Share on Facebook

Main News Page

ਤੇਰ੍ਹਵਾਂ ਮਹੀਨਾ
- ਸਰਵਜੀਤ ਸਿੰਘ ਸੈਕਰਾਮੈਂਟੋ

ਪਿਛਲੇ ਦਿਨੀਂ ਯੂ ਟਿਊਬ ਤੇ ਇਕ ਵੀਡੀਓ ਵੇਖ ਰਿਹਾ ਸੀ, ਜੋ ਇੰਗਲੈਂਡ ਦੇ ਇਕ ਗੁਰਦਵਾਰਾ ਸਾਹਿਬ ਵਿਚ ਹੋਏ ਇਕ ਸੈਮੀਨਾਰ ਨਾਲ ਸਬੰਧਿਤ ਸੀ। ਇਕ ਵਿਦਵਾਨ ਸੱਜਣ, ਸੋਧਾਂ ਦੇ ਨਾਮ ਤੇ ਵਿਗਾੜੇ ਗਏ ਕੈਲੰਡਰ ਦੇ ਹੱਕ 'ਚ ਦਲੀਲਾਂ ਦੇ ਰਿਹਾ ਸੀ। ਵਿਦਵਾਨ ਸੱਜਣ ਨੇ ਇਕ ਸਵਾਲ ਕੀਤਾ ਕਿ ਅੱਜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਹਿੰਦੂ ਕੈਲੰਡਰ ਸਾਡੇ ਤੇ ਠੋਸਿਆ ਜਾ ਰਿਹਾ ਹੈ। ਮੈਂ, ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਚੰਦ ਹਿੰਦੂਆਂ ਦਾ ਹੈ? ਜੇ ਚੰਦ ਹਿੰਦੂਆਂ ਦਾ ਹੈ, ਤਾਂ ਸੂਰਜ ਕਿਸ ਦਾ ਹੈ? ਉਹ ਹਰ ਰੋਜ ਸਵੇਰੇ ਉਠ ਕੇ ਸੂਰਜ ਨੂੰ ਪਾਣੀ ਦਿੰਦੇ ਹਨ ਇਸ ਲਈ ਸੂਰਜ ਵੀ ਹਿੰਦੂਆਂ ਦਾ ਹੈ।

ਹੁਣ ਸਿੱਖ ਕਿਧਰ ਨੂੰ ਜਾਣ? ਸੰਗਤਾਂ ਦੀ ਜਾਣਕਾਰੀ 'ਚ ਵਾਧਾ ਕਰਦਿਆਂ ਉਸ ਸੱਜਣ ਨੇ ਕਿਹਾ ਕਿ ਇਸਲਾਮ ਧਰਮ ਦਾ ਕੈਲੰਡਰ ਵੀ ਚੰਦ ਅਧਾਰਿਤ ਹੈ। ਜੇ ਇਸਲਾਮ ਧਰਮ ਦਾ ਕੈਲੰਡਰ ਚੰਦ ਅਧਾਰਿਤ ਹੋ ਸਕਦਾ ਹੈ ਤਾਂ ਸਿੱਖਾਂ ਦਾ ਕਿਉ ਨਹੀਂ ਹੋ ਸਕਦਾ?

