀਸਦੀ ਆਂਕੀ ਗਈ ਹੈ, ਜਦ ਕਿ ਮੁਸਲਮਾਨਾਂ ਦੀ ਵਾਧਾ ਦਰ 36 ਫੀਸਦੀ ਹੈ, ਪੂਰੇ ਭਾਰਤ ਦੀ ਔਸਤ ਵਾਧਾ ਦਰ 18 ਫੀਸਦੀ ਹੈ। ਜਿਸ ਕੌਮ ਦਾ ਵਾਧਾ ਦਰ 21 ਫੀਸਦੀ ਘਟ ਜਾਏ ਉਸ ਦੇ ਭਵਿੱਖ ਬਾਰੇ ਚਿੰਤਾ ਕਰਨੀ ਬਣਦੀ ਹੈ। "1935-36 ਵਿਚ ਡਾ. ਅੰਬੇਡਕਰ ਨੇ ਐਲਾਨ ਕੀਤਾ, ਕਿ ਮੈਂ 8 ਕਰੋੜ (ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਸ. ਸਾਧੂ ਸਿੰਘ ਭੌਰਾ ਨੇ ਅਛੂਤਾਂ ਦੀ ਗਿਣਤੀ 8 ਕਰੋੜ ਹੀ ਲਿਖੀ ਹੈ) ਅਛੂਤਾਂ ਨੂੰ ਸਿੱਖ ਧਰਮ ਵਿਚ ਸ਼ਾਮਲ ਕਰਾਂਗਾ, ਸਿੰਘ ਸਾਹਿਬ ਨੇ ਅੱਗੇ ਜਾਕੇ ਲਿਖਿਆ ਕਿ ਜਦੋਂ ਮੈਨੂੰ (ਸਿੰਘ ਸਾਹਿਬ) ਸਿੱਖ ਮਿਸ਼ਨ ਅਲੀਗੜ੍ਹ ਦਾ ਇਨਚਾਰਜ ਬਣਾਇਆ, ਤਾਂ ਜੋ ਯੂਪੀ ਵਿਚ ਸਿੱਖ 45 ਹਜਾਰ ਸਨ ਤਾਂ ਸਿੱਖਾਂ ਦੀ ਜਦੋਂ 1941 ਵਿਚ ਗਿਣਤੀ ਦੀ ਰਿਪੋਰਟ ਆਈ, ਤਾਂ ਸਾਢੇ ਪੰਜ ਲੱਖ ਸਿੱਖ ਸਿਰਫ ਯੂਪੀ ਵਿਚ ਹੀ ਹੋ ਗਏ ਸਨ।ਲੂ (ਅਮ੍ਰਿਤਸਰ ਸਿਫਤੀ ਦਾ ਘਰ, ਜਾਣ ਪਹਿਚਾਣ) ਉਨਾਂ ਨੇ ਦਸਿਆ ਕਿ ਇਥੇ 21 ਹਜਾਰ ਸਿੰਘਾਂ ਦਾ ਇਕ ਦਿਨ ਅੰਮ੍ਰਿਤ ਛਕਣ ਦਾ ਵੀ ਰਿਕਾਰਡ ਹੈ। ਜੇਕਰ ਡਾ. ਅੰਬੇਡਕਰ ਸਿੰਘ ਸਿੱਖ ਧਰਮ ਅਪਣਾ ਲੈਂਦੇ ਤਾਂ ਸਹਿਜੇ ਹੀ ਕਿਹਾ ਜਾ ਸਕਦਾ ਹੈ, ਕਿ ਭਾਰਤ ਵਿਚ ਹਿੰਦੂ ਘੱਟ ਗਿਣਤੀ ਵਿਚ ਆ ਜਾਣੇ ਸਨ ਤੇ ਸਿੱਖ ਵੱਧ ਗਿਣਤੀ ਵਿਚ, ਇਹ ਇਤਿਹਾਸ ਦੀ ਵੱਡੀ ਭੁੱਲ ਹੀ ਕਹੀ ਜਾਣੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top