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਚੰਦ ਹਿੰਦੂਆਂ, ਮੁਸਲਮਾਨਾ, ਬੋਧੀਆਂ, ਜੈਨੀਆਂ, ਇਸਾਈਆਂ ਜਾਂ ਸਿੱਖਾਂ ਇਕੱਲਿਆਂ ਦਾ ਨਹੀਂ ਹੈ। ਇਹ ਤਾਂ ਕਾਦਰ ਦੀ ਕਿਰਤ ਹੋਣ ਦੇ ਨਾਤੇ ਸਾਰੀ ਮਨੁੱਖਤਾ ਦਾ ਸਾਂਝਾ ਹੈ। ਅਕਾਲ ਪੁਰਖ ਦੇ ਬਣਾਏ ਹੋਏ ਨਿਯਮ ਮੁਤਾਬਕ, ਧਰਤੀ ਆਪਣੇ ਧੁਰੇ ਦੁਵਾਲੇ, ਚੰਦ ਧਰਤੀ ਦੁਵਾਲੇ ਅਤੇ ਧਰਤੀ ਸੂਰਜ ਦੁਵਾਲੇ ਘੁੰਮਦੀ ਹੈ। ਇਹ ਨਿਰੰਤਰ ਚਾਲ ਨਾਲ ਆਦਿ ਤੋਂ ਚਲਦਾ ਆ ਰਿਹਾ ਹੈ। ਇਸ ਗਤੀ ਨੂੰ ਕਾਬੂ ਕਰਨਾ ਇਨਸਾਨ ਦੇ ਵੱਸ ਦਾ ਰੋਗ ਨਹੀਂ ਹੈ। ਹਾਂ! ਇਸ ਗਤੀ ਨੂੰ ਸਮਝ ਕੇ, ਇਨਸਾਨ ਦੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਲਈ, ਇਸ ਦੀ ਵਰਤੋ ਕਰਨੀ ਇਨਸਾਨ ਨੇ ਜ਼ਰੂਰ ਸਿਖ ਲਈ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ ਇਸ ਧਰਤੀ ਤੇ ਇਨਸਾਨ ਨੇ ਹੋਸ਼ ਸੰਭਾਲੀ ਤਾਂ ਸਭ ਤੋਂ ਪਹਿਲਾ ਚੰਦ ਦੇ ਚਾਨਣੇ ਪੱਖ ਅਤੇ ਹਨੇਰੇ ਪੱਖ ਨੂੰ ਮੁੱਖ ਰੱਖ ਕੇ ਹੀ ਕੈਲੰਡਰ ਬਣਾਏ ਗਏ ਸਨ। ਜਿਵੇਂ-ਜਿਵੇਂ ਇਨਸਾਨ ਦੀ ਜਾਣਕਾਰੀ 'ਚ ਵਾਧਾ ਹੁੰਦਾ ਗਿਆ ਤਾਂ ਕੈਲੰਡਰ 'ਚ ਸੋਧਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਅੱਜ ਸੂਰਜੀ ਕੈਲੰਡਰ, ਚੰਦ ਅਧਾਰਿਤ ਕੈਲੰਡਰ ਤੋਂ ਵੱਧ ਪ੍ਰਚੱਲਤ ਕੁਸ਼ਲ ਹਨ।

ਵੱਖ-ਵੱਖ ਕੈਲੰਡਰ ਵੀ ਚੰਦ, ਧਰਤੀ ਅਤੇ ਸੂਰਜ ਦੇ ਆਪਸੀ ਰਿਸ਼ਤੇ ਨੂੰ ਸਮਝ ਕੇ ਅਤੇ ਇਨ੍ਹਾਂ ਦੀ ਚਾਲ ਦੀ ਗਿਣਤੀ-ਮਿਣਤੀ ਕਰਕੇ ਹੀ ਬਣਾਏ ਗਏ ਹਨ। ਚੰਦ ਧਰਤੀ ਦੁਵਾਲੇ ਇਕ ਚੱਕ 29.53 ਦਿਨਾਂ 'ਚ ਪੂਰਾ ਕਰਦਾ ਹੈ। ਇਹ ਚੰਦਾ ਦਾ ਇਕ ਮਹੀਨਾ ਗਿਣਿਆ ਜਾਂਦਾ ਹੈ। ਚੰਦ ਦੇ ਕੈਲੰਡਰ ਵਿਚ ਇਕ ਸਾਲ ਦੇ 354.37 ਦਿਨ ਹੁੰਦੇ ਹਨ। ਧਰਤੀ ਸੂਰਜ ਦੁਵਾਲੇ ਆਪਣਾ ਇਕ ਚੱਕਰ 365.2422 ਦਿਨਾਂ 'ਚ ਪੂਰਾ ਕਰਦੀ ਹੈ ਇਸ ਨੂੰ ਮੌਸਮੀ ਜਾਂ ਰੁੱਤੀ ਸਾਲ ਕਹਿੰਦੇ ਹਨ। ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ। ਇਸਲਾਮ ਧਰਮ 'ਚ ਪ੍ਰਚਲਤ ਹਿਜਰੀ ਕੈਲੰਡਰ ਕੇਵਲ ਚੰਦ ਅਧਾਰਿਤ ਕੈਲੰਡਰ ਹੈ। ਇਸ ਮੁਤਾਬਕ ਇਸਲਾਮ ਧਰਮ ਦੇ ਪਵਿੱਤਰ ਦਿਹਾੜੇ ਹਰ ਸਾਲ (ਸੀ. ਈ. ਕੈਲੰਡਰ ਮੁਤਾਬਕ) ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆਉਂਦੇ ਹਨ। ਸਾਡੇ ਅਜੇਹਾ ਨਹੀਂ ਹੁੰਦਾ। ਕਿਓ?

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਚੰਦ ਦੇ ਕੈਲੰਡਰ ਮੁਤਾਬਕ ਪੋਹ ਸੁਦੀ 7 ਨੂੰ ਮਨਾਇਆ ਜਾਂਦਾ ਹੈ। 2011 ਵਿਚ ਇਹ ਦਿਹਾੜਾ 11 ਜਨਵਰੀ ਨੂੰ ਮਨਾਇਆ ਗਿਆ ਸੀ। ਉਸ ਤੋਂ ਅਗਲਾ ਦਿਹਾੜਾ, ਇਸੇ ਸਾਲ 31 ਦਸੰਬਰ 2011 ਵਿਚ ਮਨਾਇਆ ਗਿਆ ਸੀ। ਇਸ ਹਿਸਾਬ ਨਾਲ ਤਾਂ ਹੁਣ ਇਹ ਦਿਹਾਤਾਂ 20 ਦਸੰਬਰ 2012 ਵਿਚ ਆਉਣਾ ਚਾਹੀਦਾ ਹੈ ਪਰ ਅਜੇਹਾ ਨਹੀਂ ਹੋਵੇਗਾ। ਹੁਣ ਇਹ ਦਿਹਾੜਾ 18 ਜਨਵਰੀ 2013 ਵਿਚ ਮਨਾਇਆ ਜਾਵੇਗਾ। ਜਿਹੜਾ ਦਿਹਾੜਾ ਚੰਦ ਦੇ ਕੈਲੰਡਰ ਮੁਤਾਬਕ 31 ਦਸੰਬਰ ਤੋਂ 11 ਦਿਨ ਪਹਿਲਾ ਭਾਵ 20 ਦਸੰਬਰ ਨੂੰ 2012 ਆਉਣਾ ਚਾਹੀਦਾ ਸੀ ਉਹ ਹੁਣ 18 ਦਿਨ ਮਗਰੋਂ ਭਾਵ 18 ਜਨਵਰੀ 2013 ਨੂੰ ਕਿਵੇਂ ਹੋ ਗਿਆ? ਇਹ ਹੈ ਤੇਰਵੇਂ ਮਹੀਨੇ ਦਾ ਕਮਾਲ!

ਚੰਦ ਦਾ ਸਾਲ, ਇਕ ਸਾਲ ਵਿਚ 11 ਦਿਨ ਅਤੇ ਦੋ ਸਾਲਾਂ ਵਿਚ 22 ਦਿਨ ਅਤੇ ਤੀਜੇ ਸਾਲ 33 ਦਿਨ, ਸੂਰਜੀ ਸਾਲ ਤੋਂ ਪਿਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ। ਭਾਵ ਉਸ ਸਾਲ ਚੰਦ ਦੇ ਸਾਲ ਦੇ ਮਹੀਨੇ 12 ਨਹੀਂ ਸਗੋਂ 13 ਕਰ ਦਿੱਤੇ ਜਾਂਦੇ। ਚੰਦ ਦੇ ਸਾਲ ਦੇ ਦਿਨ ਜੋ ਸਧਾਰਨ ਸਾਲ ਵਿਚ 354 ਹੁੰਦੇ ਹਨ ਉਹ ਤੇਰਵਾਂ ਮਹੀਨਾ ਜੋੜੇ ਜਾਣ ਕਾਰਨ 383/84 ਹੋ ਜਾਂਦੇ ਹਨ। ਅਜੇਹਾ 19 ਸਾਲਾਂ ਵਿਚ 7 ਵਾਰੀ ਕੀਤਾ ਜਾਂਦਾ ਹੈ। ਇਸ ਸਾਲ (ਸੰਮਤ 2069 ਬਿਕ੍ਰਮੀ/2012-13 ਸੀ: ਈ:) ਵੀ ਚੰਦ ਦੇ ਸਾਲ ਦੇ ਤੇਰਾ ਮਹੀਨੇ ਹਨ। ਭਾਦੋਂ ਦੇ ਦੋ ਮਹੀਨੇ, ਇਕ ਸ਼ੁੱਧ ਭਾਦੋਂ ਅਤੇ ਦੂਜਾ ਮਲ ਮਾਸ ਜਾਂ ਅਸ਼ੁੱਧ ਭਾਦੋਂ। ਸੰਮਤ 2067 ਬਿਕ੍ਰਮੀ/2010-11 ਈ: ਵਿਚ ਵੈਸਾਖ, ਸੰਮਤ 2069 ਬਿਕ੍ਰਮੀ/2012-13ਈ: ਵਿਚ ਭਾਦੋਂ, ਸੰਮਤ 2072 ਬਿਕ੍ਰਮੀ/2015-16ਈ: ਵਿਚ ਹਾੜ, ਸੰਮਤ 2075 ਬਿਕ੍ਰਮੀ/2018-19ਈ: ਵਿਚ ਜੇਠ ਅਤੇ ਸੰਮਤ 2077 ਬਿਕ੍ਰਮੀ/2020-21 ਈ: ਵਿਚ ਅੱਸੂ ਦਾ ਮਹੀਨਾ ਦੋ ਵਾਰੀ ਭਾਵ ਤੇਰਵਾਂ ਮਹੀਨਾ ਆਵੇਗਾ। ਇਸ ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ ਇਸ ਵਿਚ ਕੋਈ ਵੀ ਸ਼ੁਭ ਦਿਹਾੜਾ ਨਹੀਂ ਮਨਾਇਆ ਜਾਂ ਸਕਦਾ।

ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਭਾਦੋਂ ਮਹੀਨੇ ਦਾ ਅਰੰਭ ਭਾਵ ਭਾਦੋਂ ਵਦੀ ਏਕਮ, 19 ਸਾਵਣ/3 ਅਗਸਤ ਨੂੰ ਹੋਇਆ ਸੀ। ਭਾਦੋਂ ਦੀ ਮੱਸਿਆ 2 ਭਾਦੋਂ/17 ਅਗਸਤ ਨੂੰ ਆਈ ਸੀ ਅਤੇ ਭਾਦੋਂ ਸੁਦੀ ਪੂਰਨਮਾਸ਼ੀ 16 ਭਾਦੋਂ/31 ਅਗਸਤ ਨੂੰ ਆਈ ਸੀ। ਇਸ ਮੁਤਾਬਕ ਤਾਂ 17 ਭਾਦੋਂ/1 ਸਤੰਬਰ ਨੂੰ ਅੱਸੂ ਮਹੀਨੇ ਦਾ ਅਰੰਭ ਭਾਵ ਅੱਸੂ ਵਦੀ ਏਕਮ ਹੋਣੀ ਚਾਹੀਦੀ ਸੀ ਪਰ ਅਜੇਹਾ ਨਹੀਂ ਹੋਇਆ। ਕਿਓ? ਕਿਉਂਕਿ ਇਸ ਸਾਲ ਚੰਦ ਦਾ ਸਾਲ ਸੂਰਜੀ ਸਾਲ ਤੋਂ 33 ਦਿਨ ਪਿਛੇ ਰਹਿ ਗਿਆ ਸੀ ਇਸ ਲਈ ਇਸ ਸਾਲ 'ਚ ਤੇਰਵਾਂ ਮਹੀਨਾ ਜੋੜਿਆ ਗਿਆ ਹੈ। ਹੁਣ 17 ਭਾਦੋਂ/1 ਸਤੰਬਰ ਨੂੰ ਅੱਸੂ ਵਦੀ ਏਕਮ ਨਹੀਂ ਸਗੋਂ ਦੂਜੀ ਵੇਰ ਭਾਦੋਂ ਵਦੀ ਏਕਮ ਹੀ ਆਈ ਸੀ। ਹੁਣ ਇਸ ਦੂਜੇ ਭਾਦੋਂ ਦੀ ਆਖਰੀ ਤਾਰੀਖ ਭਾਵ ਭਾਦੋਂ ਸੁਦੀ ਪੂਰਨਮਾਸ਼ੀ 15 ਅੱਸੂ/30 ਸਤੰਬਰ ਨੂੰ ਆਏਗੀ। ਉਸ ਤੋਂ ਅਗਲੇ ਦਿਨ ਭਾਵ 16 ਅੱਸੂ/1 ਅਕਤੂਬਰ ਨੂੰ ਚੰਦ ਦੇ ਅੱਸੂ ਮਹੀਨੇ ਦਾ ਅਰੰਭ ਹੋਵੇਗਾ ਭਾਵ ਅੱਸੂ ਵਦੀ ਏਕਮ ਹੋਵੇਗੀ।

ਪਹਿਲੇ ਭਾਦੋਂ ਦਾ ਪਹਿਲਾ ਅੱਧ ਭਾਵ ਭਾਦੋਂ ਵਦੀ ਏਕਮ ਤੋਂ ਭਾਦੋਂ ਵਦੀ ਮੱਸਿਆ (19 ਸਾਵਣ/3 ਅਗਸਤ ਤੋਂ 2 ਭਾਦੋਂ/17 ਅਗਸਤ) ਤਾਈ ਸ਼ੁੱਧ ਭਾਦੋਂ ਹੈ। ਪਹਿਲੇ ਭਾਦੋਂ ਦਾ ਆਖਰੀ ਅੱਧ ਅਤੇ ਦੂਜੇ ਭਾਦੋਂ ਦਾ ਪਹਿਲਾ ਅੱਧ (3 ਭਾਦੋਂ/18 ਅਗਸਤ ਤੋਂ 1 ਅੱਸੂ/16 ਸਤੰਬਰ) ਤਾਈ ਮਲ ਮਾਸ/ ਅਸ਼ੁੱਧ ਭਾਦੋਂ ਹੈ। ਦੂਜੇ ਭਾਦੋਂ ਦਾ ਆਖਰੀ ਅੱਧ ਭਾਵ ਭਾਦੋਂ ਸੁਦੀ ਏਕਮ ਤੋਂ ਭਾਦੋਂ ਸੁਦੀ ਪੂਰਨਮਾਸ਼ੀ (1 ਅੱਸੂ/16 ਸਤੰਬਰ ਤੋਂ 15 ਅੱਸੂ/30 ਸਤੰਬਰ) ਸ਼ੁੱਧ ਭਾਦੋਂ ਹੈ। ਸੋ ਸਪੱਸ਼ਟ ਹੈ ਕਿ ਪਹਿਲੇ ਭਾਦੋਂ ਦੇ ਦੂਜੇ ਅੱਧ ਅਤੇ ਦੂਜੇ ਭਾਦੋਂ ਦੇ ਪਹਿਲੇ ਅੱਧ ਵਿਚਕਾਰ ਦਾ ਮਹੀਨਾ (3 ਭਾਦੋਂ/18 ਅਗਸਤ ਤੋਂ 1 ਅੱਸੂ/16 ਸਤੰਬਰ), ਅਸ਼ੁੱਧ ਜਾਂ ਮਲ ਮਾਸ ਹੋਣ ਕਾਰਨ, ਇਸ ਮਹੀਨੇ ਕੋਈ ਵੀ ਦਿਹਾੜਾ ਨਹੀਂ ਮਨਾਇਆ ਜਾ ਸਕਦਾ। ਇਥੇ ਇਕ ਹੋਰ ਸਮੱਸਿਆ ਆ ਗਈ ਹੈ। ਦੂਜੇ ਭਾਦੋਂ ਦੇ ਪਹਿਲੇ ਅੱਧ ਦਾ ਆਖਰੀ ਦਿਨ ਭਾਵ ਭਾਦੋਂ ਵਦੀ ਮੱਸਿਆ ਜੋ 1 ਅੱਸੂ/16 ਸਤੰਬਰ ਨੂੰ ਹੈ ਇਹ ਮਲ ਮਾਸ ਦਾ ਦਿਨ ਹੈ ਇਸ ਦਿਨ ਕੋਈ ਚੰਗਾ ਕੰਮ ਨਹੀਂ ਕੀਤਾ ਜਾ ਸਕਦਾ ਪਰ ਦੂਜੇ ਭਾਦੋਂ ਦੇ ਦੂਜੇ ਅੱਧ ਦਾ ਪਹਿਲਾ ਦਿਨ ਭਾਵ ਭਾਦੋਂ ਸੁਦੀ ਏਕਮ ਜੋ ਸ਼ੁੱਧ ਹੈ, ਦੋਵੇਂ ਇਕੇ ਦਿਨ ਹੀ ਭਾਵ 1 ਅੱਸੂ/16 ਸਤੰਬਰ ਦਿਨ ਐਤਵਾਰ ਨੂੰ ਇਕੱਠੇ ਹੀ ਹਨ। (ਦੇਵੀ ਦਿਆਲ-ਤਿਥ ਪਤ੍ਰਿਕਾ) ਹੁਣ ਸਵਾਲ ਪੈਦਾ ਹੁੰਦਾ ਹੈ ਕੇ ਜੇ 1 ਅੱਸੂ 16 ਸਤੰਬਰ ਦਿਨ ਐਤਵਾਰ ਦੂਜੇ ਭਾਦੋਂ ਦੇ ਦੂਜੇ ਅੱਧ ਦਾ ਪਹਿਲਾ ਦਿਨ ਹੋਣ ਕਾਰਨ ਸ਼ੁੱਧ ਦਿਨ ਹੈ ਤਾਂ ਦੂਜੇ ਭਾਦੋਂ ਦੇ ਪਹਿਲੇ ਅੱਧ ਦਾ ਆਖਰੀ ਦਿਨ ਹੋਣ ਕਾਰਨ ਮਲ ਮਾਸ ਦਾ ਦਿਨ ਭਾਵ ਅਸ਼ੁੱਧ ਕਿਵੇਂ ਹੋ ਗਿਆ? ਜੇ ਇਹ ਬਿਪਰਵਾਦ ਨਹੀਂ ਹੈ ਤਾਂ ਹੋਰ ਕੀ ਹੈ?

ਇਹ ਕੈਲੰਡਰ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਬਹੁਤ ਪਹਿਲਾ ਦਾ ਪ੍ਰਚੱਲਤ ਹੈ। ਇਸ ਨੂੰ ਹਿੰਦੂ ਵਿਦਵਾਨਾਂ ਨੇ ਹੀ ਬਣਾਇਆ ਸੀ। ਇਥੇ ਇਕ ਹੋਰ ਵੀ ਧਿਆਨ ਦੇਣ ਵਾਲੀ ਹੈ ਉਹ ਕਿ ਅੱਜ ਜੋ ਕੈਲੰਡਰ ਸਾਡੇ ਤੇ ਠੋਸਿਆ ਜਾਂ ਰਿਹਾ ਹੈ ਇਹ ਉਹੀ ਕੈਲੰਡਰ ਨਹੀਂ ਹੈ ਜੋ ਗੁਰੂ ਕਾਲ ਵੇਲੇ ਪ੍ਰਚੱਲਤ ਸੀ। ਇਸ ਵਿਚ ਹਿੰਦੂ ਵਿਦਵਾਨਾਂ ਵੱਲੋਂ (18-19 ਨਵੰਬਰ 1964) ਸੋਧ ਕੀਤੀ ਜਾ ਚੁੱਕੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕੈਲੰਡਰ 'ਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਸੋਧ ਤਾਂ ਪ੍ਰਵਾਨ ਹੈ ਪਰ ਸਿੱਖ ਵਿਦਵਾਨਾਂ ਵੱਲੋਂ ਲੱਗ ਭੱਗ 11 ਸਾਲ (1992 ਤੋਂ 2003) ਵਿਚਾਰ-ਚਰਚਾ ਕਰਨ ਉਪ੍ਰੰਤ ਕੀਤੀ ਗਈ ਸੋਧ ਪ੍ਰਵਾਨ ਨਹੀਂ।

ਖਾਲਸਾ ਜੀ ਜਰਾ ਸੋਚੋ! ਕੀ ਕੋਈ ਦਿਨ ਅਸ਼ੁੱਧ ਵੀ ਹੋ ਸਕਦਾ ਹੈ? ਕਿਸੇ ਦਿਨ ਦਾ ਅਸ਼ੁਭ ਹੋਣਾ, ਕੀ ਇਹ ਸਿੱਖ ਸਿਧਾਂਤ ਹੈ ਜਾਂ ਹਿੰਦੂਆਂ ਦਾ ਲੁੱਟ ਦਾ ਸਿਧਾਂਤ? ਸਾਡੇ ਤਾਂ ਨਿਤ ਦਿਵਾਲੀ ਸਾਧ ਦੀ ਅੱਠ ਪਹਿਰ ਬਸੰਤ ਵਾਲਾ ਸਿਧਾਂਤ ਲਾਗੂ ਹੈ।

ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥ (ਪੰਨਾ 44)

ਹੁਣ ਸਵਾਲ ਪੈਦਾ ਹੁੰਦਾ ਹੈ ਕੇ ਜਿਸ ਕੈਲੰਡਰ 'ਚ ਹਰ ਤੀਜੇ ਜਾਂ ਚੌਥੇ ਸਾਲ ਪੂਰਾ ਮਹੀਨਾ ਹੀ ਭਾਵ ਤੇਰਵਾਂ ਮਹੀਨਾ, ਮਲ ਮਾਸ ਜਾਂ ਅਸ਼ੁੱਧ ਆ ਜਾਵੇ ਉਸ ਨੂੰ ਹਿੰਦੂ ਕੈਲੰਡਰ ਕਹਿਣਾ ਕਿਵੇਂ ਜਾਇਜ਼ ਨਹੀਂ ਹੈ?


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top